{:en}SikhHistory.in{:}{:pa}ਸਿੱਖ ਇਤਿਹਾਸ{:}

ਜਾਪੁ ਸਾਹਿਬ ਦਾ ਸੰਕਲਪ

ਜਾਪੁ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦੀ ਇਕ ਮਹਾਨ ਰਚਨਾ ਹੈ ਜਿਸਦਾ ਮੁਖ ਮੰਤਵ ਧਰਮ ਦੀ  ਜੋ ਉਸ ਵਕਤ ਤਕ ਬ੍ਰਾਹਮਣਵਾਦ ਦੀ ਕਿਰਪਾ ਨਾਲ ਖੇਰੂ ਖੇਰੂ ਹੋ ਚੁਕਾ ਸੀ ਮੁੜ ਸਥਾਪਨਾ, ਦੁਸ਼ਟਾਂ ਦਾ ਦਮਨ ਕਰਨਾ ਤੇ ਸੰਤ ਸਾਧੂਆਂ ਨੂੰ ਉਬਾਰਨ ਦਾ ਸੀl  ਇਹ  ਦਸਮ ਗਰੰਥ  ਦੀ ਮੁੱਢਲੀ ਬਾਣੀ ਹੈ ਤੇ ਨਿਤਨੇਮ ਵਿਚ ਅਮ੍ਰਿਤ ਵੇਲੇ ਦੀਆਂ ਬਾਣੀਆ ਵਿਚੋ ਜਪੁਜੀ ਸਾਹਿਬ ਤੋਂ ਬਾਅਦ  ਦੂਸਰੇ ਨੰਬਰ ਤੇ  ਹੈl ਰਹਿਤਨਾਮੇ  ਇਉਂ ਹੁਕਮ ਹੈ
                              ”ਬਿਨ ਜਾਪੁ ਜਪੇ ਬਿਨਾਂ , ਜੋ ਸੇਵੇ ਪ੍ਰਸਾਦ ll ਸੋ ਬਿਸਟਾ ਕਾ ਕਿਰਮ ਹੋਈ , ਜਨਮ ਗਵਾਵੇ ਬਾਦ”l
 ਇਹ ਬਾਣੀ ਦਾ ਉਚਾਰਨ ਗੁਰੂ ਸਾਹਿਬ ਨੇ (1684-1687) ਦੌਰਾਨ , ਪੁਰਾਣੇ ਪੰਜਾਬ , ਨਾਹਨ ਦੇ ਨਗਰ ਪਾਉਂਟਾ ਸਾਹਿਬ ਵਿਚ , ਜਮਨਾ ਦੇ ਕਿਨਾਰੇ ਬੈਠੇ ਕੀਤਾ ਸੀ l ਸੰਨ 1699 ਵਿਚ ,ਕੇਸਗੜ ਵਿਚ ਖਾਲਸੇ ਦੀ ਸਿਰਜਣਾ ਵਕਤ ਜੋ ਪੰਜ ਬਾਣੀਆਂ ਦੇ ਪਾਠ ਹੁੰਦਾ ਹੈ, ਇਸ ਬਾਣੀ ਦਾ ਪਾਠ ਪਹਿਲੀ ਬਾਣੀ,ਜਪੁਜੀ ਸਾਹਿਬ ਤੋ  ਕੀਤਾ ਜਾਂਦਾ ਹੈl   ਗੁਰੂ ਗਰੰਥ ਸਾਹਿਬ ਜੀ ਦੀ ਸ਼ੁਰੁਆਤ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਹੁੰਦੀ ਹੈ, ਇਸੇ ਤਰ੍ਹਾ ਦਸਮ ਗ੍ਰੰਥ ਦੀ ਸ਼ੁਰਵਾਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਜਾਪੁ ਸਾਹਿਬ  ਤੋ ਸ਼ੁਰੂ ਹੁੰਦੀ ਹੈl ਗੁਰੂ ਗਰੰਥ ਸਾਹਿਬ ਵਿਚ ਗੁਰੂ ਸਾਹਿਬਾਨਾ ਲਈ ਮਹ੍ਹਲਾ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ ਜਦਕਿ ਦਸਮ ਗਰੰਥ ਵਿਚ “ਮੁਖ ਵਾਕ ਪਾਤਸ਼ਾਹੀ ਦਸਵੀਂ “l ਸ਼ਬਦ ਵਰਤਿਆ ਗਿਆ ਹੈl
ਛੰਦ
ਜਾਪੁ ਸਾਹਿਬ ਦੀ ਬਾਣੀ ਨੂੰ 199 ਕਾਵਿ ਬੰਦਾ ਵਿਚ ਅੰਕਿਤ ਕੀਤਾ ਗਿਆ ਹੈ , 10  ਛੰਦ ਵਰਤੇ ਗਏ ਹਨ ਤੇ ਇਨ੍ਹਾ ਦੀ ਕਾਵਿਕ ਬਣਤਰ ਗਣਿਕ ਛੰਦਾ-ਬੰਦੀ ‘ਤੇ ਆਧਾਰਤ ਹੈ।:
  1. ਛਪੈ ਛੰਦ 1 ਵਾਰੀਭੁਜੰਗ ਪ੍ਰਯਾਤ ਛੰਦ 6 ਵਾਰੀ 3. ਚਾਚਰੀ ਛੰਦ 5 ਵਾਰੀ 4.ਚਰਪਟ ਛੰਦ 2 ਵਾਰੀ 5. ਰੂਆਲ ਛੰਦ 1 ਵਾਰੀ 6. ਮਧੁਭਾਰ ਛੰਦ 2 ਵਾਰੀ 7ਭਗਵਤੀ ਛੰਦ 2 ਵਾਰੀ ੮. ਰਸਾਵਲ ਛੰਦ 1 ਵਾਰੀ 9. ਹਰਿਬੋਲਮਨਾ ਛੰਦ 1 ਵਾਰੀ 10. ਏਕ ਅਛਰੀ ਛੰਦ 1 ਵਾਰੀ
ਬੋਲੀ’
ਸ੍ਰੀ ਜਾਪੁ ਸਾਹਿਬ ਦੀ ਬੋਲੀ,  ਬ੍ਰਿਜ ਸੰਸਕ੍ਰਿਤ, ਅਰਬੀ,  ਫ਼ਾਰਸੀ, ਸਾਧ ਭਾਸ਼ਾ,  ਸੰਧੂਕੜੀ ਅਤੇ ਪੰਜਾਬੀ  ਦਾ ਅਦਭੁਤ ਮਿਸ਼ਰਣ ਹੈ। ਇਸ ਬਾਣੀ ਦੀ ਸ਼ਬਦ-ਬਣਤਰ ਅਤੇ ਸ਼ਬਦ-ਜੜਤ ਬੜੀ ਸਰਲ ਅਤੇ ਸੁਰੀਲੀ ਹੈ।
ਇਸ ਦੀ ਛੰਦ-ਚਾਲ ਪਹਾੜੀ ਨਦੀ ਦੇ ਤੀਬਰ ਵੇਗ ਵਾਂਗ ਰਾਗਾਤਮਿਕ ਹੈ। ਵੱਖ ਵੱਖ ਬੋਲੀਆਂ ਦੇ ਵੰਨ-ਸਵੰਨੇ ਸ਼ਬਦਾਂ ਦੀ ਵੱਖ ਵੱਖ ਛੰਦਾਂ-ਬੰਦੀ ਵਿੱਚ ਵਰਤੋਂ ਪਾਠਕ ਦੀ ਸੁਰਤ ਨੂੰ ਜਕੜ ਕੇ ਰੱਖਦੀ ਹੈ। ਇਸ ਰਚਨਾ ਦੀ ਮਹ੍ਹ੍ਤਤਾ ਹੈ ਕਿ ਇਹ ਇਕ ਪ੍ਰਮਾਣਕ ਤੇ ਨਿਰਵਿਵਾਦ ਬਾਣੀ ਹੈ ਜਿਸਦੇ ਅੰਦਰ ਅਕਾਲ ਦੇ ਗੁਣ ਕਰਮ ਨਾਵਾਂ ਦਾ ਵਰਣਨ ਬੜੀ ਉਦਾਰਤਾ ਤੇ ਵਿਸ਼ਾਲਤਾ ਨਾਲ ਕੀਤਾ ਗਿਆ ਹੈ
ਕਿ ਸਰਬੰ ਕਲੀਮੈ॥ਕਿ ਪਰਮੰ ਫਹੀਮੈ॥120॥ਸਮਸਤੁਲ ਜੁਬਾਂ ਹੈਂ॥155॥ਸਦੈਵਲ ਅਕਾਮ ਹੈਂ॥127॥ਸਮਸਤੁਲ ਕਲਾਮ ਹੈਂ॥150॥ਹਮੇਸੁਲ ਅਭੇਖ ਹੈਂ॥157॥ਕਿ ਸਰਬੁਲ ਗਵੰਨ ਹੈਂ॥ਹਮੇਸੁਲ ਰਵੰਨ ਹੈਂ॥156॥ਰੁਜੂਅਲ ਨਿਧਾਨੈਂ॥123॥
ਵਿਸ਼ਾ
ਦਸਮ ਗਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਾਪੁ ਸਾਹਿਬ ਦਾ ਪ੍ਰਮੁਖ  ਵਿਸ਼ਾ ਅਕਾਲ ਪੁਰਖ ਦੀ ਸਿਫਤ ਸਲਾਹ ਕਰਨਾ ਹੈ ਜੋ ਉਨ੍ਹਾ ਨੇ ਵਸਤੂ ਨਿਰਦੇਸ਼ ਮੰਗਲ ਤੇ ਕਿਤੇ ਕਿਤੇ ਨਮਸਕਾਰ ਮੰਗਲ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਅਨੇਕ ਪ੍ਰਕਾਰ ਦੀ ਸ਼ਬਦਾਵਲੀ ਦੁਆਰਾ ਉਸਦੀ ਉਸਤਤਿ ਵਰਣਨ ਕੀਤੀ ਹੈl ਉਨ੍ਹਾ ਨੇ ਕਿਹਾ ਹੈ ਪ੍ਰਮਾਤਮਾ ਇਕ ਹਸਤੀ ਨਹੀਂ ਬਲਿਕ ਸ਼ਕਤੀ ਹੈ, ਜਿਸਦਾ ਕੋਈ ਚਿਨ੍ਹ, ਚੱਕ੍ਰ, ਵਰਨ ,ਜਾਤ ਪਾਤ , ਰੂਪ, ਰੰਗ ,ਭੇਖ ਨਹੀਂ, ਕੋਈ ਮੁਕਾਬਲਾ ਨਹੀਂ  l ਇਹ ਇਕ ਨਿਚਲ ਸਰੂਪ ,ਆਪਣੇ ਆਪ ਤੋਂ ਪ੍ਰਕਾਸ਼ਮਾਨ , ਅਮਿਤ ਬਲ ਵਾਲਾ ਪਾਤਸ਼ਾਹਾਂ ਦਾ ਪਾਤਸ਼ਾਹ ਜਿਸ ਨੂੰ ਦੇਵਤੇ, ਦੈਂਤ, ਮਨੁਖ ,ਪਸ਼ੂ,ਪੰਛੀ ,ਫਲ ਫੁਲ ਤੇ ਬੂਟੇ ਬੇਅੰਤ ਬੇਅੰਤ ਕਹਿੰਦੇ ਹਨl   ਇਤਿਹਾਸਕਾਰਾਂ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੂਰੇ ਦਸਮ ਗਰੰਥ ਵਿਚ ਅਕਾਲ ਪੁਰਖ ਦੇ 8000 ਨਾਵਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾ ਵਿਚੋਂ ਜਪੁ ਸਾਹਿਬ ਵਿਚ  775  ਉਪ-ਨਾਮਾਂ ਦੁਆਰਾ ਅਕਾਲ ਪੁਰਖ ਦਾ ਅਭਿਨੰਦਨ ਕੀਤਾ ਗਿਆ ਹੈ l ਗੁਰੂ ਸਾਹਿਬ ਨੇ ਇਹ ਵੀ ਬਾਣੀ ਵਿਚ  ਜ਼ਿਕਰ ਕੀਤਾ  ਹੈ ਕਿ ਇਥੇ ਪ੍ਰਮਾਤਮਾਂ ਦੇ ਸਾਰਿਆਂ ਨਾਵਾਂ ਦਾ ਤਾਂ ਜ਼ਿਕਰ ਨਹੀ ਹੋ ਸਕਦਾ, ਇਹ ਨਾਮ ਸਿਰਫ ਪ੍ਰਮਾਤਮਾਂ ਦੇ ਕਰਮ ਨਾਵਾਂ ਤੇ ਅਧਾਰਤ ਹਨl ਇਸਤੋਂ ਗੁਰੂ ਸਾਹਿਬ ਦੀ ਵਿਸ਼ਾਲ, ਗੰਭੀਰ ਤੇ ਉਦਾਰ ਵਿਚਾਰਧਾਰਾ ਦਾ ਪਤਾ ਚਲਦਾ ਹੈl ਅਕਾਲ ਪੁਰਖ  ਦੀ ਬਹੁ-ਗੁਣੀ ਹੋਂਦ-ਹਸਤੀ ਦੇ ਅਹਿਸਾਸ ਦੇ ਨਾਲ ਨਾਲ ਆਪਣੀ ਨਿਗੂਣੀ ਹੋਂਦ-ਹਸਤੀ ਦੀ ਤੁੱਛਤਾ ਦਾ ਵੀ ਅਹਿਸਾਸ ਹੁੰਦਾ ਹੈ ਅਤੇ ਇਸ ਤਰ੍ਹਾਂ ਹਉਮੈ ਦੀ ਨਵਿਰਤੀ ਵਿੱਚ ਮਦਦ ਮਿਲਦੀ ਹੈ। ਇਸ ਦੇ ਪਾਠ ਦੁਆਰਾ ਸਰਬ-ਸ਼ਕਤੀਮਾਨ ਅਤੇ ਸਰਬ-ਗੁਣ-ਸੰਪੂਰਨ ਅਕਾਲ ਪੁਰਖ ਨਾਲ ਸੁਰਤਿ-ਸੰਬੰਧ ਜੁੜਨ ਸਦਕਾ ਮਨ ਨੂੰ ਧੀਰਜ ਅਤੇ ਧੁਰਾਸ ਮਿਲਦਾ ਹੈ।
ਸਰਬੰ ਕਰਤਾ, ਸਰਬੰ ਹਰਤਾ, ਸਰਬੰ ਪਾਲੇ, ਸਰਬੰ ਕਾਲੇ, ਪਰਮਾਤਮ,
ਸਰਬਾਤਮ, ਤ੍ਰਿਮਾਨ, ਨਿਧਾਨ, ਪ੍ਰਿਥੀਸੈ, ਸੂਰਜ ਸੂਰਜੇ, ਚੰਦ੍ਰ ਚੰਦ੍ਰੇ ਆਦਿ।
ਰੂਪ ਰੰਗ ਆਰ ਰੇਖ ਭੇਖ ਕੋਊ ਕਹਿ ਨ ਸਕਤੀ ਕਿਹ
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸਮਤਿ
ਸਤੋਤ
ਜਾਪੁ ਸਾਹਿਬ ਭਾਵੇਂ ਇਕ ਸਤੋਤ ਹੈ ਪਰ ਇਹ ਪ੍ਰਚਲਤ ਪਰੰਪਾਵਾਂ ਤੋ ਵਖਰਾ ਤੇ ਵਿਲਖਣ ਹੈ l ਇਸ ਵਿਚ ਇੱਕ ਇਕ ਐਸੀ ਨਿਰਗੁਨ ਪਰਮ ਸੱਤਾ  ਦਾ ਬਹੁ ਪ੍ਰਕਾਰੀ ਵਰਣਨ ਹੈ ਜਿਹੜਾ ਰੂਪ-ਰੰਗ, ਰੇਖ-ਭੇਖ, ਦੇਸ ਤੇ ਸਮੇ ਦੀਆਂ ਸੀਮਾਵਾਂ ਤੋਂ ਮੁਕਤ ਹੈ,  ਭਾਵ ਨਿਰਗੁਨ, ਨਿਰਾਕਾਰ, ਅਗੰਮ, ਅੱਕਥ ਤੇ ਅਗੋਚਰ ਹੁੰਦੇ ਹੋਏ ਵੀ ਸਰਬ ਥਾਈਂ ਵਿਆਪਕ ਹੈl  ਜਾਪੁ ਸਾਹਿਬ ਵਿਸ਼ੇ, ਰੂਪ, ਸ਼ੈਲੀ ਤੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਸੰਪੂਰਨ ਹੈl ਇਸ ਬਾਣੀ ਦਾ ਪਾਠ ਪਾਠਕ ਦੀ ਚੇਤਨਾ ਦਾ ਵਿਕਾਸ ਹੀ ਨਹੀਂ ਕਰਦਾ ਸਗੋਂ ਅੰਤਰ ਆਤਮਾ ਵਿਚ ਐਸਾ ਪ੍ਰਕਾਸ਼ ਵੀ ਕਰਦਾ ਹੈ ਜਿਸ ਦੇ ਅੰਦਰ ਭਗਤੀ ਤੇ ਸ਼ਕਤੀ ਦਾ ਸੁਮੇਲ ਹੁੰਦਾ ਹੈ , ਸੰਤ-ਸਿਪਾਹੀ, ਮਾਲਾ-ਤਲਵਾਰ ,ਭਗਤੀ-ਸ਼ਕਤੀ ਤੇ ਮੀਰੀ ਪੀਰੀ ਦਾ ਸੰਚਾਰ ਕਰਦਾ ਹੈ l ਜਾਪੁ ਸਾਹਿਬ ਵਿਚ ਵਰਣਨ ਕੀਤਾ ਅਕਾਲ ਪੁਰਖ ਦਾ ਸਰੂਪ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਤੇ ਨਾਂ ਹੀ ਕਰਮ ਇੰਦ੍ਰੇ ਇਸ ਨੂੰ ਛੂਹ ਸਕਦੇ ਹਨ ਪਰ ਇਸ ਬਾਣੀ ਦਾ ਜਾਪੁ ਹਿਰਦੇ ਨੂੰ ਸਪਰਸ਼ ਕਰਦਾ ਹੈ
ਅਨੂਠਾ ਸੰਗ੍ਰਹਿ
ਇਸ ਰਚਨਾ ਦੀ ਮਹਾਂ ਵਿਸ਼ੇਸ਼ਤਾ ਇਹ  ਹੈ ਕਿ ਗੁਰੂ ਸਾਹਿਬ ਨੇ ਕਵੀ ਰੂਪ ਵਿਚ ਕੇਵਲ ਕਲਪਨਾ ਦੀ ਉਡਾਰੀ ਨਹੀਂ ਮਾਰੀ ਸਗੋਂ ਇਹ ਡੂੰਘੇ ਅਨੁਭਵ ਦਾ ਪ੍ਰਗਟਾਵਾ ਹੈl ਵਿਰੋਧਾਤਮਿਕ , ਨਕਰਾਤਮਕ, ਨਮਸਕਾਰਾਤਮਕ. ਤੁਲਨਾਤਮਕ ਸ਼ੈਲੀਆਂ ਰਾਹੀ ਗੁਣ ਦਸ ਕੇ ਪਾਠਕਾਂ ਨੂੰ ਜਾਗਰੂਕ ਕੀਤਾ ਹੈ
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥81॥ (ਸ੍ਰੀ ਜਾਪੁ ਸਾਹਿਬ)
‘ਨਿਰਗੁਣ’ ਅਤੇ ‘ਸਰਗੁਣ’ ਅਕਾਲ ਪੁਰਖ ਦੇ ਪਰਸਪਰ ਵਿਰੋਧੀ ਗੁਣ ਨਹੀਂ, ਇਕੋ ਹੀ ਤਸਵੀਰ ਦੇ ਵੱਖ ਵੱਖ ਪਾਸੇ ਹਨ।ਇਸ ਦੇ ਨਾਲ ਹੀ ਉਸ ਦੇ ਨਿਰਗੁਣ ਸਰੂਪ ਦੇ ਨਾਮ ਵੀ ਮਿਥ ਕੇ ਉਸ ਦੀ ਉਸਤਤੀ ਕੀਤੀ ਹੈ। ਨਿਰੰਕਾਰ ਦਾ ਨਿਰਗੁਣ ਸਰੂਪ ਉਸ ਦੀ ਸੁੰਨ-ਸਮਾਧ ਅਵਸਥਾ ਦਾ ਵਾਚਕ ਹੈ। ਉਸ ਦਾ ਇਹ ਸਰੂਪ ਮਨੁੱਖੀ ਕਿਆਸ ਦੀ ਪਹੁੰਚ-ਪਕੜ ਤੋਂ ਬਾਹਰ ਹੈ। ਜਦ ਉਸ ਸਮੇਂ ਨਿਰੰਕਾਰ ਤੋਂ ਬਗੈਰ ਹੋਰ ਕਾਸੇ ਦੀ ਹੋਂਦ ਹੈ ਹੀ  ਨਹੀਂ ਸੀ ਤਾਂ ਫਿਰ ਕੋਈ ਨਿਰੰਕਾਰ ਦੇ ਉਸ ਵੇਲੇ ਦੇ ਸਰੂਪ ਬਾਰੇ ਕੀ ਅਤੇ ਕਿਵੇਂ ਕੁਝ ਕਥਨ ਕਰੇ। ਇਸ ਸਰੂਪ ਬਾਰੇ ‘ਨੇਤਿ ਨੇਤਿ’ ਹੀ ਕਿਹਾ ਜਾ ਸਕਦਾ ਹੈ।
ਕਰਤਾ ਭਰਤਾ ਅਤੇ ਹਰਤਾ
ਗੁਰਮਤਿ-ਗਿਆਨ  ਅਨੁਸਾਰ ਅਦੈਵਤਵਾਦ’ ਮਤਲਬ   ਕਰਤਾ ਪੁਰਖ ਤੋਂ ਅੱਡਰੀ ਕੋਈ ਹੋਰ ਹੋਂਦ-ਹਸਤੀ ਹੈ ਹੀ ਨਹੀਂ ਅਤੇ ਸਾਰੀ ਰਚਨਾ ਦਾ ਕਰਨ ਵਾਲਾ (ਕਰਤਾ), ਭਰਨ ਵਾਲਾ (ਭਰਤਾ) ਅਤੇ ਹਰਨ ਵਾਲਾ (ਹਰਤਾ) ਉਸ ਤੋਂ ਸਿਵਾ ਕੋਈ ਹੋਰ ਨਹੀਂ ਹੈl  ਜਾਪ ਸਾਹਿਬ ਵਿਚ ਸਰਗੁਣ-ਪ੍ਰਮਾਤਮਾ  ਦੇ ਇਹ  ਤਿੰਨੇ ਗੁਣ ਪ੍ਰਮੁੱਖ ਗੁਣ ਦਸੇ ਗਏ ਹਨl  ਸਰਗੁਣ ਬ੍ਰਹਮ ਦੇ ‘ਕਰਤਾ’ ਅਤੇ ‘ਭਰਤਾ’ ਵਾਲੇ ਗੁਣ ਜੀਵ ਦੀ ਹੋਂਦ-ਹਸਤੀ ਦੇ ਵਧਣ ਫੁਲਣ  ਲਈ ਸਹਾਇਕ ਹੋਣ ਕਾਰਨ ਜੀਵ  ਨੂੰ ਭਾਉਂਦੇ ਹਨ, ਪਰ  ‘ਹਰਤਾ’ ਵਾਲਾ ਗੁਣ ਜੀਵ ਦੀ ਹੋਂਦ-ਹਸਤੀ ਦਾ ਵਿਨਾਸ਼ਕ ਹੋਣ ਕਾਰਨ ਉਸ ਨੂੰ ਭੈ-ਭੀਤ ਕਰ ਦਿੰਦਾ  ਹੈ। ਅਗਰ ਧਿਆਨ ਨਾਲ ਸੋਚਿਆ ਜੇ  ਤਾਂ  ਸਰਗੁਣ ਪਾਰਬ੍ਰਹਮ ਦੇ  ਤਿੰਨੋ  ਹੀ ਗੁਣਾਂ ਦਾ ਮੂਲ-ਸ੍ਰੋਤ ਉਸ ਦੀ ‘ਦਇਆ’  ਹੈ। ਅਕਾਲ ਪੁਰਖ ਕਿਸੇ ਵੀ ਜੀਵ ਨੂੰ  ਨਾਸ ਕਰਨ ਸਮੇਂ ਵੀ ਓਨਾ ਹੀ ਦਇਆਲੂ ਹੁੰਦਾ ਹੈ, ਜਿੰਨਾ ਉਸ ਨੂੰ ਪੈਦਾ ਕਰਨ ਅਤੇ ਉਸਦੀ ਪਾਲਣਾ ਸਮੇਂ ਕਿਓਂਕਿ ਜੀਵਾਂ ਨੂੰ ਪੈਦਾ ਕਰਨ ਅਤੇ ਉਹਨਾਂ ਦੀ ਪ੍ਰਤਿਪਾਲਣਾ ਕਰਨ ਦਾ ਕਾਰਜ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਮਹੱਤਵਪੂਰਨ  ਉਹਨਾਂ ਦਾ ਅੰਤ  ਕਰਨ ਦਾ ਵੀ ਹੈ।ਰਤਾ ਸੋਚ ਕੇ ਦੇਖੀਏ ਕਿ  ਜੇ ਕਰਤਾ ਪੁਰਖ ਦੀ  ਵਿਨਾਸ਼ਕਾਰੀ  ਸੱਤਾ ਕੰਮ ਨਾ ਕਰੇ ਤਾਂ ਸੰਸਾਰ ਨਰਕ ਬਣ ਜਾਵੇ।ਇਹ ਕਰਤਾ ਪੁਰਖ ਦੀ ਵਿਨਾਸ਼ਕਾਰੀ -ਸ਼ਕਤੀ ਦਾ ਹੀ ਕਮਾਲ ਹੈ, ਜਿਸ ਸਦਕਾ ਪੁਰਾਣੀ ਜਰਜਰੀ ਹੋ ਚੁੱਕੀ ਰਚਨਾ ਦਾ ਨਾਲੋ ਨਾਲ ਸਫ਼ਾਇਆ ਹੁੰਦਾ ਰਹਿੰਦਾ ਹੈ ਅਤੇ ਉਸ ਦੀ ਥਾਵੇਂ ਨਵੀਂ ਤੇ ਸੱਜਰੀ ਸਿਰਜਣਾ ਰੂਪਮਾਨ ਹੁੰਦੀ ਰਹਿੰਦੀ ਹੈ।
ਜਬ ਉਦਕਰਖ ਕਰਾ ਕਰਤਾਰਾ॥
ਪ੍ਰਜਾ ਧਰਤ ਤਬ ਦੇਹ ਅਪਾਰਾ॥
ਜਬ ਆਕਰਖ ਕਰਤ ਹੋ ਕਬਹੂੰ॥
ਤੁਮ ਮੈ ਮਿਲਤ ਦੇਹ ਧਰ ਸਭਹੂੰ॥13॥ (ਬੇਨਤੀ ਚੌਪਈ)
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥7॥10॥ (ਪੰਨਾ 276)
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ
ਤੁਧੁ ਆਪੇ ਸਿਰਜਿ ਸਭ ਗੋਈ॥5॥1॥ (ਪੰਨਾ 11)
ਜਾਪੁ ਸਾਹਿਬ ਵਿਚ ਪ੍ਰਭੂ ਦਾ ਕਮਾਲ ਰੂਪ ਉਤਨਾ ਹੀ ਮਹ੍ਹ੍ਤਵ ਪੂਰਨ ਹੈ ਜਿਤਨੇ ਬਾਕੀ ਰੂਪ l ਏਕਤਾ ਵਿਚ ਅਨੇਕਤਾ , ਚਾਨਣ ਵਿਚ ਅੰਧੇਰਾ , ਅੰਧਕਾਰ ਵਿਚ ਪ੍ਰਕਾਸ਼ ,ਸਸਤ੍ਰ ਤੇ ਸ਼ਾਸ਼ਤਰ,ਸੁੰਦਰਤਾ ਤੇ ਕਰੂਪਤਾ , ਕੋਮਲਤਾ ਤੇ ਕਰੂਰਰਤਾ ਦੇਖਣ ਨੂੰ ਮਿਲਦੀ
“ਨਮੋ ਅਧਕਾਰੇ, ਨਮੋ ਤੇਜ ਤੇਜੇ” ਅਤੇ “ਨਮੋ ਕਲਹ ਕਰਤਾ, ਨਮੋ ਸਾਤਿ ਰੂਪੇ”
ਕਿ  ਰਾਜਕ ਰਹੀਮ ਹੈ (151)ਕਿ ਰੋਜ਼ੀ ਰਜ਼ਾਕੈ (108)
ਇਹ ਕੇਵਲ ਧਰਮ ਅਸਥਾਨਾ ਤੱਕ ਸੀਮਤ ਨਹੀ , ਧਰਮ ਗ੍ਰੰਥਾਂ ਅੰਦਰ ਹੁੰਦਾ ਹੋਇਆ , ਜਾਤਾਂ , ਨਸਲਾਂ , ਬਰਾਦਰੀ, ਕਬੀਲਿਆਂ ਤੋਂ ਮੁਕਤ, ਹਰ ਮਨੁਖ ਨੂੰ ਹਰ ਪਧਰ ਤੇ ਪੂਰਨ ਬਣਾਉਂਦਾ ਹੈ ਭਾਵੇ ਹੋ ਅਧਿਆਤਿਮਕ, ਸਮਾਜਿਕ, ਰਾਜਨੀਤਕ ਜਾ ਆਮ ਆਦਮੀ ਹੋਵੇl ਇਸ ਵਿਚ ਭਗਤੀ ਤੇ ਸ਼ਕਤੀ ਦਾ ਇਕ ਅਨੋਖਾ ਸੁਮੇਲ ਹੈl ਗੁਰੂ ਸਾਹਿਬ ਨੇ ਐਸਾ ਸ਼ਸ਼ਤਰਧਾਰੀ  ਪ੍ਰਮਾਤਮਾ ਦਾ ਸਰੂਪ ਚਿਤਰਿਆ ਹੈ ਜੋ ਫੌਲਾਦੀ ਸ਼ਸ਼ਤਰਾਂ ਨਾਲ ਸਜਿਆ ਹੋਇਆ ਹੈl ਉਸਦਾ ਜਲਾਲ, ਤੇਜ਼ ਪ੍ਰਤਾਪ ,ਸ਼ਕਤੀ, ਬੀਰਤਾ ਦਾ ਤੇਜ ਝ੍ਲਿਆ ਨਹੀਂ ਜਾਂਦਾ , ਪਾਤਸ਼ਾਹਾਂ ਦਾ ਪਾਤਸ਼ਾਹ, ਸੂਰਜਾਂ ਦਾ ਸੂਰਜ, ਤੇ  ਸਾਰੀ ਸ਼੍ਰਿਸ਼ਟੀ ਦਾ ਮਾਲਕ  ਇਕ ਸ਼ਕਤੀਸ਼ਾਲੀ ਪ੍ਰਮਾਤਮਾ ਹੈ ਜਿਸਦੇ ਜਲਾਲ  ਵਿਚ ਜਮਾਲ ਵੀ ਹੈ ,ਮਤਲਬ ਪ੍ਰੇਮ ਪਿਆਰ ਦੇ  ਰੂਪ ਵਿਚ ਵੀ ਵਿਆਪਕ ਹੈ , ਜਿਹੜਾ ਉਸ ਨੂੰ ਸ਼ਰਧਾ ਤੇ ਵਿਸ਼ਵਾਸ ਨਾਲ ਸਿਮਰਦਾ ਹੈl  ਜਾਪੁ ਸਾਹਿਬ ਵਿਚ ਕਮਾਲ ਰੂਪ ਵੀ ਉਤਨਾ ਮਹ੍ਹਤਵ  ਪੂਰਨ ਹੈ ਜਿਤਨੇ ਬਾਕੀ ਰੂਪ , ਏਕਤਾ ਵਿਚ ਅਨੇਕਤਾ, ਚਾਨਣ ਵਿਚ ਹਨੇਰਾ , ਅੰਧਕਾਰ ਤੋਂ ਪ੍ਰਕਾਸ਼ਮ , ਸ਼ਸ਼ਤਰ ਤੇ ਸ਼ਾਸ਼ਤਰ, ਸੁੰਦਰਤਾ ਤੋਂ ਕਰੂਪਤਾ, ਕੋਮਲਤਾ ਤੋਂ ਕਰੂਰਤਾ  ਦੇਖਣ ਨੂੰ ਮਿਲਦੀ ਹੈl ਉਹ ਦੁਸ਼ਮਨ ਤੇ ਕ੍ਰੋਧ, ਸੇਵਕਾਂ ਤੇ ਕਿਰਪਾਲੂ , ਕਲ੍ਹ ਕਰਤਾ ਤੇ ਸ਼ਾਨ ਰੂਪ , ਰਜੋ, ਸਤੋ ,ਤ੍ਮੋ ਸਾਰੇ ਇਕੋ ਸਮੇ ਵਿਆਪਕ ਮਿਲਦੇ ਹਨl ਜਾਪ ਸਾਹਿਬ ਦੇ ਉਦੇਸ਼ ਤੇ ਉਪਦੇਸ਼ ਅੰਦਰ ਸਨਿਆਸ ਲਈ ਕੋਈ ਥਾਂ ਨਹੀਂl ਇਹ ਰਚਨਾ ਚੜਦੀ ਕਲਾ ਲਈ ਪ੍ਰੇਰਨਾ ਸਰੋਤ ਹੈ l

                         ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »