ਸਿੱਖ ਇਤਿਹਾਸ

ਬਾਬਾ ਬੁਢਾ ਜੀ 1506 -1631

ਸਿੱਖ ਇਤਿਹਾਸ ਅੰਦਰ ਇਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਬਾਬਾ ਬੁੱਢਾਜੀ ਨੇ ਨਾਂ ਕੇਵਲ ਪਹਿਲੀਆਂ  ਅਠ  ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਬਲਿਕ ਗੁਰੂ ਨਾਨਕ ਸਾਹਿਬ ਤੋਂ ਬਾਅਦ ਪੰਜ ਪਾਤਸ਼ਾਹੀਆਂ ਨੂੰ ਆਪਣੀ ਹਥੀਂ ਗੁਰੂ ਤਖਤ ਤੇ ਬਿਠਾ ਕੇ  ਤਿਲਕ ਵੀ ਦਿਤਾ 1 ਗੁਰੂ ਨਾਨਕ ਦੇਵ ਜੀ ਨੇ ਇਨ੍ਹਾ ਨੂੰ  “ਤੇਥੋਂ ਓਹਲੇ ਨਹ ਹੋਸਾਂ ” ਤੇ ਗੁਰੂ ਅੰਗਦ ਦੇਵ ਜੀ ਨੇ “ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਓ” ਕਹਿਕੇ ਸਤਿਕਾਰਤ ਥਾਂ ਦਿਤੀ 1 ਗੁਰੂ ਅਮਰਦਾਸ ਜੀ ਨੇ ਇਨ੍ਹਾ ਨੂੰ ਸਿਖੀ ਦੀ ਅਵਿਧ (ਸੀਮਾ,ਹੱਦ)  ਕਿਹਾ 1 ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਤੋ ਪਹਿਲਾਂ ਗੁਰਗਦੀ ਦੀ ਮਰਿਯਾਦਾ ਇਨ੍ਹਾ ਤੋਂ ਪੁਛੀ1 ਗੁਰੂ ਗਰੰਥ ਸਾਹਿਬ ਦੀ ਸਥਾਪਨਾ ਤੋਂ ਬਾਅਦ  ਪਹਿਲਾ ਵਾਕ ਬਾਬਾ ਬੁਢਾ ਜੀ ਨੇ ਲਿਆ ਤੇ  ਅੰਤ ਨੂੰ ਆਪਣਾ ਸਰੀਰ ਗੁਰੂ ਹਰਗੋਬਿੰਦ ਸਾਹਿਬ ਦੇ ਹਥਾਂ ਵਿਚ ਛਡਿਆ1

 ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ, 1506 ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਸੀ , ਜਿਨ੍ਹਾ  ਦਾ ਪ੍ਰਭਾਵ ਬਾਬਾ ਬੁੱਢਾ ਜੀ ਦੀ ਜਿੰਦਗੀ ਤੇ ਵੀ ਪਿਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ।ਬਚਪਨ ਇਨ੍ਹਾ ਦਾ ਕਥੂਨੰਗਲ ਵਿਚ ਬੀਤਿਆ ਬਾਅਦ ਵਿਚ ਇਨ੍ਹਾ ਦਾ ਪਰਿਵਾਰ   ਰਾਮਦਾਸ ਪਿੰਡ ਵਿਚ ਆ ਗਿਆ 1

ਇਕ ਦਿਨ ਮੱਝਾਂ ਚਾਰਦੇ ਚਾਰਦੇ ਖੇਤਾਂ ਵਲ ਗਏ ਤਾਂ ਇਨ੍ਹਾ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ । ਬੂੜਾ ਜੀ ਉਸ ਵੇਲੇ 12 ਸਾਲ ਦੇ ਸਨ1  ਪ੍ਰੇਮ ਭਾਵ ਵਜੋਂ ਗੁਰੂ ਜੀ ਨੂੰ ਮੱਝ ਦਾ ਦੁੱਧ ਚੋਅ ਕੇ ਭੇਟ ਕੀਤਾ ਤੇ ਪੁੱਛਿਆ ਬਾਬਾ ਜੀ ਕੋਈ ਇਹੋ ਜਿਹਾ ਰਸਤਾ ਦੱਸੋ, ਜਿਸ ਨਾਲ ਮਨ ਨੂੰ ਸ਼ਾਂਤੀ ਮਿਲੇ। ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਭਾਈ ਤੇਰਾ ਨਾਂ ਕੀ ਏ। ਉਨ੍ਹਾਂ ਕਿਹਾ ਕਿ ਮੇਰਾ ਨਾਂ ਬੂੜਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਗਲ ਬਾਤ ਤੇਰੀ  ਬੁੱਢਿਆਂ ਵਰਗੀ ਹੈ, “ਤੂੰ ਬੂੜਾ ਨਹੀਂ ਬੁੱਢਾ ਹੈਂ ‘। ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ ਜੋ ਸਿੱਖ ਕੌਮ ਵਿੱਚ ਸਤਿਕਾਰ ਨਾਲ ਬਾਬਾ ਬੁੱਢਾ ਜੀ ਬਣ ਗਿਆ। ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਬੜੀ ਸ਼ਰਧਾ ਨਾਲ ਕਮਾਇਆ ।

ਬਾਬਾ ਬੁੱਢਾ ਦਾ ਵਿਆਹ 1590 ਨੂੰ ਅਚੱਲ ਪਿੰਡ ਦੇ ਜ਼ਿਮੀਂਦਾਰ ਦੀ ਲੜਕੀ ਮਿਰੋਆ ਨਾਲ ਹੋ ਗਿਆ। ਆਪ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ ਕਈ  ਇਤਿਹਾਸਕਾਰ ਚਾਰ ਪੁਤਰਾਂ ਦਾ ਜ਼ਿਕਰ ਕਰਦੇ ਹਨ । ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਅਚਾਨਕ ਚਲਾਣਾ ਕਰ ਗਏ। ਅਜੇ ਉਨ੍ਹਾਂ ਦੀ ਸਤਾਰ੍ਹਵੀਂ ਵੀ ਨਹੀਂ ਹੋਈ ਸੀ ਕਿ ਮਾਤਾ ਗੋਰਾਂ  ਵੀ ਆਪਣੇ ਪਤੀ ਦੇ ਮਗਰ ਹੀ ਤੁਰ ਗਈ ਬਾਬਾ ਬੁਢਾ ਜੀ ਗੁਰੂ -ਘਰ ਵਿਚ ਆ ਗਏ1 ਉਨ੍ਹਾ ਨੇ ਆਪਣੇ ਗ੍ਰਹਿਸਥ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਨਾਲ ਨਿਭਾਇਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰ ਪੁਰ ਆਏ ਤਾ ਬਾਬਾ ਬੁਢਾ ਵੀ  ਆਪਣੇ ਪਰਿਵਾਰ ਸਹਿਤ  ਕਰਤਾਰਪੁਰ ਵਿਖੇ ਗੁਰੂ-ਘਰ ਦੀ ਸੇਵਾ ਲਈ ਪੁੱਜ ਗਏ।

ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ’ਤੇ  6 ਮਹੀਨੇ ਤਕ ਗੁਰੂ ਅੰਗਦ ਦੇਵ ਜੀ ਨੇ  ਆਪਣੇ ਆਪ ਨੂੰ ਸੰਗਤਾ ਤੋਂ ਉਹਲੇ ਰਖਿਆ । ਸੰਗਤਾਂ ਗੁਰੂ ਦੀ ਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚ ਗਈਆਂ ਕਿਓਂਕਿ ਗੁਰੂ ਨਾਨਕ ਦੇਵ ਜੀ ਦਾ ਉਨ੍ਹਾ ਲਈ ਆਸ਼ੀਰਵਾਦ ਸੀ ਕਿ “ਤੇਥੋਂ ਉਹਲੇ ਨਾ ਹੋਸਾਂ”1  ਬਾਬਾ ਬੁਢਾ ਜੀ ਖਡੂਰ ਸਾਹਿਬ ਜਾ ਕੇ ਮਾਈ ਵਿਰਾਈ ਜੋ ਗੁਰੂ ਸਾਹਿਬ ਦੀ ਭੂਆ ਲਗਦੇ ਸੀ ਦੇ ਘਰ ਪੁਜੇ1 ਗੁਰੂ ਸਾਹਿਬ ਭਗਤੀ ਵਿਚ ਲੀਨ ਸੀ ,ਦਰਵਾਜ਼ੇ ਤੇ ਲਿਖਿਆ ਸੀ ਜੋ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰੇਗਾ ਉਹ ਮੇਰੇ ਸਿਖ ਨਹੀਂ ਹੋਵੇਗਾ 1 ਬਾਬਾ ਬੁਢਾ ਜੀ ਨੇ ਦਰਵਾਜ਼ਾ ਨਾ ਖੋਲਕੇ ਪਿਛੋਂ  ਕੰਧ ਪਾੜ ਕੇ ਅੰਦਰ ਚਲੇ ਗਏ ਤੇ  ਗੁਰੂ ਅੰਗਦ ਦੇਵ ਜੀ ਨੂੰ ਸੰਗਤ ਅੱਗੇ ਪ੍ਰਗਟ ਕਰਨ ਦਾ ਕਾਰਜ ਕੀਤਾ1

ਇਸ ਤੋ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣਾ ਕੇਂਦਰ ਖਡੂਰ ਸਾਹਿਬ ਵਿਚ ਹੀ ਸਥਾਪਤ ਕਰ ਲਿਆ  ਤੇ ਬਾਬਾ ਬੁੱਢਾ ਜੀ ਵੀ ਖਡੂਰ ਸਾਹਿਬ ਆ ਗਏ1 ਇਥੇ ਗੁਰੂ ਜੀ ਦੇ ਹੁਕਮ ਅਨੁਸਾਰ ਗੁਰਮੁਖੀ ਲਿਪੀ ਵਿਚ ਵਿਦਿਆ ਦੇਣੀ ਅਤੇ ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਜਦ ਗੁਰੂ ਸਾਹਿਬ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਇਥੇ ਇਕ  ਊਚ-ਨੀਚ, ਛੂਤ-ਛਾਤ ਦੇ ਵਿਰੁੱਧ ਸਾਂਝੀ ਬਾਉਲੀ ਦਾ ਨਿਰਮਾਣ ਕੀਤਾ ਜਿਸ ਦੀ ਸਾਰੀ ਜ਼ਿੰਮੇਵਾਰੀ  ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ। ਬਾਬਾ ਬੁਢਾ ਜੀ ਮਾਤਾ ਖੀਵੀ ਨਾਲ ਮਿਲ ਕੇ ਲੰਗਰ ਦੀ ਸੇਵਾ ਤੇ ਸੰਗਤਾਂ ਦੀ ਦੇਖ-ਰੇਖ ਤੇ ਸੇਵਾ ਸੰਭਾਲ ਕਰਦੇ 1

ਜਦੋਂ ਗੁਰੂ ਅਮਰਦਾਸ ਗੁਰਗਦੀ ਤੇ ਬੈਠੇ ਤਾਂ ਇਕ ਦਿਨ ਭਰੇ ਦਰਬਾਰ ਵਿਚ ਦਾਤੂ ਨੇ ਗੁਰੂ ਸਾਹਿਬ ਨੂੰ ਲਤ ਮਾਰ ਦਿਤੀ ਤੇ ਕਿਹਾ ਤੂੰ ਤਾਂ ਸਾਡਾ ਨੋਕਰ ਹੈ1 ਹੁਣ ਤੇਰੀ ਸਾਨੂੰ ਲੋੜ ਨਹੀ 1 ਨਿਮਰਤਾ ਦੇ ਪੁੰਜ ਨੇ ਦਾਤੂ ਦੇ ਚਰਨ ਫੜ ਲਏ ਤੇ ਕਿਹਾ ਮੇਰੀਆਂ ਬੁਢੀਆਂ ਹਡੀਆਂ ਹਨ ,ਕੀਤੇ ਤੁਹਾਨੂੰ ਚੁਭੀਆਂ ਤੇ ਨਹੀਂ 1 ਦੂਜੇ ਦਿਨ ਹੀ ਗੁਰੂ ਸਾਹਿਬ ਗੁਰੂ ਦਰਬਾਰ ਛਡ ਕੇ ਬ੍ਸਾਰਕੇ ਤੁਰ ਗਏ 1 ਸੰਗਤਾਂ ਨੂੰ ਜਦ ਗੁਰੂ ਪਾਤਸ਼ਾਹ ਦੇ ਦਰਸ਼ਨ ਨਾ ਹੋਏ ਤਾ ਵਿਆਕਲ ਹੋ ਗਈਆਂ ,ਮਦਤ ਲਈ ਬਾਬਾ ਬੁਢਾ ਜੀ ਕੋਲ ਆਈਆਂ 1  ਬਾਬਾ ਬਢਾ ਨੇ ਵਿਉਂਤ ਅਨੁਸਾਰ ਗੁਰੂ ਅਮਰਦਾਸ ਜੀ ਦੀ ਘੋੜੀ ਲਈ ਤੇ ਉਸਦੇ ਪਿਛੇ ਪਿਛੇ ਆਪ ਤੁਰ ਪਏ1 ਘੋੜੀ ਬ੍ਸਾਰਕੇ ਇਕ ਮਕਾਨ ਅਗੇ ਜਾ ਰੁਕੀ 1 ਜਿਸਦੇ ਦਰਵਾਜ਼ੇ ਤੇ ਲਿਖਿਆ ਸੀ “ਜੋ ਕੋਈ  ਇਹ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰੇਗਾ ਉਹ ਮੇਰਾ ਸਿਖ ਨਹੀਂ ਹੋਵੇਗਾ” 1 ਬਾਬਾ ਬੁਢਾ ਜੀ ਗੁਰੂ ਸਾਹਿਬ ਦੀ ਹੁਕਮ ਅਦੂਲੀ ਨਾ ਕਰਦੇ ਹੋਏ ਪਿਛਲੀ ਕੰਧ ਵਿਚ  ਮਘੋਰਾ ਕਰਕੇ ਸਭ ਤੋ ਪਹਿਲਾਂ ਅੰਦਰ ਗਏ, ਚਰਨ ਛੋਹੇ1 ਗੁਰੂ ਸਾਹਿਬ ਨੇ ਘੁਟ ਕੇ ਜਫੀ ਪਾਈ 1 ਗੁਰੂ ਸਾਹਿਬ ਨੇ ਬਾਬਾ ਬੁਢਾ ਨੂੰ ਸੰਗਤ ਦਾ ਖੇਵਟ,ਸਿਖੀ ਦੀ ਹੱਦ ਕਹਿ ਕੇ ਨਿਵਾਜਿਆ ਤੇ ਮੁੜ ਸੰਗਤਾਂ ਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿਤੇ 1

ਜਦੋਂ  ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤਾ ਗਿਆ  ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ  ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਵਿਚ  ਇਕ ਵੀਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ ਜਿਥੇ ਮਾਤਾ ਗੰਗਾ ਵੀ ਉਨ੍ਹਾ ਤੋਂ ਆਸ਼ੀਰਵਾਦ ਲੈਣ ਲਈ ਆਈ। ਏਥੇ ਗੁਰੂ ਸਾਹਿਬਾਂ ਦਾ ਮਾਲ ਡੰਗਰ ਚਰਿਆ ਕਰਦਾ ਸੀ।  ਇਸ ਨੂੰ ਬੀੜ ਆਖਦੇ ਸਨ।  ਇਸ ਬੀੜ ਦੀ ਤੇ ਇਸ ਵਿਚਲੇ ਮਾਲ ਡੰਗਰ ਦੀ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ।  ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ।  ਉਹ ਘਾਹ ਖੋਦ ਕੇ ਗੁਰੂ ਜੀ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ।  ਇਸ ਲਈ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ।  ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬਾਬੇ ਦੀ ਬੀੜ ਪੈ ਗਿਆ।  ਏਥੇ ਇਸ ਨਾਂ ਦਾ ਇਤਿਹਾਸਕ ਗੁਰਦੁਆਰਾ ਵੀ ਬਣਵਾਇਆ ਗਿਆ ।

 ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਸਰੋਵਰ ਖੁਦਵਾਉਣ ਤੇ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋਹਲੀ ਗੱਡੀ ਸੀ। ਗੁਰੂ ਅਮਰਦਾਸ ਜੀ ਨੇ ਸੁਚ-ਭਿੱਟ ਨੂੰ ਖਤਮ ਕਰਨ ਲਈ 1552 ਈਸਵੀ ਵਿਚ ਗੋਇੰਦਵਾਲ ਸਾਹਿਬ ਵਿਖੇ 84 ਪਉੜੀਆਂ ਵਾਲੀ ਬਾਉਲੀ  ਦਾ ਨਿਰਮਾਣ ਕੀਤਾ ਜਿਸਦਾ ਟੱਕ ਬਾਬਾ ਬੁਢਾ ਜੀ ਨੇ ਲਗਾਇਆ 1 ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਕੀਤੀ  ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੂੰ ਸੋਂਪੀ ।

ਸਾਂਝੇ ਲੰਗਰ ਤੇ ਸਾਂਝੀਆਂ ਬਾਉਲੀਆਂ ਬਨਾਣ ਤੇ ਵਿਰੋਧੀ ਜਿਸ ਵਿਚ ਆਪਣੇ  ਵੀ ਸੀ ਭੜਕ ਗਏ ਤੇ ਅਕਬਰ ਕੋਲ ਜਾ ਸ਼ਕਾਇਤ  ਕੀਤੀ ਕਿ ਸਾਡਾ ਧਰਮ ਭਰਿਸ਼ਟ ਕਰ ਦਿਤਾ ਹੈ 1ਗੁਰੂ ਅਮਰਦਾਸ ਜੀ ਨੇ ਬਾਬਾ ਬੁਢਾ ਤੇ ਜੇਠਾ ਜੀ ਨੂੰ ਪੁਸ਼ਟੀ ਕਰਾਉਣ ਵਾਸਤੇ ਆਗਰੇ  ਭੇਜਿਆ 1 ਤੱਸਲੀ ਹੋਣ ਤੋ ਬਾਅਦ ਅਕਬਰ ਬਾਦਸ਼ਾਹ  ਖੁਦ ਗੁਰੂ ਦਰਬਾਰ ਵਿੱਚ ਆਏ ਪੰਗਤ ਵਿਚ ਬਹਿ ਕੇ ਲੰਗਰ ਛਕਿਆ1 ਲੰਗਰ ਵਾਸਤੇ ਜਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਲੰਗਰ ਨੂੰ ਸੰਗਤ ਦਾ ਉਪਰਾਲਾ ਕਹਿ ਕੇ ਮਨਾ ਕਰ ਦਿਤਾ1 ਅਕਬਰ ਮਾਤਾ ਭਾਨੀ ਨੂੰ ਆਪਣੀ ਬੇਟੀ ਕਹਿ ਕੇ ਝਬਾਲ ਦੇ 12 ਪਿੰਡ ਉਨ੍ਹਾ ਦੇ  ਨਾਂ ਲਗਵਾ ਦਿਤੇ  ’। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਸਾਹਿਬ ਦੀਆਂ ਆਖ਼ਰੀ ਰਸਮਾਂ ਬਾਬਾ ਬੁਢਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ।

ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਦੇ ਹੱਥੋਂ ਆਰੰਭ ਕਰਵਾਈ।ਗੁਰੂ ਰਾਮਦਾਸ ਆਪਣੇ ਤਿਨਾਂ ਪੁਤਰਾਂ ਦੇ ਸੁਭਾ ,ਕਰਮ ਦੇਖ ਰਹੇ ਸੀ 1 ਬਾਬਾ ਬੁਢਾ ਜੀ ਦੀ ਪਾਰਖੂ ਅੱਖ ਤੋ ਵੀ ਕੁਝ ਛੁਪਿਆ ਨਹੀਂ ਸੀ 1 ਫਿਰ ਵੀ ਗੁਰੂ ਰਾਮਦਾਸ ਜੀ ਨੇ ਬਾਬਾ ਬੁਢਾ ਜੀ ਕੋਲੋਂ ਗੁਰੁਗਦੀ ਦੇਣ ਦੀ ਸਲਾਹ ਪੁਛੀ ਤਾਂ ਬਾਬਾ ਬੁਢਾ ਜੀ ਨੇ ਨਿਮਰਤਾ ਸਹਿਤ  ਕਿਹਾ,” ਕੀ ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗਦੀ  ਲੋਚਦਾ ਹੈ, ਉਸਦੀਆਂ ਹਡੀਆਂ ਵਿਚ ਸੇਵਾ ਨਹੀਂ 1 ਸਾਰੇ ਗੁਣ ਅਰਜਨ ਦੇਵ ਵਿਚ ਹਨ, ਉਨ੍ਹਾ ਦੇ ਟਾਕਰੇ ਹੋਰ ਕੋਈ ਨਹੀਂ 1 ਸੋ ਗੁਰੁਗਦੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਦਾ ਫੈਸਲਾ ਹੋਇਆ1

ਗੁਰੂ ਰਾਮਦਾਸ ਸਤੰਬਰ 1581 ਵਿਚ ਜੋਤੀ ਜੋਤ ਸਮਾ ਗਏ1 ਵਿਓੰਤ ਅਨੁਸਾਰ ਦੋ ਪਗਾਂ ਦੇਣ ਦਾ ਫੈਸਲਾ ਹੋਇਆ 1 ਇਕ ਪਗ ਪ੍ਰਿਥੀ ਚੰਦ ਲਈ ,ਮਰਨੇ ਦੀ, ਵਡਾ ਪੁਤਰ ਜਾਣ ਕੇ ਤੇ ਦੂਸਰੀ ਗੁਰੁਗਦੀ ਦੀ ਗੁਰੂ ਅਰਜਨ ਦੇਵ ਜੀ ਲਈ 1 ਪਰ ਜਦ ਮਰਨੇ ਦੀ ਪਗ ਪ੍ਰਿਥੀ ਚੰਦ ਨੂੰ ਮਿਲ ਗਈ ,ਦੂਸਰੀ ਪਗ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਰਖਣ ਲਗੇ ਤਾਂ ਉਸਨੇ ਉਹ ਪਗ ਵੀ ਖੋਹ ਲਈ 1 ਗੁਰੂ ਅਰਜਨ ਦੇਵ ਜੀ ਤਾਂ ਸ਼ਾਂਤ ਰਹੇ 1 ਪਰ ਇਸਦਾ ਅਸਰ ਸੰਗਤ ਤੇ  ਬਹੁਤ ਬੁਰਾ ਪਿਆ 1 ਬਾਬਾ ਬੁਢਾ ਜੀ ਨੇ ਉਚੀ ਅਵਾਜ਼ ਵਿਚ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕੀ ਗੁਰਗਦੀ ਕਿਸੇ ਦੀ ਵਿਰਾਸਤ ਨਹੀਂ ਹੈ ਕਰਤਾਰ ਦੇ ਅਧੀਨ ਹੈ ਜੋ ਧੁਰੋਂ ਲਿਖੀ ਆਉਂਦੀ ਹੈ1 ਗੁਰਗਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿਤੀ ਗਈ 1

ਪ੍ਰਿਥੀ ਚੰਦ ਨੇ ਆਪਣੇ ਭੈੜੇ  ਮਨਸੂਬੇ ਜਾਰੀ ਰਖੇ1 ਅਮ੍ਰਿਤਸਰ ਦੀ ਇਕ ਕਿਸਮ ਨਾਲ ਨਾਕਾਬੰਦੀ ਕਰ ਦਿਤੀ 1 ਮਸੰਦਾਂ ਨੂੰ  ਗੁਰੂ ਦਰਬਾਰ ਦੇ ਰਾਹ ਵਿਚ ਬਿਠਾ ਦਿਤਾ ਜੋ  ਸੰਗਤਾ ਜੋ ਦੂਰੋਂ ਦੂਰੋ ਚਲ ਕੇ ਆਉਂਦੀਆਂ ਉਨ੍ਹਾ ਤੋਂ ਭੇਟਾ ਲੈਣ ਲਈ ਪ੍ਰਿਥੀ ਚੰਦ ਵਾਲੇ ਪਾਸੇ  ਭੇਜ ਦਿੰਦੇ ਤੇ ਲੰਗਰ ਲਈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ 1 ਲੰਗਰ ਛੋਲਿਆਂ ਤਕ ਸੀਮਤ ਰਹਿ ਗਿਆ  ਪਰ ਗੁਰੂ ਸਾਹਿਬ ਫਿਰ ਵੀ ਅਡੋਲ ਤੇ ਸ਼ਾਂਤ ਰਹੇ 1 ਜਦ ਬਾਬਾ ਬੁਢਾ ਜੀ ਆਗਰੇ ਤੋਂ ਵਾਪਸ ਆਏ ਉਨ੍ਹਾ ਨੂੰ ਪਤਾ ਲਗਾ ਤੇ ਉਨ੍ਹਾ ਨੇ ਭਾਈ ਗੁਰਦਾਸ ਜੀ ਨਾਲ ਮਿਲਕੇ  ਦੋਨੋ, ਦੋਨੋਂ ਦਰਬਾਰਾਂ ਦੀ ਨੁਕਰਾਂ ਤੇ ਬੈਠ ਗਏ1 ਸੰਗਤਾਂ ਨੂੰ ਸਾਰਾ ਹਾਲ ਦਸਦੇ ,ਜਿਸ ਨਾਲ ਪ੍ਰਿਥੀਏ ਦਾ ਬੁਣਿਆ ਜਾਲ ਸੰਗਤਾਂ ਦੇ ਸਾਮਣੇ ਉਘੜ ਆਇਆ 1

ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਗੁਰੂ ਗ੍ਰੰਥ  ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤਾ ਪਹਿਲਾ ਵਾਕ ਬਾਬਾ ਬੁਢਾ ਜੀ ਨੇ ਲਿਆ ” ਸੰਤਾ ਕੇ ਕਾਰਜ ਆਪ ਖਲੋਇਆ”1 .ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ।ਫਿਰ ਜਦੋਂ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ  ਦੀ ਸੇਵਾ ਆਰੰਭ ਹੋਈ ਤਾਂ ਬਾਬਾ ਜੀ ਨੇ ਆਪਣੇ ਪੁੱਤ-ਪੋਤਰਿਆਂ ਸਮੇਤ ਸੇਵਾ ਵਿਚ ਹਿੱਸਾ ਲਿਆ। ਦਰਬਾਰ ਸਾਹਿਬ ਦੀ ਸੇਵਾ ਵੇਲੇ  ਬੇਰੀ, ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਦੀ ਚੜ੍ਹਦੀ ਬਾਹੀ ਵੱਲ ਹੈ, ਥੱਲੇ ਬੈਠ ਕੇ ਬਾਬਾ ਜੀ ਨੇ ਹਰਿਮੰਦਰ ਤੇ ਸਰੋਵਰ ਤੇ ਕੰਮ ਕਰ ਰਹੇ ਕਾਮਿਆਂ ਨੂੰ ਤਨਖਾਹਾਂ ਦੇਣੀਆ  ਸਾਰਾ ਲੇਖਾ-ਜੋਖਾ ਕਰਨਾ, ਕਾਰ ਸੇਵਾ ਵਿਚ ਹਥ ਵਟਾਉਣਾ ਤੇ ਸੰਗਤਾ ਦੀ  ਦੇਖ-ਰੇਖ ਕਰਨੀ ਆਦਿ ਸਾਰੀ ਜਿਮੇਵਾਰੀ ਸੰਭਾਲੀ  ।ਇਸ ਬੇਰੀ ਨੂੰ ਅੱਜ ਕੱਲ੍ਹ ਬੇਰ ਬਾਬਾ ਬੁੱਢਾ ਜੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ।

 ਆਪ ਜੀ ਦਾ ਗੁਰੂ ਘਰ ਵਿਚ ਇੰਨਾ ਮਾਣ ਸਤਿਕਾਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸਿਖਲਾਈ ਪੜ੍ਹਾਈ ਦਾ ਕੰਮ ਆਪ ਦੇ ਸਪੁਰਦ ਕੀਤਾ।  ਇਨ੍ਹਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰ-ਇਤਿਹਾਸ ਦੀ ਪੜ੍ਹਾਈ ਦੇ ਨਾਲ ਨਾਲ ਹੀ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ) ਅਤੇ ਹੋਰ ਸਰੀਰਕ ਸਿਖਲਾਈ ਵੀ ਦਿਤੀ ।  ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਵੀ ਬਾਬਾ ਜੀ ਦੇ ਹਥੋਂ ਹੋਈ ।

ਗੁਰੂ ਅਰਜਨ ਦੇਵ ਜੀ ਵਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਬਾਬਾ ਬੁੱਢਾ ਜੀ ਨੇ ਹੀ ਪੁਵਾਈਆਂ । 1608 ਈਸਵੀ ਵਿੱਚ ਬਾਬਾਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦੀ ਉਸਾਰੀ ਕੀਤੀ। ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਜਹਾਂਗੀਰ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਤਾਂ  ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ । ਜਨਵਰੀ 1620 ਈਸਵੀ ਦੇ ਆਖ਼ਰੀ ਦਿਨਾਂ ਵਿਚ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਬਾਲੂ ਰਾਇ ਨੇ ਅਹਿਮ ਭੂਮਿਕਾ ਨਿਭਾਈ ਸੀ। ਬਾਬਾ ਬੁੱਢਾ ਜੀ ਦੇ ਚਾਰ ਸਪੁੱਤਰ ਸਨ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਰਹਿੰਦਾ ਹੈ।

 ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤੇ ਗਏ ਤੇ ਉਸ ਵਕਤ ਬਾਬਾ ਬੁਢਾ ਜੀ ਨੇ ਥਾਂ ਥਾਂ ਜਾਕੇ ਸਿਖਾਂ ਦਾ ਮਨੋਬਲ ਨੂੰ ਕਾਇਮ ਰਖਿਆ 1  ਕੁਝ ਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਸੁਰਤ ਲਿਆਉਣ ਵਾਸਤੇ ਗਵਾਲੀਅਰ ਭੇਜਿਆ।  ਉਹ ਗਏ ਅਤੇ ਗੁਰੂ ਜੀ ਨੂੰ ਮਿਲ ਕੇ ਸੁਖ ਸੁਨੇਹਾ ਲੈ ਕੇ ਵਾਪਸ ਆਏ। ਗੁਰੂ ਜੀ ਦੀ ਕੈਦ ਸਮੇਂ ਵਿਚ ਹੀ ਬਾਬਾ ਬੁੱਢਾ ਜੀ ਨੇ ਸੁਖ-ਆਸਨ  ਵੇਲੇ ਕੀਰਤਨ ਚੌਂਕੀਆਂ’, ਦਾ ਰਿਵਾਜ ਤੋਰਿਆ। ਸ਼ਾਮ ਵੇਲੇ ਸੰਗਤਾਂ ਜੱਥਾ ਜਾਂ ਚੌਂਕੀ ਬਣਾ ਕੇ ਸ਼ਬਦ ਪੜ੍ਹਦੀਆਂ ਪੜ੍ਹਦੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਕਰਦੀਆਂ ਅਤੇ ਮਗਰੋਂ ਅਰਦਾਸਾ ਕਰਕੇ ਵਿਦਾ ਹੁੰਦੀਆਂ। ਇਸੇ ਤਰਹ  ਗੁਰੂ ਸਾਹਿਬ ਦੇ  ਕੈਦ ਵਕਤ ਵੀ ਇਹ ਚੋਕੀਆਂ ਢੋਲਕੀਆਂ ਛੇਣਿਆਂ ਨਾਲ ਕੀਰਤਨ ਕਰਦੀਆਂ ਕਰਦੀ ਆਂ  ਗਵਾਲੀਅਰ ਦੇ ਕਿਲੇ ਦੀ ਪਰਕਰਮਾਂ ਕਰਕੇ, ਦੀਵਾਰ ਨੂੰ ਮਥਾ ਟੇਕ ਕੇ ਮੁੜ ਆਉਂਦੀਆਂ ਜਿਸ ਨਾਲ ਗੁਰੂ-ਜਸ ਦੂਰ ਦੂਰ ਤਕ ਫੈਲਿਆ ।ਅਖੀਰ ਜਹਾਂਗੀਰ ਨੂੰ ਗੁਰੂ ਸਾਹਿਬ ਦੀ ਸੋਭਾ, ਨੂਰਜਹਾਂ ਤੇ ਵਜੀਰ ਖਾਨ ਦਬਾਅ ਕਰਕੇ ਗੁਰੂ ਸਾਹਿਬ ਨੂੰ ਰਿਹਾ ਕਰਨਾ ਪਿਆ 1

ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਿਆਸ ਦੇ ਕੰਢੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਨਗਰ ਸ੍ਰੀ ਹਰਿਗੋਬਿੰਦ ਪੁਰ ਵਿਚ ਜਾ ਟਿਕੇ, ਜਿੱਥੇ ਉਨ੍ਹਾਂ ਨੂੰ ਜੰਗ ਕਰਨਾ ਪਿਆ, ਤਾਂ ਬਾਬਾ ਬੁੱਢਾ ਜੀ ਆਪ ਦੇ ਦਰਸ਼ਨਾਂ ਲਈ ਸ੍ਰੀ ਹਰਿਗੋਬਿੰਦਪੁਰ ਗਏ।  ਉੱਥੇ ਉਨ੍ਹਾਂ ਨੇ ਬੇਨਤੀ ਕੀਤੀ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ।  ਬੀੜ ਦੀ ਸੇਵਾ ਤੋਂ ਛੁਟੀ ਬਖਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਜਾ ਕੇ ਭਜਨ ਬੰਦਗੀ ਕਰਦਾ ਉਮਰ ਦੇ ਅਖ਼ੀਰੀ ਦਿਨ ਬਿਤਾਵਾਂ।  ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’

ਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਟਿਕੇ ਅਤੇ ਭਜਨ ਬੰਦਗੀ ਵਿਚ ਰੁੱਝ ਗਏ।  ਬਚਨ ਦੇ ਸੂਰੇ ਗੁਰੂ ਜੀ ਬਾਬਾ ਬੁੱਢਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਰਾਮਦਾਸ ਪਹੁੰਚੇ, ਉਨ੍ਹਾਂ ਦਾ ਦਰਸ਼ਨ ਕਰ ਕੇ, ਅਸੀਸ ਲੈ ਕੇ, ਬਾਬਾ ਜੀ 14 ਮੱਘਰ ਸੰਮਤ 1688 (16 ਨਵੰਬਰ 1631 ਈ.) ਨੂੰ ਸਚਖੰਡ ਰੁਕ੍ਸਤ ਹੋ  ਗਏ।  ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ 25 ਦਿਨ ਸੀ।ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹਥੀਂ ਬਾਬਾ ਬੁਢਾ ਜੀ ਦਾ ਸਸਕਾਰ ਕੀਤਾ 1 ਇਸ ਜਗ੍ਹਾ (ਰਾਮਦਾਸ) ਇਕ ਕਾਫ਼ੀ ਵੱਡਾ ਸਰੋਵਰ ਹੈ।

 ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ

ਬਾਬਾ ਬੁਢਾ ਜੀ ਦੀ ਯਾਦ ਵਜੋਂ   ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਕਸਬਾ ਝਬਾਲ ਦੇ ਨੇੜੇ ਜਿਹੇ ਵੱਸਿਆ ਇਹ ਅਸਥਾਨਤੇ ਬਣਿਆ ਗੁਰੂਦਵਾਰਾ ਸਾਹਿਬ  ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਸੰਗਤਾਂ ਰਾਤ-ਦਿਨ ਦਰਸ਼ਨ-ਦੀਦਾਰੇ ਕਰਨ ਆਉਂਦੀਆਂ  ਖਾਸ ਕਰ  ਸੰਗਰਾਂਦ ਦੇ ਦਿਹਾੜੇ ਤਾਂ ਸੰਗਤਾਂ ਦਾ ਹੜ੍ਹ ਹੀ ਆ ਜਾਂਦਾ ਹੈ। ਬਾਬਾ ਖੜਕ ਸਿੰਘ ਜੀ ਨੇ ਇਸ ਅਸਥਾਨ ਦੀ ਲੰਮਾ ਸਮਾਂ ਕਾਰ ਸੇਵਾ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਇੱਥੇ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ’ਤੇ ਬਾਬਾ ਬੁੱਢਾ ਕਾਲਜ ਤੇ ਬੀੜ ਸਾਹਿਬ ਸਥਾਪਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸਥਾਪਤ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਇਲਾਕਾ ਨਿਵਾਸੀਆਂ ਲਈ ਵਰਦਾਨ ਬਣਿਆ ਹੋਇਆ ਹੈ। 150 ਬਿਸਤਰਿਆਂ ਵਾਲੇ ਇਸ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਨੂੰ ਵਧੀਆ ਮੈਡੀਕਲ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਉਪਲਬੱਧ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਹੀ ਇੱਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਬਾਬਾ ਬੁੱਢਾ ਪਬਲਿਕ ਹਾਈ ਸਕੂਲ, ਬੀੜ ਸਾਹਿਬ ਮਿਆਰੀ ਵਿਦਿਅਕ ਸੰਸਥਾਵਾਂ ਵਜੋਂ ਗਰੀਬ ਅਤੇ ਆਮ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਸਹਾਈ ਹੋ ਰਹੀਆਂ ਹਨ। ਇਸ ਅਸਥਾਨ ’ਤੇ ਬਾਬਾ ਖੜਕ ਸਿੰਘ ਜੀ ਵੱਲੋਂ ਇਕ ਵੱਡ-ਅਕਾਰੀ ਲੰਗਰ ਹਾਲ ਤਿਆਰ ਕਰਾਇਆ ਗਿਆ । ਦੂਰ-ਦੁਰਾਡੇ ਤੋਂ ਇੱਥੇ ਆ ਕੇ ਟਿਕਣ ਵਾਲੇ ਯਾਤਰੂਆਂ ਲਈ ਇਕ ਏਕੜ ਜਗ੍ਹਾ ਵਿੱਚ 52 ਕਮਰਿਆਂ ਵਾਲੀ ਆਧੁਨਿਕ ਸਹੂਲਤਾਂ ਨਾਲ ਲੈਸ ਚਾਰ ਮੰਜ਼ਿਲਾ ਇਮਾਰਤ ਮਾਤਾ ਗੰਗਾ ਨਿਵਾਸ (ਸਰਾਂ) ਬਣਾਈ ਗਈ ਹੈ।

ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਇਸ ਅਸਥਾਨ ਨੂੰ ਜਾਂਦੀ ਸੰਪਰਕ ਸੜਕ ’ਤੇ ਇਕ ਸ਼ਾਨਦਾਰ ਗੇਟ ਬਾਬਾ ਬੁੱਢਾ ਸਾਹਿਬ ਜੀ ਸ਼ਰਧਾਲੂਆਂ ਲਈ ਰਾਹ ਦਸੇਰਾ ਦਾ ਕੰਮ ਵੀ ਕਰ ਰਿਹਾ ਹੈ। ਇੱਥੋਂ ਦੇ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ, ਗੰਢੇ, ਲੱਸੀ, ਖੀਰ ਜਿਹੇ ਪਦਾਰਥ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਵਰਤਦੇ ਚਲੇ ਆ ਰਹੇ ਹਨ। ਇੱਥੇ ਸਾਲਾਨਾ ਜੋੜ ਮੇਲੇ ਅਕਤੂਬਰ ਦੇ ਮਹੀਨੇ ਲਗਦਾ ਹੈ  ਖੰਡੇ ਬਾਟੇ ਦਾ ਅੰਮ੍ਰਿਤ  ਪਾਣ ਕਰਾਇਆਜਾਂਦਾ ਹੈ ਕਥਾ ਕੀਰਤਨ ਤੇ ਹੋਰ ਕਈ ਤਰਹ ਦੇ ਪਰੋਗਰਾਮ ਹੁੰਦੇ ਹਨ ਜੋ ਦੁਨੀਆਂ ਭਰ ਵਿੱਚ ਸ਼ਾਂਤੀ, ਪ੍ਰੇਮ, ਸਦਭਾਵਨਾ ਦਾ ਸੰਦੇਸ਼ ਦੇ ਰਹੇ ਹਨ 1

Nirmal Anand

Add comment

Translate »