ਸਿੱਖ ਇਤਿਹਾਸ

ਪੰਜਾਬ ,ਮੇਰਾ ਪੰਜਾਬ Part II

Cont…………..from Part 1

ਉਹ ਹਰ ਇਕ ਨਾਲ ਪਿਆਰ , ਮਿਲ-ਜੁਲ ਕੇ ਰਹਿੰਦੇ ਤੇ ਹਰ ਆਏ ਵਕਤ ਨੂੰ, ਚਾਹੇ ਸੋਖਾ ਹੋਵੇ ਜਾ ਔਖਾ ਹੱਸਹੱਸ  ਕੇ ਗੁਜਾਰਦੇ ਹਨI

ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ਤੇ ਚਲ ਕੇ ਕਿਰਤ ਕਰਨਾ ਵੰਡ ਕੇ ਛਕਣਾ ਤੇ ਉਸ ਅਕਾਲ ਪੁਰਖ ਨੂੰ ਯਾਦ ਰਖਣਾ  ਇਹ ਪੰਜਾਬੀਅਤ ਦਾ ਮਾਣ ਹੈI ਉਪਜਾਊ ਭੂਮੀ ਤੇ ਰਜ ਕੇ ਮੇਹਨਤ ਕਰਨੀ ਮਤਲਬ ਸਚੀ ਤੇ ਸੁਚੀ ਕਿਰਤ ਕਰਨੀ ਤੇ ਵੰਡ ਛਕਣਾ ਮਤਲਬ  ਭੁੱਖੇ ਮਰਨਾਂ ਅਤੇ ਕਿਸੇ ਨੂੰ ਭੁਖੇ ਮਰਨ ਦੇਣਾ ਇਹ ਪੰਜਾਬੀਆਂ ਦੇ ਹਿੱਸੇ ਨਹੀਂ ਆਇਆI ਹਾਂ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਸੁਭਾ  ਹੈ।

ਪੁਰਾਣੇ ਸਮੇ ਵਿਚ ਲੋਕ ਧਾਰਮਿਕ ਜੀਵਨ ਨਿਭਾਉਣ ਲਈ ਸੰਸਾਰਿਕ ਜੀਵਨ ਤੋ ਸਨਿਆਸ ਲੈ ਲੈਂਦੇ ਸੀ ਤੇ ਦੁਨਿਆਵੀ ਰਿਸ਼ਤੇ ਤੇ ਉਨ੍ਹਾ ਦੇ ਨਾਲ ਦੁਖ ਸੁਖ ਦੀ ਸਾਂਝ  ਤੇ ਦੁਨਿਆਵੀ ਪਦਾਰਥਾਂ ਨੂੰ ਤਿਲਾਂਜਲੀ ਦੇ ਦਿੰਦੇ ਸਨ I ਪਰ ਪੰਜਾਬੀ ਸੱਭਿਆਚਾਰ  ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾI  ਗੁਰ ਸਾਹਿਬ ਨੇ ਗ੍ਰਿਹਿਸਤ ਜੀਵਨ ਦੀਆਂ ਉਚਾਈਆਂ ਤੇ ਗਹਿਰਾਈਆਂ ਨੂੰ ਸਮਝਿਆ ਅਤੇ ਲੋਕਾਂ ਨੂੰ ਸਮਝਾਇਆ ਕਿ  ਗ੍ਰਿਹਿਸਤ ਜੀਵਨ  ਤੇ ਉਨ੍ਹਾ ਦੀਆਂ ਜ਼ਿਮੇਦਾਰੀਆਂ  ਨੂੰ ਨਿਭਾਉਣਾ ਇਨਸਾਨੀ ਫਰਜ਼ ਅਤ ਧਰਮ ਹੈi ਗ੍ਰਿਹਿਸਤ ਦੀਆਂ ਜਿਮੇਵਾਰੀਆਂ ਤਿਆਗ ਕੇ ਜੰਗਲਾ ਵਿਚ ਜਾਕੇ ਸਾਧਨਾ ਕਰਨੀ , ਪੁਠੇ ਲਟਕਣਾ , ਪਿੰਡੇ ਤ ਸੁਆਹ ਮਲ ਲੈਣੀ ਆਦਿ ਫਿਰ ਇਨ੍ਹਾ ਤੋ ਹੀ ਮੰਗ ਮੰਗ ਕੇ ਖਾਣਾ ਅਤੇ ਆਪਣੇ ਜੀਵਨ ਦਾ ਨਿਰਬਾਹ ਕਰਨਾ ਕਿਥੋਂ ਦੀ ਸਿਆਣਪ ਹੈ i ਇਸ ਸੰਸਾਰ ਵਿਚ ਰਹਿੰਦਿਆਂ, ਆਪਣੇ ਫਰਜ਼ ਤੇ ਜ਼ਿਮੇਦਾਰੀਆਂ ਨਿਭਾਉਂਦੇ ਹੋਏ ਇਸਤੋਂ ਨਿਰਲੇਪ ਰਹਿਣਾ ਜਿਵੇਂ ਕਮਲ ਚਿਕੜ ਵਿਚ ਰਹਿ ਕੇ ਇਸਤੋਂ ਅਲੇਪ ਰਹਿ ਕੇ ਖਿੜਦਾ ਤੇ ਵਿਗਸਦਾ ਹੈ i ਸਤਿਗੁਰਾਂ ਦੀ ਦਸੀ ਜੁਗਤਿ ਤੇ ਚਲ ਕੇ ਗ੍ਰਿਹਿਸਤ ਵਿਚ ਆਪਣੀਆਂ ਜਿਮੇਦਾਰੀਆਂ ਪੂਰੀਆਂ ਕਰਦੇ, ਨਿਰਲੇਪ ਰਹਿ ਕੇ ਰਾਜ-ਯੋਗ ਦੋਹਾਂ ਦਾ ਅਨੰਦੁ ਮਾਨਣਾ ਹੀ ਅਸਲੀ ਜਿੰਦਗੀ ਹੈ I

                      ਨਾਨਕ ਸਤਿਗੁਰੂ ਭੇਟਿਐ ਪੂਰੀ ਹੋਵੇ ਜੁਗਤਿ

                        ਹਸੰਦਿਆਂ ,ਖੈਲੰਦੀਆਂ ,ਪੈਨੰਦਿਆਂ ਖਾਵੰਦਿਆਂ ਹੋਵੈ ਮੁਕਤਿ (ਅੰਗ ੫੨੨)

 ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਭਰਪੂਰ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਦਿਤਾ ਗਿਆ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸੀਅਤ ਹੈ। ‘ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।

 ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੋ ਗਿਆ । ਉਹ ਫ਼ੌਰੀ ਅਤੇ ਇਕਦਮ ਤੱਤਾ  ਅਤੇ ਓਨੀ ਹੀ ਤੇਜ਼ੀ ਨਾਲ  ਠੰਡਾ ਹੋਕੇ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਪੰਜਾਬੀਆਂ ਵਿਚ ਜਿੰਦਗੀ ਜੀਣ ਦਾ ਚਾਅ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ।

 ਗੁਰੂ ਸਾਹਿਬ ਨੇ  ਸਿੱਖ ਨੂੰ ਸਮਝਾ ਦਿਤਾ ਕਿ ਕਾਮ , ਕ੍ਰੋਧ, ਲੋਭ,ਮੋਹ, ਅਹੰਕਾਰ ਆਦਿ ਅਵਗੁਣ ਤਿਆਗ ਕੇ ਸਤ, ਸੰਤੋਖ, ਧੀਰਜ, ਸ਼ਹਿਨਸ਼ੀਲਤਾ,ਤੇ ਨਿਮਰਤਾ ਆਦਿ ਗੁਣਾ ਦਾ ਸੰਗ੍ਰਹਿ ਕਰਕੇ ਹੀ ਸਚੇ ਰਾਜ-ਜੋਗੀ ਬਣਿਆ ਜਾ ਸਕਦਾ ਹੈi  ਇਸ ਸਭਿਆਚਾਰ ਨੂੰ ਸਿਖਰਾਂ ਤੇ ਲਿਜਾਣ ਵਾਸਤੇ ਗੁਰੂ ਸਾਹਿਬਾਨਾ ਦੀ ਰਚੀ ਬਾਣੀ ਇਸਦਾ ਮੂਲ ਅਧਾਰ ਹੈ i

                    ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ

                    ਮੰਦਾ ਮੂਲਿ ਨਾ ਕੀਚਈ ਦੇ ਲੰਮੀ ਨਦਰਿ ਨਿਹਾਲਐ  (ਅੰਗ ੪੭੪)

                   ਵਿਚਿ ਦੁਨਿਆ ਸੇਵ ਕਮਾਈਐ ਤਾ ਦਰਗਾਹੁ ਬੇਸਣੁ ਪਾਈਆਐ (ਅੰਗ ੨੬)

                   ਆਪਸ ਕਉ ਜੋ ਜਾਣੈ ਨੀਚਾ ਸੋਊ ਗਨੀਐਸਭ ਤੇ ਊਚਾ

ਇਸ ਤੋਂ ਇਲਾਵਾ ਸਿਖ ਨੂੰ ਕਿਰਤ ਕਰਨੀ,ਵੰਡ ਛਕਣਾ ਤੇ  ਸਿਮਰਨ ਦੇ ਨਾਲ ਨਾਲ  ਸੇਵਾ ਦਾ ਸਬਕ ਦਿਤਾ ਹੈ ਜੋ ਸੰਤੁਲਨ ਪੈਦਾ ਕਰਨੇ ਵਿਚ ਸਹਾਈ ਹੁੰਦਾ ਹੈ I ਜਦ ਨਿਮਰਤਾ, ਸਹਿਣ ਸ਼ੀਲਤਾ ਤੇ ਬੋਲਣ ਵਿਚ ਮਿਠਾਸ ਹੋਵੇ ਤੇ ਫਿਰ ਕਿਸੇ ਕਿਸਮ ਦੀ ਤਲਖੀ ਪੈਦਾ ਹੋਣਾ , ਜਾਂ ਫਿਕਾ ਬੋਲਨਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ i ਭਾਣਾ ਮੰਨਣ ਦਾ ਭਾਵ ਹਰ ਦੁੱਖ ਸੁੱਖ ਨੂੰ ਮੀਠਾ ਕਰਕੇ ਮੰਨਣਾ ਤਾਕਿ ਸ਼ਕਾਇਤ ਦੀ ਕੋਈ ਗੁੰਜਾਇਸ਼ ਹੀ ਨਾ ਰਹਿ ਜਾਏI ਇਹ ਬਿਰਤੀ ਸਹਿਣ ਸ਼ਕਤੀ ਨੂੰ ਮਜਬੂਤ ਕਰਦੀ, ਆਤਮ ਵਿਸ਼ਵਾਸ ਨੂੰ ਪਕਿਆਂ ਕਰਕੇ ਸਖਸ਼ੀਅਤ ਨੂੰ ਅੱਟਲ ਤੇ ਅਡੋਲ ਬਣਾਉਂਦੀ ਹੈ i ਸਿਖ ਉਦਾਰਚਿਤ  ਹੈ ,ਉਸ ਦੀਆਂ ਸੰਗਤਾਂ ਤੇ ਲੰਗਰ ਸਾਂਝੇ ਹਨ i ਜਿਥੇ ਜਾਤ,ਪਾਤ, ਜਨਮ ਨਸਲ ,ਮਜ਼ਬ ਜਾਂ ਊਚ-ਨੀਚ ਦਾ ਕੋਈ ਭਿੰਨ ਭੇਦ ਨਹੀਂ I ਇਸਤਰੀ ਨੂੰ ਵੀ ਬਰਾਬਰੀ ਦਾ ਦਰਜਾ ਦਿਤਾ ਹੈ ਅਤੇ ਕਿਰਤ ਕਰੋ -ਵੰਡ ਛਕੋ -ਤੇ ਸਿਮਰਨ ਕਰਨ ਦੇ ਸਿਧਾਂਤ ਨੂੰ ਮੁਖ ਰਖਦਿਆਂ ਕਿਰਤ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਬਖਸ਼ਿਆ ਹੈ

ਪੰਜਾਬ ਬੋਲੀ

ਬੋਲੀ ਕਿਸੇ ਦੇਸ਼ ਜਾਂ ਜਾਤੀ ਦੇ ਸਭਿਆਚਾਰ ਦੇ ਪੱਧਰ ਦੀ ਪਰਖ ਕਸੋਟੀ ਹੁੰਦੀ ਹੈ। ਜਿੰਨੀ ਕਿਸੇ ਖਿੱਤੇ ਦੇ ਲੋਕਾਂ ਦੀ ਬੋਲੀ ਉੱਨਤ ਹੋਵੇਗੀ, ਉਨਾਂ ਹੀ ਉਸ ਦਾ ਸਭਿਆਚਾਰ ਅਤੇ ਸਭਿਅਤਾ ਉਨੱਤ ਹੋਵੇਗੀ। “ਲਾਰਡ ਮਕਾਲੇ ਨੇ ਲਿਖਿਆ ਕਿ ਮਾਤ ਬੋਲੀ ਤੋਂ ਬਿਨ੍ਹਾਂ ਹੋਰ ਕੋਈ ਪ੍ਰਗਟਾਵੇ ਦਾ ਸਾਧਨ ਉਤਮ ਰਚਨਾ ਲਈ ਨਹੀਂ ਹੋ ਸਕਦਾ ਹੈ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਵੀ ਹੈ ਅਤੇ ਪੰਜਾਬੀ  ਪੰਜਾਬੀਆਂ ਦੀ ਜ਼ਿੰਦਗੀ ਵੀ, ਹੈ ਜਿਸਤੋ ਬਿਨਾ ਉਨ੍ਹਾ ਦੀ ਹੋਂਦ ਬਰਕਰਾਰ ਨਹੀਂ ਰਹਿ ਸਕਦੀ  I ਪੰਜਾਬੀ ਭਾਸ਼ਾ ਦੀਆਂ ਕੁਝ ਆਪਣੀਆਂ ਵਿਸ਼ੇਸ਼ਤਾਵਾਂ ਹਨ -ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਵਾਂਗ ਸਾਦ-ਮੁਰਾਦੀ ਤੇ ਸਰਲ ਭਾਸ਼ਾ ਜਿਸ ਵਿਚ ਪਿਆਰ ਦਾ ਨਿਘ ਵੀ ਹੈ ਤੇ ਜੋਸ਼ ਵਿਚ ਹੋਸ਼ ਦਾ ਪ੍ਰਗਟਾਵਾ ਵੀ I

ਪੰਜਾਬੀ ਸਾਹਿਤ

 ਪੰਜਾਬੀ ਸਾਹਿਤ ਵੀ  ਪੰਜਾਬੀ ਲੋਕਾਂ ਦੇ ਸੁਭਾਅ ਅਤੇ ਆਚਰਣ ਅਨੁਸਾਰ ਰਚਿਆ ਗਿਆ ਹੈ। ਪੰਜਾਬੀ ਸਾਹਿਤ ਦੀਆਂ ਜੜ੍ਹਾਂ ਪੰਜਾਬ ਦੇ ਉਸ ਸਾਹਿਤ ਵਿੱਚ ਲਭਦੀਆਂ ਹਨ ਜਿਸ ਦੀ ਭਾਸ਼ਾ ਅਜੇ ਪੂਰਨ ਭਾਂਤ ਨਿੱਖਰ ਕੇ ਪੰਜਾਬੀ ਨਹੀਂ ਸੀ ਹੋਈ ਪਰ ਪੰਜਾਬੀ ਦੇ ਬਹੁਤ ਨੇੜੇ ਸੀ ਜਿਵੇਂ ,” । ਦਸਵੀਂ ਗਿਆਰਵੀਂ ਸਦੀ ਦਾ ਨਾਥ ਜੋਗੀਆਂ ਦੇ ਸਾਹਿਤ ਵਿੱਚ ਮਿਲਦੇ ਬਹੁਤ ਸਾਰੇ ਅਖਾਣ, “ਦਾਮਿ ਕਾਢਿ ਬਾਘਨਿ ਲੈ ਆਇਆ ਮਾਉ ਕਹੇ ਮੇਰਾ ਪੂਤ ਬੇਆਹਿਆ”। ਡਾ. ਮੋਹਨ ਸਿੰਘ ਅਨੁਸਾਰ ਸਭ ਤੋਂ ਪੁਰਾਣਾ ਪੰਜਾਬੀ ਸਹਿਤ, ਅੱਠਵੀਂ-ਨੌਵੀਂ ਸਦੀ ਵਿੱਚ  ਨਾਥ ਜੋਗੀਆਂ ਦਾ ਸਾਹਿਤ ਹੈ ਜੋ ਉਸ ਸਮੇ ਪੰਜਾਬ ਦੀ ਚਪਾ ਚਪਾ ਧਰਤੀ ਤੇ ਛਾਏ ਹੋਏ ਸੀ ਜਿਵੇਂ ਮਛੰਦਰ ਨਾਥ, ਜਲੰਧਰ ਨਾਥ, ਗੋਰਖ ਨਾਥ, ਚਰਪਟ ਨਾਥ, ਪੂਰਨ ਨਾਥ, ਰਤਨ ਨਾਥ ਅਤੇ ਗੋਪੀ ਨਾਥ ਆਦਿI ਪੂਰਵ ਨਾਨਕ ਕਾਲ ਵਿੱਚ ਬੀਰ ਰਸੀ ਕਵਿਤਾ ਨੂੰ  ਵਿਸ਼ੇਸ਼ ਥਾਂ ਪ੍ਰਾਪਤ ਹੈ .ਇਸ ਕਾਲ ਦੀਆਂ ਬੀਰ ਰਸੀ ਵਾਰਾਂ ਹਨ ਰਾਏ ਕਮਾਲ ਮਉਜ ਦੀ ਵਾਰ,ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬ੍ਰਾਹਿਮ ਦੀ ਵਾਰ, ਲਲਾ ਬਹਿਲੀਮਾ ਦੀ ਵਾਰ, ਹਸਨੇ ਮਹਿਮੇ ਦੀ ਵਾਰ, ਮੂਸੇ ਦੀ ਵਾਰ, ਆਦਿI ਇਸ ਕਾਲ ਵਿੱਚ ਲੋਕ ਸਾਹਿਤ  ਵਿਸ਼ੇਸ਼ ਥਾਂ ਰਖਦਾ ਹੈ, ਜਿਵੇਂ ਪੰਜਾਬੀ ਲੋਕ ਗੀਤਾ ਦੇ ਪ੍ਰਧਾਨ ਰੂਪ, ਬੁਝਾਰਤਾਂ ਆਦਿI

ਫਿਰ ਭਗਤੀ ਲਹਿਰ ਦੀ ਸ਼ੁਰੁਆਤ ਹੋਈ  ਜਿਨ੍ਹਾ ਦੇ ਮੁਖ ਕਵੀ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਧੰਨਾ, ਭਗਤ ਕਮਾਲ ਆਦਿ ਸਨI ਇਸ ਤੋਂ ਬਾਅਦ ਸੂਫ਼ੀ ਮਤ ਦਾ ਜਨਮ ਹੋਇਆI  ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਵਿਚ  ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟ-ਲਟ ਬਲਦੀ ਲਾਟ।”1. ਬਾਬਾ ਫਰੀਦ ਇਕੋ ਇਕ ਸੂਫ਼ੀ ਸੰਤ  ਸਨ ਜਿਨ੍ਹਾ ਦਾ ਜਨਮ ਪਾਕਪਟਨ ਜ਼ਿਲਾ ਮੁਲਤਾਨ ਅਜੋਕੇ ਪਾਕਿਸਤਾਨੀ  ਪੰਜਾਬ ਵਿਚ  ਗੁਰੂ ਨਾਨਕ ਕਾਲ ਸਮੇ  ਹੋਇਆ I ਇਸ ਦੇ ਨਾਲ ਨਾਲ  ਵਾਰਤਕ ਸਾਹਿਤ ਦੇ ਵੀ ਕਈ ਰੂਪ ਹੋਂਦ ਵਿੱਚ ਆਏ ਜਿਵੇਂ ਸਾਖੀਆਂ, ਗੋਸ਼ਟਾਂ, ਬਚਨ, ਟੀਕੇ, ਹੁਕਮਨਾਮੇ, ਫੁਟਕਲ ਅਤੇ ਅਨੁਵਾਦ

ਅਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਹਿਤ ਤੇ ਵੀ ਪਿਆ।ਪੰਜਾਬੀ ਸਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ ਤੇ ਪਿਆ ਉੱਥੇ ਹੀ ਸਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ,ਨਾਟਕ,ਨਿਬੰਧ, ਗਲਪ , ਉਤਮ ਪੁਰਖੀ ਬਿਰਤਾਂਤ  ਆਦਿ ਮਿਲੀਆਂ

ਅਜ ਸਾਡੇ ਕੋਲ ਧੁਰ ਕਿ ਬਾਣੀ, ਗੁਰੂ ਗਰੰਥ ਸਾਹਿਬ ਹਨ ,ਜੋ  ਪੂਰੀ ਦੁਨਿਆ ਦੇ ਧਰਮਾਂ ਦੇ ਮੁਕਾਬਲੇ , ਸਭ ਤੋ ਵਧ ਸਤਕਾਰ ਹਨ I ਗੁਰੂ ਗਰੰਥ ਸਾਹਿਬ ਦੀ ਸੇਵਾ  ਇਕ ਜਿਓੰਦੇ  ਜਾਗਦੇ  ਗੁਰੂ ਸਾਹਿਬਾਨ ਦੀ ਤਰਹ ਜਿਸ ਸ਼ਰਧਾ ਤੇ ਪਿਆਰ ਨਾਲ ਕੀਤੀ ਜਾਂਦੀ ਹੈ ਹੋਰ ਕਿਸੇ ਧਰਮ ਵਿਚ ਨਹੀਂ I ਗੁਰੂ ਦੀ ਬਾਣੀ ਗੁਰੂ ਦੀ ਆਤਮਾ ਹੈ , ਗੁਰੂ ਦਾ ਸਰੂਪ ਹੈ ਜੋ ਇਕ ਦੂਜੇ ਵਿਚ ਅਭੇਦ ਹਨI ਜੁਗੋ ਜੁਗ ਅੱਟਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਾਰੀ ਸਿਖ ਕੋਂਮ ਦੀ ਆਨ, ਸ਼ਾਨ, ਮਾਰਗ ਦਰਸ਼ਨ,ਤੇ ਜਿੰਦ-ਜਾਨ ਹਨ I

ਪੰਜਾਬੀ  ਮੇਲੇ

ਪੰਜਾਬ ਖੇਤੀ ਅਤੇ ਵਿਰਾਸਤ ਦੇ ਪੱਖੋਂ ਬਹੁਤ ਹੀ ਖੁਸ਼ਹਾਲ ਹੈ ਪਰ ਮੇਲੇ ਇਸ ਦੇਸ਼ ਦੇ ਲੋਕਾਂ ਦੇ ਰੀਤੀ ਰਿਵਾਜਾਂ ਅਤੇ ਅਮੀਰ ਸਭਿਆਚਾਰ ਦੀ ਗਵਾਹੀ ਭਰਦੇ ਹਨ |

1. ਛਪਾਰ ਦਾ ਮੇਲਾ

ਸਬ ਤੋਂ ਜਿਆਦਾ ਇਹ ਮੇਲਾ ਲੁਧਿਆਣਾ ਇਲਾਕੇ ਵਿੱਚ ਮਨਾਇਆ ਜਾਂਦਾ ਹੈ | ਇਹ ਮੇਲਾ ਗੁੱਗਾ ਪੀਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਤੇ ਸਤੰਬਰ ਦੇ ਮਹੀਨੇ ਦੌਰਾਨ ਹੀ ਮਨਾਇਆ ਜਾਂਦਾ ਹੈ | ਗੁੱਗਾ ਪੀਰ ਜੀ ਨੂੰ ਸੱਪਾਂ ਉੱਤੇ ਕਾਬੂ ਰੱਖਣ ਵਾਲਾ ਸੰਤ ਮੰਨਿਆ ਜਾਂਦਾ ਹੈ ਅਤੇ ਉਹਨਾ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ | ਇਸ ਮੇਲੇ ਵਿੱਚ ਜਮੀਨ ‘ਤੇ ਛੋਟੇ ਟੋਏ ਪੁੱਟੇ ਜਾਂਦੇ ਨੇ ਤੇ ਬੁਰਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਕਈ ਲੋਕ ਸੁੱਖਾਂ ਵੀ ਸੁਖਦੇ ਹਨ। ਮਨ ਨਾਲ ਕੀਤੀ ਗਈ ਸੁੱਖ ਪੂਰੀ ਵੀ ਹੁੰਦੀ ਹੈ।

2. ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋੜ ਮੇਲਾ

ਪੰਜਾਬ ਦੇ ਜ਼ਿਲੇ ਫ਼ਤਹਿਗੜ੍ਹ ਸਾਹਿਬ ਵਿੱਚ, ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਸ਼ਹੀਦੀ ਜ਼ੋੜ ਮੇਲਾ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ|ਸਰਹਿੰਦ ਦੇ ਰਾਜਪਾਲ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਜ਼ੋਰਾਵਾਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਇਸਲਾਮ ਧਰਮ ਵਿੱਚ ਤਬਦੀਲ ਕਰਨ ਲਈ ਕੈਦ ਕਰ ਲਿਆ ਸੀ  ਉਹਨਾਂ ਨੇ ਉਨ੍ਹਾਂ ਨੂੰ ਧਨ- ਦੋਲਤ,ਮਹਿਲ, ਮਾੜੀਆਂ ਦਾ ਲਾਲਚ ਦਿਤਾ, ਪਰ ਸਾਹਿਬਜ਼ਾਦਿਆ ਦੇ ਜੁਟੀ ਦੀ ਨੋਕ ਤੇ ਇਨਕਾਰ ਕਰ ਦਿਤਾI ਸਾਹਿਬਜ਼ਾਦਿਆਂ ਨੂੰ   ਜਿਉਂਦੇ ਦੀਵਾਰ ਵਿੱਚ ਚਿਣ ਦਿੱਤਾ ਗਿਆ ਪਰ ਕੰਧ ਦੇ ਡਿਗਣ 26 ਦਸੰਬਰ 1705 ਨੂੰ  ਛੋਟੇ ਸਾਹਿਬਜ਼ਾਦਿਆ ਨੂੰ ਕਤਲ ਕਰਕੇ ਸ਼ਹੀਦ  ਕਰ ਦਿਤਾ ਗਿਆI ਉਨ੍ਹਾ ਦੀ ਯਾਦ ਵਿਚ ਸਰਹਿੰਦ  ਦੇ ਉੱਤਰ ਵੱਲ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨ ਸ਼ਹੀਦੀ ਜ਼ੋਰ ਮੇਲਾ ਕਰਵਾਇਆ ਜਾਂਦਾ ਹੈ | ਮੇਲੇ ਦੇ ਦੌਰਾਨ, ਪੰਜ ਪਿਆਰਿਆਂ ਤੇ ਇੱਕ ਵੱਡੀ ਪਾਲਕੀ ਸਜ਼ਾ ਕੇ ਗੁਰੂਦੁਆਰੇ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਵਰੂਪ ਗੁਰਦੁਆਰੇ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਹੈ |

3. ਹਰਬੱਲਭ ਸੰਗੀਤ ਸੰਮੇਲਨ

ਸਾਲ 2011 ਵਿੱਚ, ਹਰਬੱਲਭ ਸੰਗੀਤ ਸੰਮੇਲਨ ਦੀ 135 ਵੀਂ ਵਰ੍ਹੇਗੰਢ ਆਯੋਜਿਤ ਕੀਤੀ ਗਈ. ਇਹ ਸੰਮੇਲਨ ਗੁਰੂ ਸਵਾਮੀ ਤਲਜਾ ਗਿਰੀ ਦੀ ਯਾਦ ਵਿੱਚ ਓਹਨਾ ਦੇ ਚੇਲੇ ਬਾਬਾ ਹਰਬੱਲਭ ਵਲੋਂ ਸ਼ੁਰੂ ਕੀਤਾ ਗਿਆ ਸੀ | ਉਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਕਲਾਸੀਕਲ ਗੀਤਕਾਰ ਸਨ | ਪੂਰੇ ਦੇਸ਼ ਭਰ ਵਿੱਚੋ ਨਾਮਵਰ ਗਾਇਕ ਤੇ ਸੰਗੀਤਕਾਰ ਇਹ ਮੇਲੇ ਦਾ ਹਿੱਸਾ ਬਣਦੇ ਹਨ ਤੇ ਇਹ ਮੇਲਾ ਜਲੰਧਰ ਵਿੱਚ ਦੇਵੀ ਤਾਲਾਬ ਤੇ ਸੰਗਠਿਤ ਕੀਤਾ ਜਾਂਦਾ ਹੈ | ਪੰਜਾਬ ਦੀ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸੰਗੀਤ ਦੇ ਰਾਸ਼ਟਰੀ ਤਿਉਹਾਰ ਮਾਨਤਾ ਦਿੱਤੀ ਹੈ | ਇਹ ਸੰਮੇਲਨ ਸੂਬੇ ਵਿੱਚ ਬਹੁਤ ਹੀ ਸ਼ਾਨਦਾਰ ਮੌਕਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਸੂਬੇ ਦੇ ਗਾਇਕ ਆਪਣੀ ਪ੍ਰਤਿਭਾ ਤੇ ਸ਼ਾਸ਼ਤਰੀ ਸੰਗੀਤ ਦਾ ਪ੍ਰਦਰਸ਼ਨ ਕਰਦੇ ਹਨ |

4. ਜਰਗ ਦਾ ਮੇਲਾ

ਜਰਗ ਦਾ ਮੇਲਾ, ਪੰਜਾਬ ਵਿੱਚ ਲੁਧਿਆਣਾ ਦੇ ਪੈਲ ਪਿੰਡ ਵਿੱਚ ਚੇਤਰ ਦੇ ਮਹੀਨੇ ਵਿੱਚ ਪਹਿਲੇ ਮੰਗਲਵਾਰ ਨੂੰ ਆਯੋਜਤ ਕੀਤਾ ਜਾਂਦਾ ਹੈ ਜੋ ਕਿ ਸੀਤਲਾ  ਦੇਵੀ ਦਾ ਸਨਮਾਨ ਕਾਰਨ ਲਈ ਮਨਾਇਆ ਜਾਂਦਾ ਹੈ | ਇਹ ਰਾਜ ਵਿੱਚ ਸਭ ਤੋਂ ਪ੍ਰਸਿੱਧ ਮੇਲਿਆਂ ਵਿੱਚੋਂ ਇੱਕ ਹੈ, ਸੈਂਕੜੇ ਹਜ਼ਾਰਾਂ ਸ਼ਰਧਾਲੂ ਅਤੇ ਸੈਲਾਨੀ ਇਸਨੂੰ ਮਨਾਉਣ ਤੇ ਵੇਖਣ ਲਈ ਆਉਂਦੇ ਹਨ | ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲਗਦਾ ਹੈ। ਮਾਤਾ ਦੀ ਪੂਜਾ ਕਰਨ ਵਾਲੇ,ਟੋਭੇ ਵਿੱਚੋਂ ਮਿੱਟੀ ਕੱਢ ਕੇ, ਇਕ  ਮਟੀਲਾ ਜਿਹਾ ਖੜਾ ਕਰ ਲੈਂਦੇ ਹਨ। ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਭੇਟਾਵਾਂ ਚਾੜ੍ਹੀਆਂ ਜਾਂਦੀਆਂ ਹਨ। ਇਸ ਮੇਲੇ ਵਿੱਚ, ਦੇਵੀ ਮਾਤਾ ਨੂੰ ਬਹਿੜੀਏ ਅਥਵੇ ਬਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ। ਇਸੇ ਤੋਂ, ਇਸ ਮੇਲੇ ਨੂੰ ‘ਬਹਿੜੀਏ ਦਾ ਮੇਲਾ ‘ ਵੀ ਕਿਹਾ ਜਾਣ ਲਗ ਪਿਆ ਹੈ। ਜਿੰਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ, ਉਹਨਾਂ ਦੁਆਰਾ ਮੇਲੇ ਦੀ ਪੂਰਬ ਸੰਧਿਆ ਨੂੰ, ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ, ਪਹਿਲਾਂ ਸੀਤਲਾ ਦੇਵੀ ਦੇ ਵਾਹਣ, ਖੋਤੇ ਨੂੰ, ਗੁਲਗੁਲੇ ਖਵਾਏ ਜਾਂਦੇ ਹਨ ਤੇ ਫਿਰ ਕੁਝ ਵੰਡੇ ਤੇ ਕੁਝ ਆਪ ਖਾਧੇ ਜਾਂਦੇ ਹਨ। ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਣ ਹੋਣ ਕਰਕੇ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਆਦਿ ਭੇਟ ਕਰਦੇ ਹਨ। ਘੁਮਿਆਰ ਆਪੋ-ਆਪਣੋ ਖੋਤਿਆਂ ਨੂੰ, ਉਚੇਚੇ ਤੌਰ ਤੇ,ਸਜਾ-ਸ਼ਿੰਗਾਰ ਕੇ ਲਿਆਉਦੇ ਹਨ। ਕਈਆਂ ਨੇ ਖੋਤਿਆਂ ਉੱਪਰ ਘੋਗਿਆਂ, ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਵੰਨ-ਸਵੰਨੀਆਂ ਝੁੱਲਾਂ ਪਾਈਆਂ ਹੁੰਦੀਆਂ ਹਨ।

5. ਮੁਕਤਸਰ ਮਾਘੀ ਮੇਲਾ

ਮੁਕਤਸਰ ਮਾਘੀ  ਮੇਲੇ ਨੂੰ ਬਹੁਤ ਸ਼ਾਨਦਾਰ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਹ ਹੋਲੀ ਅਤੇ ਲੋਹੜੀ ਦੇ ਤਿਉਹਾਰ ਦੇ ਬਰਾਬਰ ਹੈ | ਇਹ ਤਿਓਹਾਰ ਖਿਦਰਾਣਾ ਦੀ ਲੜਾਈ ਵਿੱਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਧਰਮ ਦੇ ਲੇਖੇ ਆਪਣੀ ਜਿੰਦਗੀ ਲਗਾਈ | ਕਿਉਂਕਿ 13 ਫਰਵਰੀ ਨੂੰ ਮਾਘ ਦੇ ਸਮੇ, ਖਿਦਰਾਣਾ ਦੇ ਤਬੇਲੇ ਵਿੱਚ ਇਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਇਸ ਲਈ ਇਹ ਤਿਓਹਾਰ ਉਸ ਦਿਨ ਹੀ ਮਨਾਇਆ ਜਾਂਦਾ ਹੈ ਅਤੇ ਮੇਨ ਸ਼ੇਰੇਨ ਤੋਂ ਪਵਿੱਤਰ ਟਿੱਬੀ  ਸਾਹਿਬ ਤੱਕ ਜਲੂਸ ਕੱਢਿਆ ਜਾਂਦਾ ਹੈ |

6. ਪ੍ਰੋਫੈਸਰ ਮੋਹਨ ਸਿੰਘ ਮੇਲਾ

ਪ੍ਰੋਫੈਸਰ ਮੋਹਨ ਸਿੰਘ ਮੇਲਾ ਮੁੱਖ ਰੂਪ ਵਿੱਚ ਮਹਾਨ ਪ੍ਰੋਫੈਸਰ ਮੋਹਨ ਸਿੰਘ ਮੇਲਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਪੰਜਾਬ ਦੇ ਇੱਕ ਜਾਣੇ-ਪਛਾਣੇ ਸ਼ਖਸੀਅਤ ਸਨ ਅਤੇ ਇੱਕ ਮਹਾਨ ਲੇਖਕ ਸਨ ਜਿਨ੍ਹਾਂ ਨੇ ਸੈਂਕੜੇ ਦਿਲ ਤੋਲਣ ਵਾਲੀਆਂ ਕਵਿਤਾਵਾਂ ਲਿਖੀਆਂ ਸਨ | ਇਸ ਮੇਲੇ ਵਿੱਚ ਬਹੁਤ ਸਾਰੇ ਲੇਖਕ, ਕਵੀ ਤੇ ਕਾਮਯਾਬ ਲੋਕ ਹਿੱਸਾ ਲੈਂਦੇ ਹਨ ਅਤੇ ਦੋ ਲੇਖਕਾਂ ਨੂੰ ਪ੍ਰੋ. ਮੋਹਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਹਨ |

7. ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ

ਹਰ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ ਇਹ ਗੀਤ –

‘ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ’

‘ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ………….’

8. ਬਾਬਾ ਸੌਡਲ ਦਾ ਮੇਲਾ

ਬਾਬਾ ਸੌਡਲ ਮੇਲਾ, ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਮੇਲਿਆਂ ਵਿਚੋਂ ਹੈ, ਜੋ ਬਾਬਾ ਸੌਡਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ | | ਇਹ ਸੁੱਕਲਾ ਪਾਕ ਦੇ 14 ਵੇਂ ਦਿਨ, ਭਾਦੋਂ ਮਹੀਨੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਬਾਬਾ ਸੌਡਲ ਦਾ ਮੇਲਾ ਮਨਾਉਣ ਆਉਂਦੇ ਹਨ | ਬਾਬਾ ਸੌਡਲ ਜਲੰਧਰ ਦੇ ਖੱਤਰੀ ਜਾਤੀ ਵਿੱਚ ਪੈਦਾ ਹੋਏ ਅਤੇ ਇੱਕ ਪ੍ਰਸਿੱਧ ਸੰਤ ਬਣ ਗਏ | ਲੋਕ ਜਲੰਧਰ ਦੇ ਤਾਲਾਬ ਦੀ ਯਾਤਰਾ ਕਰਦੇ ਹਨ ਜੋ ਕਿ ਬਾਬਾ ਸੌਡਲ ਦੀ ਸਮਾਧੀ ਦਾ ਸਥਾਨ ਹੈ

ਪੰਜਾਬੀ ਤਿਉਹਾਰ

1. ਲੋਹੜੀ –

ਸਰਦੀਆਂ ਦੇ ਆਖਰੀ ਦਿਨਾਂ ਨੂੰ ਦਰਸਾਉਂਦਾ ਇਹ ਤਿਓੁਹਾਰ, ਪੰਜਾਬੀ ਤਿਓੁਹਾਰਾਂ ਵਿੱਚ ਸਭ ਤੋਂ ਮਹੱਤਵਪੂਰਨ ਤਿਓੁਹਾਰ ਹੈ |ਇਸ ਤਿਓੁਹਾਰ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਛੋਟੇ- ਛੋਟੇ ਬੱਚੇ ਲੋਹੜੀ ਦੇ ਗੀਤ ਗਾ ਕੇ ਘਰ ਘਰ ਲੋਹੜੀ ਮੰਗਣਾ ਸ਼ੁਰੂ ਕਰ ਦਿੰਦੇ ਹਨ |ਪਿੰਡਾਂ ਵਿੱਚ ਕੁੜੀਆਂ ਤੇ ਮੁੰਡੇ ਵੱਖੋ-ਵੱਖ ਗਰੁੱਪ ਬਣਾ ਕੇ  ਗਿੱਧਾ – ਭੰਗੜਾ ਅਤੇ ਲੋਹੜੀ ਦੇ ਗੀਤ ਗਾ ਕੇ ਘਰ ਘਰ ਲੋਹੜੀ ਮੰਗਦੇ ਹਨ |ਜਿਹਨਾਂ ਘਰਾਂ ਵਿੱਚ ਨਵਾਂ ਵਿਆਹ ਹੋਇਆ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਉਹ ਮੂੰਗਫਲੀ, ਰਿਓੜੀਆਂ, ਗੁੜ, ਦਾਣੇ ਪਾ ਕੇ ਲੋਹੜੀ ਦਿੰਦੇ ਹਨ |ਹੁਣ ਦੇ ਪੰਜਾਬ ਵਿੱਚ ਕੁੜੀਆਂ ਦੇ ਜਨਮ ਤੇ ਵੀ ਕਈ ਪਰਿਵਾਰਾਂ ਨੇ ਲੋਹੜੀ ਵੰਡਣੀ ਸ਼ੁਰੂ ਕਰ ਦਿੱਤੀ ਹੈ | ਰਾਤ ਦੇ ਸਮੇਂ ਲੋਕੀ ਧੂਣੀ ਬਾਲਦੇ ਹਨ ਜਿਸਵਿੱਚ ਤਿਲ, ਮਕੀ ਦੇ ਦਾਨੇ  ਅਤੇ ਰਿਓੜੀਆਂ ਪਾਈਆਂ ਜਾਂਦੀਆਂ ਹਨ | ਪੰਜਾਬ ਦੇ ਹਰ ਘਰ ਵਿੱਚ ਉਸ ਦਿਨ ਸਰੋਂ ਦਾ ਸਾਗ ਤੇ ਖੀਰ ਜਰੂਰ ਬਣਾਈ ਜਾਂਦੀ ਹੈ, ਇਸਨੂੰ ਚੰਗਾ ਸ਼ਗੁਨ ਮੰਨਿਆ ਜਾਂਦਾ ਹੈ |

2. ਬਸੰਤ ਪੰਚਮੀ

ਇਤਿਹਾਸਿਕ ਤੌਰ ਤੇ 19 ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਲਾਨਾ ਬਸੰਤ ਮੇਲੇ ਦਾ ਆਯੋਜਨ ਸ਼ੁਰੂ ਕਰਵਾਇਆ ਸੀ | ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਨਾਂ ਦੀ ਰਾਣੀ ਮੋਰਾਂ  ਬਸੰਤ ਦੇ ਮੌਕੇ ਤੇ ਪੀਲੇ ਰੰਗ ਦੇ ਪੋਸ਼ਾਕ ਪਹਿਨਦੇ ਸਨ ਅਤੇ ਪਤੰਗ ਉਡਾਉਂਦੇ ਸਨ | ਸਮੇਂ ਦੇ ਲੰਘਣ ਨਾਲ ਛੇਤੀ ਹੀ ਇਹ ਇੱਕ ਪੰਜਾਬੀ ਪਰੰਪਰਾ ਦਾ ਹਿਸਾ ਬਣ ਗਈ | ਦਰਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਵਿੱਚ ਬਸੰਤ ਵਿਖੇ ਇੱਕ ਦਰਬਾਰ ਲਗਾਇਆ ਸੀ ਜੋ ਦਸ ਦਿਨ ਤਕ ਚਲਿਆ ਸੀ ਜਿਸ  ਦੌਰਾਨ ਫ਼ੌਜੀਆਂ ਨੇ ਪੀਲਾ ਰੰਗ ਦੇ ਪੋਸ਼ਾਕ ਪਹਿਨ ਕੇ ਆਪਣੀ ਬਹਾਦਰੀ ਦੇ ਕਰਤੱਵ ਵਿਖਉਣੇ ਸਨ |ਅੱਜ ਇਹ ਤਿਓੁਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ, ਲੋਕੀ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਤੇ ਪਤੰਗ ਅੰਬਰਾਂ ਵਿੱਚ ਉਡਾਏ ਜਾਂਦੇ ਹਨ | ਤਰਾਂ ਤਰਾਂ ਦੇ ਪੰਜਾਬੀ ਪਕਵਾਨ ਬਣਾਏ ਜਾਂਦੇ ਹਨ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨI |

3. ਵਿਸਾਖੀ ਦਾ ਤਿਓੁਹਾਰ

ਵਿਸਾਖੀ ਦਾ ਤਿਓੁਹਾਰ ਇੱਕ ਧਾਰਮਿਕ ਤਿਓੁਹਾਰ ਹੈ ਜੋ ਕਿ ਸਿੱਖਾਂ ਅਤੇ ਹਿੰਦੂਆਂ ਦੋਵਾਂ ਧਰਮਾਂ ਲਈ ਬਹੁਤ ਅਹਿਮੀਅਤ ਰੱਖਦਾ ਏ | ਇਸ ਦਿਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈਸਵੀ ਵਿੱਚ ਪੰਜ ਪਿਆਰਿਆ ਨੂੰ ਅੰਮ੍ਰਿਤ ਛੱਕਾ ਕੇ ਗੁਰੂ ਦੇ ਸਿੰਘ ਸਜਾਏ ਅਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਵਿਸਾਖੀ ਦਾ ਤਿਓੁਹਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਧੂਮ- ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਤਿਓੁਹਾਰ ਦਾ ਦੂਸਰਾ ਸਬੰਧ ਪੰਜਾਬ ਵਿੱਚ ਵਸਦੇ ਕਿਸਾਨਾਂ ਨਾਲ ਹੈ | ਵਿਸਾਖੀ ਕਣਕ ਫ਼ਸਲ ਦੀ ਵਾਢੀ ਦੀ ਖੁਸ਼ੀ ਵਿੱਚ ਵੀ ਮਨਾਈ ਜਾਂਦੀ ਹੈ |

4. ਤੀਆਂ ਦਾ ਤਿਓੁਹਾਰ

ਤੀਜ ਤਿਓੁਹਾਰ ਦਾ ਪੰਜਾਬੀ ਨਾਮ ਹੈ ਤੀਆਂ ਜੋ ਕਿ ਪੰਜਾਬ ਤੇ ਹਰਿਆਣਾ ਖੇਤਰ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਇਹ ਤਿਓੁਹਾਰ ਮੌਨਸੂਨ ਦੇ ਸ਼ੁਰੂਆਤੀ ਦਿਨਾਂ  ਵਿੱਚ ਆਰੰਭ ਹੁੰਦਾ ਹੈ | ਪਿੰਡ ਦੀਆ ਧੀਆਂ ਤੇ ਭੈਣਾਂ ਇਸ ਤਿਓੁਹਾਰ ਨੂੰ ਸ਼ਾਨਦਾਰ ਤਰੀਕੇ ਨਾਲ ਗਿੱਧਾ ਤੇ ਗੀਤ ਗਾ ਕੇ ਮਨਾਉਂਦੀਆ ਹਨ | ਪੁਰਾਣੇ ਸਮਿਆਂ ਵਿਚ ਵਿਆਹੀਆਂ  ਔਰਤਾਂ ਇਹ ਤਿਓੁਹਾਰ ਮਨਾਓਣ ਲਈ ਆਪਣੇ ਪੇਕੇ ਘਰ ਜਾਇਆ ਕਰਦੀਆਂ ਸਨ ਤੇ  ਸਾਉਣ ਦਾ ਪੂਰਾ ਮਹੀਨਾ ਆਪਣੇ ਮਾਪਿਆਂ ਘਰ ਹੀ ਰਹਿ ਕੇ ਆਉਂਦੀਆ ਸਨ | ਅੱਜ ਵੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਇਹ ਰਿਵਾਜ ਚਲਿਆ ਆ ਰਿਹਾ ਹੈ |

5. ਰੱਥ ਯਾਤਰਾ ਨਾਭਾ

ਰੱਥ ਯਾਤਰਾ ਇੱਕ ਹਿੰਦੂ ਤਿਉਹਾਰ ਪੰਜਾਬ ਦੇ ਸ਼ਹਿਰ ਨਾਭਾ ਵਿੱਚ ਮੰਦਿਰ ਠਾਕੁਰ ਸ਼੍ਰੀ ਸਤਿਆ ਨਰਾਇਣ ਜੀ ਵਿਖੇ ਮਨਾਇਆ ਜਾਂਦਾ ਹੈ ਜੋ ਭਗਵਾਨ ਜਗਨਨਾਥ ਨਾਲ ਸੰਬੰਧਿਤ ਹੈ |ਰੱਥ ਯਾਤਰਾ ਦੇ ਵਿੱਚ ਜਗਨਨਾਥ, ਬਾਲਭੱਦਰ ਅਤੇ ਸੁਭਦਰਾ ਦੇ ਦੇਵਤਿਆਂ ਦੀਆਂ ਝਾਕੀਆਂ ਕੱਢ ਕੇ ਦੇਵੀ ਚੌਂਕ ਤੱਕ ਲਿਆਇਆ ਜਾਂਦਾ ਹੈ ਅਤੇ ਫੇਰ ਰੱਥ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ | ਇਸ ਰੱਥ ਯਾਤਰਾ ਵਿੱਚ ਸਾਰੇ ਨਾਭਾ ਸ਼ਹਿਰ ਦਾ  ਚੱਕਰ ਲਗਾਇਆ ਜਾਂਦਾ ਹੈ I

ਅੱਜ ਸਾਡੀ ਆਪਣੀ ਮਾਤਭੂਮੀ ,ਪੰਜਾਬ ਜੋ ਅਨੇਕ ਬੇ -ਇਨਸਾਫੀਆਂ  ਦਾ ਸ਼ਿਕਾਰ ਹੈI ਲੋਕ ਰਾਜ ਹੋਣ ਦੇ ਬਾਵਜੂਦ ਇਸ ਦੀਆਂ ਪਰੰਪਰਾਵਾਂ ਗਾਇਬ ਹਨ I ਲੋਕਾਂ ਨੂੰ ਆਪਣਾ ਸਨਮਾਨ, ਸੁਤੰਤਰਤਾ ਤੇ ਸਮਾਜਿਕ ਨਿਆਂ ਪ੍ਰਾਪਤ ਨਹੀਂ ਹਨ I ਬਹੁਗਿਣਤੀ ਆਪਣੇ ਅਧਿਕਾਰਾਂ ਤੋਂ ਤਾਂ ਵਾਕਿਫ਼ ਹੈ ਪਰ ਕਰੱਤਵ ਸ਼ਾਇਦ ਭੁਲ ਗਈ ਹੈ I ਸਾਰੇ ਦੇਸ਼ ਵਿਚ ਬੇਚੈਨੀ, ਅਸੰਤੁਸ਼ਟਾ ਤੇ ਅਨਿਆਂ ਦਾ ਹਨੇਰਾ ਛਾਇਆ ਹੋਇਆ ਹੈ I ਅਜੇ ਲੋੜ ਹੈ ਖਾਲਸਾ ਪੰਥ ਨੂੰ ਆਪਸੀ ਝਗੜੇ ਖਤਮ ਕਰਕੇ , ਸੰਗਠਿਤ ਹੋਕੇ ਸਿਆਸੀ ਸੂਝਬੂਝ ਨਾਲ ਆਪਣੇ ਹਕਾਂ ਦੀ ਰਾਖੀ ਕਰਨ ਦੀ I ਸਾਡਾ ਸ਼ਾਨਦਾਰ ਸਭਿਆਚਾਰ ਸਿਰਫ ਰਾਜਨੀਤਕ ਅਤਿਆਚਾਰ ਦੀ ਮਾਰ ਹੇਠ ਹੀ ਨਹੀਂ ਬਲਿਕ ਪਦਾਰਥਵਾਦ, ਉਗਰਵਾਦ, ਦੰਭ,  ਤੇ ਫੈਸ਼ਨਪ੍ਰਸਤੀ ਦਾ ਸ਼ਿਕਾਰ ਵੀ ਹੈ I ਇਸ ਕਰਕੇ ਲੋੜ ਹੈ ਬੜੀ ਸਾਵਧਾਨੀ ਦੀ ਤਾਕਿ ਜੋ ਬਚੀ ਖੁਚੀ ਸਭਿਅਤਾ ਅਤੇ ਵਿਰਸੇ ਨੂੰ  ਬਚਾਇਆ ਜਾ ਸਕੇ I

                       ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ

Print Friendly, PDF & Email

Nirmal Anand

Add comment

Translate »