ਸਿੱਖ ਇਤਿਹਾਸ

ਦਿਲੀ ਫਤਹਿ-ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ -11 ਮਾਰਚ 1783

ਸਰਦਾਰ ਬਘੇਲ ਸਿੰਘ 18 ਵੀ ਸਦੀ ਦੇ ਉਹਨਾਂ ਮਹਾਨ ਸਿਖ ਯੋਧਿਆਂ ਵਿਚੋਂ ਹਨ ਜਿਨ੍ਹਾ ਨੇ ਨਾ ਕੇਵਲ ਪੰਜਾਬ ਵਿਚ ਖਾਲਸਾ ਰਾਜ ਕਾਇਮ ਕੀਤਾ ਬਲਕਿ ਦਿਲੀ ਨੂੰ ਜਿਤਕੇ 11 ਮਾਰਚ 1783 ਵਿਚ ਮੁਗਲ ਸਲਤਨਤ ਦੇ ਚਿਨ੍ਹ ਲਾਲ ਕਿਲੇ ਤੇ ਸਿਖ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿਤਾ1 ਸਿਖ ਇਤਿਹਾਸ ਦੀ ਇਸ ਸ਼ਾਨਦਾਰ ਜਿਤ ਅਤੇ ਦਿਲੀ ਵਿਚ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਵਜੋਂ  ਸਤ ਇਤਿਹਾਸਕ ਗੁਰੁਦਵਾਰੇ ਕਾਇਮ ਕਰਨ ਤੇ ਸਿਖ ਕੋਮ ਨੂੰ ਸਰਦਾਰ ਬਘੇਲ ਸਿੰਘ ਤੇ  ਹਮੇਸ਼ਾ ਫੱਖਰ ਰਹੇਗਾ1 ਇਹ ਸਿੱਖੀ ਦਾ ਉਹ ਥੰਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ- ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਰਿਹਾ। ਗੰਗ-ਜਮੁਨਾ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ ਜੋ ਸਰਦਾਰ ਨੇ ਨਾ ਲਤਾੜਿਆ ਹੋਵੇ 1

ਇਹ ਬਹਾਦਰ ਯੋਧਾ ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ, ਭੂਰੀਆਂ ਅੱਖਾਂ  ,ਬੇਹਦ ਹਿੰਮਤ ਤੇ ਹੌਂਸਲੇ ਵਾਲਾ, ਖੁੱਲ੍ਹੇ ਦਿਲ ਦਾ ਮਾਲਕ , ਬਾਹਰੋਂ ਸਖ਼ਤ ਪਰ ਅੰਦਰੋਂ ਨਰਮ, ਤੇਜ਼-ਤਰਾਰ, ਦੂਰ ਦੀ ਸੂਝ ਰਖਣ ਵਾਲਾ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ. ਹਰ ਇਕ ਦੀ ਖਿਚ ਦਾ ਕਾਰਨ ਸੀ । ਇਹ ਸਿੱਖੀ ਕਦਰਾਂ ਕੀਮਤਾਂ ਦਾ ਪਕਾ ਧਾਰਨੀ ਤੇ ਭਰੋਸੇ ਯੋਗ,  ਜੋ ਦੂਸਰੇ ਦਾ ਭਰੋਸਾ  ਜਿਤਣ ਲਈ ਆਪਣੀ ਜਾਨ ਤਕ ਦੀ ਬਾਜ਼ੀ ਲਗਾ ਦਿੰਦਾ ਸੀ1 ਇਸ ਇਨਸਾਨ ਨੂੰ ਹਰ ਧਰਮ ਦੇ ਲੋਕ ਪਿਆਰ ਕਰਦੇ ਤੇ ਲੋੜ ਪੈਣ ਤੇ ਇਸਦੀ ਮੱਦਤ ਵੀ ਲੈਂਦੇ।

ਅਜੇ ਦਿੱਲੀ ਜਿਤਿਆਂ ਕੁਝ ਹਫਤੇ ਹੀ ਹੋਏ ਸਨ ਕੀ ਕੁਝ ਸਿੰਘ ਜਮਨਾ ਦਰਿਆ ਦੇ ਕੰਢੇ ਸੈਰ ਕਰ ਰਹੇ ਸਨ 1 ਇਸ਼ਨਾਨ ਕਰਦਿਆਂ ਸਿੰਘਾ ਨੇ ਇਕ ਡੋਲਾ ਜਾਦਿਆਂ ਦੇਖਿਆ , ਜਿਨ੍ਹਾ ਨੂੰ ਚਾਰ ਮੁਸਲਮਾਨ ਕੁਹਾਰ  ਚੁਕਕੇ  ਲਿਜਾ ਰਹੇ ਸੀ 1 ਸਿੰਘਾ ਨੂੰ ਸ਼ਕ ਪੈ ਗਿਆ ਕਿ ਇਹ ਕੋਈ ਕਾਮ ਦਾ ਮਾਰਿਆ ਹਾਕਮ ਕਿਸੇ ਹਿੰਦੂ ਲੜਕੀ ਨੂੰ ਜਬਰਦਸਤੀ ਤਾਂ ਨਹੀ ਲਿਜਾ ਰਹੇ 1 ਜਦ ਉਨ੍ਹਾ ਨੇ ਰੋਕਿਆ ਤਾਂ ਉਹ ਕੁਹਾਰ ਡੋਲਾ ਉਥੇ ਹੀ ਛਡ ਕੇ ਨਸ ਗਏ 1 ਸਿੰਘਾ ਨੇ ਜਦ ਡੋਲੇ ਕੋਲ ਜਾਕੇ ਪੁਛਿਆ ਕੋਣ ਹੈ ?ਤਾਂ ਵਿਚੋਂ ਜਨਾਨੀ ਸਵਾਰੀ ਨੇ ਉਤਰ ਦਿਤਾ ਕੀ ਉਹ ਸਰਧਾਨਾ ਜਾਗੀਰ ਦੇ ਫਰਾਂਸੀਸੀ ਨਵਾਬ ਸਮਰੂ ਦੀ ਬੇਗਮ ਹਾਂ 1 ਦਿਲੀ ਆਈ ਸੀ , ਭਾਜੜ ਪਈ ਦੇਖਕੇ ਵਾਪਸ ਜਾ ਰਹੀ ਸੀ ਇਨ੍ਹਾ ਨੇ ਮੈਂਨੂੰ  ਪਕੜ ਲਿਆ 1 ਸਿਖਾਂ ਨੇ ਘੋੜੇ ਦੁੜਾ ਕੇ ਕਹਾਰਾਂ ਨੂੰ ਪਕੜਿਆ 1  ਚਾਰ  ਸਿੰਘ ਰਾਖੀ -ਰਖਿਆ ਲਈ ਬੇਗਮ ਨੂੰ  ਸਰਧਾਨਾ, ਉਸਦੇ ਘਰ ਛੋੜ ਕੇ ਆਏ 1 ਜਦ ਸਿੰਘ ਵਾਪਸ ਜਾਣ ਲਗੇ ਤਾਂ ਬੇਗਮ ਨੇ ਪੁਛਿਆ ਕਿ ਤੁਸੀਂ ਆਪਣੇ ਬਾਰੇ ਤੇ ਕੁਝ ਦਸਿਆ ਹੀ ਨਹੀਂ ? ਸਿਘਾਂ ਨੇ ਦਸਿਆ ਕਿ ਅਸੀਂ ਸਰਦਾਰ ਬਘੇਲ ਸਿੰਘ ਦੇ ਜਥਿਆਂ ਦੇ ਸਿੰਘ ਹਾਂ ਤੇ ਸਾਨੂੰ ਹੁਕਮ ਹੈ ਕਿ ਅਬਲਾ ਦੁਖੀ ਭੁਖੇ ਤੇ ਲੋੜਵੰਦਾ ਦੀ ਮਦਤ ਕਰਨਾ 1ਬੇਗਮ ਨੇ ਬਘੇਲ ਸਿੰਘ  ਨੂੰ ਸਲਾਮ ਭੇਜਿਆ ਤੇ ਮਿਲਣ ਦੀ ਇਛਾ ਪ੍ਰਗਟ ਕੀਤੀ 1 ਜਦ ਮਿਲੀ ਤੇ 10,000 ਰੁਪੇ ਨਜ਼ਰਾਨਾ ਤੇ 10 ਵਧੀਆ ਘੋੜੇ ਨਜ਼ਰਾਨੇ ਵਜੋਂ ਦਿਤੇ 1  ਉਹ ਇਸ ਖੁਦਾਈ ਫਰਿਸ਼ਤੇ ਤੋਂ ਇਤਨੀ ਪ੍ਰਭਾਵਿਤ ਹੋਈ  ਕਿ ਉਸਨੇ ਬਘੇਲ ਸਿੰਘ ਨੂੰ ਆਪਣਾ ਧਰਮ ਭਰਾ ਬਣਾ ਲਿਆ 1

 ਜਦ ਬਾਬਾ ਬਘੇਲ ਸਿੰਘ ਨੇ ਸੁਣਿਆ ਕੀ ਜਲਾਲਾਬਾਦ ਦੇ ਹਾਕਮ ਮੁਹੰਮਦ ਖਾਨ ਨੇ ਇਕ ਬ੍ਰਾਹਮਣ ਦੀ ਲੜਕੀ ਜਬਰਦਸਤੀ ਆਪਣੇ ਘਰ ਪਾ ਲਈ ਹੈ 1 ਉਸ ਵਕ਼ਤ ਲੰਗਰ ਦਾ ਵਕ਼ਤ ਹੋ ਗਿਆ ਸੀ, ਲੰਗਰ ਪਕ ਰਿਹਾ ਸੀ  1 ਪਰ ਬਾਬਾ ਬਘੇਲ ਸਿੰਘ ਨੇ ਕਿਹਾ ਕੀ ਇਹ ਵਿਚਾਰਾਂ  ਦਾ ਸਮਾਂ ਨਹੀ ਰੋਟੀ ਅਸੀਂ ਆਕੇ ਖਾਵਾਂਗੇ 1 ਜਥੇਦਾਰਾਂ ਨੇ ਕਿਹਾ ਕੀ ਜਲਾਲਾਬਾਦ ਬਹੁਤ ਦੂਰ ਹੈ ਤਾਂ ਬ੍ਖੇਲ ਇਹ ਕਹਿ ਕੇ ਤੁਰ ਪਏ , ਹੋਰ ਕੋਈ ਜਾਏ ਨਾ ਜਾਏ 1 ਅਸੀਂ ਇੱਕਲੇ ਹੀ ਚਲੇ ਜਾਵਾਂਗੇ 1 ਇਸਦਾ ਇਹ ਕਹਿਣਾ ਸੀ ਕਿ ਸਾਰੇ ਜਥੇ ਨਗਾਰੇ ਵਜਾਂਦੇ ਨਾਲ ਹੋ ਤੁਰੇ ਤੇ ਉਸਦੀ ਲੜਕੀ ਨੂੰ ਛੁਡਵਾਇਆ 1  ਮੁਹੰਮਦ ਖਾਨ ਜਿਥੇ ਡਰ ਕੇ ਛੁਪ ਗਿਆ ਸੀ ਉਸ ਘਰ ਨੂੰ ਅੱਗ ਲਗਾ ਦਿਤੀ ਤੇ ਉਹ ਅੰਦਰ ਹੀ ਸੜ ਕੇ ਮਰ ਗਿਆ 1 ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜਸਮਾ ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ।

 ਇਕ ਨੇਕ ਤੇ ਚੰਗੇ ਇਨਸਾਨ ਹੋਣ ਦੇ ਨਾਲ ਇਹ ਇਕ ਬਹਾਦਰ ਯੋਧਾ ਵੀ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਤਾਂ ਸਭ ਨੂੰ ਮਾਤ ਪਾ ਦਿੰਦਾ।ਇਹ ਸਰਦਾਰ ਬਘੇਲ ਸਿੰਘ ਸਿਖਾਂ ਦੀਆ 12 ਮਿਸਲਾਂ ਵਿਚੋਂ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਸੀ ਜਿਸਦਾ ਮੋਢੀ ਸਰਦਾਰ ਸ਼ਾਮ ਸਿੰਘ 1739 ਵਿਚ ਨਾਦਰਸ਼ਾਹ ਦੇ ਵਿਰੁਧ ਲੜਦਾ ਮਾਰਿਆ ਗਿਆ 1 ਸਰਦਾਰ ਸ਼ਾਮ ਸਿੰਘ ਦੀ ਮੋਤ ਤੋਂ ਬਾਅਦ ਇਸਦੀ ਕਮਾਨ ਸਰਦਾਰ ਕਰਮ ਸਿੰਘ ਤੇ ਉਸਤੋਂ ਪਿਛੋਂ ਸਰਦਾਰ ਕਰੋੜਾ ਸਿੰਘ ਨੇ ਸੰਭਾਲੀ 1 ਕਰੋੜਾ ਸਿੰਘ ਵੀ ਇਕ ਬਹਾਦਰ ਤੇ ਦਲੇਰ  ਯੋਧਾ ਸੀ ਜਿਸਦੇ ਸਮੇ ਮਿਸਲ ਵਿਚ ਬਹੁਤ ਵਾਧਾ ਹੋਇਆ 1 ਫਰੁਖਾਬਾਦ ਤਕ ਉਸਦੇ ਘੋੜਿਆਂ ਦੀਆਂ ਟਾਪਾ ਨੂੰ ਰੋਕਣ ਵਾਲਾ ਕੋਈ ਨਹੀਂ ਸੀ 1 ਜਦ ਕਰੋੜਾ ਸਿੰਘ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਾ ਸ਼ਹੀਦ ਹੋਇਆ ਤਾ ਬਘੇਲ ਸਿੰਘ ਦੇ ਪੰਥਕ ਜਜਬੇ ਤੇ ਯੋਗਤਾ ਨੂੰ ਦੇਖਦੇ 1765 ਵਿਚ ਇਸ ਨੂੰ  ਕਰੋੜਾ ਸਿੰਘਿਆ ਮਿਸਲ ਦਾ ਸਰਦਾਰ ਬਣਾ ਦਿਤਾ ਗਿਆ 1

ਬਘੇਲ ਸਿੰਘ ਬਹੁਤ ਬਹਾਦਰ ਤੇ ਸ਼ਕਤੀਸ਼ਾਲੀ ਸਰਦਾਰ ਸੀ ਜਿਸਨੇ ਦੂਰ ਦੂਰ ਤਕ ਆਪਣੇ ਇਲਾਕਿਆਂ ਦਾ ਵਿਸਥਾਰ ਕੀਤਾ 1 ਉਸਦਾ ਰਾਜਸੀ ਖੇਤਰ ਜਲੰਧਰ ਤੋਂ ਲੇਕੇ ਗੰਗ-ਜਮੁਨਾ ਤਕ ਦੇ ਕਈੰ ਇਲਾਕਿਆਂ ਵਿਚ ਫੈਲਿਆ ਹੋਇਆ ਸੀ ਜਿਸਤੋਂ ਤਕਰੀਬਨ ਤਿੰਨ  ਲਖ ਸਾਲਾਨਾ ਆਮਦਨ ਸੀ 1 12000 ਘੋੜ ਸਵਾਰ, ਜਿਸਤੋਂ ਮੁਗਲ ਮਰਹਟੇ  ਤੇ ਰੁਹੇਲੇ ਥਰ ਥਰ ਕੰਬਦੇ ਸੀ1

ਮਿਸਲ ਦੀ ਸਰਦਾਰੀ ਸੰਭਾਲਦਿਆਂ ਹੀ ਉਸਨੇ ਜਲੰਧਰ ਦੋਆਬ ਵਿਚ ਆਪਣਾ ਦਬ-ਦਬਾ ਕਾਇਮ ਕਰ ਲਿਆ 1 ਅਗਲਾ ਕਦਮ ਤਲਵਾਨ ਵਿਖੇ ਕਿਲਾ ਉਸਾਰਨਾ ਸੀ ਜਿਸ ਨਾਲ ਆਸ ਪਾਸ ਦੇ ਇਲਾਕਿਆਂ ਦੀ ਸੁਰਖਿਆ ਤੇ ਅਮਨ-ਅਮਾਨ ਕਾਇਮ ਰਹਿ ਸਕੇ 1 ਇਥੋਂ ਦੇ ਮੀਆਂ ਮਹਿਮੂਦ ਖਾਨ ਨੇ ਮਿਸਲਾਂ ਦੁਆਰਾ ਸਥਾਪਿਤ ਕੀਤੀ ਰਾਖੀ ਪ੍ਰਥਾ ਦੇ ਅੰਤਰਗਤ ਬਘੇਲ ਸਿੰਘ ਨੂੰ ਆਪਣੀ ਆਮਦਨ ਦਾ ਚੋਥਾ ਹਿਸਾ  ਦੇਣਾ ਕਬੂਲ ਕਰ ਲਿਆ ਸੀ ਜੋ ਕਰੋੜਾ ਸਿੰਘ ਦੇ ਵਕ਼ਤ ਤੋਂ ਚਲਿਆ ਆ ਰਿਹਾ ਸੀ 1

ਜਲੰਧਰ , ਅੰਬਾਲਾ , ਹਰਿਆਣਾ ਦੇ ਉਤਰ ਪਛਮੀ ਇਲਾਕਿਆਂ ਤੇ ਕਬਜਾ ਕਰਨ ਤੋਂ ਬਾਅਦ ਕਰਨਾਲ ਤੋਂ 20 ਮੀਲ ਦੂਰ ਛ੍ਲੋੰਦੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਕਿ ਦਿਲੀ ਦੇ ਆਸ ਪਾਸ ਦੇ ਸ਼ਾਹੀ ਇਲਾਕਿਆਂ ਤੇ ਆਸਾਨੀ ਨਾਲ ਹਮਲਾ ਕੀਤਾ ਜਾ ਸਕੇ 1 ਉਸਨੇ ਪੂਰਬੀ ਪੰਜਾਬ ਹਰਿਆਣਾ ਅਤੇ ਯੂਪੀ ਦੇ ਕਈੰ ਨਗਰਾਂ ਤੇ ਕਬਜਾ ਕਰਕੇ ਆਪਣੀ ਐਸੀ ਧਮਕ ਜਮਾਈ ਕਿ ਅਹਿਮਦ ਸ਼ਾਹ ਵਲੋਂ ਨਿਯੁਕਤ ਕੀਤੇ ਫੌਜਦਾਰ , ਮੁਗਲ , ਰੁਹੇਲੇ ਮਰਹਟਿਆਂ  ਦੇ ਇਲਾਵਾ ਅੰਗਰੇਜ਼ ਵੀ ਉਸ ਨਾਲ ਮਿਤਰਤਾ ਕਾਇਮ ਕਰਨ ਲਈ ਤਤਪਰ ਰਹਿਣ ਲਗੇ 1 ਭਾਵੇਂ ਵਕ਼ਤ ਦੀ ਨਜ਼ਾਕਤ ਦੇਖਦੇ ਦੋਸਤੀਆਂ ਵੀ ਕਾਇਮ ਕੀਤੀਆਂ ਪਰ ਪੰਥ ਤੇ ਦੇਸ਼ ਦੀ ਹਿਤ ਵਿਰੋਧੀ ਕਦੇ ਨਹੀਂ ਗਿਆ1

1763 ਵਿਚ ਅਹਿਮਦ ਸ਼ਾਹ ਨੇ ਮਰਹਟਿਆਂ  ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿਚ ਹਰਾਇਆ 1 ਪੰਜ ਫਰਵਰੀ 1762 ਵਿਚ ਵਡੇ ਘਲੂਘਾਰੇ ਦੇ ਮੋਕੇ ਤੇ 30000 ਸਿਖ, ਬਚੀ ਬਚਿਆਂ ਤੇ ਔਰਤਾਂ ਦਾ ਕਤਲ ਕਰਕੇ ਅਬਦਾਲੀ ਨੇ ਇਹ ਸਮਝ ਲਿਆ ਕੀ ਸਿਖਾਂ ਨੂੰ ਉਸਨੇ ਖਤਮ ਕਰ ਦਿਤਾ ਹੈ 1 ਪਰ 1764 ਵਿਚ ਸਰਹੰਦ ਨੂੰ ਜਿਤ ਕੇ ਉਸਨੂੰ ਸਾਬਤ ਕਰ ਦਿਤਾ ਕੀ ਸਿਖ ਇਕ ਨਾ ਮਿਟਣ ਵਾਲੀ ਕੋਂਮ ਹੈ 1 ਜਿਤਨੀ ਦੇਰ ਅਬਦਾਲੀ ਹਿੰਦੁਸਤਾਨ ਤੇ ਹਮਲੇ ਕਰਦਾ ਰਿਹਾ ਸਿਖ ਮਿਸਲਦਾਰ ਆਪਸ ਵਿਚ ਮਤ-ਭੇਦ ਹੋਣ ਦੇ ਬਾਵਜੂਦ ਸਾਂਝੀ ਸ਼ਕਤੀ ਨਾਲ ਉਸ ਦੇ ਹਰ ਹਮਲੇ ਨੂੰ ਪਛਾੜਦੇ ਰਹੇ

ਇਸ ਵਕਤ ਮੁਗਲ ਹਕੂਮਤ ਆਖਰੀ ਸਾਹਾਂ ਤੇ ਸੀ , ਇਸਦਾ ਬਾਦਸ਼ਾਹ, ਸ਼ਾਹ ਆਲਮ  ਵੀ ਆਯਾਸ਼ ਤੇ ਕਮਜ਼ੋਰ ਸੀ  ਤੇ ਦਰਬਾਰੀ  ਮੋਕਾ ਪ੍ਰਸਤ 1 ਇਸ ਹਕੂਮਤ ਨੇ ਸਦੀਆਂ  ਸਿਖਾਂ ਤੇ ਅੰਤਾਂ ਦੇ ਜੁਲਮ ਢਾਹੇ ਸਨ 1 ਮੋਕਾ ਆਉਣ ਤੇ ਸਿਖਾਂ ਨੇ 1765 ਤੋ ਲੈਕੇ 1787 ਤਕ ਦਿਲੀ ਤੇ 15 ਹਮਲੇ ਕੀਤੇ ਜਿਸ ਵਿਚੋਂ ਬਹੁਤ ਸਾਰੇ ਹਮਲੇ ਕਰੋੜਾ ਸਿੰਘਿਆ ਮਿਸਲ ਦੇ ਸਨ ਜਿਸਦੇ ਜਥੇਦਾਰ ਸਰਦਾਰ ਬਘੇਲ ਸਿੰਘ ਸਨ 1

  1 ਫਰਵਰੀ 1764 ਵਿਚ ਬਘੇਲ ਸਿੰਘ , ਜੱਸਾ ਸਿੰਘ ਅਹਲੂਵਾਲਿਆ , ਜੱਸਾ ਸਿੰਘ ਰਾਮਗੜੀਆ ਤੇ ਕੁਝ ਹੋਰ ਆਪਣੀਆਂ ਆਪਣੀਆਂ ਫੌਜਾ ਨਾਲ ਜੋ ਤਕਰੀਬਨ 40000 ਦੇ ਕਰੀਬ  ਸਨ, ਜਮਨਾ ਪਾਰ ਕਰਕੇ ਸਹਾਰਨਪੁਰ ਤੇ ਹਮਲਾ ਕੀਤਾ ਜਿਸਦਾ ਸਰਦਾਰ ਨਵਾਬ ਨਸੀਬ-ਉ-ਦੋਲਾ ਸੀ1 ਦੋਨੋ ਵਿਚਕਾਰ ਤਕੜੀ ਲੜਾਈ ਹੋਈ 1 20 ਫਰਵਰੀ ਸਿਖਾਂ ਨੇ ਇਥੇ ਆਪਣਾ ਅਧਿਕਾਰ ਜਮਾ ਲਿਆ ਤੇ ਆਸ ਪਾਸ ਦੇ ਇਲਾਕਿਆਂ ਨੂੰ ਤਹਿਸ ਨਹਿਸ ਕਰ ਦਿਤਾ 1 ਨਗੀਨਾ , ਮੁਰਾਦਾਬਾਦ , ਚੰਦੋਸੀ ,ਅਨੂਪ ਨਗਰ ਅਤੇ ਗੜ ਮੁਕਤੇਸ਼ਵਰ ਹਮਲਾ ਕਰਕੇ ਇਕੋ ਝਟਕੇ ਨਾਲ ਅਵਧ ਤੇ ਦਿਲੀ ਲਈ ਖਤਰਾ ਪੈਦਾ ਕਰ ਦਿਤਾ 1

1767 ਅਹਿਮਦ ਸ਼ਾਹ ਨੇ ਫਿਰ ਹਿੰਦੁਸਤਾਨ ਆਇਆ  1 ਨਸੀਬ-ਉ-ਦੀਨ ਆਪਣੀਆ ਫੌਜਾਂ ਲੇਕੇ ਅਹਿਮਦ ਸ਼ਾਹ ਅਬਦਾਲੀ ਦੀ ਸੇਵਾ ਵਿਚ ਹਾਜ਼ਰ  ਹੋਇਆ ਤਾਂ ਬਘੇਲ ਸਿੰਘ ਨੇ ਉਸਦੇ ਇਲਾਕਿਆਂ ਤੇ ਫਿਰ ਹਮਲਾ ਬੋਲ ਦਿਤਾ 1 ਨਸੀਬ-ਉ-ਦੀਨ ਨੇ ਆਪਣਿਆਂ ਇਲਾਕਿਆਂ ਦੀ ਸੁਰਰਖਸ਼ਾ ਵਾਸਤੇ ਅਬਦਾਲੀ ਤੋਂ ਮਦਤ ਮੰਗੀ 1 ਅਬਦਾਲੀ ਨੇ ਆਪਣੇ ਵਡੇ ਜਰਨੈਲ ਜਹਾਨ ਖਾਨ ਨੂੰ 80000 ਫੌਜ਼ ਦੇਕੇ ਭੇਜਿਆ 1 ਬੇਸ਼ਕ ਇਸ ਲੜਾਈ ਵਿਚ ਖਾਲਸਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਬਘੇਲ ਸਿੰਘ ਗੰਭੀਰ ਰੂਪ ਵਿਚ ਘਾਇਲ ਹੋ ਗਿਆ ਪਰ ਜਿਤ ਖਾਲਸਿਆਂ ਦੀ ਹੀ ਹੋਈ ਅਤੇ ਅਬਦਾਲੀ ਨੂੰ ਨਿਰਾਸ਼ ਹੋਕੇ ਕਾਬਲ ਪਰਤਣਾ ਪਿਆ 1

ਦਿਲੀ ਤੇ ਹਮਲਾ ਕਰਨ ਤੋਂ ਪਹਿਲਾਂ ਸਾਰੇ ਮਿਸਲਾਂ ਦੇ ਜਥੇਦਾਰਾਂ ਨੂੰ ਲਿਖ ਕੇ ਕੁਝ ਸਿਰਕਢ ਜਥੇਦਾਰ ਮੰਗਵਾਏ ਤੇ ਤਕਰੀਬਨ  40000 ਸਿਖ ਫੌਜ਼ ਨੂੰ ਲੇਕੇ ਮਜਨੂੰ ਦੇ ਟਿਲੇ ਤੇ ਜਾ ਪੁਜਾ  1 ਇਨ੍ਹਾ ਫੌਜਾਂ ਵਿਚ ਜੱਸਾ ਸਿੰਘ ਅਹਲੂਵਾਲਿਆ , ਜਸਾ ਸਿੰਘ ਰਾਮਗੜੀਆ  , ਸਰਦਾਰ ਤਾਰਾ ਸਿੰਘ ਘੇਬਾ, ਤੇ ਸਰਦਾਰ ਮਹਾਂ ਸਿੰਘ ਸ਼ੁਕ੍ਰ੍ਚ੍ਕਿਆ ਦੀ ਫੌਜ਼ ਸੀ 1 ਅਜਮੇਰੀ ਗੇਟ ਵਲੋਂ ਸ਼ਹਿਰ ਦੇ ਅੰਦਰ ਦਾਖਲ ਹੋਏ ਤੇ ਕਟੜਾ ਨੀਲ ਤੇ ਹਲਾ ਬੋਲਿਆ 1 ਸ਼ਹਿਰ ਦੇ ਸਾਰੇ ਲੋਕੀ ਸ਼ਹਿਰ ਛਡ ਕੇ ਨਸ ਤੁਰੇ 1  ਚਾਹੇ ਫੌਜਾਂ ਜਮਨਾ ਦੇ ਪਰਲੇ ਪਾਰ ਸ਼ਾਹਦਰਾ  ਤਕ ਪਹੁੰਚ ਗਈਆਂ ਪਰ ਮੋਕੇ ਦੀ ਨਜ਼ਾਕਤ ਦੇਖਦਿਆਂ ਤੇ ਸੈਨਿਕ ਦ੍ਰਿਸ਼ਟੀ ਤੋਂ ਹਾਲਤ ਅਨਕੂਲ ਸਮਝ ਕੇ ਦਿਲੀ  ਸ਼ਹਿਰ ਵਿਚ ਦਾਖਲ ਨਹੀਂ ਹੋਏ 1 ਅਮੀਰ ਵਪਾਰੀਆਂ ਕੋਲੋਂ ਨਜ਼ਰਾਨਾ ਲੇਕੇ ਪੰਜਾਬ ਵਾਪਸ ਪਰਤ ਗਏ 1 ਵਾਪਸੀ ਤੇ ਦਿਓਬੰਧ ਤੇ ਗੋਸਗੜ ਦੇ ਨਵਾਬ ਕੋਲੋਂ 50,000 ਰੁਪੇ ਨਜ਼ਰਾਨੇ ਵਲੋਂ ਵਸੂਲ ਕੀਤੇ

ਦਿਲੀ ਤੇ ਦੂਸਰਾ ਹਮਲਾ 15 ਜੁਲਾਈ 1775 ਵਿਚ ਕੀਤਾ 1 22 ਅਪ੍ਰੇਲ ਨੂੰ ਬੇਗੀ ਦੇ ਸਥਾਨ ਜਮਨਾ ਪਾਰ ਕਰਕੇ ਸ਼ਹਿਰ ਦੀ ਘਣੀ ਆਬਾਦੀ ਵਾਲੇ ਇਲਾਕੇ ਪਹਾੜ ਗੰਜ ਤੇ ਜੈ ਸਿੰਘ ਪੁਰਾ ਜਿਥੇ ਅਜ-ਕਲ ਬੰਗਲਾ ਸਾਹਿਬ ਗੁਰੂਦਵਾਰਾ ਹੈ 1 ਇਸ ਵਾਰ ਇਨ੍ਹਾ ਨਾਲ ਜਥੇਦਾਰ ਤਾਰਾ ਸਿੰਘ ਗੈਬਾ ਤੇ ਜਥੇਦਾਰ ਰਾਇ ਸਿੰਘ ਭੰਗੀ ਵੀ ਸਨ 1 ਇਥੇ ਖਾਲਸਾ ਫੌਜ਼ ਦੀ ਮੁਗਲ ਸੈਨਾ ਨਾਲ ਨਿਕੀ ਜਹੀ ਝੜੱਪ ਹੋਈ ਜਿਸ ਵਿਚ ਸ਼ਾਹੀ ਟੁਕੜੀ ਹਾਰ ਖਾਕੇ ਲਾਲ ਕਿਲੇ ਵਲ ਨੂੰ ਦੋੜ ਗਈ 1 ਕੁਝ ਦਿਨ ਰੁੱਕਕੇ 25 ਜੁਲਾਈ 1775 ਨੂੰ ਪੰਜਾਬ ਵਾਪਸ ਪਰਤ

1780 ਈ ਜਦ ਦਿਲੀ ਦੇ ਵਜੀਰ ਅਬਦੁਲਾ ਖਾਨ ਨੇ ਪਟਿਆਲੇ ਤੇ ਚੜਾਈ ਕੀਤੀ ਤਾਂ ਬਘੇਲ ਸਿੰਘ ਨੇ ਉਸਦੀਆਂ ਫੌਜਾਂ ਨੂੰ ਆਰਾਮ ਨਾਲ ਲੰਘਣ ਦਿਤਾ 1 ਜਦ ਫੌਜਾਂ ਪਟਿਆਲੇ ਤਕ ਪੁਜੀਆਂ ਤਾਂ ਉਸਦੇ ਪਿਛੇ ਪਟਿਆਲਾ ਤੁਰ ਪਿਆ ਤੇ ਉਸਤੋਂ ਈਨ ਮੰਨਵਾਈ 1ਇਸੇ ਤਰਹ ਜਦ ਮਰਹਟਿਆਂ  ਨੇ ਪੰਜਾਬ ਵਲ ਅੱਖ ਕੀਤੀ ਤਾਂ ਉਹਨਾ ਨੂੰ ਘੇਰੇ ਵਿਚ ਲੈ ਲਿਆ 1

ਸਿਖਾਂ ਦੀਆ ਇਹਨਾ ਸਾਹਸ ਪੂਰਨ ਗਤਿਵਿਧਿਆਂ ਨੂ ਰੋਕਣ ਲਈ ਦਿਲੀ ਦੇ ਵਜੀਰ ਅਬਦੁਲ ਅਹਿਦ ਖਾਨ ਨੇ ਆਪਣੇ ਭਰਾ ਅਬਦੁਲ ਕਸਿਮ ਨੂੰ ਸਹਾਰਨਪੁਰ ਦਾ ਫੋਜਦਾਰ ਨੋਯੁਕਤ ਕੀਤਾ 1 ਇਥੋਂ ਦਾ ਨਵਾਬ  ਜਾਬਤਾ ਖਾਨ ਜੋ ਪਹਿਲੇ ਹੀ ਸਿਖਾਂ ਦੀ ਅਧੀਨਗੀ ਪ੍ਰਵਾਨ ਕਰ ਚੁਕਾ ਸੀ ਨੇ  ਬਘੇਲ ਸਿੰਘ ਤੋਂ ਮਦਤ ਮੰਗੀ 1   11 ਅਪ੍ਰੈਲ 1776 ਨੂੰ ਦੋਨੋ ਧਿਰਾਂ ਦਾ ਅਮੀਰ ਨਗਰ ਤੇ ਮੁਕਾਬਲਾ ਹੋਇਆ 1 ਅਬਦੁਲ ਕਸਿਮ ਖਾਨ ਮਾਰਿਆ ਗਿਆ ਤੇ ਬਾਕੀ ਫੌਜਾ ਦਿਲੀ ਵਲ ਨੂੰ ਨਸ ਗਈਆਂ1 ਇਸਤੋਂ ਬਾਦ ਬਘੇਲ ਸਿੰਘ ਨੇ ਅਲੀਗੜ ਤੇ ਕਾਸ ਗੰਜ ਤੇ ਹਮਲਾ ਕਰਕੇ ਉਨ੍ਹਾ ਤੋਂ ਭਾਰੀ ਨਜ਼ਰਾਨਾ ਵਸੂਲ ਕਰਕੇ 1776 ਜੂਨ ਨੂੰ ਪੰਜਾਬ ਵਾਪਸ ਪਰਤ ਆਏ 1

12 ਅਪ੍ਰੈਲ 1781 ਵਿਚ ਬਾਬਾ ਬਘੇਲ ਸਿੰਘ ਨੇ ਦਿਲੀ ਤੋਂ 32 ਮੀਲ ਦੂਰ ਉਤਰ ਵਲ ਬਾਘਪਤ ਤੇ ਹਮਲਾ ਬੋਲਿਆ 1 ਉਥੋਂ ਓਹ ਬਿਨਾ ਰੋਕ ਟੋਕ ਤੋਂ ਸ਼ਾਹਦਰਾ , ਪੜ੍ਹਪੜ੍ਹ ਗੰਜ ਤਕ ਪੁਜ ਗਏ 1 ਮੁਗਲ ਬਾਦਸ਼ਾਹ ਨੇ ਸਿਖਾਂ ਵਲੋਂ ਹੁੰਦੇ ਲਗਾਤਾਰ ਹਮਲੇ ਤੋ ਡਰ ਕੇ ਸਿਖਾਂ ਨਾਲ ਇਕ ਸੰਧੀ ਕਰ ਲਈ ਜਿਸਦੇ ਅਨੁਸਾਰ ਗੰਗਾ-ਜਮੁਨਾ ਦੇ ਵਿਚਕਾਰਲੇ ਇਲਾਕਿਆਂ ਤੇ ਸਿਖਾਂ ਦਾ ਅਧਿਕਾਰ ਮੰਨ ਲਿਆ 1 ਇਸ ਇਲਾਕੇ ਦੀ ਆਮਦਨ ਦਾ ਅਠਵਾਂ ਹਿਸਾ ਸਿਖਾਂ ਨੂੰ ਮਿਲਣਾ ਸ਼ੁਰੂ ਹੋ ਗਿਆ 1 ਕਿਓਂਕਿ ਮੁਗਲ ਬਾਦਸ਼ਾਹ ਤੇ ਸਥਾਨਕ ਕਰਮਚਾਰੀ ਨਿਯਤ ਵਲੋਂ ਖਰੇ ਨਹੀਂ ਸਨ ਇਸ ਕਰਕੇ ਇਹ ਸੰਧੀ ਇਕ ਸਾਲ ਤੋ ਵਧ ਨਾ ਚਲ ਸਕੀ 1 ਉਧਰ ਅਵਧ ਦਾ ਨਵਾਬ ਤੇ ਅੰਗਰੇਜ਼ ਸਿਖਾਂ ਦੀ ਵਧਦੀ ਤਾਕਤ ਨੂੰ ਬੜੀ ਗੰਭੀਰਤਾ ਨਾਲ ਵੇਖ ਰਹੇ ਸਨ 1 ਪਰ ਓਹ ਇਸ ਵਕਤ ਇਸ ਹਾਲਤ ਵਿਚ ਨਹੀਂ ਸੀ ਕੀ ਸਿਖਾਂ ਨਾਲ ਲੜਾਈ ਛੇੜ ਸਕਦੇ1

8 ਮਾਰਚ 1983 ਵਿਚ ਬਾਬਾ ਬਘੇਲ ਸਿੰਘ ਦਰਿਆ ਜਮਨਾ ਨੂੰ ਬੁਰਾੜੀ ਘਾਟ ਨੂੰ ਪਾਰ ਕਰਕੇ ਦਿਲੀ ਵਿਚ ਦਾਖਲ ਹੋਏ 1 ਉਹਨਾ ਨੇ ਆਪਣੀਆਂ ਫੌਜਾਂ ਨੂੰ ਤਿੰਨ ਹਿਸਿਆਂ ਵਿਚ ਵੰਡ ਦਿਤਾ 1  5000 ਦੀ ਇਕ ਟੁਕੜੀ ਮਜਨੂੰ ਦੇ ਟਿਲੇ ਤੇ ਤਾਇਨਾਤ ਕੀਤੀ , ਦੂਸਰੀ 5000 ਅਜਮੇਰੀ ਗੇਟ ਵਾਲੇ ਪਾਸ ਭੇਜ ਦਿਤੀ ਤੇ ਆਪ 30000 ਫੌਜ਼ ਨਾਲ ਉਸ ਜਗਹ ਪੜਾਵ ਕੀਤਾ , ਜਿਸ ਨੂੰ ਅਜ ਕਲ ਤੀਸ ਹਜ਼ਾਰੀ ਕਿਹਾ ਜਾਂਦਾ ਹੈ 1ਅਖੀਰ ਸਿਖ ਸੈਨਾ ਨੇ ਦਿਲੀ ਦੇ ਇਕ ਪਾਸੇ ਦੀ ਕੰਧ ਵਿਚ ਪਾੜ ਪਾ  ਕੇ ਦਿਲੀ ਦੇ ਅੰਦਰ ਦਾਖਲ ਹੋਣ ਵਿਚ  ਸਫਲ ਹੋ ਗਈ 1 ਜਿਥੇ ਸਿੰਘਾਂ ਨੇ ਮਘੋਰਾ ਕੀਤਾ ਓਹ ਥਾਂ ਅਜ ਕਲ ਮੋਰੀ ਗਾਤੇ ਦੇ ਨਾ ਨਾਲ ਪ੍ਰਸਿਧ ਹੈ 1  ਇਸ ਵਾਰੀ ਬਾਬਾ ਬਘੇਲ ਸਿੰਘ ਜਸਾ ਸਿੰਘ ਅਹਲੂਵਾਲਿਆ , ਜੱਸਾ ਸਿੰਘ ਰਾਮ੍-ਗੜੀਆ ਅਤੇ ਸਰਦਾਰ ਰਾਮ ਸਿੰਘ ਭੰਗੀ ਵਰਗੇ ਸਿਖ ਸਰਦਾਰਾਂ ਦਾ ਸਮਰਥਨ ਸੀ 1 ਸਭ ਤੋ ਪਹਿਲੇ ਇਨ੍ਹਾ ਨੇ ਮਲਕਾ ਗੰਜ , ਮੁਗਲਪੁਰਾ ਤੇ ਸਬ੍ਜ਼ੀ ਮੰਡੀ ਵਰਗੇ ਇਲਾਕਿਆਂ ਤੇ ਕਬਜਾ ਕੀਤਾ 1 ਸ਼ਾਹ ਆਲਮ ਵਲੋਂ ਭੇਜੇ ਗਏ ਸ਼ਹਿਜਾਦਾ ਮਿਰਜ਼ਾ ਸ਼ਿਕੋਹ ਨੇ ਕਿਲਾ ਮਹਿਤਾਬ ਪੁਰ ਤੇ ਇਨ੍ਹਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਾਰ ਖਾ ਕੇ ਕਿਲੇ ਵਲ ਨੂੰ ਦੋੜ ਗਿਆ 1 ਇਸਤੋਂ ਬਾਅਦ ਲਾਲ ਕਿਲੇ ਵਲ ਰੁਖ ਕੀਤਾ 1 ਦੂਜੇ ਦਸਤੇ ਨੇ ਅਜਮੇਰੀ ਗੇਟ ਵਲੋਂ ਹਮਲਾ ਬੋਲ ਦਿਤਾ 1 ਸਿੰਘਾ ਦੇ ਆਣ ਦੀ ਖਬਰ ਸੁਣ ਕੇ ਸ਼ਾਹ ਆਲਮ ਤੇ ਮੁਗਲ ਦਰਬਾਰੀ ਕਿਲੇ ਦੇ ਅੰਦਰਲੇ ਭਾਗਾਂ ਵਿਚ ਛੁਪ ਗਏ 1ਬਾਬਾ ਬਘੇਲ ਸਿੰਘ ਨੇ ਆਪਣੀਆ ਜੇਤੂ ਫੌਜਾਂ ਨਾਲ ਲਹੋਰੀ ਗੇਟ ,ਮੀਨਾ ਬਾਜ਼ਾਰ , ਨਕਾਰਖਾਨਾ ਤੋਂ ਲੰਘ ਕੇ ਦੀਵਾਨੇ ਆਮ ਪਹੁੰਚੇ ਜਿਥੇ ਕਦੇ ਸ਼ਾਹਜਹਾਨ , ਔਰੰਗਜ਼ੇਬ ਤੇ ਬਹਾਦਰ ਸ਼ਾਹ ਵਰਗੇ ਮੁਗਲ ਬਾਦਸ਼ਾਹ ਆਪਣਾ ਦਰਬਾਰ ਲਾਗਾਇਆ ਕਰਦੇ ਸੀ 1 ਕਿਲੇ ਦੇ ਮੁਖ ਦਵਾਰ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ 1 ਦੀਵਾਨੇ ਆਮ ਵਿਚ ਦਰਬਾਰ ਲਗਾਕੇ ਦਲ ਦੇ ਬਜੁਰਗ ਨੇਤਾ ਜਸਾ ਸਿੰਘ ਅਹਲੂਵਾਲਿਆ ਦੇ ਨਾਲ ਪੰਜ ਪਿਆਰਿਆਂ ਨੂੰ ਬਿਠਾਕੇ ਸੁਲਤਾਨ-ਉਲ-ਕੋਮ ਘੋਸ਼ਿਤ ਕੀਤਾ1 ਇਹ ਦਰਬਾਰ ਕਈ  ਮਹੀਨਿਆਂ ਤਕ ਲਗਦਾ ਰਿਹਾ 1

ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਖਾਲਸੇ ਦੀਆਂ ਹੁਣ ਤਕ ਦੀਆਂ ਸਾਰੀਆਂ ਪ੍ਰਾਪਤੀਆਂ ਤੋਂ ਇਹ ਸਭ ਤੋ ਵਡੀ ਜਿਤ ਸੀ 1  1718 ਈ ਵਿਚ ਜਿਸ ਲਾਲ ਕਿਲੇ ਵਿਚ ਬਾਦਸ਼ਾਹ ਫਰਖਸਿਅਰ  ਦੇ ਹੁਕਮ ਨਾਲ ਬਾਬਾ ਬੰਦਾ ਬਹਾਦਰ ਤੇ ਉਸਦੇ 740 ਸਿਖਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਤੇ ਇਸ ਸਮੇ ਦਾ ਮੁਗਲ ਬਾਦਸ਼ਾਹ ਆਪਣੀ ਜਾਨ ਤੇ ਆਪਣੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ 1

ਲਾਲ ਕਿਲੇ ਤੇ ਸਿਖਾਂ ਦਾ ਕਬਜਾ ਹੋਣ ਤੋ ਬਾਅਦ ਸ਼ਾਹ ਆਲਮ ਨੇ ਆਪਣੇ ਵਕੀਲ ਤੇ ਬੇਗਮ ਸਮਰੂ ਜੋ ਬਹੁਤ ਸਮਝਦਾਰ ,ਸਿਆਣੀ , ਸੂਝਵਾਨ ਤੇ ਰਾਜਸੀ ਮਾਮਲਿਆਂ ਦੀ ਚੰਗੀ ਖਿਡਾਰਨ ਸੀ, ਤੇ ਸਰਦਾਨਾ ਦੀ ਜਗੀਰ ਦੀ ਮਾਲਕ ਸੀ ਜੋ ਮੁਗਲਾਂ ਵਲੋਂ ਉਸਦੇ ਪਤੀ ਨੂੰ ਦਿਤੀ ਗਈ ਸੀ , ਨੂੰ ਸਰਦਾਨਾ ਤੋ ਬੁਲਾ ਸਿਖਾਂ ਨਾਲ ਸੁਲਹ ਕਰਨ ਦੀ ਗਲ ਕੀਤੀ1 ਉਸਨੇ ਆਕੇ ਸਿਖਾਂ ਬਾਰੇ ਸਭ ਨੂੰ ਦਸਿਆ ਤੇ ਬਘੇਲ ਸਿੰਘ ਨਾਲ ਗਲ ਬਾਅਦ ਕੀਤੀ ਜਿਸ ਵਿਚ ਉਸਨੇ 2 ਗਲਾਂ ਦੀ ਮੰਗ ਕੀਤੀ 1

1 ਸ਼ਾਹ ਆਲਮ ਦੀ ਜ਼ਿੰਦਗੀ ਬਖਸ਼ ਦਿਤੀ ਜਾਏ ਤੇ ਦੂਸਰਾ ਲਾਲ ਕਿਲੇ ਤੇ ਉਸਦਾ ਅਧਿਕਾਰ ਬਣਿਆ ਰਹਿਣ ਦਿਤਾ ਜਾਏ 1 ਉਸ ਵਕਤ ਦੇ ਭਰਾ ਕਦ ਆਪਣੀਆਂ ਭੈਣਾ ਦੀ ਗਲ ਟਾਲਦੇ ਸਨ ਵੈਸੇ ਵੀ ਜੱਸਾ ਸਿੰਘ ਅਹਲੂਵਾਲਿਆ  ਨੂੰ ਜਦ ਤਖਤ ਤੇ ਬਿਠਾਇਆ ਗਿਆ ਤਾਂ ਜੱਸਾ ਸਿੰਘ ਰਾਮਗੜੀਏ ਨੂੰ ਇਹ ਪ੍ਰਵਾਨ ਨਹੀ ਸੀ 1 ਪੰਥ ਦੋ ਹਿਸਿਆਂ ਵਿਚ ਵੰਡਿਆ ਗਿਆ 1 ਇਸ ਲਈ ਜੱਸਾ ਸਿੰਘ ਅਹਲੂਵਾਲਿਆ ਨੇ ਇਥੋਂ ਚਲੇ ਜਾਣ ਦਾ ਐਲਾਨ ਕਰ ਦਿਤਾ 1 ਬਾਕੀ ਸਾਥੀਆਂ ਨੇ ਜੱਸਾ ਸਿੰਘ ਰਾਮਗੜੀਏ ਨੂੰ ਵੀ ਪੰਜਾਬ ਪਰਤਣ ਦੀ ਸਲਾਹ ਦਿਤੀ 1

 ਬਾਬਾ ਬਘੇਲ ਸਿੰਘ ਨੂੰ ਸ਼ਾਹ ਆਲਮ ਨਾਲ ਸੁਲਹ ਕਰਨ ਦਾ ਅਧਿਕਾਰ ਦੇ ਦਿਤਾ ਗਿਆ  1 ਬਾਬਾ ਜੀ ਨੇ ਆਪਣੀਆਂ ਕੁਝ ਸ਼ਰਤਾਂ ਰਖਕੇ , ਵਕਤ ਨੂੰ ਸੰਭਾਲਣ ਲਈ ਤੇ ਪੰਥ ਨੂੰ ਮੁੜ ਇਕ ਜੁਟ ਕਰਨ ਲਈ   ਸ਼ਾਹ ਆਲਮ ਦੀਆਂ ਇਹ ਸ਼ਰਤਾਂ ਮੰਨ ਲਈਆਂ1  ਜੱਸਾ ਸਿੰਘ ਅਹੁਲੁਵਾਲਿਆ ਤੇ ਜੱਸਾ ਸਿੰਘ ਰਾਮਗੜੀਏ ਦੀ ਆਪਸੀ ਖਿਚ ਧੂਹ ਕਰਕੇ ਸਿਖਾਂ ਦਾ ਦਿਲੀ ਤੇ ਰਾਜ ਕਰਨ ਦਾ ਸਪਨਾ ਅਧੂਰਾ ਰਹਿ ਗਿਆ 1

ਬਾਬਾ ਬਘੇਲ ਸਿੰਘ ਨੇ ਚਾਰ ਆਪਣੀਆਂ ਸ਼ਰਤਾਂ ਰਖੀਆਂ

  1. ਦਿਲੀ ਵਿਚ ਸਿਖ ਇਤਿਹਾਸਿਕ ਅਸਥਾਨ ਪ੍ਰਾਪਤ ਕਰਨ ਤੇ ਉਨ੍ਹਾ ਉਤੇ ਯੋਗ ਯਾਦਗਾਰਾਂ ਬਨਾਣ ਨੂੰ ਤਰਜੀਹ -ਦਿਲੀ ਦੀਆਂ ਓਹ ਸਾਰੀਆਂ ਥਾਵਾਂ ਖਾਲਸੇ ਨੂੰ ਸੋਂਪ ਦਿਤੀਆਂ ਜਾਣ ਜਿਨ੍ਹਾ ਦਾ ਸੰਬੰਧ ਗੁਰੂ ਸਾਹਿਬਾਨਾ ਦੀ ਦਿਲੀ ਫੇਰੀ ਜਾਂ ਸ਼ਹਾਦਤ ਨਾਲ ਜੁੜਿਆ ਹੋਇਆ ਹੈ 1 ਇਸਦੇ ਅੰਤਰਗਤ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ , ਗੁਰੂ ਨਾਨਕ ਸਾਹਿਬ ,ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ , ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ 1 ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ , ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਦਾ ਲੰਬੇ ਅਰਸੇ ਤਕ ਰਹਿਣਾ ਤੇ ਬਾਬਾ ਬੰਦਾ ਬਹਾਦਰ ਤੇ ਉਨ੍ਹਾ ਨਾਲ 740 ਸਿਖਾਂ  ਦੀ ਸ਼ਹਾਦਤ ਸੀ1

2.ਇਨ੍ਹਾ ਸਥਾਨਾਂ ਦੀ ਨਿਸ਼ਾਨ ਦੇਹੀ ਹੋ ਜਾਣ  ਮਗਰੋਂ ਸ਼ਾਹੀ ਫੁਰਮਾਨ ਜਾਰੀ ਕੀਤਾ ਜਾਵੇ 1 ਉਦੋਂ ਅਜਿਹੇ ਸਥਾਨਾਂ ਦੀ ਸੰਖਿਆ ਸਤ ਆਂਕੜੀ ਗਈ ਸੀ 1

  1. ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇਗੀ ਤੇ ਸ਼ਹਿਰ ਤੋਂ ਹੋਈ ਸਾਰੀ ਚੁੰਗੀ ਬਘੇਲ ਸਿੰਘ ਉਗ੍ਰਾਹੇਗਾ ਜਿਸ ਵਿਚੋਂ 37.5%ਮਤਲਬ ਇਕ ਰੁਪੈ ਵਿਚੋਂ 6 ਆਨੇ, ਸਿਖਾਂ ਦੇ ਖਰਚਿਆਂ ਲਈ ਦਿਤਾ ਜਾਵੇ

  2. ਜਿਨੀ ਦੇਰ ਤਕ ਦਿਲੀ ਦੇ ਇਤਿਹਾਸਕ ਗੁਰੁਦਵਾਰਿਆਂ ਦੀ ਸੇਵਾ ਸੰਪੂਰਨ ਨਾ ਹੋ ਜਾਵੇ ਬਘੇਲ ਸਿੰਘ ਜੀ ਆਪਣੇ 40000 ਸਵਾਰ ਸਿਖ ਸੈਨਿਕ ਨਾਲ ਦਿਲੀ ਰਹਿਣਗੇ ਤੇ ਸਬ੍ਜ਼ੀ ਮੰਡੀ ਇਨ੍ਹਾ ਦਾ ਦਫਤਰ ਹੋਵੇਗਾ ,ਜਿਸਦਾ ਖਰਚਾ ਸ਼ਾਹੀ ਖਜਾਨੇ ਵਿਚੋਂ ਦਿਤਾ ਜਾਵੇਗਾ 1

ਸ਼ਾਹ ਆਲਮ ਵਲੋਂ ਇਹ ਸ਼ਰਤਾਂ ਮੰਨ ਲੈਣ ਮਗਰੋਂ ਸਿਖ ਫੌਜਾਂ ਕਿਲੇ ਤੋਂ ਬਾਹਰ ਆ ਗਈਆਂ1 ਨਗਰ ਦੀ ਸੁਰਖਿਆ ਨੂੰ ਭੰਗ ਨਾ ਕਰਨ ਤੇ ਸਿਖਾਂ ਨੂੰ ਸ਼ਾਹ ਆਲਮ ਵਲੋਂ 10 ਲਖ ਨਜ਼ਰਾਨਾ ਭੇਟਾ ਕੀਤਾ ਗਿਆ 1 ਮੁਗਲਾਂ ਵਲੋਂ ਇਹਨਾਂ ਧਰਮ ਅਸਥਾਨਾ ਦੀ ਉਸਾਰੀ ਕਰਨ ਵਿਚ ਪੂਰੇ ਸਹਿਯੋਗ ਦਾ ਬਚਨ ਦਿਤਾ ਗਿਆ ਸੀ 1  ਸਿਖਾਂ ਨੇ ਜਾਣ  ਤੋਂ ਪਹਿਲਾਂ ਲਖਪਤ ਰਾਇ ਨੂੰ ਮੁਗਲ ਦਰਬਾਰ ਵਿਚ  ਆਪਣਾ ਦੂਤ ਮੁਕਰਰ ਕਰ ਦਿਤਾ 1 ਜੱਸਾ ਸਿੰਘ ਰਾਮਗੜੀਆ ਜਾਂਦੀ ਵਾਰ ਆਪਣੇ ਨਾਲ ਮੁਗਲਾਂ ਦੀਆਂ ਪੰਜ ਤੋਪਾਂ, ਕਈ  ਬੰਦੂਕਾਂ ਅਤੇ ਉਨ੍ਹਾ ਦੀ ਤਾਜਪੋਸ਼ੀ ਦੀ ਰੰਗ ਬਰੰਗੀ ਇਕ ਸੁੰਦਰ ਸਿਲ 6 ਇੰਚ ਲੰਬੀ 4 ਇੰਚ ਚੋੜੀ ਤੇ 9 ਇੰਚ ਮੋਟੀ ਜੋ ਅਜ ਵੀ ਅਮ੍ਰਿਤਸਰ ਵਿਚ ਰਾਮਗੜੀਆਂ ਦੇ  ਬੁੰਗੇ ਵਿਚ ਪਈ ਹੈ, ਆਪਣੇ ਨਾਲ ਲੈ ਗਿਆ 1

ਬਾਬਾ ਬਘੇਲ ਸਿੰਘ ਮੁਗਲ ਰਾਜ ਨਾਲ ਸਮਝੋਤਾ ਹੋਣ ਪਿਛੋਂ  ਕਈਆਂ ਹਿੰਦੂ ਤੇ ਮੁਸਲਮਾਨ ਬਜੁਰਗਾਂ ਨੂੰ ਮਿਲੇ ਤੇ ਉਨ੍ਹਾ ਤੋਂ ਪੁਛਹ ਕੇ ਸਾਰੀਆਂ ਜਗ੍ਹਾਵਾਂ ਦੀ ਨਿਸ਼ਾਨ ਦੇਹੀ ਕਰਵਾਈ ਜਿਥੇ ਜਿਥੇ ਗੁਰੂ ਸਹਿਬਾਨਾ ਦੀ ਚਰਨ ਛੋਹ ਸੀ , ਜਿਸ ਜਗਹ ਤੇ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਜਿਥੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਸਨ1  ਇਹ ਸਤ ਇਤਿਹਾਸਕ ਗੁਰੂਦਵਾਰੇ  ਉਨ੍ਹਾ ਨੇ ਆਪਣੀ ਦੇਖ ਰੇਖ ਵਿਚ ਬਣਵਾਏ , ਗੁਰੂਦਵਾਰਾ ਨਾਨਕ ਪਿਆਉ , ਗੁਰੂਦਵਾਰਾ ਮਜਨੂੰ ਦਾ ਟਿਲਾ , ਗੁਰੂਦਵਾਰਾ ਰਕਾਬ ਗੰਜ ਸਾਹਿਬ , ਗੁਰੂਦਵਾਰਾ ਸੀਸ ਗੰਜ ਸਾਹਿਬ , ਗੁਰੂਦਵਾਰਾ ਬੰਗਲਾ ਸਾਹਿਬ , ਗੁਰੂਦਵਾਰਾ ਮੋਤੀ ਬਾਗ , ਗੁਰੂਦਵਾਰਾ ਮਾਤਾ ਸੁੰਦਰੀ 1 ਬਾਕੀ ਤਿੰਨ ਗੁਰੁਦਵਾਰੇ ਬਾਲਾ ਸਾਹਿਬ, ਗੁਰੂਦਵਾਰਾ ਦਮਦਮਾ ਸਾਹਿਬ , ਤੇ ਗੁਰੂਦਵਾਰਾ ਬੰਦਾ ਬਹਾਦਰ ਬਾਅਦ ਵਿਚ ਕਾਇਮ ਕੀਤੇ ਗਏ 1 ਬਾਬਾ ਬਘੇਲ ਸਿੰਘ ਨਵੰਬਰ 1783 ਨੂੰ ਆਪਣੇ ਕਾਰਜ ਪੂਰੇ ਕਰਕੇ ਵਾਪਸ ਪੰਜਾਬ ਚਲੇ ਗਏ 1 ਵਾਪਸ ਪਰਤਣ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹ ਆਲਮ ਨੇ ਬਾਬਾ ਬਘੇਲ ਸਿੰਘ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ 1 ਬਘੇਲ ਸਿੰਘ ਆਪਣੀਆਂ ਸ਼ਰਤਾਂ ਤੇ ਸ਼ਾਹ ਆਲਮ ਨੂੰ ਮਿਲਣ ਗਿਆ 1 ਬਾਦਸ਼ਾਹ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ 1 ਸ਼ਹਿਰ ਵਿਚ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ  ਗਈਆਂ। ਹਾਥੀ ਤੋਂ ਉਤਰਕੇ ਘੋੜੇ  ਦੀ ਸਵਾਰੀ ਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਜਾਕੇ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਬੁਲਾਈ 1 ਬਾਦਸ਼ਾਹ ਨੇ ਸਾਰੇ ਦਰਬਾਰੀਆਂ ਨੂੰ ਉਸੇ ਤਰਹ ਫਤਹਿ ਬੁਲਾਣ ਲਈ ਆਖਿਆ 1 ਸਾਰੇ ਜਥੇਦਾਰਾਂ ਨੂੰ ਸਤਕਾਰ ਸਹਿਤ ਕੁਰਸੀਆਂ ਦਿਤੀਆਂ ਗਈਆਂ 1 ਬਘੇਲ ਸਿੰਘ ਨੂੰ ਮਿਲਣ ਤੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ  ਤੋਹਫੇ ਦਿੱਤੇ। ਕਹਿੰਦੇ ਹਨ ਕੀ ਦੋਨੋ ਆਪਸ ਵਿਚ ਇਸ ਤਰਹ ਗਲਾਂ ਕਰ ਰਹੇ ਜਿਵੇਂ ਸਦੀਆਂ ਪੁਰਾਣੇ ਮਿਤਰ ਹੋਣ1

ਸ਼ਾਹ ਆਲਮ ਨੇ ਬਾਬਾ ਬਘੇਲ ਸਿੰਘ ਨੂੰ ਨਜ਼ਰਾਨੇ ਵਜੋਂ ਕਈ ਤੋਫੇ ਤੇ ਰਾਈਸੀਨਾ ਪਿੰਡ ਦੀ ਕਈ ਸੋ ਵਿਘੇ ਜਮੀਨ ਭੇਟ ਕੀਤੀ ਜਿਥੇ ਅਜ ਇੰਡੀਆ ਗੇਟ , ਪਾਰਲੀਆਮੇਂਟ, ਸੇੰਟਰਿਆਲ ਸੇਕਟੇਰੀਅਟ ਤੇ ਰਾਸ਼ਟਰਪਤੀ ਭਵਨ ਉਸਰਿਆ ਹੋਇਆ ਹੈ 1 ਸ਼ਾਹ ਆਲਮ ਦਾ ਫ਼ਾਰਸੀ ਵਿਚ ਇਹ ਹੁਕਮ ਨੈਸ਼ਨਲ ਆਰਕਾਵੀਜ਼ ਵਿਚ ਅਜ ਵੀ ਪਿਆ ਹੈ 1ਸਿਖਾਂ ਦੇ ਸਾਰਿਆਂ ਹਮਲਿਆਂ ਵਿਚੋਂ ਦਿਲੀ ਫਤਹਿ ਕਰਨਾ ਵਧ ਤੇ  ਸਫਲ ਹਮਲਾ ਸੀ 1 ਬਘੇਲ ਸਿੰਘ ਦੇ ਪੰਜਾਬ ਪਰਤਣ ਤੋਂ ਬਾਅਦ ਵੀ  ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।

 

Waheguru ji ka Khalsa Waheguru ji ki Fteh

Print Friendly, PDF & Email

Nirmal Anand

1 comment

  • ਸ਼ਸਤਰ ਕੇ ਅਧੀਨ ਹੈ ਰਾਜ।ਧੰਨ ਗੁਰੂ ਦਾ ਖਾਲਸਾ।
    Salute to Sikh warrior from d deep of my heart।
    ਅੱਜ ਮਨ ਵਿੱਚ ਇਕ ਸਵਾਲ ਉਠਦਾ ਹੈ ਕਿ ਅਸੀਂ ਵਾਕਿਆ ਹੀ ਉਹਨਾ ਸੂਰਬੀਰਾਂ ਦੀ ਕੋਮ ਵਿਚੋਂ ਹਾਂ?ਅੱਜ ਦੀ ਸਿੱਖ ਰਾਜਨੀਤੀ ਨੇ ਕੋਮ ਦੀ ਕੀ ਦੁਰਗਤੀ ਕਰ ਦਿੱਤੀ ਹੈ?ਹੁਣ ਦੇ ਸਮੇਂ ਵਿੱਚ ਤੇ ਸਿਰਫ ਅਸੀਂ ਰੂਪਵਾਦੀ ਸਿੱਖ ਬਣ ਕੇ ਰਹਿ ਗਏ ਹਾਂ।

Translate »