ਸਿੱਖ ਇਤਿਹਾਸ

ਬਾਬਾ ਗੁਰਬਖਸ਼ ਸਿੰਘ

ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹ ਸਿਦਕੀ ਸਿੰਘ ਸਨ ਜਿਨ੍ਹਾ ਨੇ ਅਹਿਮਦ ਸ਼ਾਹ ਦੁੱਰਾਨੀ ਦੇ ਸੱਤਵੇਂ ਹਮਲੇ ਵੇਲੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਤਿਕਾਰ ਦੀ ਰਾਖੀ ਕਰਦਿਆਂ ਆਪਣੇ 30 ਸਿੰਘਾ ਨਾਲ 30000 ਅਫ਼ਗ਼ਾਨ ਫੌਜਾਂ ਨਾਲ ਟਕਰ ਲਈ ਤੇ ਲੜਦਿਆਂ ਸ਼ਹੀਦ ਹੋ ਗਏ । ਇਹ ਘਟਨਾ ਦਸੰਬਰ 1764 ਦੀ ਹੈ ਜਦੋਂ  ਅਹਿਮਦ ਸ਼ਾਹ  ਅਬਦਾਲੀ ਨੇ ਹਿੰਦੁਸਤਾਨ  ਉੱਪਰ ਸਤਵਾਂ ਹਮਲਾ ਕੀਤਾ।  ਇਸ ਵਾਰੀ ਉਹ ਨਜੀਬੇ ਰੁਹੇਲੇ ਦੀ ਮਦਤ ਕਰਨ ਉਸਦੇ ਸਦੇ ਤੇ ਆਇਆ ਸੀ 1  ਜਵਾਹਰ ਸਿੰਘ ਭਗਤਪੁਰੀਏ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਜੀਬ-ਉਦ-ਦੌਲਾ, ਦਿਲੀ ਤੇ ਹਮਲਾ ਕਰਣ ਦੀ ਤਿਆਰੀ ਕਰ ਰਿਹਾ ਸੀ 1 ਇਸ ਮਕਸਦ ਨੂੰ ਪੂਰਾ ਕਰਨ ਲਈ ਉਸਨੇ  ਖਾਲਸਿਆਂ  ਅਤੇ ਮਰਾਠਿਆਂ ਦੋਨੋ ਤੋਂ  ਸਹਾਇਤਾ ਦੀ ਮੰਗ ਕੀਤੀ । ਮਰਾਠਿਆਂ ਦਾ ਸਰਦਾਰ ਮਲਹਾਰ ਰਾਓ ਹੁਲਕਰ ਤਾਂ ਖੜ੍ਹਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦਾ ਸਰਦਾਰ  ਜੱਸਾ ਸਿੰਘ ਅਹੁਲੁਵਾਲੀਆ 15 ਹਜ਼ਾਰ ਸਿੰਘਾਂ ਸਮੇਤ ਜਵਾਹਰ ਸਿੰਘ ਦੀ ਮਦਦ ਲਈ ਦਿਲੀ ਪਹੁੰਚ ਗਿਆ । ਨਜੀਬ-ਉਦ-ਦੌਲਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਘਿਰੇ ਦੇਖ ਅਬਦਾਲੀ ਵੱਲ ਸੁਨੇਹਾ ਭੇਜ ਦਿੱਤਾ।

ਅਬਦਾਲੀ ਨੂੰ ਇਹ ਭੀ ਖ਼ਬਰਾਂ ਤਾਂ ਪਹਿਲੇ ਹੀ ਮਿਲ ਚੁਕੀਆਂ ਸਨ ਕਿ ਸਿੰਘਾਂ ਨੇ ਪੰਜਾਬ  ਵਿੱਚ ਦੁਰਾਨੀਆਂ ਦਾ ਸਫਾਇਆ ਕਰ ਦਿੱਤਾ ਹੈ। ਸਿੰਘਾਂ  ਸਰਹੰਦ ਉੱਪਰ ਕਬਜ਼ਾ ਕਰ ਚੁਕੇ  ਸੀ। ਲਾਹੋਰ ਦਾ ਸੂਬਾ ਖਾਲਸਾ ਜੀ ਦੀ ਈਨ ਮੰਨ ਚੁਕਾ ਸੀ, ਜਹਾਨ ਖ਼ਾਨ ਅਤੇ ਸਰਬਲੰਦ ਖ਼ਾਨ ਸਿਆਲਕੋਟ  ਅਤੇ ਰੁਹਤਾਸ ਵਿੱਚ ਸਿੰਘਾਂ ਪਾਸੋਂ ਬੁਰੀ ਤਰਾਂ  ਮਾਰ ਖਾ ਚੁਕੇ ਸਨ। ਇਨ੍ਹਾਂ ਸਾਰੇ ਹਲਾਤ ਨੂੰ ਮੁੱਖ ਰੱਖ ਕੇ ਅਬਦਾਲੀ ਨੇ ਆਪਣੇ ਨਾਲ ਕਲਾਤ ਦੇ ਬਲੋਚ ਹਾਕਮ ਮੌਰ ਨਸੀਰ ਖਾਨ ਨੂੰ ਲਿਆ ਅਤੇ ਸਿੰਘਾਂ ਵਿਰੁੱਧ ਜਹਾਦ ਦਾ ਨਾਹਰਾ ਲਗਾਂਦੇ  ਹਿੰਦੁਸਤਾਨ  ਉੱਪਰ ਆਪਣਾ ਸਤਵਾਂ ਹਮਲਾ ਬੋਲ ਦਿੱਤਾ।

ਇਸ ਵੇਲੇ ਸਿੱਖ ਸਰਦਾਰ ਵੱਖ-ਵੱਖ ਮੁਹਿੰਮਾਂ ਉੱਪਰ ਗਏ  ਹੋਏ ਸਨ ਅਤੇ ਕੇਂਦਰੀ  ਪੰਜਾਬ  ਸਿੰਘਾਂ ਤੋਂ ਲਗਭਗ ਖਾਲੀ  ਸੀ। ਸਰਦਾਰ  ਜੱਸਾ ਸਿੰਘ  ਜਵਾਹਰ ਸਿੰਘ ਦੀ ਸਹਾਇਤਾ ਲਈ  ਦਿਲੀ  ਸੀ।  ਭੰਗੀ ਸਰਦਾਰ ਸਾਂਦਲ ਬਾਰ ਦੇ ਇਲਾਕੇ ਵੱਲ ਸਨ। ਉਸ ਵਕਤ ਕੇਵਲ ਸਰਦਾਰ ਚੜ੍ਹਤ ਸਿੰਘ ਹੀ  ਸਿਆਲਕੋਟ ਵਿਚ ਮੋਜੂਦ ਸੀ1  ਉਸ ਨੇ ਜਦ ਅਬਦਾਲੀ ਦੇ ਲਾਹੌਰ ਪਹੁੰਚਣ ਦੀ ਖ਼ਬਰ ਸੁਣੀ ਤਾਂ ਇਕਦਮ ਅਚਾਨਕ ਅਬਦਾਲੀ ਦੇ ਕੈਂਪ ਤੇ ਹਮਲਾ ਬੋਲ ਦਿੱਤਾ। ਹਮਲਾ ਇੰਨਾ ਤੇਜ ਅਤੇ ਸਖ਼ਤ ਸੀ ਕਿ ਦੁਰਾਨੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਅਬਦਾਲੀ ਨਾਲ ਇੱਕ ਸਫ਼ਲ ਟੱਕਰ ਲੈ ਕੇ, ਫਿਰ ਕਿਸੇ ਮੌਕੇ ਦੀ ਤਾੜ ਲਈ ਇੱਕ ਪਾਸੇ ਹਟ ਗਿਆ।

ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ  ਅਮ੍ਰਿਤਸਰ  ਵੱਲ ਗਏ ਹਨ। ਸਿੰਘਾਂ ਦਾ ਪਿੱਛਾ ਕਰਦੇ ਕਰਦੇ ਉਹ ਅੰਮ੍ਰਿਤਸਰ ਵੱਲ ਆਪਣੀਆ 30 000 ਫੋਜਾਂ ਲੈਕੇ ਚਲ ਪਿਆ  । ਅੰਮ੍ਰਿਤਸਰ ਸ੍ਰੀ  ਦਰਬਾਰ ਸਾਹਿਬ  ਵਿੱਚ ਇਸ ਵੇਲੇ ਕੇਵਲ ਤੀਹ ਕੁ ਸਿੰਘ ਹੀ ਸਨ ਅਤੇ ਇਨ੍ਹਾਂ ਦੇ ਜਥੇਦਾਰ ਸਨ, ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ (ਅੰਮ੍ਰਿਤਸਰ) ਮਾਝੇ ਦੇ ਵਸਨੀਕ ਸਨ ਅਤੇ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਸੀ। ਪੱਕੇ ਨਿਤਨੇਮੀ, ਰਹਿਤ ਮਰਯਾਦਾ ਵਿੱਚ ਪਰਪੱਕ ਅਤੇ ਜਿਧਰ ਵੀ ਕਿਧਰੇ ਜੰਗ-ਯੁੱਧ ਹੁੰਦਾ, ਹਮੇਸ਼ਾਂ ਮੂਹਰੇ ਹੋ ਡਟਦੇ ਸਨ।

ਅਬਦਾਲੀ ਦੇ  ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖ਼ਬਰ ਸੁਣਦਿਆਂ ਹੀ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਅਤੇ ਉਸ ਦੇ ਤੀਹ ਸਾਥੀਆਂ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀ ਆਰੰਭ ਦਿੱਤੀ। ਉਹ ਸਾਰੇ ਸਨਮੁਖ ਸ਼ਹੀਦੀਆਂ ਪ੍ਰਾਪਤ ਕਰਨ ਦੀਆਂ ਅਰਜ਼ੋਈਆਂ ਕਰਦੇ ਅਬਦਾਲੀ ਦਾ ਮੁਕਾਬਲਾ ਕਰਨ ਲਈ ਇਕਦਮ ਤਿਆਰ ਹੋ ਗਏ 1 ਇਨ੍ਹਾਂ ਸਭ ਸਿੰਘਾਂ ਨੇ ਆਪਣੇ ਸ਼ਸਤਰ-ਬਸਤਰ ਸਜਾ ਲਏ। ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ, ਕੜਾਹ ਪ੍ਰਸ਼ਾਦ ਵਰਤਾਇਆ ,ਚਾਰ ਪਰਦੱਖਣਾ ਕੀਤੀਆਂ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ,  ਅਤੇ ਫਿਰ  ਅਰਦਾਸ ਕੀਤੀ-1 ਰਤਨ ਸਿੰਘ ਭੰਗੂ ਲਿਖਦੇ ਹਨ –

ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।

ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ॥48॥

ਇਤਨੇ ਨੂੰ ਅਬਦਾਲੀ ਦੀਆਂ ਫੌਜਾਂ ਪ੍ਰਕਰਮਾਂ ਨੇੜੇ ਪਹੁੰਚ ਚੁਕੀਆਂ  ਸਨ । ਸਿੰਘ ਤੀਹ ਸਨ ਤੇ  ਅਬਦਾਲੀ ਦੀਆਂ ਫੌਜਾਂ ਦੀ ਗਿਣਤੀ ਤੀਹ  ਹਜ਼ਾਰ , ਸਿੰਘ ਜਿਸ ਪਾਸੇ ਵੀ ਪੈਂਦੇ, ਦੁਸ਼ਮਣਾਂ ਦੀਆਂ ਸਫ਼ਾਂ ਚੀਰਦੇ ਜਾਂਦੇ। ਇਸ ਤਰ੍ਹਾਂ ਉਹ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਣ ਨਾਲ ਲੋਹਾ ਲੈਂਦੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ। ਨਿਹੰਗ ਸਿੰਘ, ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਂਸਲਾ ਦੇ ਰਹੇ ਸਨ ਅਤੇ ਅੱਗੇ ਹੀ ਅੱਗੇ ਹੋ ਲੜਨ ਲਈ ਪ੍ਰੇਰ ਰਹੇ ਸੀ ।

ਪਗ ਆਗੈ ਪਤ ਉਬਰੇ ਪਗ ਪਾਛੈ ਪਤ ਜਾਇ।

ਬੈਰੀ ਖੰਡੈ ਸਿਰ ਧਰੈ, ਫਿਰ ਕ੍ਯਾ ਤਕਨ ਸਹਾਇ॥58॥

ਦੁਰਾਨੀਆਂ ਦੇ ਸਰੀਰ ਸੰਜੋਆਂ ਵਿੱਚ ਢੱਕੇ ਹੋਏ ਸਨ, ਇਧਰ ਸਿੰਘਾਂ ਪਾਸ ਸਰੀਰ ਢੱਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਉਨ੍ਹਾਂ ਪਾਸ ਲੰਮੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਤੇਗਾਂ ਤੇ ਬਰਛੇ ਹੀ ਸਨ ਪਰ ਸਿੰਘਾਂ ਦੇ ਮਨਾਂ ਵਿੱਚ ਆਪਣੇ ਪਵਿੱਤਰ ਅਸਥਾਨ ਦੀ ਰੱਖਿਆ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਅ ਸੀ-

ਆਪ ਬਿੱਚ ਤੇ ਕਰੇ ਕਰਾਰ।

ਤੁਹਿ ਤੇ ਅਗੇ ਮੈਂ ਹੋਗੁ ਸਿਧਾਰ॥52॥

ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣ ਦੇ ਕੰਨੀਂ ਹੱਥ ਲੁਆ ਦਿੱਤੇ। ਜਦ ਕਾਫ਼ੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਆਪ ਤੇਗਾ ਲੈ ਕੇ ਵੈਰੀ ਦੇ ਸਿਰ ਜਾ ਧਮਕੇ। ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਵੈਰੀ ਦੀਆਂ ਸਫ਼ਾਂ ਚੀਰਦੇ ਗਏ। ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ, ‘ਮੂੰਹ ਲੁਕਾ ਕੇ ਨਹੀਂ ਹੁਣ ਸਨਮੁਖ ਹੋ ਲੜਨਾ ਹੈ।’ ਗਿਲਜ਼ੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅੱਤ ਨਹੀਂ ਸਨ ਕਰ ਰਹੇ। ਬਾਬਾ ਗੁਰਬਖਸ਼ ਸਿੰਘ ਜੀ ਐਨ ਮੈਦਾਨ ਵਿੱਚ  ਸਨ। ਵੈਰੀ ਦੇ ਤੀਰ ਉਨ੍ਹਾਂ ਦੇ ਸਰੀਰ ਨੂੰ ਚੀਰੀ ਜਾਂਦੇ ਸਨ । ਅਣਗਿਣਤ ਜ਼ਖ਼ਮ ਅਤੇ ਸਰੀਰ ਵਿਚੋਂ ਖ਼ੂਨ ਇਵੇਂ ਚੋ ਰਿਹਾ ਸੀ, ਜਿਵੇਂ ਕੋਹਲੂ ਵਿਚੋਂ ਪਰਨਾਲੇ ਛੁੱਟ ਰਹੇ ਹੋਣ ਜਾਂ ਜਿਵੇਂ ਵੱਡੀ ਮਸ਼ਕ ਵਿੱਚ ਛੇਕ ਹੋਏ ਹੋਣ ਤੇ ਉਸ ਵਿਚੋਂ ਚਾਰੇ ਪਾਸੀਂ ਫੁਹਾਰੇ ਛੁੱਟ ਰਹੇ ਹੋਣ1 –

ਜਨੁ ਬਡ ਮਛਕ ਸੁ ਭਏ ਸੁਲਾਕ।

ਛੁਟੇ ਫੁਹਾਰੇ ਚਹੂੰ ਵਲ ਝਾਕ।

ਸਰੀਰ ਰਤ-ਹੀਣ ਹੋ ਗਿਆ, ਪਰ ਫਿਰ ਵੀ ਅਗੇ ਵਧ ਵਧ ਕੇ ਲੜਦੇ ਰਹੇ । ਵੇਰੀਆਂ ਨੇ  ਚਾਰ-ਚੁਫ਼ੇਰੇ ਘੇਰਾ ਪਾ ਲਿਆ । ਗਿਲਜ਼ਿਆਂ ਨੇ ਚੁਫੇਰਿਓਂ ਨੇਜੇ ਵਹਾਏ ਅਤੇ ਸਿੰਘ ਜੀ ਗੋਡਿਆਂ ਭਾਰ ਡਿੱਗੇ ਪਰ ਹੱਥੋਂ ਤੇਗ ਨਹੀਂ ਛੱਡੀ ਚਲਦੀ ਰਹੀ। ਅਖੀਰ ਅੰਤ ਸਮਾਂ ਆ ਗਿਆ ਅਤੇ ਗੁਰੂ-ਚਰਨਾਂ ਵਿੱਚ ਜਾ ਬਿਰਾਜੇ। ਇਸ ਤਰਾਂ  ਦਰਬਾਰ ਸਾਹਿਬ ਦੀ ਪਵਿਤਰਤਾ ਲਈ ਅਬਦਾਲੀ ਦੀਆਂ ਫੌਜ਼ਾ ਨਾਲ ਲੜਦਿਆਂ ਆਪਣੇ 30 ਸਾਥੀਆਂ ਸਮੇਤ  ਅਦੁੱਤੀ ਸ਼ਹੀਦੀ ਪਾ ਗਏ1

ਇਸ ਗਲ ਦੀ ਗਵਾਹੀ ਕਾਜ਼ੀ ਨੂਰ ਮੁਹੰਮਦ ਨੇ ਵੀ ਭਰੀ ਹੈ ਹੈ ਜੋ ਇਕ ਮੁਸਲਮਾਨ ਇਤਿਹਾਸ -ਕਾਰ ਸੀ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਪਰ 7ਵੇਂ ਹਮਲੇ  ਉਸ ਦੇ ਨਾਲ ਆਇਆ ਸੀ । ਕਾਜ਼ੀ ਨੂਰ ਮੁਹੰਮਦ ਬਲੋਚਿਸਤਾਨ ਦੇ ਇਲਾਕੇ ਗੁੰਜਾਬਾ ਨਗਰ ਦਾ ਰਹਿਣ ਵਾਲਾ ਸੀ ਤੇ  1764 ਈ: ਨੂੰ ਖਾਨਿਕਿਲਾਤ ਮੀਰ ਨਸੀਰ ਖਾਨ ਦੀ ਜਹਾਦੀ ਫੌਜ ਦੇ ਨਾਲ ਪੰਜਾਬ ਵਿਚ ਆਇਆ ਸੀ।-ਇਸ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਸਿਖਾਂ ਨਾਲ ਹੋਈਆਂ ਲੜਾਈਆਂ ਦਾ ਅਖੀਂ ਡਿਠਾ ਹਾਲ ਆਪਣੇ ‘ਜੰਗਨਾਮੇ’ ਵਿਚ ਲਿਖਿਆ ਹੈ 1

“ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ। ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿੱਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ੍ਹ ਦੇਣ ਅਤੇ ਜਿਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿਚੋਂ ਨਿਕਲ ਪਏ। ਉਹ ਸਾਰੇ ਗਿਣਤੀ ਵਿੱਚ ਤੀਹ ਸਨ। ਉਹ ਜਰਾ ਭਰ ਵੀ ਡਰੇ ਅਤੇ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈ। ਉਹ ਗਾਜ਼ੀਆਂ ਨਾਲ ਜੁਟ ਪਏ ਅਤੇ ਉਲਝਣ ਵਿੱਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।”

ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫਗਾਨੀ ਤੇ ਬਲੋਚ ਫੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ’ਪਰ ਆਪਣੀਆਂ ਜਾਨਾਂ ਵਾਰ ਗਏ।

ਬਾਬਾ ਗੁਰਬਖਸ਼ ਸਿੰਘ ਤੇ ਉਨ੍ਹਾ ਨਾਲ ਤੀਹ ਸਿਖਾਂ ਦੀਆਂ ਅਦੁਤੀ ਕੁਰਬਾਨੀਆ ਦੀ ਯਾਦ ਵਜੋਂ  ਅਕਾਲ ਤਖਤ ਦੇ ਨੇੜੇ ਹੀ ਇਕ ਗੁਰੂਦਵਾਰਾ ਸਾਹਿਬ ਬਣਵਾਇਆ ਗਿਆ ਹੈ ਜੋ  ਉਨ੍ਹਾਂ ਤੀਹ ਜਾਂਬਾਜ਼ ਸਿੰਘਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼ਹੀਦ ਬਾਬਾ ਗੁਰਖਸ਼ ਸਿੰਘ ਦੀ ਯਾਦ ਸਿਖਾਂ ਨੂੰ ਹਮੇਸ਼ਾ ਤਾਜ਼ਾ ਕਰਵਾਉਂਦਾ ਰਹੇਗਾ, ਜਿਨ੍ਹਾਂ ਅਹਿਮਦਸ਼ਾਹ ਅਬਦਾਲੀ ਦੀ ਤੀਹ ਹਜ਼ਾਰ ਫੌਜ ਦਾ ਟਾਕਰਾ ਕਰਦਿਆਂ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਬਰਕਰਾਰ ਰਖੀ ਹੈ ।

Print Friendly, PDF & Email

Nirmal Anand

Add comment

Translate »