ਸਿੱਖ ਇਤਿਹਾਸ

ਬਾਬਾ ਆਜੀਤ ਸਿੰਘ ( ਸਪੁੱਤਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ )

ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ (29 ਮਾਘ, 1743 ਬਿਕ੍ਰਮੀ)  ਮਾਤਾ ਸੁੰਦਰੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ l ਉਨ੍ਹਾਂ ਦੀ ਪਾਲਣਾ ਪੋਸਣਾਂ ਮਾਤਾ ਗੁਜ਼ਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ ਰੇਖ ਵਿੱਚ ਹੋਈ। ਬਾਬਾ ਅਜੀਤ ਸਿੰਘ ਇੱਕ ਅਤਿ ਮਹਾਨ ਵਿਰਸੇ ਦੇ ਮਾਲਕ ਸਨ- ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ , ਗੁਰੂ ਤੇਗ ਬਹਾਦਰ ਦੇ ਪੋਤੇ , ਗੁਰੂ ਹਰਗੋਬਿੰਦ ਸਾਹਿਬ ਦੇ ਪੜਹਪੋਤੇ ਤੇ  ਗੁਰੂ ਅਰਜਨ ਦੇਵ ਜੀ ਦੇ ਨੱਕੜ ਪੋਤੇ  ਸੀ l ਮਾਤਾ ਗੂਜਰੀ ਵਰਗੇ ਮਹਾਨ ਦਾਦੀ ਦੀ ਗੋਦ ਵਿੱਚ ਖੇਡ ਕੇ ਵੱਡੇ ਹੋਏ ਸਨ ਜਿਨ੍ਹਾਂ ਦੇ ਮੂੰਹੋਂ ਲੱਖਾਂ ਵਾਰੀ ਆਪਣੇ  ਪਾਵਨ ਪੁਰਖਾਂ  ਦੇ ਬੱਚਨ  ਸੁਣੇ , ਸਮਝੇ ਤੇ ਤਨ ਮਨ ਵਿੱਚ ਵਸਾਏ  ਹੋਣਗੇl  ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਹੋਰ ਸਿੰਘਾਂ ਦੀਆਂ ਕੁਰਬਾਨੀਆਂ  ਦੇ ਕਿਸੇ ਵੀ ਸੁਣੇ ਤੇ ਸਮਝੇ  ਹੋਣਗੇl। ਆਪਣੇ ਪਿਤਾ, ਖਾਲਸੇ ਦੇ ਸਾਜਨਹਾਰ ਦੇ ਮੁਖਾਰਬਿੰਦ ਤੋਂ ਉਹ ਬੇਜੋੜ ਪਰਤਿਗਿਆ ਤੇ ਪ੍ਰਾਥਨਾ ਵੀ ਕਈ  ਵਾਰ ਸੁਣੀ   ਹੋਵੇਗੀ, ਜੋ ਉਨ੍ਹਾਂ ਨੇ ਭਰਵੇਂ ਸਿਦਕ ਤੇ ਭਰਪੂਰ ਸ਼ਰਧਾ ਨਾਲ ਅਕਾਲ ਪੁਰਖ ਨੂੰ  ਸੰਬੋਧਨ ਕਰਦੇ ਉਚਾਰੀ ਹੋਵੇਗੀ ,” ਨ ਡਰੋਂ ਅਰਿ  ਸੋ ਜਬ ਜੀ ਲਰੋਂ ਨਿਸਚੈ ਕਰ ਆਪਣੀ ਜੀਤ ਕਰੂੰ “l ਤੇ ਮਾਤਾ ਗੂਜਰੀ ਜੀ ਦਾ ਵੀ ਸਬਰ-ਸੰਤੋਖ ਵੀ ਕਈ  ਵਾਰੀ ਦੇਖਿਆ ਤੇ ਪਰਖਿਆ ਹੋਵੇਗਾl  ਸੋਚੋ ਕਿ ਇਸ ਮਹੋਲ ਵਿੱਚ ਪਲਕੇ ਉਨ੍ਹਾਂ ਦੀ ਆਪਣੀ ਸਖਸ਼ੀਅਤ ਤੇ ਅਸਰ ਪੈਣਾ ਲਾਜ਼ਮੀ ਸੀ  l

ਜਦੋਂ ਅਜੀਤ ਸਿੰਘ ਪੰਜ ਕੁ ਮਹੀਨਿਆਂ ਦੇ ਹੋਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੰਗਾਣੀ ਦੇ ਮੈਦਾਨ ਵਿੱਚ ਪਹਾੜੀ ਰਾਜਿਆਂ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਵਿਚ ਸਿੱਖ ਫੌਜਾਂ ਦੀ ਜਿੱਤ ਹੋਈ। ਇਹ ਗੁਰੂ ਸਾਹਿਬ ਦੀ ਪਹਾੜੀ ਰਾਜਿਆਂ ਨਾਲ ਪਹਿਲੀ ਲੜਾਈ ਸੀ ਜਿਸਦੀ  ਜਿੱਤ ਸਦਕਾ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਪਾਉਂਟਾ ਸਾਹਿਬ ਦੀ ਲੜਾਈ ਕੁਝ ਸਮੇਂ ਬਾਅਦ ਇਹ ਪ੍ਰਵਾਰ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਵਿਖੇ ਵਾਪਸ ਆਉਣ ਲਈ ਚੱਲ ਪਿਆ।ਰਾਹ ਵਿੱਚ 23 ਮਈ 1699 ਨੂੰ ਬਾਬਾ ਅਜੀਤ ਸਿੰਘ ਸੈਂਕੜੇ ਸਿੰਘਾਂ ਦੇ ਜੱਥੇ ਦੀ ਅਗਵਾਈ ਕਰਦਿਆਂ ਆਨੰਦਪੁਰ ਦੇ ਨੇੜੇ ਸਥਿਤ ਪਿੰਡ ਨੂੰਹ ਪਹੁੰਚ ਗਏ। ਇੱਥੇ ਉਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਣ ਵਾਲੇ ਰੰਗੜ ਨੂੰ ਸਬਕ ਸਿਖਾਇਆ।

ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਹੇਠ  ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।ਉਹ  ਅਨੰਦਪੁਰ ਸਾਹਿਬ ਵਿਖੇ ਅਕਸਰ ਸਿੰਘਾਂ ਨੂੰ ਘੋੜ ਸਵਾਰੀ ਕਰਦੇ, ਗਤਕਾ, ਨੇਜੇਬਾਜ਼ੀ ਆਦਿ ਦਾ ਅਭਿਆਸ ਕਰਦੇ ਵੇਖਦੇ ਤੇ ਆਪਣੇ ਬਚਪਨ ਤੋਂ ਇਨ੍ਹਾਂ ਨੂੰ ਆਪਣੀਆਂ ਖੇਡਾਂ ਵਿੱਚ ਸ਼ਾਮਲ ਕਰਦੇ। ਇਹੋ ਕਾਰਨ ਸੀ ਕਿ ਵੱਡੇ ਹੋਕੇ ਉਹ ਇੱਕ ਨਿਪੁੰਨ ਜੋਧੇ ਬਣ ਗਏ। ਦੋਵੇਂ ਵੱਡੇ ਭਰਾ ਕਈ ਵਾਰ ਆਪਸ ਵਿੱਚ ਖੇਡ ਖੇਡ ਵਿੱਚ ਯੁੱਧ ਕਰਦੇ ਪਰ ਹਾਰ ਕਿਸੇ ਦੀ ਨਾ ਹੁੰਦੀ।ਸਾਹਿਬਜ਼ਾਦਿਆਂ ਨੇ ਕਈ ਜੰਗਾਂ ਆਪਣੀ ਅੱਖੀਂ ਵੇਖੀਆਂ ਸਨ। ਆਨੰਦਪੁਰ ਦੇ ਜੰਗਲੀ ਇਲਾਕਿਆਂ ਵਿੱਚ ਸਿੱਖਾਂ ਨੂੰ  ਸ਼ਿਕਾਰ ਖੇਡਦੇ ਵੇਖਿਆ, ਜਿਸ ਕਰਕੇ ਬਚਪਨ ਤੋਂ ਉਨ੍ਹਾਂ ਅੰਦਰ ਮਰਨ ਮਰਾਨ ਦਾ ਡਰ ਖਤਮ ਹੋ ਗਿਆ । 30 ਮਾਰਚ 1699 ਈ. ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਵਕਤ, ਪੰਜ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਤੇ ਸਾਰੇ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ। ਉਦੋਂ ਉਹ 17 ਵਰਿਆਂ ਦੇ ਸੀ ,ਬੜੇ ਸੁੰਦਰ ਤੇ ਸੁਨਖੇ  ਜਵਾਨ l

29 ਅਗਸਤ 1700 ਈ. ਨੂੰ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਆਪ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਸੂਰਬੀਰਤਾ ਨਾਲ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਜੀ ਦਾ ਭਰਪੂਰ ਸਾਥ ਦਿੱਤਾ। ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਹੀ ਆਨੰਦਪੁਰ ਦੇ ਲਾਗਲੇ ਜੰਗਲਾਂ ਵਿੱਚ ਪੋਠੋਹਾਰ ਦੀ ਜੰਗ, ਨੂਹ ਰੰਘੜ ਦੀ ਜੰਗ, ਨਿਰਮੋਹਗੜ੍ਹ ਦੀ ਜੰਗ ਆਦਿ ਵਿੱਚ ਆਪਣੀ ਸੂਰਬੀਰਤਾ ਦੇ ਜੌਹਰ ਵਿਖਾਏ ਤੇ ਜਿੱਤਾਂ ਪ੍ਰਾਪਤ ਕੀਤੀਆਂ। 7 ਮਾਰਚ 1703 ਈ. ਨੂੰ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਇੱਕ ਗਰੀਬ ਬ੍ਰਾਹਮਣ ਦੇਵ ਦਾਸ ਰੋਂਦਾ ਕੁਰਲਾਉਂਦਾ ਹੋਇਆ, ਦਰਬਾਰ ਵਿੱਚ ਹਾਜ਼ਰ ਹੋਇਆ ਤੇ ਫ਼ਰਿਆਦ ਕਰਨ ਲੱਗਾ ਕਿ ਮੈਂ ਆਪਣੀ ਸੱਜ ਵਿਆਹੀ ਪਤਨੀ ਦਾ ਮੁਕਲਾਵਾ ਲੈ ਕੇ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ ਦੇ ਨੇੜੇ ਬੱਸੀ ਪਠਾਣਾਂ ਦਾ ਸਰਦਾਰ ਜਾਬਰ ਖਾਂ ਮੇਰੀ ਪਤਨੀ, ਗਹਿਣੇ, ਧਨ ਆਦਿ ਖੋਹ ਕੇ ਲੈ ਗਿਆ ਤੇ ਮੇਰੀ ਕੁੱਟਮਾਰ ਵੀ ਕੀਤੀ ਹੈ।ਇਹ ਸੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੋਸ਼ ਵਿੱਚ ਆ ਗਏ ਤਾਂ ਉਸੇ ਵੇਲੇ ਦਸਮ ਪਾਤਸ਼ਾਹ ਨੇ 100 ਘੋੜ ਸਵਾਰਾਂ ਦਾ ਇੱਕ ਜੱਥਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਭੇਜਿਆ, ਜਿਨ੍ਹਾਂ ਨੇ ਰਾਤੋ ਰਾਤ ਬੱਸੀ ਪਠਾਣਾਂ ਪਹੁੰਚ ਕੇ ਜਾਬਰ ਖਾਂ ਦੀ ਹਵੇਲੀ ਨੂੰ ਚਾਰ ਚੁਫੇਰਿਉਂ ਘੇਰਾ ਪਾ ਲਿਆ। ਉਸ ਦੀ ਮੁਕਾਬਲਾ ਕਰਨ ਦੀ ਹਿੰਮਤ ਨਾ ਹੋਈ। ਉਸ ਨੂੰ ਪਾਰ ਬੁਲਾ ਕੇ ਬ੍ਰਾਹਮਣ ਦੀ ਪਤਨੀ ਵਾਪਸੀ  ਦੁਆਈ।

ਇੱਕ ਵਾਰ ਪਹਾੜੀ ਰਾਜੇ ਭੀਮ ਚੰਦ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਸਿੱਖ ਫ਼ੌਜਾਂ ਨੇ ਸਖ਼ਤ ਮੁਕਾਬਲਾ ਕੀਤਾ। ਸ਼ਾਹੀ ਫ਼ੌਜਾਂ ਦਾ ਜਰਨੈਲ ਸਰਦਾਰ ਜਮਤੁੱਲਾ ਮਾਰਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਦੇ ਘੋੜੇ ਦੇ ਪੇਟ ਵਿੱਚ ਸਿੱਧਾ ਨੇਜ਼ਾ ਵੱਜਿਆ ਜਿਸ ਨਾਲ ਘੋੜਾ ਡਿੱਗ ਪਿਆ ਪਰ ਬਾਬਾ ਅਜੀਤ ਸਿੰਘ ਉਸ ਸਮੇਂ ਤੀਕ ਤੀਰ ਚਲਾਉਂਦੇ ਰਹੇ ਜਦੋਂ ਤੀਕ ਦੂਜੇ ਘੋੜੇ ਦਾ ਪ੍ਰਬੰਧ ਨਹੀਂ ਹੋ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸ਼ਾਹੀ ਫ਼ੌਜਾਂ ਵਿੱਚ ਭਾਜੜਾਂ ਪੈ ਗਈਆਂ ਤੇ ਉਹ ਪੁੱਠੇ ਪੈਰੀਂ ਭੱਜ ਗਈਆਂ।ਇਹ ਸੁਣ ਕੇ ਔਰੰਗਜ਼ੇਬ ਭੜਕ ਉਠਿਆ ਤੇ ਉਸ ਨੇ ਦਿੱਲੀ, ਸਰਹਿੰਦ, ਜੰਮੂ, ਲਾਹੌਰ ਤੇ ਮੁਲਤਾਨ ਆਦਿ ਰਿਆਸਤਾਂ ਦੇ ਨਵਾਬਾਂ ਨੂੰ ਇਕੱਠੇ ਹੋ ਕੇ ਜ਼ਬਰਦਸਤ ਹਮਲਾ ਕਰਨ ਦਾ ਹੁਕਮ ਚਾੜ੍ਹਿਆ।

ਆਨੰਦ ਪੁਰ ਸਾਹਿਬ ਦੀ ਖਾਲਸਾ ਫੌਜਾਂ ਤੇ   ਪਹਾੜੀ ਰਾਜਿਆਂ ਤੇ  ਦਿੱਲੀ ਦਰਬਾਰ ਦੀਆਂ ਸ਼ਾਹੀ ਫੌਜ ਵਿੱਚ ਜੰਗ ਹੋ ਰਹੀ ਸੀ – ਲੜਦੇ ਲੜਦੇ ਅੱਠ ਮਹੀਨੇ ਬੀਤ ਚੁੱਕੇ ਸਨ l ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ  ਹੋਂਸਲੇ ਪਸਤ ਹੋ ਚੁੱਕੇ ਸਨ । ਉਹ  ਢੰਡੋਰਾ ਦੇ ਰਹੇ ਸਨ ਕੀ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਸ਼ਾਹੀ ਫੋਜਾਂ   ਉਨ੍ਹਾ ਨੂੰ ਫੌਜ਼ ਸਮੇਤ ਲੰਘਣ ਦੇਣਗੀਆਂ ਬਿਨਾ ਕਿਸੇ ਖਤਰੇ ਤੋਂ l  ਆਟੇ ਦੀ ਗਊ ਤੇ ਕੁਰਾਨ ਤੇ ਹਥ ਰਖ ਕੇ ਕਸਮਾਂ ਵੀ ਖਾਧੀਆਂ । ਗੁਰੂ ਸਾਹਿਬ ਦੇ ਸਿੰਘ ਜੋ ਖਾਹ ਪਤੇ ਖਾਕੇ ਮਰਨ ਦੀ ਹਾਲਤ ਵਿਚ ਪੁਜ ਚੁਕੇ ਸਨ, ਭੁਖ ਤੋ ਤੰਗ ਆ ਚੁਕੇ ਸਨ । ਗੁਰੂ ਸਹਿਬ ਤੋਂ ਵੀ ਉਨ੍ਹਾ ਦੀ ਇਹ ਹਾਲਤ ਦੇਖੀ ਨਹੀਂ ਸੀ ਜਾ ਰਹੀ।ਹਾਲਾਕਿ  ਉਨ੍ਹਾ ਨੂੰ ਪਤਾ ਸੀ ਕਿ ਇਸ ਵਕਤ ਕਿਲਾ ਛਡਣਾ ਠੀਕ ਨਹੀਂ ਹੈ ਤੇ ਉਨ੍ਹਾ ਨੇ ਸਮਝਾਇਆ ਵੀ ਕਿ ਵੈਰੀ ਹੁਣ ਤੰਗ ਆ ਚੁਕਾ ਹੈ ਤੇ ਜਿਤ ਦੀ ਆਸ ਲਾਹ ਚੁਕਾ ਹੈ, ਜੇ ਇਸ ਵੇਲੇ ਅਸੀ ਉਸਦੇ ਧੋਖੇ ਵਿਚ ਆ ਗਏ ਤਾਂ ਸਾਨੂੰ ਬਹੁਤ ਵਡੀ ਤਬਾਹੀ ਦਾ ਮੂੰਹ ਦੇਖਣਾ ਪਏਗਾ । ਸਿਖਾਂ ਨੇ ਸਭ ਕੁਝ ਸੁਣਿਆ ਪਰ ਭੁਖ ਉਨ੍ਹਾ ਤੇ ਹਾਵੀ ਹੋ ਚੁਕੀ ਸੀ । ਗੁਰੂ ਸਾਹਿਬ ਤੇ ਜੋਰ ਪਾਇਆ । ਸਿਖਾਂ ਦਾ ਹੁਕਮ ਨੂੰ ਗੁਰੂ ਸਾਹਿਬ ਨੇ ਕਦ ਟਾਲਿਆ ਸੀ । ਉਨ੍ਹਾ ਦੀ ਹਾਲਤ ਤੇ ਤਰਸ ਵੀ ਆ ਰਿਹਾ ਸੀ ਸੋ ਕਹਿਲਵਾ ਦਿਤਾ ਕੀ ਓਹ ਅੱਜ ਕਿਲਾ ਖਾਲੀ ਕਰ ਦੇਣਗੇ ,ਓਹਨਾ ਵਲੋਂ ਲੜਾਈ ਬੰਦ ਹੈ ।

ਜਦੋਂ ਆਨੰਦਪੁਰ ਸਾਹਿਬ ਦੀ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਕੋਲ 11000 ਫੋਜ਼ ਸੀ ਹੁਣ ਸਿਰਫ 1500 -1600 ਰਹਿ ਗਏ ,ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ । ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਗੁਰਬਖਸ਼ ਰਾਇ ਨੂੰ ਸੋਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ ਗਿਆl   1500-1600 ਸਿਖ 6-7 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਦੁਸ਼ਮਣ ਤੇ ਲੁਟੇਰੇ ਵੀ ਇਸਦੀ ਦਾਦ  ਦੇ ਰਹੇ ਸੀ । ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ , ਕਿ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ । ਬਾਬਾ ਅਜੀਤ ਸਿੰਘ  ਕੁਝ ਹੋਰ ਸਿਖ ਇਨ੍ਹਾ ਨਾਲ ਟਾਕਰਾ ਕਰਦੇ  ਸਰਸਾ ਨਦੀ ਤਕ ਪਹੁੰਚੇ । ਸ਼ਾਹੀ ਟਿਬੀ , ਸਰਸਾ ਦੇ ਕੰਢੇ , ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ ,ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ ।

ਗੋਲੀਆਂ ਵਰ ਰਹੀਆਂ ਸਨ , ਤੀਰ ਚਲ ਰਹੇ ਸਨ , ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ ,ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼ , ਝਖੜ , ਮੀਹ ਵਰਗੀਆਂ ਗੋਲੀਆਂ ਦੀ ਬੁਛਾੜ ,ਪਿਛੇ ਲਖਾਂ ਦੀ ਫੌਜ਼ , ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ ,ਕਈ ਡੁਬੇ, ,ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ । ਮਾਤਾ ਗੁਜਰੀ ਤੇ ਦੋ ਸਾਹਿਬਜਾਦੇ ਗੰਗੂ ਰਸੋਈਏ ਨਾਲ ਸਰਹੰਦ ਵਲ ਨਿਕਲ ਗਏ । ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ l ਬਾਬਾ ਅਜੀਤ ਸਿੰਘ ਆਪਣੇ ਬਾਦਸ਼ਾਹ ਦਰਵੇਸ਼ ਪਿਤਾ , ਛੋਟੇ ਵੀਰ ਜੁਝਾਰ ਸਿੰਘ  ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ ਜਿਸਦਾ ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ ।

ਚਮਕੋਰ ਦੀ ਲੜਾਈ :- ਪਰਿਵਾਰ ਦਾ ਵਿਛੋੜਾ ਹੋ ਚੁਕਾ ਸੀ । ਕਿਸੇ ਨੂੰ  ਕੋਈ ਖਬਰ ਨਹੀਂ ਸੀ ਕੀ ਮਾਤਾ ਗੁਜਰੀ , ਮਾਤਾ ਸੁੰਦਰੀ ,ਮਾਤਾ ਸਾਹਿਬ ਕੌਰ ਤੇ ਦੋ ਛੋਟੇ ਸਾਹਿਬਜਾਦੇ ਕਿਥੇ ਹਨ। ਫਿਰ ਵੀ ਗੁਰੂ ਸਾਹਿਬ ਤੇ  ਉਨ੍ਹਾ ਦੇ ਸਾਹਿਬਜ਼ਾਦੇ ਤੇ ਸਿੰਘ ਚੜਦੀ ਕਲਾ ਵਿਚ ਸਨ। ਅੱਲਾ ਯਾਰ ਜੋਗੀ ਇਨ੍ਹਾਂ ਹਾਲਾਤਾਂ ਵਿੱਚ ਵੀ ਬਚਿਆਂ ਦੀ ਚੜਦੀ ਕਲਾ ਦਾ ਇਸ ਤਰ੍ਹਾਂ ਵਰਨਣ ਕਰਦੇ ਹਨ :-

                            ਜਿਸ ਦਮ ਹੁਏ ਚਮਕੋਰ ਮੈਂ ਸਿੰਘੋਂ ਕੇ ਉਤਾਰੇ
                           ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ
                           ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ
                          ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ।

ਅਚਨਚੇਤ ਹਮਲੇ ਦਾ ਮੁਕਾਬਲਾ ਕਰਨ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਫੁਰੰਤ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਚਾਰੋ ਤਰਫ਼ ਤਾਇਨਾਤ ਕਰ ਦਿਤੇ ਗਏ। ਗੁਰੂ ਸਾਹਿਬ , ਦੋਨੋ ਛੋਟੇ ਸਾਹਿਬਜ਼ਾਦੇ , ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। ਬਾਬਾ ਅਜੀਤ ਸਿੰਘ ਤੇ ਨਾਲ 43 ਸਿਖ ਥਕੇ, ਟੁਟੇ , ਭੁਖੇ ਭਾਣੇ ਪਰ ਫਿਰ ਵੀ ਹੋਂਸਲੇ ਬੁਲੰਦੀ ਤੇ ਸਨ। ਉਧਰ ਸ਼ਾਹੀ ਫੌਜਾਂ , 22 ਧਿਰਾਂ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ,ਤੇ ਵਖ ਵਖ ਜਰਨੈਲਾਂ ਦੀਆਂ ਫੌਜਾਂ ਤਕਰੀਬਨ 10 ਲਖ ਦੀ ਫੋਜ਼ ਨਾਲ ਮੁਕਾਬਲਾ ਸੀ। ਗੁਰੂ ਸਾਹਿਬ ਤੇ ਸਿਖਾਂ ਨਾਲ ਉਸ ਵਕਤ ਜੋ ਵਾਰਤਾਲਾਪ ਹੋਇਆ ਉਸ ਨੂੰ ਅਲਾ ਯਾਰ ਜੋਗੀ ਇਸ ਤਰਹ  ਲਿਖਦਾ ਹੈ।

                         ਫਿਰ ਬੋਲੈ ਦਸ਼ਮੇਸ਼ ਚੰਡੀ ਲਿਸ਼ਕਾ ਕੇ
                         ਮੈਂ ਸਿੰਘ ਸ੍ਮ੍ਝਾਗਾਂ ਉਸਨੂੰ ਜੋ ਰਣ ਵਿਚ ਜਾਕੇ
                         ਸਵਾ ਲਖ ਨਾਲ ਲੜੇਗਾ ਕਲਾ ਹਿਕ ਡਾਹ ਕੇ
                         ਮੈਂ ਪੰਥ ਜਿਓੰਦਾ ਰਖਣਾ ਪੁਤ ਭੇਟ ਕਰਾਕੇ।

ਗੁਰੂ ਸਾਹਿਬ ਦੇ ਇਹਨਾ ਬੋਲਾਂ ਨੇ ਸਿਖਾਂ ਵਿਚ ਅੰਤਾਂ ਦਾ ਜੋਸ਼ ਭਰ ਦਿਤਾ। ਸ਼ਾਹੀ ਫੌਜਾਂ ਨੇ ਚਮਕੋਰ ਪੁਜਕੇ    ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ , ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ । ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। ਰਾਤ ਪੈ ਗਈ ,ਪੋਹ ਦੀ ਕਾਲੀ ਬੋਲੀ ਠੰਡੀ ਤੇ ਹਨੇਰੀ ਰਾਤ। ਬਾਰਸ਼ ਵਿਚ ਭਿਜੇ ਕਪੜੇ ,ਕਚੀ ਗੜੀ ਦਾ ਕਚਾ ਫਰਸ਼। ਸਿੰਘ ਤੇ ਸਾਹਿਬਜ਼ਾਦੇ ਭੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਗੁੰਦਦੇ ਹਨ। ਚਮਕੋਰ ਦੀ ਗੜੀ ਵਿਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਜਾਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਟਹਿਲਕਦਮੀ ਕਰਦੇ ਗੜੀ ਦੀ ਦੀਵਾਰ ਦੀਆਂ ਕਲਰ ਖਾਧੀਆਂ, ਇਕ ਇਕ ਇਟ ਨੂੰ ਬੜੇ ਪਿਆਰ ਤੇ ਧਿਆਨ ਨਾਲ ਨੀਝ ਲਗਾਕੇ ਦੇਖਦੇ ਤੇ ਸੋਚ ਰਹੇ ਹਨ ਕਿ ਇਹ ਥਾਂ ਤੇ ਅਜ ਓਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ। ਕੋਲ ਭਾਈ ਦਾਇਆ ਸਿੰਘ ਜੀ ਖੜੇ ਗੁਰੂ ਸਾਹਿਬ ਤੋਂ ਪੁਛਦੇ ਹਨ,” ਪਾਤਸ਼ਾਹ ਕੀ ਇਹ ਕੰਧਾ ਪਟਨਾ ਸਾਹਿਬ ਤੇ ਆਨੰਦਪੁਰ ਦੀਆਂ ਕੰਧਾਂ ਨਾਲੋਂ ਵੀ ਜਿਆਦਾ ਸੋਹਣੀਆਂ ਹਨ”? 1 ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ, “ਪਟਨਾ ਸਾਹਿਬ ਸਿਖੀ ਦਾ ਬਚਪਨ ਸੀ, ਆਨੰਦਪੁਰ ਸਿਖੀ ਦਾ ਸਕੂਲ ਹੈ ਪਰ ਇਹ ਗੜੀ ਸਿਖੀ ਦਾ ਵਿਸ਼ਵ ਵਿਦਿਆਲਾ ਬਣਨ ਜਾ ਰਿਹਾ ਹੈ, ਕਲ ਇਥੇ ਸਿਖੀ ਦਾ ਇਮਤਿਹਾਨ ਹੋਵੇਗਾ” । ਗੁਰੂ ਸਾਹਿਬ ਦੀ ਇਸ ਟਹਿਲਕਦਮੀ ਬਾਰੇ ਅਲਾ ਯਾਰ ਜੋਗੀ ਲਿਖਦਾ ਹੈ:

ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ

 ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋਕਰ
  ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।

ਇਕ ਪਾਸੇ 43 ਕੁ ਸਿੰਘ, ਭੁਖੇ ਭਾਣੇ ਬੇਸਰੋ – ਸਮਾਨ ਦੀ ਹਾਲਤ ਵਿਚ ਤੇ ਦੂਸਰੇ ਪਾਸੇ 10 ਲਖ ਤੋ ਵਡੀ ਫੌਜ਼। ਸਵੇਰੇ ਇਕ ਇਕ  ਕਰਕੇ ਸਿਖ ਬਾਹਰ ਨਿਕਲਦਾ ਹੈ ਤੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਂਦਾ। ਰਾਤ ਪਈ ,ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਓ। ਗੁਰੂ ਸਾਹਿਬ ਨੇ ਉਤਰ ਦੇਕੇ ਸਭ ਨੂੰ ਚੁਪ ਕਰਾ ਦਿਤਾ ,” ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਸਿਖ ਆਪਣੇ ਘੋੜਿਆਂ ਦੇ ਕਪੜੇ ਬਿਛਾ ਭੂੰਜੇ ਹੀ ਲੇਟ ਜਾਂਦੇ ਹਨ। ਦੋ ਦਿਨ ਦੇ ਧਕੇ ਹਾਰੇ ਭੁਖ਼ੇ ਭਾਣੇ ਸਿੰਘ ਜਲਦੀ ਹੀ ਸੋ ਜਾਂਦੇ ਹਨ। ਗੁਰੂ ਸਾਹਿਬ ਬੜੇ ਪਿਆਰ ਨਾਲ ਇਕ ਇਕ ਨੂੰ ਨਿਹਾਰਦੇ ਹਨ , ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ , ਕਦੀ ਉਨ੍ਹਾ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ। ਚਮਕੋਰ ਦੀ ਗੜੀ ਦੇ ਇਕ ਤੰਬੂ ਵਿਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖਦੇ ਹਨ। ਉਨਾ ਦਾ ਸਿਰ ਆਪਣੀ ਗੋਦੀ ਵਿਚ ਲੇਕੇ ਪਿਆਰ ਕਰਦੇ ਹਨ। ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।

ਥੇ ਚਾਰ ਅਬ ਦੋ ਹੀ , ਸਹਿਰ ਏਹ ਭੀ ਨਾਂ ਹੋਗੇਂ।।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।।

ਸਵੇਰ ਹੋਈ, ਪਹਿਲੇ ਤੀਰ ਚਲੇ , ਤੀਰ ਮੁਕੇ ਤੇ ਪੰਜ ਪੰਜ ਸਿਖਾਂ ਦੇ ਜਥੇ ਹਥੋਂ ਹਥ ਬਰਛਿਆਂ ਤੇ ਤਲਵਾਰਾਂ ਨਾਲ ਮੈਦਾਨ ਵਿਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕੀਤਾ ਤੇ ਨਿਕੇ ਨਿਕੇ ਜਥਿਆਂ ਦੀ ਜਿਮੇਵਾਰੀ ਸੋਂਪੀ। ਇਕ ਇਕ ਜਥਾ ਗੜੀ ਤੋ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਉਂਦੀ ਹੈ। 17  ਸਾਲ ਦਾ ਪੁਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ ਹੈ ਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ।

ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।।
ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।।

ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਪੁਤ ਨੇ  ਮੁੜ ਕੇ ਵਾਪਸ ਨਹੀਂ ਆਉਣਾ। ਪੁਤਰ ਨੂੰ ਅਸੀਸ ਦਿਤੀ , ਜੰਗ ਵਿਚ ਜੂਝਦੇ ਦੇਖਿਆ। ਇਨ੍ਹਾ ਦੇ ਚੇਹਰੇ ਦਾ ਜਲਾਲ ਦੇਖਕੇ ਇਕ ਵਾਰੀ ਤਾਂ ਮੁਗਲ ਫੋਜ਼ ਵੀ ਘਬਰਾ ਗਈ , ਵਡੇ ਵਡੇ ਜਿਗਰੇ ਵਾਲੇ ਡੋਲ ਗਏ। ਅਜੀਤ ਸਿੰਘ ਨੇ ਐਸੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਹਨਾ ਨੇ ਵੇਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿਚ ਇਕ ਅਮਿਟ ਘਟਨਾ ਬਣ ਕੇ ਰਹਿ ਗਈ ਹੈ। ਕਹਿੰਦੇ ਹਨ ਇਸ ਲੜਾਈ ਵਿੱਚ ਬਾਬਾ ਅਜੀਤ ਸਿੰਘ ਨੇ ਆਪਣੇ ਜਿਸਮ ਤੇ 392 ਫੱਟ ਖਾਧੇ   l ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੈਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿਖ ਸਹੀਦ ਹੋ ਗਏ। ਇੱਕਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾ ਤੇ ਟੁਟ ਪਏ ਅਖਿਰ ਜੁਰਤ ਤੇ ਸੂਰਮਤਾਈ ਦੇ ਨਵੈ ਪੂਰਨੇ ਪਾਂਦੇ ਸ਼ਹੀਦ ਹੋ ਗਏ। ਗੁਰੂ ਸਹਿਬ ਨੇ ਪੁਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ , ਡੋਲੇ ਨਹੀਂ , ਫਿਰ ਵੀ ਚੜਦੀ ਕਲਾ ਵਿਚ ਸਨ। ਪੁਤਰ ਨੂੰ ਅਵਾਜ਼ ਦਿਤੀ ,” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ , ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ,” ਰਬਾ ਤੇਰਾ ਸ਼ੁਕਰੀਆ , ਦੇਸ਼, ਕੋਮ ,ਧਰਮ,ਤੇ ਮਨੁਖਤਾ ਵਾਸਤੇ ਇਕ ਹੋਰ ਅਮਾਨਤ ਅਦਾ ਹੁਈ। ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ।

ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।।

ਇਤਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਕਿਹਾ। ਤੇਰੀ ਉਮਰ ਤਾਂ ਅਜੇ ਛੋਟੀ ਹੈ , ਤੂੰ ਤਾਂ ਕਦੇ ਜੰਗ ਲੜਿਆ ਨਹੀਂ , ਤਲਵਾਰ ਨਹੀਂ ਚੁਕੀ ਤੂੰ ਕਿਵੈ ਇਤਨੀ ਵਡੀ ਫੋਜ ਨਾਲ ਮੁਕਾਬਲਾ ਕਰੇਂਗਾ। ਮੈਂ ਆਪਣੇ ਭਰਾ ਦੇ ਕੋਲ ਜਾਣਾ ਹੈ , ਮੈ ਤਾਂ ਕਦੇ ਉਸਤੋ ਬਿਨਾ  ਰਿਹਾ ਨਹੀਂ। ਇਹ ਸੁਣਕੇ ਗੜੀ ਦੇ ਸਿੰਘਾਂ ਦੀਆਂ ਅਖਾਂ ਤਰ ਹੋ ਗਈਆਂ। ਅੱਲਾ ਯਾਰ ਜੋਗੀ ਲਿਖਦੇ ਹਨ :-

                 ਇਸ ਵਕਤ ਕਹਾ ਨਨੇ ਨੇ, ਮਾਸੂਮ ਪਿਸਰ ਨੇ
              ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਹਮ

ਗੁਰੂ ਸਾਹਿਬ ਦਾ  ਜੁਝਾਰ ਸਿੰਘ ਨੂੰ ਜਵਾਬ ਸੀ :-

ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ, ਰੂਠੋ ਨਾ ਖੁਦਾਰਾ,ਨਹੀਂ ਰੋਕੇਗੇਂ  ਹਮ 

                  ਹਮਨੇ ਕਹਾ ਬਾਪ ਕੋ ਜਾਂ ਦੀਜੇ ਧਰਮ ਪੈ, ਲਓ ਕਹਤੈ ਅਬ ਆਪ ਕੋ ਜਾਂ ਦੀਜੇ ਧਰਮ ਪੈ।

                 ਲੋ ਜਾਉ ਸਿਧਾਰੋ ਤੁਮੇ ਕਰਤਾਰ ਕੋ ਸੋਂਪਾ ਮਰ ਜਾਉ ਯਾ ਮਾਰੋ ਤੁਮੇ ਕਰਤਾਰ ਕੋ ਸੋਂਪਾ

                ਬੇਟੇ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਇਆ ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨਇਆ।     

ਪਿਤਾ ਦੇ ਇਨਾ ਲਫਜਾਂ ਨਾਲ ਆਗਿਆ ਦਿਤੀ , ਧਰਤੀ ਤੇ ਜਲਜਲਾ ਆ ਗਿਆ, ਆਸਮਾਨ ਨੇ ਨਜਰ ਝੁਕਾ ਲਈ। ਗੁਰੂ ਸਾਹਿਬ ਚੁਬਾਰੇ ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖ ਰਹੇ ਸਨ ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਸੀ। ਅਖ਼ਿਰ ਇਹ ਅਮਾਨਤ ਵੀ ਅਕਾਲ ਪੁਰਖ ਨੂੰ ਭੇਟ ਹੋ ਗਈ। ਗੁਰੂ ਸਾਹਿਬ ਨੇ ਜੈਕਾਰਾ ਛਡਿਆ ,” ਪਰਾਈ ਅਮਾਨ ਕਿਓ ਰਖੀਏ ਦਿਤੇ ਹੀ ਸੁਖ ਹੋਏ – ਤੇਰੀ ਅਮਾਨ ਤੇਰੇ ਹਵਾਲੇ – ਗੁਰੂ ਪਿਤਾ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁਤਰ ਹੋਣ ਦਾ ਮਾਣ ਮਿਲਿਆ ਹੈ। ਅਜ ਇਨ੍ਹਾ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇਰਾ ਲਖ ਲਖ ਧੰਨਵਾਦ।

                ਮੁਝ ਪਰ ਸੇ ਆਜ ਤੇਰੀ ਆਮਾਨਤ ਅਦਾ ਹੂਈ
                ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।

ਅਵਤਾਰਾਂ, ਰਸੂਲਾਂ , ਪੈਗ੍ਮਰਾਂ ਵਿਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰਕੇ, ਸ਼ਹੀਦ ਕਰਵਾਕੇ ਇਕ ਹੰਜੂ ਵੀ ਨਾ ਕੇਰਿਆ ਹੋਵੇ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਦੇਸ਼ ਤੇ ਕੋਮ ਤੋਂ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿਤਾ।

               ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕੇ
              ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾਕੇ।

ਇਥੇ ਹੀ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ। ਦੋਨੋ ਦੀਆ ਹਦਾਂ ਨੇ ਇਕ ਦੂਸਰੇ ਨੂੰ ਜਫੀਆਂ ਪਾਈਆਂ ਪੰਜ ਸਤ ਸਿਖ ਰਹਿ ਗਏ। ਹੁਣ ਸਭ ਦੀ ਮੋਤ ਯਕੀਨਨ ਸੀ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੋਮ ਨੂੰ ਜਿੰਦਾ ਰਖਣ ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾ ? ਇਸ ਵਕਤ ਸਿੰਘਾਂ ਨੂੰ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ। ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ। ਕਲਗੀਧਰ ਨੇ ਉਤਰ ਦਿਤਾ ,”

         ਹੈ ਸ਼ੋਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ
        ਸੋ ਸਰ ਭੀ ਹੋ ਕੁਰਬਾਨ ਨਹੀਂ ਰਬ ਸੇ ਜਿਆਦਾ।

ਮੁਕਤਸਰ ਦੀ ਜੰਗ ਜਿਸ ਵਿੱਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ ,ਕਿਸੇ ਪਾਸਿਓਂ ਵੀ ਬਰਾਬਰ ਦੀ ਜੰਗ ਨਹੀਂ ਕਹੀ ਜਾ ਸਕਦੀ ਸੀ ,ਕਿਉਂਕਿ ਜੰਗ ਬਰਾਬਰ  ਦੀ ਗਿਣਤੀ ਤੇ ਬਰਾਬਰ ਦੇ ਸਿਰਾਂ ਦੀ ਮੰਨੀ ਜਾਂਦੀ ਹੈ। ਪਰ ਜਿਨ੍ਹਾਂ ਨੇ ਲੱਖਾਂ ਗਿੱਦੜਾਂ ਤੋਂ ਸ਼ੇਰ ਬਣਾਕੇ ਉਸ ਵਕਤ ਦੇ ਜ਼ੁਲਮ ਤੇ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਦੀ ਜੁਰੱਤ ਕੀਤੀ ਹੈ ਉਨ੍ਹਾਂ ਦੇ ਬੱਚੇ ਕਿਵੇਂ ਪਿੱਛੇ ਰਹਿ  ਸਕਦੇ ਹਨl  ਗੁਰੂ ਗੋਬਿੰਦ ਸਿੰਘ ਜੀ ਦੇ ਬੱਚਨ  “ਸਵਾ ਲੱਖ ਸੇ ਏਕ ਲੜਾਊਂ , ਤਬਹਿ ਗੋਬਿੰਦ ਸਿੰਘ ਨਾਮ ਕਹਾਉ”, ਇਸ ਚਮਕੌਰ ਦੀ ਜੰਗ ਵਿਚ ਪੂਰਾ ਹੋਇਆ ਜਿਸ  ਵਿੱਚ  ਦਸਮ ਪਾਤਸ਼ਾਹ ਦੇ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਜੰਗ ਵਿੱਚ ਦਲੇਰੀ ਤੇ ਹਿੰਮਤ ਨਾਲ ਜੂਝਣ ਦਾ ਦੁਨੀਆ ਭਰ  ਵਿੱਚ ਰਿਕਾਰਡ ਕਾਇਮ  ਕੀਤਾ ਹੈ  । ਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਵਲੋਂ ਛਪਦੀ ਅਖਬਾਰ ‘ਦਰਬਾਰ-ਏ-ਮੌਲਾ’ ਦੇ ਹਵਾਲੇ ਅਨੁਸਾਰ ਉਸ ਸਮੇਂ ਇਸ ਜੰਗ ਵਿਚ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਮੁਗ਼ਲ ਤੇ ਪਹਾੜੀ ਫੌਜ ਨਾਲ ਲੜਦਿਆਂ 392 ਤੋਂ ਜਿਆਦਾ ਫੱਟ ਲੱਗੇ ਸਨ।

 ਹੈਰਾਨਗੀ ਹੁੰਦੀ ਹੈ ਕਿ ਇੱਕ 17 ਕੁ ਸਾਲਾਂ ਦਾ ਮੁੱਛ ਫੁੱਟ ਗੱਭਰੂ ਜਿਸਦਾ ਸਰੀਰ ਹਥਿਆਰਾਂ-ਤਲਵਾਰਾਂ ਨਾਲ ਇਸ ਕਦਰ ਫੱਟੜ ਹੋਇਆ ਹੋਵੇਗਾ ਕਿ ਸਰੀਰ ਤੇ 392 ਤੋਂ ਵੀ ਜਿਆਦਾ ਫੱਟ ਲਗੇ ਹੋਏ ਹੋਣ ਪਰ ਉਹ ਸੂਰਮਾ ਫਿਰ ਵੀ ਲੱਖਾਂ ਫੌਜਾਂ ਨੂੰ ਲਾਸ਼ਾਂ ਦੇ ਢੇਰ ਕਰਦਾ ਹੋਇਆ, ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰਗਿਆ ਜੋ ਹੁਣ ਤੱਕ ਕਿਸੇ ਸੂਰਮੇ ਦੇ ਹਿੱਸੇ ਨਹੀਂ ਆਇਆ।

ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »