ਸਿੱਖ ਇਤਿਹਾਸ

ਗੁਰੂ ਰਾਮ ਦਾਸ ਜੀ – ਚੋਥੇ ਗੁਰੂ ਸਹਿਬਾਨ ( 1534 -1581 )

ਗੁਰੂ ਰਾਮ ਦਾਸ  ਸਿਖਾਂ ਦੇ ਚੋਥੇ ਗੁਰੂ ਸਹਿਬਾਨ ਜਿਨਾ  ਨੇ ਸਿਖਾਂ ਨੂੰ ਅਮ੍ਰਿਤਸਰ ਵਰਗੀ ਪਵਿਤਰ ਧਰਤੀ ਤੇ ਰਾਮਦਾਸ ਸਰੋਵਰ ਬਖਸ਼ਿਆ ਜਿਥੇ ਹਰ ਰੋਜ਼ ਹਜ਼ਾਰਾਂ ਲਖਾਂ ਦੀ ਗਿਣਤੀ ਵਿਚ ਸੰਗਤਾਂ ਆਦੀਆਂ , ਦਰਸ਼ਨ ਕਰਕੇ  ਆਪਣੇ ਤੰਨ ਮਨ ਦੀ  ਠੰਡਕ ਤੇ ਸ਼ਾਂਤੀ ਲੇਕੇ  ਪਰਤਦੀਆਂ  1ਇਸ  ਵਿਚ ਹੀ ਪਾਵਨ ਹਰਮੰਦਿਰ ਸਾਹਿਬ ਦੀ  ਸਾਜਨਾ  ਤੇ ਗੁਰੂ ਗ੍ਰੰਥ ਸਾਹਿਬ – ਸਿਖਾਂ ਦੇ ਗਿਆਰਵੇਂ  ਗੁਰੂ ਅਸਥਾਨ ਦੀ ਸਥਾਪਨਾ ਕਰਕੇ ਇਸ ਧਰਤੀ ਨੂੰ ਸ੍ਵਰਗ ਬਣਾ ਦਿਤਾ ਤੇ ਅਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ 1

ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 11 ਭਟਾਂ ਵਿਚੋ 7 ਭਟਾਂ , 121 ਵਿਚੋਂ 60 ਸਵਈਏ ਲਿਖ ਕੇ ਆਪਜੀ ਦੀ ਮਹਾਨ ਅਧਿਆਤਮਿਕ ਪਹੁੰਚ ਨੂੰ ਸਤਕਾਰਿਆ ਤੇ ਸਨਮਾਨਿਆ ਤੇ ਬਿਨਤੀ ਕੀਤੀ ਹੈ ਕੀ ਸਾਨੂੰ ਆਪਣੀ ਸ਼ਰਨ ਵਿਚ ਰਖੋ ਜਿਸਦੀ ਸਾਨੂੰ  ਬੜੀ ਲੋੜ ਹੈ 1

                   ਇਕ ਅਰਦਾਸਿ ਭਾਟ ਕੀਰਤਿ ਕੀ

                  ਗੁਰੂ ਰਾਮ ਦਾਸ ਰਾਖਹੁ ਸਰਣਾਈ

ਬਚਪਨ

ਗੁਰੂ ਰਾਮ ਦਾਸ ਜੀ ਜਿਨਾ ਨੂੰ ਜਨਮ ਤੋ ਜੇਠਾ ਕਿਹਾ ਜਾਂਦਾ ਸੀ ਦਾ  ਪ੍ਰਕਾਸ਼  24 ਸਤੰਬਰ 1539 ਸੰਨ ਵਿਚ ਹਰਿ ਦਾਸ ਤੇ ਮਾਤਾ ਦਯਾ ਵਤੀ ਜੀ ਦੇ ਘਰ ਹੋਇਆ  ਜੋ ਆਪਣੀ ਕਿਰਤ ਕਮਾਈ ,ਇਮਾਨਦਾਰੀ ਕਰਕੇ ਸਮਾਜ ਵਿਚ ਮੰਨੇ ਪ੍ਰਵਨੇ ਸਨ 1  ਮਾਤਾ–ਪਿਤਾ ਨੇ   ਆਪਜੀ ਦਾ ਨਾਉ  ਰਾਮਦਾਸ ਰਖਿਆ , ਪਰ ਪਲੇਠੀ ਦਾ ਪੁਤਰ ਹੋਣ ਕਰਕੇ , ਮਾਪੈ , ਆਂਢ-ਗੁਆਂਢ , ਸਾਕ -ਸਬੰਧੀ ਇਨ੍ਹਾ  ਨੂੰ ਜੇਠਾ  ਕਹਿਣ ਲਗ ਪਏ 1 ਸੁੰਦਰਤਾ ਦੀ  ਸਿਖਰ , ਤਿਖੇ ਨੈਨ-ਨਕਸ਼ , ਚੋੜਾ ਮਥਾ ਤੇ ਤੇਜ ਪ੍ਰਤਾਪ ਵਾਲੇ ਭਾਈ ਜੇਠਾ ਜੀ ਬਚਪਨ ਤੋਂ ਹੀ ਰਬ ਤੇ ਰਬ ਦੇ ਬੰਦਿਆਂ  ਨਾਲ ਪਿਆਰ ਕਰਨ ਵਾਲੇ ਸੀ1 ਬਚਪਨ ਤੋ ਹੀ ਆਪਣੇ ਹਾਣੀਆ ਨਾਲ ਭਗਤੀ ਭਾਵ ਦੀਆਂ ਗਲਾ ਕਰਦੇ ਸੀ

ਗੁਰੂ ਰਾਮਦਾਸ ਅਜੇ ਮਸਾਂ ਸਤ ਕੁ  ਸਾਲ ਦੇ ਹੋਏ ਸਨ ਕੀ ਪਹਿਲੇ ਮਾਤਾ ਦੇ ਫਿਰ ਪਿਤਾ ਦੋਨੋ ਹੀ ਚਲਾਣਾ ਕਰ ਗਏ  1 ਦਾਦਕੇ ਪਰਿਵਾਰ ਵਿਚੋਂ ਕਿਸੇ ਨੇ ਇਨ੍ਹਾ  ਦੀ ਜਿਮੇਵਾਰੀ ਨਹੀ ਲਈ 1 ਆਂਢ ਗੁਆਂਢ  ਇਨ੍ਹਾ ਨੂੰ ਨਹਿਸ਼  ਤੇ ਯਤੀਮ ਸਮਝਕੇ ਆਪਣੇ ਬਚਿਆਂ ਤੇ ਇਨਾਂ ਦਾ  ਸਾਇਆ ਵੀ ਨਾਂ  ਪੈਣ ਦਿੰਦੇ 1 ਆਪ ਜੀ ਦੀ ਨਾਨੀ  ਜਦ ਲਾਹੋਰ ਆਈ ,  ਰਿਸ਼ਤੇਦਾਰਾਂ ਦੀ ਸਲਾਹ ਮੰਨ ਕੇ ਇਨ੍ਹਾਂ ਨੂੰ ਬਸਾਰਕੇ ਆਪਣੇ ਨਾਲ ਲੈ ਗਈ 1 ਰੋਜ਼ੀ ਰੋਟੀ ਦਾ ਸਾਧਨ ਨਾਨੀ ਕੋਲ ਵੀ ਨਹੀ ਸੀ 1 ਸੋ  ਘੁਂਘਣਿਆਂ ਵੇਚਣ ਦੀ ਕਿਰਤ ਕਰਨੀ ਆਰੰਭ ਕਰ ਦਿਤੀ 1 ਰੋਜ਼ ਥਕੇ ਟੁਟੇ ਰਾਹੀਆਂ ਨੂੰ ਘੁਂਘਣਿਆਂ ਵੇਚਦੇ ਤੇ ਲੋੜਵੰਦਾ ਨੂੰ ਬਿਨਾ ਪੈਸਿਆ ਤੋ ਹੀ ਛਕਾ ਦਿੰਦੇ 1 ਇਕ ਦਿਨ ਇਕ ਸਾਧੂ  ਦੀ ਟੋਲੀ ,ਜੋ ਕਈ ਦਿਨ ਦੇ ਭੁਖੇ ਸਨ , ਸਾਰੀਆਂ ਘੁਘਣਿਆਂ ਖੁਆ ਦਿਤੀਆਂ 1 ਨਾਨੀ ਇਨਾ ਦੀ ਭਾਵਨਾ ਨੂੰ ਸਮਝਦੀ  ਸੀ ਕੁਝ ਕਹਿੰਦੀ  ਨਹੀ ਸੀ  ਤੇ ਦਿਲੋ-ਦਿਲ  ਖੁਸ਼ ਵੀ ਹੁੰਦੀ  1  ਉਹ ਪੰਜ  ਸਾਲ ਨਾਨੀ ਕੋਲ  ਰਹੇ1  1546 ਵਿਚ ਜੇਠਾ ਜੀ ਨੂੰ  ਗੋਇੰਦਵਾਲ ਸਾਹਿਬ ਆਣ ਦਾ ਮੋਕਾ ਮਿਲਿਆ 1

29  ਮਾਰਚ 1552 ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਨੂੰ ਗੁਰਗਦੀ ਦੇਕੇ ਜੋਤੀ ਜੋਤ ਸਮਾ ਗਏ 1 ਉਸ ਵਕ਼ਤ ਗੁਰੂ ਅਮਰ ਦਾਸ ,ਗੁਰੂ ਅੰਗਦ  ਦੇਵ ਜੀ ਦੇ ਹੁਕਮ ਨਾਲ ਗੋਇੰਦਵਾਲ ਸ਼ਹਿਰ ਨੂੰ ਵਸਾਣ ਵਿਚ ਲਗੇ ਹੋਏ  ਸੀ1  ਗੁਰਗਦੀ ਤੋ  ਬਾਦ ਓਹ ਗੋਇੰਦਵਾਲ ਸਾਹਿਬ ਹੀ ਆ ਟਿਕੇ 1  ਗੁਰੂ ਸਾਹਿਬ ਦੇ ਆਉਣ ਨਾਲ  ਇਥੇ ਰੋਣਕਾ ਲਗਣ ਲਗ ਗਈਆਂ 1 ਸੰਗਤਾ ਦੂਰ ਦੁਰਾਡੇ ਤੋ ਆਉਦੀਆਂ ਉਨ੍ਹਾ  ਦੇ ਦਰਸ਼ਨ ਕਰਦੀਆ ਤੇ ਆਸ਼ੀਰਵਾਦ ਲੈਂਦੀਆਂ 1ਜਦ ਇਨੀਆਂ ਸੰਗਤਾ ਦਾ ਆਣਾ-ਜਾਣਾ ਸ਼ੁਰੂ ਹੋ ਗਿਆ ਤਾਂ  ਪਾਣੀ ਦੀ ਥੁੜ ਮਹਿਸੂਸ ਹੋਣ ਲਗੀ 1  ਗੁਰੂ ਸਾਹਿਬ ਨੇ ਇਥੇ  ਬਾਓਲੀ ਬਣਵਾਨੀ ਸ਼ੁਰੂ ਕਰ ਦਿਤੀ 1

ਇਕ ਵਾਰੀ ਜਦੋ ਗੁਰੂ ਸਾਹਿਬ ਬ੍ਸਾਰਕੇ ਗਏ ਤਾਂ  ਪਰਚਾਣੀ ਲਈ ਨਾਨੀ ਦੇ ਘਰ ਵੀ ਗਏ 1 ਜਦ ਨਾਨੀ ਕੋਲੋਂ ਘਰ ਦੇ ਹਾਲਾਤਾਂ ਦਾ ਪਤਾ ਲਗਾ ਤਾਂ ਉਨ੍ਹਾ  ਨੇ  ਰਾਮਦਾਸ ਜੀ ਦੀ ਨਾਨੀ ਨੂੰ ਗੋਇੰਦਵਾਲ  ਵਸਣ ਦੀ ਸਲਾਹ ਤੇ  ਸਦਾ ਦਿਤਾ  ਕੀ ਇਥੇ, ਕਾਫੀ ਲੋਕ  ਕੰਮ ਕਰ ਰਹੇ ਹਨ, ਕਾਫੀ ਰੋਣਕਾਂ ਹਨ  ਤੁਹਾਡਾ ਘੁਘਣਿਆਂ ਦਾ ਕੰਮ ਵੀ ਚੰਗਾ ਚਲ ਪਾਏਗਾ ਤੇ ਬਚੇ ਦੀ ਪਾਲਣਾ ਵੀ ਹੋ ਜਾਏਗੀ  1 ਸੋ ਜੇਠਾ ਜੀ ਤੇ ਨਾਨੀ ਬ੍ਸਾਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ 1ਇਹ ਪਤਾ ਨਹੀ ਕਿਹੜੀ ਅਗੰਮੀ  ਖਿਚ ਸੀ ਜਿਸਨੇ ਗੁਰੂ ਅਮਰ ਦਾਸ ਜੀ ਦੇ ਮੁਖ ਤੋਂ ਇਹ ਬਚਨ ਨਿਕਲਵਾਏ1 ਸ਼ਾਇਦ ਗੁਰੂ ਸਾਹਿਬ ਨੇ ਆਪਣੇ ਵਾਰਸ ਨੂੰ ਪਹਿਚਾਣ ਲਿਆ ਸੀ 1

 ਬਿਰਥ ਨਾਨੀ ਰਾਤ ਨੂੰ ਹੀ ਕਣਕ  ਭਿਉ ਰਖਦੀ  1 ਸਵੇਰੇ ਹੀ ਜੇਠਾ ਜੀ ਗੁਰੂ ਦਰਬਾਰ ਵਿਚ ਜਿਥੇ ਕਾਰ  -ਸੇਵਾ ਹੁੰਦੀ ਮਿਠੀ ਤੇ ਸੁਰੀਲੀ ਅਵਾਜ਼ ਵਿਚ ਸੋਦਾ ਵੇਚਦੇ ,ਸੰਗਤਾਂ ਨੂੰ  ਠੰਡਾ ਜਲ  ਛਕਾਂਦੇ ਤੇ ਨਾਲ ਨਾਲ ਤਂਤੀ ਵਜਾ ਕੇ  ਗੁਰਬਾਣੀ ਵੀ ਸੁਣਾਉਂਦੇ  ਰਹਿੰਦੇ 1 ਸੰਗਤਾਂ  ਉਨ੍ਹਾ  ਦੀ ਸੋਹਣੀ ਸੂਰਤ , ਮਿਠੀ ਅਵਾਜ਼ ਤੇ ਗੁਣੀ ਸੁਭਾਵ ਕਰਕੇ ਬਦੇ -ਬਦੀ ਖਿਚੀਆਂ ਆਉਦੀਆਂ 1  ਘੁਂਘਨੀਆਂ ਵੇਚਣ ਤੋ ਬਾਦ ਜੇਠਾ ਜੀ ਗੁਰੂ ਦਰਬਾਰ ਵਿਚ ਹਾਜਰੀ ਭਰਦੇ , ਬੜੇ ਪਿਆਰ ਨਾਲ  ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ ਤੇ ਕਦੀ ਕਦੀ ਤੰਤੀ ਵਜਾਕੇ ਕੀਰਤਨ ਵੀ ਕਰਦੇ  1 ਇਸ  ਬਚੇ ਦੀ ਇਸ ਛੋਟੀ ਜਹੀ ਉਮਰ ਵਿਚ  ਇਤਨੀ ਲਗਨ , ਪ੍ਰੇਮ ਸਾਦਗੀ ,ਤੇ ਨਿਮਰਤਾ  ਦੇਖ ਕੇ  ਗੁਰੂ ਸਹਿਬ ਮਨ ਹੀ ਮਨ ਵਿਚ ਬਹੁਤ ਖੁਸ਼ ਹੁੰਦੇ ਤੇ  ਉਸਨੂੰ ਆਸ਼ੀਰਵਾਦ ਦਿੰਦੇ 1

ਬੀਬੀ ਭਾਨੀ ਜੀ ਦਾ ਵਿਵਾਹ

    ਗੁਰੂ ਅਮਰ ਦਾਸ ਦੀਆ ਦੋ ਸ੍ਪੁਤਰੀਆਂ ਸਨ ਵਡੀ ਪੁਤਰੀ ਦਾਨੀ  ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਗਿਆ 1 ਛੋਟੀ ਪੁਤਰੀ ਭਾਨੀ  ਦੇ ਵਿਆਹ ਦਾ ਜਿਕਰ ਆਪਣੀ ਪਤਨੀ ਮਨਸਾ ਦੇਵੀ ਨਾਲ ਕਰਦਿਆਂ ਕਰਦਿਆਂ ਇਕ ਦਿਨ ਅਚਾਨਕ ਪੁਛ ਲਿਆ ਕਿ ਬੀਬੀ ਭਾਨੀ ਲਈ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਹੈ ?  ਸਾਮਣੇ ਬੈਠੇ ਭਾਈ ਜੇਠਾ ਜੀ ਘੁਘਣਿਆਂ ਵੇਚ ਰਹੇ ਸਨ , ਕਹਿਣ ਲਗੇ ਇਹੋ ਜਿਹਾ , ਤਾਂ  ਗੁਰੂ ਸਾਹਿਬ ਨੇ ਕਿਹਾ ਕੀ ਇਹੋ ਜਿਹਾ ਤਾ ਸਿਰਫ ਇਹੀ ਹੋ ਸਕਦਾ ਹੈ ? ਬਸ ਫੈਸਲਾ ਕਰ ਲਿਆ  1  ਨਾਨੀ ਨੂੰ ਬੁਲਾ ਕੇ ਬੀਬੀ ਭਾਨੀ ਦਾ ਰਿਸ਼ਤਾ ਪਕਾ ਕਰ ਦਿਤਾ 1 ਅਗਲੇ ਸਾਲ ਜੇਠਾ ਜੀ ਨੂੰ ਸਭ ਗੁਣ ਸੰਪੂਰਨ ਦੇਖਕੇ, ਬੀਬੀ ਭਾਨੀ ਦਾ ਵਿਆਹ ਜੇਠਾ ਜੀ ਨਾਲ ਕਰਵਾ ਦਿਤਾ 1

ਗੁਰੂ ਅਮਰ ਦਾਸ  ਜੇਠਾ ਜੀ ਦੀ ਸਖਸ਼ੀਅਤ ਤੋ ਕਾਫੀ ਪਰਭਾਵਤ ਸਨ 1 ਉਨ੍ਹਾ  ਦੀ ਅਦੁਤੀ ਸੇਵਾ, ਨਿਮਰਤਾ ਮਿਠਾ ਬੋਲਣਾ, ਤੇ ਚੇਹਰੇ ਤੇ ਅਲਾਹੀ ਨੂਰ ਸੀ 1 ਵਿਆਹ ਤੋ ਬਾਅਦ ਵੀ ਓਹ ਗੁਰੂ ਅਮਰਦਾਸ ਦੀ ਤਨ-ਮਨ  ਨਾਲ ਸੇਵਾ ਕਰਦੇ 1  ਗੋਇੰਦਵਾਲ ਦੀ ਬਾਓਲੀ ਸੇਵਾ ਦੀ ਤਿਆਰੀ ਕੀਤੀ, ਜਿਸਦਾ ਸਾਰਾ ਕਾਰਜ ਰਾਮਦਾਸ ਜੀ ਨੇ ਸਂਭਾਲ ਲਿਆ 1 ਸੇਵਾ ਕਰਦੇ ਕਰਦੇ ਓਹ ਖੁਦ ਵੀ ਟੋਕਰੀਆਂ ਢੋਂਦੇ1 ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ, ਕਾਰ ਸੇਵਾ ਤੇ ਲੰਗਰ ਦੀ ਸੇਵਾ ਵਿਚ ਲਗੇ ਰਹਿੰਦੇ 1 ਉਨਾ ਦੀ ਹਲੀਮੀ, ਬਾਣੀ ਦੀ ਮਿਠਾਸ , ਤੇ ਤਾਂਤੀ ਵਜਾਕੇ ਕੀਰਤਨ ਕਰਨ ਨਾਲ ਸੰਗਤਾਂ ਨਿਹਾਲ ਹੋ ਜਾਂਦੀਆ  ਬੀਬੀ ਭਾਨੀ ਦਾ ਵੀ ਸਮੁਚਾ ਜੀਵਨ ਗੁਰੂ ਘਰ ਦੀ ਸੇਵਾ ਵਿਚ ਹੀ ਲੰਘਿਆ 1 ਓਹ ਵੀ ਆਪਣੇ ਪਿਤਾ ਨੂੰ ਗੁਰੂ ਨਾਨਕ ਦਾ ਰੂਪ ਜਾਣ ਸੇਵਾ ਵਿਚ ਲਗੇ ਰਹਿੰਦੇ 1 ਇਕ ਦਿਨ ਭਾਨੀ ਜੀ ਗੁਰੂ ਅਮਰ ਦਾਸ ਜੀ ਨੂੰ ਨੁਹਾ ਰਹੇ ਸੀ 1 ਅਚਾਨਕ ਚੋਕੀ ਦਾ ਪਾਵਾ ਟੁਟ ਗਿਆ,ਇਹ ਸੋਚਕੇ ਕੀ ਗੁਰੂ ਸਾਹਿਬ ਡਿਗ ਨਾ ਪੈਣ ਆਪਣਾ ਹਥ ਥਲੇ ਰਖ ਦਿਤਾ, ਲਹੂ  ਦੇ ਫੋਹਾਰੇ ਛੁਟੇ 1 ਜਦੋਂ ਗੁਰੂ ਅਮਰ ਦਾਸ ਜੀ ਨੇ ਪੁਛਿਆ ਤਾਂ ਇਨਾ ਦੀ ਸੇਵਾ ਦੇਖਕੇ ਬਹੁਤ ਖੁਸ਼ ਹੋਏ 1  ਕੁਝ ਮੰਗਣ ਨੂੰ ਕਿਹਾ 1 ਬੀਬੀ ਭਾਨੀ ਨੇ ਘਰ ਦੀ ਗਦੀ  ਘਰ ਵਿਚ ਰਹੇ ਦੀ ਮੰਗ ਕੀਤੀ 1  ਗੁਰੂ ਸਾਹਿਬ ਨੂੰ ਲਗਾ ਕੀ ਬੀਬੀ ਭਾਨੀ ਦੇ ਦਿਲ ਵਿਚ ਗਦੀ  ਦਾ ਲਾਲਚ ਆ ਗਿਆ ਹੈ1 ਕਰਨ ਪੁਛਿਆ ਤਾਂ ਮਾਤਾ ਭਾਨੀ ਨੇ ਜਵਾਬ ਦਿਤਾ ਕੀ ਅਓਣ ਵਾਲੇ ਸਮੇ ਵਿਚ ਜੇਹੜੀਆਂ ਕੁਰਬਾਨੀਆ ਦੀ ਲੋੜ ਹੈ ਓਹ ਸ਼ਾਇਦ ਇਸ ਘਰ ਤੋ ਇਲਾਵਾ ਕੋਈ ਨਹੀ ਦੇ ਸਕੇਗਾ 1

ਇਕ ਦਿਨ ਰਾਮ ਦਾਸ ਜੀ ਨੇ ਬਾਓਲੀ ਦੀ ਸੇਵਾ ,ਕਰਦੇ ਸਿਰ ਤੇ ਤਸਲਾ ਚੁਕਿਆ ਹੋਇਆ ਸੀ 1 ਕਪੜੇ ਸਾਰੇ ਮਿਟੀ  ਤੇ ਗਾਰੇ ਨਾਲ ਲਿਬੜੇ ਹੋਏ ਸੀ1 ਓਨ੍ਹਾ  ਦੇ ਰਿਸ਼ਤੇਦਾਰ ਤੇ ਗੁਆਂਢੀ ,ਜੋ ਲਾਹੋਰ ਦੀਆਂ ਸੰਗਤਾ ਨਾਲ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਈਆਂ ਹੋਈਆਂ ਸੀ ,ਜਦ ਜੇਠੇ ਜੀ  ਨੂੰ ਦੇਖਿਆ ਤੇ ਬੁਰਾ ਭਲਾ ਕਿਹਾ ” ਤੂੰ ਪੇਟ ਦੀ ਖਾਤਿਰ ਸਹੁਰਿਆਂ ਦੀ ਟੋਕਰੀ ਢੋਂਦਾ ਹੈ ,  ਤੂੰ  ਤਾਂ ਸਾਡੇ ਪਿੰਡ ਦਾ ਨਕ ਵਢਾ ਦਿਤਾ ਹੈ1  ਗੁਰੂ ਸਾਹਿਬ ਨੂੰ ਵੀ ਓਲਾਹ੍ਣਾ ਦਿਤਾ ਕਿ ਤੁਸੀਂ ਜਵਾਈ ਕੋਲੋਂ ਮਜਦੂਰੀ ਕਰਾ ਰਹੇ ਹੋ 1 ਜਦੋਂ ਭਾਈ ਜੇਠਾ ਜੀ ਨੂੰ ਪਤਾ ਲਗਾ ਤਾਂ ਬਹੁਤ ਦੁਖੀ ਹੋਏ 1 ਗੁਰੂ ਸਾਹਿਬ ਦੇ ਚਰਨਾ ਵਿਚ ਡਿਗ ਪਏ ਤੇ ਕਹਿਣ ਲਗੇ ਇਹ ਮੈਨੂੰ  ਬਹੁਤ  ਪਿਆਰ ਕਰਦੇ ਹਨ 1 ਇਨਾ ਤੋਂ ਭੁਲ ਹੋ ਗਈ ਹੈ ,ਮਾਫ਼ ਕਰ ਦਿਓ 1 ਮੈਨੂੰ ਸੇਵਾ ਵਿਚ  ਕਿਤਨਾ ਅਨੰਦ ਤੇ ਸੁਖ ਮਿਲਦਾ ਹੈ ਓਹ  ਇਹ ਨਹੀ ਜਾਣਦੇ1

ਗੁਰਗਦੀ

ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ  ਇਨਾ ਸਭ  ਗੁਣਾ ਕਰਕੇ ਇਕ ਦਿਨ ਓਹ ਗਦੀ  ਦੇ ਵਾਰਿਸ ਬਣ ਗਏ , ਗੁਰੂ ਅਮਰ ਦਾਸ ਨੇ ਆਪਣੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ ,ਭਾਈ ਜੇਠਾ ਜੀ ਨੂੰ ਗਦੀ  ਦੇਕੇ ਗੁਰੂ ਰਾਮ ਦਾਸ ਬਣਾ ਦਿਤਾ 1  ਗੁਰ ਗਦੀ ਦੀ ਰਸਮ ਬਾਬਾ ਬੁਢਾ ਜੀ ਤੋਂ ਕਰਵਾਈ 1 ਗੁਰੂ ਸਾਹਿਬ ਦੇ ਦੋ ਪੁਤਰ ਸਨ ਜਿਨਾ ਨੂੰ ਉਨਾ ਨੇ ਗੁਰਗਦੀ ਦੇ ਲਾਇਕ ਨਹੀ ਸਮਝਿਆ ਮਹਾਦੇਵ ਤਾਂ ਮਸਤ ਸਾਧੂ  ਸੁਭਾਵ ਦਾ ਸੀ , ਪਰ ਪ੍ਰਿਥੀਏ ਨੇ ਕਾਫੀ ਝਗੜਾ  ਕੀਤਾ ਤੇ ਦਿਨ ਬਦਿਨ ਗੁਸਤਾਖ ਹੁੰਦਾ ਗਿਆ 1 ਗੁਰੂ ਸਾਹਿਬ ਨੇ ਉਸਨੂੰ ਮੀਣਾ ਕਹਿਕੇ ਕਦੇ ਨਾ ਮਥੇ ਲਗਣ ਦਾ ਹੁਕਮ ਦੇ ਦਿਤਾ1

           ਕਾਹੇ ਪੂਤ ਝਗਰਤ ਹਓ ਸੰਗਿ ਬਾਪ

           ਜਿਨਕੇ ਜਣੇ ਵਡੀਰੇ  ਤੁਮ ਹਓ ਤਿਨ ਸਿਓਂ ਝਗਰਤ ਪਾਪ

ਅਮ੍ਰਿਤਸਰ  ਦੀ ਅਸਥਾਪਣਾ ;-

 ਜੋਤੀ ਜੋਤ ਸਮਾਣ ਤੋਂ 4 ਸਾਲ ਪਹਿਲਾਂ ਗੁਰੂ ਅਮਰ ਦਾਸ ਜੀ ਨੇ , ਜਿਥੇ ਅਜ ਅਮ੍ਰਿਤ੍ਸਰ ਹੈ , ਪੂਰਾ ਪੂਰਾ ਪਤਾ ਸਮਝਾ ਕੇ ਸਰੋਵਰ ਤੇ ਨਵਾਂ ਨਗਰ ਵਸਾਓਣ ਦਾ ਹੁਕਮ ਦਿਤਾ 1 ਗੁਰੂ ਰਾਮ ਦਾਸ ਨੇ ਇਥੇ ਇਕ ਸਰੋਵਰ ਦੀ ਖੁਦਾਈ ਅਰੰਭੀ ਜੋ ਸੰਤੋਖ ਸਰ ਦੇ ਨਾਂ ਨਾਲ ਜਾਣਿਆ ਗਿਆ , ਜਿਸਦੀ ਉਸਾਰੀ  ਗੁਰੂ ਅਰਜੁਨ ਦੇਵ ਜੀ ਨੇ ਪੂਰੀ  ਕੀਤੀ 1 ਜਿਥੇ ਸੇਵਾ ਵਕਤ ਆਪ ਇਕ ਟਾਹਲੀ ਦੇ ਹੇਠ ਬੇਠਕੇ ਸਰੋਵਰ ਤੇ ਸਰੋਵਰ ਦੇ ਕੰਮਾ  ਬਾਰੇ ਹਿਦਾਇਤਾਂ  ਤੇ ਗੁਫਤ -ਗੁ ਕਰਦੇ ਸਨ ਉਥੇ  ਅਜ ਟਾਹਲੀ ਸਾਹਿਬ ਗੁਰੂਦਵਾਰਾ ਹੈ 1  ਸੰਤੋਖ ਸਰ ਤੋਂ ਥੋੜੀ ਦੂਰ ਇਕ ਨਗਰ ਦੀ ਮੋੜੀ ਗਡੀ, ਜਿਸ ਨੂੰ  ਗੁਰੂ ਕਾ ਚਕ ,ਜਾਂ  ਚਕ ਰਾਮਦਾਸ  ਕਿਹਾ ਜਾਂਦਾ ਸੀ , ਮਗਰੋਂ ਅਮ੍ਰਿਤਸਰ  ਕਰਕੇ ਮਸ਼ਹੂਰ ਹੋਇਆ 1

 1574 ਵਿਚ ਇਹ  500 ਵਿਘਾ ਜਮੀਨ ਤੁੰਗ ਪਿੰਡ ਦੇ ਜ਼ਮੀਂਦਾਰ ਕੋਲੋਂ ਖਰੀਦੀ ਗਈ ਸੀ 1  ਗੁਰੂ ਸਾਹਿਬ ਨੇ ਆਪਣੀ ਪਕੀ ਰਿਹਾਇਸ਼ ਇਥੇ ਕਰ ਲਈ 1 ਇਸਦੀ ਇਤਿਹਾਸਿਕ, ਧਾਰਮਿਕ ,ਆਰਥਿਕ ਤੇ ਸਮਾਜਿਕ ਉਨਤੀ ਲਈ ਵਿਸ਼ੇਸ਼ ਕਾਰਜ ਸ਼ੁਰੂ ਕੀਤੇ  1 ਇਸ ਨਗਰੀ ਨੂੰ ਧਰਮ ਦੀ ਕਿਰਤ ਕਰਨ ਵਾਲੇ, ਹੁਨਰ ਅਤੇ ਦਸਤਕਾਰੀ  ਰਾਹੀ ਮੇਹਨਤ ਕਰਕੇ ਰੋਜ਼ੀ ਕਮਾਉਣ  ਵਾਲੇ ਲੋਕਾਂ ਦੀ ਨਗਰੀ ਬਨਾਓਣ   ਲਈ 52 ਕਿਸਮਾਂ ਦੇ ਵਖ ਵਖ ਕਿਤੇ ਕਰਨ ਵਾਲੇ ਹੁਨਰਮੰਦਾਂ ਨੂੰ  ਮੁਫਤ ਜਗਹ ਦਿਤੀ ਤੇ ਵਿਓਪਾਰਿਕ ਕੇਂਦਰ  ਖੋਲੇ 1 ਸੰਗਤਾਂ ਦੀਆਂ ਲੋੜਾ ਅਨੁਸਾਰ ਬਾਜ਼ਾਰ ਬਣਵਾਏ 1 ਉਨ੍ਹਾ  ਦੀ ਰਹਾਇਸ਼ ਲਈ ਪ੍ਰਬੰਧ  ਕੀਤਾ 1 ਇਹ ਨਗਰੀ ਧਰਮ ਦੀ ਕਿਰਤ ਕਰਨ ਵਾਲੇ ਵਪਾਰੀ ਤੇ  ਗ੍ਰਹਿਸਤੀਆ ਦੀ ਹੋਵੇ ਜਿਥੇ ਕੋਈ ਭੁਖਾ, ਵੇਹਲੜ, ਮੁਫਤ -ਖੋਰਾ ਤੇ ਜੁਲਮ ਕਰਨ ਵਾਲਾ ਰਹੀਸ ਨਾ ਹੋਵੇ ,ਹਰ ਮਜਹਬ ਦੇ  ਲੋਕ ਸੁਖ ਸ਼ਾਂਤੀ ਨਾਲ  ਵਸਣ  1 ਅਜ ਅਮ੍ਰਿਤਸਰ ਦੁਨਿਆ  ਦਾ ਇਕ ਪ੍ਰਸਿਧ ਦਸਤਕਾਰੀ  ਤੇ ਵਿਓਪਾਰਕ ਕੇਂਦਰ ਮੰਨਿਆ  ਜਾਂਦਾ ਹੈ  1

ਗੁਰੂ ਰਾਮਦਾਸ ਸਰੋਵਰ ;-

ਗੁਰੂ ਅਮਰਦਾਸ ਦੀ ਆਗਿਆ ਅਨੁਸਾਰ 1577 ਵਿਚ ਦੁਖ ਭੰਜਨੀ  ਬੇਰੀ ਵਾਲੀ ਥਾਂ ਤੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿਤੀ 1 ਇਥੇ ਹੀ ਗੁਰੂ ਅਰਜਨ ਦੇਵ ਜੀ ਨੇ 1588 ਵਿਚ ਹਰਮੰਦਿਰ ਸਾਹਿਬ ਦੀ ਨੀਹ ਇਕ ਨਾਮੀ ਮੁਸਲਮਾਨ ਫਕੀਰ  ਮੀਆ ਮੀਰ ਕੋਲੋਂ ਰਖਵਾਈ  ਜੋ ਸਿਖਾਂ ਦਾ ਇਕ ਧਾਰਮਿਕ ਕੇਂਦਰ ਬਣ ਗਿਆ 1 ਇਥੇ ਗੁਰੂ ਰਾਮਦਾਸ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ 1 ਸੰਗਤ ਦੀ ਗਿਣਤੀ ਦਿਨ ਬਦਿਨ ਵਧਣ ਕਰਕੇ ਸ਼ਹਿਰ ਦੀ ਉਸਾਰੀ ਨੂੰ ਹੋਰ ਵਧਾਣਾ  ਪਿਆ 1 ਸਰੋਵਰ ਨੂੰ ਪਕਿਆਂ ਕਰਨ ਲਈ ਮਸੰਦ ਨੀਅਤ  ਕੀਤੇ ਜਿਨਾ ਨੇ ਪ੍ਰਚਾਰ ਤੇ ਪ੍ਰਸਾਰ  ਦੇ ਨਾਲ ਨਾਲ  ਗੁਰੂ ਘਰ ਦੀ ਭੇਟਾ, ਗੁਰੂ  ਘਰ ਵਿਚ ਲਿਆਣ  ਦੀ ਜਿਮੇਦਾਰੀ ਵੀ ਸੰਭਾਲ ਲਈ  1

ਮਸੰਦ :-

ਮਸੰਦ  ਮੰਜੀਆਂ ਦੇ ਮੁਖੀਏ  ਜਾਂ ਸੰਗਤ ਦੀ ਇਕਠੀ ਕੀਤੀ ਭੇਟਾ ਨੂੰ ਗੁਰੂ ਘਰ ਤਕ  ਪੁਚਾਣ ਵਾਲੇ ਸਿਖ ਸਨ 1 ਗੁਰੂ ਅਮਰ ਦਾਸ ਨੇ 22 ਮੰਜੀਆਂ ਦੀ ਸਥਾਪਨਾ ਕੀਤੀ ਸੀ  ਪਰ ਅਮ੍ਰਿਤਸਰ ਸ਼ਹਿਰ ਦੇ ਵਸਣ ਨਾਲ ਸੰਗਤ ਦਾ ਵਾਧਾ ਹੋ ਗਿਆ 1  ਸਰੋਵਰ ਦੀ ਖੁਦਾਈ ਵੀ ਸ਼ੁਰੂ ਹੋ ਗਈ 1 ਵਖ ਵਖ ਕਿਤਿਆਂ ਨੂੰ ਵਸਾਣ  ਲਈ ਮਾਇਆ ਦੀ ਵੀ ਲੋੜ ਪੈਂਦੀ 1 ਪ੍ਰਚਾਰਕ ਆਪਣੀਆ ਮੰਜੀਆਂ  ਤੇ ਪ੍ਰਚਾਰ ਨੂੰ ਛਡ ਕੇ ਵਕਤ ਸਿਰ ਨਾ ਪਹੁੰਚ ਪਾਂਦੇ  ਜਿਸ ਨਾਲ ਕਈ ਕੰਮ ਰੁਕ ਜਾਂਦੇ 1  ਸੋ ਗੁਰੂ ਰਾਮ ਦਾਸ ਜੀ ਮੰਜੀਆਂ ਤੇ ਪੀੜੀਆਂ ਦੇ ਨਾਲ ਨਾਲ  ਮਸੰਦ ਸੰਸਥਾ ਸ਼ੁਰੂ ਕੀਤੀ ਜੋ ਵਕਤ ਸਿਰ  ਭੇਟਾ ਲਿਆਣ ਦੇ ਨਾਲ ਨਾਲ ਸਿਖੀ  ਪ੍ਰਚਾਰ ਵੀ ਕਰਦੇ   1 ਇਨਾ ਮਸੰਦਾ ਨੇ ਕੋਮ ਉਸਾਰੀ ਲਈ ਸ਼ੁਰੂ ਸ਼ੁਰੂ ਵਿਚ ਕਾਫੀ ਹਿਸਾ  ਪਾਇਆ 1 ਕਿਓਂਕਿ ਉਸ ਵੇਲੇ ਮਸੰਦ ਉਚੇ ਆਚਰਨ ਵਾਲੇ , ਦਿਆਨਤਦਾਰ ਤੇ ਉਤਸ਼ਾਹੀ ਸਨ 1 ਹੋਲੀ ਹੋਲੀ ਮਾਇਆ ਸਿਰ ਚੜ ਜਾਣ ਨਾਲ ਬੇਈਮਾਨ ਹੋ ਗਏ 1

ਸਤੀ ਰਸਮ ਤੇ ਵਿਧਵਾ ਵਿਵਾਹ

ਗੁਰੂ ਸਾਹਿਬ ਨੇ  ਪਹਿਲੇ ਗੁਰੂਆਂ ਦੇ ਸਿਧਾਂਤਾ ਨੂੰ ਸਿਖਾਂ ਵਿਚ ਦ੍ਰਿੜ ਕਰਵਾਏ  1  ਕਈ ਸਮਾਜਿਕ ਸੁਧਾਰ ਵੀ ਕੀਤੇ  1 ਇਸਤਰੀ ਤੇ ਪੁਰਖ ਨੂੰ ਬਰਾਬਰ ਦਰਜਾ ਦਿਤਾ 1  ਵਡਹੰਸ ਰਾਗ ਵਿਚ “ਘੋੜੀ” ਦੇ ਅਲੰਕਾਰ ਨੂੰ  ਲੇਕੇ ਦੋ ਸ਼ਬਦ ਰਚੇ ਜਿਨਾ ਵਿਚ ਪ੍ਰਭੁ ਦੀ ਪ੍ਰਾਪਤੀ ਦਾ ਰਾਹ ਦਸਿਆ ਤੇ ਸਿਖਾਂ ਨੂੰ ਆਦੇਸ਼ ਦਿਤਾ ਕੀ ਵਿਵਾਹ ਦੇ ਸਮੇ ਵੀ ਰਬ ਦੀ ਸਿਫਤ ਵਿਚ ਘੋੜੀਆਂ ਗਾਈਆਂ ਜਾਣ ਤਾਕਿ ਖੁਸ਼ੀ ਵਿਚ ਵੀ ਪ੍ਰਮਾਤਮਾ ਯਾਦ ਰਹੇ   ਦਾਜ ਪ੍ਰਥਾ ਦਾ ਵਿਰੋਧ ਕੀਤਾ ਇਸ ਨੂੰ ਲੈਣਾ  ਸਿਰਫ ਦਿਖਾਵਾ ਦਸਿਆ  1 ਸਤੀ ਰਸਮ ਨੂੰ ਖੰਡਣ ਕੀਤਾ 1  ਪਤੀ ਮਰਨ ਤੋਂ ਬਾਦ ਨਾ ਚਾਹੁੰਦੇ ਵੀ ਔਰਤ ਨੂੰ ਜਿੰਦਾ  ਚਿਖਾ ਵਿਚ ਸੁਟ ਦਿਤਾ ਜਾਂਦਾ  ਗੁਰੂ ਸਾਹਿਬ ਨੇ ਇਸਤੇ ਰੋਕ ਲਗਾਈ 1 ਵਿਧਵਾ ਵਿਵਾਹ ਨੂੰ ਬੜਾਵਾ ਦਿਤਾ,   ਵਾਜਬ ਵਰ ਢੂੰਡ ਕੇ ਦੁਬਾਰਾ ਸ਼ਾਦੀ ਕਰਨ ਦੀ ਇਜਾਜ਼ਤ ਦਿਤੀ 1  ਸਮਾਜ ਵਿਚ ਔਰਤ ਦੀ ਥਾਂ  ਮਜਬੂਤ ਕੀਤੀ 1

ਕਰਮ ਕਾਂਡ

ਬੁਤਾਂ ਮੜੀਆਂ ਦੀ ਪੂਜਾ ਨੂੰ ਬੇਅਸਰ ਦਸਿਆ 1 ਦੇਵਤਿਆਂ ਨੂੰ ਵੀ ਹੰਕਾਰ ਵਿਚ ਫਸੇ ਰੋਗੀ ਮੰਨਿਆ

           ਬ੍ਰਹਮਾ ਬਿਸਨ ਮਹਾਦੇਵ ਤੇਰੇ ਗੁਣ ਵਿਚ ਹੋਮੈ ਕਰ ਕਮਾਈ

ਸੇਵਾ ਤੇ ਸਿਮਰਨ

ਗੁਰਬਾਣੀ ਦਾ ਪਾਠ ਕਰ ਲੈਣਾ , ਕਥਾ ਕੀਰਤਨ ਸੁਣ ਲੈਣਾ ਜਾਂ ਅਖੰਡ ਪਾਠ ਕਰਵਾ ਲੈਣਾ  ਗੁਰਬਾਣੀ ਨੂੰ ਗੁਰੂ ਮੰਨਣ ਲਈ ਕਾਫੀ ਨਹੀਂ ਹੈ 1 ਗੁਰ -ਸ਼ਬਦ ਦੀ ਵਿਚਾਰ ਕਰਨੀ ਤੇ ਉਸਦੇ ਦਸੇ ਰਾਹਾਂ . ਸਿਧਾਂਤਾਂ ਤੇ ਉਪਦੇਸ਼ਾਂ ਤੇ ਚਲਣਾ ਹੀ ਬਾਣੀ ਨੂੰ ਗੁਰੂ ਮੰਨਣਾ ਹੈ 1 ਅਕਾਲ ਪੁਰਖ ਗੁਰੂ ਦਾ ਹੁਕਮ ਸੁਣਨ ਤੇ ਮੰਨਣ ਕਬੂਲ ਕਰਦਾ ਹੈ 1  ਗੁਰਮਤਿ ਵਿਚ ਨਾਮ ਸਿਮਰਨ ਤੇ  ਸੇਵਾ ਦਾ ਬਹੁਤ ਵਡਾ ਮਹਤਵ ਦਸਿਆ ਹੈ  ਅਗਰ ਓਹ ਸੇਵਾ ਮਨ ਦੀ ਭਾਵਨਾ ਨਾਲ ਕੀਤੀ ਜਾਵੇ 1 ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਦਰਜਾ ਦਿਤਾ ਹੈ 1  ਇਹ ਇਕ ਉਚੀ ਸਾਧਨਾ ਹੈ ਜਿਸ ਨਾਲ ਮਨੁਖ ਵਿਚ ਹਉਮੇ  ਖਤਮ ਹੋ ਜਾਂਦੀ ਹੈ 1 ਹਉਮੇ  ਵਿਚ ਇਨਸਾਨ ਆਪਣੇ ਲਈ ਜੀਂਦਾ ਹੈ ਤੇ ਸੇਵਾ ਦੂਜਿਆਂ ਲਈ ,ਜੋ ਪਰਸਪਰ ਇਕ ਦੂਜੇ ਦੀਆਂ ਵਿਰੋਧੀ ਭਾਵਨਾਵਾਂ ਹਨ ! ਸੇਵਾ  ਕਿੰਤੂ -ਪਰੰਤੂ , ਮਾਣ ,ਹੁੰਕਾਰ ਤੇ  ਦਿਖਾਵੇ ਤੋ ਰਹਿਤ ਹੀ  ਦਰਗਾਹ ਵਿਚ ਕਬੂਲ ਹੁੰਦੀ ਹੈ ਤੇ ਗਿਣਤੀ ਮਿਣਤੀ ਦੀ ਸੇਵਾ ਨਿਸਫਲ ਹੋ ਜਾਂਦੀ ਹੈ

           ਵਿਚ ਹਓਮੇ ਸੇਵਾ ਥਾਇ ਨਾ ਪਾਏ

           ਜਨਮ ਮਰਨ ਫਿਰ ਆਵੈ ਜਾਏ

ਇਥੇ ਕੁਝ ਬ੍ਰਾਹਮਣਾ ਤੇ ਖਤਰੀਆਂ ਨੇ ਅਕਬਰ ਨੂੰ ਸ਼ਕਾਇਤ ਕੀਤੀ ਕੀ ਗੁਰੂ ਅਮਰ ਦਾਸ ਨੇ ਚਾਰ ਜਾਤਾਂ ਜੋ ਸਦੀਆਂ  ਤੋ ਕਾਇਮ ਸਨ ,ਖਤਮ ਕਰ ਦਿਤਾ ਹੈ 1 ਪੂਜਾ , ਗਾਇਤ੍ਰੀ ਮੰਤਰ , ਪਿਤਰ ਪੂਜਾ ,ਮੂਰਤੀ ਪੂਜਾ , ਤੀਰਥ ਯਾਤਰਾਵਾਂ  ਸਭ ਬੰਦ ਕਰ ਦਿਤੀਆਂ ਹਨ1 ਰਾਮ ਦੀ ਜਗਹ ਵਾਹਿਗੁਰੂ ਦਾ ਅਲਾਪ ਸ਼ੁਰੂ  ਹੋ ਗਿਆ ਹੈ 1 ਕੋਈ ਵੇਦਾਂ ਸਿਮਰਤੀਆ ਨੂੰ ਮੰਨਣ  ਲਈ ਤਿਆਰ ਨਹੀਂ , ਦੇਵੀ ਦੇਵਤਿਆਂ ਦੀ ਪੂਜਾ ਬੰਦ ਹੋ ਗਈ ਹੈ 1 ਇਕ ਲੰਗਰ ਦੀ ਪ੍ਰਥਾ ਸ਼ੁਰੂ  ਹੈ ਜਿਥੇ ਸਭ  ਜਾਤੀ ਦੇ ਲੋਕ ਮਿਲਕੇ ਛਕਦੇ ਹਨ , ਜਿਸ ਨਾਲ ਸਾਡਾ ਧਰਮ ਨਸ਼ਟ  ਭ੍ਰਸ਼ਟ ਹੋ ਰਿਹਾ ਹੈ1   ਅਕਬਰ  ਸ਼ਕਾਇਤ ਸੁਣਕੇ  ਖੁਦ  ਗੋਇੰਦਵਾਲ ਸਾਹਿਬ ਆਇਆ 1 ਰਾਮਦਾਸ ਨੇ ਅਕਬਰ ਦੀਆਂ ਸਾਰਿਆ ਸ਼ਕਾਇਤਾਂ ਦਾ ਜਵਾਬ ਇਤਨੇ ਸਰਲ ਤੇ ਸੁਚਜੇ ਢੰਗ ਨਾਲ ਦਿਤਾ ਕਿ ਓਹ ਖੁਸ਼ ਹੋ ਗਿਆ 1  ਸ਼ਕਾਇਤ ਨਾਮਾ ਖਾਰਜ ਕਰ ਦਿਤਾ , ਲੰਗਰ ਛਕਿਆ , ਗੁਰੂ ਅਮਰ ਦਾਸ ਨੂੰ ਜਾਗੀਰਾਂ ਦੇਣੀਆ ਚਾਹੀਆ ਪਰ ਉਨਾ ਨੇ ਇਨਕਾਰ ਕਰ ਦਿਤਾ 1 ਸਾਨੂ ਜਗੀਰ ਦੀ ਲੋੜ ਨਹੀ ਲੰਗਰ ਤਾਂ ਸੰਗਤ ਦਾ ਉਪਰਾਲਾ ਹੈ 1

ਜਦੋ ਗੁਰੂ ਅਮਰਦਾਸ  ਸਾਹਿਬ ਕੁਰਕਸ਼ੇਤਰ , ਥਨੇਸਰ ,ਕਰਨਾਲ ਤੋ ਹੁੰਦੇ ਪਾਨੀਪਤ ਆਏ , ਜਦ ਕਰ ਵਸੂਲ ਕਰਨ ਵਾਲਿਆ ਨੇ ਮਹਿਸੂਲ ਤੇ ਯਾਤਰਾ ਟੈਕ੍ਸ ਮੰਗਿਆ ਤਾ ਗੁਰੂ ਸਾਹਿਬ ਨੇ ਮਨਾ ਕਰ ਦਿਤਾ ਕਿਓਂਕਿ ਇਹ ਟੇਕਸ  ਧਰਮ ਕਰਮ ਵਿਚ ਵਿਘਨ ਸਨ ਤੇ  ਹਿੰਦੂ , ਸਿਖ ਤੇ ਮੁਸਲਮਾਨਾ ਵਿਚਕਾਰ ਵਿਦਕਰੇ ਦੀ ਦੀਵਾਰ ਖੜੀ ਕਰਦੇ ਸੀ 1  ਜਦ ਅਕਬਰ ਕੋਲ ਇਸਦੀ ਸ਼ਕਾਇਤ ਪਹੁੰਚੀ ਤਾਂ ਉਸ ਗੁਰੂ ਅਮਰਦਾਸ ਜੀ ਨੂੰ ਲਾਹੋਰ ਬੁਲਾਇਆ 1 ਗੁਰੂ ਸਾਹਿਬ ਖੁਦ ਤੇ ਨਹੀਂ ਗਏ ਪਰ ਗੁਰੂ ਰਾਮਦਾਸ ਜੀ ਨੂੰ ਖੁਲਾਸਾ ਕਰਨ ਲਈ ਭੇਜਿਆ 1 ਅਕਬਰ ਗੁਰੂ ਰਾਮ ਦਾਸ ਦੀ ਸ਼ਕਸ਼ੀਅਤ ਤੋ ਇਤਨਾ ਪ੍ਰਭਾਵਤ ਹੋਇਆ ਕੀ   ਤੁਰੰਤ ਹੁਕਮ ਨਾਮਾ  ਜਾਰੀ ਕਰ ਦਿਤਾ ਤੇ ਇਹ ਟੇਕਸ ਮਾਫ਼ ਕਰ ਦਿਤਾ  1

ਗੁਰੂ ਸਾਹਿਬ ਤੇ ਉਦਾਸੀ ਮਤ

ਬਾਬਾ ਸ੍ਰੀ ਚੰਦ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਸਮੇ ਤਾਂ ਸਿਖ ਲਹਿਰ ਦੀ ਮੁਖਾਲਫਤ ਕਰਦੇ ਰਹੇ ਪਰ ਉਸਤੋਂ ਬਾਦ ਉਹ ਕੇਵਲ ਆਪਣੇ ਹੀ ਆਦਰਸ਼ਾਂ ਦਾ ਪ੍ਰਚਾਰ ਕਰਨ ਲਗੇ 1 ਬਾਬਾ ਸ੍ਰੀ ਚੰਦ ਖੁਦ ਗੁਰੂ ਰਾਮ ਦਾਸ ਜੀ ਨੂੰ ਮਿਲਣ ਲਈ ਆਏ 1ਆਪ ਜੀ ਖੂਬਸੂਰਤ , ਉਚਾ ਕਦ ਕਾਠ ਤੇ ਦਾੜਾ ਵੀ ਕਾਫੀ ਲੰਬਾ ਸੀ 1ਜਦੋਂ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ  ਉਹ  ਅਗੋ ਲੈਣ ਵਾਸਤੇ ਗਏ ਤੇ ਕਾਫੀ ਨਿਘਾ  ਸੁਆਗਤ ਕੀਤਾ 1 ਬਾਬਾ ਸ੍ਰੀ ਚੰਦ ਨੇ ਪੁਛਿਆ ,” ਪੁਰਖਾ ਇਹ ਦਾੜਾ ਕਿਉਂ  ਇਤਨਾ ਲਮਕਾਇਆ ਈ ” ਤਾਂ ਬੜੀ ਹਲੀਮੀ ਨਾਲ ਬੋਲੇ ,” ਆਪਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਪ੍ਰਸਨ  ਲਈ ” ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਇਤਨੇ ਭਾਵ-ਵਿਭੋਰ ਹੋ ਗਏ ਤੇ ਕਿਹਾ ,” ਇਤਨੀ ਗਰੀਬੀ ਤੇ ਨਿਮਰਤਾ ਵਾਲੀ ਸ਼ਖਸ਼ੀਅਤ ਹੀ ਗੁਰੂ ਨਾਨਕ ਦੀ ਗਦੀ ਦੀ ਹਕਦਾਰ ਹੋ ਸਕਦੀ ਹੈ ” ਸਾਰੇ ਗਿਲੇ ਸ਼ਿਕਵੇ ਭੁਲਾ ਕੇ ਟੁਟੀਆਂ  ਤਾਂ ਗੰਢੀਆਂ , ਸਗੋਂ ਬਕਾਇਦਾ ਗੁਰੂ ਸਾਹਿਬ ਦੇ ਚਰਨਾ ਤੇ ਸੀਸ ਨਿਵਾਇਆ 1 ਇਸਤੋਂ ਬਾਦ ਉਨ੍ਹਾ  ਨੇ ਕਦੇ ਸਿਖੀ ਆਦਰਸ਼ਾਂ ਦੀ ਮੁਖਾਲਫਤ ਨਹੀਂ ਕੀਤੀ ਸਗੋਂ ਬਿਖੜੇ ਪੈਂਡੇ ਵਿਚ ਸਿਖੀ ਲਹਿਰ ਦੀ ਮਦਤ ਕਰਦੇ ਰਹੇ 1 ਗੁਰੂ ਹਰਗੋਬਿੰਦ ਜੀ ਦੇ ਸਮੇ  ਉਨ੍ਹਾ  ਨੇ ਗੁਰੂ ਸਾਹਿਬ  ਤੋਂ ਉਨ੍ਹਾ  ਦੇ ਪੁਤਰ  ਬਾਬਾ ਗੁਰਦਿਤਾ ਜੀ ਨੂੰ ਉਦਾਸੀ ਮਤ ਦਾ ਪ੍ਰਚਾਰ ਕਰਨ ਲਈ ਖੁਦ ਮੰਗ ਕੀਤੀ 1 ਇਸ ਸਮੇਲ ਨੇ ਸਿਖੀ ਪ੍ਰਚਾਰ ਵਿਚ ਵੀ ਮਦਤ ਕੀਤੀ 1 ਉਦਾਸੀ ਮਤ ਜਿਨਾ ਨੂੰ ਨਿਰਮਲੇ ਸੰਤ ਕਿਹਾ ਜਾਂਦਾ ਸੀ ਬਾਣੀ ਦੀ ਡੂੰਘੀ ਸੋਚ ਰਖਦੇ ਸੀ 1 ਇਨ੍ਹਾ  ਨੇ ਗੁਰਬਾਣੀ ਸਿਖਾਂ ਵਿਚ ਉਜਾਗਰ ਕੀਤੀ 1

ਗੁਰਆਈ :-

ਆਪਣਾ ਸਮਾ ਨਜਦੀਕ ਆਣ ਤੇ  ਨਿਕੇ ਵਡੇ ਦਾ ਖ਼ਿਆਲ ਛਡਕੇ  ਗੁਰਆਈ ਨਿਕੇ ਯੋਗ  ਪੁਤਰ ਗੁਰੂ ਅਰਜਨ ਸਾਹਿਬ ਦੇ ਹਥ ਵਿਚ ਦਿਤੀ ਤੇ ਗੁਰਗਦੀ ਦੀ ਪਵਿਤ੍ਰਤਾ ਤੇ ਪਰਮਪਰਾ ਨੂੰ ਕਾਇਮ ਰਖਿਆ 1 ਬੀਬੀ ਭਾਨੀ ਦੇ ਗੁਰੂ ਅਰਜਨ ਦੇਵ ਜੀ ਨੂੰ ਗੁਰਗਦੀ ਦੇਣ ਸਮੇ  ਕਿਹੇ  ਬਚਨਾ ਵਿਚੋਂ  ਗੁਰੂ -ਘਰ ਦੀ ਪਰਮਪਰਾ ਦੀ ਝਲਕ ਦਿਖਾਈ ਦਿੰਦੀ ਹੈ  ,” ਪ੍ਰਿਥੀ ਚੰਦ ਹੰਕਾਰੀ ਹੋ ਗਿਆ ਹੈ , ਮਹਾਂਦੇਵ ਨੂੰ ਲਥੀ- ਚੜੀ ਦੀ ਨਹੀਂ 1 ਤੁਸੀਂ ਇਹ ਨਹੀ ਭੁਲਣਾ ਕਿ ਗੁਰਗਦੀ ਹਮੇਸ਼ਾਂ ਦਾਸ ਨੂੰ ਹੀ ਦਿਤੀ ਗਈ “

ਬਾਣੀ

  ਗੁਰੂ ਰਾਮ ਦਾਸ ਜੀ ਦੀ ਬਾਣੀ ਅਗਿਆਨਤਾ  ਦੇ ਹਨੇਰੇ ਵਿਚ ਪਈ ਮਨੁਖਤਾ ਲਈ  ਚਾਨਣ ਮੁਨਾਰਾ ਹੈ 1 ਗੁਰੂ ਗਰੰਥ ਸਾਹਿਬ ਦੇ 31 ਰਾਗਾਂ ਵਿਚੋਂ  30 ਰਾਗਾਂ ਵਿਚ ਬਾਣੀ ਉਚਾਰੀ1  ਜਿਸ ਵਿਚ ਬੜੀ ਵੇਦਨਾ, ਨਿਮਰਤਾ ਤੇ ਤੜਪ ਦੀ ਝਲਕ ਮਿਲਦੀ ਹੈ 1 ਓਨ੍ਹਾ  ਦੀ ਬਾਣੀ ਵਿਚ ਮੁਖ ਰੂਪ ਵਿਚ  , ਚਉਪਦੇ , ਅਸ਼ਟਪਦੀਆ , ਛੰਦ ,ਸਲੋਕ ,ਵਾਰਾਂ ,ਪਉੜੀਆਂ,ਪਹਰੇ , ਵਣਜਾਰੇ ,ਕਰਹਲੇ , ਅਤੇ ਘੋੜੀਆਂ ਸ਼ਾਮਲ ਹਨ   ,246 ਸ਼ਬਦ, 33,ਅਸ਼ਟਪਦੀਆਂ ,28 ਛੰਦ 183 ਪਉੜੀਆਂ, (135) 138  ਸਲੋਕ 8 ,ਪਹਰੇ, ਵਣਜਾਰਾ  , ਕਰਹਲੇ ,ਘੋੜੀਆਂ ਤੇ ਸੋਹਲੇ  ਹਨ  1  ਉਨ੍ਹਾ  ਨੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ ਦੀ ਬਾਣੀ ਉਚਾਰੀ ਜੋ ਨਿਤਨੇਮ ਵਿਚ ਪੜੀ ਜਾਣ ਲਗੀ 1  ਹਿੰਦੂਆਂ ਦੀਆ 7 ਲਾਵਾਂ ਛਡਕੇ  ਰਾਗ ਸੂਹੀ  ਵਿਚ 4 ਲਾਵਾਂ ਦੇ ਸ਼ਬਦ ਜੋੜ ਕੇ ਅਨੰਦੁ ਕਾਰਜ ਦੀ ਰਸਮ ਪੂਰੀ ਕਰਕੇ  ਸਿਖਾਂ ਦੀ ਵਖਰੀ ਪਹਚਾਨ ਬਣਾਈ 1 ਆਸਾ ਦੀ ਵਾਰ ਦੇ ਮੁਢਲੇ 24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਪ੍ਰਚਲਿਤ ਕੀਤੀ 1

       ਆਪਜੀ ਨੇ ਗੁਰਬਾਣੀ ਰਾਹੀਂ ਸਿਖਾ ਨੂੰ ਜੀਵਨ ਜਾਚ ਸਿਖਾਈ ਤੇ  ਸਿਖੀ ਮਰਯਾਦਾਵਾਂ ਨੂੰ ਪਕਿਆਂ ਕੀਤਾ ਜਿਸ ਵਿਚ ਸਿਖ ਪਰਿਭਾਸ਼ਾ , ਸਿਖ ਦੇ ਕਰਮ,ਸੰਸਕਾਰ ਤੇ ਖਾਸ ਕਰਕੇ ਅਰਦਾਸ ਦੀ ਮਹਾਨਤਾ  1 ਆਪਜੀ ਨੇ ਲੋਕਾਂ ਨੂੰ ਸਮਝਾਇਆ ਕੀ ਕੋਈ ਵੀ ਕੰਮ ਕਰਨ ਤੋ ਪਹਿਲਾ ਅਕਾਲ ਪੁਰਖ ਅਗੇ ਅਰਦਾਸ ਕਰਨੀ ਹਰੇਕ ਸਿਖ ਦਾ ਫਰਜ਼ ਹੈ 1 ਹਰੇਕ ਕੰਮ ਚਾਹੇ ਖੁਸ਼ੀ ਦਾ ਹੋਵੇ ਜਾ ਗੰਮੀ,  ਕਰਤਾਰ ਤੇ ਭਰੋਸਾ  ਰਖ ਕੇ ਅਰਦਾਸ ਕਰਕੇ ਆਰੰਭ ਕਰਨ ਦਾ ਉਪਦੇਸ਼ ਦਿਤਾ   ਆਪਣੇ ਵਡਹੰਸ ਰਾਗ ਵਿਚ 2 ਸ਼ਬਦ “ਘੋੜੀਆਂ” ਵਿਆਹ ਵਿਚ ਗਾਓਣ  ਦੇ ਅਧਾਰ ਤੇ ਰਚੇ, ਜਿਸਦਾ ਮੁਖ ਉਦੇਸ਼ ਸੀ ਕਿ ਖੁਸ਼ੀ ਦੇ ਕਾਰਜਾਂ ਸਮੇ  ਵੀ ਕਰਤਾਰ ਨੂੰ  ਭੁਲਿਆ  ਨਾ ਜਾਏ1   ਇਸੇ ਤਰਹ ਆਪਨੇ  ਛੰਦ ਵੀ ਰਚੇ

           ਕੀਤਾ ਲੋੜੀਏ ਕੰਮ ਸੁ ਹਰਿ ਪਹਿ ਆਖੀਏ 1 ਇਹ ਪਉੜੀ ਗੁਰ ਮਰਿਆਦਾ ਦੀ ਮੁਢ ਬਣ ਗਈ ਤੇ ਹਰ ਸ਼ੁਭ ਕਾਰਜ ਕਰਨ ਤੋਂ ਪਹਿਲੇ ਉਚਾਰੀ ਜਾਂਦੀ

         ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਅਖਿਐ

         ਕਾਰਜ ਦੇਇ ਸਵਾਰਿ ਸਤਿਗੁਰੁ ਸਚੁ ਸਾਖੀਐ 11

ਗੁਰੂ ਰਾਮ ਦਾਸ ਨੇ ਸਿਖੀ ਦੇ ਮੁਢਲੇ ਸਿਧਾਂਤਾ ਅਤੇ ਰਵਾਇਤਾਂ ਨੂੰ ਉਲੀਕਿਆ 1 ਸਿਖ ਦੀ ਮੁਢਲੀ ਪਹਚਾਨ ਕਰਵਾਈ 1

ਉਨ੍ਹਾ  ਨੇ ਹਰ ਸਿਖ ਨੂੰ  ਬਾਣੀ, ਰਹਿਤ ਤੇ  ਗੁਰਮਤਿ ਅਨੁਸਾਰ ਜੀਓਣ ਦੀ ਪ੍ਰੇਰਨਾ ਦਿਤੀ 1

  ਗੁਰੂ ਦੀ ਬਾਣੀ ਗੁਰੂ ਹੈ , ਗੁਰੂ ਬਾਣੀ ਵਿਚ ਵਿਆਪਕ ਹੈ 1 ਜੋ ਉਸਤੇ  ਸਹਾਰਾ ਤੇ ਸ਼ਰਧਾ ਰਖਦਾ ਹੈ ਓਹ ਯਕੀਨੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ 1 ਸਿਖਾਂ ਦੇ ਨਿਤ ਨੇਮ -ਤੇ ਰਹਿਣੀ- ਬਹਿਣੀ ਬਾਰੇ ਸਪਸ਼ਟ ਫੁਰਮਾਨ  ਹੈ 1 ਰੋਜ਼ਾਨਾ ਦੇ ਕਾਰਜਾਂ ਵਿਚ ਨਿਤਨੇਮ ਦੀ ਮਹਾਨਤਾ ਨੂੰ ਦਰਸਾਇਆ 1

            ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ

            ਗੁਰੂ ਬਾਣੀ ਕਹੈ ਸੇਵਕੁ ਜਨੁ ਮਨਾਈ ਪਰਤਖਿ ਗੁਰੂ ਨਿਸਤਾਰੈ 11

           “ਗੁਰੂ ਸਤਿਗੁਰੁ ਕਾ ਜੋ ਸਿਖ ਅਖਾਵੇ “

            ਸੁ ਭਲਕੇ ਉਠਿ ਹਰਿ ਨਾਮ ਧਿਆਵੈ

             ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ

            ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ

            ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ

            ਬਹਿੰਦਿਆਂ ਉਠਦਿਆਂ ਅਰਿ ਨਾਮੁ ਧਿਆਵੈ

            ਸੋ ਸਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ

ਆਪਜੀ ਨੇ ਆਸਾ ਦੀ ਵਾਰ ਦੇ ਮੁਢਲੇ  24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਕਾਇਮ ਕੀਤੀ 1 ਆਪ ਖੁਦ ਵੀ ਆਪ ਉਚ ਦਰਜੇ ਦੇ ਸੰਗੀਤਕਾਰ ਸਨ 1 ਤੰਤੀ ਸਾਜ਼ ਵਜਾ ਕੇ ਆਪ  ਵੀ ਕੀਰਤਨ ਕਰਦੇ ਰਹੇ  1

ਵਾਹਿਗੁਰੂ ਨੂੰ ਯਾਦ ਰਖੋ , ਪਿਆਰ ਕਰੋ, ਭਰੋਸਾ ਕਰੋ ਤੇ ਗ੍ਰਹਿਸਤ ਵਿਚ ਰਹਿੰਦਿਆਂ ਉਸ ਨੂੰ  24 ਘੰਟੇ  ਮਨ ਵਿਚ ਰਖੋ 1

           “ਵਿਚੇ ਗ੍ਰਿਹਿ ਸਦਾ ਰਹੇ ਉਦਾਸੀ

            ਜੀਓ ਕਮਲ ਰਹੇ ਵਿਚਿ ਪਾਣੀ ਹੇ

ਇਸ ਕਲਿਜੁਗ ਵਿਚ ਕੋਈ ਵਿਕਾਰਾਂ ਦੇ ਜਾਲ ਵਿਚੋਂ ਬਾਹਰ ਨਿਕਲਣਾ ਚਾਹੇ ਤਾ ਪ੍ਰਮਾਤਮਾ ਦਾ ਨਾਮ ਹੀ ਹੈ  ਜੋ ਤੁਹਾਡੇ ਦੁਖਾਂ ਨੂੰ ਹਰ ਸਕਦਾ ਹੈ ਤੇ ਤੁਹਾਨੂੰ ਸੰਸਾਰ ਸਮੁੰਦਰ ਤੋਂ ਬਾਹਰ ਕਢ ਸਕਦਾ ਹੈ 1 ਅਜ ਅਸੀਂ ਕੁਰਾਹੇ ਤੁਰੇ ਜਾ ਰਹੇ ਹਾਂ1  ਨਾਮ-ਸਿਮਰਨ ਤੋ ਵਧ ਤੀਰਥ ਯਾਤਰਾ ਤੇ ਫੋਕਟ ਦੇ ਕਰਮਾਂ ਨੂੰ  ਤਰਜੀਹ ਦੇਣ ਲਗੇ ਹਾਂ 1 ਗੁਰੂਸਾਹਿਬ ਨੇ ਸਮਝਾਇਆ ਹੈ ਕੀ ਸਾਰੇ ਤੀਰਥ, ਵਰਤ,ਯਗ ਅਤੇ ਪੁਨ-ਦਾਨ ਕਰਨ ਤੇ ਵੀ ਇਹ ਨਾਮ -ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ 1 ਪ੍ਰਭੁ ਦਾ ਸਿਮਰਨ ਹੀ ਜਪ-ਤਪ ਅਤੇ ਪੂਜਾ ਹੈ 1

ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਪ੍ਰਮਾਤਮਾ ਆਦਿ ਪੁਰਖ ਅਪਰੰਪਰ , ਸ਼੍ਰਿਸ਼ਟੀ ਕਰਤਾ, ਜੁਗਾਂ ਜੁਗੰਤਰ ਤਕ ਇਕੋ ਤੇ ਸਦੀਵੀ ਹੈ

         ”  ਤੂੰ ਆਦਿ ਪੁਰਖ ਅਪਰੰਪਰ ਤੁਧ ਜੇਵਡੁ ਅਵਰ ਨਾ ਕੋਇ 11

            ਤੂੰ ਜੁਗਿ ਜੁਗਿ ਏਕੋ ਸਦਾ ਸਦਾ ਤੂੰ ਨਿਹਿਚ੍ਲ ਕਰਤਾ ਸੋਇ 11

ਸੁਆਰਥ ਵਸ ਝੂਠੀ ਮਾਣ ਪ੍ਰਤਿਸ਼ਟਾ ਜਾਂ ਧੰਨ- ਦੋਲਤ  ਦੀ ਪ੍ਰਾਪਤੀ ਲਈ ਦੁਨਿਆ ਦੀ ਵਡਿਆਈ ਜਾ ਖੁਸ਼ਾਮਤ ਕਰਦੇ  ਜੀਵਨ ਨੂੰ ਵਿਅਰਥ ਗੁਆ ਲੈਣ ਵਾਲੇ ਜੀਆਂ ਨੂੰ ਸੁਚੇਤ ਕਰਦੇ ਫੁਰਮਾਂਦੇ ਹਨ ਵਡਿਆਈ ਕਰਨੀ ਹੈ ਤਾ ਸਿਰਫ  ਉਸ ਪ੍ਰਮਾਤਮਾ ਦੀ ਕਰੋ  ਬਾਕੀ ਸਭ ਫਿਕਾ ਤੇ ਵਿਅਰਥ ਹੈ 1

     ਵਿਣੁ ਨਾਵੈ ਹੋਰ ਸਲਾਹਣਾ ਸਭੁ ਬੋਲਣ ਫਿਕਾ ਸਾਦੁ 11

 ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਗੁਰੂ ਨਾਨਕ ਦੇ ਅਸੂਲਾਂ  ਦੇ ਨਾਲ ਨਾਲ ਆਪਣੇ ਪਰਿਵਾਰਕ ਜਿਮੇਦਾਰੀਆਂ ਲਈ ਤੇ ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਮੰਨਿਆ,  ਜਿਸ ਲਈ ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗਣਾ ਬਹੁਤ ਜਰੂਰੀ ਹੈ 1  ਮਾਇਆ ਦਾ ਮਾਨ ਕੂੜਾ ਹੈ 1 ਮਾਇਆ ਪਰਛਾਵੈ ਦੀ ਨਿਆਈ ਹੈ 1 ਜੋ ਕਦੇ ਚੜਦੇ ਤੇ ਕਦੀ ਲਹਿੰਦੇ ਪਾਸੇ ਹੋ ਜਾਂਦੀ ਹੈ 1 ਘੁਮਿਆਰ  ਦੇ ਚਕਰ  ਵਾਂਗ ਤੁਰਦੀ ਫਿਰਦੀ ਰਹਿੰਦੀ ਹੈ 1  ਗੁਰਮਤਿ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿਖ ਅਖਵਾਣ ਦਾ ਅਧਿਕਾਰੀ ਹੈ 1

                                           ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ

Print Friendly, PDF & Email

Nirmal Anand

1 comment

Translate »