ਸਿੱਖ ਇਤਿਹਾਸ

ਬਾਬਾ ਸੰਗਤ ਸਿੰਘ ਜੀ – (1667 -1704)

ਭਾਈ ਸੰਗਤ ਸਿੰਘ ਦਾ ਜਨਮ 25ਅਪ੍ਰੈਲ, 1667  ਈ. ਨੂੰ  ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਹੋਇਆ । ਬਾਬਾ ਸੰਗਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬਾਨ ਤੋਂ 4 ਮਹੀਨੇ ਛੋਟੇ ਸੀ 1 ਇਨ੍ਹਾ ਦਾ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ ਵਾਸਤੇ ਦੂਰ ਕਰਨ ਲਈ ਇਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ ‘ਸਿਰੋਪਾਓ’ ਦੀ ਬਖਸ਼ਿਸ਼ ਕਰਦਿਆਂ ਸੰਗਤ ਨੂੰ ਹੁਕਮ ਕੀਤਾ ਕਿ ਇਹ ਮੇਰੇ ਨਾਮ ਨਾਲ ‘ਰਾਮਦਾਸੀਏ ਸਿੱਖ’ ਕਰਕੇ ਜਾਣੇ ਜਾਣ। ਇਹ ਰਾਮਦਾਸੀਆ ਸਿੱਖ ਦਾ ਲਕਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ  ਦੀ ਬਖ਼ਸ਼ਿਸ਼ ਸਦਕਾ ਪ੍ਰਾਪਤ ਹੋਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕਰਨ ਤੋਂ ਬਾਅਦ ਇਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ । ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਅਸੀਂ ਗਰੀਬ ਹਾਂ। ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ। ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿਚ ਰੱਖ ਲਵੋ।”

ਇਨ੍ਹਾਂ ਵਿਚ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਜੀ, ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂੰ ਜੀ ਬਾਬਾ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਜਿਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜੰਗਾਂ-ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਭਾਈ ਭਾਨੂੰ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿਚ ਸ਼ਾਮਲ ਸਨ।

ਜਦੋਂ ਭਾਈ ਮੱਖਣ ਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿਚ ਜੁੱਟ ਗਏ। ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਭਾਈ ਰਣੀਆ ਜੀ ਨੂੰ ਪਰਿਵਾਰ ਦੀ ਖਬਰ ਲੈਣ ਲਈ ਕੁਝ ਦਿਨ ਦੀ  ਛੁਟੀ ਦੇਕੇ ਮੁੜ ਮਾਖੋਵਾਲ ਆਉਣ ਲਈ ਸਦਾ ਦਿਤਾ  ਦਿੱਤਾ।

19  ਜੂਨ,1665  ਨੂੰ  ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ ਪਤਨੀ ਤੇ ਪਰਵਾਰ ਸਮੇਤ ਇਥੇ ਆ ਕੇ ਸੇਵਾ ਵਿਚ ਜੁੱਟ ਗਏ। ਬੀਬੀ ਅਮਰੋ ਬਤੌਰ ਟਹਿਲਣ ਮਾਤਾਵਾਂ ਦੀ ਸੇਵਾ ਕਰਨ ਲੱਗ ਪਈ।

ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿਚ ਭਾਈ ਰਣੀਆ ਜੀ ਪਤਨੀ ਬੀਬੀ ਅਮਰੋ ਜੀ ਸਮੇਤ ਯਾਤਰਾ ਵਿਚ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਸਨ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ’ਚ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ। ਇਥੇ ਹੀ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ।

ਬਾਬਾ ਸੰਗਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ। ਬਾਬਾ ਜੀ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇਕ ਵਾਰੀ ‘ਰਾਣੀ ਮੈਣੀ’ ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ’ਤੇ ‘ਸੰਗਤ ਸਿੰਘ’ ਜੀ ਨੂੰ ਅੱਗੇ ਕਰ ਦਿੱਤਾ, ਪਰੰਤੂ ਰਾਣੀ ਮੈਣੀ ਨੇ ਦੋਹਾਂ ਨੂੰ ਗੋਦੀ ਵਿਚ ਬਿਠਾ ਦੋਹਾਂ ਦਾ ਮਸਤਕ ਚੁੰਮ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ!  ਭਾਈ ਸੰਗਤ ਸਿੰਘ ਗੁਰੂ ਪਾਤਸ਼ਾਹ ਤੋਂ ਸਿਰਫ਼ ਚਾਰ ਕੁ ਮਹੀਨੇ ਛੋਟੇ ਹੋਣ ਕਰਕੇ ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿਤ ਦੋ ਟੋਲੀਆਂ ਬਣਾ ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਭਾਈ ਸੰਗਤ ਸਿੰਘ ਜੀ ਨੂੰ ਬਣਾ ਨਕਲੀ ਲੜਾਈ ਕਰਦੇ।

ਛੇ ਸਾਲ ਦੀ ਉਮਰ ਵਿਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪਰਵਾਰ ਸਮੇਤ ‘ਚੱਕ ਨਾਨਕੀ’ ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਭਾਈ ਸੰਗਤ ਸਿੰਘ ਵੀ ਆਪਣੇ ਮਾਤਾ-ਪਿਤਾ ਸਮੇਤ ਬਾਲਾ-ਪ੍ਰੀਤਮ ਜੀ ਨਾਲ ਹੀ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਾਪਸ ਆ ਗਏ।

ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤਕ ਯਾਨੀ ਕਿ 1675 ਤੋਂ ਲੈ ਕੇ 1699  ਤਕ ਦੇ 23-24 ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿਤ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿਤ, ਦੁਸ਼ਟਾਂ ਦਾ ਖਾਤਮਾ ਕਰਨ ਲਈ ਜੰਗ-ਯੁੱਧ ਵੀ ਕਰਨੇ ਪਏ। ਜਿਥੇ ਬਾਬਾ ਸੰਗਤ ਸਿੰਘ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿਚ ਮਾਲਵੇ ਦੇ ਖੇਤਰ ਦੇ ਪਿੰਡ-ਪਿੰਡ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ, ਉਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ ਵੀ ਕੀਤੀ, ਮੱਝਾਂ-ਗਾਈਆਂ ਤਕ ਚਰਾਉਣ ਦੀ ਸੇਵਾ ਕੀਤੀ ਅਤੇ ਜੰਗਾਂ-ਯੁੱਧਾਂ ਵਿਚ ਸੱਚੇ ਪਾਤਸ਼ਾਹ ਜੀ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ।

‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’ ਦੇ ਕਥਨ ਨੂੰ ਸੱਚ ਰੂਪ ਵਿਚ ਸਿਰਜਣ ਹਿਤ ਜਦੋਂ ਦਸਮੇਸ਼ ਪਿਤਾ ਨੇ 1699  ਦੀ ਵੈਸਾਖੀ ਵਾਲੇ ਦਿਨ ‘ਖਾਲਸਾ ਪੰਥ’ ਪ੍ਰਗਟਾਇਆ ਉਸ ਤੋਂ ਫੌਰਨ ਬਾਅਦ ਯਾਨੀ ਉਸੇ ਹੀ ਦਿਨ ਭਾਈ ਸੰਗਤ ਸਿੰਘ ਨੇ ਸਮੇਤ ਪਰਵਾਰ, ਮਾਤਾ-ਪਿਤਾ, ਭਰਾਵਾਂ, ਇਥੋਂ ਤਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਕੁਝ ਸਮੇਂ ਲਈ ਗੁਰੂ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇਕ ਹੁਕਮਨਾਮਾ ਭੇਜਿਆ, ਜੋ ਬਾਬਾ ਸੰਗਤ ਸਿੰਘ ਨੂੰ ਪਿੰਡ ਖੁੱਡੇ ਜੋ ਮੁਕਤਸਰ ਸਾਹਿਬ ਵਿਚ ਪੈਂਦਾ ਹੈ, ਮਿਲਿਆ। ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਸਿੱਖ ਘੋੜਾ, ਤਲਵਾਰ, ਬੰਦੂਕ, ਨੇਜ਼ਾ ਆਦਿ ਹੋਰ ਵੀ ਨਵੀਨ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਆਵੇਗਾ, ਉਹ ਸਿੰਘ ਸਾਡੇ ਪਿਆਰ ਦਾ ਹੱਕਦਾਰ ਹੋਵੇਗਾ। ਇਸ ਹੁਕਮਨਾਮੇ ਦੀ ਅਸਲ ਕਾਪੀ ‘ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ, ਅਨੰਦਪੁਰ ਸਾਹਿਬ’ ਦੇ ਪ੍ਰਬੰਧਕਾਂ ਪਾਸ ਮੌਜੂਦ ਹੈ।

ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ, ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ, ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਸਨ, ਜਿਨ੍ਹਾਂ ਵਿਚ ਬਾਬਾ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ’ਤੇ ਮੁਗ਼ਲ ਫੌਜਾਂ ਦੇ ਕੈਂਪਾਂ ’ਤੇ ਹਮਲੇ ਕਰ ਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਜੇ ਚਾਰ ਸਿੰਘ ਵੀ ਜਾਂਦੇ ਸਨ ਤਾਂ ਦੋ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ ਸਨ:

ਚਾਰ ਸਿੰਘ ਪਾਣੀ ਕੋ ਜਾਵੈ। ਦੋ ਜੂਝੈ ਦੋ ਪਾਣੀ ਲਿਆਵੈ।

 

ਆਖ਼ਰ ਦਸੰਬਰ 1704  ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ’ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਸਰਸਾ ’ਤੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜਥੇ ਥਾਪ ਦਿੱਤੇ।ਮੁਗ਼ਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ’ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ।ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਤੇ ਕੁਝ ਸਰਸਾ ਨਦੀ ਵਿਚ ਕਈ ਮੀਲ ਦੂਰ ਪਾਣੀ ਦੇ ਵੇਗ ਵਿਚ ਰੁੜ੍ਹ ਗਏ।

ਗੁਰੂ ਜੀ ਨੇ 7  ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਬਿਰਾਜੇ। ਅਗਲੇ ਦਿਨ ਸਵੇਰੇ 8  ਪੋਹ, ਸੰਮਤ 1761   ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇਕ ਪਾਸੇ ਕੇਵਲ ਭੁੱਖੇ ਤੇ ਥੱਕੇ 40  ਸਿੰਘ, ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ-10 ਲਖ ਤੋਂ ਵਧ 1 ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ।  ਧਰਤੀ ’ਤੇ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ ਨਾਲ ਜੂਝਦੇ ਹੋਏ ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਬਾਕੀ ਸਿੰਘ  ਆਪਣੀ ਜਾਣ ਤਕ  ਦੁਸ਼ਮਣਾਂ ਦੇ ਆਹੂ ਲਾਹੁੰਦੇ ਲਾਹੁੰਦੇ  ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਡਿੱਠਾ ਤੇ ਜੈਕਾਰਾ ਗਜਾਇਆ ਤੇ ਬਚਨ ਕੀਤੇ:

ਪੀਯੋ ਪਿਯਾਲਾ ਪ੍ਰੇਮ ਕਾ ਭਯੋ ਸੁਮਨ ਅਵਤਾਰ।
ਆਜ ਖ਼ਾਸ ਭਏ ਖਾਲਸਾ, ਸਤਿਗੁਰੁ ਕੇ ਦਰਬਾਰ।

ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਤੇ ਟੁਟ ਕੇ ਪੈ ਗਏ । ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ :

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ,
ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ,
ਬੇਟੋਂ ਕੀ ਜਾਂ ਧਰਮ ਕੀ ਖ਼ਾਤਿਰ ਫ਼ਿਦਾ ਹੂਈ।

ਚਮਕੋਰ ਦੀ ਤੀਸਰੇ ਦਿਨ ਸਿਰਫ 11 ਸਿਖ ਬਚੇ 1 ਗੁਰੂ ਸਾਹਿਬ ਦੇ ਦੋਨੋ ਸਾਹਿਬਜ਼ਾਦੇ ਤੇ ਬਾਕੀ ਸਾਰੇ ਸਿੰਘ ਸਹੀਦ ਹੋ ਗਏ 1 ਇਹ ਤਹਿ ਸੀ ਕੀ ਸਵੇਰੇ ਸਾਰੇ ਸਿੰਘਾਂ ਨੇ ਸ਼ਹੀਦ ਹੋ ਜਾਣਾ ਹੈ 1 ਸਿੰਘਾਂ  ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੋਮ ਨੂੰ ਜਿੰਦਾ ਰਖਣ  ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾਇਸ ਵਕਤ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ  ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ 1 ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ1 ਕਲਗੀਧਰ ਨੇ ਉਤਰ ਦਿਤਾ ,”

            ਹੈ ਸ਼ੋਕ ਸ਼ਹਾਦਤ ਕਾ ਹਮੇ ਸਭ  ਸੇ ਜਿਆਦਾ

            ਸੋ ਸਰ ਭੀ ਹੋ ਕੁਰਬਾਨ  ਨਹੀਂ ਰਬ ਸੇ ਜਿਆਦਾ 1

 ਪੰਜ ਪਿਆਰਿਆਂ ਨੇ  ਗੁਰੂ ਸਾਹਿਬ ਨੂੰ  ਬਖਸ਼ੀ  ਤਾਕਤ ਦੀ ਯਾਦ ਦਿਲਾਈ ਤੇ ਕਿਹਾ  ਇਹ ਸਾਡਾ ਹੁਕਮ ਹੈ 1 ਖਾਲਸੇ  ਦਾ ਹੁਕਮ ਟਾਲਿਆ ਨਹੀਂ ਜਾ ਸਕਦਾ , ਨਾ ਦਿਲ ਹੁੰਦਿਆ  ਵੀ ਉਨਾਂ ਨੂੰ ਗੜੀ ਵਿਚੋਂ ਨਿਕਲਣਾ ਪਿਆ ਪਰ ਸ਼ਰਤ ਰਖੀ ਕੀ ਉਹ ਮੁਗਲਾਂ ਨੂੰ ਵੰਗਾਰ ਕੇ ਨਿਕਲਣਗੇ  1 ਬੁਰਜ ਤੇ ਖੜੇ ਹੋਕੇ ਨਰਸਿਮਾ ਵਜਾਇਆ 1  ਤਿੰਨ  ਵਾਰੀ ਤਾੜੀ ਵਜਾਈ ,ਤਿੰਨ  ਵਾਰੀ ਉਚੀ ਅਵਾਜ਼ ਵਿਚ ਕਿਹਾ ,” ਪੀਰਹਿੰਦ ਮੇ  ਰਵਦ , ਪੀਰਹਿੰਦ ਮੇ  ਰਵਦ , ਪੀਰਹਿੰਦ ਮੇ  ਰਵਦਜੈਕਾਰਾ ਛਡਿਆ ਤੇ ਤਾਰਿਆਂ ਦੀ ਛਾਂਵੇ ਗੜੀ ਵਿਚੋਂ ਬਾਹਰ ਨਿਕਲ ਗਏ 1 ਆਪਣਾ ਚੋਗਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ , ਜਿਨਾਂ  ਦਾ ਮੁਹਾਂਦਰਾ ਤੇ ਕਦ ਕਾਠ ਉਨਾਂ  ਨਾਲ ਮਿਲਦਾ ਸੀ ਤੇ  ਜਿਸਦੀ  ਅਗਵਾਈ .ਬਹਾਦਰੀ ਤੇ ਵਫਾਦਾਰੀ ਦਾ ਉਨ੍ਹਾ ਨੂੰ  ਪੂਰਾ ਪੂਰਾ ਭਰੋਸਾ ਸੀ ਕਿਓਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਹੀ ਕੀਤੀ ਤੇ  ਸ਼ੁਰੂ ਤੋ ਹੀ ਗੁਰੂ ਸਾਹਿਬ ਦੇ ਪਵਿਤਰ ਉਦੇਸ਼ ਦੀ ਪੂਰਤੀ  ਖਾਤਿਰ ਆਪਣਾ ਤਨਮੰਨਧੰਨ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ  ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,13 ਲੜਾਈਆਂ ਦੇ ਦੋਰਾਨ ਓਹ ਗੁਰੂ ਸਾਹਿਬ ਨਾਲ ਸਨ 1 ਸਿਰਫ  ਆਖਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਨਹੀਂ ਸਨ ਕਿਓਂਕਿ ਚਮਕੋਰ ਦੀ ਗੜੀ ਵਿਚ ਉਹ ਸ਼ਹੀਦ ਹੋ ਚੁਕੇ ਸਨ 1

                     ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment

Translate »