ਸਿੱਖ ਇਤਿਹਾਸ

ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ  ਭਾਰਤ ਪਾਕਿਸਤਾਨ ਬੋਰਡਰ ਤੋ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ ਜੋ ਭਾਰਤ-ਪਾਕਿਸਤਾਨ ਬਾਰਡਰ ਤੋ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ ਤੇ ਰਾਵੀ ਦੇ ਖਬੇ ਕੰਢੇ ਤੇ ਸਥਿਤ ਹੈ 1ਇਸਦੇ ਪਛਮ ਤੇ ਕਰਤਾਰ ਪੁਰ ਸਾਹਿਬ ਹੈ ਜੋ ਭਾਰਤ ਪਾਕਿਸਤਾਨ ਦੀ ਵੰਡ ਤੋ ਬਾਅਦ ਪਾਕਿਸਤਾਨ ਵਿਚ ਚਲਾ ਗਿਆ1  ਇਹ  ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜਿਆ ਹੈ। ਇਹ ਅਸਥਾਨ ਸ੍ਰੀ ਅੰਮ੍ਰਿਤਸਰ ਤੋਂ 55 (48) ਕਿਲੋਮੀਟਰ, ਬਟਾਲੇ ਤੋਂ 29 ਕਿਲੋਮੀਟਰ  ‘ਤੇ ਅੰਤਰਰਾਸ਼ਟਰੀ ਬਾਰਡਰ ਤੋਂ 2 ਕਿਲੋਮੀਟਰ ਦੀ ਦੂਰੀ ਉੱਤੇ  ਸਥਿਤ ਹੈ। ਡੇਰਾ ਬਾਬਾ ਨਾਨਕ ਪੰਜਾਬ  ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਮਿਊਂਸਿਪਲ ਕੌਂਸਲ ਹੈ।

ਇਤਿਹਾਸ ਤੇ ਸਾਖੀਆਂ ਅਨੁਸਾਰ ਕਿਹਾ ਜਾਂਦਾ ਹੈ ਕੀ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਸਹੁਰੇ ਪਿੰਡ ਪਖੋਕੇ ਰੰਧਾਵਾ ਪਿੰਡ ਆਪਣੇ ਬਚਿਆਂ ਨੂੰ ਮਿਲਣ ਆਏ ਤਾਂ ਰਸਤੇ ਵਿਚ ਇਕ ਖੂਹ ਕੋਲ ਬੈਠ ਗਏ1 ਗੁਰੂ ਜੀ ਦਾ ਆਉਣਾ ਸੁਣ ਕੇ  ਲੋਕ  ਖੂਹ ਤੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ 1 ਇਹ ਖੂਹ ਪਿੰਡ ਦੇ ਚੋਧਰੀ ਅਜੀਤੇ ਰੰਧਾਵੇ ਦਾ ਸੀ1 ਉਸ ਦਿਨ ਤੋਂ ਬਾਅਦ ਦੂਜੀ ਉਦਾਸੀ ਤੇ ਜਾਣ  ਤੋਂ ਪਹਿਲਾ ਗੁਰੂ ਸਾਹਿਬ ਅਕਸਰ ਇਥੇ ਆਕੇ ਬੈਠਦੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ 1  ਜਦ ਚੋਧਰੀ ਰੰਧਾਵੇ ਨੂੰ  ਪਤਾ ਚਲਿਆ ਤਾਂ ਉਹ ਵੀ ਗੁਰੂ ਦਰਸ਼ਨਾ ਲਈ ਆਇਆ 1ਉਸਨੇ  ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੀ ਤੁਸੀਂ ਵੀ ਇਥੇ ਪਖੋਕੇ ਜਾਂ ਇਸ ਦੇ ਨੇੜੇ ਤੇੜੇ ਇਕ ਸਥਾਈ ਨਿਵਾਸ ਬਣਾ ਲਉ ਜਿਸ ਲਈ ਉਸਨੇ ਗੁਰੂ ਸਾਹਿਬ ਨੂੰ 100 ਏਕੜ ਜਮੀਨ ਦਿਤੀ ਜੋ ਰਾਵੀ ਦੇ ਸਜੇ ਕੰਢੇ ਤੇ ਸੀ ਜਿਥੇ ਗੁਰੂ ਸਾਹਿਬ ਦੀ ਆਗਿਆ ਨਾਲ  ਸੰਨ 1504 ਵਿਚ ਭਾਈ ਦੋਦਾ ਤੇ ਭਾਈ ਦੁਨੀ ਚੰਦ  ਨੇ  ਉਥੇ ਇਕ ਨਵਾਂ ਪਿੰਡ ਵਸਾਇਆ ਜਿਸਦਾ ਨਾਮ ਗੁਰੂ ਸਾਹਿਬ ਨੇ ਕਰਤਾਰ ਪੁਰ ਰਖਿਆ ਮਤਲਬ ਕਰਤਾਰ ,ਅਕਾਲ ਪੁਰਖ ਦਾ ਪਿੰਡ1

ਸੰਨ 1522 ਵਿਚ ਆਪਣੀਆਂ ਚਾਰੋ ਲੰਬੇਰਿਆਂ ਉਦਾਸੀਆਂ ਤੋ ਬਾਅਦ ਗੁਰੂ ਸਾਹਿਬ ਨੇਕਰਤਾਰਪੁਰ ਨੂੰ  ਆਪਣਾ ਪੱਕਾ ਟਿਕਾਣਾ ਬਣਾ ਲਿਆ 1 ਇਥੇ ਹੀ ਆਪਣੇ ਪਰਿਵਾਰ, ਮਾਤਾ ਪਿਤਾ ਤੇ ਬਚਿਆਂ ਨੂੰ ਵੀ ਲੈ ਆਏ 1 ਇਥੇ ਗੁਰੂ ਸਾਹਿਬ ਨੇ ਆਪਣੀ ਜਿੰਦਗੀ ਦਾ ਸਭ ਤੋ ਵਧੇਰਾ ਸਮਾਂ 17 ਸਾਲ 5 ਮਹੀਨੇ ਤੇ 9 ਦਿਨ ਗੁਜਾਰਿਆ 1 ਇੱਥੇ ਗੁਰੂ ਸਾਹਿਬ ਨੇ  ਲੋਕਾਂ ਨੂੰ ਖੇਤੀ ਕਰਕੇ , ਕਥਨੀ ਨਾਲ  ਕਰਨੀ ਦੀ ਸਾਂਝ  ਕਰਦੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ ।  ਕੀਰਤਨ ਤੇ ਲੰਗਰ ਦੀ ਸ਼ੁਰੂਆਤ ਵੀ ਇਥੋਂ ਹੀ ਹੋਈ।  ਇਥੇ  ਗੁਰੂ ਸਾਹਿਬ ਖੇਤਾਂ ਵਿਚ  ਦੀਨੇ ਕੜੀ ਮੇਹਨਤ ਨਾਲ ਕਿਰਤ ਕਰਦੇ ,ਸਵੇਰੇ ਸ਼ਾਮ  ਕਥਾ- ਕੀਰਤਨ ਤੇ ਨਾਮ ਸਿਮਰਨ ਦਾ ਉਪਦੇਸ਼ ਦੇ ਨਾਲ  ਸੰਗਤਾਂ ਲਈ ਖੁਲੇ ਲੰਗਰ ਦਾ ਵਰਤਾਰਾ ਹੁੰਦਾ1  ਇਥੇ ਸੰਗਤਾ ਦੇ ਰਹਿਣ ਲਈ ਸਰਾਂ ਤੇ  ਇਸਤਰੀ-ਮਰਦ, ਗਰੀਬ -ਅਮੀਰ ਤੇ ਊਚ ਨੀਚ ਦੇ ਵਿਦਕਰੇ ਨੂੰ ਦੂਰ ਕਰਨ ਲਈ  ਇਕ ਸਾਂਝਾ ਲੰਗਰ­- ਘਰ ਬਣਵਾਇਆ  ਜਿਥੇ ਸਭ ਰਲ-ਮਿਲ ਬੈਠ ਕੇ ਇੱਕਠੇ  ਪ੍ਰਸ਼ਾਦਾ ਛੱਕਦੇ ।ਇਥੇ ਹੀ ਆਪਣੇ ਬਚਿਆਂ ਤੇ ਭਾਈ ਲਹਿਣਾ ਦੀ  7 ਸਾਲ  ਕੜੀ ਪ੍ਰੀਖਿਆ ਲੈਕੇ ਭਾਈ ਲਹਿਣਾ ਨੂੰ ਗੁਰੁਗਦੀ ਦੇਣ ਦਾ ਫੈਸਲਾ ਕੀਤਾ1 ਬਾਬਾ ਬੁਢਾ ਜੀ ਜਿਸਦਾ ਪਹਿਲਾ ਨਾਂ ਬੂੜਾ ਸੀ ਖੇਤਾਂ ਵਿਚ ਗੁਰੂ ਸਾਹਿਬ ਦੀ ਸੰਗਤ ਕਰਦੇ ਕਰਦੇ ਗੁਰੂ ਸਾਹਿਬ ਦੇ ਹੋ ਗਏ ਅਤੇ ਆਪਣੀ ਪੂਰੀ ਜਿੰਦਗੀ ਤੰਨ ਮੰਨ ਨਾਲ  ਗੁਰੂ ਘਰ ਦੀ ਸੇਵਾ ਕੀਤੀ 1 ਭਾਗਾਂ ਵਾਲੇ ਸਨ ਜਿਨ੍ਹਾ ਨੇ ਅਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਤੇ 6 ਪਾਤਸ਼ਾਹੀਆਂ ਦੀ ਗੁਰੁਗਦੀ ਦੀ ਰਸਮ ਨਿਭਾਕੇ ,ਅੰਤ ਵਿਚ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੀ ਗੋਦ ਵਿਚ ਪ੍ਰਾਣ ਦੇ ਦਿਤੇ1

ਅਖਿਰ  ਗੁਰੂ ਨਾਨਕ ਦੇਵ ਜੀ, ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰਦੇ  22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਉਨ੍ਹਾ ਦੀ ਯਾਦ ਵਜੋਂ ਕਰਤਾਰਪੁਰ ਵਿਚ  ਸੰਸਕਾਰ ਦੇ ਅਸਥਾਨ ‘ਤੇ ਪ੍ਰੇਮੀ ਗੁਰਸਿੱਖਾਂ ਵੱਲੋਂ ਯਾਦਗਾਰ ਕਾਇਮ ਕੀਤੀ ਗਈ1 ਪਰ ਅਫਸੋਸ ਕਿ ਰਾਵੀ ਦੇ ਆਉਂਦੇ ਹੜ੍ਹ ਨੇ ਇਸ ਯਾਦਗਾਰ ਨੂੰ  ਆਪਣੇ ਵਿਚ ਸਮੇਟ ਲਿਆ ਗੂਰੂ ਨਾਨਕ ਸਾਹਿਬ ਜੀ ਦੀ ਅੰਤਮ ਯਾਦਗਾਰ ਰਾਵੀ ਦਰਿਆ ਵਿਚ ਵਿਲੀਨ ਹੋਣ ਪਿੱਛੋਂ ਬਾਬਾ ਸ੍ਰੀ ਚੰਦ ਤੇ ਉਨ੍ਹਾ ਦੇ ਭਤੀਜੇ ,ਬਾਬਾ ਲਖਮੀ ਦਾਸ ਦੇ ਸਪੁਤਰ ,ਭਾਈ ਧਰਮਦਾਸ ਨੇ ਰਾਵੀ ਦਰਿਆ ਦੇ ਦੂਸਰੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ ‘ਤੇ ‘ਗੁਰੂ ਨਾਨਕ ਸਾਹਿਬ’ ਦੀ ਯਾਦਗਾਰ ਕਾਇਮ ਕੀਤੀ, ਜਿਸ ਨੂੰ (ਦੇਹਰਾ ਬਾਬਾ ਨਾਨਕ) ਡੇਰਾ ਬਾਬਾ ਨਾਨਕ ਕਿਹਾ ਜਾਣ  ਲਗਾ 1  ਇਹ ਖੂਹ ਉਨ੍ਹਾ ਦੇ ਸਹੁਰੇ ਪਿੰਡ ਪਖੋਕੇ ਰੰਧਾਵੇ ਦੇ ਚੋਧਰੀ ਅਜੀਤੇ ਰੰਧਾਵਾ ਦਾ ਸੀ 1ਜਿਥੇ ਉਹ ਅਕਸਰ  ਧਿਆਨ ਲਾਉਣ ਲਈ ਤੇ ਸੈਰ ਕਰਨ ਲਈ  ਨਿਤ  ਰਾਵੀ ਦੇ ਦੂਜੇ ਕੰਢੇ ਤੇ  ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ।ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ ‘ਸ੍ਰੀ ਖੂਹ  ਸਾਹਿਬ’ ਕਹਿੰਦੇ ਹਨ। ਇਹ ਉਹੀ  ਖੂਹ ਹੈ ਜਿਥੇ  ਗੁਰੂ ਸਾਹਿਬ ਅਕਸਰ ਆਕੇ ਬੈਠਦੇ ਤੇ ਸੰਗਤਾਂ ਨੂੰ ਸਿਮਰਨ, ਸਚੀ ਸੁਚੀ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ 1

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਲ ਵਿਚ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਵਜੋਂ  ਇਸ ਧਰਮਸਾਲ ਵਿਚ ਤਾਂਬੇ ਤੇ ਸੰਗਮਰਮਰ ਦਾ ਥੜਾ ਬਣਾਇਆ 1 ਇਹ   ਧਰਮਸਾਲ ਬਿਲਕੁਲ ਸ਼ਹਿਰ ਦੇ ਵਿਚਕਾਰ ਹੈ 1 ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਚ ਤਿੰਨ ਸਮਾਰਕ  ਉਲੇਖਨੀਆਂ ਹਨ -ਇਕ ਖੂਹ ਜਿਥੇ ਗੁਰੂ ਸਾਹਿਬ ਅਕਸਰ ਆਕੇ ਬੈਠਦੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ 1 ਇਹ ਖੂਹ ਅਜ ਵੀ  ਪਾਣੀ ਨਾਲ ਭਰਿਆ ਰਹਿੰਦਾ ਹੈ 1 ਸੰਗਤਾ ਇਸ ਖੂਹ ਤੋ  ਅਮ੍ਰਿਤ ਲੈਕੇ ਜਾਂਦੀਆਂ ਹਨ ਜੋ ਉਨ੍ਹਾ ਦਾ ਮਾਨਨਾ ਕੀ ਇਸ ਅਮ੍ਰਿਤ ਵਿਚ ਰੋਗਾਂ ਨੂੰ ਠੀਕ ਕਰਨ ਦੇ  ਚਮਤਕਾਰੀ ਖਨਿਜ ਪਦਾਰਥ ਹਨ 1 ਇਸ ਖੂਹ ਨੂੰ ਸਰ ਸਾਹਿਬ ਕਿਹਾ ਜਾਂਦਾ ਹੈ 1 ਦੂਸਰਾ ਸਮਾਰਕ ਜਿਥੇ  ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ, ਭਾਈ ਧਰਮਦਾਸ ਦੇ ਅਕਾਲ ਚਲਾਣੇ ਉਪਰੰਤ ਆਏ, ‘ਕੀਰਤਨ ਅਸਥਾਨ’ ਤੇ ਬੈਠ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਵਜੋਂ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ। ਤੀਸਰਾ ਸਮਾਰਕ ਖੂਹ ਦੇ ਨੇੜੇ ਹੀ  ਗੁਰੁਦਵਾਰਾ ਥੜਾ ਸਾਹਿਬ ਜਿਥੇ ਗੁਰੂ ਜੀ ਦੇ ਦੋਨੋ ਸਪੁਤਰਾਂ ਨੇ ਕਰਤਾਰਪੁਰ ਵਾਲੀ ਥਾਂ ਤੋਂ ਮਿਟੀ  ਲਿਆ ਕੇ ਸਮਾਧ (ਦੇਹਰਾ) ਬਣਵਾਇਆ  ਸੀ 1 ਇਸ ਗੁਰੁਦਵਾਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ 1827 ਵਿਚ ਕਰਵਾਈ 1 ਇਥੇ ਗੁਰੂ ਨਾਨਕ ਸਹਿਬ ਜੀ ਦੇ ਕੁਝ ਸਲੋਕ  ਵੀ ਉਕਰੇ ਹਨ 1 ਇਥੋਂ ਤੁਸੀਂ ਆਰਾਮ ਨਾਲ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੇਖ ਸਕਦੇ ਹੋ 1 ਇਹ ਗੁਰੂਦਵਾਰਾ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ ਪਰ ਇਸਦੀ ਵਿਵਸਥਾ ਸਥਾਨਿਕ ਕਮੇਟੀ ਕਰਦੀ ਹੈ1 ਇਥੇ   ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਪੁਰਬ  ਉਚੇਚਾ ਤੋਰ ਤੇ ਮਨਾਇਆ ਜਾਂਦਾ ਹੈ 1 ਇਸ ਗੁਰ ਥਾਮ ਵਿਚ ਇਕ ਹਥ ਲਿਖੀ ਪੁਰਾਤਨ ਬੀੜ ਜਿਸਦੇ 1660 ਪਤਰੇ ਤੇ ਆਸ-ਪਾਸ ਬੜਾ ਖੂਬਸੂਰਤ ਬਾਰਡਰ ਉਕਰਿਆ ਹੈ,ਸੁਰਖਿਅਤ ਪਈ ਹੈ 1

‘ਸ੍ਰੀ ਦਰਬਾਰ ਸਾਹਿਬ’ ਵਿਖੇ ਪਹਿਲੀ-ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਵਿਸਾਖੀ ਤੇ ਸਾਲਾਨਾ ਜੋੜ ਮੇਲਾ (ਚੋਲਾ ਸਾਹਿਬ) ਹਰ ਸਾਲ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਅਸਥਾਨ ਦਾ ਪ੍ਰਬੰਧ ਹੁਣ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ  ਪਾਸ ਹੈ। ਯਾਤਰੂਆਂ ਦੀ ਰਿਹਾਇਸ਼ ਲਈ ਪੰਜ ਕਮਰੇ ਹਨ ਤੇ ਲੰਗਰ-ਪ੍ਰਸ਼ਾਦਿ ਤੇ ਹੋਰ ਸੁਖ ਸੁਵਿਧਾ ਦਾ ਵਧੀਆ ਪ੍ਰਬੰਧ  ਹੈ।

ਡੇਰਾ ਸਾਹਿਬ ਦੇ ਨਜ਼ਦੀਕ ਹੀ ਗੁਰਦੁਆਰਾ ਲੰਗਰ ਮੰਦਰ ਚੋਲਾ ਸਾਹਿਬ ਦੇਖਣ ਯੋਗ ਹੈ। ਰਵਾਇਤ ਅਨੁਸਾਰ ਇਸ ਗੁਰੁਦਵਾਰੇ ਦਾ ਸਬੰਧ ਉਸ ਚੋਲੇ ਨਾਲ ਹੈ ਜੋ ਬਗਦਾਦ ਦੀ ਫੇਰੀ ਸਮੇਂ ਉਥੋਂ ਦੇ ਕਾਜ਼ੀਆਂ  ਨੇ ਗੁਰੂ ਸਾਹਿਬ ਨੂੰ ਭੇਂਟ ਕੀਤਾ ਸੀ ਜਿਸ ਉਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦੀ ਕਢਾਈ ਹੈ 1 ਇਹ ਚੋਲਾ ਗੁਰੂ ਜੇ ਦੇ ਵੰਸ਼ ਵਿਚੋਂ ਬਾਬਾ ਕਾਬਲੀ ਮੱਲ ਨੇ ਬਗਦਾਦ ਤੋਂ ਮਾਰਚ 1828 ਈ: ਨੂੰ ਲਿਆਂਦਾ ਸੀ। ਗੁਰੂਦਵਾਰਾ ਐਕਟ ਦੇ ਪਾਸ ਹੋਣ ਤੇ ਜਦ  ਬਾਬਾ ਕਾਬਲੀ ਦੀਆਂ  ਸੰਗਤਾਂ ਨੇ ਗੁਰੁਦਵਾਰੇ ਦੀ ਇਮਾਰਤ ਗੁਰੂਦੁਆਰਾ  ਪ੍ਰਬੰਧਕ ਕਮੇਟੀ ਨੂੰ ਦੇ ਦਿਤੀ ਪਰ ਚੋਲਾ ਆਪਣੇ ਪਾਸ ਰਖਿਆ ਜੋ ਹੁਣ ਤਕ ਉਨ੍ਹਾ ਦੇ ਪਰਿਵਾਰਕ ਘਰ ਵਿਚ ਸ਼ੀਸ਼ੇ ਦੇ ਬਕਸੇ ਵਿਚ ਸੰਭਾਲ ਕੇ ਰਖਿਆ ਹੋਇਆ ਹੈ ਜਿਥੇ ਸੰਗਤ ਦਰਸ਼ਨ ਕਰਨ ਆਉਂਦੀ ਹੈ1  ਗੁਰੂਦਵਾਰਾ ਚੋਲਾ ਸਾਹਿਬ ਦਾ ਪ੍ਰਬੰਧ ਗੁਰੂਦਵਾਰਾ ਦਰਬਾਰ ਸਾਹਿਬ ਵਾਲੀ ਕਮੇਟੀ ਕਰਦੀ ਹੈ 1 ਇਥੇ ਬਾਬਾ ਕਾਬਲੀ ਮੱਲ ਦੀ ਸਮਾਧ ਵੀ ਹੈ 1 ਇਥੇ ਹਰ 21 ਫਗਣ ਨੂੰ ਚਾਰ ਦਿਨ ਲਈ ਮੇਲਾ ਲਗਦਾ ਹੈ 1

1

                           ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

1 comment

Translate »