ਸਿੱਖ ਇਤਿਹਾਸ

ਦੇਸ਼ ਦੀ ਆਜ਼ਾਦੀ ਵਿਚ ਸਿਖਾਂ ਦਾ ਯੋਗਦਾਨ

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ 1  ਉਸ ਵਕਤ ਦੇ  ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ  ਭਰਪੂਰ ਨਿੰਦਾ ਕੀਤੀ 1  ਇਹ ਇਕ ਵਡੇਰੀ ਸੋਚ ਤੇ  ਜੁਰਅਤ ਦਾ ਕੰਮ ਸੀ1  ਉਸ ਵਕਤ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1 ਪਡਿਤ ਬੋਧਿਨ ਨੇ ਸਿਰਫ ਸਿਕੰਦਰ ਲੋਧੀ ਦੇ ਦਰਬਾਰ ਵਿਚ ਇਤਨਾ ਆਖਿਆ ਸੀ ਕੀ ਹਿੰਦੂ ਤੇ ਮੁਸਲਮਾਨ ਦੋਨੋ ਧਰਮ ਚੰਗੇ ਹਨਾ ਤਾਂ  ਉਸਦਾ ਕਤਲ ਕਰਵਾ ਦਿਤਾ ਗਿਆ  1 ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ  ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ  ਬੇਖੋਫ਼ ਤੇ ਬੇਝਿਜ੍ਕ ਹੋਕੇ ਬਾਬਰ ਨੂੰ  ਵੰਗਾਰ ਕੇ ਆਖਿਆ :-

             ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ

             ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ

 ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-

            ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11

            ਆਪਿ ਦੋਸੁ ਨਾ  ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11

            ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11

ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ  ਪੀਰਾਂ  ਫਕੀਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਸਨ  ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ ਤੋ ਆਪ ਉਨ੍ਹਾ  ਦੇ ਦਰਸ਼ਨ ਕਰਨ ਲਈ ਆਇਆ ਤੇ ਤੁਰੰਤ  ਰਿਹਾ ਕਰਣ ਦਾ ਹੁਕਮ ਦੇ  ਦਿਤਾ 1 ਗੁਰੂ ਸਾਹਿਬ ਦੇ ਸਮਝਾਣ ਤੇ ਸਾਰੇ ਕੈਦੀਆਂ ਨੂੰ ਛੋੜ ਦਿਤਾ ਗਿਆ ਕਤਲੇਆਮ ਬੰਦ ਕਰਵਾ ਦਿਤਾ1  ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ  ਦੋਰ ਸ਼ੁਰੂ ਹੋ ਗਿਆ  1

ਗੁਰੂ ਅਰਜਨ ਦੇਵ ਜੀ ਦੀ ਵੀ ਸ਼ਹਾਦਤ ਮੁਗਲਾਂ ਦੇ ਜੁਲਮ ਤੇ ਜਬਰ ਖਿਲਾਫ਼ ਇਕ ਇਨਕਲਾਬੀ ਸ਼ਹਾਦਤ ਸੀ 1 ਇਸ   ਤੋਂ ਬਾਅਦ ਜੋਰ ਤੇ ਜਬਰ ਨਾਲ ਟਕਰ ਲੈਣ ਤੇ   ਹਕ ਤੇ ਸਚ ਦੀ ਰਾਖੀ ਕਰਨ ਦੀ ਜਰੂਰਤ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਤੋਂ ਪਈ ਜਦ ਮੁਗਲਾਂ ਦੇ ਜੁਲਮਾਂ ਦੀ ਸ਼ੁਰੁਵਾਤ ਹੋ ਚੁਕੀ ਸੀ1  ਉਨ੍ਹਾ ਨੇ ਮੀਰੀ ਨੂੰ ਪੀਰੀ ਨਾਲ , ਭਗਤੀ ਨੂੰ ਸ਼ਕਤੀ ਨਾਲ ਤੇ ਦੇਗ ਨੂੰ ਤੇਗ ਨਾਲ ਜੋੜਿਆ 1 ਇਸੇ ਹਕ ਤੇ ਸਚ ਦੀ ਰਾਖੀ ਲਈ   ਗੁਰੂ ਤੇਗ ਬਹਾਦਰ ਨੇ ਸਿਖਾਂ ਲਈ ਨਹੀਂ ਬਲਿਕ ਇਕ ਦੂਸਰੀ ਕੋਂਮ ਦੇ ਤਿਲਕ ,ਜੰਜੂ ਦੀ  ਰਖਿਆ ਲਈ ਜਿਸਤੇ ਨਾ ਉਨ੍ਹਾ ਦਾ  ਵਿਸ਼ਵਾਸ ਸੀ ਤੇ ਨਾ ਸਤਕਾਰ,  ਲਈ , ਆਪਣਾ ਬਲੀਦਾਨ ਦਿਤਾ ਸਿਰਫ ਜੋਰ ਤੇ ਜਬਰ ਦੇ ਖਿਲਾਫ਼ 1 ਉਸਤੋਂ ਬਾਅਦ ਤੇ ਕੁਰਬਾਨੀਆਂ ਦਾ ਕੋਈ ਅੰਤ ਨਹੀ ਰਿਹਾ 1 ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਭ ਕੁਝ ਜੋ ਉਨ੍ਹਾ ਕੋਲ ਸੀ -ਆਪਣਾ ਪਿਤਾ ,ਆਪਣੀ ਮਾਂ ਗੁਜਰੀ -ਆਪਣੇ ਚਾਰੋਂ ਸਾਹਿਬਜ਼ਾਦੇ -ਅਨੇਕ ਪਿਆਰੇ ਸਿੰਘ -ਆਪਣਾ ਘਰ -ਬਾਰ, ਹਾਥੀ ਘੋੜੇ, ਤਾਜ ਤੇ ਬਾਜ, ਧੰਨ- ਦੋਲਤ -ਮਹਿਲ ਮਾੜੀਆਂ ,ਸਭ ਕੁਝ ਦੇਸ਼ ਤੇ ਕੋਂਮ ਤੋਂ ਵਾਰ ਦਿਤਾ 1 ਕੀ ਇਹ ਮੁਲਕ  ਤੇ ਕੋਂਮ ਦੀ ਆਜ਼ਾਦੀ ਲਈ ਨਹੀਂ ਸੀ? ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀ 1  ਇਹ ਵਖਰੀ ਗਲ ਹੈ ਕਿ ਉਦੋਂ ਮੁਗਲ  ਹਿੰਦੁਸਤਾਨ ਤੇ ਕਾਬਜ ਸਨ ਤੇ ਬਾਅਦ ਵਿਚ ਅੰਗਰੇਜ਼ ਹੋ  ਗਏ 1 ਗੁਰੂ ਸਹਿਬਾਨਾਂ ਨੇ ਤਾਂ  ਬਾਣੀ ਰਾਹੀਂ ਅਕਾਲ ਪੁਰਖ ਦੇ ਸਾਜੇ ਹਰ ਬੰਦੇ ਨੂੰ ਚਾਹੇ ਉਹ ਕਿਸੇ ਕੋਮ, ਧਰਮ , ਦੇਸ ਜਾਂ ਪ੍ਰਦੇਸ ਦਾ ਹੋਵੇ , ਜਾਤ-ਪਾਤ,ਅਮੀਰ-ਗਰੀਬ ਤੋਂ ਉਪਰ ਉਠਕੇ ਸਵੈਮਾਨ ਤੇ ਇਜ਼ਤ ਨਾਲ ਜੀਣਾ ਸਿਖਾਇਆ ਹੈ 1 ਜਾਂ ਇਹ ਕਹਿ ਲਵੋ ਕਿ ਲੋਕਾਂ ਦੇ ਦਿਲਾਂ ਵਿਚ  ਅਜਾਦ ਹੋਣ ਦੇ ਜਜ਼ਬੇ ਨੂੰ  ਗੁਰੂ-ਸਹਿਬਾਨਾ ਨੇ ਉਭਾਰਿਆ 1

                                     “ਜੇ ਜੀਵੈ ਪਤਿ ਲਥੀ ਜਾਇ, ਸਭ ਹਰਾਮੁ ਜੇਤਾ ਕਿਛੁ ਖਾਇ”

ਗੁਰੂ ਗੋਬਿੰਦ ਸਿੰਘ ਜੀ ਨੂੰ ਇਸੇ ਆਦਰਸ਼ ਦੀ ਪੂਰਤੀ  ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ  1 ਉਹਨਾ ਦੀ ਸਿੰਘਾ ਲਈ  ਮੈਦਾਨ-ਏ-ਜੰਗ ਵਿਚ ਲਲਕਾਰ ਸੀ :-

”                               “ਦੇਹਿ ਸ਼ਿਵਾ ਬਰੁ ਮੋਹਿ ਇਹੈ  ਮੋਹਿ ਸ਼ੁਭ ਕਰਮਨ ਤੇ ਕਬਹੂੰ ਨਾ ਟਰੋ

                                  ਨਾ ਡਰੋ  ਅਰਿ ਸੋ  ਜਬ ਜਾਇ ਲਰੋ  ,ਨਿਸਚੈ  ਕਰਿ ਆਪੁਨੀ  ਜੀਤ ਕਰੋ

                                 ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਣ ਤਉ ਉਚਰੋ

                                 ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੇ ਤਬ ਜੂਝ ਮਰੋ “

ਬੰਦਾ ਬਹਾਦਰ ਆਪਣੇ 700 ਸਾਥੀਆਂ ਨਾਲ  ਆਪਣੇ ਪਰਿਵਾਰ ਸਮੇਤ ਦਿਲੀ ਵਿਚ ਸ਼ਹੀਦ ਹੋਏ1  ਉਸਤੋਂ ਬਾਅਦ ਤੇ ਕੁਬਾਨੀਆਂ ਦਾ ਕੋਈ ਅੰਤ ਹੀ ਨਹੀਂ1 ਅਠਾਰਵੀਂ ਸਦੀ ਵਿਚ ਨਾਦਰ ਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਦੇ ਲੁਟ ਦੇ ਸਮਾਨ ਵਿਚੋਂ ਹਜ਼ਾਰਾਂ ਔਰਤਾਂ ਤੇ ਬਚਿਆਂ ਨੂੰ ਖੋਹ ਕੇ ਬ-ਇਜ਼ਤ ਆਪਣੇ ਆਪਣੇ ਘਰਾਂ ਨੂੰ ਭੇਜਿਆ ਤੇ ਹਿੰਦੁਸਤਾਨ ਦੀ ਇਜ਼ਤ ਬਚਾਈ 1

ਖਾਲਸਾ ਪੰਥ ਦੀ ਸਾਜਨਾ ਦੇ 320 ਸਾਲਾ ਇਤਿਹਾਸ ਦੇ ਦੋਰਾਨ  ਸਿਖਾਂ ਨੇ ਭਾਰਤ ਤੇ ਭਾਰਤੀਆਂ ਦੀ ਆਜ਼ਾਦੀ ਦੀ ਰਖਿਆ ਲਈ ਜੋ ਸ਼ਾਨਦਾਰ ਭੂਮਿਕਾ ਨਿਭਾਈ ਹੈ, ਅਜ ਦੀ ਰਾਜਨੀਤੀ ਤੇ ਦੇਸ਼ ਦੀਆਂ ਕਈ ਫਿਰਕੂ ਪਾਰਟੀਆਂ ਇਸ ਨੂੰ ਨਜਰ-ਅੰਦਾਜ਼ ਕਰਕੇ ,ਸਿਖਾਂ ਦੀਆਂ ਦੇਸ਼ ਤੇ ਕੋਂਮ ਲਈ ਕੁਰਬਾਨੀਆਂ ਝੂਠਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ 1 ਦੇਸ਼ ਦੀ ਆਜ਼ਾਦੀ ਕਿਸੇ ਇਕ ਵਰਗ, ਧੜੇ ਜਾਂ ਜਥੇਬੰਦੀ ਦੇ ਯਤਨਾਂ ਦਾ ਸਿਟਾ ਨਹੀਂ ਪਰ ਜਿਤਨਾ  ਲਹੂ ਸਿਖਾਂ ਨੇ ਡੋਲਿਆ ਹੈ ਇਤਨਾ ਲਹੂ ਦੇਸ਼ ਦੇ ਕਿਸੇ ਵੀ ਹੋਰ ਪ੍ਰਾਂਤ ਜਾਂ ਜਾਤੀ ਨੇ ਨਹੀਂ ਡੋਲਿਆ 1 ਉਨੀਵੀਂ ਸਦੀ ਦੇ ਅਧ ਤਕ ਸਮੁਚਾ ਦੇਸ਼ ਅੰਗਰੇਜਾਂ ਦੇ ਕਬਜ਼ੇ ਹੇਠ ਆ ਚੁਕਾ ਸੀ ਸਿਰਫ ਪੰਜਾਬ ਨੂੰ ਛੋੜਕੇ 1 ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਕਤ  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ  ਸੀ1  ਕਿਸੇ ਦੀ ਹਿੰਮਤ ਨਹੀਂ ਸੀ  ਪੰਜਾਬ ਵਲ ਮੂੰਹ ਕਰਨ ਦੀ 1 ਸੰਨ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ  1ਜੋ ਖਾਲਸਾ ਰਾਜ ਉਨੀਵੀ ਸਦੀ ਦੇ ਪਹਿਲੇ ਅੱਧ  ਤਕ ਲਦਾਖ , ਕਸ਼ਮੀਰ , ਪਿਸ਼ਾਵਰ , ਅਟਕ  ਤੋਂ ਖੈਬਰ ਤੇ ਘੈਬਰ ਤੋਂ ਲੈਕੇ ਸਤਲੁਜ ਦਰਿਆ ਤਕ ਫੈਲ ਚੁਕਿਆ ਸੀ, 10 ਸਾਲਾਂ ਵਿਚ ਸਭ ਮਿੱਟੀ ਵਿਚ ਮਿਲ ਗਿਆ1 ਲਾਹੋਰ ਦਰਬਾਰ ਦਾ ਅਸਮਾਨਾਂ ਨਾਲ ਗਲਾਂ ਕਰਦਾ ਆਲੀਸ਼ਾਨ ਮਹਲ ਢੇਹ-ਢੇਰੀ ਹੋ ਗਿਆ 1

ਜਦੋਂ  ਪੰਜਾਬੀ  ਅੰਗਰੇਜਾਂ ਵਿਰੁਧ ਪਹਿਲੀ ਤੇ ਦੂਜੀ ਲੜਾਈ ਲੜ ਰਹੇ ਸਨ ਤਾਂ ਪੰਜਾਬ ਤੋਂ ਬਾਹਰ ਵਸਦੇ ਮੁਸਲਮਾਨ ,ਡੋਗਰੇ ਤੇ ਪੂਰਬੀਏ ਅੰਗਰੇਜ਼ਾ ਦੀ ਮਦਤ ਕਰਕੇ ਉਨ੍ਹਾ ਤੋ ਵਾਹ-ਵਾਹੀ ਖੱਟ ਰਹੇ ਸੀ 1 ਉਨ੍ਹਾ ਦੀਆਂ ਅੰਗਰੇਜਾਂ ਉਤੇ ਮੇਹਰਬਾਨੀਆਂ ਸਦਕਾ ਬਾਕੀ ਹਿਸਿਆਂ ਵਾਂਗ ਪੰਜਾਬ  ਵੀ ਗੁਲਾਮ ਹੋ ਗਿਆ 1 ਪਰ ਫਿਰ ਵੀ ਕੁਝ ਅਣਖੀ ਸੂਰਮਿਆਂ ਨੇ ਆਜ਼ਾਦੀ ਦੀ ਜੰਗ ਜਾਰੀ ਰਖੀ 1 ਸ਼ਾਮ ਸਿੰਘ ਅਟਾਰੀਵਾਲਾ ਤੇ ਭਾਈ ਮਹਾਰਾਜ ਸਿੰਘ ਦੇਸ਼ ਦੀ ਆਜ਼ਾਦੀ ਲਈ  ਕੁਰਬਾਨ ਹੋਣ ਵਾਲੇ ਪਹਿਲੇ ਦੇਸ਼ ਭਗਤ ਸਨ 1

1857 ਦਾ ਗੱਦਰ ਤੇ ਸਿਖ

ਕਹਿੰਦੇ ਹਨ ਕੀ 1857 ਦੇ ਗਦਰ ਵਿਚ ਪੰਜਾਬ ਦੇ ਸਿਖਾਂ ਨੇ ਭਾਰਤਵਾਸੀਆਂ ਦੀ ਮਦਤ ਨਹੀਂ ਕੀਤੀ ਨਹੀਂ ਤੇ ਆਜ਼ਾਦੀ ਦੀ ਜੰਗ ਉਦੋਂ ਹੀ ਜਿਤ ਲਈ ਜਾਂਦੀ -ਸਰਾਸਰ ਗਲਤ   ਹੈ 1    1857 ਵਿਚ  ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਉਠ ਖੜਾ ਹੋਇਆ ਜਿਸ ਨੂੰ 1857 ਦੇ ਗਦਰ ਦਾ ਨਾਂ ਦਿਤਾ ਗਿਆ ਇਹ ਕੋਈ ਆਜ਼ਾਦੀ ਦੀ ਲੜਾਈ ਨਹੀਂ ਸੀ ਨਾ ਇਹ ਅੰਗਰੇਜ਼ਾ ਦੇ ਖਿਲਾਫ ਕੋਈ ਪਹਿਲੀ ਬਗਾਵਤ  ਸੀ। ਇਸੇ ਤਰਾਂ ਦੀਆਂ ਹੋਰ ਬਗਾਵਤਾਂ ਜਿਵੇਂ ਕਿ 1764 ਈ: ਵਿੱਚ ਬਕਸਰ (ਯੂ.ਪੀ), 1806 ਈ ਵਿੱਚ ਵੈਲੂਰ (ਕਰਨਾਟਿਕਾ) 1824 ਈ ਨੂੰ ਬੈਰਕਪੁਰ (ਬੰਗਾਲ) ਅਤੇ 1840 ਈ ਵਿਚ ਜਦੋਂ ਸਿੰਧ ਨੂੰ ਅੰਗਰੇਜੀ ਰਾਜ ਵਿੱਚ ਮਿਲਾਇਆ ਉਦੋਂ ਵੀ ਹੋਈਆਂ ਸਨ ਪਰ ਇਹਨਾਂ ਬਗਾਵਤਾਂ ਨੂੰ ਕਿਸੇ ਨੇ ਵੀ ਅਜਾਦੀ ਸੰਘਰਸ਼ ਦਾ ਨਾਂ ਨਹੀਂ ਦਿਤਾ। ਇਸੇ ਤਰਾਂ 1857 ਦੇ ਵਿਦਰੋਹ ਨੂੰ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਇੱਕ ਬਗਾਵਤ ਹੀ ਮੰਨਿਆ ਹੈ।

1857 ਦੇ ਵਿਦਰੋਹ ਦੀ ਚਿੰਗਾਰੀ ਅਸਲ ਵਿੱਚ ਮੰਗਲ ਪਾਂਡੇ ਤੋਂ ਸ਼ੁਰੂ ਹੋਈ ਜੋ  34ਵੀ ਰੈਜਮੈਂਟ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ। 22 ਸਾਲ ਦੀ ਉਮਰ ਵਿਚ ਉਸਨੇ ਕਾਰਤੂਸਾਂ ਨੂੰ ਮੂੰਹ ਨਾਲ ਕੱਟਣ ਤੋਂ ਇਨਕਾਰ ਕਰ ਦਿਤਾ ਸਿਰਫ ਇਸ ਲਈ ਕਿ ਉਨ੍ਹਾ ਦਾ  ਧਰਮ ਨਸ਼ਟ ਹੁੰਦਾ ਹੈ 1 ਉਸਨੇ ਆਪਣੇ ਸਾਥੀਆਂ ਨੂੰ ਵੰਗਾਰਿਆ ਤੇ  ਦੋ ਅੰਗਰੇਜ਼ ਅਫਸਰਾਂ ਤੇ ਹਮਲਾ ਕਰ ਦਿੱਤਾ,  10 ਦਿਨ ਮੁਕੱਦਮਾ ਚੱਲਣ ਤੋਂ ਬਾਅਦ ਉਸ ਨੂੰ ਇੱਕ ਬੋਹੜ ਦੇ ਦਰਖਤ ਨਾਲ ਲਟਕਾਕੇ  ਫਾਂਸੀ ਦੇ ਦਿੱਤੀ ਗਈ। ਇਤਿਹਾਸਕਾਰਾਂ ਦੇ ਅਨੁਸਾਰ ,  ਮੁਕੱਦਮੇ ਦੋਰਾਨ ਉਸਨੇ ਕਬੂਲਿਆ ਸੀ ਕਿ ਘਟਨਾ ਵਾਲੇ ਦਿਨ ਉਸਨੇ ਭੰਗ ਪੀਤੀ ਹੋਈ ਸੀ । ਸੋ ਕਿਹਾ ਜਾ ਸਕਦਾ ਹੈ ਕੀ ਇਹ ਇਕ ਇਤਫਾਕੀਆ ਨਾਇਕ ਬਣ ਗਿਆ ਤੇ ਇਹ ਵਿਦ੍ਰੋਹ ਜਾਂ ਧਰਮ ਤੇ ਜਾਂ ਨਸ਼ੇ ਕਰਕੇ ਹੋਇਆ 1 ਇਹ ਕੋਈ ਆਜ਼ਾਦੀ ਦੀ ਲੜਾਈ ਨਹੀਂ ਸੀ1

ਮੰਗਲ ਪਾਂਡੇ ਦੀ ਫਾਂਸੀ ਤੋਂ ਬਾਅਦ 10 ਮਈ 1857  ਕੁਝ ਹਿੰਦੁਸ੍ਤਾਨਿਆਂ ਨੂੰ ਮੁਦਾ ਮਿਲ ਗਿਆ 1 ਮੇਰਠ ਦੀ ਛਉਣੀ ਵਿੱਚ ਕਾਰਤੂਸ ਦੇ ਮੁੱਦੇ ਨੂੰ ਆਧਾਰ ਬਣਾ ਕੇ ਹਿੰਦੋਸਤਾਨੀਆਂ ਨੇ ਵਿਦਰੋਹ ਕਰ ਦਿੱਤਾ ਤੇ ਦਿੱਲੀ ਵੱਲ ਨੂੰ ਚਲ ਪਏ। 11 ਮਈ 1857 ਈ: ਨੂੰ ਬਾਗੀ ਸਿਪਾਹੀਆ ਨੇ ਮੁਗਲ ਸਮਰਾਟ ਬਹਾਦਰ ਸ਼ਾਹ ਜਫਰ ਨੂੰ ਆਪਣਾ ਨੇਤਾ ਬਣਾ ਲਿਆ। ਮੇਰਠ ਦੀ ਘਟਨਾ ਨੇ ਗਵਰਨਰ ਜਰਨਲ ਦੇ ਮਨ ਵਿੱਚ ਇਹ ਡਰ ਪੈਦਾ ਕਰ ਦਿੱਤਾ ਕਿ ਜੇਕਰ ਫੌਜ਼ ਵਿਚੋਂ ਕੱਢੇ ਹੋਏ ਸਿੱਖ ਸਿਪਾਹੀ ਗਦਰੀਆਂ ਦੇ ਨਾਲ ਮਿਲ ਗਏ ਤਾਂ ਇੱਕ ਤੂਫਾਨ ਆ ਜਾਵੇਗਾ। ਜਿਸ ਨੂੰ ਅੰਗਰੇਜ਼ਾ ਦੇ ਲਈ ਸਾਂਭਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੋਵੇਗਾ1 ਅੰਗਰੇਜ਼ ਅਫਸਰਾਂ ਨੇ ਉਸੇ ਵੇਲੇ ਇੱਕ ਸਿਵਲ ਤੇ ਫੌਜੀ ਅਫਸਰਾਂ ਦੀ ਮੀਟਿੰਗ ਬੁਲਾਈ  ਲਾਹੌਰ ਵਿੱਚ ਇਸ ਵੇਲੇ ਚਾਰ ਪੂਰਬੀ ਦੇਸੀ ਪਲਟਨਾਂ ਤਾਇਨਾਤ ਸਨ ਤੇ ਗੋਰਿਆ ਦੀ ਸਿਰਫ ਇੱਕ ਪਲਟਨ ਸੀ । ਇਸ ਮੀਟਿੰਗ ਦੋਰਾਨ ਇਹ ਫੈਸਲਾ ਲਿਆ ਗਿਆ ਕਿ ਚਾਰੇ ਦੇਸੀ ਪਲਟਨਾਂ ਤੋਂ ਹਥਿਆਰ ਰਖਵਾ ਲਾਏ ਜਾਣ।  13 ਮਈ ਦੀ ਸਵੇਰ ਨੂੰ ਪਰੇਡ ਵੇਲੇ ਅੰਗਰੇਜ਼ ਕਮਾਂਡਰ ਨੇ ਚਾਰੇ ਦੇਸੀ ਪਲਟਨਾ ਤੋਂ ਹੁਸ਼ਿਆਰੀ ਨਾਲ ਹਥਿਆਰ ਰਖਵਾ ਲਏ ਤੇ ਅੰਗਰੇਜ਼ ਪਲਟਨ ਨੂੰ ਅਸਲਾਖਾਨਿਆਂ ਤੇ ਫੌਜੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਥਾਵਾਂ ਤੇ ਲਾ ਦਿੱਤਾ।   14 ਮਈ ਅੰਮ੍ਰਿਤਸਰ ਵਿਖੇ ਤਾਇਨਾਤ 59ਵੀ ਪੂਰਬੀ ਪਲਟਨ ਤੋਂ ਅਸਲਾ ਖੋਹ ਲਿਆ ਗਿਆ। ਇਸੇ ਤਰਾਂ ਕਿਲਾ ਗੋਬਿੰਦਗੜ ਵੀ ਅੰਗਰੇਜ਼ਾ ਦੇ ਪੂਰੀ ਤਰਾਂ ਕਬਜ਼ੇ ਵਿੱਚ ਆ ਗਿਆ1 ਪੰਜਾਬ ਵਿੱਚ ਸਾਰੀਆਂ ਹੀ ਦੇਸੀ ਪਲਟਨ ਤੋਂ ਚਾਹੇ ਉਹਨਾਂ ਨੇ ਬਗਾਵਤ ਵਿੱਚ ਹਿੱਸਾ ਲਿਆ ਸੀ ਜਾਂ ਨਹੀਂ ਹਥਿਆਰ ਸੁਟਵਾਲਏ ਗਏ। ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਫਿਰੋਜ਼ਪੁਰ, ਅੰਬਾਲਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਧਾਨੇਸਰ, ਸਿਆਲਕੋਟ,ਹੋਤੀ, ਮਰਦਾਨ, ਪਿਸ਼ਾਵਰ, ਫਿਲੌਰ ਆਦਿਕ ਸ਼ਹਿਰ ਸਤੰਬਰ 1857 ਤੱਕ ਵਿਦ੍ਰੋਹ ਦੀ ਅੱਗ ਨਾਲ ਧੁਖਦੇ ਰਹੇ।

ਉਸ ਸਮੇਂ ਦੇ ਹੋਰ ਨੇਤਾ ਜਿਵੇਂ ਕਿ ਨਾਨਾ ਸਾਹਿਬ ਤੇ ਰਾਣੀ ਝਾਂਸੀ ਵੀ ਜਿਹਨਾ ਨੂੰ ਬਾਅਦ ਵਿਚ ਜੰਗੇ ਆਜ਼ਾਦੀ ਦੇ ਨਾਇਕ ਕਰਕੇ ਉਬਾਰਿਆ ਗਿਆ। ਉਹ ਵੀ ਇਸ ਵਿਦਰੋਹ ਦੀ ਅਗਵਾਈ ਨਹੀ ਸਨ ਕਰ ਰਹੇ। ਉਹ ਤਾਂ ਆਪਣੇ ਹੱਕਾਂ ਉੱਤੇ ਮਿਹਰਬਾਨੀ ਨਾਲ ਵਿਚਾਰ ਕਰਨ ਲਈ ਅੰਗਰੇਜ਼ ਸਰਕਾਰ ਨੂੰ ਸਿਰਫ ਤੇ ਸਿਰਫ ਕੁਝ ਆਪਣੇ ਲਈ ‘ਰਿਆਇਤਾ ਲੈਣ’ ਲਈ ਅਰਜੋਈਆਂ ਕਰ ਰਹੇ ਸਨ। ਇਸ ਸਮੁੱਚੇ ਵਰਤਾਰੇ ਬਾਰੇ ਜਾਣਕਾਰੀ ਲੈਣ ਲਈ ਰਾਣੀ ਝਾਂਸੀ ਦੀਆਂ ਲਿਖੀਆਂ ਚਿੱਠੀਆਂ ਲੰਡਨ ਵਿੱਚ ਸਾਂਭੀਆਂ ਪਈਆਂ ਹਨ ਉਹਨਾ ਦੇਖਿਆਂ ਤੇ ਵਾਚਿਆ ਜਾ ਸਕਦਾ ਹੈ। ਝਾਂਸੀ ਦੀ ਰਾਣੀ ਲਕਸਮੀ ਬਾਈ ਵੱਲੋਂ ਅਖੀਰ ਵਿਚ ਇਥੋਂ ਤੱਕ ਵੀ ਅਰਜ਼ੀ ਦਿੱਤੀ ਗਈ ਕਿ ਜੇ ਅੰਗਰੇਜ਼ ਸਰਕਾਰ ਉਸਦੇ ਮੁਤਬੰਨੇ ਪੁੱਤਰ ਨੂੰ ਗੱਦੀ ਤੇ ਬਿਠਾਉਣ ਲਈ ਰਾਜ਼ੀ ਹੋ ਜਾਵੇ ਤਾਂ ਉਹ ਬਾਗੀਆਂ ਦੇ ਖਿਲਾਫ ਆਪਣੀ ਫੌਜ ਭੇਜ ਕੇ ਉਹਨਾਂ ਦੀ ਮੱਦਦ ਕਰ ਸਕਦੀ ਹੈ। ਸੋ ਇਸ ਵਿਦਰੋਹ ਵਿਚ ਸ਼ਾਮਿਲ ਨੇਤਾ ਆਪਣੀ-ਆਪਣੀ ਪ੍ਰਭੂਸੱਤਾ ਲਈ ਲੜ ਰਹੇ ਸਨ ਨਾ ਕਿ ਭਾਰਤ ਦੀ ਅਜ਼ਾਦੀ ਲਈ। ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਹਿੰਦੋਸਤਾਨ ਵਿਚ ਕਿਸੇ ਨੂੰ ਇਹ ਖਿਆਲ ਵੀ ਨਹੀ ਸੀ ਕਿ ਇਹ ਕੋਈ ਰਾਜਸੀ ਸੰਘਰਸ਼ ਹੈ 1

ਸਿਖਾਂ ਦੀ ਬਹੁ-ਗਿਣਤੀ ਉਸ ਸਮੇਂ ਦੇਸ ਪੰਜਾਬ ਤੋਂ ਬਿਨਾ ਹੋਰ ਕਿਸੇ ਭੂ-ਖੰਡ ਨੂੰ ਆਪਣਾ ਦੇਸ਼ ਮੰਨਣ ਲਈ ਤਿਆਰ ਨਹੀਂ ਸੀ। “ਦੇਸ਼ ਪੰਜਾਬ” ਮਾਰਚ 1849ਈ: ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ ਗਿਆ। ਸਿਖ ਰਾਜ ਦੇ ਕਿਲੇ ਬਹੁਤ ਕਰਕੇ ਢਹਿ ਢੇਰੀ ਕਰ ਦਿੱਤੇ ਗਏ ਤੇ ਸਿਖ ਫੌਜੀਆ ਨੂੰ ਘਰੋ-ਘਰੀਂ ਤੋਰ ਦਿਤਾ ਗਿਆ। ਸਿੱਖ ਜਰਨੈਲ ਜਾਂ ਤਾਂ ਸ਼ਹੀਦ ਹੋ ਚੁਕੇ ਸਨ ਤੇ ਜਾਂ ਅੰਗਰੇਜ਼ੀ ਸਰਕਾਰ ਨੇ ਕਿਲਿਆਂ ਵਿੱਚ ਬੰਦ ਕਰ ਦਿੱਤੇ।ਇਸ ਸਮੇ  8000 ਦੇ ਲਗਭਗ ਸਿੱਖ ਫੌਜੀ ਅੰਗਰੇਜ਼ਾਂ ਦੀ ਜੇਲ ਵਿਚ ਸਨ। ਜਿਹੜੇ ਸਿੱਖ ਫੌਜੀ ਬਚੇ ਸਨ ਉਹ ਖਾਲੀ ਹੱਥ ਲੜਨ ਦੀ ਸਥਿਤੀ ਵਿਚ ਨਹੀਂ ਸਨ। ਖਾਲਸਾ ਫੋਜ ਦੇ ਮਹਾਨ ਜਰਨੈਲ ਰਾਜਾ ਸ਼ੇਰ ਸਿੰਘ ਅਟਾਰੀ ਵਿਦਰੋਹ ਦੇ ਸਮੇਂ ਅਲਾਹਾਬਾਦ ਦੇ ਕਿਲ੍ਹੇ ਵਿੱਚ ਕੈਦ ਸਨ। ਇਹ ਉਹ ਹੀ ਸਿੱਖ ਜਰਨੈਲ ਸੀ ਜਿਸਨੇ ਰਾਮਨਗਰ ਤੇ ਚੇਲਿਆ ਵਾਲੀ ਦੀ ਲੜਾਈ ਵਿਚ ਅੰਗਰੇਜ਼ਾਂ ਨੂੰ ਨੱਕ ਨਾਲ ਚਣੇ ਚਬਾਏ ਸਨ। ਜਿਸਦੇ ਕਾਰਨ ਬ੍ਰਿਟਿਸ਼ ਪਾਰਲੀਮੈਂਟ ਕੁਰਲਾ ਉਠੀ ਸੀ ਤੇ ਉਸ ਸਮੇਂ ਦੇ ਮਸ਼ਹੂਰ ਅੰਗਰੇਜ਼ੀ ਜਰਨੈਲ ਜਰਨਲ ਹਿਊ ਗਫ ਨੂੰ ਅਸਤੀਫਾ ਦੇਣਾ ਪਿਆ ਸੀ। ਇਸੇ ਹੀ ਵਿਦਰੋਹ ਵਿਚ ਅਜ਼ਾਦੀ ਸੰਗਰਾਮੀਏ ਦੇ ਤੌਰ ਤੇ ਉਬਾਰੇ ਗਏ ‘ਨਾਨਾ ਸਾਹਿਬ’ ਦਾ ਅਲਾਹਾਬਾਦ ਅਤੇ ਕਾਨ੍ਹਪੁਰ ਦੇ ਸ਼ਹਿਰਾ ਤੇ ਕਬਜ਼ਾ ਸੀ, ਨਾਨਾ ਸਾਹਿਬ ਨੇ ਇਸ ਮਹਾਨ ਸਿਖ ਜਰਨੈਲ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹੀ ਨਾਨਾ ਸਾਹਿਬ ਨੇ ਇਕ ਐਲਾਨ ਕਰ ਦਿੱਤਾ ਸੀ ਜਿ ਜੇਕਰ ਉਸਦੀਆ ਆਪਣੀਆ ਮੰਗਾਂ ਮੰਨ ਲਈਆਂ ਜਾਣ ਤੇ ਉਹ ਅੰਗਰੇਜ਼ਾਂ ਨਾਲ ਸਮਝੋਤਾ ਕਰਨ ਲਈ ਤਿਆਰ ਹੈ।

ਇਸੇ ਤਰਾਂ ਹੀ ਦੂਸਰੇ ਸਿੱਖ ਨੇਤਾ ਬਾਬਾ ਬਿਕਰਮ ਸਿੰਘ ਨਾਲ ਵਾਪਰਿਆ। ਖਾਲਸਾ ਰਾਜ ਦੇ ਖਾਤਮੇ ਪਿਛੋਂ ਅੰਗਰੇਜ਼ਾ ਖਿਲਾਫ ਸੰਘਰਸ਼ ਨੂੰ ਜਾਰੀ ਰੱਖਣ ਵਾਲਿਆ ਵਿੱਚ ਉਹਨਾਂ ਦਾ ਨਾ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਸਿੱਖ ਪੰਥ ਦੇ ਇਹ ਬਹਾਦਰ ਜਰਨੈਲ 1853 ਈ: ਵਿਚ ਗਰਿਫਤਾਰ ਕਰ ਲਏ ਗਏ ਸੀ ਤੇ ਅੰਮ੍ਰਿਤਸਰ ਵਿਚ ਇਹਨਾ ਨੂੰ ਨਜ਼ਰਬੰਦ ਕਰ ਦਿਤਾ ਗਿਆ ਸੀ। ਇਹਨਾ ਤੇ ਘੋੜੇ ਉਤੇ ਚੜ੍ਹਨ ਦੀ ਪਾਬੰਦੀ ਲਾ ਦਿੱਤੀ ਗਈ ਤੇ ਅੰਗਰੇਜ਼ੀ ਫੌਜ ਦਾ ਪਹਿਰਾ ਲਾ ਦਿਤਾ ਗਿਆ। ਬਾਗੀ ਸਿਪਾਹੀ ਜੇਲ੍ਹਾਂ ਆਦਿਕ ਉਪਰ ਹਮਲੇ ਕਰਕੇ ਆਪਣੇ ਸਾਥੀਆਂ ਨੂੰ ਤਾਂ ਛਡਾਉਂਦੇ ਰਹੇ ਪਰ ਕਿਸੇ ਨੇ ਵੀ ਬਾਬਾ ਬਿਕਰਮ ਸਿੰਘ ਨੂੰ ਵੀ ਰਾਜਾ ਸ਼ੇਰ ਸਿੰਘ ਦੀ ਤਰਾਂ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਭ ਨੂੰ ਕੀ ਸਮਝਿਆ ਜਾਵੇ? ਕਿਸੇ ਵੀ ਇਕ ਵਿਦਰੋਹੀ ਨੇਤਾ ਨੇ ਜਾਂ ਪੂਰਬੀ ਸਿਪਾਹੀ ਨੇ ਸਿਖਾਂ ਦੇ ਨੇਤਾ ਜਾਂ ਸਿੱਖ ਕੌਮ ਨੂੰ ਵਿਸ਼ਵਾਸ਼ ਵਿੱਚ ਨਹੀਂ ਲਿਆ ।

ਅਗਲੀ ਮੱਹਤਵਪੂਰਨ ਗੱਲ ਇਤਿਹਾਸ ਦੇ ਸਫਿਆ ਵਿਚੋਂ ਇਹ ਲਭਦੀ ਹੈ ਜਿਸ ਕਰਕੇ ਪੰਜਾਬ, ਤੇ ਖਾਸ ਕਰਕੇ ਸਿਖ ਇਸ ਗਦਰ ਤੋਂ ਦੂਰ ਰਹੇ ਉਹ ਹੈ ਪੂਰਬੀ ਸਿਪਾਹੀਆਂ, ਝੱਜਰ ਦੇ ਨਵਾਬ ਅਤੇ ਬਹਾਦਰ ਸ਼ਾਹ ਜਫਰ ਵੱਲੋਂ ਅੰਗਰੇਜ਼ਾਂ ਤੇ ਸਿਖਾਂ ਦੀਆਂ ਲੜਾਈਆਂ ਵਿਚ ਅੰਗਰੇਜ਼ਾਂ ਦੀ ਠੋਕ ਕੇ ਕੀਤੀ ਮੱਦਦ ਸੀ। ਇਹਨਾ ਪੂਰਬੀ ਸਿਪਾਹੀਆ ਦੀ 10 ਰਜਮੈਂਟਾਂ (2, 16, 24, 26, 41, 42, 45, 47, 48 ਅਤੇ 73) ਸਿਖਾਂ ਦੇ ਖਿਲਾਫ ਮੁੱਦਕੀ ਅਤੇ ਸਭਰਾਵਾਂ ਦੀ ਜੰਗ ਵਿਚ ਲੜੀਆਂ ਸਨ। ਇਹਨਾਂ ਪੂਰਬੀਆਂ ਬਾਰੇ  ਸਿਖਾਂ ਦੇ ਮਨਾਂ ਵਿਚ ਬਹੁਤ ਕੌੜੀਆ ਯਾਦਾਂ ਕਾਇਮ ਸਨ।ਇਹ ਪੂਰਬੀਏ ਅਕਸਰ ਇਹ ਕਹਿੰਦੇ ਸਨ ਕਿ ਸਿੱਖਾ ਨੂੰ ਹਿੰਦੋਸਤਾਨ ਦੇ ਦੂਸਰੇ ਭਾਗਾਂ ਵਿਚ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਸ ਨਾਲ ਹਿੰਦੋਸਤਾਨ ਦੀ ਧਰਤੀ ਭਰਿਸ਼ਟ ਹੋ ਜਾਵੇਗੀ। ਪੂਰਬੀ ਰਜਮੈਂਟਾਂ ਪੰਜਾਬ ਵਿਚ ਆਪਣੇ ਆਪ ਨੂੰ ਉਚੀਆ ਜਾਤਾਂ ਵਾਲੇ ਤੇ ਸਿੱਖਾ ਨੂੰ ਨੀਵੀਆਂ ਜਾਤਾਂ ਵਾਲੇ ਸਮਝਕੇ ਨਫਰਤ ਕਰਦੇ ਸਨ। ਸਿੱਖਾ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈਆਂ ਲੜਾਈਆਂ ਤੋਂ ਬਾਅਦ ਇਹਨਾਂ ਪੂਰਬੀਆਂ ਦੇ ਪੰਜਾਬ ਵਿਚ ਕੀਤੇ ਵਰਤਾਉ ਨੇ ਸਿੱਖਾਂ ਦੇ ਦਿਲਾਂ ਵਿਚ ਡੂੰਘੇ ਜ਼ਖਮ ਕੀਤੇ ਹੋਏ ਸਨ ਜੋ ਇੰਨੇ ਥੋੜੇ ਸਮੇਂ ਵਿਚ ਨਹੀਂ ਭਰੇ  ਜਾ  ਸਕਦੇ ਸਨ। ਸਿੱਖਾ ਅਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਵਿਚ ਗੱਦਾਰ ਲਾਲ ਸਿੰਘ ਅਤੇ ਗੱਦਾਰ ਤੇਜ ਸਿੰਘ ਜੋ ਕਿ ਖਾਲਸਾ ਰਾਜ ਦੇਸ਼ ਪੰਜਾਬ ਵਿਚ ਪ੍ਰਧਾਨ ਮੰਤਰੀ ਤੇ ਫੌਜਾਂ ਦੇ ਕਮਾਂਡਰ ਇਨ-ਚੀਫ ਦਿਆਂ ਅਹੁਦਿਆਂ ਤੇ ਤਾਇਨਾਤ ਸਨ, ਪੂਰਬੀ ਹੀ ਸਨ ਜੋ ਕਿ ਖਾਲਸਾ ਫੌਜਾਂ ਵਿਚ ਸਿਪਾਹੀ ਦੇ ਤੌਰ ਤੇ ਭਰਤੀ ਹੋਏ ਸਨ ਤੇ ਆਪਣੀਆਂ ਕਪਟ ਚਾਲਾਂ ਦੇ ਨਾਲ ਇਹਨਾਂ ਅਹੁਦਿਆਂ ਤੱਕ ਪਹੁੰਚੇ ਸਨ। ਇਹਨਾਂ ਨੇ ਸਿੱਖ ਕੌਮ, ਸਿੱਖ ਰਾਜ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ਾਂ ਨੂੰ ਜਿਤਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ

ਮਹਾਰਾਜਾ ਦਲੀਪ ਸਿੰਘ  ਨੂੰ ਜਬਰੀ ਦੇਸ਼ ਨਿਕਾਲਾ ਦੇਕੇ ਉਨ੍ਹਾ ਦੀ ਰਿਹਾਇਸ਼ ਲਾਹੋਰ ਤੋਂ ਦੂਰ ਅੰਗਰੇਜ਼ਾਂ ਵੱਲੋਂ ਇਸ ਕਸਬੇ ਵਿਚ ਰਖੀ ਗਈ ਸੀ। ਮਹਾਰਾਜਾ ਸਾਹਿਬ ਨੂੰ ਇਹ ਜਗ੍ਹਾ ਬਹੁਤ ਹੀ ਚੰਗੀ ਲੱਗੀ ਸੀ। ਉਹਨਾਂ ਨੇ ਇਹ ਜਗ੍ਹਾ ਮੁੱਲ ਖਰੀਦ ਕੇ ਇਥੇ ਬਹੁਤ ਆਲੀਸ਼ਾਨ ਮਹੱਲ ਦੀ ਉਸਾਰੀ ਕਰਵਾਈ ਤੇ ਆਪਣਾ ਕੀਮਤੀ ਸਮਾਨ ਲਾਹੌਰ ਤੋਂ ਇਥੇ ਮੰਗਵਾ ਲਿਆ। ਮਹਾਰਾਜਾ ਦਲੀਪ ਸਿੰਘ ਜੀ ਨੇ ਇਥੇ ਲਗਭਗ 4 ਸਾਲ ਰਹਾਇਸ਼ ਰੱਖੀ। 1854 ਦੇ ਸ਼ੁਰੂ ਵਿਚ ਉਨ੍ਹਾ ਨੂੰ ਜਬਰੀ ਇੰਗਲੈਂਡ ਭੇਜ ਦਿਤਾ ਗਿਆ ਜਾਣ ਤੋਂ ਪਹਿਲਾਂ ਮਹਾਰਾਜਾ ਸਾਹਿਬ ਦਾ ਸਮਾਨ ਤਹਿਖਾਨੇ ਵਿਚ ਫੌਜੀ ਪਹਿਰੇ ਹੇਠ ਰੱਖ ਦਿਤਾ ਗਿਆ।  1857 ਦਾ ਗਦਰ ਸ਼ੁਰੂ ਹੋਇਆ, ਇਥੋਂ ਦੇ ਬਗਾਵਤੀ ਸਿਪਾਹੀਆਂ ਨੇ ਫਤਿਹਗੜ ਦੀ ਛਾਉਣੀ ਵਿਚ ਤਇਨਾਤ ਅੰਗਰੇਜ਼ ਅਫਸਰ ਅਤੇ ਸਿਪਾਹੀ ਜਾਂ ਤਾਂ ਮਾਰ ਦਿਤੇ ਜਾਂ ਉਹ ਆਪਣੀ ਜਾਨ ਬਚਾ ਕੇ ਅਲਾਹਾਬਾਦ ਤੇ ਕਾਨ੍ਹਪੁਰ ਦੇ ਕਿਲਿਆਂ ਵਿਚ ਪਹੁੰਚਣ ਵਿਚ ਸਫਲ ਰਹੇ ਤੇ ਸਮਾਨ ਲੁਟ ਲਿਆ । ਜਦੋਂ ਇਸ ਘਟਨਾ ਦਾ ਪਤਾ ਸਿੱਖਾ ਨੂੰ ਲੱਗਾ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ ਤੇ ਸਿੱਖ ਇਸ ਵਿਦਰਹ ਤੋਂ ਹੋਰ ਪਰਾਂ ਚਲੇ ਗਏ।

ਅਗਲਾ ਕਾਰਨ ਇਤਿਹਾਸ ਦੀ ਬੁਕਲ ਵਿਚੋਂ ਇਹ ਨਿਕਲਦਾ ਹੈ ਕਿ ਪੂਰਬ ਦੇ ਮੁਸਲਮਾਨ ਸਿਪਾਹੀ ਜਿਹਨਾ ਨੇ ਇਸ ਗਦਰ ਵਿਚ ਹਿਸਾ ਲਿਆ ਸੀ ਉਹ ਇਸ ਮਨੋਰਥ ਨਾਲ ਲੜੇ ਸਨ ਕਿ ਉਹ ਮੁੜ ਮੁਗਲ ਰਾਜ ਕਾਇਮ ਕਰ ਲੈਣਗੇ। ਇਸੇ ਲਈ ਹੀ ਉਹ ਬਹਾਦਰ ਸ਼ਾਹ ਦੇ ਝੰਡੇ ਹੇਠ ਇਕੱਠੇ ਹੋਏ ਤੇ ਉਸ ਨੂੰ ਆਪਣਾ ਨੇਤਾ ਐਲਾਨਿਆ। ਸਿੱਖ ਕਦੇ ਵੀ ਮੁਗਲ ਰਾਜ ਨੂੰ ਮੁੜ ਸੁਰਜੀਤ ਕਰਨ ਦੇ ਮਨੋਰਥ ਦੀ ਹਮਾਇਤ ਨਹੀਂ ਕਰ ਸਕਦੇ ਸਨ ਜਿਸ ਨੂੰ ਕਿ ਗਦਰੀ ਵਾਪਿਸ ਲਿਆਉਣ ਚਾਹ ਰਹੇ ਸੀ । ਸਿੱਖ ਦੋ ਸੌ ਸਾਲ ਦੇ ਲਗਭਗ ਮੁਗਲ ਰਾਜ ਦੇ ਅਤਿਆਚਾਰ ਵਿਰੁਧ ਖੂਨ ਡੋਲਵੀੱ ਲੜਾਈ ਲੜੇ ਸਨ ਅਤੇ ਉਹ ਕਦੇ ਵੀ ਅਜਿਹੇ ਗਠਜੋੜ ਦੀ ਹਮਾਇਤ ਨਹੀ ਕਰ ਸਕਦੇ ਸੀ ਜਿਸ ਨਾਲ ਮੁੜ ਉਹੀ ਸਿਲਸਲਾ ਸ਼ੁਰੂ ਹੋ ਜਾਏ । ਇਹ ਮੁਗਲ ਸ਼ਾਸਕ ਹੀ ਸਨ ਜਿਹਨਾਂ ਨੇ “ਪੰਜਵੇਂ ਅਤੇ ਨੌਵੇਂ ਪਾਤਸ਼ਾਹ” ਅਤੇ “ਗੁਰੂ ਗੋਬਿੰਦ ਸਿੰਘ” ਜੀ ਦੇ “ਲਾਲਾਂ” ਨੂੰ ਸਰਹਿੰਦ ਵਿੱਚ ਭਿਅੰਕਰ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ ਤੇ ਸਿੱਖ ਰਾਜ ਨੂੰ ਡੋਬਣ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ1 ਮੁਗਲਾਂ ਨੂੰ ਸਿਖਾਂ ਦੇ ਖਿਲਾਫ਼ ਭੜਕਾਉਣ ਲਈ  ਉਸ ਸਮੇਂ ਦਿੱਲੀ ਸ਼ਹਿਰ ਦੀਆਂ ਦੀਵਾਰਾਂ ਤੇ ਕੁਝ ਇਸ ਤਰਾਂ ਦੇ ਇਸ਼ਤਿਹਾਰ ਵੀ ਲਾਏ ਗਏ ਸਨ ਜਿਹਨਾਂ ਵਿੱਚ ਮੁਗਲ ਬਾਦਸ਼ਾਹਾਂ ਦੇ ਹੁਕਮ ਕਿ “ਜਿਥੇ ਵੀ ਸਿੱਖ ਲੱਭਣ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ।

ਅਗਰ ਇਹ ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਸੀ ਜਿਸ ਤਰਾਂ ਕਿ ਕੁਝ ਮਸਨੂਈ ਵਿਦਵਾਨਾਂ ਵਲੋਂ ਪ੍ਰਚਾਰਿਆ ਗਿਆ ਹੈ (ਅਸਲ ਵਿਚ ਸਿਰਫ ਗਦਰ) ਜੋ ਸਿਰਫ ਹਿਦੋਸਤਾਨ ਦੀ 20% ਧਰਤੀ (ਡਾ. ਗੰਡਾ ਸਿੰਘ ਅਨੁਸਾਰ) ਤੇ ਲੜਿਆ ਗਿਆ, ਕਿਸ ਤਰਾਂ ਪੂਰੇ ਹਿੰਦੋਸਤਾਨ ਦੀ ਨੁਮਾਇੰਦਗੀ ਕਰ ਸਕਦਾ ਹੈ? ਆਖਿਰ ਨੂੰ ਕੀ ਪੈਮਾਨਾ ਹੈ ਜਿਸ ਨਾਲ ਕਿਸੇ ਵੀ ਘਟਨਾ ਜਾ ਵਿਦਰੋਹ ਨੂੰ ਇਹ ਲੋਕ ਆਜ਼ਾਦੀ ਦੀ ਜੰਗ ਦਾ ਨਾਂ ਦਿੰਦੇ ਹਨ? ਜੇਕਰ ਇਹ ਅਜ਼ਾਦੀ ਦੀ ਲੜਾਈ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਾਰ ਦਾ ਮੁਗਲਾਂ ਨਾਲ ਲੜਾਈਆਂ ਕਰਨਾਂ ਤੇ ਆਖਿਰ ਨੂੰ ਸ਼ਹੀਦੀ ਪਾਏ ਜਾਣ ਨੂੰ ਕੀ ਕਹਾਂਗੇ? ਕੀ ਕੂਕਾ ਲਹਿਰ ਇਸ ਹਿਦੋਸਤਾਨ ਦੀ ਅਜ਼ਾਦੀ ਦੀ ਲੜਾਈ ਨਹੀਂ ਸੀ? ਜਾਂ ਫਿਰ ਸਿਖਾਂ ਵਲੋਂ ਅੰਗਰੇਜ਼ਾਂ ਵਿਰੁਧ ਲੜੀਆ ਜੰਗਾਂ ਅਜ਼ਾਦੀ ਦੀਆਂ ਜੰਗਾਂ ਨਹੀਂ ਕਹਿਲਾ ਸਕਦੀਆਂ? ਕਿਉੰ ਪੂਰੇ ਹਿੰਦੋਸਤਾਨ ਦੀਆਂ ਦੇਸੀ ਪਲਟਨਾਂ ਬੈਰੂਨੀ ਤਾਕਤਾਂ ਦੇ ਨਾਲ ਜਾਂ ਅੰਗਰੇਜ਼ਾਂ ਅਤੇ ਮੁਗਲ ਸਾਮਰਾਜ ਦੇ ਨਾਲ ਹੋ ਕੇ ਸਿੱਖਾ ਦੇ ਖਿਲਾਫ ਲੜੀਆਂ। ਇਸ ਬਾਰੇ ਗੌਰ ਅਤੇ ਖੋਜ ਕਰਨ ਦੀ ਲੋੜ ਹੈ।

ਬੇਸ਼ਕ ਜਥੇਬੰਦਕ ਤੌਰ ਤੇ ਸਿੱਖ ਇਸ ਗਦਰ ਤੋਂ ਦੂਰ ਰਹੇ ਹਨ ਪਰ ਜੇ ਇਥੇ ਉਹਨਾਂ ਵੀਰਾਂ ਦੀ ਗੱਲ ਨਾਂ ਕੀਤੀ ਜਿਹਨਾਂ ਨੇ ਆਪਣੇ ਤੌਰ ਤੇ ਇਸ ਵਿਦਰੋਹ ਵਿਚ ਹਿੱਸਾ ਲਿਆ ਕੁਝ ਸ਼ਹੀਦ ਹੋਏ ਤੇ ਕੁਝ ਜੀਵਨ ਭਰ ਲਈ ਕਾਲ ਕੋਠੜੀਆਂ ਵਿੱਚ ਡੱਕ ਦਿਤੇ ਗਏ ਬਿਨਾਂ ਸ਼ੱਕ ਉਹਨਾਂ ਨਾਲ ਬੇਇਨਸਾਫੀ ਹੋਵੇਗੀ। ਰੋਪੜ ਸ਼ਹਿਰ ਵਿਖੇ ਇਕ ਸਿੱਖ ਸੈਨਿਕ ਟੁਕੜੀ ਜਿਸ ਦੀ ਅਗਵਾਈ ਸ: ਮੋਹਰ ਸਿੰਘ ਕਰ ਰਹੇ ਸਨ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਬਗਾਵਤ ਦਾ ਐਲਾਨ ਕਰ ਦਿੱਤਾ। ਬਾਅਦ ਵਿਚ ਸ: ਮੋਹਰ ਸਿੰਘ ਤੇ ਉਸਦੇ 5 ਸਾਥੀਆਂ ਨੂੰ ਗਰਿਫਤਾਰ ਕਰਕੇ ਅੰਬਾਲੇ ਵਿਚ ਸ਼ਰੇ ਬਾਜ਼ਾਰ ਫਾਂਸੀ ਤੇ ਲਟਕਾ ਦਿਤਾ ਗਿਆ। (ਸ ਅਜਮੇਰ ਸਿੰਘ) ਅੰਬਾਲੇ ਦੇ ਡਿਪਟੀ ਕਮਿਸ਼ਨਰ ਟੀ.ਡੀ. ਫੋਰਸਿਥ ਨੇ ਲਿਖਿਆ ਹੈ ਕਿ “ਪੂਰੇ ਉਤਰੀ ਭਾਰਤ ਵਿਚ ਜਿਸ ਪਹਿਲੇ ਬੰਦੇ ਨੂੰ ਇਸ ਬਗਾਵਤ ਜਾਂ ਗਦਰ ਵਿਚ ਹਿਸਾ ਲੈਣ ਕਰਕੇ ਫਾਂਸੀ ਦਿਤੀ ਗਈ ਉਹ ਇਕ ਸਿੱਖ ਸ: ਮੋਹਰ ਸਿੰਘ ਸੀ”। 3 ਜੂਨ 1857 ਨੂੰ 37ਵੀ ਦੇਸੀ ਪਲਟਨ ਜਿਸ ਨੂੰ ਕਿ ਲੁਧਿਆਣਾ ਸਿੱਖ ਕਰਕੇ ਵੀ ਬੁਲਾਇਆ ਜਾਂਦਾ ਸੀ ਨੇ ਬਨਾਰਸ ਵਿਚ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਇਹਨਾਂ ਸਾਰੇ ਸਿੱਖ ਸਰਦਾਰਾਂ ਸਿਪਾਹੀਆਂ ਨੂੰ ਜਾਂ ਤਾਂ ਗੋਲੀ ਮਾਰ ਦਿੱਤੀ ਗਈ ਜਾਂ ਗਰਿਫਤਾਰ ਕਰਕੇ ਫਾਂਸੀ ਦੇ ਤਖਤੇ ਤੇ ਲਟਕਾ ਦਿਤਾ ਗਿਆ। 400 ਦੇ ਕਰੀਬ ਸਿੱਖ ਸਿਪਾਹੀ ਬਰੇਲੀ ਤੋਂ ਗਰਿਫਤਾਰ ਕੀਤੇ ਗਏ ਤੇ ਉਹਨਾਂ ਨੂੰ ਜੀਵਨ ਭਰ ਲਈ ਕਾਲ ਕੋਠੜੀਆਂ ਵਿੱਚ ਡੱਕ ਦਿਤਾ ਗਿਆ। ਝਾਂਸੀ ਦੀ 12ਵੀ ਰਜਮੈਂਟ ਦੇ 21 ਸਿੰਘਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਮੱਧ ਪ੍ਰਦੇਸ ਦੇ ਮਾਓ ਸ਼ਹਿਰ ਦੀ ਫੌਜੀ ਛਾਂਉਣੀ ਵਿਚੋਂ 80 ਸਿੱਖ ਸਿਪਾਹੀਆਂ ਨੂੰ ਗਰਿਫਤਾਰ ਕਰਕੇ ਆਗਰੇ ਦੀ ਜੇਲ ਵਿੱਚ ਡੱਕ ਦਿਤਾ ਗਿਆ। ਇਸੇ ਤਰਾਂ ਹੋਰ ਵੀ ਬਹੁਤ ਸਾਰੇ ਸਿੱਖ ਸਿਪਾਹੀ ਹੋਣਗੇ ਜਿਹ੍ਹਨਾਂ ਨੇ ਇਸ ਵਿਦਰੋਹ ਵਿਚ ਭਾਗ ਲਿਆ ਅਤੇ ਆਪਾ ਕੁਰਬਾਨ ਕੀਤਾ ਹੋਵੇਗਾ। ਸਿੱਖ ਵਿਰੋਧੀ ਲੋਕਾਂ ਦੀਆਂ ਕਪਟ ਚਾਲਾਂ ਦੀ ਧੂੜ ਉਹਨਾਂ ਦੀਆਂ ਕੁਰਬਾਨੀਆ ਤੇ ਜੰਮੀ ਹੋਈ ਹੋਵੇਗੀ ਉਸ ਨੂੰ ਸਾਫ ਕਰਨ ਲਈ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਸਿੱਖ ਸਿਪਾਹੀਆਂ ਦੀ ਕੁਰਬਾਨੀ ਦੀ ਲੋਅ ਦੁਨੀਆ ਦੇ ਇਤਿਹਾਸ ਵਿਚ ਚਾਨਣ ਕਰ ਸਕੇ, ਅਸੀਂ ਇਹਨਾ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ। ਅੱਜ ਦੇ ਦਿਨ ਇਹਨਾਂ ਯੋਧਿਆਂ ਨੂੰ ਸੱਚੀ ਤੇ ਭਾਵ-ਭਿੰਨੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਇਤਿਹਾਸ ਦੇ ਇਸ ਵਡਮੁੱਲੇ ਖਜ਼ਾਨੇ ਦੀ ਜਾਣਕਾਰੀ ਆਪਣੀ ਅਗਲੀ ਪੀੜੀ ਦੇ ਨਾਲ ਸਾਂਝੀ ਕਰੀਏ ਜਿਸ ਤੋਂ ਸਿੱਖ ਪਨੀਰੀ ਸਿੱਖ ਇਤਿਹਾਸ ਦੇ ਕੁਰਬਾਨੀਆਂ ਭਰੇ ਦੌਰ ਤੋਂ ਸੇਧ ਲੈ ਕਿ ਸਿੱਖੀ ਦੇ ਲਈ ਆਪਾ ਵਾਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕੇ ਤੇ ਕੁਰਬਾਨੀ ਦੀ ਸ਼ਮਾਂ ਨੂੰ ਜੱਗਦੀ ਰੱਖ ਸਕੇ।

1857 ਦੇ ਗਦਰ ਨੂੰ  ਸਭ ਤੋਂ ਪਹਿਲਾਂ ਵੀ.ਡੀ ਸਾਵਰਕਰ ਨੇ 1857 ਈ ਨੂੰ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਲਿਖਤ ਵਿਚ ਇਸ ਨੂੰ ਅਜ਼ਾਦੀ ਦੀ ਲੜਾਈ ਦਾ ਨਾਂ ਦਿੱਤਾ ਉਸ ਤੋਂ ਬਾਅਦ ਹੀ ਇਸ, “ਜੰਗੇ ਅਜ਼ਾਦੀ” ਦੇ ਨਾਇਕ ਲੱਭਣੇ ਸ਼ੁਰੂ ਹੋਏ। 11 ਮਈ ਅਗਲੇ ਦਿਨ ਹੀ  ਬਾਗੀ ਸਿਪਾਹੀਆਂ ਨੇ ਆਪਣਾ ਨੇਤਾ  ਐਲਾਨਿਆ ਜੋ  ਨਾ ਅਗਵਾਈ ਦੇ ਯੋਗ ਸੀ ਤੇ ਨਾ ਉਹ ਕਰਨਾ ਚਾਹੁੰਦਾ ਸੀ1 ਉਹ ਸੀ ਬਹਾਦਰ ਸ਼ਾਹ ਜ਼ਫਰ। ਕਹਿਣ ਨੂੰ ਉਹ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ,  ਜਿਸਨੇ ਆਪਣਾ ਰਾਜ ਭਾਗ ਖੁਦ ਅੰਗਰੇਜ਼ਾਂ ਦੇ ਹਵਾਲੇ ਕੀਤਾ । ਉਸਦਾ ਆਪਣਾ ਜੀਵਨ ਉਸਦੇ ਆਪਣੇ ਨਾਮ ਤੋਂ ਬਿਲਕੁਲ ਉਲਟ ਸੀ ਨਾ ਤਾਂ ਉਹ ਬਹਾਦਰ ਸੀ ਤੇ ਨਾ ਸ਼ਾਹ ਤੇ ਨਾ ਜ਼ਫਰ (ਵਿਜੇਤਾ) ਸੀ। ਉਹ ਸੀ ਤੇ ਕੇਵਲ ਕਲਮ ਦਾ ਧਨੀ ਇਕ ਸ਼ਾਇਰ। ਇਸ ਤੋਂ ਵੱਧ ਕੇ ਉਸਦੇ ਪੱਲੇ ਕੁਝ ਨਹੀ ਸੀ। ਮੌਲਾਨਾ ਅਬਦੁਲ ਕਲਾਮ ਆਜ਼ਾਦ ਵੀ ਇਸ ਗੱਲ ਨਾਲ ਸਹਿਮਤ ਸਨ। ਇਹ ਤਾਂ ਥੋੜੇ ਜਿਹੇ ਲੋਕਾਂ ਦਾ ਫੋਜੀ ਵਿਦ੍ਰੋਹ ਸੀ ਜਿਨ੍ਹਾ ਦੀਆਂ ਹਿਤਾਂ ਨੂੰ ਅੰਗਰੇਜਾਂ ਦੀਆਂ ਨਵੀਆਂ ਨੀਤਿਆ ਕਰ ਕੇ ਨੁਕਸਾਨ ਪਹੁੰਚਿਆ ਸੀ 1 ਜਿਸ ਕਾਰਨ ਇਹ ਵਿਦ੍ਰੋਹ ਪੂਰੇ ਦੇਸ਼ ਵਿਚ ਫੈਲਣ ਦੀ ਬਜਾਏ ਕੁਝ ਹਿਸਿਆਂ ਤਕ ਸੀਮਤ ਰਹਿ ਗਿਆ 1 ਜੇ ਮਰਨ ਵਾਲੇ ਵਿਦ੍ਰੋਹੀ ਭਾਰਤੀ ਸਨ ਤਾਂ ਮਾਰਨ ਵਾਲੇ ਵੀ ਜਿਆਦਾ ਤਰ ਭਾਰਤੀ ਸਿਪਾਹੀ ਹੀ ਸਨ ਜਿਨ੍ਹਾ ਦੇ ਨਾਵਾਂ ਨਾਲ ਅੰਗੇਜ਼ੀ ਲਿਖਤਾਂ ਭਰੀਆਂ ਪਈਆਂ ਹਨ 1

ਕੂਕਾ ਲਹਿਰ

 ਅਜੇ ਗਦਰ ਮੁਕਿਆ ਹੀ ਸੀ ਕੀ ਇਕ ਨਵੀਂ ਲਹਿਰ ਨੇ ਜਨਮ ਲਿਆ ਜਿਸਦਾ ਨਿਸ਼ਾਨਾਂ ਸਿਖੀ ਪ੍ਰਚਾਰ ਦੇ ਨਾਲ ਨਾਲ ਅੰਗਰੇਜੀ ਰਾਜ  ਨੂੰ ਵੀ ਖਤਮ ਕਰਨਾ ਸੀ 1 ਇਹ ਲਹਿਰ ਪਿੰਡ ਭੈਣੀ ਤੋਂ ਬਾਬਾ ਰਾਮ ਸਿੰਘ ਨੇ 1862 ਵਿਚ ਸ਼ੁਰੂ ਕੀਤੀ  1 ਉਨ੍ਹਾ ਦਾ ਉਪਦੇਸ਼ ਸੀ – ਅੰਗ੍ਰੇਜ਼ੀ ਸਰਕਾਰ ਦੀ ਨੋਕਰੀ ਨਹੀਂ ਕਰਨੀ , ਸਵਦੇਸ਼ੀ ਖਦਰ  ਪਹਿਨਣਾ , ਅੰਗਰੇਜਾਂ ਦੇ ਸਕੂਲ ਕਾਲਜਾਂ ਵਿਚ ਸਿਖਿਆ ਨਹੀਂ ਲੈਣੀ , ਆਪਣੇ ਝਗੜੇ ਪੰਚਾਇਤਾਂ ਵਿਚ ਨਬੇੜਨੇ ,ਸਰਕਾਰੀ ਅਦਾਲਤਾਂ ਵਿਚ ਕੋਈ ਅਰਜ਼ੀ ,ਦਾਵਾ ਲੈਕੇ ਨਹੀਂ ਜਾਣਾ 1 ਇਹ ਨਾ-ਮਿਲਵਰਤਨ ਲਹਿਰ ਦਾ ਜਨਮ ਸੀ ਜਿਸ ਨੂੰ ਅਗੇ ਚਲ ਕੇ ਮਹਾਤਮਾ ਗਾਂਧੀ ਨੇ ਅਪਣਾਇਆ ਸੀ 1 ਰਾਮ ਸਿੰਘ ਨੇ ਆਪਣੇ ਪ੍ਰਚਾਰ ਰਾਹੀਂ ਪੰਜਾਬ ਦੇ ਲੋਕਾਂ ਵਿਚ ਆਜ਼ਾਦੀ ਦਾ ਜਜਬਾ  ਪੈਦਾ ਕਰ ਦਿਤਾ ਅਤੇ ਗੋਰਿਆਂ ਨੂੰ ਆਪਣੇ ਦੇਸ਼ ਵਿਚੋਂ ਕਢਣ ਦਾ ਨਿਸ਼ਾਨਾ ਸਪਸ਼ਟ ਕਰ ਦਿਤਾ ਸੀ 1 ਬਾਬਾ ਰਾਮ ਸਿੰਘ ਨੂੰ ਉਨ੍ਹਾ ਦੇ ਕੁਝ ਸਾਥੀਆਂ ਨਾਲ ਗ੍ਰਿਫਤਾਰ ਕਰਕੇ ਪਹਿਲਾਂ ਅਲਾਹਾਬਾਦ ਤੇ ਫਿਰ ਰੰਗੂਨ ਭੇਜ ਦਿਤਾ ਗਿਆ ਜਿਥੇ 1885 ਵਿਚ ਉਹ ਅਕਾਲ ਚਲਾਣਾ ਕਰ ਗਏ 1

ਕਿਸਾਨ ਅੰਦੋਲਨ

 1905 ਵਿਚ ਬੰਗਾਲ ਦੀ ਵੰਡ ਹੋਈ1   1907 ਵਿਚ ਸਰਕਾਰ ਨੇ ਨਹਿਰੀ ਆਬਾਦੀ ਬਾਰੇ ਕਨੂਨ ਪਾਸ ਕਰਕੇ ਕਿਸਾਨਾਂ ਉਤੇ ਮਾਲੀਆ ਵਧਾ ਦਿਤਾ 1 ਇਹਦੇ ਖਿਲਾਫ਼ ਪੰਜਾਬ ਵਿਚ ਥਾਂ ਥਾਂ ਜਲਸੇ ਕੀਤੇ ਗਏ 1 ਕਿਸਾਨਾਂ ਨੇ ਇਕ ਮੁਠ ਹੋਕੇ ਸਰਕਾਰ ਵਿਰੁਧ ਅੰਦੋਲਨ ਸ਼ੁਰੂ ਕਰ ਦਿਤਾ ਜਿਸਦਾ ਪ੍ਰਮੁਖ ਆਗੂ ਅਜੀਤ ਸਿੰਘ  ਤੇ ਲਾਲਾ ਲ੍ਜ੍ਪਤ ਰਾਇ ਸੀ 1 ਇਸ ਸਮੇ ਲਾਇਲਪੁਰ ਦੇ ਇਕ ਜਲਸੇ ਵਿਚ ਲਾਲਾ ਬਾਂਕੇ  ਦਿਆਲ ਨੇ ਇਕ ਕਵਿਤਾ ਪੜੀ -ਪਗੜੀ ਸੰਭਾਲ ਜੱਟਾ -ਇਹ ਗੀਤ ਇਸ ਅੰਦੋਲਨ ਦਾ ਧੁਰਾ ਬੰਨ ਗਿਆ 1 ਅਜੀਤ ਸਿੰਘ ਬੜਾ ਜਜ਼ਬਾਤੀ ਤੇ ਨਿੱਡਰ ਬੁਲਾਰਾ ਸੀ 1 ਅੰਗਰੇਜਾਂ ਨੇ ਉਸਨੂੰ ਗ੍ਰਿਫਤਾਰ ਕਰਕੇ ਮਾੰਡਲੇ -ਬਰਮਾ ਭੇਜ ਦਿਤਾ ਇਨ੍ਹਾ ਨਾਲ ਲਾਲਾ ਲਜਪਤ ਰਾਏ ਵੀ ਸੀ1   1909 ਵਿਚ ਅਜੀਤ ਸਿੰਘ ਵਿਦੇਸ਼ ਚਲੇ ਗਏ 1 ਉਨ੍ਹਾ ਦਾ ਚਲਾਣਾ ਉਸ ਦਿਨ ਹੋਇਆ ਜਿਸ ਦਿਨ ਸਾਡਾ ਦੇਸ਼ ਅਜਾਦ ਹੋਇਆ-15 ਅਗਸਤ 1947 ਵਿਚ 1 .

1913 -14 ਦਾ ਗਦਰ

ਉਨੀਵੀ  ਸਦੀ ਦੇ ਅਖੀਰ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਲੋਕ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਅਮਰੀਕਾ , ਕਨੇਡਾ ,ਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਚਲੇ ਗਏ1 1912 ਤਕ ਅਮਰੀਕਾ, ਕਨੇਡਾ ਵਿਚ ਪਹੁੰਚਣ ਵਾਲੀਆਂ ਦੀ ਗਿਣਤੀ ਤਕਰੀਬਨ  10,000 ਤਕ ਪਹੁੰਚ ਗਈ ਸੀ, ਜਿਨ੍ਹਾ ਵਿਚ 80% ਸਿਖ ਸਨ 1 ਇਨ੍ਹਾ ਵਿਚੋਂ ਬਹੁਤ ਸਾਰੇ ਫੌਜ਼ ਦੀ ਨੋਕਰੀ ਛੱਡ ਕੇ ਆਏ ਸੀ  1 ਉਥੇ ਜਾਕੇ ਵੀ ਇਨ੍ਹਾ ਨਾਲ ਵਿਦਕਰੇ ਵਾਲਾ ਸਲੂਕ ਕੀਤਾ ਗਿਆ 1 ਅਜਾਦ ਮੁਲਕਾਂ ਵਿਚ ਰਹਿ ਕੇ ਇਨ੍ਹਾ ਦੇ ਮਨ ਵਿਚ ਵੀ ਆਪਣੇ ਦੇਸ਼ ਨੂੰ ਸੁਤੰਤਰ ਕਰਾਉਣ ਦੀ ਰੀਝ ਜਾਗੀ 1 ਇਨ੍ਹਾ ਨੇ ਅਮਰੀਕਾ ਤੇ ਕਨੇਡਾ ਦੇ ਪਛਮੀ ਤਟ ਤੇ ,”ਹਿੰਦੁਸਤਾਨੀ” ਔਸੋਸਿਏਸ਼ਨ ਬਣਾਈ ਜਿਸਦਾ  ਮੁਖੀ ਸੋਹਣ ਸਿੰਘ ਭਕਨਾ ਤੇ ਜਨਰਲ ਸੱਕਤਰ ਲਾਲਾ ਹਰਿਦਿਆਲ ਸਨ 1 ਨਵੰਬਰ  ਸੰਨ 1913 ਵਿਚ ਇਕ ਪਰਚਾ ਜਾਰੀ ਕੀਤਾ, ਜਿਸਦਾ ਨਾਮ ਸੀ “ਗਦਰ” ਇਹ ਪਰਚਾ ਉਰਦੂ ਵਿਚ ਸੀ ਪਰ ਬਾਅਦ ਵਿਚ ਕਈ ਜ਼ੁਬਾਨਾ ਵਿਚ ਇਸ ਦਾ ਤਰਜੁਮਾ ਕੀਤਾ ਗਿਆ 1  10 ਫਰਵਰੀ 1914  ਨੂੰ ਇਸ ਵਿਚ ਇਕ ਇਸ਼ਤਿਹਾਰ ਛਪਿਆ ,” ਜਰੂਰਤ ਹੈ ਜਰੂਰਤ ਹੈ ,ਨਿਡਰ ਤੇ ਬਹਾਦਰ ਸਿਪਾਹੀਆਂ ਦੀ ਹਿੰਦੁਸਤਾਨ ਵਿਚ ਗਦਰ ਮਚਾਉਣ ਲਈ 1 ਤਨਖਾਹ-ਮੋਤ , ਇਨਾਮ-ਸ਼ਹੀਦੀ , ਪੈਨਸ਼ਨ 1 ਇਸ ਤਰਹ 10 ਮਈ 1914 ਵਿਚ ਫਿਰ  ਹੋਰ ਸਤਰਾਂ ਛਪੀਆਂ ਸਨ .” ਆਜ਼ਾਦੀ ਮੰਗਣ ਨਾਲ ਨਹੀਂ ਮਿਲਦੀ , ਖੋਹਣੀ ਪੈਂਦੀ  ਹੈ 1 ਜੇਕਰ ਬਹਾਦਰ ਅਖਵਾਣਾ ਹੈ ਤਾਂ ਗਦਰ ਕਰੋ ਤੇ ਜੇ ਗਦਰ ਕਰਨਾ ਹੈ ਤਾਂ ਸਿਰ ਤੇ ਕਫਨ ਬੰਨ ਕੇ ਮੈਦਾਨ ਵਿਚ ਆਉ1

ਇਸਦਾ ਅਸਰ ਇਹ ਹੋਇਆ ਕੀ ਸੈਂਕੜੇ ਜਵਾਨ ਜਿਨਾ ਵਿਚ 80 % ਸਿਖ ਸੀ ਇਸ ਲਹਿਰ ਦੇ ਸਰਗਰਮ ਮੈਬਰ ਬਣ ਗਏ ਤੇ ਦੇਸ਼. ਵਿਚ ਜਾਕੇ ਗਦਰ ਮਚਾਉਣ ਲਈ ਉਤਾਵਲੇ ਹੋਣ ਲਗ ਪਏ 1 ਇਹ ਸਿਖ ਇਤਿਹਾਸ ਦੀ ਬਦਕਿਸ੍ਮਤੀ ਹੈ ਕਿ ਸਿਖਾਂ ਦੀਆਂ ਕੁਰਬਾਨੀਆਂ ਨੂੰ ਫਿਰਕਾਪ੍ਰਸਤ ਲੋਕ ਸਲਾਹੁਣ ਦੀ ਬਜਾਏ , ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਿਆਂ ਦਾ ਰੂਪ ਦੇ ਦਿੰਦੇ ਹਨ 1 ਗਦਰ ਲਹਿਰ ਦਾ ਧੁਆਂਦਰ ਪ੍ਰਚਾਰ ਵੇਖਕੇ ਅੰਗਰੇਜ਼ ਘਬਰਾ ਗਏ 1 ਜੇਹੜੇ ਲੋਕ ਆਪਣੀ ਰੋਜ਼ੀ -ਰੋਟੀ ਨੂੰ ਲਤ ਮਾਰ ਕੇ ਆਏ ਸੀ ਉਨ੍ਹਾ ਦੀ ਫੜਾ ਫੜਾਈ ਸ਼ੁਰੂ ਹੋ ਗਈ 1 ਉਨ੍ਹਾ ਨੂੰ ਫਾਂਸੀ ਜਾ ਲੰਮੇ ਸਮੇ ਦੀਆਂ ਸਜਾਵਾਂ ਸੁਣਾ ਦਿਤੀਆਂ  1 ਗਦਰ ਲਹਿਰ ਦੇ ਆਂਕੜੇ ਦਸਦੇ ਹਨ ਕੀ ਜਿਨ੍ਹਾ 47 ਬੰਦਿਆਂ ਨੂੰ ਫਾਂਸੀ ਦਿਤੀ ਗਈ ਉਨ੍ਹਾ ਵਿਚ 34 ਸਿਖ ਸਨ ਤੇ ਜਿਨ੍ਹਾ 30 ਬੰਦਿਆ  ਨੂੰ ਲੰਬੀਆਂ ਸਜਾਵਾਂ ਦਿਤੀਆ ਗਈਆਂ ਉਨ੍ਹਾ ਵਿਚੋਂ 27 ਸਿਖ ਸਨ 1 ਜਿਨ੍ਹਾ 29 ਬੰਦਿਆਂ ਨੂੰ ਦੇਸ਼ ਨਿਕਾਲਾ ਦੇਕੇ ਕਾਲੇ ਪਾਣੀ ਭੇਜਿਆ ਗਿਆ ਉਨ੍ਹਾ ਵਿਚੋਂ 26 ਸਿਖ ਸਨ 1  47 ਵਿਅਕਤੀਆਂ ਨੂੰ ਹੋਰ ਕਈ ਕਿਸਮ ਦੀਆਂ ਸਖਤ ਸਜਾਵਾਂ ਦਿਤੀਆਂ ਗਈਆਂ ਜਿਨ੍ਹਾ ਵਿਚੋ 38 ਸਿਖ ਸੀ 1

ਫਾਂਸੀ ਤੇ ਚੜਨ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦਾ ਨੋਜੁਆਨ ਕਰਤਾਰ ਸਿੰਘ ਸਰਾਭਾ ਸੀ 1 ਜਦੋਂ ਜਜ ਨੇ ਕਿਹਾ ਕੀ ਮੈਨੂੰ  ਤੇਰੀ ਉਮਰ ਦੇਖ ਕੇ ਤੇਰੇ ਤੇ ਤਰਸ ਆਉਂਦਾ ਹੈ , ਤੂੰ ਰਹਿਮ ਦੀ ਅਪੀਲ ਕਿਓਂ ਨਹੀਂ ਕਰਦਾ ? ਤਾਂ ਕਰਤਾਰ ਸਿੰਘ ਨੇ ਕੜਕ ਕੇ ਕਿਹਾ ਜੱਜ  ਸਾਹਿਬ ਇਹ ਰਹਿਮ ਦੀਆਂ ਗਲਾਂ ਛਡੋ , ਮੈਨੂੰ ਜਲਦੀ ਫਾਂਸੀ ਦਿਓ ਤਾ ਕਿ ਮੈਂ ਕਿਸੇ ਹੋਰ ਮਾਂ ਦੀ ਕੁਖ ਵਿਚੋ ਜਨਮ ਲੈ ਸਕਾਂ 1 ਮੈਂ ਉਤਨੀ ਦੇਰ ਤਕ ਫਾਂਸੀ ਤੇ ਚੜਦਾ ਰਹਾਂਗਾ ਤੇ ਜਨਮ ਲੈਂਦਾ ਰਹਾਂਗਾ ਜਦ ਤਕ ਮੇਰਾ ਦੇਸ਼ ਅਜਾਦ ਨਹੀਂ ਹੋ ਜਾਂਦਾ 1

ਗਦਰ ਵਿਚ ਸ਼ਹੀਦ ਹੋਣ ਵਾਲਾ ਕਨੇਡਾ ਵਿਚ ਇਕ ਪ੍ਰਮੁਖ ਭਾਰਤੀ ਮੇਵਾ ਸਿੰਘ , ਜਿਸਨੇ ਇੱਕ ਰਿਸ਼ਵਤਖੋਰ , ਬਦਦਿਮਾਗ , ਤੇ ਜਾਲਮ ਅੰਗਰੇਜ਼ ਅਫਸਰ ਹਾਪਕਿਨਸਨ ਨੂੰ ਭਰੀ ਕਚਿਹਰੀ ਗੋਲੀ ਮਾਰ ਕੇ ਫਾਂਸੀ ਤੇ ਚੜਨ ਤੋਂ ਪਹਿਲਾਂ ਇਹ ਬਿਆਨ ਦਿਤਾ ,” ਮੇਰਾ ਧਰਮ ਮੈਨੂੰ  ਕਿਸੇ ਨਾਲ ਵੈਰ ਕਰਨਾ ਨਹੀਂ ਸਿਖਾਂਦਾ ਨਾ ਹੀ ਜਾਤ ,ਧਰਮ ਤੇ ਨਸਲ ਦੇ ਅਧਾਰ ਤੇ ਕਿਸੇ ਨੂੰ ਉਂਚ-ਨੀਚ ਮੰਨਦਾ ਹੈ 1 ਪਰ ਜਦ ਮੈਨੂੰ  ਪਤਾ ਲਗਾ ਕੀ ਇਹ ਜਾਲਮ ਅਫਸਰ ਮੇਰੇ ਦੇਸ਼ਵਾਸੀਆਂ ਨੂੰ ਇਸ ਕਰਕੇ ਨਜਾਇਜ ਪਰੇਸ਼ਾਨ ਕਰਦਾ ਤੇ ਮਜ਼ਾਕ ਉਡਾਂਦਾ ਹੈ ਕੀ ਅਸੀਂ ਗੁਲਾਮ ਦੇਸ਼ ਤੋ ਆਏ ਹਾਂ ਤਾਂ ਮੇਰੇ ਤੋ ਬਰਦਾਸ਼ਤ ਨਹੀਂ ਹੋਇਆ 1 ਮੈਨੂੰ  ਕੋਈ ਦੁਖ ਨਹੀਂ ,ਫਾਂਸੀ ਦੇ ਤਖਤੇ ਤੇ ਜਾਣ ਲਗਿਆਂ ਇੰਜ ਲਗ ਰਿਹਾ ਹੈ ਜਿਵੇਂ ਮੈਂ ਆਪਣੀ ਮਾਂ  ਦੀ ਗੋਦ ਵਿਚ ਜਾ ਰਿਹਾਂ ਹੋਵਾਂ  1

ਇਸ ਸਮੇ ਦੇ ਕੁਝ ਹੋਰ ਪ੍ਰਮੁਖ ਸ਼ਹੀਦ ਹਨ , ਡਾ.ਮਥਰਾ ਸਿੰਘ ,ਬਾਬੂ ਹਰਨਾਮ ਸਿੰਘ , ਭਾਗ ਸਿੰਘ ਕਨੇਡੀਅਨ, ਭਾਨ ਸਿੰਘ -ਸ਼ਹੀਦਾਂ ਦੀ ਲਿਸਟ ਬਹੁਤ ਲੰਬੀ ਹੈ 1 ਉਮਰ ਕੈਦ ਕਟਣ ਵਾਲੇ , ਬਾਬਾ ਸੋਹਣ ਸਿੰਘ ਭਕਨਾ , ਸੰਤ ਰਣਧੀਰ ਸਿੰਘ , ਸੰਤ ਵਿਸਾਖਾ ਸਿੰਘ ਅਤੇ ਜਵਾਲਾ ਸਿੰਘ ਠਠੀਆ  ਆਦਿ 1

ਕਾਮਾਗਾਟਾ ਮਾਰੂ

ਕਨੇਡਾ ਸਰਕਾਰ ਨੇ ਭਾਰਤ ਤੇ ਕੁਝ ਪਾਬੰਦੀਆਂ ਲਗਾ ਦਿਤੀਆਂ 1 ਆਪਣੇ ਦੇਸ਼ ਤੋਂ ਸਿਧੀ ਟਿਕਟ ਲੈਕੇ ਆਉਣ ਦੀ ਪਾਬੰਦੀ 1 ਭਾਰਤ ਕੋਲ ਕੋਈ ਆਪਣਾ ਜਹਾਜ਼ ਨਹੀਂ ਸੀ 1 ਇਸ ਲਈ ਬਾਬਾ ਗੁਰਦਿਤ ਸਿੰਘ, ਇਕ ਨਾਮੀ ਠੇਕੇਦਾਰ  ਨੇ ਇਸ ਰੁਕਾਵਟ ਨੂੰ ਦੂਰ ਕਰਨ ਲਈ ਇਕ ਜਾਪਾਨੀ ਜਹਾਜ਼ -ਕਾਮਾਗਾਟਾ ਮਾਰੂ -ਕਿਰਾਏ ਤੇ ਲੈ ਲਿਆ 1 ਜਿਸ ਵਿਚ 376 ਮੁਸਾਫਰ ਬੁਕ ਕਰਕੇ ਕਨੇਡਾ ਵਲ ਰਵਾਨਾ ਹੋ  ਗਿਆ,ਜਿਸ ਵਿਚ 346 ਸਿਖ ਸਨ 1 ਜਦ ਇਹ ਜਹਾਜ਼ ਕਨੇਡਾ ਦੇ ਪਛਮੀ ਤਟ ਤੇ ਪਹੁੰਚਿਆ ਤਾਂ ਕਨੇਡਾ ਦੀ ਸਰਕਾਰ ਨੇ ਕਨੇਡਾ ਵਿਚ ਪ੍ਰਵੇਸ਼ ਕਰਨ ਤੋ ਮਨਾ ਕਰ ਦਿਤਾ 1 ਜਹਾਜ ਕਈ ਦਿਨਾ ਤਕ ਉਥੇ ਹੀ ਲੰਗਰ ਪਾਕੇ ਖਲੋਤਾ ਰਿਹਾ ,ਅਖੀਰ ਕਲਕਤੇ ਵਾਪਸ ਮੁੜਨ ਦੇ ਆਦੇਸ਼ ਦਿਤੇ ਗਏ1   6 ਮਹੀਨੇ ਬਾਅਦ ਜਦੋਂ ਅਨੇਕਾਂ ਕਸ਼ਟ ਭੋਗ ਕੇ ਮੁਸਾਫਰ ਬਜ- ਬਜ ਘਾਟ ਤੇ ਵਾਪਸ ਪਹੁੰਚੇ ਤਾਂ ਗੋਰੇ ਸਿਪਾਹੀਆਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ ਤੇ 40 ਸਿਖਾਂ ਨੂੰ ਸ਼ਹੀਦ ਕਰ ਦਿਤਾ1 ਬਹੁਤ ਸਾਰਿਆਂ ਨੂੰ ਵੱਖ ਵੱਖ ਸਜਾਵਾਂ ਦੇਕੇ ਜੇਲਾਂ ਵਿਚ ਭੇਜ ਦਿਤਾ 1

ਜਲਿਆਂ ਵਾਲਾ ਬਾਗ ਦੀ ਘਟਨਾ

ਪਹਿਲੀ ਵਿਸ਼ਵ ਜੰਗ ਦੇ ਮਗਰੋਂ ਭਾਰਤ ਵਾਸੀਆਂ ਨੂੰ ਆਸ ਸੀ ਕੀ ਹੁਣ ਉਨ੍ਹਾ ਨੂੰ ਰਾਜ-ਕਾਜ ਦੇ ਕੰਮਾਂ ਵਿਚ ਵਧੇਰੇ ਅਧਿਕਾਰ ਦਿਤੇ ਜਾਣਗੇ ਕਿਓਕੀ ਇਸ ਯੁਧ ਵਿਚ ਭਾਰਤ ਵਾਸੀਆਂ ਨੇ ਅੰਗਰੇਜਾਂ ਦੀ ਬਹੁਤ ਮਦਤ ਕੀਤੀ ਸੀ 1 ਪਰ ਵਿਸ਼ਵ ਯੁਧ ਖਤਮ ਹੁੰਦਿਆ ਹੀ ਹਿੰਦ ਸਰਕਾਰ ਨੇ ਰੋਲਟ ਏਕਟ ਪਾਸ ਕਰ ਦਿਤਾ ਜਿਸਦੇ ਤਹਿਤ ਭਾਰਤੀਆਂ ਤੇ ਕਈ ਤਰੀਕੇ ਦੀਆਂ ਪਾਬੰਦੀਆਂ ਲਗਾ ਦਿਤੀਆਂ 1 ਸਰਕਾਰ ਵਿਰੁਧ ਬੋਲਣ , ਲਿਖਣ ਤੇ ਇੱਕਠ ਕਰਨ ਦੀ ਮਨਾਹੀ ਆਦਿ 1 ਇਸ ਕਾਨੂਨ ਖਿਲਾਫ਼ ਥਾਂ ਥਾਂ ਹੜਤਾਲਾਂ ਹੋਈਆਂ , ਜਲੂਸ ਕਢੇ ਗਏ ਤੇ ਸ਼ਾਂਤਮਈ ਢੰਗ ਨਾਲ ਵੀ ਵਿਰੋਧ ਕੀਤਾ ਗਿਆ 1 ਸੰਨ 1919 ਅਪ੍ਰੈਲ 13 ਨੂੰ ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ਵਿਚ ਇਕ ਵਿਸ਼ਾਲ ਜਲਸੇ ਉਪਰ ਜਨਰਲ ਡਾਇਰ ਨੇ ਅੰਧਾ-ਧੁੰਦ ਗੋਲੀਆਂ ਦੀ ਵਰਖਾ ਕਰ ਦਿਤੀ ਤੇ 15 ਮਿੰਟਾ ਵਿਚ 1300 ਬੰਦਿਆਂ ਨੂੰ ਸਦਾ ਦੀ ਨੀਂਦ ਸੁਆ ਦਿਤਾ ਜਿਸ ਵਿਚ 799 ਸਿਖ ਤੇ 501 ਹਿੰਦੂ ਤੇ ਮੁਸਲਮਾਨ ਸਨ 1 ਇਸ ਜਲਸੇ ਵਿਚ ਇਕ ਯਤੀਮ ਬਚਾ ਉਧਮ ਸਿੰਘ ਵੀ ਸੀ 1 ਉਸਨੇ ਇਹ ਸਭ ਆਪਣੀ ਅਖੀਂ ਵੇਖਿਆ 1  ਲਾਸ਼ਾਂ ਦੇ ਢੇਰ ਵਿਚ ਖੜੋਤਿਆਂ ਉਸਨੇ ਕਸਮ ਚੁਕੀ ਕੀ ਉਹ ਇਸ ਕਾਂਡ ਦੇ ਹਤਿਆਰੇ ਕੋਲੋਂ ਇਸ ਜ਼ੁਲਮ ਦਾ ਬਦਲਾ ਜਰੂਰ ਲਵੇਗਾ 1 21 ਸਾਲ ਇੰਤਜ਼ਾਰ ਕਰਨ ਤੋਂ ਬਾਅਦ , ਮਾਰਚ 13 ਸੰਨ 1940, ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋਇਆ1 ਕੇਕਸਟਨ ਹਾਲ ਵਿਚ ਜਨਰਲ ਡਾਇਰ ਨੂੰ ਗੋਲੀ ਮਾਰਕੇ 31 ਜੁਲਾਈ 1940 ਵਿਚ ਇਸ ਕੋਮੀ ਸੂਰਬੀਰ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿਤਾ ਗਿਆ1

ਅਕਾਲੀ ਲਹਿਰ ਅਤੇ ਗੁਰੂਦਵਾਰਾ ਸੁਧਾਰ ਲਹਿਰ

ਉਸਤੋਂ ਬਾਅਦ ਮਹਾਤਮਾ ਗਾਂਧੀ ਨੇ ਸ਼ਾਂਤਮਈ ਢੰਗ ਨਾਲ ਆਜ਼ਾਦੀ ਹਾਸਲ ਕਰਨ ਦੇ ਯਤਨ ਆਰੰਭ ਕੀਤੇ ਜਿਸਦਾ ਮੁਢ ਅਕਾਲੀ ਲਹਿਰ ਨੇ ਬੰਨਿਆ ਸੀ 1 ਜਦੋਂ ਮਹੰਤ ਅੰਗਰੇਜਾਂ ਦੀ ਸ਼ਹਿ ਤੇ ਗੁਰਦਵਾਰਿਆਂ  ਵਿਚ ਸਿਖੀ ਮਰਯਾਦਾ ਨੂੰ ਭੰਗ ਕਰ ਰਹੇ ਸੀ ਤਾਂ ਇਸਦੇ ਵਿਰੁਧ ਸਿਖਾਂ ਨੇ ਅੰਦੋਲਨ ਕਰਕੇ ਅਕਿਹ ਤੇ ਅਸਿਹ ਕਸ਼ਟ ਸਹਾਰਦੇ ਗੁਰੁਦਵਾਰਿਆਂ ਨੂੰ ਸੁਤੰਤਰ ਕਰਵਾਇਆ 1 ਨਨਕਾਣਾ ਸਾਹਿਬ ,ਗੁਰੂ ਕੇ ਬਾਗ ਵਿਖੇ ਜੈਤੋ ਦੇ ਮੋਰਚਿਆਂ ਸਮੇਂ ਸਿਖਾਂ ਨੂੰ ਜਿਉਂਦੇ ਜੀ ਜੰਡਾਂ ਨਾਲ ਬੰਨ ਕੇ ਸਾੜਿਆ ਗਿਆ ਤੇ ਕਈਆਂ ਨੂੰ ਲਾਠੀਆਂ ਮਾਰ ਮਾਰ ਕੇ ਸ਼ਹੀਦ ਕਰ ਦਿਤਾ ਗਿਆ 1 ਇਸਾਈ ਮਿਸ਼ਨਰੀ ਸੀ.ਐਫ.ਔਨਡਰਿਉਜ਼ ਨੇ ਇਹ ਸਭ ਆਪਣੀ ਅਖੀ ਵੇਖਿਆ ਤੇ ਲਿਖਿਆ ,’ ਅਜ ਮੈਂ ਇਕ ਨਹੀਂ ਲਖਾਂ ਈਸਾ ਮਸੀਹ ਸੂਲੀ ਤੇ ਚੜਦੇ ਵੇਖੇ ਹਨ”1 ਇਹ ਲਹਿਰ ਧਾਰਮਿਕ ਹੋਣ ਦੇ ਬਾਵਜੂਦ ਆਜ਼ਾਦੀ ਲਈ ਸਿਆਸੀ ਜੰਗ ਵਲ ਇਕ ਵਡਾ ਕਦਮ ਸੀ 1 ਸ਼ਾਇਦ ਇਸੇ ਕਾਰਨ ਮੋਰਚੇ ਦੀ ਸਫਲਤਾ ਮਗਰੋਂ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਤਾਰ ਰਾਹੀਂ ਵਧਾਈ ਦਿਤੀ ,” ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿਤੀ ਗਈ ਹੈ “1ਇਸ ਲਹਿਰ ਵਿਚ 30,000 ਤੋ ਵਧ ਸਿੰਘ ਜੇਲਾਂ ਵਿਚ ਸੁਟੇ ਗਏ 1   500 ਤੋਂ ਵਧ ਸ਼ਹੀਦ ਹੋਏ ਤੇ ਲੱਖਾਂ ਰੂਪਏ ਜੁਰਮਾਨੇ ਵਜੋਂ ਦੇਣ ਤੋਂ ਬਾਅਦ ਅੰਗਰੇਜਾਂ  ਨੂੰ ਝੁਕਣਾ  ਪਿਆ ਤੇ ਗੁਰੁਦਵਾਰਿਆਂ ਤੇ ਮਹੰਤਾਂ ਦਾ ਕੰਟ੍ਰੋਲ ਖਤਮ ਕਰਕੇ ਪੰਥ ਪ੍ਰਬੰਧਕਾ ਦੇ ਹਵਾਲੇ ਕਰ ਦਿਤੇ  ਗਿਆ 1

ਬੱਬਰ ਅਕਾਲੀ ਲਹਿਰ

ਅੰਗਰੇਜ਼ੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ  ਵਧੀਕੀਆਂ ਦਾ ਨਤੀਜਾ ਇਕ ਹੋਰ ਜਥੇਬੰਦੀ ਬਬਰ ਖਾਲਸਾ ਦੇ ਨਾਂ ਤੇ ਆ ਗਈ ਜਿਨ੍ਹਾ ਦਾ ਮੁਖ ਮਕਸਦ ਅੰਗ੍ਰੇਜ਼ੀ ਸਰਕਾਰ ਦੇ ਪਿਠੂਆਂ ਨੂੰ ਸੋਧਣਾ ਸੀ 1 ਇਸ ਦਾ ਪ੍ਰਧਾਨ ਸਰਦਾਰ ਕ੍ਰਿਸ਼ਨ ਸਿੰਘ ,ਸੱਕਤਰ ਸਰਦਾਰ ਦਲੀਪ ਸਿੰਘ ਤੇ ਖਜਾਨਚੀ ਬਾਬਾ ਸੰਤ ਸਿੰਘ ਸੀ 1 ਇਨ੍ਹਾ ਨੇ ਅੰਗ੍ਰੇਜ਼ੀ  ਸਰਕਾਰ ਦੇ ਪਿਠੂਆਂ ਨੂੰ ਘਰੋ-ਘਰੀਂ ਜਾ ਕੇ ਸੋਧਿਆ ਪਰ ਕੁਝ ਗਦਾਰਾਂ ਕਾਰਨ ਇਨ੍ਹਾ ਦੇ ਬਹੁਤ ਸਾਰੇ ਨੇਤਾ ਤੇ ਸਾਥੀ ਪਕੜੇ ਗਏ 1 ਕ੍ਰਿਸ਼ਨ ਸਿੰਘ ਗੜਗਜ ਸਮੇਤ ਕਈ  ਮੇਂਬਰਾਂ ਨੂੰ ਫਾਂਸੀ ਦਿਤੀ ਗਈ 1 ਬਾਬਾ ਲਾਭ ਸਿੰਘ ਤੇ ਮਾਸਟਰ ਮੋਤਾ ਸਿੰਘ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ1

ਭਗਤ ਸਿੰਘ ਦੀ ਸਹੀਦੀ

ਦਸੰਬਰ 17, 1928 ਨੂੰ ਸਾਂਡਰਸ ਦੇ ਕਤਲ ਤੇ ਅਪ੍ਰੈਲ 8, 1929 ਨੂੰ ਅਸੰਬਲੀ ਹਾਲ ਵਿਚ ਸੁਟੇ ਬੰਬ ਨੇ ਭਗਤ ਸਿੰਘ ਨੂੰ ਹਿੰਦੁਸਤਾਨ ਦਾ ਮਹਿਬੂਬ ਪਾਤਰ ਬਣਾ ਦਿਤਾ 1 ਮਾਰਚ 1931, ਫਾਂਸੀ ਤੋਂ ਬਾਅਦ ਦਿਲੀ ਵਿਚ ਹੋਏ ਇਕ ਜਲਸੇ ਵਿਚ ਸੁਭਾਸ਼ ਚੰਦਰ ਬੋਸ ਨੇ ਕਿਹਾ,’ ਭਗਤ ਸਿੰਘ ਇੱਕ ਵਿਅਕਤੀ ਨਹੀਂ -ਉਹ ਇਕ ਨਿਸ਼ਾਨ ਹੈ , ਇਕ ਚਿੰਨ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿਚ ਮਘਦੀ ਅੱਗ ਦੀ ਤਰਾਂ ਬਲ ਉਠਿਆ ਹੈ “1 ਪੰਡਤ ਜਵਾਹਰ ਲਾਲ ਨੇ ਲਿਖਿਆ ਸੀ ,” ਇਹ ਨੋਜਵਾਨ ਗਭਰੂ ਅਚਨਚੇਤ  ਇਤਨਾ ਹਰਮਨ ਪਿਆਰਾ ਹੋ ਗਿਆ ਹੈ 1 ਸਾਨੂੰ ਉਸਦੀ ਸ਼ਹਾਦਤ ਤੋ ਸਬਕ ਸਿਖਣਾ ਚਾਹੀਦਾ ਹੈ ਕਿ ਦੇਸ਼ ਤੇ ਕੋਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਮਰਿਆ ਜਾਂਦਾ ਹੈ”1

ਇਨ੍ਹਾ ਤਿੰਨਾਂ ਕ੍ਰਾਂਤੀਕਾਰੀਆਂ ,ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਹਸਦੇ ਹਸਦੇ , ਗੀਤ ਗਾਉਂਦੇ ਗਾਉਂਦੇ ਦੇਸ਼ ਦੀ ਅਜਾਦੀ ਲਈ  ਫਾਂਸੀ ਦਾ ਤਖਤਾ ਚੁਮਿਆ 1

               ਕਦੇ ਉਹ ਦਿਨ ਆਵੇਗਾ

             ਕਿ ਜਦ ਅਸੀਂ ਅਜ਼ਾਦ ਹੋਵਾਂਗੇ

           ਇਹ ਆਪਣੀ ਹੀ ਧਰਤੀ ਹੋਵੇਗੀ

         ਇਹ ਆਪਣਾ ਅਸਮਾਨ ਹੋਵੇਗਾ

ਭਗਤ ਸਿੰਘ ਦੀ ਸਹੀਦੀ ਤੋ ਬਾਅਦ

ਜਦੋ ਦੂਜੀ ਜੰਗ ਹੋਈ ਤਾਂ ਮੇਰਠ ਕੈਨਟ ਦੇ ਕਈ ਸਿਖ ਸੈਨਿਕਾਂ ਨੇ ਇਸ ਵਿਚ ਭਾਗ ਲੈਣ ਤੋ ਇਨਕਾਰ ਕਰ ਦਿਤਾ 1 ਇਸ ਹੁਕਮ ਅਦੂਲੀ ਲਈ ਇਨ੍ਹਾ ਸਿਖ ਸੈਨਿਕਾਂ ਦਾ  ਕੋਰਟ ਮਾਰਸ਼ਲ ਕੀਤਾ ਗਿਆ 1 ਸੰਨ 1940 , 6 ਸਤੰਬਰ ਨੂੰ 6 ਸਿਖ ਸੈਨਿਕਾਂ ਨੂੰ ਗੋਲੀ ਨਾਲ ਉੜਾ ਦਿਤਾ ਗਿਆ ਤੇ ਬਾਕੀਆਂ ਨੂੰ ਕਾਲੇ ਪਾਣੀ ਭੇਜ ਦਿਤਾ ਗਿਆ 1 ਜਦੋਂ ਗਾਂਧੀ ਨੇ ‘ਭਾਰਤ ਛਡੋ’ ਦਾ ਅੰਦੋਲਨ ਸ਼ੁਰੂ ਕੀਤਾ ਤਾ ਗੁਰਮੁਖ ਸਿੰਘ ਮੁਸਾਫਰ ਸਮੇਤ ਅਨੇਕਾਂ ਸਿੱਖ ਨੇਤਾ ਗ੍ਰਿਫਤਾਰ ਹੋਏ1 ਪੰਜਾਬ ਵਿਚ ਥਾਂ ਥਾਂ ਤੇ ਜਲੂਸ ਕਢੇ ਗਏ ,ਹੜਤਾਲਾਂ ਹੋਈਆਂ ,ਹਿੰਦੂ-ਸਿਖ ਬਚੇ ਆਪਣੀਆਂ ਪੜਾਈਆਂ ਛੱਡ ਕੇ ਇਸ ਅੰਦੋਲਨ ਵਿਚ ਸ਼ਾਮਲ ਹੋਏ 1

ਆਈ ਐਨ ਏ

ਦੂਸਰੀ ਵਿਸ਼ਵ ਜੰਗ ਜਾਰੀ ਸੀ 1 ਅੰਗਰੇਜ਼ ਹਰ ਪਾਸੋਂ ਘਿਰੇ ਹੋਏ ਸਨ 1 ਫਰਾਂਸ , ਹਾਲੈਂਡ, ਬੇਲਜੀਅਮ, ਨਾਰਵੇ, ਡੇਨਮਾਰਕ ਤੇ ਚੋਕੋਸਲਵਾਕੀਆ ਨਾਜ਼ੀ ਹਮਲੇ ਦਾ ਸ਼ਿਕਾਰ ਹੋਕੇ ਘੁਟਨੇ ਟੇਕ ਚੁਕੇ ਸਨ 1 ਪੂਰਬ ਵਾਲੇ ਪਾਸੇ ਜਾਪਾਨ ਦੀਆਂ ਫੌਜਾਂ, ਇੰਡੋ-ਚਾਇਨਾ, ਮਲਾਇਆ, ਸਿੰਘਾਪੁਰ, ਥਾਇਲੈਂਡ ਤੇ ਬਰਮਾ ਆਦਿ ਨੂੰ ਜਿਤ ਕੇ ਹਿੰਦੁਸਤਾਨ ਵਲ ਵਧ ਰਹੀਆਂ ਸਨ 1 ਇਸ ਸਮੇ ਜਨਰਲ ਮੋਹਨ ਸਿੰਘ ਤੇ ਸੁਬਾਸ਼ ਚੰਦਰ ਬੋਸ ਨੇ ਭਾਰਤੀ ਫੌਜੀਆਂ ਨੂੰ ਸੰਗਠਿਤ ਕਰਕੇ ਇੰਡੀਅਨ ਨੈਸ਼ਨਲ ਆਰਮੀ ਦੀ ਸਥਾਪਨਾ ਕੀਤੀ ਜਿਨ੍ਹਾ ਦਾ ਨਿਸ਼ਾਨਾ ਜਪਾਨੀਆਂ ਨਾਲ ਮਿਲਕੇ ਅੰਗਰੇਜਾਂ ਨੂੰ ਦੇਸ਼ ਤੋਂ ਬਾਹਰ ਕਢਣਾ ਸੀ 1 ਆਈ ਐਨ ਏ ਦੇ ਪ੍ਰਮੁਖ ਵਿਅਕਤੀਆਂ ਵਿਚੋਂ ਬਹੁਤ ਸਾਰੇ ਸਿਖ ਸੀ 1

ਮੇਰੇ ਕਹਿਣ ਦਾ ਮਤਲਬ ਇਹ ਹੈ ਕੀ ਸਾਰੇ ਧਰਮਾਂ ਦੇ ਸਾਂਝੇ ਲਹੂ ਨਾਲ 15 ਅਗਸਤ 1947 ਵਿਚ ਇਹ ਦੇਸ਼ ਅਜਾਦ ਹੋਇਆ ਹੈ1 ਇਸਤੋਂ ਬਾਦ ਵੀ ਪਾਕਿਸਤਾਨ ਚੀਨ ਤੇ ਬੰਗਲਾ ਦੇਸ਼ ਨਾਲ ਲੜਾਈ ਵਿਚ ਜੋ ਹਿਸਾ ਸਿਖ ਕੋਂਮ ਨੇ ਪਾਇਆ ਹੈ ਉਹ ਕਿਸੇ ਤੋਂ ਗੁਝਾ ਨਹੀਂ  ਹੈ 1 ਫਿਰ ਇਹ ਕਹਿਣਾ ਕੀ ਸਿਖਾਂ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਨਹੀਂ ਪਾਇਆ ਸਰੋ-ਸਰ ਗੱਲਤ ਹੈ 1

Print Friendly, PDF & Email

Nirmal Anand

Add comment

Translate »