ਸਿੱਖ ਇਤਿਹਾਸ

ਪੰਜਾਬ  ਦੀ ਵੰਡ – (1947)

ਪੰਜਾਬ  ਦੀ ਵੰਡ – (1947)

ਇਹ ਲੇਖ 1947 ਦੀ ਪੰਜਾਬ -ਵੰਡ ਬਾਰੇ  ਲਿਖਿਆ ਗਿਆ ਹੈ , ਜਦ ਭਾਰਤ ਨੂੰ ਅਜ਼ਾਦੀ ਮਿਲੀ ਸੀl  ਪੰਜਾਬ ਸਰਹੱਦੀ ਇਲਾਕਾ ਸੀ ਇਸ ਕਰਕੇ ਵਕਤ ਵਕਤ ਤੇ ਇਸ ਦੀਆਂ ਹੱਦਾਂ ਤੇ ਸਰਹੱਦਾਂ  ਬਦਲਦੀਆਂ ਰਹੀਆਂ l  ਕਦੇ ਪੰਜਾਬ “ਸਪਤ ਸੰਧੂ” ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਹੁੰਦੀ  ਸੀ। “ਤਰੀਖ਼ ਜਿਹਲਮ” ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ। ਇਹ  ਸੱਤ ਦਰਿਆ ਸੀ, ਸਿੰਧ,ਰਾਵੀ, ਚਨਾਬ, ਜੇਹਲਮ, ਸਤਲੁਜ,  ਬਿਆਸ , ਗੰਡਕ l ਫਿਰ ਇਹ ਪੰਜ ਦਰਿਆਵਾਂ ਦੀ ਧਰਤੀ ਰਹਿ  ਗਿਆ, ਰਾਵੀ, ਚਨਾਬ, ਜੇਹਲਮ, ਸਤਲੁਜ, ਬਿਆਸl 1947 ਵਿੱਚ ਅੰਗਰੇਜ਼ਾਂ ਨੇ ਹਿੰਦੁਸਤਾਨ ਛੱਡਣ ਤੋਂ ਪਹਿਲਾਂ – ਫਿਰ ਪੰਜਾਬ ਦੀ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਵੰਡ ਕੀਤੀ ਜਿਸਤੋਂ  ਬਾਅਦ ਇਹ ਸਿਰ ਢਾਈ ਦਰਿਆਵਾਂ ਦਾ ਪੰਜਾਬ ਰਹਿ ਗਿਆl ਅਜ਼ਾਦੀ ਦੀ ਬਾਅਦ ਵੀ ਪੰਜਾਬ ਨੂੰ ਟੋਟੇ ਕਰਣ ਵਿੱਚ ਆਪਣਿਆਂ  ਨੇ  ਕੋਈ ਕਸਰ ਨਹੀਂ ਛੱਡੀl  ਰੱਬ ਖੈਰ ਕਰੇ -ਪਤਾ ਨਹੀਂ ਕੱਦ ਤਕ ਪੰਜਾਬ ਦੇ ਟੋਟੇ ਹੁੰਦੇ ਰਹਿਣਗੇ l

ਕਾਰਣ :-ਅਸਲ ਵਿਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦੀ ਕਾਂਗਰਸ ਪਾਰਟੀ ਅਤੇ ਕੁੱਲ ਆਬਾਦੀ ਦੇ 25 ਫ਼ੀਸਦੀ ਮੁਸਲਮਾਨਾਂ ਦੀ ਪ੍ਰਤੀਨਿਧ ਜਮਾਤ, ਮੁਸਲਿਮ ਲੀਗ਼ ਵਿਚਕਾਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਆਪਸ ਵਿਚ ਬੇਭਰੋਸਗੀ ਬਣੀ ਰਹੀ ਜਿਸ ਕਰਕੇ ਆਪਸ ਵਿੱਚ ਕੋਈ ਸਿਆਸੀ ਸਮਝੌਤਾ ਨਾ ਹੋ ਸਕਿਆ। ਅਖ਼ੀਰ ਬਰੇ-ਸਗ਼ੀਰ ਦਾ ਬਟਵਾਰਾ  ਦੋ ਮੁਲਕਾਂ ,ਭਾਰਤ ਅਤੇ ਪਾਕਿਸਤਾਨ  ਵਿਚ ਹੋ ਗਿਆ।ਪੂਰਵੀ ਤੇ ਪੱਛਮੀ ਪੰਜਾਬ ਦੋਨੋਂ ਤਰਫ ਦੇ ਪੰਜਾਬੀਆਂ ਨੂੰ ਆਪਣਾ ਘਰ ਬਾਹਰ ਜ਼ਮੀਨ , ਜਾਇਦਾਤ ਛੱਡ ਕੇ ਆਪਣੇ ਆਪਣੇ ਦੇਸ਼ ਪੂਰਵੀ ਤੇ ਪੱਛਮੀ ਪੰਜਾਬ ਜਾਣਾ ਪਿਆl ਦੋਨੋਂ ਹਿੰਦੂ , ਮੁਸਲਮਾਨ ਤੇ ਸਿੱਖ ਜੋ ਆਪਸ ਵਿੱਚ ਭਰਾਵਾਂ ਵਾਂਗ ਰਹਿੰਦੇ ਸੀ ਇੱਕ ਦੂਜੇ ਦੇ ਦੁਸ਼ਮਣ ਬਣ ਗਏl  ਫ਼ਿਰਕਾਪ੍ਰਸਤੀ ਅੱਗ ਦੀਆਂ ਲਾਟਾਂ ਵਿਚ ਸੜੇ ਲੱਖਾਂ ਕਾਮੇ, ਮਜ਼ਦੂਰ, ਗ਼ਰੀਬ ਦਲਿਤ ਪਰਿਵਾਰ ਗੁੰਮਨਾਮੀ ਅਤੇ ਅਣਗੌਲੇਪਣ ਦੀ ਡੂੰਘੀਆਂ ਪਰਤਾਂ ਥੱਲੇ ਦੱਬੇ ਗਏ।1947 ਵਿਚ ਆਪਸੀ ਦੋ ਵਿਰੋਧੀ ਰਾਸ਼ਟਰਵਾਦਾਂ ਦੀ ਟੱਕਰ ਨੇ ਸਿਰਫ਼ ਪੰਜਾਬ ਦੇ ਟੁਕੜੇ ਹੀ ਨਹੀਂ ਕਰਵਾਏ ਸਗੋਂ ਪੰਜਾਬੀਆਂ ਦੀ ਇੰਨੀ ਭਿਆਨਕ ਵੱਢ-ਟੁੱਕ ਕਰਵਾਈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ  

ਇਸ ਆਪਸੀ ਟੱਕਰ ਦੀ ਸ਼ੁਰੂਵਾਤ 19ਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋਈ, ਜਦ ਬਹੁਗਿਣਤੀ ਹਿੰਦੂ ਸਮਾਜ ਨੂੰ ਆਧਾਰ ਬਣਾ ਕੇ ਇੰਡੀਅਨ ਨੈਸ਼ਨਲਿਜ਼ਮ ਦਾ ਉਭਾਰ ਸ਼ੁਰੂ ਹੋਇਆ ਸੀ। ਕੁਝ ਬੰਗਾਲੀ ਬੁੱਧੀਜੀਵੀਆਂ ਨੇ ਇਸ ਉਭਾਰ ਵਿਚ ਚੋਖਾ ਹਿੱਸਾ ਪਾਇਆ। ਮਹਾਤਮਾ ਗਾਂਧੀ ਨੇ 1920 ਵਿਚ ਕਾਂਗਰਸ ਨਾਲ ਜੁੜਨ ਪਿੱਛੋਂ ਧਾਰਮਿਕ ਪ੍ਰਤੀਕਾਂ, ਜਿਵੇਂ ਭਾਰਤ ਵਰਸ਼ ਵਿੱਚ ‘ਰਾਮਰਾਜ ਲਿਆਉਣਾ’ ਆਦਿ ਦੀ ਵੱਡੇ ਪੱਧਰ ਉੱਤੇ ਵਰਤੋਂ ਕੀਤੀ। ਮੁਸਲਮਾਨਾਂ ਨੂੰ ਇਹ ਸਭ ਕੁਝ ਰਾਸ ਨਹੀਂ ਆਇਆ । ਮਹਾਤਮਾ ਗਾਂਧੀ ਨੇ ਆਪਣੇ ਆਪ ਨੂੰ ਸਨਾਤਨ ਹਿੰਦੂ ਵੀ ਦੱਸਿਆ ਅਤੇ ਹਿੰਦੀ ਦੇ ਹੱਕ ਵਿਚ ਤਣ ਵੀ ਗਿਆ।

ਮੁਹੰਮਦ ਅਲੀ ਜਿਨਾਹ ਨੇ  ਜਿਸ  ਨੂੰ ਕਦੇ  ਹਿੰਦੂ-ਮੁਸਲਮਾਨ ਏਕਤਾ ਦਾ ਰਾਜਦੂਤ ਕਿਹਾ ਜਾਂਦਾ ਸੀ  ਆਪਣੀ ਸਿਆਸੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਲੀਡਰ  ਬਤੌਰ  ਸ਼ੁਰੂ ਕੀਤੀ ਸੀ। ਜਿਸ ਪੱਧਰ ’ਤੇ ਭਾਰਤੀ ਰਾਸ਼ਟਰਵਾਦ ਕਾਂਗਰਸ ਦੀਆਂ ਬਹੁਗਿਣਤੀ ਆਧਾਰਿਤ ਨੀਤੀਆਂ ਉੱਤੇ ਦਿਨ-ਬ-ਦਿਨ ਮਜ਼ਬੂਤ ਹੋਇਆ, ਉਸੇ ਤਰ੍ਹਾਂ ਉਸੇ ਪੱਧਰ ਉੱਤੇ ਮੁਸਲਮਾਨਾਂ ਨੇ ਵੀ  ਕਾਂਗਰਸ ਤੋਂ ਪਾਸਾ ਵੱਟ ਕੇ ਮੁਸਲਿਮ ਲੀਗ ਵੱਲ ਜਾਂਦੇ ਰਹੇ। ਕਾਂਗਰਸ ਅਤੇ ਮੁਸਲਿਮ ਲੀਗ ਨੂੰ 1916 ਵਾਲਾ ‘ਲਖਨਊ ਪੈਕਟ’ ਅਤੇ ਬਾਅਦ ਦੀਆਂ ਹੋਰ ਕਈ ਸਿਆਸੀ ਕੋਸ਼ਿਸ਼ਾਂ ਵੀ ਇਕ-ਦੂਜੇ ਦੇ ਨੇੜੇ ਨਾ ਲਿਆ ਸਕੀਆਂ। ਫਿਰ 1937 ਦੀਆਂ ਅਸੈਂਬਲੀ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਮਗਰੋਂ ਕਾਂਗਰਸ ਨੇ ਮੁਸਲਿਮ ਲੀਗ ਨੂੰ ਰਾਜ ਭਾਗ ਵਿਚ ਸਿਰਫ਼ ਹਿੱਸੇਦਾਰੀ ਤੋਂ ਪਰ੍ਹੇ ਨਹੀਂ ਰੱਖਿਆ ਸਗੋਂ ਲੀਗ ਨੂੰ ਤੋੜਨ ਲਈ ਕਾਂਗਰਸ ਅੰਦਰ ਮੁਸਲਮਾਨਾਂ ਦੀ ਵੱਡੇ ਪੱਧਰ ਉੱਤੇ ਭਰਤੀ ਵੀ ਸ਼ੁਰੂ ਕਰ ਦਿੱਤੀ। ਕਾਂਗਰਸ ਦੀ ਇਸ ਚਾਲ ਤੋਂ ਖਫ਼ਾ ਹੋਏ ਜਿਨਾਹ ਨੇ 1940 ਵਿਚ ਵੱਖਰਾ ਮੁਲਕ ਪਾਕਿਸਤਾਨ ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ਆਪਣੀ ਟੂ-ਨੇਸ਼ਨ ਥਿਊਰੀ ਨੂੰ ਖ਼ੂਬ ਪ੍ਰਚਾਰਿਆ ਜਿਸ ਕਰਕੇ ਮੁਸਲਮਾਨਾਂ ਅੰਦਰ ਵੀ ਰਾਸ਼ਟਰਵਾਦ ਪ੍ਰਚੰਡ ਹੋ ਗਿਆ।

ਦੂਜੇ ਪਾਸੇ 1925 ਵਿਚ ਸਥਾਪਿਤ ਹੋਈ ਆਰਐੱਸਐੱਸ ਅਤੇ ਵੀਰ ਸਾਵਰਕਰ ਦੇ ਹਿੰਦੂਤਵ ਦੇ ਸੰਕਲਪ ਨੇ ਕੱਟੜਤਾ ਦੀ ਪੁੱਠ ਚਾੜ੍ਹ ਦਿੱਤੀ। ਇਸ ਕਰਕੇ 1940 ਤੋਂ ਬਾਅਦ ਭਾਰਤ ਵਿਚ ਦੋ ਵਿਰੋਧੀ ਰਾਸ਼ਟਰਵਾਦ ਟਕਰਾਉਣ ਲੱਗੇ। ਇਸ ਕਾਰਨ ਦੇਸ਼ ਨੂੰ ਇਕੱਠਾ ਰੱਖਕੇ ਫੈਡਰਲ ਢਾਂਚਾ ਉਸਾਰਨ ਲਈ ਅੰਗਰੇਜ਼ੀ ਰਾਜ ਵੱਲੋਂ 1946 ਵਿਚ ਲਿਆਂਦੇ ‘ਕੈਬਨਿਟ ਪਲੈਨ’ ਨੂੰ ਨਹਿਰੂ-ਪਟੇਲ ਨੇ ਪ੍ਰਵਾਨ ਨਾ ਕੀਤਾ। ਕਾਂਗਰਸ ਵੱਲੋਂ ਪਲੈਨ ਰੱਦ ਕਰਨ ਉੱਤੇ ਜਿਨਾਹ ਦਾ ਸਖ਼ਤ ਪ੍ਰਤੀਕਰਮ ਸੀ । ਉਸ ਸਮੇਂ ਕਾਂਗਰਸੀ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ “ਫੈਡਰਲ ਇੰਡੀਆ ਨਾਲੋਂ ਅਸੀਂ ‘ਡਿਵਾਈਡਡ’ (ਵੰਡਿਆ ਹੋਇਆ) ਇੰਡੀਆ ਪਸੰਦ ਕਰਦੇ ਹਾਂ।” ਇਸੇ ਕਰਕੇ ਕਾਂਗਰਸ ਨੇ 8 ਮਾਰਚ 1947 ਨੂੰ ਮਤਾ ਪਾਸ ਕਰਕੇ  ਕੇ ਹਿੰਦੋਸਤਾਨ ਦੇ ਬਟਵਾਰੇ ਅਤੇ ਪਾਕਿਸਤਾਨ ਦੇ ਬਣਨ ਉੱਤੇ ਖ਼ੁਦ ਹੀ ਮੋਹਰ ਲਾ ਦਿੱਤੀ।

16 ਅਗਸਤ 1946 ਨੂੰ ਜਿਨਾਹ ਵੱਲੋਂ ‘ਸਿੱਧੇ ਐਕਸ਼ਨ’ (Direct Action) ਦੇ ਸੱਦੇ ਦੇ ਫ਼ਲਸਰੂਪ ਬਿਹਾਰ, ਬੰਗਾਲ, ਕਲਕੱਤੇ ਵਿਚ ਹਿੰਦੂ-ਮੁਸਲਮਾਨਾਂ ਵਿਚ ਫ਼ਿਰਕੂ ਦੰਗੇ ਭੜਕ ਪਏ  ਪਰ ਪੰਜਾਬ ਸ਼ਾਂਤ ਰਿਹਾ ਸੀ। ਇੱਥੋਂ ਤੱਕ ਕਿ ਜਨਵਰੀ 1947 ਵਿਚ ਹਿੰਦੂ ਸਿੱਖ, ਮੁਸਲਮਾਨ ਢਾਬਿਆਂ ਉੱਤੇ ਇਕੱਠੇ ਚਾਹ ਪੀਂਦੇ ਰਹੇ ਸਨ।14-15 ਮਈ (1947) ਜਿਨਾਹ ਅਤੇ ਲਿਆਕਤ ਅਲੀ ਖ਼ਾਨ ਨੇ ਮਹਾਰਾਜਾ ਪਟਿਆਲਾ ਅਤੇ ਅਕਾਲੀ ਲੀਡਰਾਂ ਨਾਲ ਮੁਲਾਕਾਤਾਂ ਦੌਰਾਨ ਸਿੱਖਾਂ ਨੂੰ ਪਾਕਿਸਤਾਨ ਵਿਚ ਰਲਾਉਣ ਲਈ ਖੁੱਲ੍ਹਦਿਲੀ ਵਾਲੀਆਂ ਪੇਸ਼ਕਸ਼ਾਂ ਕੀਤੀਆਂ ਸਨ। ਪਰ ਸਿੱਖ ਲੀਡਰਾਂ ਨੂੰ ਇਹ ਨਾਮੰਜੂਰ ਸੀl

20 ਫਰਵਰੀ (1947) ਨੂੰ ਲੰਡਨ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਐਟਲੀ ਵੱਲੋਂ ਐਲਾਨ ਕੀਤਾ ਗਿਆ ਕਿ ਅੰਗਰੇਜ਼ੀ ਰਾਜ ਪੂਰਨ ਰੂਪ ਵਿਚ ਜੂਨ 1948 ਤੱਕ ਹਿੰਦੋਸਤਾਨੀ ਬਰੇ-ਸਗ਼ੀਰ ਵਿਚੋਂ ਨਿਕਲ ਆਵੇਗਾ। ਇਸ ਪਿੱਛੋਂ ਪੰਜਾਬ ਵਿਚ ਤੇਜ਼ੀ ਨਾਲ ਤਬਦੀਲੀਆਂ ਆਈਆਂ।ਤਿੰਨ ਮਾਰਚ ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਵਿਚ ਨੰਗੀ ਤਲਵਾਰ ਲਹਿਰਾਉਂਦਿਆਂ ਪਾਕਿਸਤਾਨ ਦੀ ਮੰਗ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ। ਅਗਲੇ ਦਿਨ ਸ਼ਹਿਰ ਵਿਚ ਹਿੰਦੂ -ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਹਿੰਸਕ ਵਾਰਦਾਤਾਂ ਸ਼ੁਰੂ ਹੋ ਗਈਆਂ।

ਤਿੰਨ ਜੂਨ 1947 ਨੂੰ ਲਾਰਡ ਮਾਊਂਟਬੈਂਟਨ ਨੇ ਦੇਸ਼ ਦੇ ‘ਬਟਵਾਰੇ ਦੀ ਯੋਜਨਾ’ ਦਾ ਐਲਾਨ ਕਰ ਦਿੱਤਾ। ਪੰਜਾਬ ਦੀ ਵੰਡ ਦੀ ਅਸਲ ਨਿਸ਼ਾਨਦੇਹੀ ਨੂੰ ਢਾਈ ਮਹੀਨਿਆਂ ਬਾਅਦ 7 ਅਗਸਤ ਨੂੰ ਜਨਤਕ ਕੀਤਾ ਗਿਆ। ਇੰਨੇ ਲੰਮੇ ਅਰਸੇ ਵਿਚ ਸਰਹੱਦ ਦੀ ਅਨਿਸ਼ਚਿਤਤਾ ਕਰਕੇ ਹਿੰਸਕ ਘਟਨਾਵਾਂ ਵਿਚ ਵੱਡਾ ਵਾਧਾ ਹੋਇਆ। ਮੁਸਲਮਾਨਾਂ ਤੇ ਹਿੰਦੂ-ਸਿੱਖ ਧਿਰਾਂ ਵੱਧ ਤੋਂ ਵੱਧ ਇਲਾਕੇ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੀਆਂ ਸਨ। ਜਿਵੇਂ ਅੰਮ੍ਰਿਤਸਰ ਸ਼ਹਿਰ ਉੱਤੇ ਵੀ ਮੁਸਲਿਮ ਲੀਗ ਕਬਜ਼ਾ ਰੱਖਣਾ ਚਾਹੁੰਦੀ ਸੀ ਕਿਉਂਕਿ ਉੱਥੇ ਮੁਸਲਮਾਨਾਂ ਦੀ ਆਬਾਦੀ ਅੱਧ ਦੇ ਨੇੜੇ (47 ਫ਼ੀਸਦੀ) ਸੀ, ਪਰ ਆਲੇ-ਦੁਆਲੇ ਪਿੰਡਾਂ ਵਿਚ ਸਿੱਖਾਂ ਦੀ ਚੋਖੀ ਵਸੋਂ ਸੀ।

ਉਸ ਪਾਗ਼ਲਪਣ ਦੇ ਦੌਰ ਵਿਚ ਸਿੱਖ ਦਸਤਿਆਂ ਨੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਨੰਗੀਆਂ ਮੁਸਲਮਾਨਾਂ ਔਰਤਾਂ ਦਾ ਜਲੂਸ ਕੱਢਿਆ।  ਅੰਮ੍ਰਿਤਸਰ ਵਰਤਾਰੇ ਦੇ ਬਦਲੇ ਵਿਚ ਮੁਸਲਮਾਨ ਗੁੰਡਿਆਂ ਨੇ ਸਿਆਲਕੋਟ ਵਿੱਚ ਹਿੰਦੂ-ਸਿੱਖ ਔਰਤਾਂ ਨੂੰ ਨੰਗੀਆਂ ਕਰਕੇ ਬਾਜ਼ਾਰਾਂ ਵਿਚ ਘੁੰਮਾਇਆ ਸੀ। ਬਹੁਤ ਥਾਈਂ ਜਵਾਨ ਲੜਕੀਆਂ ਦੀ ਬੇਪਤੀ ਹੋਣ ਦੇ ਡਰ ਤੋਂ ਮਾਪਿਆਂ ਨੇ ਖ਼ੁਦ ਹੀ ਧੀਆਂ  ਮਾਰ ਦਿੱਤੀਆਂ ਸਨ। ਅਜਿਹੇ ਹੈਵਾਨੀਅਤ ਦੇ ਮਾਹੌਲ ਵਿਚ ਕਈ ਜਵਾਨ ਔਰਤਾਂ ਟੋਭੇ, ਖੂਹਾਂ ਅਤੇ ਨਹਿਰਾਂ ਵਿਚ ਖ਼ੁਦ ਛਾਲਾਂ ਮਾਰ ਕੇ ਮਰ ਗਈਆਂl

ਇਕ  ਸ਼ਪੈਸਲ ਰੇਲਗੱਡੀ 10 ਅਗਸਤ 1947 ਨੂੰ ਸੀਨੀਅਰ ਮੁਸਲਮਾਨ ਸਰਕਾਰੀ ਅਫ਼ਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਦਿੱਲੀ ਤੋਂ ਕਰਾਚੀ ਲਈ ਰਵਾਨਾ ਹੋਈ ਸੀ। ਪੂਰਬੀ ਪੰਜਾਬ ਵਿਚੋਂ ਲੰਘਣ ਸਮੇਂ ਇਸ ਗੱਡੀ ਨੂੰ ਉਡਾ ਦੇਣ ਲਈ ਹਥਿਆਰਬੰਦ ਗਰੁੱਪ ਪਟਿਆਲੇ ਤੋਂ ਭੇਜਿਆ ਗਿਆ। ਮੁਹੰਮਦ ਅਲੀ ਜਿਨਾਹ ਨੂੰ ਮਾਰਨ ਦੀ ਯੋਜਨਾ ਘੜੀ ਗਈ ਸੀ ਜਿਸ ਦਾ ਪੁਲੀਸ ਨੂੰ ਪਹਿਲਾਂ ਹੀ  ਪਤਾ ਲੱਗ ਗਿਆ। ਦੋਨੋਂ ਪਾਸੇ ਰਿਫਿਊਜੀਆਂ ਦੀਆਂ ਰੇਲਗੱਡੀਆਂ ਉੱਤੇ ਹਥਿਆਰਬੰਦ ਧਾੜਵੀਆਂ ਅਤੇ ਲੁਟੇਰਿਆਂ ਦੀਆਂ ਜੁੰਡਲੀਆਂ ਨੇ ਲਗਾਤਾਰ ਹਮਲੇ ਕੀਤੇ। ਧਨਵੰਤਰੀ ਲਿਖਦਾ ਹੈ ਕਿ ਪੂਰਬੀ ਅਤੇ ਕੇਂਦਰੀ ਪੰਜਾਬ ਦੇ ਬਾਰਾਂ ਜ਼ਿਲ੍ਹਿਆਂ ਵਿੱਚ ਭਿਆਨਕ ਕਤਲੋਗਾਰਤ ਹੋਈ।

ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਦਾ ਨਿਚੋੜ ਉਸ ਦਾ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਆਪਣੀ ਸਵੈਜੀਵਨੀ ‘ਜੀਵਨ ਵਿਕਾਸ’ ਵਿਚ ਦਿੰਦਾ ਹੈ ‘‘ਮੁਸਲਿਮ ਲੀਗੀ ਪਾਕਿਸਤਾਨ ਬਣਾਉਣ ਉੱਤੇ ਤੁਲੇ ਹੋਏ ਸਨ- ਉਨ੍ਹਾਂ ਨੇ ਹਿੰਦੂਆਂ-ਸਿੱਖਾਂ ਨੂੰ ਮਾਰਨਾ ਵੱਢਣਾ ਸ਼ੁਰੂ ਕਰ ਦਿੱਤਾ। ਅਕਾਲੀ ਚੰਗੇ ਜਥੇਬੰਦ ਸਨ ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਦਾ ਵਾਹਦ ਲੀਡਰ ਸੀ। ਦੋਵੇਂ ਧਿਰਾਂ ਦਰਮਿਆਨ  ਦੋਵੇਂ ਪਾਸੇ ਬੇਅੰਤ ਜ਼ੁਲਮ ਹੋਏ। ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਤਾਂ ਬਚਾਇਆ, ਪਰ ਬਟਵਾਰੇ ਵਿਚ ਸਿੱਖੀ ਦੇ ਕੇ। ਸਿੱਖੀ ਗ਼ਰੀਬਾਂ ਅਨਾਥਾਂ ਉੱਤੇ ਹੱਥ ਚੁੱਕਣ ਵਿਚ ਨਹੀਂ। ਸਿੱਖੀ ਤਾਂ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਵਾਂਗ ਸ਼ਹੀਦ ਹੋਣ ਵਿਚ ਹੈ।”ਇਸ ਵੰਡ ਵਿੱਚ ਘੱਟੋ-ਘੱਟ 10 ਲੱਖ ਲੋਕ ਮਾਰੇ ਗਏ ਤੇ 90 ਲੱਖ ਤੋਂ ਇਕ ਕਰੋੜ ਲੋਕਾਂ ਨੇ ਘਰਾਂ ਤੋਂ ਉੱਜੜ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਰਿਫਿਊਜੀ ਬਣ ਕੇ ਮੁੜ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਧਾਲੀਆਂ ਗਈਆਂ ਔਰਤਾਂ ਦੀ ਗਿਣਤੀ ਵੀ ਇਕ ਲੱਖ ਦੱਸੀ ਜਾਂਦੀ ਹੈ।

ਪੂਰਬੀ ਪੰਜਾਬ ਵਿਚ ਕਈ ਥਾਈਂ ਸੰਵੇਦਨਸ਼ੀਲ ਸਿੱਖਾਂ ਨੇ ਤਲਵਾਰਾਂ ਅਤੇ ਨੇਜ਼ੇ ਲੈ ਕੇ ਮੁਸਲਮਾਨਾਂ ਦੇ ਕਾਫ਼ਲਿਆਂ ਦੀ ਰਾਖੀ ਕੀਤੀ ਅਤੇ ਉਨ੍ਹਾਂ ਨੂੰ ਸਰਹੱਦ ਟਪਾ ਕੇ ਵਾਪਸ ਆਏ।ਬਹੁਤ ਕੁਝ ਹੋ ਗਿਆ ਪਰ  ਫਿਰ ਵੀ ਪੰਜਾਬੀਅਤ ਖ਼ਤਮ ਨਹੀਂ ਹੋਈ ਸੀ। ਰਾਜਮੋਹਨ ਗਾਂਧੀ ਜ਼ੋਰ ਦੇ ਕੇ ਕਹਿੰਦਾ ਹੈ: “ਮਾਰਨ ਵਾਲਿਆਂ ਨਾਲੋਂ ਬਚਾਉਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ। ਜੇ ਬਚਾਉਣ ਵਾਲੇ ਨਾ ਹੁੰਦੇ ਤਾਂ ਪੂਰਬੀ ਪੰਜਾਬ ਤੋਂ 44 ਲੱਖ ਮੁਸਲਮਾਨ ਅਤੇ ਪੱਛਮੀ ਪੰਜਾਬ ਤੋਂ 36 ਲੱਖ ਹਿੰਦੂ ਸਿੱਖ ਕਿਵੇਂ ਇੱਧਰ ਉੱਧਰਲੇ ਪੰਜਾਬਾਂ ਵਿਚ ਬਚ ਕੇ ਆ ਜਾਂਦੇ। ਪੰਜਾਬ ਵਿਚ ਤਾਇਨਾਤ ਅੰਗਰੇਜ਼ੀ ਅਫ਼ਸਰ ਪੈਂਡਰਲ ਮੂਨ ਲਿਖਦਾ ਹੈ ਕਿ “ਹਿੰਦੂ-ਸਿੱਖਾਂ ਨੇ ਪੰਜਾਬ ਦੀ ਵੰਡ ਵਿੱਚ ਜ਼ਿਆਦਾ ਜਾਇਦਾਦਾਂ ਗਵਾਈਆਂ ਅਤੇ ਮੁਸਲਮਾਨਾਂ ਨੇ ਜ਼ਿਆਦਾ ਜਾਨਾਂ।”

ਬਰਤਾਨਵੀ ਸੰਸਦ ਵਿਚ 10 ਜੁਲਾਈ 1947 ਨੂੰ ਭਾਰਤ ਨੂੰ ਆਜ਼ਾਦੀ ਦੇਣ ਵਾਲੇ ਬਿੱਲ ਉੱਤੇ ਬਹਿਸ ਸ਼ੁਰੂ ਹੋਈ। ਐਲਮ ਡੰਕਨ ਵਰਗੇ ਕਈ ਮੈਂਬਰਾਂ ਨੇ ਕਿਹਾ ਕਿ ਹਿੰਦੋਸਤਾਨੀ ਬਰੇ-ਸਗ਼ੀਰ ਦਾ ਬਟਵਾਰਾ ਕੋਈ ਸਮੱਸਿਆ ਹੱਲ ਨਹੀਂ ਕਰੇਗਾ ਸਗੋਂ ਵੰਡ ਦੀ ਲਕੀਰ ਦੋ ਦੁਸ਼ਮਣਾਂ ਨੂੰ ਆਹਮਣੇ ਸਾਹਮਣੇ ਖੜ੍ਹਾ ਕਰ ਦੇਵੇਗੀ। ਉਨ੍ਹਾਂ ਦੀ ਪੇਸ਼ੀਨਗੋਈ ਦਰੁਸਤ ਸਾਬਿਤ ਹੋਈ। ਅੱਜ 55 ਸਾਲ ਦੀ ਅਜ਼ਾਦੀ ਤੋਂ  ਬਾਅਦ ਕਈਆਂ ਲੀਡਰਾਂ ਦੀ ਕੋਸ਼ਿਸ਼ ਕਰਣ ਦੇ ਬਾਵਜੂਤ ਵੀ ਪਾਕਿਸਤਾਨ ਤੇ ਹਿੰਦੁਸਤਾਨ  ਦੁਸ਼ਮਣਾਂ ਦੇ ਤੋਰ ਤੇ ਆਮੋ-ਸਮਣੇ ਖੜੇ ਹਨ l  ਇਸੇ ਕਰਕੇ 18 ਅਗਸਤ 1947 ਨੂੰ ਬਰਤਾਨਵੀ ਸੰਸਦ ਵਿਚ ਬਿੱਲ ਪਾਸ ਹੋਣ ਸਮੇਂ ਪ੍ਰਧਾਨ ਮੰਤਰੀ ਕਲੀਮੈਂਟ ਰਿਚਰਡ ਐਟਲੀ ਦੇ ਆਖ਼ਰੀ ਸ਼ਬਦ ਸਨ,“ਮੇਰੀ ਸੰਜੀਦਾ ਇੱਛਾ ਹੈ ਕਿ ਇਹ ਬਟਵਾਰੇ ਦੀ ਲਕੀਰ ਮਿਟ ਜਾਵੇ- ਅਤੇ ਕੁਝ ਅਰਸੇ ਬਾਅਦ ਦੋਵੇਂ ਹਿੱਸੇ ਫਿਰ ਇੱਕ ਹੋ ਜਾਣ”l ਰਬੇ ਕਰੇ ਉਸਦੀ ਇੱਛਾ ਪੂਰੀ ਹੋ ਜਾਵੇl

                              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

2 comments

Translate »