ਜਦ ਗੁਰੂ ਹਰਿ ਰਾਇ ਜੋਤੀ ਜੋਤ ਸਮਾਏ, ਆਪਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ1 ਗੁਰੂ ਹਰਿ ਕ੍ਰਿਸ਼ਨ ਗੁਰੂ ਸਾਹਿਬਾਨਾ ਦੀਆਂ 10 ਜੋਤਾਂ ਵਿਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿਖ ਜਗਤ ਇਨ੍ਹਾ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ 1 ਗੁਰਗਦੀ ਵਕਤ ਵੀ ਉਨ੍ਹਾ ਦੀ ਉਮਰ ਸਿਰਫ ਪੰਜ ਸਾਲ ਤਿੰਨ ਮਹੀਨੇ ਦੀ ਸੀ 1 ਇਨ੍ਹਾ ਨੇ ਇਤਨੀ ਛੋਟੀ ਉਮਰ ਵਿਚ ਸਿਰਫ ਢਾਈ ਸਾਲ ਗੁਰਗਦੀ ਦੇ ਦੋਰਾਨ ,ਖਾਲੀ ਜਿਮੇਵਾਰੀ ਹੀ ਨਹੀ ਨਿਭਾਈ ਸਗੋਂ ਗੁਰੂ ਸਹਿਬਾਨਾਂ ਦੁਆਰਾ ਉਚੇ ਆਦਰਸ਼ਾਂ ਤੇ ਅਸੂਲਾਂ ਨੂੰ ਦ੍ਰਿੜ ਕਰਵਾਂਦੇ ਕਈ ਨਵੇਂ ਪੂਰਨੇ ਵੀ ਪਾਏ ਹਨ 1 ਉਮਰ ਭਾਵੇਂ ਛੋਟੀ ਸੀ ਪਰ ਅਕਾਲ ਪੁਰਖ ਦੇ ਨਾਮ ਦਾ ਐਸਾ ਆਤਮਿਕ ਰੰਗ ਚੜਿਆ ਸੀ ਕਿ ਦਰਸ਼ਨ ਕਰਨ ਵਾਲਿਆਂ ਨੂੰ ਵੀ ਆਤਮਿਕ ਹੁਲਾਰੇ ਵਿਚ ਲੈ ਆਉਂਦੇ 1 ਸੇਵਾ ਇਤਨੇ ਪਿਆਰ ਤੇ ਸ਼ਿਦਤ ਨਾਲ ਕਰਦੇ ਕਿ ਲੋਕਾਂ ਦੇ ਮਾਨਸਿਕ ਤੇ ਸਰੀਰਕ ਦੋਨੋ ਦੁਖ ਦਰਦ ਦੂਰ ਹੋ ਜਾਂਦੇ 1 ਬੋਲ ਇਤਨੇ ਮਿਠੇ ਤੇ ਅਵਾਜ਼ ਵਿਚ ਓਹ ਜਾਦੂ ਸੀ ਕੀ ਬੜੇ ਬੜੇ ਨਿਰਦੇਈ ਤੇ ਜਾਲਮ ਵੀ ਸ਼ਾਂਤ ਹੋ ਜਾਂਦੇ 1
ਕਈਆਂ ਦੇ ਮਨ ਵਿਚ ਸੰਸਾ ਸੀ ਕੀ ਇਤਨਾ ਛੋਟਾ ਬਚਾ ਸਿਖ ਧਰਮ ਦੀ ਜਥੇਬੰਦੀ ਕਰ ਪਾਏਗਾ ਕੀ ਨਹੀਂ 1 ਦੂਸਰਾ ਰਾਮ ਰਾਇ ਦਾ ਵਿਰੋਧ ਤੇ ਮਸੰਦ ਜੋ ਆਪਣੇ ਸਵਾਰਥ ਲਈ ਰਾਮ ਰਾਇ ਦੇ ਮੰਨ ਵਿਚ ਈਰਖਾ ਦੀ ਅਗ ਨੂੰ ਹਵਾ ਦੇ ਰਹੇ ਸਨ ਤੇ ਤੀਸਰਾ ਔਰੰਗਜ਼ੇਬ ਜੋ ਖੁਦ ਵੀ ਰਾਜਸੀ ਹਿਤਾਂ ਦੇ ਤਕਾਜ਼ੇ ਵਜੋਂ ਚਾਹੁੰਦਾ ਸੀ ਕਿ ਰਾਮ ਰਾਇ ਵਰਗਾ ਬੰਦਾ ਅਗਰ ਗੁਰੂ ਬਣ ਜਾਏ ਤਾਂ ਮੁਗਲ ਹਕੂਮਤ ਲਈ ਵੇਧੇਰੇ ਉਪਯੋਗੀ ਸਿਧ ਹੋਵੇਗਾ , ਜਿਸ ਨੂੰ ਕੁਝ ਲਾਲਚ ,ਜਾਗੀਰ ਜਾਂ ਸਨਮਾਨ ਦੇਕੇ ਆਪਣੀ ਤਾਬਿਆ ਵਿਚ ਰਖਿਆ ਜਾ ਸਕਦਾ ਹੈ ਪਰ ਗੁਰੂ ਹਰ ਕ੍ਰਿਸ਼ਨ ਸਾਹਿਬ ਨੇ ਗੁਰਗਦੀ ਤੇ ਬ੍ਰਿਜਮਾਨ ਹੁੰਦਿਆਂ ਹੀ ਆਪਣੀ ਅਸਾਧਾਰਨ ਯੋਗਤਾ ਤੇ ਸਿਆਣਪ ਨਾਲ ਚੁਣੋਤੀਆਂ ਦਾ ਸਾਮਣਾ ਕਰਕੇ ਦੁਨਿਆ ਨੂੰ ਹੈਰਾਨ ਕਰ ਦਿਤਾ 1
ਗੁਰੂ ਹਰ ਕ੍ਰਿਸ਼ਨ ਦਾ ਜਨਮ ਗੁਰੂ ਹਰ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ 7 ਜੁਲਾਈ 1656 ਵਿਚ ਹੋਇਆ 1 ਗੁਰੂ ਹਰ ਰਾਇ ਸਾਹਿਬ ਦੇ ਦੋ ਪੁਤਰ ਸਨ , ਰਾਮ ਰਾਇ ਤੇ ਹਰ ਕ੍ਰਿਸ਼ਨ 1 ਸੰਗਤਾ ਦਾ ਪਿਆਰ ਤੇ ਸਤਕਾਰ ਗੁਰੂ ਹਰ ਰਾਇ ਸਾਹਿਬ ਨਾਲ ਤੇ ਗੁਰੂ ਹਰ ਰਾਇ ਸਾਹਿਬ ਦਾ ਸੰਗਤ ਨਾਲ , ਕਥਾ ਕੀਰਤਨ , ਗੁਰਬਾਣੀ ਤੇ ਸਿਮਰਨ ਦੋਨੋ ਸਾਹਿਬਜ਼ਾਦਿਆਂ ਤੇ ਅਮਿਟ ਪ੍ਰਭਾਵ ਛੋੜ ਗਿਆ 1
ਗੁਰੂ ਹਰਿ ਰਾਏ ਸਾਹਿਬ ਦਾ ਪਿਆਰ ਕੇਵਲ ਸਿਖ ਨਾਲ ਨਹੀਂ ਸੀ,ਬਲਕਿ ਹਰ ਕੋਮ, ਤੇ ,ਬੰਦੇ ਨਾਲ ਬਿਨਾ ਕਿਸੀ ਊਚ-ਨੀਚ, ਗਰੀਬ-ਅਮੀਰ ਦਾ ਫਰਕ ਕਰੇ 1 ਓਹ ਸਰਬ ਸਾਂਝੀਵਾਲਤਾ ਦੇ ਪ੍ਰਤੀਕ ,ਦੀਨ- ਦੁਖੀ ਦੀ ਸਾਰ ਤੇ ਸੇਵਾ ਕਰਨੇ ਵਾਲੇ ਪਰਉਪਕਾਰੀ ਸਨ 1 ਉਨ੍ਹਾ ਨੇ ਰੋਗੀਆਂ ਦੀ ਪੀੜਾ ਤੇ ਰੋਗ ਦੂਰ ਕਰਨ ਲਈ ਸਫਾਖਾਨਾ ਤੇ ਦਵਾਖਾਨੇ ਖੋਲਿਆ ਸੀ ,ਜਿਥੇ ਓਹ ਕਥਾ ਕੀਰਤਨ, ਗੁਰਬਾਣੀ ਤੇ ਸਿਮਰਨ ਤੋਂ ਬਾਦ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ 1 ਆਪਜੀ ਦੀ ਸੇਵਾ ਨਾਲ ਰੋਗੀਆਂ ਨੂੰ ਜੀਓ ਜੀਓ ਨਵਾ ਜੀਵਨ ਮਿਲਣਾ ਸ਼ੁਰੂ ਹੋਇਆ ,ਆਪਦਾ ਜਸ ਫੈਲਦਾ ਗਿਆ 1
ਬਚਪਨ ਤੋ ਹੀ ਗੁਰੂ ਹਰ ਕ੍ਰਿਸ਼ਨ ਸਾਹਿਬ ਦੀ ਸਿਖਿਆ – ਦੀਖਿਆ ਵਲ ਇਤਨਾ ਧਿਆਨ ਦਿਤਾ ਗਿਆ ਕਿ ਚਾਰ ਸਾਲ ਦੀ ਉਮਰ ਵਿਚ ਇਨ੍ਹਾ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ 1 ਜਦੋਂ ਗੁਰੂ ਹਰ ਰਾਇ ਉਪਦੇਸ਼ ਦੇ ਰਹੇ ਹੁੰਦੇ ਤਾ ਆਪ ਜੀ ਉਨ੍ਹਾ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰਖਦੇ 1 ਕਈ ਘੰਟੇ ਸਿਮਰਨ ਕਰਦੇ ,ਖਾਨ ਪੀਣ ਦੀ ਵੀ ਸੁਧ ਨਾ ਰਹਿੰਦੀ 1 ਸੁਈ ਚੋਬਣ ਦੀ ਸਾਖੀ ਦਸਦੀ ਹੈ ਕੀ ਓਹ ਕਿਸ ਸ਼ਿਦਤ ਨਾਲ ਰਬ ਦਾ ਸਿਮਰਨ ਕਰਦੇ ਤੇ ਆਪਣੇ ਆਪ ਨੂੰ ਰਬ ਨਾਲ ਜੋੜ ਲੈਂਦੇ ਕਿ ਉਨ੍ਹਾ ਨੂੰ ਸੁਈ ਚੁਬਣ ਦੀ ਦਰਦ ਵੀ ਨਾ ਹੁੰਦੀ 1 ਇਕ ਵਾਰੀ ਇਕ ਸਿਖ ਨੇ ਪੁਛਿਆ ਕੀ ਤੁਸੀਂ ਦੋਨੋ ਪੁਤਰਾਂ ਵਿਚੋਂ ਕਿਸ ਨੂੰ ਜਿਆਦਾ ਪਸੰਦ ਕਰਦੇ ਹੋ 1 ਸਿਖ ਦਾ ਮਤਲਬ ਗੁਰਗਦੀ ਦਾ ਸੀ ਤਾਂ ਗੁਰੂ ਹਰ ਰਾਇ ਸਾਹਿਬ ਨੇ ਉਸ ਨੂੰ ਇਕ ਸੂਈ ਦਿਤੀ ਤੇ ਕਿਹਾ ਜਦ ਦੋਨੋ ਪੁਤਰ ਪਾਠ ਕਰਦੇ ਹੋਣ ਇਹ ਸੂਈ ਪੈਰ ਦੇ ਤਲੇ ਵਿਚ ਖਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦੀ ਦਰਦ ਨਾ ਹੋਵੇ ,ਧਿਆਨ ਪੂਰੀ ਤਰਹ ਸਿਮਰਨ ਵਿਚ ਹੋਵੇ ਉਹੀ ਗੁਰਗਦੀ ਲਾਇਕ ਹੈ 1 ਸਿਖ ਨੇ ਉਵੇਂ ਕੀਤਾ 1 ਗੁਰੂ ਹਰਕ੍ਰਿਸ਼ਨ ਸਾਹਿਬ ਇਸ ਇਮਤਿਹਾਨ ਵਿਚੋਂ ਪਾਸ ਹੋਏ 1
ਹਰ ਕ੍ਰਿਸ਼ਨ ਸਾਹਿਬ ਦਿਨ ਚੜੇ ਉਨ੍ਹਾ ਨਾਲ ਦਵਾਖਾਨੇ ਵਿਚ ਜਾਕੇ ਰੋਗੀਆਂ ਦੀ ਸੇਵਾ ਤੇ ਪਿਤਾ ਦਾ ਹਥ ਵਟਾਂਦੇ 1 ਇਨਾ ਦੀ ਕੋਮਲ ਛੋਹ, ਮਿਠੇ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਚੇਹਰਾ ਨਾਲ ਰੋਗੀਆਂ ਦੀ ਅਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ 1 ਗੁਰੂ ਗੋਬਿੰਦ ਸਿੰਘ ਜੀ ਆਪਣੀ ਅਰਦਾਸ ਦੀ ਪਹਿਲੀ ਪਉੜੀ ਵਿਚ ਫੁਰਮਾਇਆ ਹੈ 1 ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ 1 ਵਾਕਿਆ ਹੀ ਜਿਨ੍ਹਾ ਉਤੇ ਗੁਰੂ ਹਰਕ੍ਰਿਸ਼ਨ ਜੀ ਦੀ ਅਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਓਨ੍ਹਾ ਦੇ ਸਭ ਦੁਖ ਦੂਰ ਹੋ ਜਾਂਦੇ , ਰੋਗ ਕਟੇ ਜਾਂਦੇ ਸੁਕੇ ਹਰੇ ਭਰੇ ਹੋ ਜਾਂਦੇ 1 ਆਧੀਆਂ ਬਿਆਧਿਆਂ ਤੇ ਉਪਾਧੀਆਂ ਮਿਟਾ ਦਿੰਦੇ 1 ਗੁਰੂ ਹਰਿ ਰਾਇ ਸਾਹਿਬ ਨੇ ਆਪ ਵੀ ਹਰਿਕ੍ਰਿਸ਼ਨ ਦੀ ਦ੍ਰਿਸ਼ਟੀ ਦੇ ਸੁਖਾਵੇਂ ਸਰੂਪ ਨੂੰ ਵਿਦਮਾਨ ਕੀਤਾ ਸੀ 1
ਗੁਰੂ ਹਰ ਰਾਇ ਸਾਹਿਬ ਤੇ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ , ਦਵਾਖਾਨੇ ਤੇ ਸ਼੍ਫਾਖਾਨੇ ਦੇ ਚਰਚੇ ਥਾਂ ਥਾਂ ਤੇ ਪਹੁੰਚ ਗਏ 1 ਇਕ ਸਮਾ ਆਇਆ ਜਦੋਂ ਦਿੱਲੀ ਦੇ ਹੁਕਮਰਾਨ ਸ਼ਾਹਜਹਾਨ ਦੇ ਪੁਤਰ ਦਾਰਾ ਸ਼ਿਕੋਹ ਜੋ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬੀਮਾਰ ਪੈ ਗਿਆ ਸੀ ,ਜਿਸਦੀ ਦੀ ਸਲਾਮਤੀ ਵਾਸਤੇ ਮੁਗਲ ਹੁਕਮਰਾਨ ਸ਼ਾਹਜਹਾਂ ਨੇ ਕੋਈ ਹਕੀਮ, ਕੋਈ ਫਕੀਰ ਤੇ ਕੋਈ ਹੀਲਾ ਨਾ ਛਡਿਆ ਤਾਂ ਉਹ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਨਾਲ ਨੋ-ਬਰ-ਨੋ ਹੋ ਗਿਆ 1
ਦਾਰਾ ਸ਼ਿਕੋਹ ਇਕ ਸੂਫ਼ੀ ਤੇ ਨੇਕ ਨੀਅਤ ਖਿਆਲਾਂ ਦਾ ਬੰਦਾ ਸੀ 1 ਬਾਦਸ਼ਾਹ ਦਾ ਚੇਹੇਤਾ ਪੁਤਰ ਤੇ ਸਭ ਤੋਂ ਵਡਾ ਵੀ , ਗਦੀ-ਨਸ਼ੀਨੀ ਦਾ ਹਕ਼ ਉਸਦਾ ਸੀ ਤੇ ਸ਼ਾਹਜਹਾਂ ਦੇਣਾ ਵੀ ਉਸੇ ਨੂੰ ਚਾਹੁੰਦਾ ਸੀ 1 ਅਚਾਨਕ ਜਦ ਬਾਦਸ਼ਾਹ ਸਖਤ ਬੀਮਾਰ ਹੋ ਗਿਆ ,ਚਾਰੋ ਪੁਤਰਾਂ ਨੂੰ ਤਖਤ ਹਾਸਿਲ ਕਰਨ ਦਾ ਫਿਕਰ ਪੈ ਗਿਆ ਦਾਰਾ ਜੋ ਉਸ ਵਕ਼ਤ ਸ਼ਾਹਜਹਾਨ ਦੀ ਤਾਮੀਰਦਾਰੀ ਵਿਚ ਸੀ ,ਕਿਲੇ ਦੇ ਚਾਰੋਂ ਦਰਵਾਜ਼ੇ ਬੰਦ ਕਰਵਾ ਦਿਤੇ , ਤਕਿ ਬਿਮਾਰੀ ਦੀ ਭਿਣਕ ਦੂਜਾ ਭਰਾਵਾਂ ਨੂੰ ਦਖਣ ,ਗੁਜਰਾਤ,ਤੇ ਬੰਗਾਲ ਵਿਚ ਨਾ ਪਵੇ 1 ਰੋਸ਼ਨਆਰਾ, ਦਾਰਾ ਸ਼ਿਕੋਹ ਦੀ ਭੇਣ ਖੁਫਿਆ ਤੋਰ ਤੇ ਖਬਰਾਂ ਔਰੰਜ਼ੇਬ ਨੂੰ ਪਹੁਚਾਂਦੀ ਸੀ ,ਔਰੰਗਜ਼ੇਬ ਨੂੰ ਇਸਦੀ ਸੂਹ ਮਿਲ ਗਈ 1 ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਆਪਣੇ ਨਾਲ ਮਿਲਾਕੇ ,ਦਾਰਾ ਤੇ ਚੜਾਈ ਕਰਨ ਦਾ ਫੈਸਲਾ ਕਰ ਲਿਆ 1 ਜਦੋਂ ਦਾਰਾ ਨੂੰ ਪਤਾ ਚਲਿਆ ਓਹ ਆਪਣੀਆਂ ਫੌਜਾਂ ਲੇਕੇ ਸ਼ਾਮੂੰ ਗੜ ਜੋ ਆਗਰੇ ਤੋਂ 16 ਕਿਲੋ ਮੀਟਰ ਦੂਰ ਸੀ,ਪਹੁੰਚ ਗਿਆ 1 ਦਾਰਾ ਬੁਰੀ ਤਰਹਿ ਹਾਰ ਗਿਆ1 ਅਫਗਾਨਿਸਤਾਨ ਨੂੰ ਨਠ ਭਜਿਆ 1 ਰਸਤੇ ਵਿਚ ਗੋਇੰਦਵਾਲ ਗੁਰੂ ਹਰ ਰਾਇ ਨੂੰ ਜਾ ਮਿਲਿਆ 1ਉਸ ਨਾਲ 20,000 ਦੀ ਫੌਜ਼ ਸੀ 1 ਗੁਰੂ ਸਾਹਿਬ ਨੇ ਕਿਸੇ ਰਾਜਸੀ ਮਕਸਦ ਲਈ ਨਹੀ ਪਰ ਸ਼ਰਨ ਆਏ ,ਦੀ ਸਹਾਇਤਾ ਕਰਨ ਦੀ ਖਤਿਰ ਫੌਜ਼ ਸਮੇਤ ਉਸ ਨੂੰ ਲੰਗਰ ਪਾਣੀ ਛਕਾਇਆ ਤੇ ਉਸਦੀ ਜਾਨ ਬਚਾਣ ਲਈ ਬਿਆਸ ਦਰਿਆਂ ਤੇ ਖੜੋਤੀਆਂ ਬੇੜੀਆਂ ਆਪਣੇ ਕਬਜ਼ੇ ਵਿਚ ਕਰ ਲਈਆਂ 1 ਇਥੋਂ ਤਾਂ ਉਹ ਬਚ ਨਿਕਲਿਆ ਪਰ ਅਫਗਾਨਿਸਤਾਨ ਜਾਂਦੇ ਕਿਸੇ ਗਦਾਰ ਦੀ ਗਦਾਰੀ ਕਰਕੇ ਰਸਤੇ ਵਿਚ ਪਕੜਿਆ ਗਿਆ 1
ਔਰੰਗਜ਼ੇਬ ਨੇ ਗਦੀ ਹਾਸਿਲ ਕਰ ਲਈ1 ਆਪਣੇ ਭਰਾਵਾਂ ਨੂੰ ਬੁਰੀ ਤਰਹ ਕਤਲ ਕਰਵਾ ਕੇ ਪਿਓ ਨੂੰ ਆਗਰੇ ਦੇ ਕਿਲਾ ਵਿਚ ਨਜਰਬੰਦ ਕਰ ਦਿਤਾ1 ਉਨ੍ਹਾ ਸਭ ਕੋਲੋਂ ਬਦਲੇ ਲੇਣ ਦੀ ਸੋਚ ਰਿਹਾ ਸੀ ਜਿਨਾ ਜਿਨਾ ਨੇ ਦਾਰਾ ਦੀ ਮਦਤ ਕੀਤੀ 1 ਉਸਨੇ ਗੁਰੂ ਹਰ ਰਾਇ ਸਹਿਬ ਨੂੰ ਆਪਣੇ ਹਥ ਨਾਲ ਚਿਠੀ ਲਿਖਕੇ ਸ਼ਿਵ ਦਿਆਲ ਦੇ ਹਥ ਬੜੇ ਪਿਆਰ ਸਤਕਾਰ ਨਾਲ ਸਦਾ ਭੇਜਿਆ1 ਗੁਰੂ ਸਾਹਿਬ ਨੇ ਨਿਕਟਵਰਤੀ ਸਿਖਾਂ ਨਾਲ ਸਲਾਹ ਕੀਤੀ ਤੇ ਕਿਹਾ ਕੀ ਉਹ ਆਪਣੇ ਭਰਾਵਾਂ ਦਾ ਕਾਤਲ ਹੈ, ਪਿਓਂ ਨੂੰ ਕੈਦ ਕਰਕੇ ਮਲੋ ਮਲੀ ਤਖਤ ਤੇ ਬੈਠਿਆ ਹੈ ਤੇ ਨੇਕ ਬੰਦਿਆਂ ਦਾ ਘਾਤੀ ਹੈ ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ 1 ਇਹੀ ਜਵਾਬ ਔਰੰਗਜ਼ੇਬ ਨੂੰ ਲਿਖ ਕੇ ਭੇਜ ਦਿਤਾ ਜਿਸ ਨੂੰ ਪੜ ਕੇ ਉਹ ਬਹੁਤ ਸਕਪਕਾਇਆ 1 ਹੁਣ ਉਸਨੇ ਲੂੰਬੜ ਚਾਲ ਚਲੀ 1 ਰਾਜਾ ਜੈ ਸਿੰਘ ਜੋ ਉਨ੍ਹਾ ਦੇ ਸ਼ਰਧਾਲੂ ਸੀ ਗੁਰੂ ਸਾਹਿਬ ਨੂੰ ਬੁਲਾਣ ਵਾਸਤੇ ਕਿਹਾ 1 ਗੁਰੂ ਸਾਹਿਬ ਖੁਦ ਤੇ ਨਹੀਂ ਗਏ 1 ਆਪਣੇ ਵਡੇ ਪੁਤਰ ਰਾਮ ਰਾਇ ਨੂੰ ਭੇਜ ਦਿਤਾ ,ਹਿਦਾਇਤਾ ਦੇ ਨਾਲ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ’ 1 ਰਾਮ ਰਾਇ ਨਾਲ ਭਾਈ ਗੁਰਦਾਸ, ਤੇ ਭਾਈ ਤਾਰਾ ਨੂੰ ਭੇਜਣਾ ਕੀਤਾ 24 ਘੋੜ ਸਵਾਰ ਤੇ 40 ਸਿਖ ਵੀ ਨਾਲ ਗਏ 1 ਰਾਮ ਰਾਇ ਅੰਬਾਲਾ ਤੋ ਪਾਨੀਪਤ ਹੁੰਦੇ ਦਿੱਲੀ ਮਜਨੂੰ ਦੇ ਟਿਲੇ ਤੇ ਟਿਕਾਣਾ ਕੀਤਾ 1
ਰਾਮਰਾਏ ਦਾ ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ 1 ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿਤਾ 1 ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ 1 ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਤ ਵੀ ਹੋਣ ਲਗ ਪਈ 1 ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿਤਾ ਜਦੋਂ ਔਰੰਗਜ਼ੇਬ ਨੇ ਗੁਰੂ ਨਾਨਕ ਸਾਹਿਬ ਦੀ ਇਸ ਤੁਕ ਬਾਰੇ ਸਵਾਲ ਕੀਤਾ 1
ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ 11
ਮਿਟੀ ਮੁਸਲਮਾਨ ਨੂੰ ਕਹਿੰਦੇ ਕਹਿੰਦੇ ਡਰ ਗਿਆ 1 ਮਿਟੀ ਬੇਈਮਾਨ ਕੀ , ਕਹਿ ਦਿਤਾ
ਸਚ ਤੋਂ ਮੂੰਹ ਮੋੜ ਲਿਆ ਕਿਓਂਕਿ ਇਸ ਨਾਲ ਮੁਸਲਮਾਨਾ ਦੇ ਵਿਸ਼ਵਾਸ ਨੂੰ ਠੇਸ ਲਗਦੀ 1 ਮੁਸਲਮਾਨਾਂ ਦਾ ਮਾਨਨਾ ਹੈ ਕਿ ਰੂਹ ਕਬਰ ਵਿਚ ਹੀ ਮੁਰਦੇ ਨਾਲ ਦਬੀ ਜਾਂਦੀ ਹੈ ਤੇ ਹਸ਼ਰ ਵਾਲੇ ਦਿਨ ਰੂਹਾਂ ਕਬਰਾਂ ਵਿਚੋ ਨਿਕਲਕੇ ਅਲਾਹ ਦੀ ਹਜੂਰੀ ਵਿਚ ਆਪਣੇ ਕਰਮਾਂ ਦਾ ਹਿਸਾਬ ਦਿੰਦੀਆਂ ਹਨ 1 ਜਦ ਕੀ ਗੁਰੂ ਨਾਨਕ ਸਾਹਿਬ ਦਾ ਮਾਨਨਾ ਹੈ ਕੀ ਸਰੀਰ ਕਬਰਾਂ ਵਿਚ ਹੀ ਗਲ ਸੜ ਜਾਂਦਾ ਹੈ , ਕੋਈ ਰੂਹ ਉਥੇ ਨਹੀਂ ਟਿਕੀ ਹੁੰਦੀ 1 ਗੁਰੂ ਸਾਹਿਬ ਦੇ ਕਹਿਣ ਦਾ ਭਾਵ ਸੀ ਜੇ ਘੁਮਿਆਰ ਉਥੋਂ ਮਿਟੀ ਪੁਟ ਕੇ , ਮਿਟੀ ਦੇ ਬਣੇ ਭਾਂਡੇ ਨੂੰ ਆਵੇ ਤੇ ਰਖ ਕੇ ਪਕਾਵੇ ਤਾਂ ਕੀ ਰੂਹ ਪੁਕਾਰੇਗੀ ਕੀ ਮੈਨੂੰ ਨਾ ਸਾੜੋ 1 ਇਹ ਇਸਲਾਮੀ ਵਿਸ਼ਵਾਸ ਵਿਵੇਕ ਬੁਧੀ ਵਿਚਾਰਾਂ ਤੇ ਖਰਾ ਨਹੀਂ ਉਤਰਦਾ ਤੇ ਮਹਿਜ ਇਕ ਭਰਮ ਹੈ 1 ਗੁਰੂ ਸਾਹਿਬ ਨੇ ਤੇ ਵਹਿਮਾਂ -ਭਰਮਾਂ ਦਾ ਖੰਡਨ ਕੀਤਾ ਹੈ 1
ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਅਤ ਲਿਖ ਭੇਜੀ ਤੇ ਗੁਰੂ ਦਰਬਾਰ ਵਿਚ ਆਣ ਤੋਂ ਮਨਾ ਕਰ ਦਿਤਾ ਤ ਸੰਗਤ ਨੂੰ ਵੀ ਦੇ ਦਿਤੀ 1
ਗੁਰੂ ਸਾਹਿਬ ਲਈ ਤੇ ਸਾਰੇ ਸਿਖਾਂ ਲਈ ਵੀ ਇਹ ਉਸਦਾ ਸੰਗੀਨ ਜੁਰਮ ਸੀ 1 ਗੁਰੂ ਬਚਣਾ ਨੂੰ ਪਲਟਿਆ ਹੈ ਜੋ ਮ੍ਹੁਖਤਾ ਨੂੰ ਸਚੀ ਸੇਧ ਦੇਣ ਲਈ ਉਚਾਰੇ ਗਏ ਸਨ 1
ਜਿਨ ਭਾਈ ਅਦਬ ਨ ਬਾਣੀ ਧਾਰਾ
ਜਾਨਹੁ ਸੋ ਸਿਖ ਨਹੀਂ ਹਮਾਰਾ 11
ਇਸ ਤਰਹ ਜਦ ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੇਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ 1 ਗੁਰੂ ਹਰ ਰਾਇ ਪੂਰੇ 31 ਵਰਿਆਂ ਦੇ ਹੋ ਗਏ ਸੀ ਗੁਰਗਦੀ ਤੇ ਬੇਠਿਆਂ
13 ਸਾਲ ਹੋ ਚੁਕੇ ਸੀ 1 ਅੰਤਿਮ ਸਮਾ ਨੇੜੇ ਜਾਣ ਕੇ ਗਦੀ ਦਾ ਵਾਰਸ ਹਰਿਕ੍ਰਿਸ਼ਨ, ਜੋ ਹ਼ਰ ਤਰਹ ਕਾਬਲ ਸੀ ਆਪਣੇ ਛੋਟੇ ਪੁਤਰ ਨੂੰ ਥਾਪ ਦਿਤਾ 1 ਗੁਰਗਦੀ ਦੀ ਰਸਮ ਅਦਾ ਹੋਈ ,1 ਕੀਰਤਨ ਹੋਇਆ, ਕੜਾਹ ਪ੍ਰਸ਼ਾਦ ਵੰਡਿਆ ਗਿਆ 1 ਗਦੀ ਤੇ ਬਿਠਾਕੇ ਮਥਾ ਟੇਕਿਆ ਸੰਗਤਾਂ ਨੂੰ ਹੁਕਮ ਕੀਤਾ ਮਥਾ ਟੇਕਣ ਲਈ 1 ਦੂਜੇ ਦਿਨ ਓਹ ਜੋਤੀ ਜੋਤ ਸਮਾ ਗਏ 1 ਇਨਾ ਦਾ ਸਸਕਾਰ ਸਤਲੁਜ ਦੇ ਕੰਡੇ ਤੇ ਕੀਰਤਪੁਰ ਤੋਂ ਕੁਝ ਦੂਰ ਕੀਤਾ ਗਿਆ, ਜਿਥੇ ਅਜਕਲ ਪਤਾਲ ਪੁਰੀ ਗੁਰੂਦਵਾਰਾ ਹੈ 1
ਗੁਰੂ ਹਰਿਕ੍ਰਿਸ਼ਨ ਜੀ ਨੇ ਜਦ ਗਦੀ ਸੰਭਾਲੀ , ਕੁਲ ਸਵਾ ਪੰਜ ਸਾਲ ਦੇ ਸਨ 1 ਓਨ੍ਹਾ ਨੇ ਇਤਨੀ ਛੋਟੀ ਉਮਰ ਵਿਚ ਇਤਨੀ ਵਡੀ ਜਿਮੇਦਾਰੀ ਨੂੰ ਬੜੀ ਚੰਗੀ ਤਰਹ ਸੰਭਾਲਿਆ 1 ਸਿਖ ਕੋਮ ਨੂੰ ਤਾਂ ਨਿਸਚਾ ਸੀ ਪਰ ਆਮ ਲੋਕ ਹੈਰਾਨ ਸੀ 1 ਜਦ ਓਹ ਦਰਬਾਰ ਵਿਚ ਬੈਠ ਕੇ ਉਪਦੇਸ਼ ਦਿੰਦੇ ਤਾਂ ਲੋਕੀ ਮੰਤਰ ਮੁਗਧ ਹੋ ਜਾਂਦੇ 1 ਜਦੋਂ ਗੁਰੂ ਹਰ ਕ੍ਰਿਸ਼ਨ ਨੇ ਗਦੀ ਸੰਭਾਲੀ ਕੀਰਤਪੁਰ ਸਾਹਿਬ ਬਹੁਤ ਰੋਣਕਾ ਲਗ ਗਈਆਂ 1 ਸੰਗਤਾ ਦੂਰ ਦੂਰ ਦੇ ਨਗਰਾਂ ਪ੍ਰਾਂਤਾ ਤੋ ਪਹੁੰਚਦੀਆਂ 1 ਗੁਰੂ ਸਾਹਿਬ ਰੋਜ਼ ਸਵੇਰੇ ਉਠਦੇ , ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰਕੇ ਸਿਮਰਨ ਵਿਚ ਜੁੜ ਜਾਂਦੇ 1 ਫਿਰ ਦਰਬਾਰ ਵਿਚ ਆਓਂਦੇ , ਕੀਰਤਨ ਉਪਰੰਤ ਉਪਦੇਸ਼ ਦਿੰਦੇ 1 ਉਨ੍ਹਾ ਦਾ ਉਪਦੇਸ਼ ਦੇਣ ਦਾ ਢੰਗ ਇਤਨਾ ਪ੍ਰਭਾਵਸ਼ਾਲੀ ਸੀ ਕੀ ਸੰਗਤਾ ਚਕਿਤ ਰਹਿ ਜਾਂਦੀਆਂ 1 ਇਸਤੋ ਬਾਅਦ ਓਹ ਦਵਾਖਾਨੇ ਜਾਂਦੇ ਜਿਥੇ ਬੜੇ ਸਿਆਣੇ ਤੇ ਤਜਰਬੇਕਾਰ ਹਕੀਮ ਰਖੇ ਹੋਏ ਸਨ , ਦਵਾ ਦਾਰੂ ਨਾਲ ਰੋਗੀਆਂ ਦਾ ਹਾਲ ਚਾਲ ਪੁਛਦੇ 1 ਓਨ੍ਹਾ ਦੇ ਮਿਠੇ ਬੋਲ, ਹਥਾਂ ਦੀ ਛੋਹ, ਤੇ ਪਿਆਰ ਭਰੀ ਨਜਰ ਨਾਲ ਰੋਗੀ ਅਰੋਗ ਹੋ ਜਾਂਦੇ 1 ਉਨ੍ਹਾ ਦਾ ਜਸ ਦਿੱਲੀ ਤਕ ਫ਼ੈਲ ਗਿਆ 1 ਬਹੁਤ ਸਾਰੇ ਮੁਸਲਮਾਨ ਵੀ ਓਹਨਾ ਦੇ ਕਾਇਲ ਹੋ ਗਏ 1
ਰਾਮ ਰਾਇ ਵੀ ਉਦੋ ਦਿੱਲੀ ਵਿਚ ਸੀ 1 ਉਸਨੂੰ ਈਰਖਾ ਹੋਣ ਲਗ ਪਈ 1 ਉਸਨੇ ਮਸੰਦਾ ਨਾਲ ਮਿਲਕੇ ਦੂਰ ਦੂਰ ਸਨੇਹਾ ਭੇਜ ਦਿਤਾ ਕੀ ਗੁਰਗਦੀ ਰਾਮ ਰਾਇ ਨੂੰ ਮਿਲੀ ਹੈ 1 ਸੰਗਤਾ ਦੀ ਭੇਟ ਰਾਮ ਰਾਇ ਕੋਲ ਆਣੀ ਸ਼ੁਰੂ ਹੋ ਗਈ , ਜਿਸ ਵਿਚੋਂ ਅਧਿ – ਪਚਦੀ ਮਸੰਦ ਵੀ ਰਖ ਲੇਂਦੇ ਜਿਸ ਨਾਲ ਮਸੰਦ ਵੀ ਬਈਮਾਨ ਹੋ ਗਏ 1 ਗੁਰੂ ਗੋਬਿੰਦ ਵਕਤ ਇਹ ਬਈਮਾਨੀ ਦੀ ਸਿਖਰ ਤੇ ਪੁਜ ਚੁਕੇ ਸੀ 1 ਇਸੇ ਕਰਕੇ ਉਨ੍ਹਾ ਨੇ ਮਸੰਦਾ ਨੂੰ ਵਿਚੋਲੇ ਦੀ ਪਦਵੀ ਤੋ ਬਰੀ ਕਰ ਦਿਤਾ ਤੇ ਸੰਗਤਾ ਨਾਲ ਸਿਧੇ ਰਿਸ਼ਤੇ ਕਾਇਮ ਕਰ ਲਏ ਤੇ ਇਨ੍ਹਾ ਦੀ ਪੁਛ -ਗਿਛ ਖਤਮ ਹੋ ਗਈ 1
ਦੂਜੀ ਭੁਲ ਰਾਮ ਰਾਇ ਨੇ ਇਹ ਕੀਤੀ ਕੀ ਔਰੰਜ਼ੇਬ ਨੂੰ ਉਕਸਾਇਆ ਕੀ ਮੇਰੇ ਨਾਲ ਵਧੀਕੀ ਕੀਤੀ ਗਈ ਹੈ1 ਮੇਰੇ ਪਿਤਾ ਨੇ ਗੁਰਗਦੀ ਮੇਰੇ ਛੋਟੇ ਭਰਾ ਨੂੰ ਦੇ ਦਿਤੀ ਹੈ 1 ਪਹਿਲੇ ਤਾਂ ਔਰੰਗਜ਼ੇਬ ਨੇ ਸਮਝਾਣ ਦੀ ਕੋਸ਼ਿਸ਼ ਕੀਤੀ , ਕਿ ਤੂੰ ਇਥੇ ਗੁਰਆਈ ਕਰ ਉਸ ਨੂੰ ਪੰਜਾਬ ਰਹਿਣ ਦੇ , ਪਰ ਜਦ ਰਾਮ ਰਾਇ ਨੇ ਬਹੁਤ ਜੋਰ ਲਗਾਇਆ ਤਾਂ ਔਰੰਗਜ਼ੇਬ ਨੂੰ ਵੀ ਲਗਿਆ ਇਹ ਪੰਥ ਦਿਨ ਬਦਿਨ ਅਗੇ ਵਧ ਰਿਹਾ ਹੈ ,ਕਲ ਨੂੰ ਸਾਡੇ ਲਈ ਵੀ ਖਤਰਾ ਹੋ ਸਕਦਾ ਹੈ , ਸੋ ਇਨ੍ਹਾ ਨੂੰ ਆਪਸ ਵਿਚ ਟਕਰਾਓਣ ਦਾ ਮੋਕਾ ਕਿਓਂ ਛਡਿਆ ਜਾਏ 1
ਔਰੰਗਜੇਬ ਨੇ ਹੁਕਮ ਦਿਤਾ ਕੀ ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਬੁਲਾਇਆ ਜਾਏ 1 ਓਸ ਨੂੰ ਇਹ ਵੀ ਤੋਖਲਾ ਸੀ ਕੀ 5 ਸਾਲ ਦੇ ਬਚੇ ਵਿਚ ਐਸੀ ਕਿਹੜੀ ਖਾਸੀਅਤ ਹੈ ,ਜੋ ਰਾਮ ਰਾਇ,ਇਤਨੇ ਕਾਬਲ ਬੇਟੇ ਨੂੰ ਛਡ ਕੇ ਗੁਰਗਦੀ ਦਾ ਵਾਰਸ ਬਣਾ ਦਿਤਾ 1 ਓਸਨੇ ਅਹਿਲਕਾਰਾਂ ਦੇ ਹਥ ਦਿੱਲੀ ਅਉਣ ਲਈ ਸਦਾ ਭੇਜ ਦਿਤਾ 1
ਜਦੋਂ ਉਸਦੇ ਕਹਿਣ ਤੇ ਗੁਰੂ ਸਾਹਿਬ ਦਿੱਲੀ ਨਹੀ ਆਏ ਤਾਂ ਰਾਜਾ ਜੈ ਸਿੰਘ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਨੂੰ ਇਹ ਕਹਿਕੇ ਕਿ ਦਿੱਲੀ ਦੀਆਂ ਸੰਗਤਾ ਉਨ੍ਹਾ ਦੇ ਦਰਸ਼ਨਾ ਦੀਆਂ ਚਾਹਵਾਨ ਹਨ , ਬੁਲਾਣ ਨੂੰ ਕਿਹਾ 1 ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗਲ ਮੰਨਣ ਲਈ ਦੋ ਸ਼ਰਤਾਂ ਰਖੀਆਂ , ਇਕ ਤੇ ਗੁਰੂ ਸਾਹਿਬ ਮੇਰੇ ਬੰਗਲੇ ਵਿਚ ਠਹਿਰਨਗੇ ਤੇ ਦੂਸਰਾ ਹਕੂਮਤ ਵਲੋਂ ਉਨ੍ਹਾ ਨੂੰ ਕੋਈ ਨੁਕਸਾਨ ਨਹੀ ਪੁਚਾਇਆ ਜਾਏਗਾ 1
ਰਾਮ ਰਾਇ ਵੀ ਇਹ ਸੋਚਕੇ ਖੁਸ਼ ਹੋ ਗਿਆ ਕੀ ਅਗਰ ਗੁਰੂ ਹਰਕ੍ਰਿਸ਼ਨ ਜੀ ਆਏ ਤਾਂ ਹਰ ਰਾਇ ਸਹਿਬ ਦੀ ਹੁਕਮ ਅਦੂਲੀ ਹੋਵੇਗੀ ਕਿਓਂਕਿ ਗੁਰੂ ਸਾਹਿਬ ਦਾ ਹੁਕਮ ਸੀ ਮਲੇਛ ਦੇ ਮਥੇ ਨਹੀਂ ਲਗਣਾ ਤੇ ਇਸ ਬਿਨਾਂ ਤੇ ਸੰਗਤਾ ਨੂੰ ਭੜਕਾ ਸਕਦਾ ਹੈ ਤੇ ਜੇ ਨਾ ਆਏ ਤਾਂ ਔਰੰਗਜ਼ੇਬ ਨੂੰ ਚੁਕ ਦੇ ਸਕਦਾ ਹੈ ਓਹ ਹਕੂਮਤ ਦੇ ਖਿਲਾਫ਼ ਬਾਗੀ ਹੋ ਗਏ ਹਨ 1 ਸਨੇਹਾ ਸੁਣਾ ਦਿਤਾ ਗਿਆ 1
ਰਾਜਾ ਜੈ ਸਿੰਘ ਨੇ ਆਪਣੇ ਦੂਤ ਪਰਸ ਰਾਮ ਨੂੰ ਬਹੁਤ ਸਾਰੇ ਘੋੜੇ, ਡੋਲੇ, ਰਥ, ਤੇ ਕਈ ਤਰਹ ਦੇ ਸੁਖ ਸਮਾਨ ਸਮੇਤ ਗੁਰੂ ਸਾਹਿਬ ਨੂੰ ਲੈਣ ਲਈ ਘਲ ਦਿਤਾ 1 ਇਹ ਸਭ ਸੁਣਕੇ ਸੰਗਤਾ ਤੇ ਨਗਰ ਵਾਸੀ ਮਾਯੂਸ ਹੋ ਗਏ 1 ਕਿਓਂਕਿ ਦਿੱਲੀ ਹਕੂਮਤ ਨੇ ਗੁਰੂ ਅਰਜੁਨ ਦੇਵ ਜੀ ਨੂੰ ਬੁਲਾਕੇ ਸ਼ਹੀਦ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਆਗਰੇ ਬੁਲਾਕੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਸੀ 1 ਅਜੇ ਪਰਿਵਾਰ ਤੇ ਸਿਖ ਸਲਾਹ ਕਰ ਹੀ ਰਹੇ ਸਨ ਕੀ ਗੁਰੂ ਸਾਹਿਬ ਨੇ ਬੜੀ ਦਲੇਰੀ ਨਾਲ ਆਪਣਾ ਫੈਸਲਾ ਸੁਣਾ ਦਿਤਾ ਕਿ ਓਹ ਦਿੱਲੀ ਜਰੂਰ ਜਾਣਗੇ , ਪਰ ਔਰੰਗਜ਼ੇਬ ਦੇ ਮਥੇ ਨਹੀਂ ਲਗਣਗੇ 1 ਫਕੀਰਾਂ ਦਾ ਕੰਮ ਨਹੀ ਕੀ ਬਾਦਸ਼ਾਹ ਅਗੇ ਓਹ ਆਪਣੇ ਘਰ ਦੇ ਝਗੜੇ ਨਿਪਟਾਨ ਜਾਂ ਭਰਾ ਦੇ ਖਿਲਾਫ਼ ਖੜੇ ਹੋਕੇ ਕੋਈ ਫਰਿਆਦ ਕਰਨ 1 ਪਰ ਸੰਗਤਾ ਨੂੰ ਦਰਸ਼ਨ ਦੇਣ ਅਸੀਂ ਜਰੂਰ ਜਾਵਾਂਗੇ 1 ਸਾਡਾ ਕੰਮ ਸਿਰਫ ਧਰਮ ਦਾ ਉਪਦੇਸ਼ ਦੇਣਾ ਤੇ ਦੀਨ ਦੁਖੀਆਂ ਦੀ ਸੇਵਾ ਕਰਨਾ 1 ਸਾਡਾ ਜਾਣਾ ਹੀ ਅਕਾਲ ਪੁਰਖ ਦਾ ਹੁਕਮ ਹੈ 1
ਫਰਵਰੀ 1644 ਦੇ ਦੂਸਰੇ ਹਫਤੇ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋਏ 1 ਪਰੀਵਾਰ ਤੋ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸਿਖ੍ ਸੰਗਤ ਤੇ ਸੈਨਿਕ ਜੁਆਨ ਨਾਲ ਸਨ 1 ਰਸਤੇ ਵਿਚ ਦਿਆਲਪੁਰ, ਬਨੂੜ ਤੇ ਨੇੜੇ ਆਪਣੀ ਭੇਣ ਨੂੰ ਮਿਲੇ , ਓਨ੍ਹਾ ਨੂੰ ਸ਼ਾਇਦ ਪਤਾ ਸੀ ਕੀ ਇਹ ਸਫਰ ਉਨ੍ਹਾ ਦਾ ਆਖਰੀ ਸਫਰ ਹੈ 1 ਵਿਸਾਖੀ ਦਾ ਪੁਰਬ ਨੇੜੇ ਹੋਣ ਕਰਕੇ ਸੰਗਤਾ ਕਾਬੁਲ, ਪੇਸ਼ਾਵਰ ,ਕਸ਼ਮੀਰ ,ਦਹਾਕਾ ਆਦਿ ਤੋ ਆਈਆਂ ਹੋਈਆਂ ਸੀ 1 ਅੰਬਾਲੇ ਦੇ ਨੇੜੇ ਪਨਜੋਕੜਾ ਕੁਝ ਦਿਨ ਪ੍ਰਚਾਰ ਲਈ ਠਹਿਰੇ 1 ਇਥੇ ਆਕੇ ਕੇ ਉਨ੍ਹਾ ਨੇ ਇਕ ਲਕੀਰ ਖਿਚ ਦਿਤੀ ਕੀ ਸੰਗਤਾ ਆਪਣੇ ਘਰਾਂ ਨੂੰ ਪਰਤ ਜਾਣ ਕੁਝ ਕੁ ਸਿੰਘ ਛੋੜਕੇ 1 ਇਥੇ ਹੀ ਪੰਡਿਤ ਲਾਲ ਚੰਦ ਨੇ ਜਦੋਂ ਲਾਮ ਲਸ਼੍ਕਰ ਨਾਲ ਡੇਰਾ ਦੇਖਿਆ ਤੇ ਪੁਛਿਆ ਕੀ ਇਹ ਕਿਸ ਦਾ ਡੇਰਾ ਹੈ ਤਾਂ ਇਕ ਸਿਖ ਨੇ ਕਿਹਾ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਾਂ ਉਸ ਨੂੰ ਸਤੀ ਕਪੜੀ ਅਗ ਲਗ ਗਈ ਤੇ ਕਹਿਣ ਲਗਾ ਕੀ ਕਲਯੁਗ ਵਿਚ ਸਾਡੇ ਕ੍ਰਿਸ਼ਨ ਤੋਂ ਵਡਾ ਕੇਹੜਾ ਹਰਕ੍ਰਿਸ਼ਨ ਪੈਦਾ ਹੋ ਗਿਆ ਚਾਹੇ ਉਸਨੇ ਗੀਤਾ ਦਾ ਨਾਂ ਵੀ ਨਾ ਸੁਣਿਆ ਹੋਵੇ 1 ਸਿਖ ਨੇ ਕਿਹਾ ਕੀ ਪੰਡਤ ਜੀ ਐਵੇਂ ਗੁਸੇ ਵਿਚ ਕਿਓਂ ਆ ਰਹੇ ਹੋ ਇਕ ਵਾਰੀ ਦਰਸ਼ਨ ਕਰਕੇ ਤਾਂ ਵੇਖ ਲਉ1 ਸਿਖ ਨੇ ਇਹ ਗਲ ਗੁਰੂ ਸਾਹਿਬ ਨੂੰ ਦਸ ਦਿਤੀ 1 ਗੁਰੂ ਸਾਹਿਬ ਨੇ ਉਸ ਨੂੰ ਬੁਲਵਾ ਕੇ ਉਸਦੇ ਸਾਮਣੇ ਇਕ ਗੁੰਗੇ ਝਿਉਰ ਕੋਲੋਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਗੀਤਾ ਦੇ ਅਰਥ ਕਰਵਾ ਦਿਤੇ 1 ਬ੍ਰਾਹਮਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ , ਚਰਨਾ ਤੇ ਮਥਾ ਟੇਕਿਆ 1 ਉਸਤੇ ਵੀ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ 1 ਉਹ ਗੁਰੂ ਦਾ ਸਿਖ ਬਣ ਗਿਆ 1
ਜਦੋਂ ਗੁਰੂ ਸਾਹਿਬ ਪਨ੍ਜੋਕਰੇ ਤੋ ਚਲੇ ਤਾਂ ਉਨ੍ਹਾ ਨਾਲ ਮਾਤਾ ਸੁਲਖਣੀ , ਭਾਈ ਦਰਗਾਹ ਮਲ ,ਭਾਈ ਦਿਆਲ ਦਾਸ , ਭਾਈ ਗੁਰਦਿਤਾ ਤੋ ਇਲਾਵਾ ਕੁਝ ਕੁ ਹੋਰ ਸਿਖ ਸਨ 1 ਗੁਰੂ ਸਾਹਿਬ ਦਾ ਆਓਣਾ ਸੁਣਕੇ ਦੂਰ ਦੁਰੇਡੇ ਤੋਂ ਸੰਗਤਾਂ ਦਰਸ਼ਨਾ ਲਈ ਅਓਣ ਲਗੀਆਂ 1 ਕੁਰਕਸ਼ੇਤਰ ਵਿਚ ਵਸਦੇ ਕਈ ਹਿੰਦੂ, ਪੰਡਤ ਤੇ ਵਿਦਵਾਨ ਆਪਜੀ ਨਾਲ ਗਿਆਨ ਚਰਚਾ ਕਰਨ ਲਈ ਆਏ 1 ਇਥੋਂ ਆਪ ਚਲਕੇ , ਬਦਰਪੁਰ -ਕੜਾ- ਮਾਣਕਪੁਰ – ਕਰਨਾਲ- ਸੋਨੀਪਤ-ਆਦਿ ਥਾਵਾਂ ਤੇ ਰੁਕਦੇ ਇਕ ਹਫਤੇ ਤੋ ਮਗਰੋਂ ਦਿੱਲੀ ਪਹੁੰਚੇ 1
ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦਾ ਬੜਾ ਨਿਘਾ ਸਵਾਗਤ ਕੀਤਾ 1 ਰਾਜਾ ਜੈ ਸਿੰਘ, ਉਸਦੇ ਪੁਤਰ , ਰਾਣੀਆਂ , ਕਈ ਵਜ਼ੀਰ ਤੇ ਮਨਸਬਦਾਰ ਉਨ੍ਹਾ ਦੇ ਸੁਆਗਤ ਲਈ ਆਏ 1 ਚਾਂਦੀ ਦੇ ਥਾਲ ਵਿਚ ਕਈ ਸੁਗਾਤਾਂ ਵੀ ਭੇਟ ਕੀਤੀਆਂ ਜੋ ਉਨ੍ਹਾ ਨੇ ਗਰੀਬਾ ਨੂੰ ਵੰਡ ਦਿਤੀਆਂ 1 ਉਨ੍ਹਾ ਦੇ ਠਹਿਰਣ ਦਾ ਇੰਤਜ਼ਾਮ ਇਕ ਸੁੰਦਰ ਬੰਗਲੇ ਵਿਚ ਕਰ ਦਿਤਾ ਗਿਆ ਜਿਸ ਨੂੰ ਅਜ ਬੰਗਲਾ ਸਾਹਿਬ ਗੁਰੂਦਵਾਰਾ ਕਿਹਾ ਜਾਂਦਾ ਹੈ 1 ਸ਼ਹਿਰ ਵਿਚ ਗੁਰੂ ਸਾਹਿਬ ਦੇ ਆਣ ਦੀ ਧੂਮ ਮਚ ਗਈ 1 ਲੋਕ ਦਰਸ਼ਨਾ ਲਈ ਆਣਾ ਸ਼ੁਰੂ ਹੋ ਗਏ ਔਰੰਗਜ਼ੇਬ ਨੂੰ ਖਬਰ ਪੁਚਾ ਦਿਤੀ ਗਈ 1 ਜਦ ਉਸਨੇ ਇਨ੍ਹਾ ਦਾ ਇਤਨਾ ਜਸ ਸੁਣਿਆ ਤਾਂ ਬੜੀ ਬੇਸਬਰੀ ਨਾਲ ਉਨ੍ਹਾ ਨੂੰ ਮਿਲਣ ਦਾ ਇੰਤਜ਼ਾਰ ਕਰਨ ਲਗਾ 1 ਜਦ ਗੁਰੂ ਸਾਹਿਬ ਨਾ ਆਏ ਤਾਂ ਓਹ ਖੁਦ ਚਲਕੇ ਮਿਲਣ ਵਾਸਤੇ ਆ ਗਿਆ 1 ਕਹਿੰਦੇ ਹਨ ਅਧਿ ਘੜੀ ਓਹ ਗੁਰੂ ਸਾਹਿਬ ਦੀ ਇੰਤਜ਼ਾਰ ਵਿਚ ਬੈਠਾ ਰਿਹਾ ਪਰ ਓਹ ਨਹੀਂ ਆਏ ਤਾਂ ਲਿਖ ਕੇ ਸੁਨੇਹਾ ਭੇਜਿਆ 1
” ਮੇਰਾ ਹੈਂ ਰਾਹ ਦੀਦਾਰ , ਮੈ ਆਪ ਚਲ ਆਇਆ ਫਕੀਰ ਦਰਬਾਰ “
ਗੁਰੂ ਸਾਹਿਬ ਨੇ ਵਾਪਸ ਸੁਨੇਹਾ ਘਲ ਦਿਤਾ ,” ਅਸੀਂ ਫਕੀਰ ਹਾਂ, ਗਰੀਬਾਂ ਤੇ ਦੀਨ ਦੁਖੀਆਂ ਨਾਲ ਸਾਡਾ ਵਾਹ ਹੈ, ਬਾਦਸ਼ਾਹਾਂ ਨਾਲ ਸਾਡਾ ਕੀ ਕੰਮ “?
ਇਥੇ ਆਕੇ ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ਼ ਕਰਨਾ ਸ਼ੁਰੂ ਕਰ ਦਿਤਾ 1 ਕੁਝ ਉਨਾ ਦੀ ਦਵਾਈ, ਕੁਝ ਆਤਮਿਕ ਤੇ ਅਧਿਆਤਮਿਕ ਸ਼ਕਤੀ , ਉਨ੍ਹਾ ਦੀ ਬੋਲ ਚਾਲ ਦਾ ਢੰਗ,ਰੋਗੀ ਬਿਲਕੁਲ ਠੀਕ ਹੋ ਜਾਂਦਾ 1 ਇਸ ਗਲ ਦੀ ਸਾਰੇ ਸ਼ਹਿਰ ਵਿਚ ਚਰਚਾ ਹੋਣ ਲਗੀ 1 ਔਰੰਗਜ਼ੇਬ ਦੇ ਦਰਬਾਰ ਵਿਚ ਵੀ ਗੁਰੂ ਸਾਹਿਬ ਦੀ ਵਡਿਆਈ ਫ਼ੈਲਣ ਲਗੀ ਜਿਸਤੋਂ ਰਾਮ ਰਾਇ ਬਹੁਤ ਧੁਖਿਆ ਤੇ ਕੁਝ ਉਲਟੇ ਸਿਧੇ ਬੋਲ ਬੋਲਣ ਲਗਾ ਤਾਂ ਦਰਬਾਰੀ ਨੇ ਜਵਾਬ ਦਿਤਾ ਕਿ ਤੁਹਾਡੀਆਂ ਕਰਾਮਾਤਾ ਤਾਂ ਤੁਹਾਡੀ ਆਪਣੀ ਤਰੀਫ ਕਰਵਾਣ ਵਾਸਤੇ ਹੁੰਦੀਆਂ ਹਨ ਤੇ ਦੁਖ ਦਾ ਕਾਰਨ ਬਣਦੀਆਂ ਹਨ ਪਰ ਉਨ੍ਹਾ ਦੀ ਸ਼ਕਤੀ ਤਾਂ ਖਲਕਤ ਨੂੰ ਸੁਖ ਦੇ ਰਹੀ ਹੈ 1
ਜਦੋਂ ਗੁਰੂ ਸਹਿਬ ਨੇ ਔਰੰਗਜ਼ੇਬ ਨੂੰ ਮਿਲਣ ਵਾਸਤੇ ਨਾਂਹ ਕਰ ਦਿਤੀ ਤਾਂ ਉਸਦਾ ਤੋਖਲਾ ਹੋਰ ਵਧ ਗਿਆ ਤਾਂ ਉਸਨੇ ਆਪਣੇ ਪੁਤਰ ਨੂੰ ਸੁਗਾਤ ਵਜੋਂ ਦੋ ਥਾਲ ਦੇਕੇ ਇਕ ਵਿਚ ਹੀਰੇ ਜਵਾਹਰਾਤ ਤੇ ਦੂਸਰੇ ਵਿਚ ਫਕੀਰੀ ਦਾ ਚੋਲਾ ਤੇ ਨਾਲ ਇਕ ਚਿਠੀ ਜਿਸ ਵਿਚ ਫਿਰ ਮਿਲਣ ਲਈ ਬੇਨਤੀ ਕੀਤੀ , ਦੇਕੇ ਭੇਜਿਆ 1 ਉਨ੍ਹਾ ਨੇ ਹੀਰੇ ਜਵਾਹਰਾਤ ਤਾਂ ਵਾਪਸ ਕਰ ਦਿਤੇ , ਫਕੀਰੀ ਦਾ ਚੋਲਾ ਰਖ ਲਿਆ ਤੇ ਨਾਲ ਇਕ ਸੁਨੇਹਾ ਪਤਰ ਭੇਜਿਆ ਕਿ ਇਹ ਸ਼ਬਦ ਸਾਡੀ ਮੁਲਾਕਾਤ ਨਾਲੋਂ ਜਿਆਦਾ ਉਤਮ ਹਨ ਇਨ੍ਹਾ ਨੂੰ ਯਾਦ ਰਖਣਾ 1
ਕਿਆ ਖਾਦੇ ਕਿਆ ਪੈਦੇ ਹੋਇ
ਜਾਂ ਮਨ ਨਾਹਿ ਸਚਾ ਹੋਇ
ਕਿਆ ਮੇਵਾ ਕਿਆ ਘਿਓ ਗੁੜ ਮਿਠਾ
ਕਿਆ ਮੈਦਾ ਕਿਆ ਮਾਸ
ਕਿਆ ਕਪੜ ਕਿਆ ਸੇਜ ਸੁਖਾਲੀ
ਕੀਜਿਹ ਭੋਗ ਵਿਲਾਸ
ਕਿਆ ਲਸਕਰ ਕਿਆ ਨੇਬ ਖਵਾਸੀ
ਆਵੇ ਮਹਲੀ ਵਾਸ
ਨਾਨਕ ਸਚੇ ਨਾਮ ਵਿੰਣ
ਸਭੇ ਟੋਲ ਵਿਨਾਸ
ਇਹ ਔਰੰਜ਼ੇਬ ਦੇ ਮੂੰਹ ਤੇ ਕਰਾਰੀ ਚਪੇੜ ਸੀ 1 ਜਦੋਂ ਓਹ ਖੁਦ ਵੀ ਚਲ ਕੇ ਆਇਆ ਤਾਂ ਦਰਵਾਜ਼ਾ ਬੰਦ ਕਰਾ ਦਿਤਾ 1 ਅਧਿ ਘੜੀ ਔਰਗਜੇਬ ਬਾਹਰ ਬੂਹੇ ਤੇ ਖੜਾ ਰਿਹਾ 1 ਪਰ ਦਰਵਾਜ਼ਾ ਨਹੀਂ ਖੋਲਿਆ 1 ਹੋਇਗਾ ਕੋਈ ਐਸਾ ਸੂਰਬੀਰ ਜੋ ਸਮੇ ਤੇ ਬਾਦਸ਼ਾਹ ਜੋ ਦਰਵਾਜ਼ੇ ਤੇ ਖੜਾ ਹੈ , ਮਿਲਣ ਤੋ ਇਨਕਾਰ ਕਰੇ ਤੇ ਦਰਵਾਜ਼ਾ ਨਾ ਖੋਲੇ 1 ਇਤਨੀ ਹਿੰਮਤ ਸਿਰਫ ਅਸ਼ਟਮ ਬਲਬੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋ ਸਕਦੀ ਹੈ ਓਹ ਵੀ ਇਤਨੀ ਛੋਟੀ ਉਮਰ ਵਿਚ 1
ਰਾਮ ਰਾਇ ਦੇ ਦਾਵੇ ਬਾਰੇ ਉਨ੍ਹਾ ਨੂੰ ਕਹਿ ਭੇਜਿਆ ਗੁਰਗਦੀ ਵਿਰਾਸਤ ਜਾ ਜਦੀ ਮਲਕੀਅਤ ਨਹੀਂ 1 ਗੁਰੂ ਨਾਨਕ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਛੋੜਕੇ ਸੇਵਕ ਸਿਖ ਨੂੰ ਬਖਸ਼ੀ ਸੀ 1 ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਨੂੰ,ਜੋ ਉਨਾ ਦੇ ਧੀ ਦੇ ਜੇਠ ਸਨ, ਗੁਰੂ ਅਮਰਦਾਸ ਜੀ ਨੇ ਪੁਤਰਾਂ ਨੂੰ ਛੋੜਕੇ ਜਵਾਈ ਨੂੰ ਵਾਰਸ ਬਣਾਇਆ 1 ਰਾਮਦਾਸ ਜੀ ਨੇ ਵਡੇ ਪੁਤਰਾਂ ਨੂੰ ਛਡਕੇ ਛੋਟੇ ਪੁਤਰ ਨੂੰ ਦਿਤੀ , ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ 5 ਪੁਤਰਾਂ ਨੂੰ ਛਡਕੇ ਪੋਤਰੇ ਨੂੰ 1 ਸਿਖੀ ਵਿਚ ਇਹ ਕੋਈ ਅਨੋਖੀ ਗਲ ਨਹੀਂ 1 ਗੁਰੂ ਨਾਨਕ ਸਾਹਿਬ ਦੀ ਬਾਣੀ ਪਲਟਣ ਕਰਕੇ ਜੇ ਪਿਤਾ ਜੀ ਨੇ ਉਨ੍ਹਾ ਨੂੰ ਤਿਆਗ ਦਿਤਾ ਹੈ ਤਾਂ ਇਹ ਕੋਈ ਵਧੀਕੀ ਜਾਂ ਬੇਇਨਸਾਫ਼ੀ ਨਹੀਂ 1
ਗੁਰੂ ਸਾਹਿਬ ਦੀ ਚੋਣ ਠੀਕ ਸੀ ਬਾਦਸ਼ਾਹ ਨੂੰ ਯਕੀਨ ਹੋ ਗਿਆ 1 ਰਾਮ ਰਾਇ ਦੀ ਅਰਜ਼ੀ ਖਾਰਜ ਕਰ ਦਿਤੀ ਤੇ ਕਿਹਾ ਹਕੂਮਤ ਕਿਸੇ ਨੂੰ ਗੁਰਆਈ ਨਹੀ ਦੇ ਸਕਦੀ 1 ਨਾ ਸੰਗਤ ਨੂੰ ਕਹਿ ਸਕਦੀ ਹੈ ਇਸ ਗੁਰੂ ਨੂੰ ਮਨੋ ਜਾਂ ਨਾ ਮਨੋ 1 ਜੋ ਚੋਣ ਗੁਰੂ ਸਾਹਿਬ ਕਰ ਗਏ ਹਨ ਹਕੂਮਤ ਦੇ ਵਸ ਵਿਚ ਨਹੀ ਉਸ ਨੂੰ ਬਦਲਣਾ 1
ਦਿੱਲੀ ਵਿਚ ਮਹਾਂ ਮਾਰੀ ਫ਼ੈਲ ਗਈ 1 ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ ਤੇ ਸੇਵਾ ਦਾ ਜਿਮਾ ਲੈ ਲਿਆ1 ਸ਼ਬਦ ਕੀਰਤਨ ਤੋਂ ਬਾਦ ਘਰ ਘਰ ਜਾਕੇ ਰੋਗੀਆਂ ਦਾ ਇਲਾਜ ਕਰਦੇ ਤੇ ਧਰਵਾਸ ਦਿੰਦੇ1 ਲੋਕਾਂ ਨੇ ਇਥੇ ਇਕ ਅਜੀਬ ਚਮਤਕਾਰ ਅਨੁਭਵ ਕੀਤਾ 1 ਜਿਥੇ ਬੈਠਕੇ ਰੋਗੀਆਂ ਦਾ ਇਲਾਜ ਕਰਦੇ ਸੀ ਉਥੇ ਪਾਣੀ ਦਾ ਇਕ ਚੁਬਚਾ ਸੀ ਜਿਥੇ ਗੁਰੂ ਸਹਿਬ ਆਪਣੇ ਪੈਰ ਧੋਇਆ ਕਰਦੇ ਸੀ 1 ਰੋਗੀ ਜਦ ਇਹ ਜਲ ਆਪਣੇ ਸਰੀਰ ਨੂੰ ਲਗਾਂਦੇ ਤੇ ਉਨ੍ਹਾ ਦੇ ਰੋਗ ਕਟੇ ਜਾਂਦੇ 1 ਫਿਰ ਕੀ ਸੀ ਹਜ਼ਾਰਾਂ ਲੋਗ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਣ ਲਗ ਪਏ 1 ਕਈ ਤੇ ਆਕੇ ਇਥੇ ਹੀ ਵਸ ਗਏ 1
ਦਿੱਲੀ ਵਿਚ ਫੈਲੀ ਬਿਮਾਰੀ ਦਿਨ ਬਦਿਨ ਭਿਆਨਕ ਰੂਪ ਧਾਰਣ ਕਰਨ ਲਗੀ 1 ਹਜ਼ਾਰਾਂ ਲੋਕ ਚੇਚਕ ਨਾਲ ਮਰ ਗਏ , ਨੇਤਰਹੀਨ ਤੇ ਬਦਸੂਰਤ ਹੋ ਗਏ 1 ਕਈ ਲੋਗ ਤੇ ਆਪਣੇ ਬੀਮਾਰ ਰਿਸ਼ੇਦਰਾ ਨੂੰ ਅਛੂਤ ਸਮ੍ਝਕੇ ਛਡ ਕੇ ਚਲੇ ਗਏ 1 ਗੁਰੂ ਸਾਹਿਬ ਨੇ ਬੇਸਹਾਰਾ ਤੇ ਮੋਤ ਨਾਲ ਝੂਜਣ ਵਾਲੇ ਬਿਮਾਰਾਂ ਦੀ ਸੇਵਾ ਦਾ ਜਿਮਾ ਚੁਕ ਲਿਆ 1 ਗੰਦੀਆਂ ਬਸਤੀਆਂ ਦੇ ਲੋਕਾਂ ਦੇ ਘਰਾਂ ਵਿਚ ਜਾ ਜਾ ਕੇ ਰੋਗੀਆਂ ਦਾ ਦਵਾ ਦਾਰੂ ਤੇ ਸੇਵਾ ਸਂਭਾਲ ਕਰਦੇ 1 ਸਾਰੀ ਦਿੱਲੀ ਵਿਚ ,” ਸ੍ਰੀ ਹਰ ਕ੍ਰਿਸ਼ਨ ਧਿਆਇਏ ਜਿਸ ਡਿਠੇ ਸਭ ਦੁਖ ਜਾਏ ਦੀ ਧੁਨ ਗੂਜ੍ਣੀ ਸ਼ੁਰੂ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਇਹ ਅਰਦਾਸ ਸਚ ਹੋ ਗਈ 1 ਬੰਗਲਾ ਸਾਹਿਬ ਹਜ਼ਾਰਾਂ ਲੋਕ ਆਪਣੇ ਤਨ ਮਨ ਦਾ ਰੋਗ ਕਟਣ ਲਈ ਆਕੇ ਮਥਾ ਟੇਕਦੇ 1 ਜੋ ਆਪਣੇ ਪਰਿਵਾਰਾਂ ਨੂੰ ਛਡ ਕੇ ਗਏ ਸੀ ਵਾਪਸ ਪਰਤਣ ਲਗੇ 1 ਭਾਈ ਨੰਦ ਲਾਲ ਜੀ ਲਿਖ੍ਹਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਸਾਹਿਬ ਸਾਰੀ ਬਜ਼ੁਰਗੀ ਅਤੇ ਰਹਿਮਤਾ ਦੇ ਭੰਡਾਰ ਸਨ 1 ਉਨ੍ਹਾ ਨੂੰ ਅਕਾਲ ਪੁਰਖ ਨੇ ਆਪਣੇ ਖਾਸ ਪਿਆਰਿਆਂ ਤੋ ਵਧ ਸਲਾਹਿਆ ਹੈ 1
ਦਵਾਖਾਨੇ ਤੇ ਲੋਕਾਂ ਦੀ ਘਰੋ ਘਰੀ ਸੇਵਾ ਕਰਕੇ ਆਓਂਦੇ ਤਾਂ ਬਹੁਤ ਥਕ ਜਾਂਦੇ ,ਪਰ ਨਿਤਨੇਮ ਪਾਠ ਕੀਰਤਨ ਕਦੇ ਛਡਿਆ ਨਹੀ 1 ਜਿਵੈਂ ਜਿਵੈਂ ਰੋਗ ਫੈਲਦਾ ਗਿਆ ਗੁਰੂ ਸਾਹਿਬ ਵਧ ਤੋਂ ਵਧ ਆਪਣਾ ਸਮਾਂ ਰੋਗੀਆਂ ਦੀ ਸੇਵਾ ਤੇ ਇਲਾਜ ਵਿਚ ਲਗਾਂਦੇ ਰਹੇ 1 ਪੁਰਾਨੀ ਦਿੱਲੀ ਤੇ ਭੋਗਲ ਦੇ ਇਲਾਕਿਆਂ ਵਿਚ ਫਿਰ ਫਿਰ ਕੇ ਲੋਕਾਂ ਨੂੰ ਰਬ ਨਾਲ ਜੁੜਨ ਲਈ , ਆਪਣਾ ਆਲਾ ਦੁਆਲਾ ਸਾਫ਼ ਰਖਣ ਵਾਸਤੇ ਹਿਦਾਇਤ ਦਿੰਦੇ ਰਹੇ 1 ਹਵੇਲੀ ਛਡ ਕੇ ਗੰਦੀ ਬਸਤੀਆਂ ਵਿਚ ਘਰ ਘਰ ਜਾਕੇ ਸੇਵਾ ਵਿਚ ਲਗੇ ਰਹਿੰਦੇ 1 ਲੋਕਾਂ ਨੂੰ ਡਰ ਸੀ ਕਿ ਗੁਰੂ ਸਾਹਿਬ ਸਾਰਾ ਦਿਨ ਗੰਦੀ ਬਸਤੀਆ ਵਿਚ ਰਹਿੰਦੇ ਹਨ ਕਦੀ ਉਨ੍ਹਾ ਨੂੰ ਬਿਮਾਰੀ ਨਾ ਲਗ ਜਾਏ 1 ਮਨਾ ਵੀ ਕਰਦੇ ਤਾਂ ਕਹਿੰਦੇ ਕੀ ਅਗਰ ਬਚਾ ਬੀਮਾਰ ਹੋ ਜਾਏ ਤਾਂ ਮਾਂ ਚੇਨ ਨਾਲ ਬੈਠ ਸਕਦੀ ਹੈ 1
ਅਖੀਰ ਓਹੀ ਹੋਇਆ 1 ਗੁਰੂ ਸਾਹਿਬ ਨੂੰ ਬੁਖਾਰ ਹੋ ਗਿਆ 1 ਮਾਤਾ ਜੀ ਨੂੰ ਫਿਕਰ ਹੋ ਗਿਆ1 ਕਿਹਾ ਕਿ ਮਰਦੇ ਮਰਦੇ ਲੋਗ ਤੁਹਾਡੇ ਦਰਸ਼ਨ ਕਰਕੇ ਠੀਕ ਹੋ ਜਾਂਦੇ ਹਨ ਤੁਸੀਂ ਆਪਣਾ ਰੋਗ ਕਿਓਂ ਨਹੀ ਹਟਾ ਸਕਦੇ 1 ਗੁਰੂ ਸਾਹਿਬ ਨੇ ਕਿਹਾ ਅਸੀਂ ਈਸ਼ਵਰ ਦੇ ਦਾਸ ਹਾਂ ਮਾਲਿਕ ਨਹੀ 1 ਉਸਦੀ ਇਛਾ ਅਨੁਸਾਰ ਖੁਸ਼ ਰਹਣਾ ਸਾਡਾ ਧਰਮ ਹੈ ,1 ਪਰ ਇਹ ਸੋਚੋ ਕੀ ਤੁਆਡੇ ਤੋਂ ਬਾਅਦ ਤੁਹਾਡੇ ਧਰਮ ਦੀ ਰਾਖੀ ਕੋਣ ਕਰੇਗਾ 1 ਮਾਲਕ ਨੂੰ ਦਾਸ ਨਾਲੋਂ ਜਿਆਦਾ ਫਿਕਰ ਹੈ 1 ਹਰ ਗੋਬਿੰਦ ਸਾਹਿਬ ਨੇ ਇਸਦਾ ਇੰਤਜ਼ਾਮ ਕਰ ਛਡਿਆ ਹੈ 1
ਮਾਤਾ ਜੀ ਨੇ ਕਿਹਾ ਕੀ ਮੇਰਾ ਪ੍ਰੇਮ ਜੋ ਤੁਹਾਡੇ ਨਾਲ ਗੁਰੂ ਸਾਹਿਬ ਨੇ ਬਣਾਇਆ ਹੈ ਉਸਦਾ ਖੂਨ ਕਿਵੇ ਕਰੋਗੇ ? ਤਾਂ ਜਵਾਬ ਦਿਤਾ ਕੀ ਜੇ ਤੁਸੀਂ ਸਾਡੇ ਜਿਸਮ ਨਾਲ ਪਿਆਰ ਕਰਦੇ ਹੋ ਤੇ ਓਹ ਅਜ ਵੀ ਟੁਟਨਾ ਹੈ ਤੇ ਕਲ ਵੀ, ਪਰ ਜੇ ਤੁਹਾਡਾ ਪ੍ਰੇਮ ਮੇਰੀ ਆਤਮਾ ਨਾਲ ਹੈ ਤਾਂ ਓਸ ਨੂੰ ਕੋਣ ਤੋੜ ਸਕਦਾ ਹੈ 1 ਤੁਸੀਂ ਸ਼ੋਕ ਨੂੰ ਛੋੜਕੇ ਸਚੇ ਸੁਆਮੀ ਵਲ ਧਿਆਂਨ ਕਰੋ 1 ਇਸ ਤਰਾਂ ਪ੍ਰੇਮ ਦੀਆਂ ਗਲਾਂ ਕਰਦੇ ਕਰਦੇ ਮਾਂ-ਪੁਤਰ ਸੋ ਜਾਂਦੇ ਹਨ 1
ਦੋ ਦਿਨ ਵਿਚ ਚੇਚਕ ਨੇ ਭਿਆਨਕ ਰੂਪ ਧਾਰ ਲਿਆ ਜਦੋਂ ਉਨ੍ਹਾ ਦੇ ਠੀਕ ਹੋਣ ਦੀ ਆਸ ਨਾ ਰਹੀ ਤਾਂ ਸਿਖਾਂ ਨੂੰ ਫਿਕਰ ਪੈ ਗਿਆ ਕਿ ਹੁਣ ਇਨਾ ਤੋਂ ਪਿਛੋਂ ਪੰਥ ਦੀ ਅਗਵਾਈ ਕੋਣ ਕਰੇਗਾ ,ਰਾਮਰਾਏ ਤੇ ਧੀਰਮਲ ਵਰਗੇ ਕਈ ਦਾਵੇਦਾਰ ਦਿੱਲੀ ਤੇ ਪੰਜਾਬ ਵਿਚ ਗਦੀ ਹਾਸਲ ਕਰਨ ਦੇ ਸੁਪਨੇ ਦੇਖ ਰਹੇ ਸਨ1
ਤੜਕੇ ਇਸ਼ਨਾਨ ਭਜਨ , ਕੀਰਤਨ ਕਰਕੇ, ਲੋਡੇ ਵੇਲੇ ਜਮਨਾ ਦੇ ਕਿਨਾਰੇ ਡੇਰੇ ਲਾਏ 1 ਮਾਤਾ ਜੀ ਕੋਲ ਬੈਠੇ ਸੀ ,ਤਾਪ ਚੜਿਆ ਹੋਇਆ ਸੀ ,ਪਰ ਪਰਮੇਸ਼ਵਰ ਦੇ ਧਿਆਨ ਵਿਚ ਮਗਨ ਸੀ 1 ਗੁਰੂ ਦੇ ਹੁਕਮ ਅਨੁਸਰ ਕੋਈ ਸਿਖ ਤੰਬੂ ਵਿਚ ਨਹੀ ਸੀ ਆ ਸਕਦਾ 1 ਬਾਹਰੋਂ ਹੀ ਹਾਲ ਚਾਲ ਪੁਛਣ ਲਗੇ 1 ਸੀਤਲਾ ਦੇ ਛਾਲੈ ਵਧ ਰਹੇ ਸੀ 1 ਮਾਤਾ ਜੀ ਦੇ ਅੰਦਰ ਚਿੰਤਾ ਉਬਾਲੇ ਖਾ ਰਹੀ ਸੀ , ਅਖਾਂ ਵਿਚ ਜਲ, ਮਨ ਨੂੰ ਸਂਭਾਲਦੇ ਆਪਣੇ ਆਪ ਨੂੰ ਕਾਬੂ ਵਿਚ ਰਖਣ ਦੀ ਕੋਸ਼ਿਸ਼ ਕਰ ਰਹੇ ਸੀ 1 ਪਾਸ ਬੈਠੇ ਕਹਿਣ ਲਗੇ ਮਾਤਾ ਜੀ ਪ੍ਰਭੁ ਦਾ ਧੰਨਵਾਦ ਕਰੋ, ਬਸ ਥੋੜੀ ਦੇਰ ਤੁਹਾਡੇ ਦੁਖਾਂ ਦੀ ਹੋਰ ਹੈ , ਫਿਰ ਦੁਖ ਅਓਖਾ ਨਹੀ ਲਗੇਗਾ 1
ਇਨ੍ਹਾ ਦੀ ਕਿਰਪਾ ਦ੍ਰਿਸ਼ਟੀ ਦੇ ਅਨੇਕ ਪ੍ਰਮਾਣ ਸਾਰੀ ਦਿਲੀ ਵਾਲਿਆਂ ਨੇ ਦੇਖੇ 1 ਗੁਰਗਦੀ ਆਪਜੀ ਦੇ ਨੇਤ੍ਰ ਵਿਚੋਂ ਝਲਕਦੀ ਸੀ 1 ਆਪਜੀ ਦੀ ਨੇਤਰਾਂ ਦੀ ਅਥਾਹ ਸ਼ਕਤੀ ਸੀ ਜਿਸਨੇ ਸਾਰੀ ਦਿਲੀ ਦੇ ਰੋਗੀਆਂ ਨੂੰ ਨਿਰੋਗ ਕੀਤਾ ਅਨੇਕਾਂ ਦੁਖੀਆਂ ਦੇ ਦੁਖ ਦੂਰ ਕੀਤੇ ਪਰ ਆਪਣੇ ਵਾਸਤੇ ਉਨ੍ਹਾ ਨੇ ਅਕਾਲ ਪੁਰਖ ਤੋ ਕੁਝ ਨਹੀਂ ਮੰਗਿਆ , ਉਸਦੀ ਰਜ਼ਾ ਵਿਚ ਰਾਜੀ ਰਹਿਣ ਤੋਂ ਸਿਵਾ 1
ਇਸ ਹਾਲਤ ਵਿਚ ਵੀ ਸੰਗਤਾਂ ਨੂੰ ਦਰਸ਼ਨ ਦਿਤੇ 1 ਜਦ ਸੰਗਤਾ ਨੇ ਬੇਨਤੀ ਕੀਤੀ ਕੀ ਸਾਡੀ ਬਾਂਹ ਕਿਸ ਨੂੰ ਪਕੜਾ ਕੇ ਜਾ ਰਹੇ ਹੋ 1 ਉਨਾ ਨੇ ਪੰਜ ਸਿਖਾਂ ਨੂੰ ਬੁਲਾਇਆ , ਬਾਬਾ ਗੁਰਦਿਤਾ ਜੋ ਬਾਬਾ ਬੁਢਾ ਜੀ ਦੀ ਅੰਸ ਵਿਚੋਂ ਸੀ, ਦੀਵਾਨ ਦਰਗਹ ਮਲ, ਤੇ ਭਾਈ ਦਿਆਲ ਦਾਸ ਵੀ ਸ਼ਮਲ ਸਨ 1 ਗੁਰਗਦੀ ਦੀ ਸਮਗਰੀ ਲਿਓਂਣ ਨੂੰ ਕਿਹਾ 1 5 ਪੈਸੇ ਤੇ ਨਾਰਿਅਲ ਰਖਕੇ ਮਥਾ ਟੇਕਿਆ ਤੇ ਤਿੰਨ ਵਾਰੀ ਕਿਹਾ ਬਾਬਾ ਬਕਾਲੇ , ਬਾਬਾ ਬਕਾਲੇ , ਬਾਬਾ ਬਕਾਲੇ 1 ਸੰਗਤਾ ਉਨਾ ਦੇ ਇਸ ਫੈਸਲੇ ਤੇ ਖੁਸ਼ ਹੋ ਗਈਆਂ ਕਿਓਕੀ ਓਹ ਸਮਝ ਗਈਆਂ ਸਨ ਕੀ ਗੁਰੂ ਤੇਗ ਬਹਾਦਰ ਵਲ ਇਸ਼ਾਰਾ ਹੈ1 ਓਨ੍ਹਾ ਨੂੰ ਪਤਾ ਸੀ ਕੀ ਓਨ੍ਹਾ ਤੋ ਯੋਗ ਗੁਰਗਦੀ ਵਾਸਤੇ ਹੋਰ ਕੋਈ ਪੁਰਸ਼ ਨਹੀਂ ਹੋ ਸਕਦਾ 1 ਗੁਰੂ ਸਾਹਿਬ ਦੇ ਆਦੇਸ਼ ਸਦਕਾ ਸੰਗਤਾ ਵਿਚ ਦੇਗ ਵੰਡੀ ਗਈ , ਗਰੀਬਾਂ ਤੇ ਲੋੜਵੰਦਾਂ ਨੂੰ ਚੀਜ਼ਾ ਵੰਡੀਆ ਗਈਆਂ1 ਦਾਤਾਂ ਲੇਣ ਵਾਲਿਆ ਦੀਆਂ ਅਖਾਂ ਨਮ ਸਨ ਪਰ ਦੇਣ ਵਾਲਿਆਂ ਦੀਆਂ ਸ਼ਾਂਤ ਤੇ ਅਡੋਲ 1 ਅਧੀ ਰਾਤ ਹੋਈ , ਗੁਰੂ ਸਾਹਿਬ ਜੋਤੀ ਜੋਤ ਸਮਾ ਚੁਕੇ ਸਨ 1 ਉਨ੍ਹਾ ਦਾ ਸਸਕਾਰ ਪਿੰਡ ਭੋਗਲ ਜਮੁਨਾ ਦੇ ਕੰਡੇ ਤੇ ਹੋਇਆ ਜਿਥੇ ਉਨਾ ਦੀ ਯਾਦ ਵਿਛ ਬਾਲਾ ਸਾਹਿਬ ਗੁਰੂਦਵਾਰਾ ਬਣਿਆ ਅਸਤੀਆਂ ਪਾਤਾਲਪੁਰੀ ਵਿਚ ਜਿਥੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ ਰਾਇ ਸਾਹਿਬ ਦਾ ਸਸਕਾਰ ਹੋਇਆ ਸੀ , ਪ੍ਰਵਾਹ ਕੀਤੀਆਂ ਗਈਆਂ 1 ਜਿਥੇ ਗੁਰੂ ਸਾਹਿਬ ਠਹਿਰੇ ਸੀ ਗੁਰੂਦਵਾਰਾ ਬੰਗਲਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ 1
ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਦੋਂ ਅਕਾਲ ਪੁਰਖ ਵਿਚ ਅਭੇਦ ਹੋਣ ਦਾ ਵਕਤ ਆਇਆ ਤਾ ਓਨ੍ਹਾ ਨੇ ਸਿਖ ਕੋਮ ਨੂੰ ਗੁਰੂ ਤੇਗ ਬਹਾਦਰ ਦੇ ਲੜ ਲਾਕੇ ਆਪਣੀ ਸੂਝ ਬੂਝ ਤੇ ਦੂਰ ਅੰਦੇਸ਼ੀ ਦਾ ਬਹੁਤ ਵਡਾ ਸਬੂਤ ਦਿਤਾ 1 ਆਪ੍ਜੀ ਦਾ ਫੈਸਲਾ ਸਿਖੀ ਲਈ ਤੇ ਪੂਰੇ ਦੇਸ਼ ਲਈ ਕਿਤਨਾ ਸਹੀ ਸਾਬਤ ਹੋਇਆ ਇਤਿਹਾਸ ਗਵਾਹ ਹੈ1 ਗੁਰੂ ਤੇਗ ਬਾਹਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆ ਨੇ ਜੋ ਸਿਖੀ ਸਿਰਜੀ ਹੈ , ਸਿਖ ਕੋਮ ਤੇ ਉਨਾ ਦਾ ਬਹੁਤ ਵਡਾ ਅਹਿਸਾਨ ਹੈ 1
ਉਪਦੇਸ਼ ਤੇ ਧਰਮ ਕਾਰਜ
ਸੰਗਤਾ ਨੂੰ ਨਾਮ ਸਿਮਰਨ ਵਲ ਪ੍ਰੇਰਿਆ 1 ਮਾਨਸਿਕ ਰੋਗਾਂ ਨਾਲ ਪੀੜਤ ਰੋਗੀਆਂ ਨੂੰ ਨਾਮ ਜਪੋ , ਕਿਰਤ ਕਰੋ ਤੇ ਵੰਡਕੇ ਛਕੋ ਦਾ ਆਦੇਸ਼ ਦਿਤਾ 1 ਜਾਤ-ਪਾਤ ਨੂੰ ਸਮਾਜ ਦਾ ਕੋਹੜ ਕਿਹਾ ਤੇ ਇਸ ਵਿਚੋਂ ਨਿਕਲਣ ਲਈ ਪ੍ਰੇਰਿਆ 1 ਹੰਕਾਰੀ ਬ੍ਰਾਹਮਣ ਲਾਲ ਚੰਦ ਦਾ ਹੰਕਾਰ ਤੋੜਿਆ , ਸਿਖੀ ਦਾ ਪ੍ਰਚਾਰ ਕੀਤਾ ਸਮਾਜ ਸੁਧਾਰ ਲਈ ਮਹਤਵ ਪੂਰਨ ਹੁਕਮਨਾਮੇ ਜਾਰੀ ਕੀਤੇ 1 ਉਸ ਵਕਤ ਤੰਬਾਕੂ ਦਾ ਨਸ਼ਾ ਨਵਾਂ ਨਵਾਂ ਭਾਰਤ ਵਿਚ ਪ੍ਰਚਲਿਤ ਹੋਇਆ ਸੀ 1 ਇਸ ਨੂੰ ਵਰਤਨ ਦੀ ਮਨਾਹੀ ਕੀਤੀ 1 ਗੋਂਦਾ ਮਲ ਵਰਗੇ ਜੁਆਰੀ ਤੇ ਸ਼ਰਾਬੀ ਨੂੰ ਇਸ ਲਤ ਤੋਂ ਮੁਕਤ ਕਰਵਾਇਆ ਤੇ ਹੁਕਨਾਮਾ ਜਾਰੀ ਕੀਤਾ ਕੀ ਇਸਦੀ ਵਰਤੋਂ ਕਿਸੇ ਨੇ ਨਹੀਂ ਕਰਨੀ 1 ਉਸ ਵਕਤ ਇਸਤਰੀ ਨੂੰ ਨੀਵਾਂ ਸਮਝਿਆ ਜਾਂਦਾ ਸੀ ਤੇ ਜੰਮਦਿਆਂ ਸਾਰ ਉਸ ਨੂੰ ਕੁੜੀ ਨੂੰ ਟੋਏ ਵਿਚ ਦਬ ਦਿਤਾ ਜਾਂਦਾ ਸੀ ਜਾਂ ਦਰਿਆ ਵਿਚ ਸੁਟ ਦਿਤਾ ਜਾਂਦਾ ਸੀ ਜਾਂ ਲੜਕੀ ਦਾ ਬਾਪ ਇਕ ਹਥ ਵਿਚ ਛੁਰੀ ਤੇ ਇਕ ਹਥ ਵਿਚ ਲੜਕੀ ਲੇਕੇ ਬਾਜ਼ਾਰਾਂ ਵਿਚ ਘੁੰਮਦਾ ਸੀ ਕੀ ਕਿਸੀ ਨੂੰ ਕੁੜੀ ਦੀ ਜਰੂਰਤ ਹੋਵੇ ਤਾਂ ਲੈ ਲਵੇ ਨਹੀਂ ਤੇ ਓਹ ਮਾਰ ਦੇਵੇਗਾ 1 ਗੁਰੂ ਸਾਹਿਬ ਨੇ ਫੁਰਮਾਨ ਜਾਰੀ ਕੀਤਾ ਕਿ ਕੁੜੀ-ਮਾਰ ਵਾਲੇ ਨਾਲ ਵਰਤਣਾ ਨਹੀਂ ਨਾ ਹੀ ਐਸੇ ਲੋਕਾਂ ਦੀ ਸੰਗਤ ਕਰਨੀ ਹੈ 1 ਤੇ ਬਾਅਦ ਵਿਚ ਕੁੜੀ ਮਾਰ ਨੂੰ ਤਨ੍ਖਾਹਿਆ ਕਰਾਰ ਕਰਣ ਦਾ ਹੁਕਮ ਵੀ ਜਾਰੀ ਹੋਇਆ 1
===============ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤੇਹ=======
Add comment