ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ

ਗੁਰੂ ਜੀ ਨੇ ਜਾਪੁ ਸਾਹਿਬ, ਅਕਾਲ ਉਸਤਤ 33 ਸਵਈਏ, ਖਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬਿਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜਫਰਨਾਮਾ, ਹਕਾਯਤਾਂ, ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈl ਇਹ ਕਥਿਤ ਹੈ ਪਰ ਅਜੇ ਤਕ ਸਿੱਧ ਨਹੀਂ ਹੋਇਆ ਕਿਓਕਿ ਸਭ ਬਾਣੀਆਂ ਦਾ ਲਿਖਣ ਦਾ  ਢੰਗ,  ਉਨ੍ਹਾਂ ਦੀ ਸੋਚ ਤੇ ਉਨ੍ਹਾਂ ਦੇ  ਜਜ਼ਬੇ  ਨਾਲ ਮੇਲ ਨਹੀਂ ਖਾਂਦਾ l
ਗੋਬਿੰਦ ਸਿੰਘ ਜੀ ਦਾ ਬਚਪਨ ਪਟਨਾ ਸ਼ਹਿਰ ਦੇ ਬਚਿਆਂ ਨਾਲ ਖੇਡਦੇ ਅਤੇ ਪਟਨਾ ਸ਼ਹਿਰ ਦੇ ਨਿੱਕੇ ਵੱਡੇ ਵਾਸੀਆਂ ਦੇ ਲਾਡ ਪਿਆਰ ਵਿੱਚ ਵਿਚਰਦੇ ਗੁਜਰਿਆ ਸੀ  ਇਸੇ ਕਰਕੇ ਸ਼ਾਇਦ  ਉਨ੍ਹਾਂ ਦੀ ਬਾਣੀ ਵਧੇਰੇ ਕਰਕੇ ਪੰਜਾਬੀ ਨਾ ਹੋਕੇ ਬ੍ਰਿਜ,ਮਿਲੀ-ਜੁਲੀ ਭੋਜਪੁਰੀ, ਫ਼ਾਰਸੀ ਤੇ ਸਹਿਸਕ੍ਰਿਤੀ ਵਿੱਚ ਹੈl ਜਿਹੜੀ ਬਾਣੀ ਪੰਜਾਬੀ ਵਿੱਚ ਹੈ ,ਉਸ ਵਿੱਚ ਵੀ ਪੱਛਮੀ ਪੰਜਾਬ ਦਾ ਦਾ ਕੋਈ ਖਾਸ ਰੰਗ ਨਹੀਂ, ਕੇਂਦਰੀ ਪੰਜਾਬੀ ਦੀ ਵਰਤੋਂ ਵੀ ਵਿਰਲੇ ਸ਼ਬਦਾਂ ਵਿੱਚ ਵੇਖੀ ਗਈ ਹੈ ਪਰ ਜੋ ਕੁਝ ਉਨ੍ਹਾਂ ਨੇ  ਪੰਜਾਬੀ  ਵਿੱਚ ਕਿਹਾ ਉਸਦਾ ਜਵਾਬ  ਸਾਰੇ ਪੰਜਾਬੀ ਸਹਿਤ ਵਿੱਚ ਨਹੀਂ ਮਿਲਦਾl
ਉਨ੍ਹਾਂ ਦੀ ਨਿਤ੍ਨੇਮ ਦੀ ਬਾਣੀ ਜਾਪੁ ਸਾਹਿਬ ਵਿਚ ਅਕਾਲ ਉਸਤਤ ਦੇ ਨਾਲ ਨਾਲ ਵਹਿਮਾ, ਭਰਮਾ, ਪਖੰਡਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਜਾਪੁ ਸਾਹਿਬ ਵਿਚ 735 ਅਕਾਲ ਪੁਰਖ ਦੇ ਉਪਨਾਮ ਵਰਤੇ ਹਨ ਜਿਨਾ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ।   ਬਚਿਤ੍ਰ ਨਾਟਕ ਵਿਚ ਗੁਰੂ ਸਾਹਿਬ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ, ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਅਤੇ  ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ। ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਹੈ ।
 ਗੁਰੂ ਗੋਬਿੰਦ ਸਿੰਘ ਜੀ ਨੇ ਜਿਆਦਾਤਰ ਬਾਣੀ ਪਾਉਂਟਾ ਸਾਹਿਬ ਵਿਖੇ ਆਪਣੇ  ਨਿਵਾਸ ਅਸਥਾਨ ਤੇ, ਜਿਥੇ  ਉਹ ਨਾਹਨ ਦੇ ਰਾਜੇ ਦੇ ਮਹਿਮਾਨ ਸਨ, ਉਸਾਰੀ ਸੀ  l ਇੱਥੇ ਜਮਨਾ ਨਦੀ ਪਹਾੜਾਂ ਤੋਂ ਉੱਤਰ ਕੇ ਮੈਦਾਨੀ ਇਲਾਕੇ ਵਿੱਚ ਪ੍ਰਵੇਸ਼ ਕਰਦੀ ਹੈ ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਬਾਣੀ ਵਿੱਚੋਂ ਜਮਨਾ ਦਰਿਆ ਦੇ ਪਾਣੀਆਂ ਦਾ ਵਹਾਅ ਦੀਆਂ ਪ੍ਰਤਿਧੁਨੀਆਂ ਸੁਣਾਈ ਦੇ ਰਹੀਆਂ ਹੋਣ l
    ਜਿਮੀ ਤੁਹੀਂ, ਜਮਾ ਤੁਹੀਂ। ਮਕੀ ਤੁਹੀਂ, ਮਕਾ ਤੁਹੀਂ।
ਅਭੁ ਤੁਹੀਂ, ਅਭੈ ਤੁਹੀਂ। ਅਛੂ ਤੁਹੀਂ, ਅਛੇ ਤੁਹੀਂ।
        ਜਤਸ ਤੁਹੀਂ ਬ੍ਰੇਹਸ ਤੁਹੀਂ।l ਗਤਸ ਤੁਹੀਂ, ਮਤਸ ਤੁਹੀਂ।
ਤੁਹੀਂ ਤੁਹੀਂ, ਤੁਹੀਂ ਤੁਹੀਂll ਤੁਹੀਂ ਤੁਹੀਂ ਤੁਹੀਂ ਤੁਹੀਂ।
                                                                                        ਤੁਹੀਂ ਤੁਹੀਂ, ਤੁਹੀਂ ਤੁਹੀਂll ਤੁਹੀਂ ਤੁਹੀਂ ਤੁਹੀਂ ਤੁਹੀਂ।
ਇਹ ਬਾਣੀ ਅਕਾਲ ਉਸਤਤਿ, ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ, “ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ। ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ। ਓਸ ਨੂੰ ਲਗਦਾ ਹੈ ਕੀ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ। ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ। ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮੇਹਰ ਸਦਕਾ ਹੁੰਦਾ ਹੈ। ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ। ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ। ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ। ਰਾਮ, ਰਹੀਮ ਤੇ ਪੈਗੰਬਰ  ਵੀ ਇਸ ਮੋਤ ਤੋ ਬਚ ਨਹੀ ਸਕੇ “।
ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ। ਸਿਖਾਂ ਨੂੰ ਕਰਮਕਾਂਡਾਂ, ਵਹਿਮ-ਭਰਮਾ, ਛੁਆ- ਛੂਤ, ਜਾਤ-ਪਾਤ, ਉਂਚ -ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ, ਜੋ ਉਸਦੇ ਆਪਣੇ ਮਨ- ਮੰਦਿਰ ਵਿਚ ਹੈ।
ਰੇ ਮਨ ਐਸੋ ਕਰ ਸਨਿਆਸਾ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ।।
ਓਹ ਆਪ ਇਕ ਮਹਾਂ ਜੀਵੀ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ। ਲੋਕਾਂ ਨੂੰ ਵੀ ਇਸ ਮੰਚ ਤੇ ਇਕਠਾ ਕੀਤਾ। ਓਟ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ, ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ- ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ। ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ। ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ, ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ। ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ, ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ- ਕਰਮ, ਜਪ -ਤਪ ਅਤੇ ਪੂਜਾ ਹੈ।
ਭਜੋ ਹਰੀ, ਥਪੋ ਹਰੀ।
ਤਪੋ ਹਰੀ ਜਪੋ ਹਰੀ।
ਦੇਵੀ, ਦੇਵਤਿਆਂ, ਮੜੀ, ਮਸਾਣਾ, ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ।
ਕਾਹੂ ਲੈ ਪਾਹਨ ਪੂਜੋ ਧਰੇ ਸਿਰ
ਕਾਹੂ ਲੈ ਲਿੰਗ ਗਰੇ ਲਟਕਾਓ
(ਅਕਾਲ ਉਸਤਤ )
ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ, ਤੰਤਰ, ਮੰਤਰ, ਤਵੀਜਾ ਵਿਚ ਨਹੀ। , ਕਰਮ- ਕਾਂਡ, ਭੇਖ, ਪਖੰਡਾ, ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ। ਬਲਿਕ, ਕਿਰਤ ਕਰਕੇ ਭੁਖੇ, ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ, ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ। ਹਉਮੇ ਦੁਖਾਂ ਨੂੰ ਵਧਾਂਓਦਾ ਹੈ। ਜੇ ਤੁਸੀਂ ਗਰੰਥਾਂ ਦਾ ਪਾਠ, ਅਕਾਲ ਪੁਰਖ ਦਾ ਜਾਪੁ ਇਕ -ਮਨ, ਇਕ -ਚਿਤ ਹੋਕੇ ਨਹੀਂ ਕਰਦੇ, ਮਨੋ ਤੁਸੀਂ ਹੋਰ ਧਾਵਾਂ ਤੇ ਭਟਕਦੇ ਰਹਿੰਦੇ ਹੋ ਤਾਂ ਓਹ ਵੀ ਕਰਮ ਕਾਂਡ ਤੇ ਪਾਖੰਡ ਹੈ।
‘ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ” (ਬਚਿਤਰ ਨਾਟਕ)”
ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ, ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ , ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ, ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ।
ਜਗਤ ਜੋਤ ਜਪੇ ਨਿਸ ਬਾਸਰ।
ਟੇਕ ਬਿਨਾ ਮਨ ਨੇਕ ਨਾ ਆਨੇ।
ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ। ਭਗਤੀ, ਪਿਆਰ, ਸੇਵਾ, ਪਵਿਤ੍ਰਤਾ, ਪਰਉਪਕਾਰ, ਦਇਆ, ਖਿਮਾ, ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ। ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੇ। ਦੂਜਿਆਂ ਨੂੰ ਉਪਦੇਸ਼ ਦੇਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਆਪਣੇ ਆਪ ਨੂੰ ਪੜਤਾਲੋ। ਸਿਮਰਨ ਵਿਚ ਜੁੜੋ ਬਸ ਇਹੀ ਸਚੀ ਭਗਤੀ ਹੈ।
ਉਨ੍ਹਾ ਦਾ ਇਕ ਦੇਸ਼ ਨਹੀ ਸੀ, ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਨਾ ਦੇ ਸੀ। ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ। ਉਨ੍ਹਾ ਲਈ ਜਾਤ -ਪਾਤ, ਊਚ -ਨੀਚ, ਮਜਹਬ, ਧਰਮ, ਕੋਮ, ਹਦਾਂ, ਸਰਹਦਾ ਦੀ ਕੋਈ ਅਹਮੀਅਤ ਨਹੀ ਸੀ ਓਨ੍ਹਾ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ। ਉਹ ਲੜੇ ਵੀ ਤਾਂ ਕੇਵਲ ਜ਼ੁਲਮ ਦੇ ਟਾਕਰੇ ਲਈ, ਕਿਸੇ ਕੋਮ, ਰਾਜ-ਭਾਗ, ਧੰਨ -ਦੌਲਤ, ਜਮੀਨ-ਜਾਇਦਾਦ ਜਾਂ ਸ਼ੁਹਰਤ ਵਾਸਤੇ ਨਹੀਂ। ਇਹ ਉਨ੍ਹਾ ਦਾ ਧਰਮ ਯੁਧ ਸੀ ਜਿਸ ਪਿਛੇ ਆਪਣਾ ਸਰਬੰਸ ਤੇ ਆਪਣੇ ਆਪ ਨੂੰ ਵੀ ਵਾਰ ਦਿਤਾ।
ਦੇਹਿ ਸਿਵਾ ਬਰੁ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
ਨ ਡਰੋ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋ.
ਅਰੁ ਸਿਖਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤੂ ਉਚਰੋਂ
ਜਬ ਆਵ ਕੀ ਅਉਧ ਨਿਦਾਨ ਬਣਾਈ, ਅਤਿ ਹੀ ਰਂ ਮੈ ਤਬ ਜੂਝ ਮਰੋ।।
ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ। ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ। ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ, ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ। ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ, ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਨਾ ਦੀ ਰਚਨਾ ਦਾ ਖਾਸ ਗੁਣ ਹੈ। ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ। ਅਰਬੀ ਦੇ ਗਿਆਨ ਦੀ ਸਿਖਰ, ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸ ਨੂੰ ਬੜੀ ਖੁਲੀ- ਦਿਲੀ ਨਾਲ ਬਾਣੀ ਵਿਚ ਵਰਤਿਆ ਹੈ। ਬਿਹਾਰੀ, ਬ੍ਰਿਜ ਭਾਸ਼ਾ, ਮਾਝੀ ਵਿਚ ਓਹ ਮਾਹਿਰ ਸਨl  ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਨਾਂ ਦੀ ਕਲਾ ਸੀl 
L
ਬਾਣੀ   ਵਿੱਚ ਚਿਤਰੇ ਜਜ਼ਬੇ ਦੀ ਤੀਖਣਤਾ, ਨਿਰੋਲ ਪੰਜਾਬੀ ਰੰਗ ਦੀ ਵਿਲੱਖਣਤਾ ਇਨ੍ਹਾ ਦੀ ਬਾਣੀ  ਨੂੰ ਅਮਰ ਰਚਨਾ ਬਣਾ  ਦਿੰਦੀ ਹੈl
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ
ਸੂਲ ,ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ  ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਭਠ ਖੇੜਿਆ ਦਾ ਰਹਿਣਾ ॥
ਜਦੋਂ ਗੁਰੂ ਸਾਹਿਬ ਲਖੀ  ਜੰਗਲ ਵਿੱਚ ਜਾਂਦੇ ਹਨ ਤਾਂ ਇੱਕ ਕਾਵਿ ਟੁਕੜੇ , ਜੋ ਸੁਣਨ ਨੂੰ ਲੋਕ ਗੀਤ ਪ੍ਰਤੀਤ ਹੁੰਦਾ ਹੈ ਪਰ ਇਸ ਵਿੱਚ ਅਧਿਆਤਮਿਕਤਾ ਨੂੰ ਸਧਾਰਣ ਪੰਜਾਬੀ ਪੈਂਡੂ ਜੀਵਨ ਦੇ ਮੁਹਾਵਰੇ ਵਿੱਚ ਕਲਮਬੱਧ ਕੀਤਾl ਜਿਸ ਨੂੰ ‘ਮਾਝ ‘ਕਿਹਾ ਜਾਂਦਾ ਹੈ ,
ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ੧੦
ਲੱਖੀ ਜੰਗਲ ਖਾਲਸਾ ਆਇ ਦੀਦਾਰ ਲਗੋ ਨੇ ॥
ਸੁਣ ਕੈ ਸੱਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ ॥
ਕਿਸੇ ਨਾਲ ਨ ਰਲੀਆ ਕਾਈ ਕੋਈ ਸਉਕ ਪਿਯੋ ਨੇ ॥
ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਹੀ ਸ਼ੁਕਰ ਕਿਤੋ ਨੇ ll
ਗੁਰੂ ਸਾਹਿਬ ਸ਼ਹਿਰੋਂ ਬਾਹਰ ਨਦੀ ਵਿੱਚ ਇੱਕ ਟਾਪੂ ਤੇ ਘੰਟੋਂ-ਬੱਧੀ  ਬੈਠਕੇ  ਉਹ ਇਹੋ ਜਹੀਆਂ ਬਾਣੀਆਂ  ਰਚਿਆ ਕਰਦੇ  ਸੀl ਕਦੇ ਕਦੇ ਉਨ੍ਹਾਂ ਦਾ ਇਹ ਪਰਵਾਹ ੧੬-੧੬ ਘੰਟੇ ਚੱਲਦਾ ਰਹਿੰਦਾ ਸੀl  ਗੁਰੂ ਸਾਹਿਬ ਜਿਥੇ  ਇੱਕ ਮਹਾਨ ਸੰਗੀਤਕਾਰ ਤੇ ਕਵੀ ਸਨ ਉਹ ਤਲਵਾਰ ਦੇ ਵੀ ਧਨੀ ਸੀl  ਉਨ੍ਹਾਂ ਨੇ  ਆਪਣੇ ਸਮੇ ਵਿੱਚ ਹਮੇਸ਼ਾਂ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਜਿਸ  ਲਈ ਉਨ੍ਹਾਂ ਨੂੰ ਅਨੇਕਾਂ ਲੜਾਈਆਂ ਵੀ ਲੜਨੀਆਂ ਪਈਆਂ l ਉਨ੍ਹਾਂ ਦੀ ਬਾਣੀ ਵਿੱਚ ਕਿਤੇ ਕਿਤੇ ਇੰਜ ਲੱਗਦਾ ਜਿਵੇਂ ਤਲਵਾਰਾਂ ਖੜਕ ਰਹੀਆਂ ਹੋਣ, ਨੇਜੇ ਤੇ ਤੀਰਾਂ ਦੀ ਬੋਛਾੜ ਹੋਣ ਤੇ ਨਾਲ ਨਾਲ  ਘੋੜਿਆਂ ਦੀਆਂ ਟਾਪਾਂ  ਦੀ ਆਵਾਜ਼ ਵੀ ਸੁਣਾਈ ਦਿੰਦੀ ਹੋਵੇl
ਗੁਰੂ ਗੋਬਿੰਦ ਸਿੰਘ ਜੀ   ਸੰਸਕ੍ਰਿਤ ਤੇ ਫ਼ਾਰਸੀ ਦੇ ਵੀ ਮਹਾਨ ਵਿਦਵਾਨ  ਸਨ l ਗੁਰੂ ਸਾਹਿਬ ਨੇ ਆਪਣੀ ਭਾਸ਼ਾ ਵਿੱਚ ਹਰ ਪ੍ਰਕਾਰ ਦੀ ਬੋਲੀ ਦਾ ਬੇਮਿਸਾਲ ਮਿਸ਼ਰਣ ਕੀਤਾ ਹੈl   ਉਹ ਸਹਿਜ ਸੁਭਾਅ ਹੀ ਇੱਕ ਛੰਦ ਤੋਂ ਦੂਜੇ ਚੰਦ ਵਿੱਚ ਵਹਿ ਜਾਂਦੇ ਹਨ
ਭਗਵਤੀ ਛੰਦ ॥ ਤ੍ਵਪ੍ਰਸਾਦਿ ਕਥਤੇ ॥
ਕਿ ਆਛਿਜ ਦੇਸੈ ॥ਕਿ ਆਭਿਜ ਭੇਸੈ ॥
ਕਿ ਆਗੰਜ ਕਰਮੈ ॥ਕਿ ਆਭੰਜ ਭਰਮੈ ॥੧॥੧੦੩॥
ਕਿ ਆਭਿਜ ਲੋਕੈ ॥ਕਿ ਆਦਿਤ ਸੋਕੈ ॥
ਕਿ ਅਵਧੂਤ ਬਰਨੈ ll ਕਿ ਬਿਭੂਤ ਕਰਨੈ ॥੨॥੧੦੪॥
ਕਿ ਰਾਜੰ ਪ੍ਰਭਾ ਹੈਂ ॥ਕਿ ਧਰਮ ਧੁਜਾ ਹੈਂ ॥
ਕਿ ਆਸੋਕ ਬਰਨੈ ॥ਕਿ ਸਰਬਾ ਅਭਰਨੈ ॥੩॥੧੦੫॥
ਕਿ ਜਗਤੰ ਕ੍ਰਿਤੀ ਹੈਂ ॥ਕਿ ਛਤ੍ਰੰ ਛਤ੍ਰੀ ਹੈਂ ॥
ਕਿ ਬ੍ਰਹਮੰ ਸਰੂਪੈ ॥ ਕਿ ਅਨਭਉ ਅਨੂਪੈ ॥੪॥੧੦੬॥
ਕਿ ਆਦਿ ਅਦੇਵ ਹੈਂ ॥ਕਿ ਆਪਿ ਅਭੇਵ ਹੈਂ ॥
ਕਿ ਚਿਤ੍ਰੰ ਬਿਹੀਨੈ ॥ਕਿ ਏਕੈ ਅਧੀਨੈ ॥੫॥੧੦੭॥
ਜਿਥੇ  ਗੁਰੂ ਸਾਹਿਬ ਨੇ ਗ੍ਰੰਥਾਂ ਦਾ ਆਪਣੇ ਸਮੇ ਦੀ ਬੋਲੀ ਵਿੱਚ ਉਲਥਾ ਕਰਵਾਇਆ, ਖੁਦ ਅਨੁਵਾਦ ਕੀਤੇ ਉਥੇ  ਉਨ੍ਹਾਂ ਨੇ ਸਹਿਸਕ੍ਰਿਤੀ ਅਤੇ ਫ਼ਾਰਸੀ ਵਿੱਚ ਵੀ ਢੇਰ  ਸਾਰਾ  ਕਲਾਮ  ਕਿਹਾl ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ। ਚਕ੍ਰ, ਚਿਹਨ , ਬਰਨ, ਜਾਤ, ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ।
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥
ਗੁਰੂ ਸਾਹਿਬ ਦਾ ਔਰੰਗਜ਼ੇਬ ਦੀ ਚਿੱਠੀ ਦੇ ਜਵਾਬ ਵਜੋਂ ਜੋ ਜਫ਼ਾਰਨਾਮਾ ਔਰੰਗਜ਼ੇਬ ਨੂੰ ਲਿਖਕੇ ਭੇਜਿਆ ਸੀ ਉਸ ਦਾ ਨਮੂਨਾ   ਪੇਸ਼ ਕਰਦੀ ਹਾਂl ਇਹ ਔਰੰਗਜ਼ੇਬ ਦੀ ਉਸ ਚਿੱਠੀ ਦਾ ਜਵਾਬ ਹੈ  ਜੋ ਅੰਨਦਪੁਰ ਸਾਹਿਬ ਵਿੱਚ ਵਸੂਲ ਹੋਈ ਸੀ।ਸਿੱਖੀ ਰਵਾਇਤ ਅਨੁਸਾਰ ਇਸ ਚਿੱਠੀ ਦਾ ਤਾਤਵਿਕ ਸਿਰਲੇਖ “ਜਫ਼ਰਨਾਮਾ ” ਹੈ ਜੋ 21 ਦਸੰਬਰ, 1705 ਦੇ ਦਿਨ ਦੀਨ ਕਾਂਗੜੇ ਤੋਂ ਭਾਈ ਦੇਸਾ ਦੇ ਚੁਬਾਰੇ ਵਿੱਚ ਬੈਠੇ ਲਿਖਿਆ ਸੀ,  ਜੋ ਗੁਰੂ ਸਾਹਿਬ ਦੇ ਬੁਲੰਦ ਹੋਸਲੇ, ਨਿਡਰਤਾ, ਆਤਮ ਸਨਮਾਨ, ਅਣਖ, ਦਲੇਰੀ ਤੇ ਦ੍ਰਿੜਤਾ ਦਾ ਪ੍ਰਤਖ ਪ੍ਰਮਾਣ ਹੈ। ਇਸਦੇ5 ਬੈਂਤ ਹਨ ਪਹਿਲੇ 3 ਬੈਂਤ ਵਿਚ ਅਕਾਲ ਪੁਰਖ ਦੀ ਉਸਤਤ ਹੈ। ਫਿਰ ਓਹ ਲੜਾਈ ਸਬੰਧੀ ਗਲ ਕਰਦੇ ਹਨ ਕਿ ਕਿਸ ਤਰਹ ਤੇਰੀਆਂ ਫੋਜਾਂ ਲਖਾਂ ਦੀ ਗਿਣਤੀ ਵਿਚ ਮਖੀਆਂ ਦੇ ਝੁੰਡ ਦੀ ਤਰਹ , ਭੁਖੇ- ਤਿਹਾਏ, ਥਕੇ-ਹਾਰੇ, ਬਿਨਾ ਸਾਜੋ ਸਮਾਨ, ਸਿਰਫ ਗਿਣਤੀ ਦੇ 40 ਸਿਖਾਂ ਤੇ ਟੁਟ ਪਏ, ਆਪਣੀਆਂ ਸਾਰੀਆਂ ਕਸਮਾ -ਵਾਹਦਿਆਂ ਨੂੰ ਛਿਕੇ ਤੇ ਟੰਗ, ਚਮਕੌਰ ਦੀ ਕਚੀ ਗੜੀ ਨੂੰ ਘੇਰ ਲਿਆ। ਕਿਸ ਤਰਹ ਤੇਰਾ ਜਰਨੈਲਾ ਨੇ ਛੁਪ ਛੁਪ ਕੇ ਕੰਧਾ ਦੀ ਓਟ ਲੇਕੇ ਗੜੀ ਵਿਚ ਦਾਖਲ ਹੋਣ ਦੇ ਜਤਨ ਕੀਤੇ। 40 ਆਦਮੀ ਕੀ ਕਰ ਸਕਦੇ ਹਨ ਜਦ ਅਚਾਨਕ ਉਨ੍ਹਾ ਤੇ 10 ਲਖ ਦਾ ਲਸ਼੍ਕਰ ਟੁਟ ਪਏ। । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਵਲੋਂ ਕੀਤੇ ਜ਼ੁਲਮ ਅਤੇ ਜਬਰ ਦੀ ਚੇਤਾਵਨੀ ਦਿੱਤੀ ਹੈ। ਕਿ ਜਦੋਂ ਸਾਰੇ ਹੋਰ ਹੀਲੇ ਖ਼ਤਮ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਚੁੱਕਣੀ ਜਾਇਜ਼ ਦੱਸੀ ਹੈ।
ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਟਕੇ ਦਾ ਮੁਰੀਦ ਤੇ ਈਮਾਂ -ਫਿਕਨ ਕਹਿੰਦਿਆ ਲਿਖਿਆ, ਮੈਨੂੰ ਤੇਰੇ ਤੇ ਓਕਾ ਭਰੋਸਾ ਨਹੀਂ ਅਤੇ ਕਿਸੇ ਕਿਸਮ ਦਾ ਯਕੀਨ ਨਹੀਂ। ਉਸ ਉਤੇ ਭਰੋਸਾ ਵੀ ਕਿਵੇਂ ਹੋਵੇ ਜਿਸਦੇ ਬਖਸ਼ੀ, ਦੀਵਾਨ ਸਭ ਝੂਠੇ ਹੋਣ ` ਤੇਰੀ ਕੁਰਾਨ ਦੀ ਕਸਮ ਤੇ ਜੋ ਯਕੀਨ ਕਰੇ, ਓਹ ਅਖੀਰ ਖੁਆਰ ਹੁੰਦਾ ਹੈ। ਰਹੀ ਗਲ ਮੇਰੀ, ਮੇਰੇ ਸਿਰ ਉਤੇ ਅਕਾਲ ਪੁਰਖ ਦਾ ਸਾਇਆ ਹੈ, ਮੇਰਾ ਕੋਈ ਕੁਝ ਨਹੀ ਵਿਗਾੜ ਸਕਦਾ। ਤੂੰ ਤਾਂ ਕੁਰਾਨ ਦੀ ਕਸਮ ਸਰੇਆਮ ਖਾਕੇ ਮੁਕਰ ਗਿਆਂ ਹੈ ਪਰ ਮੇਰਾ ਵਰਗਾ ਦਿਲ ਵਿਚ ਵੀ ਕਸਮ ਖਾਕੇ ਉਸਤੇ ਟਿਕਿਆ ਰਹਿੰਦਾ ਹੈ। ਮੈਨੂੰ ਨਹੀ ਸੀ ਪਤਾ ਕੀ ਅਰੰਗਜੇਬ ਕਸਮਾਂ ਤੋੜਨ ਵਾਲਾ ਕੇਵਲ ਪੈਸੇ ਦਾ ਪੀਰ ਤੇ ਬੇਈਮਾਨ ਹੈ। ਨਾ ਤੂੰ ਦੀਨ ਈਮਾਨ ਤੇ ਕਾਇਮ ਹੈ ਨਾ ਸ਼ਰਾ ਸ਼ਰੀਅਤ ਦਾ ਪਾਬੰਦ। ਨਾ ਤੇਨੂੰ ਰਬ ਦੀ ਪਹਚਾਨ ਹੈ ਨਾ ਹਜਰਤ ਮੁਹੰਮਦ ਤੇ ਭਰੋਸਾ। ਹੁਣ ਭਾਵੇਂ ਤੂੰ ਕੁਰਾਨ ਦੀਆਂ ਸੋ ਕਸਮਾ ਵੀ ਖਾਵੇਂ ਤੇਰੇ ਤੇ ਕੋਣ ਇਤਬਾਰ ਕਰੇ। ਅਜੀਬ ਹੈ ਤੇਰਾ ਇਨਸਾਫ਼, ਤੇਰਾ ਧਰਮ ਪਾਉਣ ਦਾ ਢੰਗ, ਮੇਨੂੰ ਇਕ ਵਾਰੀ ਨਹੀ ਸੋ ਵਾਰੀ ਅਫਸੋਸ ਹੈ ਇਸਤੇ। ਕੀ ਹੋਇਆ ਜੇ ਤੂੰ ਧੋਖੇ ਨਾਲ ਨਿਕੀਆ ਨਿਕੀਆਂ ਚਿੰਗਿਆਰੀਆਂ ਬੁਝਾ ਦਿਤੀਆਂ ਹਨ, ਤੇਰੀ ਕਾਹਦੀ ਬਹਾਦਰੀ, ਅਗ ਦਾ ਭਾਬੜ ਅਜ ਵੀ ਬਲਦਾ ਪਿਆ ਹੈ, ਜਿਸਦੇ ਸ਼ੋਲੇ ਇਕ ਦਿਨ ਮੁਗਲ ਸਮਰਾਜ ਦਾ ਅੰਤ ਕਰਨਗੇ।
ਭਾਈ ਦਇਆ ਸਿੰਘ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਜ਼ਫਰਨਾਮਾ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ, ਉਸਦਾ ਰੰਗ ਪੀਲਾ ਪੇ ਗਿਆ, ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆਂ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ, ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨਾ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ “। ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ ਸੁਰਖਿਆ ਦਾ ਪਰਵਾਨਾ ਦੇਕੇ ਭੇਜਿਆ। ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ, ਜੋ ਵੀ ਕਰਨ ਉਸ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ। ਇਹਨਾ ਹੁਕਮਾ ਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ। ਉਸਨੇ ਗੁਰੂ ਸਾਹਿਬ ਵਲ ਵੀ ਇਕ ਚਿਠੀ ਭੇਜੀ ਜਿਸ ਵਿਚ ਉਸਨੇ ਗੁਰੂ ਸਾਹਿਬ ਨੂੰ ਕਸਮਾਂ ਤਰਲਿਆਂ ਨਾਲ ਸਦਿਆ ਤੇ ਕਿਹਾ ਕਿ, ” ਮੈ ਤੁਹਾਡੇ ਕੋਲ ਖੁਦ ਚਲ ਕੇ ਆਉਂਦਾ ਪਰ ਮਜਬੂਰ ਹਾਂ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦੇ ਰਹੀ “। ਗੁਰੂ ਸਾਹਿਬ ਨੇ ਉਸਦੀ ਬਿਮਾਰੀ ਦਾ ਸੁਣਕੇ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਅਜੇ ਰਾਹ ਵਿਚ ਹੀ ਸਨ ਕੀ ਔਰੰਗਜ਼ੇਬ ਦੀ ਮੋਤ ਦੀ ਖਬਰ ਆ ਗਈ, ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ।
ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਜਿਓਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀ ਕਰ ਸਕੇ, ਪਰ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ। ਗਲ ਸੰਸਾਰਿਕ ਵਡਿਆਈ ਦੀ ਨਹੀਂ ਉਨ੍ਹਾ ਦੇ ਆਦਰਸ਼ ਦੀ, ਨਿਸ਼ਾਨੇ ਤੇ ਸੂਝ ਬੂਝ ਦੀ ਹੈ। ਗੁਰੂ ਸਾਹਿਬ ਦੀ ਜਦੋ- ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਨ੍ਹਾ ਨੇ ਦੁਨਿਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ, ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ।
                  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

Translate »