ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੀ ਜੇਕਰ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਵਿਸ਼ੇਸ਼ਤਾਵਾਂ, ਸਾਰੇ ਗੁਣ ਇਕਠੇ ਕਰੀਏ ਤਾਂ ਵੀ ਵਡਿਆਈ ਕਰਨੀ ਔਖੀ ਹੀ ਨਹੀਂ ਬਲਿਕ ਨਾਮੁਮਕਿਨ ਹੈ। ਉਹਨਾ ਦਾ ਬਹੁ–ਪਖੀ ਜੀਵਨ ਨੂੰ ਸਮਝਣਾ ਕਿਸੇ ਇਨਸਾਨ ਦੀ ਕੈਫੀਅਤ ਨਹੀਂ। ਕਿਸੇ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਅਸੰਭਵ ਜਿਹੀ ਗਲ ਜਾਪਦੀ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕੰਮ ਕਰ ਜਾਣੇ ਕਿਸੇ ਇਨਸਾਨ ਦੀ ਤੋਫੀਕ ਤੋਂ ਬਾਹਰ ਹੈ। ਅਸੀਂ ਉਨਾ ਨੂੰ ਰਬ ਨਾ ਕਹਿਏ ਤਾਂ ਕੀ ਕਹੀਏ ?
ਸਾਧੂ ਟੀ ਐਲ ਵਾਸਵਾਨੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਮੁਚੀ ਸ਼ਖਸ਼ੀਅਤ ਨੂੰ ਸਤ–ਰੰਗੀ ਪੀਂਘ ਨਾਲ ਤੁਲਨਾ ਦਿੰਦੇ ਹਨ। ਉਹ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਿਚ ਪਹਿਲੇ ਹੋਏ ਸਾਰੇ ਪੇਗੰਮਬਰਾਂ ਦੇ ਗੁਣ ਸਨ, ਗੁਰੂ ਨਾਨਕ ਸਾਹਿਬ ਦੀ ਮਿਠਤ–ਨੀਵੀਂ, ਈਸਾ ਦੀ ਮਸੂਮੀਅਤ, ਬੁਧ ਦਾ ਆਤਮ ਗਿਆਨ, ਹਜਰਤ ਮੁਹੰਮਦ ਵਾਲਾ ਕੋਸ਼, ਕ੍ਰਿਸ਼ਨ ਵਾਲਾ ਜਲੋਂ, ਰਾਮ ਵਰਗਾ ਮਰਿਆਦਾ ਪ੍ਰਸ਼ੋਤਮ ਤੇ ਕਿਤਨਾ ਕੁਝ ਹੋਰ ਜੋ ਬਿਆਨ ਨਹੀਂ ਕੀਤਾ ਜਾ ਸਕਦਾ।
ਮੁਹੰਮਦ ਲਤੀਫ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਧਾਰਮਿਕ ਗਦੀ ਤੇ ਬੇਠੇ ਰੂਹਾਨੀ ਰਹਿਬਰ , ਤਖ਼ਤ ਤੇ ਬੇਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੈਦਾਨੇ ਜੰਗ ਵਿਚ ਮਹਾਂ ਯੋਧਾ ਤੇ ਸੰਗਤ ਵਿਚ ਬੈਠੇ ਫ਼ਕੀਰ ਲਗਦੇ ਸਨ“। ਚਾਹੇ ਉਹਨਾਂ ਨੇ ਸ਼ਾਹੀ ਠਾਠ ਬਾਟ ਵੀ ਰਖੇ, ਪਰ ਦਿਲੋ–ਦਿਮਾਗ ਤੋਂ ਓਹ ਹਮੇਸ਼ਾਂ ਫਕੀਰ ਹੀ ਰਹੇ, ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰਵੇਸ਼ ਕਿਹਾ ਜਾਂਦਾ ਹੈ। ਉਹਨਾ ਨੇ ਇਨਸਾਨੀਅਤ ਦੇ ਹਰ ਪਖ ਨੂੰ ਇਸ ਢੰਗ ਨਾਲ ਸਵਾਰਿਆ, ਸਜਾਇਆ ਤੇ ਵਿਕਸਿਤ ਕੀਤਾ ਕੀ ਦੇਖਣ ਸੁਣਨ ਤੇ ਪੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਉਹਨਾਂ ਦਾ ਉਚਾ ਲੰਬਾ ਕਦ , ਨੂਰਾਨੀ ਚੇਹਰਾ, ਅਖਾਂ ਵਿਚ ਅਜਿਹੀ ਚਮਕ ਸੀ ਕੀ ਲੋਕਾਂ ਦੀਆਂ ਅਖਾਂ ਚੁੰਧਿਆ ਜਾਂਦੀਆਂ ਸਨ । ਕਮਾਲ ਦੇ ਖੋੜ ਸਵਾਰ ,ਖੁਲੀ ਕੁਦਰਤ ਦੇ ਸ਼ੋਕੀਨ, ਦਰ੍ਬਾਰ ਵਿਚ ਆਓਂਦੇ ਤਾ ਕੀਮਤੀ ਲਿਬਾਸ ,ਅਸਤਰ ਸ਼ਸ਼ਤਰ ਸਜਾਕੇ ; ਬਾਦਸ਼ਾਹਾਂ ਵਾਂਗ ਕਲਗੀ ਲਗਾਕੇ , ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇਜ ਤਰਾਰ ਘੋੜੇ ਦੀ ਸਵਾਰੀ ਕਰਦੇ, ਖਬੇ ਹਥ ਵਿਚ ਬਾਜ਼ ਤੇ ਉਸਦੀਆਂ ਡੋਰਾਂ ਹੁੰਦੀਆ ਤੇ ਨਾਲ ਘੋੜ ਸਵਾਰ ਸਿੰਘ । ਓਹ ਇਕ ਮਹਾਨ ਜਰਨੈਲ , ਉਚ ਕੋਟੀ ਦੇ ਵਿਦਵਾਨ , ਅਜ਼ੀਮ ਸਹਿਤਕਾਰ , ਗੁਰਬਾਣੀ ਸੰਗੀਤ ਦੇ ਰਸੀਏ , ਸਰਬੰਸਦਾਨੀ . ਅਮ੍ਰਿਤ ਦੇ ਦਾਤੇ , ਭਗਤੀ ਤੇ ਸ਼ਕਤੀ ਦੇ ਮੁਜਸਮੇ , ਮਰਦ –ਏ– ਮੈਦਾਨ , ਸ਼ਸ਼ਤਰ ਤੇ ਸ਼ਾਸ਼ਤਰ ਦੇ ਧਨੀ , ਸੰਤ –ਸਿਪਾਹੀ , ਸਹਿਬ –ਏ –ਕਮਾਲ , ਮਰਦ –ਅਗੰਮੜੇ, ਦੁਸ਼ਟ– ਦਮਨ , ਸਾਹਸ, ਸਿਦਕ ,ਸਬਰ , ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ,ਆਦਰਸ਼ਕ ਗ੍ਰਿਹ੍ਸਤੀ , ਚੰਗੇ ਪੁਤਰ , ਪਿਆਰੇ ਪਿਤਾ ਤੇ ਨੇਕ ਪਤੀ ,ਇਸ ਤੋਂ ਵਧ ਮੇਰੇ ਲਫਜ਼ ਖਤਮ ਹੋ ਜਾਂਦੇ ਹਨ , ਕਲਮ ਜਵਾਬ ਦੇ ਗਈ ਹੈ । ਬਸ ਇਹ ਹੀ ਕਹਿ ਸਕਦੀ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ ।।
ਉਹ ਇਕ ਨਿਡਰ ਬਹਾਦਰ , ਨਾ ਡਰਨਾ ਨਾ ਡਰਾਨਾ, ਦੀ ਸੋਚ ਰਖਦੇ ਸੀ ,ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹੁਕਮਰਾਨ, ਜੁਲਮ ਤੇ ਜਬਰ ਨਾਲ ਸਮਝੋਤਾ ਕਰਨ ਦੇ ਉਹ ਹਰਗਿਜ਼ ਕਾਇਲ ਨਹੀ ਸੀ । ਹਕੀਮ ਅਲਾਹ ਯਾਰ ਖਾਂ ਜੋਗੀ ਆਪਜੀ ਬਾਰੇ ਇਉਂ ਬਿਆਨ ਕਰਦੇ ਹਨ।
ਇਨਸਾਫ਼ ਕਰੇ ਜੋ ਜਮਾਨਾ ਤੋ ਯਕੀਂ ਹੈ ।।
ਕਹਿ ਦੇ ਕੀ ਗੋਬਿੰਦ ਕਾ ਸਾਨੀ ਨਹੀਂ ਹੈ ।।
ਕਰਤਾਰ ਕੀ ਸੋਗੰਧ ਵਾ ਨਾਨਕ ਕੀ ਕਸਮ ਹੈ ।।
ਜਿਤਨੀ ਭੀ ਹੋ ਗੋਬਿੰਦ ਕੀ ਤਰੀਫ ਵੁਹ ਕੰਮ ਹੈ ।।
ਹਰ ਚੰਦ ਮੇਰੇ ਹਾਥ ਮੈਂ ਪੁਰ–ਜੋਰ ਕਲਮ ਹੈ ।।
ਸਤਗੁਰਿ ਕੇ ਲਿਖੂਂ ਵਸਫ਼ ਕਹਾਂ ਤਾਬਿ–ਏ– ਰਕਮ ਹੈ ।।
ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ।।
ਸਾਗਰ ਕੋ ਮਝਧਾਰ ਕੋ ਯਾ ਲਹਿਰ ਕੋ ਦੇਖੇ ।।
ਸੂਫ਼ੀ ਕਿਬਰਿਆ ਖਾਨ ਨੇ ਆਪਣੇ ਅੰਦਾਜ਼ ਵਿਚ ਲਿਖਿਆ ਹੈ :
ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂਨੇ ਪਰਉਪਕਾਰ ਕੀਏ
ਇਕ ਖਾਲਸ ਖਾਲਸਾ ਪੰਥ ਸਜਾ , ਜਾਟੋਂ ਕੇ ਭੇਦ ਨਿਕਾਲ ਦੀਏ
ਉਸ ਮੁਲਕ–ਏ –ਵਤਨ ਕੀ ਖਿਦਮਤ ਮੈ , ਕਹੀ ਬਾਪ ਦੀਆ ਕਹੀ ਲਾਲ ਦੀਏ ।।
ਜੇਕਰ ਉਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇਕ ਜਗਹ ਤੇ ਦੇਖਣੀਆਂ ਹੋਣ ਤਾਂ ਓਹ ਹੈ ਗੰਜਨਾਮਾ ਜਿਸ ਵਿਚ ਭਾਈ ਨੰਦ ਲਾਲ, ਜੋ ਉਨਾਂ ਦੇ 52 ਕਵੀਆਂ ਵਿਚੋ ਇਕ ਸੀ ,ਦੇ ਸ਼ੇਅਰ ਹਨ , ਜਿਸ ਵਿਚ ਓਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੋਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਅੰਧੇਰਾ ਨੂੰ ਦੂਰ ਕਰਨ ਵਾਲੀ ਹੈ । ਉਨਾ ਦੀਆਂ 200 ਤੋਂ ਵਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋਕੇ ਕਿਹਾ ,’ਬਸ ਇਹੋ ਕਹਿ ਸਕਦਾਂ ਹਾਂ ਕੀ ਤੇਰੇ ਚਰਨਾ ਤੇ ਸਿਰ ਰਖਾਂ ਤੇ ਮੇਰੀ ਜਾਨ ਨਿਕਲ ਜਾਏ। ਓਹ ਗੁਰੂ ਸਾਹਿਬ ਦੀ ਇਕ ਇਕ ਸਿਫਤ ਦਾ ਇਤਨਾ ਦੀਵਾਨਾ ਸੀ ਕਿ ਉਹਨਾ ਤੋ ਬਿਨਾ ਕੁਝ ਹੋਰ ਉਸ ਨੂੰ ਦਿਖਦਾ ਜਾ ਸੁਝਦਾ ਹੀ ਨਹੀਂ ਸੀ।
ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਹ ਫ਼ਾਰਸੀ ਦਾ ਬਹੁਤ ਵਡਾ ਵਿਦਵਾਨ ਸੀ। ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਇਕ ਵਾਰੀ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕੀ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ । ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ । ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ–ਏ–ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ । ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ । ਉਸਨੇ ਨੰਦ ਲਾਲ ਨੂੰ ਦਸਿਆ । ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਨੋ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ । ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ।
ਗੁਰੂ ਸਾਹਿਬ ਇਸਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ । ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿਤਾ । ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲਗੀ । ਬੜਾ ਹੈਰਾਨ ਹੋਕੇ ਸੋਚਣ ਲਗਾ ਕੀ ਇਹਨਾ ਨੂੰ ਤਾਂ ਮੈਨੂੰ ਕਵਿਤਾਂ ਜਾ ਕੁਝ ਲਿਖਿਆ ਸੁਣਾਣ ਵਾਸਤੇ ਕਹਿਣਾ ਚਾਹੀਦਾ ਸੀ , ਭਾਂਡੇ ਮਾਜਣ ਤੇ ਲਗਾ ਦਿਤਾ ਹੈ । ਖੈਰ ਹੁਕਮ ਤਾਂ ਮੰਨਨਾ ਹੀ ਪੈਣਾ ਸੀ । ਖੈਰ ਭਾਡੇ ਮਾਂਜਦਿਆਂ ਮਾਂਜਦਿਆਂ ਮਨ ਦਾ ਹੰਕਾਰ ਵੀ ਹੋਲੀ ਹੋਲੀ ਸਾਫ਼ ਹੁੰਦਾ ਗਿਆ । ਕੁਝ ਚਿਰ ਮਗਰੋ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿਤਾ ਗਿਆ।
ਇਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਦਾ ਸੋਚਿਆ , ਭੇਸ ਬਦਲ ਕੇ ਸਭ ਦੇ ਲੰਗਰ–ਖਾਨਿਆ ਵਿਚ ਗਏ ਤੇ ਕਿਹਾ ,” ਮੈਂ ਦੋ ਦਿਨ ਦਾ ਭੁਖਾ ਹਾਂ ਬੜੀ ਦੂਰੋਂ ਚਲ ਕੇ ਆਇਆ ਹਾਂ ਭੁਖ ਲਗੀ ਹੈ ਕੁਝ ਖਾਣ ਨੂੰ ਦੇ ਦਿਓ ” । ਲੰਗਰ ਦਾ ਵਕਤ ਨਹੀਂ ਸੀ ,ਹਰ ਇਕ ਮੁਖੀਏ ਨੇ ਕਹਿ ਦਿਤਾ ਕੀ ਅਜੇ ਲੰਗਰ ਦਾ ਵਕਤ ਨਹੀਂ ਹੋਇਆ , ਲੰਗਰ ਤਿਆਰ ਨਹੀਂ ਹੈ , ਕੁਝ ਚਿਰ ਬਾਅਦ ਵਿਚ ਆਣਾ । ਫਿਰ ਭਾਈ ਨੰਦ ਲਾਲ ਦੇ ਲੰਗਰ ਵਿਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚਲ ਕੇ ਆਇਆ ਹਾਂ ਥਕਿਆ ਹੋਇਆਂ ਹਾਂ ਦੋ ਦਿਨ ਤੋਂ ਕੁਝ ਖਾਧਾ ਨਹੀ, ਕੁਝ ਖਾਣ ਨੂੰ ਹੈ ਤਾਂ ਦੇ ਦਿਉ । ਨੰਦ ਲਾਲ ਬੜੇ ਪਿਆਰ ਸਤਕਾਰ ਨਾਲ ਉਨਾ ਨੂੰ ਮੰਜੇ ਤੇ ਬਿਠਾਇਆ , ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਨਾ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ , ਜੋ ਵੀ ਜਲਦੀ ਜਲਦੀ ਬਣ ਸਕਦਾ ਹੈ ਲੈਕੇ ਆਂਦਾ ਹਾਂ । ਜੋ ਕੁਝ ਬਣਿਆ ਲੈਕੇ ਆਏ ਬੜੇ ਪਿਆਰ ਸਤਕਾਰ ਨਾਲ ਖੁਆਇਆ । ਗੁਰੂ ਸਾਹਿਬ ਨੇ ਆਪਣੀ ਚੇਹਰੇ ਤੋ ਚਾਦਰ ਲਾਹੀ ਤੇ ਕਹਿਣ ਲਗੇ ” ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ “। ਤਾਂ ਨੰਦ ਲਾਲ ਨੇ ਕੀ ਮੰਗਿਆ ,”ਬਸ ਆਪਣੇ ਚਰਨਾ ਵਿਚ ਥਾਂ ਦੇ ਦਿਉ ਇਸਤੋ ਵਧ ਮੈਨੂੰ ਕੁਝ ਨਹੀਂ ਚਾਹਿਦਾ “।
ਇਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ । ਰਸਤੇ ਵਿਚੋਂ ਉਹਨਾ ਨੇ ਇਕ ਪਥਰ ਚੁਕਿਆ , ਨਦੀ ਵਿਚ ਸੁਟਿਆ ਤੇ ਸਿਖਾਂ ਤੋਂ ਪੁਛਣ ਲਗੇ ਕੀ ਇਹ ਪਥਰ ਕਿਓਂ ਡੁਬਿਆ ਹੈ ? ਸਿਖਾਂ ਨੇ ਕਿਹਾ ਕੀ ਪਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿਚ ਡੁਬ ਗਿਆ ਹੈ, ਥੋੜੀ ਦੂਰ ਜਾਕੇ ਫਿਰ ਇਕ ਹੋਰ ਪਥਰ ਚੁਕਿਆ , ਨਦੀ ਵਿਚ ਸੁਟਿਆ , ਫਿਰ ਓਹੀ ਸਵਾਲ , ਤੀਸਰੀ ਵਾਰੀ ਫਿਰ ਪਥਰ ਸੁਟ ਕੇ ਓਹੀ ਸਵਾਲ ਪਥਰ ਡੁਬਿਆ ਕਿਓਂ ਹੈ । ਬਾਰ ਬਾਰ ਇਕੋ ਸਵਾਲ ਤੇ ਇਕ ਸਿਖ ਨੇ ਥੋੜੇ ਖਿਝ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ , ਪਥਰ ਚੁਕਦੇ ਹੋ , ਸੁਟਦੇ ਹੋ ਤੇ ਮੁੜ ਮੁੜ ਕੇ ਉਹੀ ਸਵਾਲ ਕਰਦੇ ਹੋ । ਤੁਹਾਨੂੰ ਵੀ ਪਤਾ ਹੈ ਕੀ ਪਥਰ ਭਾਰੀ ਹੈ ਇਸ ਲਈ ਡੁਬ ਗਿਆ ਹੈ ।ਚੋਥੀ ਵਾਰ ਫਿਰ ਪਥਰ ਨਦੀ ਵਿਚ ਸੁਟਿਆ ਤੇ ਸਵਾਲ ਕੀਤਾ ਨੰਦ ਲਾਲ ਪਥਰ ਡੁਬਿਆ ਕਿਓਂ ਹੈ ? ਇਸ ਵਾਰੀ ਸਿਖਾਂ ਨੂੰ ਨਹੀ ਨੰਦ ਲਾਲ ਤੋਂ ਪੁਛਦੇ ਹਨ ਨੰਦ ਲਾਲ ਚੁਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁਛ ਰਿਹਾਂ ਹਾਂ ਪਥਰ ਡੁਬਿਆ ਕਿਓਂ ਹੈ । ਨੰਦ ਲਾਲ ਦੇ ਅਖਾਂ ਵਿਚ ਹੰਜੂ ਸੀ ,ਕਹਿਣ ਲਗਾ ,” ਪਾਤਸ਼ਾਹ , ਨਾ ਮੈਂ ਪਾਣੀ ਦੇਖਿਆ .ਨਾ ਪਥਰ ,ਮੈਨੂੰ ਤਾ ਬਸ ਇਤਨਾ ਪਤਾ ਹੈ ਕੀ ਜੋ ਤੇਰੇ ਹਥੋਂ ਛੁਟਕ ਗਿਆ ਓਹ ਡੁਬ ਗਿਆ।
ਇਤਨੀ ਸ਼ਰਧਾ ਤੇ ਪਿਆਰ ਸੀ ਉਸਦਾ ਗੁਰੂ ਸਹਿਬ ਨਾਲ । ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸਦਾ ਜਵਾਬ ਸੀ , ਮੈਂ ਕੀ ਮੰਗਾ ? ਤੁਹਾਡੇ ਚੇਹਰੇ ਵਿਚੋਂ ਮੈਨੂ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿਚੋ ਲੋਕ ਪ੍ਰਲੋਕ ਦੇ । ਇਸਤੋਂ ਵਧ ਮੈਨੂ ਕੀ ਚਾਹਿਦਾ ਹੈ ? ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇਕ ਬੜੀ ਖੂਬਸੂਰਤ ਗਲ ਕਹੀ ਕੀ ਬਸ ਮੇਰੀ ਇਕ ਮੰਗ ਹੈ ਕੀ ਜਦੋ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਹ ਤੁਹਾਡੇ ਚਰਨਾਂ ਤੋ ਸਿਵਾ ਕਿਸੀ ਹੋਰ ਦੇ ਪੈਰਾਂ ਨੂੰ ਨਾ ਲਗੇ । ਇਸਤੋਂ ਬਾਦ ਉਹ ਗੁਰੂ ਤੋ ਕਦੇ ਵਿਛੜਿਆ ਨਹੀ ਤਦ ਤਕ ਜਦ ਤਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ । ਵਿਛੜਨ ਵੇਲੇ ਨੰਦ ਲਾਲ ਦੇ ਅਖਾਂ ਵਿਚ ਅਥਰੂ ਸਨ , ਕਹਿਣ ਲਗਾ ਕੀ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅਮ੍ਰਿਤ ਬਾਟੇ ਦੀ ਪਾਹੁਲ ਲੇਕੇ ਸਿੰਘ ਸਜਾਂ , ਹੋਰ ਕੁਝ ਨਹੀ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋਕੇ ਪਹਿਰਾ ਦਿਆਂ , ਤਾਂ ਗੁਰੂ ਸਾਹਿਬ ਨੇ ਉਸਦੇ ਹਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ ” ਇਹ ਸੂਰੇ ਦੀ ਤਲਵਾਰ ਵਾਗ ਚਲੇ । ਤੇਗ ਵਾਲੀਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ। ਇਕ ਸਿਪਾਹੀ ਦੀਆਂ ਬਾਹਾਂ ਨਾਲੋ ਵਧ ਤਾਕਤ ਇਸ ਕਲਮ ਵਿਚ ਹੈ, ਇਹੀ ਨੇਕੀ, ਧਰਮ,ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ,ਇਹੀ ਤੁਹਾਡੇ ਵਾਸਤੇ ਹੁਕਮ ਹੈ “। ਗੁਰੂ ਸਾਹਿਬ ਵਲੋਂ ਉਸ ਨੂੰ ਮੁਲਤਾਨ ਵਾਪਸ ਜਾਂ ਦੀ ਆਗਿਆ ਹੋਈ । ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ
ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ
ਜੁਮਲਾ ਫੈਜ਼ੀਲੂਰ ਗੁਰੂ ਗੋਬਿੰਦ ਸਿੰਘ
ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ
ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ
ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ
ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ
ਪੈਗੰਬਰ
ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ । ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ੍ਬਾ ਉਚਾ ਤੇ ਸੁਚਾ ਜੀਵਨ ਕਿਸੇ ਪੈਗੰਬਰ ਨਾਲੋਂ ਘਟ ਨਹੀ ਸੀ। ਜਿਥੇ ਉਨਾਂ ਵਿਚ ਸੰਤਾ ਵਾਲੇ ਗੁਣ ਸਨ ਉਥੇ ਓਹ ਇਕ ਸਮਾਜ ਸੁਧਾਰਕ ਕੋਮੀ ਉਸਰਈਏ ਅਤੇ ਮਹਾਨ ਫੌਜੀ ਜਰਨੈਲ ਵੀ ਸਨ , ਨਿਡਰ ਤੇ ਲੋਭ ਲਾਲਚ ਤੋ ਕਿਤੇ ਉਪਰ । ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ,ਜਰ ਜੋਰੁ ਜਾਂ ਜਮੀਨ ਲਈ ਨਹੀ ,ਨਾ ਕਿਸੇ ਨੂੰ ਦੁਖ ਪਹੁੰਚਾਣ ਲਈ ,ਸਗੋ ਗਰੀਬਾਂ ਤੇ ਮਜ੍ਲੂਮਾ ਦੀ ਰਖਿਆ ਕਰਨ ਤੇ ਜੋਰ ਜਬਰ ਦਾ ਟਾਕਰਾ ਕਰਨ ਲਈ । ਓਹਨਾਂ ਨੇ ਨਾ ਕਿਸੇ ਦੀ ਦੋਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ , ਨਾ ਕਿਸੀ ਦੀ ਬਹੂ ਬੇਟੀ ਨੂੰ ਬੇਆਬਰੂ ਕੀਤਾ ਨਾ ਕਰਵਾਇਆ,ਨਾ ਕਿਸੇ ਨੂੰ ਕੈਦ ਕੀਤਾ , ਨਾ ਅੰਗ ਵਡੇ , ਨਾ ਸੂਲੀ ਤੇ ਚਾੜਿਆ , ਓਹ ਲੜੇ ਤੇ ਸਿਰਫ ਅਸੂਲਾਂ ਵਾਸਤੇ, ਹਕ ਤੇ ਸਚ ਦੀ ਰਾਖੀ ਕਰਨ ਵਾਸਤੇ ਓਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫ਼ੇਲ ਹੋ ਚੁਕੇ ਸਨ ।
ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ । 9 ਸਾਲ ਦੀ ਉਮਰ ਵਿਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਕਾਰ । ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤਿਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ , ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ ਦਿਤੀ । ਉਹਨਾਂ ਦਾ ਹੋਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਵਿਚ ਰਹਿਕੇ ਰਬ ਦਾ ਸ਼ੁਕਰ ਮਨਾਉਂਦੇ ਰਹੇ । ਚਮਕੋਰ ਦੀ ਜੰਗ ਵਿਚ ਆਪਣੇ ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ ਇਕ ਹੰਜੂ ਕੇਰਾ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ , ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ ਗਏ, ਸੀ ਨਹੀ ਕੀਤੀ , ਸਿਤਮ ਜਫਾ ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ । ਪੁਤਰ ਵੀ ਜਿਹਨਾਂ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ–ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ ਇਤਿਹਾਸ ਨਾਲੋਂ ਵਖਰੀ ਹੈ।
ਜਿਤਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ । ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁਤਰ ਤੇ ਸ਼ਹੀਦ ਪੁਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੋਮ ਲਈ ਕੁਰਬਾਨੀਆਂ ਕਰਦੇ ਬੀਤਿਆ ਖਾਸ ਕਰਕੇ ਪੋਹ ਦੇ ਓਹ 7 ਦਿਨ ਜਿਨਾਂ ਨੂੰ ਸੁਣਕੇ ਹ਼ਰ ਇਕ ਦੇ ਰੋੰਗਟੇ ਖੜੇ ਹੋ ਜਾਂਦੇ , ਦਿਲ ਕੰਬ ਉਠਦਾ । ਚਾਰ ਪੁਤਰ ਤਿੰਨ ਪਿਆਰੇ ਤੇ 500 ਤੋ ਵਧ ਸੰਤ ਸਿਪਾਹੀ ਜੋ ਉਨਾਂ ਨੂੰ ਪੁਤਰਾਂ ਤੋਂ ਵਧ ਪਿਆਰੇ ਸੀ, ਸ਼ਹੀਦ ਹੋਏ ।
ਬੜੀ ਹੈਰਾਨੀ ਦੀ ਗਲ ਹੈ ਕੀ ਜਿਹਨਾਂ ਦੇ ਤਿਲਕ ਜੰਜੂ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਾਨ ਕੁਰਬਾਨ ਕਰ ਦਿਤੀ ਉਹਨਾਂ ਹਿੰਦੂਆਂ ਨੇ ਹੀ ਪਹਿਲਾ ਤੇ ਕਈ ਲਗਾਤਾਰ ਹਮਲੇ ਗੁਰੂ ਗੋਬਿੰਦ ਸਾਹਿਬ ਤੇ ਕੀਤੇ ਤੇ ਨਾ–ਕਾਮਯਾਬ ਹੋਣ ਤੇ ਮੁਗਲ ਹਕੂਮਤ ਨੂੰ ਆਪਣੇ ਨਾਲ ਗੰਡ ਲਿਆ । ਉਹਨਾਂ ਦੀ ਗੁਰੂ ਘਰ ਨਾਲ ਦੁਸ਼ਮਨੀ ਨੇ ਭਾਰਤ ਦੀ ਬਦਕਿਸ੍ਮਤੀ ਨੂੰ ਹੋਰ ਲੰਬੇਰਾ ਕਰ ਦਿਤਾ । ਸਰ ਰਣਬੀਰ ਏਡੀਟਰ ਮਿਲਾਪ ਲਿਖਦੇ ਹਨ ”ਇਤਿਹਾਸ ਦੀ ਸਭ ਤੋਂ ਵਧੇਰੇ ਦੁਖਾਂਤਰ ਗਲ ਇਹ ਹੈ ਕਿ ਜਿਹਨਾਂ ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ , ਜਿਹਨਾਂ ਨੂੰ ਜਗਾਉਣ ਤੇ ਸ਼ਕਤੀਸ਼ਾਲੀ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਦਿਤਾ ,ਆਪਣਾ ਜੀਵਨ ਨਿਛਾਵਰ ਕਰ ਦਿਤਾ ਪਹਿਲਾ ਹਮਲਾ ਉਹਨਾਂ ਨੇ ਕੀਤਾ ਤੇ ਕਈ ਵਾਰ ਦੁਹਰਾਇਆ , ਚਾਹੇ ਹਮੇਸ਼ਾਂ ਹੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ।
ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਹਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ । ਇਸ ਧਰਮ ਯੁਧ ਵਿਚ ਅਨੇਕਾਂ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੇ ਸਾਂਝਾ ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ । ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਨ ਜਿਹਨਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ ਤੇ ਪਹੁੰਚਾਇਆ ਜਿਥੇ ਉਹਨਾਂ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ । ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ ਤਸਲੀ ਕਰਵਾਈ ,” ਇਹ ਉਚ੍ ਦੇ ਪੀਰਾਂ ਦੇ ਪੀਰ ਹਨ । ਅੱਲਾ ਦੇ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ” । ਇਹ ਸੀ ਇਹਨਾਂ ਦਾ ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ ।
ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ ਨੂੰ ਸਿਰਹੰਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ ਮਲ ਵਰਗੇ ਨੇਕ ਦਿਲ ਇਨਸਾਨ ਜਿਹਨਾਂ ਨੇ ਕੇਦ੍ਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ । ਦੀਨਾ ਪਿੰਡ ਦੇ ਚੋਧਰੀ ਲਖ੍ਮੀਰਾ ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਹਨਾਂ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਹਰਗਿਜ਼ ਨਹੀ ਕਰਾਂਗੇ । ਇਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ।
ਜਦ ਸਿੰਘਾ ਨੇ ਭਾਈ ਘਨਈਆ ਦੀ ਸ਼ਕਾਇਤ ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨਇਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ ਪਾਣੀ ਪਿਲਾਣ ਦੇ ਨਾਲ ਨਾਲ ਮਰਮ–ਪਟੀ ਕਰਨ ਦੀ ਵੀ ਹਿਦਾਅਤ ਦਿਤੀ । ਉਹਨਾਂ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ । ਉਹ ਤਾ ਸਭ ਦਾ ਭਲਾ ਮੰਗਦੇ ਰਹੇ । ਉਹਨਾ ਦੀ ਟਕਰ ਜ਼ੁਲਮ ਨਾਲ ਸੀ ਕਿਸੇ ਇਨਸਾਨ ਨਾਲ ਨਹੀਂ ।
ਗੁਰੂ ਸਾਹਿਬ ਦਾ ਇਕ ਤੀਰ 496 ਪੋਂਡ ਮਤਲਬ ੨੩੫ ਕਿਲੋ ਦਾ ਹੁੰਦਾ ਸੀ । ਹਰ ਤੀਰ ਨਾਲ ।/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ–ਦਫਨ ਦਾ ਇੰਤਜ਼ਾਮ ਹੋ ਸ੍ਕੇ । ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੋਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ ਦਰਵੇਸ਼ , ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨਿਆ ਤੋ ਵਖ ਸਨ । ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੇਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਸੈਦ ਖਾਨ ,ਪੀਰ ਬੁਧੂ ਸ਼ਾਹ ਦੀ ਪਤਨੀ ਨਸੀਰਾਂ ਦਾ ਸਕਾ ਭਰਾ ਸੀ ਤੇ ਮੁਗਲ ਹਕੂਮਤ ਬਾਦਸ਼ਾਹ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ । ਜਦੋਂ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਭੰਗਾਣੀ ਦੀ ਲੜਾਈ ਵਿਚ ਪੀਰ ਬੁਧੂ ਸ਼ਾਹ ਦਾ ਲੜਾਈ ਵਿਚ ਸ਼ਾਮਲ ਹੋਣਾ ਇਕ ਬਹੁਤ ਵਡਾ ਕਾਰਨ ਹੈ, ਰਾਜਿਆਂ ਦੀ ਹਾਰ ਦਾ ਤਾਂ ਔਰੰਗਜ਼ੇਬ ਨੇ ਪੀਰ ਬੁਧੂ ਸ਼ਾਹ ਦੀ ਬੀਵੀ ਨਾਸੀਰਾਂ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ । ਰਸਤੇ ਵਿਚ ਓਹ ਨਾਸੀਰਾਂ , ਆਪਣੀ ਭੈਣ ਨੂੰ ਮਿਲਣ ਗਿਆ । ਜਦ ਨਸੀਰਾਂ ਨੇ ਉਸਦੇ ਆਓਣ ਦਾ ਮਕਸਦ ਪੁਛਿਆ ਤਾਂ ਸੈਦ ਖਾਨ ਨੇ ਦਸਿਆ ਕੀ ਅਜ ਓਹ ਗੁਰੂ ਦਾ ਸਿਰ ਵਢਣ ਲਈ ਆਇਆ ਹੈ । ਨਾਸੀਰਾਂ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਰਬ ਦਾ ਦੂਸਰਾ ਰੂਪ ਹਨ , ਤੇਨੂੰ ਉਹਨਾਂ ਨਾਲ ਟਕਰ ਨਹੀਂ ਲੈਣੀ ਚਾਹੀਦੀ ,ਪਰ ਓਹ ਨਾ ਮੰਨਿਆ ਤੇ ਆਨੰਦਪੁਰ ਪਹੁੰਚ ਗਿਆ । ਰਾਤੀ ਆਪਣੇ ਖੇਮੈ ਵਿਚ ਬੈਠ ਕੇ ਸੋਚਣ ਲਗਾ , ਕੀ ਮੇਰੀ ਭੇਣ ਤੇ ਪੀਰ ਜੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ ਵਾਰ ਦਿਤੇ ਹਨ , ਕੁਝ ਤਾ ਅਜਮਤ ਹੋਏਗੀ ਗੁਰੂ ਵਿਚ । ਅਗਰ ਗੁਰੂ ਜਾਨੀ– ਜਾਨ ਹਨ ਤਾ ਸਵੇਰੇ ਮੇਰੇ ਸਾਮਣੇ ਆਉਣ । ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾ ਸੁਣੀਆਂ । ਸਵੇਰ ਹੋਈ ਗੁਰੂ ਸਾਹਿਬ ਇਕਲੇ ਨੀਲੇ ਘੋੜੇ ਤੇ ਅਸਵਾਰ ਹੋਕੇ ਪੈਦਾਂ ਖਾਨ ਦੇ ਸਾਮਣੇ ਖੜੇ ਹੋ ਗਏ ਤੇ ਕਿਹਾ,” ਕਿ ਪੈਂਦਾ ਖਾਨ ਵਾਰ ਕਰ “। ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਤਾ ਨਹੀਂ ਕੀ ਹੋਇਆ , ਪੁਕਾਰ ਉਠਿਆ , ਖੁਦਾ ਆ ਗਿਆ , ਖੁਦਾ ਆ ਗਿਆ ।
ਖੁਦਾ ਆਈਦ ਖੁਦਾ ਆਈਦ
ਮੈ ਆਈਦ ਖੁਦਾ ਬੰਦਾ
ਹਕੀਕਤ ਦਰ ਮਿਜ਼ਾਜ਼ ਆਈਦ
ਕਿ ਮੁਰਦਹ ਰਾ ਕਨਦ ਜਿੰਦਾ ।
ਘੋੜੇ ਤੋਂ ਉਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾਕੇ ਮਥਾ ਟੇਕਿਆ , ਕੁਝ ਬੋਲਿਆ ਨਹੀ ,ਵਿਸਮਾਦ ਦੀ ਹਾਲਤ ਵਿਚ । ਗੁਰੂ ਸਾਹਿਬ ਦੀਆਂ ਫੌਜਾਂ ਵਿਚ ਸ਼ਾਮਲ ਹੋਣ ਲਈ ਅਰਜ਼ ਕੀਤੀ । ਗੁਰੂ ਸਾਹਿਬ ਨੇ ਥਾਪੜਾ ਦਿਤਾ ਤੇ ਅੱਲਾਹ ਦੀ ਯਾਦ ਵਿਚ ਜੁੜਨ ਨੂੰ ਕਿਹਾ । ਫੌਜਾਂ ਨੂੰ ਉਥੇ ਹੀ ਛਡਕੇ ਨਿਕਲ ਗਿਆ । ਜਦੋਂ ਗੁਰੂ ਸਾਹਿਬ ਚਮਕੋਰ ਤੋ ਮੁਕਤਸਰ ਗਏ ਤਾ ਇਹ ਉਹਨਾਂ ਕੋਲ ਆ ਗਿਆ ਤੇ ਅੰਤ ਸਮੇ ਤਕ ਨਾਲ ਹੀ ਰਿਹਾ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ । ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ । ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ ।
ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲਗ ਪਈ , ਪੀਰ ਜੀ ਨੇ ਹੋਸਲਾ ਦਿਤਾ, ਚੁਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦਸਿਆ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “।
ਜਦੋਂ ਗੁਰੂ ਸਾਹਿਬ ਚਮਕੋਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ । ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ , ਆਪਣੇ ਏਲਚੀ ਨੂੰ ਇਸ ਸਨੇਹੇ ਨਾਲ ,ਲੁਧਿਆਣੇ ਇਹਨਾਂ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ‘। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ । ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ । ਰਣਜੀਤ ਨਗਰਾ ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ । ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ । ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ । ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ । ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ । ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ ।
ਪੰਡਤ ਸ਼ਿਵ ਦਾਸ ਗੁਰੂ ਸਾਹਿਬ ਨੂੰ ਕ੍ਰਿਸ਼ਨ ਦਾ ਅਵਤਾਰ ਮੰਨਦੇ ਸੀ । ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਹਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ਸੀ ,ਓਹ ਫਕੀਰ ਕਈ ਕਈ ਘੰਟੇ ਪੈਦਲ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ ।
ਉਹਨਾਂ ਨੇ ਸਿਖਾਂ ਨੂੰ ਖਾਲੀ ਜ਼ੁਲਮ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਇਆ ਜਿਥੇ ਉਹਨਾਂ ਨੇ ਸਿਖਾਂ ਲਈ ਸ਼ਸ਼ਤਰ ਪਹਿਨਣੇ ਜਰੂਰੀ ਅੰਗ ਬਣਾਇਆ ਉਥੇ ਨਿਤ ਨੇਮ ਦਾ ਪਾਠ ਕਰਨਾ ਵੀ ਅਵਸ਼ਕ ਕਰ ਦਿਤਾ । ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗਲ ਦੀ ਗਵਾਹੀ ਦਿੰਦਾ ਹੈ ,ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਠ ਉਹਨਾਂ ਆਪਣਾ ਨਿਤਨੇਮ ਨਹੀਂ ਛਡਿਆ। ਉਹਨਾ ਦੀ ਬਾਣੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਹੁਣ ਤਕ ਸਿਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ।
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ । ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ । ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ , ਉਹਨਾਂ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ ਆਪਣੇ 700 ਮੁਰੀਦ , ਚਾਰ ਪੁਤਰ, ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ । ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ ਮੁਸਲਮਾਨਾ ਲਈ ਮਸੀਤਾ ਵੀ ਬਣਵਾਈਆਂ । ਬੰਦਾ ਬਹਾਦਰ , ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ ।
ਦਾਨ–ਵੀਰ
ਗੁਰੂ ਗੋਬਿੰਦ ਸਿੰਘ ਤੋਂ ਵਡਾ ਦਾਂਨ–ਵੀਰ ਕੋਣ ਹੋ ਸਕਦਾ , ਜਿਨ੍ਹਾ ਨੇ ਆਪਣਾ ਸਾਰਾ ਪਰਿਵਾਰ ਭੇਟ ਚੜਾ ਦਿਤਾ ਸਿਰਫ ਜਬਰ ਤੇ ਜੁਲਮ ਨੂੰ ਰੋਕਣ ਲਈ ਉਹ ਵੀ ਆਪਣੇ ਤੇ ਨਹੀ ਬਲਿਕ ਦੂਜਿਆਂ ਦੇ ਧਰਮ ਦੀ ਖਾਤਰ , ਮਜਲੂਮਾਂ ਦੀ ਖਾਤਿਰ , ਉਨ੍ਹਾ ਦੀ ਖੁਸ਼ੀ ਤੇ ਸੁਖ ਦੀ ਖਾਤਿਰ ,ਉਨ੍ਹਾ ਦੀ ਗੈਰਤ –ਮੰਦ ਜਿੰਦਗੀ ਦੀ ਖਾਤਿਰ ,ਜਿਸਤੇ ਉਸ ਵਕਤ ਦੀ ਮੁਗਲ ਹਕੂਮਤ ਅੰਤਾ ਦੇ ਜੁਲਮ ਢਾਹ ਰਹੀ ਸੀ ,ਪੂਰੇ ਹਿੰਦੁਸਤਾਨ ਨੂੰ ਦਾਇਰ–ਏ –ਇਸਲਾਮ ਵਿਚ ਲਿਆਉਣ ਲੀ ਜੋਰ ਜਬਰਦਸਤੀ ਦੀ ਹਦ ਤਕ ਪਹੁੰਚ ਚੁਕੀ ਸੀ 19 ਸਾਲ ਦੀ ਉਮਰ ਵਿਚ ਹਿੰਦੁਆਂ ਦੀ ਧੋਤੀ, ਬੋਦੀ ਤੇ ਜੰਜੂ ਦੀ ਰਖਿਆ ਲਈ ਆਪਣੇ ਪਿਤਾ ਨੂੰ ਸਹੀਦ ਕਰਵਾਇਆ , ਦੋ ਬਚੇ ਆਪਣੀ ਹਥੀਂ ਤਿਆਰ ਕਰਕੇ ਜੰਗ ਵਿਚ ਤੋਰੇ 10 ਲਖ ਦੀ ਫੌਜ਼ ਨਾਲ ਮੁਕਾਬਲਾ ਕਰਨ ਲਈ , ਜਿਸ ਵਿਚ ਉਨ੍ਹਾ ਦੀ ਸਹੀਦੀ ਪਕੀ ਸੀ, ਪਤਾ ਸੀ ਕੀ ਇਨ੍ਹਾ ਨੇ ਮੁੜ ਕੇ ਨਹੀਂ ਆਉਣਾ । ਦੋ ਛੋਟੇ ਸਾਹਿਬਜਾਦਿਆਂ ਨੂੰ ਉਨ੍ਹਾ ਲੀਹਾਂ ਤੇ ਤੋਰਿਆ ਕੀ ਇਤਨੇ ਲਾਲਚਾਂ ਦੇ ਬਾਵਜੂਦ ਵੀ ਓਹ ਧਰਮ ਪਿਛੇ ਕੁਰਬਾਨ ਹੋ ਗਏ ਪਰ ਇਸਲਾਮ ਕਬੂਲ ਨਹੀਂ ਕੀਤਾ । ਮਾਤਾ ਗੁਜਰੀ ਵੀ ਮੁਗਲ ਹਕੂਮਤ ਦੇ ਇਨ੍ਹਾ ਜੁਲਮਾਂ ਦੀ ਭੇਟ ਚੜੇ । ਕੋਈ ਇਹੋ ਜਿਹਾ ਇਤਿਹਾਸ ਵਿਚ ਦਾਂਨ–ਵੀਰ ਪੈਦਾ ਹੋਇਆ ਹੈ ?
ਮਹਾਨ ਆਗੂ
ਗੁਰੂ ਸਾਹਿਬ ਕਿਸੇ ਇਕ ਕੋਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ । ਓਹਨਾ ਨੇ ਕੋਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ । ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ । ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ ਪਹਨਾ ਛਡੀਆਂ । ਜਦ ਗਾਂਧੀ ਦੀ ਇਹ ਗਲ prof. ਗੰਗਾ ਸਿੰਘ ਤਕ ਪਹੁੰਚੀ ਤਾਂ ਓਹ ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ, ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ । ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ ਇਕ ਪਵਿਤਰ ਗ੍ਰੰਥ ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ ਕਦਰ ਕਰਦਾ ਹਾਂ । ਪਰ ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ ਕੁਝ ਸਮਝ ਤੇ ਗਿਆ ਪਰ ਵਾਦ–ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ । ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ । ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ । ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ । ਮੈ ਉਹਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ । ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ । ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ । ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ ਮਨ ਦਾ ਕ੍ਰਿਸ਼ਨ ਸੀ । ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ ।
ਗੋਕਲ ਚੰਦ ਨਾਰੰਗ ਲਿਖਦੇ ਹਨ ,’ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿਚ ਹਿੰਦੂ ਨਾਮ ਵਰਗੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉਘੀ ਸ਼ਕਤੀ ਸੀ ਜੋ ਜਾਲਮ ਸ਼ਾਸ਼ਕਾਂ ਨੂੰ ਵੰਗਾਰ ਸਕਦੀ । 1008 ਈ ਵਿਚ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟਕਰ ਲੈ ਸਕੇ, ਅਜਾਦ ਕਰਵਾ ਸਕੇ । ਬੇਸ਼ਕ ਰਾਣਾ ਸਾਂਗਾ, ਹੇਮੂੰ, ਨਾਰਨੋਲ ਦੇ ਸਤਨਾਮੀਆਂ ਜਾ ਮਥੁਰਾ ਦੇ ਗੋਕਲਾਂ ਨੇ ਇਨ੍ਹਾ ਵਾਸਤੇ ਗੰਭੀਰ ਪਰੇਸ਼ਾਨੀਆਂ ਜਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ਵਾਸੀਆਂ ਵਿਚ ਕੋਮੀ ਜਜ੍ਬਾ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕੇ । ਸ਼ਿਵਾ ਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਜਸੀ ਨਿਸ਼ਾਨੇ ਨੂੰ ਮੁਖ ਰਖ ਕੇ ਲੜੀਆਂ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੋਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਨਾਣਾ ਸੀ ਜਿਸ ਲਈ ਉਹਨਾਂ ਨੇ ਅਨੇਕਾਂ ਕੁਬਾਨੀਆ ਦਿਤੀਆ ।
ਉਹਨਾਂ ਨੇ ਆਪਣੇ ਸੇਵਕਾਂ ਵਿਚ ਵੀ ਕਿਸੇ ਮਜਹਬ , ਜਾਤ –ਪਾਤ , ਊਚ– ਨੀਚ, ਹਦਾਂ ਸਰਹਦਾਂ ਨੂੰ ਜਗਹ ਨਹੀ ਦਿਤੀ । ਜੋ ਮਹਾਨ ਕਾਰਜ ਗੁਰੂ ਸਾਹਿਬ ਨੇ ਆਪਣੀ ਛੋਟੀ ਜਹੀ ਜਿੰਦਗੀ ਵਿਚ ਕੀਤੇ ਹਨ ਓਹ ਕੋਈ ਨਿਜੀ ਸਵਾਰਥ ਜਾਂ ਵਡਿਆਈ ਲਈ ਨਹੀ ਸੀ । ਓਹਨਾਂ ਦੀਆਂ ਨਜ਼ਰਾਂ ਵਿਚ ਸੇਵਾ ਦਾ ਹਰ ਕਾਰਜ ਅਕਾਲ ਪੁਰੁਖ ਅਗੇ ਇਕ ਨਿਮਾਣੀ ਭੇਂਟ ਦੀ ਤਰ੍ਹਾ ਹੁੰਦਾ । ਓਹਨਾਂ ਦੀ ਬਾਣੀ ਅਕਾਲ ਉਸਤਤ 254-256 ਸਫਿਆਂ ਵਿਚ ਦੇਖਿਆ ਜਾ ਸਕਦਾ ਹੈ ਕਿ ਓਹਨਾਂ ਦੀ ਨਜਰ ਕਿਤਨੀ ਵਿਸ਼ਾਲ ਹੈ । ਇਨ੍ਹਾ ਬੰਦਾਂ ਵਿਚ ਓਹ ਪੂਰਬ ਤੋ ਪਛਮ ,ਉੱਤਰ ਤੋਂ ਦਖਣ ਤਕ ਸਭ ਪ੍ਰਾਂਤਾ ,ਦੇਸ਼ਾ ,ਨਸਲਾਂ ਕੋਮਾ ਦਾ ਜ਼ਿਕਰ ਕਰਦੇ ਹਨ । ਓਹਨਾਂ ਦੀ ਵਿਸ਼ਾਲ ਨਜ਼ਰ ਪੰਜਾਬ ਤੋ ਅਗੇ ਲੰਘ ਕੇ ਦਿਲੀ ,ਰਾਜਪੂਤਾਨੇ ਮਹਾਰਾਸ਼ਟਰਾ, ਦਖਣ ,ਭੂਟਾਨ , ਸਿਕਿਮ ,ਨੈਪਾਲ ਫਰਾਂਸ , ਇੰਗਲੈਡ ਤੇ ਸਭ ਟਾਪੂਆਂ ਤੋ ਲੰਘ ਜਾਂਦੀ ਹੈ ।
33 ਸਾਲ ਦੀ ਗੁਰਗਦੀ ਦੋਰਾਨ ਉਹਨਾਂ ਨੇ ਭਾਰਤੀ ਜੀਵਨ ਵਿਚ ਇਨਕਲਾਬੀ ਪਰਿਵਰਤਨ ਲਿਆ ਦਿਤਾ। ਆਤਮ ਰਖਿਆ ਤੇ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਈ ਜੰਗਾਂ ਲੜੀਆਂ ,ਖਾਲਸੇ ਦੀ ਸਿਰਜਨਾ ਕੀਤੀ ,ਕਈ ਆਦਰਸ਼ ਕਾਇਮ ਕੀਤੇ ਜਿਨਾਂ ਨੇ ਆਓਣ ਵਾਲੇ ਸਮੇ ਵਿਚ ਸਿਖੀ ਤੇ ਸਿਖਾਂ ਦੇ ਇਖਲਾਕ ਨੂੰ ਉਚਾ ਕਰਨ ਦੀ ਭੂਮਿਕਾ ਨਿਭਾਈ । ਪੰਥ ਦੇ ਇਖਲਾਕ , ਆਚਰਣ ,ਉਹਨਾਂ ਦੀ ਜਮੀਰ ਤੇ ਆਦਰਸ਼ ਸਦਾ ਉਚੇ ਰਹੇ । ਗਰੀਬਾਂ ਤੇ ਮਜਲੂਮਾਂ ਦੀ ਰਖਿਆ ਕਰਨ ਲਈ ਓਹ ਜੰਗਲ ਬੇਲਿਆਂ ਵਿਚ ਭੁਖੇ ਰਹਿ ਕੇ , ਫਲ, ਘਾਹ – ਪਤੇ ਖਾਕੇ ਵੀ ਇਹਨਾਂ ਅਸੂਲਾਂ ਤੇ ਕਾਇਮ ਰਹੇ।
ਕਾਜ਼ੀ ਨੂਰ ਮਹੰਮਦ ਜੋ ਇਕ ਮੁਤਸਬੀ ਤੇ ਬਦਜੁਬਾਨ ਲਿਖਾਰੀ ਸੀ ਸਿਖਾਂ ਦੀ ਤਰੀਫ ਕਰੇ ਬਿਨਾ ਨਹੀਂ ਰਹਿ ਸਕਿਆ । ਕਹਿੰਦਾ ਹੈ ਸਿਖਾਂ ਵਿਚ ਕੋਈ ਜਨਾਹੀ ਯਾ ਚੋਰ ਨਹੀ । ਔਰਤ ਭਾਵੈਂ ਰਾਣੀ ਹੋਵੇ ਜਾ ਗੋਲੀ , ਬੁਢੀ ਹੋਵੇ ਜਾਂ ਜਵਾਨ, ਸਿਖ ਉਸ ਵਲ ਬਦ–ਨਜਰ ਨਾਲ ਨਹੀਂ ਵੇਖਦਾ । ਜਦੋਂ ਉਸਨੇ ਸ਼ਾਹ ਦੁਰਾਨੀ ਤੇ ਸਿਖਾਂ ਦੀ ਲੜਾਈ ਆਪਣੀ ਅਖੀਂ ਵੇਖੀ ਤਾਂ ਸਿਖਾਂ ਦੇ ਉਚੇ ਆਚਰਣ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਿਆ । ਮੁਸਲਮਾਨ ਸਿਖਾਂ ਨੂੰ ਸਗ (ਕੁਤੇ)ਕਹਿ ਕੇ ਬੁਲਾਂਦੇ ਸੀ । ਉਸਨੇ ਲਿਖਿਆ ਇਹਨਾਂ ਨੂੰ ਸਗ ਨਾ ਕਹੋ । ਇਹ ਮੇਦਾਨੇ ਜੰਗ ਵਿਚ ਸ਼ੇਰਾਂ ਵਾਂਗੂ ਲੜਦੇ ਹਨ ਤੇ ਅਮਨ ਦੇ ਮੈਦਾਨ ਵਿਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ ਹਨ । ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿਚ ਵੀ ਉਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਅਉਣ ਵਾਲੀ ਅਠਾਰਵੀ ਸਦੀ ਵਿਚ ਸਿੰਘਾ ਦੇ ਆਚਰਣ ਨੇ ਸਿਖਰਾਂ ਨੂੰ ਛੋਹਿਆ ।
ਨੂਰ ਮਹੰਮਦ ਲਿਖਦਾ ਹੇ “ਸਿਖ ਆਪ ਕਦੀ ਹਮਲਾਵਰ ਨਹੀ ਹੋਏ ਪਰ ਹੋਰਾਂ ਦੇ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ । ਓਹ ਪਹਿਲਾਂ ਵਾਰ ਕਦੇ ਨਹੀ ਕਰਦੇ ਚਾਹੇ ਪਹਿਲਾ ਹਲਾ ਦੁਸ਼ਮਨ ਨੇ ਹੀ ਬੋਲਿਆ ਹੋਵੇ । ਓਹ ਨਿਹਥੇ , ਕਾਇਰ ਤੇ ਭਗੋੜੇ ਤੇ ਵਾਰ ਨਹੀਂ ਕਰਦੇ । ਪਰਾਈ ਇਸਤਰੀ ਵਲ ਨਹੀ ਝਾੰਕਦੇ ,ਓਸਨੂੰ ਮਾਂ ਭੇਣ ਜਾਂ ਧੀ ਦਾ ਦਰਜਾ ਦਿੰਦੇ ਹਨ । ਓਹ ਝੂਠ ਨਹੀਂ ਬੋਲਦੇ ;ਚੋਰਾਂ ਯਾਰਾਂ ਦੀ ਸੰਗਤ ਨਹੀ ਕਰਦੇ ” । ਅੰਗਰੇਜ਼ੀ ਰਾਜ ਵਿਚ ਸਿਖ ਦੀ ਗਵਾਹੀ ਹੀ ਜਜ ਦਾ ਫੈਸਲਾ ਬਣ ਜਾਂਦਾ ਸੀ , ਕਿਓਕੇ ਓਹ ਜਾਣਦੇ ਸੀ ਕਿ ਸਿਖ ਝੂਠ ਨਹੀ ਬੋਲਦਾ । ਓਹ ਨਿਸਚਿੰਤ ਹੋਕੇ ਆਪਣੀ ਮਾਂ ,ਥੀ ਜਾਂ ਭੇਣ ਨੂੰ ਉਸ ਡਿਬੇ ਵਿਚ ਬਿਠਾ ਦਿੰਦੇ ਜਿਥੇ ਇਕ ਵੀ ਸਿਖ ਹੁੰਦਾ । ਇਹ ਆਦਰਸ਼ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਿਖਾਂ ਨੂੰ ਦਿਤੇ ਹਨ ਜਿਨ੍ਹਾਂ ਨੂੰ ਅਜ ਸੰਭਾਲਣ ਦੀ ਲੋੜ ਹੈ ।
ਕਹਿੰਦੇ ਹਨ ਨਾਦੋਨ ਦੇ ਮੈਦਾਨ–ਏ–ਜੰਗ ਵਿਚੋਂ ਸਿਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸਦੀ ਲੜਕੀ ਨੂੰ ਵੀ ਚੁਕ ਕੇ ਲੈ ਆਏ । ਡੋਲਾ ਵੇਖਕੇ ਗੁਰੂ ਸਾਹਿਬ ਨੇ ਪੁਛਿਆ ਇਸ ਡੋਲੇ ਵਿਚ ਕੀ ਹੈ । ਸਿਖਾਂ ਨੇ ਉੱਤਰ ਦਿਤਾ ,”ਤੁਰਕ ਸਾਡੇ ਘਰ ਦੀਆਂ ਔਰਤਾ ਨੂੰ ਲੁਟ ਦਾ ਮਾਲ ਸਮਝ ਕੇ ਲੈ ਜਾਂਦੇ ਹਨ ਤਾਂ ਕੀ ਅਸੀਂ ਉਹਨਾਂ ਤੋਂ ਬਦਲਾ ਨਹੀਂ ਲਈ ਸਕਦੇ ? .
ਸਭ ਸਿਖਨ ਪੁਛਨ ਗੁਨ ਖਾਣੀ
ਸਗਲ ਤੁਰਕ ਭੋਗੇ ਹਿੰਦਵਾਣੀ
ਸਿਖ ਬਦਲਾ ਲਈ ਭਲਾ ਜਣਾਵੈ
ਗੁਰ–ਸ਼ਾਸ਼ਤਰ ਕਿਓਂ ਵਰਜ ਹਟਾਵੈ ।।
ਗੁਰੂ ਸਾਹਿਬ ਨੇ ਬਹੁਤ ਗੁਸਾ ਕੀਤਾ ਤੇ ਕਹਿਣ ਲਗੇ ਅਸੀਂ ਸਿਖੀ ਨੂੰ ਉਚਾ ਲਿਜਾਣਾ ਹੈ, ਖਨਦ੍ਕੇ ਜਿਲਤ ਵਿਚ ਨਹੀ ਸੁਟਣਾ ” ਕੋਲ ਗਏ ਬਚੀ ਦੇ ਸਿਰ ਤੇ ਹਥ ਫੇਰਿਆ ਕਹਿਣ ਲਗੇ ” ਡਰ ਨਹੀ ,ਤੂੰ ਇਹ ਸਮਝ ਆਪਣੇ ਪਿਤਾ ਦੇ ਘਰ ਆਈ ਹੈਂ ” ਸਿਖਾਂ ਨੂੰ ਹੁਕਮ ਦਿਤਾ ਕੀ ਬਚੀ ਨੂੰ ਬਾ–ਇਜ਼ਤ ਇਸਦੇ ਪਿਤਾ ਦੇ ਘਰ ਛੋੜ ਕੇ ਆਉ ”।
ਉਂਜ ਤਾਂ ਸਿਖਾਂ ਦਾ ਸਾਰਾ ਇਤਿਹਾਸ ਸ਼ਾਹੀਦੀਆਂ ਨਾਲ ਭਰਿਆ ਹੈ ਪਰ 300 ਸਾਲ ਦੇ ਦੋਰਾਨ ਜੇਹੜੇ ਕਹਿਰ ਸਿਖਾਂ ਉਪਰ ਢਾਹੇ ਗਏ ਸਨ ਉਨਾਂ ਵਿਚ ਸਾਕਾ ਚਮਕੌਰ ,ਸਾਕਾ ਸਰਹੰਦ, ਛੋਟਾ ਤੇ ਵਡਾ ਘਲੂ ਕਾਰਾ ਤੇ ਬਾਦ ਵਿਚ 1984 ਦਾ ਕਤਲੇਆਮ । ਇਤਿਹਾਸ ਗਵਾਹ ਹੈ ਕੀ ਤਸੀਹੇ ਤੇ ਤਬਾਹੀ ਦੇ ਤੂਫਾਨਾ ਵਿਚ ਗੁਜਰਦਿਆਂ ਵੀ ਸਿਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ ਬਰਕਰਾਰ ਰਖਿਆ । ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ, ਜਿਹਨਾਂ ਨੇ ਸਿਖੀ ਵਿਚ ਆਉਣ ਦੀ ਪਹਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰਖੀ ਤੇ ਹਰ ਮੁਸ਼ਕਿਲ ਘੜੀ ਵਿਚ ਸਿਖ ਨੂੰ ਡੋਲਣ ਨਹੀ ਦਿਤਾ, ਜਿਸਦਾ ਅਸਰ ਸਦੀਆਂ ਤਕ ਰਿਹਾ ਤੇ ਅਜ ਵੀ ਹੈ।
ਓਹਨਾ ਨੇ ਆਪ ਵੀ ਕੋਮ ਦੇ ਆਤਮ ਸਨਮਾਨ , ਗਰੀਬਾਂ, ਮਜ਼ਲੂਮਾਂ, ਤੇ ਇਨਸਾਫ਼ ਲਈ ਝੂਝਦਿਆਂ ਅਨੇਕਾਂ ਕੁਰਬਾਨੀਆ ਦਿਤੀਆਂ ਪਰ ਜੋ ਆਦਰਸ਼ ਨੀਅਤ ਕੀਤੇ ਉਨਾ ਤੋਂ ਮੂੰਹ ਨਹੀ ਮੋੜਿਆ ,ਸਮਝੋਤਾ ਨਹੀਂ ਕੀਤਾ । ਤਾਜੋ ਤਖ਼ਤ ਹੋਵੇ ਜਾ ਮਾਛੀਵਾੜੇ ਦੇ ਜੰਗਲਾਂ ਵਿਚ , ਨੰਗੇ –ਪੈਰੀ, ਭੁਖੇ–ਭਾਣੇ ,ਖੁਲੇ ਆਸਮਾਨ ਹੇਠ ਹੋਣ ਜਾਂ ਭਿਆਨਕ ਜੰਗਲਾਂ ਵਿਚ , ਪੋਹ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ, ਕੋਈ ਵੀ ਉਹਨਾਂ ਨੂੰ ਝੁਕਾ ਨਹੀ ਸਕਿਆ ,ਡਰਾ ਨਹੀ ਸਕਿਆ ਚਾਹੇ ਓਹ ਰਾਜਾ .ਮਹਾਰਾਜਾ, ਹਾਕਮ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਓ ਨਾ ਹੋਵੇ ।
ਜਦੋਂ ਲੜਾਈਆਂ ਦੀ ਖਬਰ ਦਖਣ ਵਿਚ ਔਰੰਗਜ਼ੇਬ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਠੀ ਲਿਖੀ । ‘ਮੇਰਾ ਤੇ ਤੁਹਾਡਾ ਇਕ ਰਬ ਨੂੰ ਮਨਣ ਵਾਲਾ ਧਰਮ ਹੈ ਤੁਹਾਨੂੰ ਮੇਰਾ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹਿਦਾ ਹੈ । ਮੈਨੂੰ ਇਹ ਬਾਦਸ਼ਾਹੀ ਰਬ ਨੇ ਦਿਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ, ਲੜਾਈ ਝਗੜੇ ਨਹੀ ਕਰਨੇ ਚਾਹੀਦੇ “। ਗੁਰੂ ਸਾਹਿਬ ਨੇ ਜਵਾਬ ਦਿਤਾ । ‘ਜਿਸ ਰਬ ਨੇ ਤੇਨੂੰ ਬਾਦਸ਼ਾਹੀ ਦਿਤੀ ਹੈ ਉਸੇ ਰਬ ਨੇ ਮੇਨੂੰ ਸੰਸਾਰ ਵਿਚ ਭੇਜਿਆ ਹੈ । ਤੇਨੂੰ ਉਸਨੇ ਇਨਸਾਫ਼ ਤੇ ਪਰਜਾ ਦੇ ਹਿਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁਲ ਗਿਆਂ ਹੈਂ । ਜੋ ਆਪਣੇ ਰਬ ਨੂੰ ਭੁਲ ਜਾਏ ਉਸਦੇ ਹੁਕਮ ਨੂੰ ਭੁਲ ਜਾਏ ਉਸਦਾ ਸਾਡਾ ਕੀ ਮੇਲ। ਫਿਰ ਜਿਹਨਾਂ ਹਿੰਦੂਆ ਤੇ ਤੂੰ ਜੁਲੁਮ ਕਰ ਰਿਹਾਂ ਹੈ ਓਹ ਉਸੇ ਰਬ ਦੇ ਬੰਦੇ ਹਨ ਜਿਸਨੇ ਤੇਨੂੰ ਬਾਦਸ਼ਾਹੀ ਦਿਤੀ ਹੈ ਪਰ ਤੂੰ ਓਹਨਾ ਨੂੰ ਰਬ ਦੇ ਬੰਦੇ ਨਹੀ ਸਮ੍ਝਿਆ ,ਉਹਨਾਂ ਦੇ ਧਰਮ ਤੇ ਧਰਮ ਅਸ੍ਥਲਾਂ ਦੀ ਨਿਰਾਦਰੀ ਕਰਦਾ ਰਿਹਾਂ ਹੈਂ । ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰਾਂ ਦਾ ਜਵਾਬ ਦੇਣਾ ਦਲੇਰੀ ਦੀ ਚਰਮ ਸੀਮਾ ਹੈ ।
ਜਦੋਂ ਬਹਾਦੁਰ ਸ਼ਾਹ,ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਨੰਦ ਲਾਲ ਦੇ ਹਥ ਸਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ । ਬਹਾਦੁਰ ਸ਼ਾਹ ਹੰਕਾਰ ਕਰਦਿਆਂ ਕ੍ਰੋਧ ਵਿਚ ਬੋਲਿਆ ‘ ਓਹ ਕੋਣ ਬੰਦਾ ਹੈ ਜੋ ਮੁਗੁਲ ਸਮਰਾਜ ਨਾਲ ਟਕਰ ਲੈ ਸਕੇ । ਗਜਨੀ ਤੋਂ ਕੰਨਿਆ ਕੁਮਾਰੀ ਤਕ ਇਸਦੇ ਸਾਮਣੇ ਕੋਈ ਨਹੀ ਟਿਕਿਆ । ਇਹ ਪਹਾੜਾਂ ਨੂੰ ਚੀਰਨ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੋਮ ਹੈ । ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰਬ ਦਾ ਫ਼ਕੀਰ ਸਮ੍ਝਕੇ ” । ਬਹਾਦਰ ਸ਼ਾਹ ਬਹੁਤ ਜਲਦੀ ਭੁਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਦੀ ਮਦਤ ਨਾਲ ਹਾਸਲ ਕੀਤੀ ਸੀ । ਪਰ ਫਿਰ ਉਸ ਕੋਲੋਂ ਰਿਹਾ ਨਾ ਗਿਆ ਤੇ ਮਲੋ ਮਲੀ ਮਿਲਣ ਵਾਸਤੇ ਆ ਗਿਆ । ਜਖਮ ਕੁਰੇਦਨ ਲਈ ਪੁਛਦਾ ਹੈ ,’ਕੈਸੀ ਗੁਜਰੀ ? ਗੁਰੂ ਸਾਹਿਬ ਦਾ ਜਵਾਬ ਸੀ।
“ਮੈਂ ਬੁਲੰਦੀ ਸੇ ਗੁਜਰਾ , ਮੈਂ ਪਸਤੀ ਸੇ ਗੁਜਰਾ
ਜਹਾਂ ਸੇ ਭੀ ਗੁਜਰਾ ਬੜੀ ਮਸਤੀ ਸੇ ਗੁਜਰਾ“
ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੇਕੇ ਆਇਆ । ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਸਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੇਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੋਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੇਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
ਅਜ ਤੋਂ 317 ਸਾਲ ਪਹਿਲਾ ਖਾਲਸੇ ਨੇ ਆਪਣੇ ਜਾਹੋ–ਜਲਾਲ ਨਾਲ ਸਿਖ ਇਤਿਹਾਸ ਰਚਿਆ । ਮਿਸਲਾਂ ਦੀ ਤਾਕਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਿਖ ਕੋਮ ਦੀ ਬਾਦਸ਼ਾਹਤ ਕਾਇਮ ਕਰਕੇ ਸੁਤੰਤਰ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਿਖ ਇਤਿਹਾਸ ਦਾ ਰੁਖ ਬਦਲਕੇ ਰਖ ਦਿਤਾ । ਫਿਰ ਬ੍ਖੇਲ ਸਿੰਘ ਨੇ ਦਿਲੀ ਫਤਹ ਕੀਤੀ ਤੇ ਲਾਲ ਕਿਲੇ ਤੇ ਸਿਖੀ ਰਾਜ ਦਾ ਝੰਡਾ ਝੁਲਾਇਆ ।
1746 ਦਾ ਛੋਟਾ ਤੇ 1762 ਦਾ ਵਡਾ ਘਲੂਘਾਰਾ ਜਿਸ ਵਿਚ 30000 ਸਿੰਘ ਸਿੰਘਣੀਆ ਤੇ ਬਚੇ ਸ਼ਹੀਦ ਹੋਏ। ਇਹ ਇਕ ਅਚਰਜ ਤੇ ਨਿਆਰੀ ਘਟਨਾ ਹੈ । ਇਕ ਦਿਨ ਵਿਚ ਇਤਨਾ ਵਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਖਾਲਸਾ ਚੜਦੀ ਕਲਾ ਵਿਚ ਰਿਹਾ । ਇਸਤੋਂ ਬਾਦ ਗੁਰੂ ਸਾਹਿਬ ਦਾ ਨਿਸਚੇ ਕਰ ਆਪਣੀ ਜੀਤ ਕਰੂੰ ਦਾ ਵਾਕ ਸਚ ਹੋਇਆ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾ ,ਮਲੇਰਕੋਟਲੇ ,ਰਾਇ–ਕੋਟੀਏ ਤੇ ਸਰਹੰਦ ਦੀਆਂ ਫੌਜਾ ਨੇ ਇਕੋ ਸਮੇ ਖਾਲਸਾ ਫੌਜ਼ ਨੂੰ ਘੇਰ ਲਿਆ । ਪਰ ਜਿਤ ਖਾਲਸੇ ਦੀ ਹੋਈ । 1000 ਈਸਵੀ ਤੋਂ ਬਦੇਸ਼ੀ ਹਮਲਿਆਂ ਤੇ ਧਾੜਵੀਆਂ ਦਾ ਸ਼ਿਕਾਰ ਹੁੰਦਾ ਆ ਰਹੇ ਦੇਸ਼ 1813 ਵਿਚ ਅਟ੍ਕ ਦੀ ਜਿਤ,1820 ਵਿਚ ਡੇਰਾ ਗਾਜ਼ੀ ਖਾਨ ਤੇ ਫਿਰ 1834 ਵਿਚ ਪਿਸ਼ਾਵਰ ਨੂੰ ਜਿਤਕੇ ਇਸਦੇ ਉਤਰੀ ਪਛਮੀ ਸੀਮਾ ਵਲੋਂ ਹੁੰਦੇ ਹਮਲਿਆਂ ਤੇ ਹਮੇਸ਼ਾ ਲਈ ਰੋਕ ਲਗਾ ਦਿਤੀ। 800 ਸਾਲਾਂ ਵਿਚ ਪਹਿਲੀ ਵਾਰ ਸਿਖਾਂ ਦੀਆਂ ਫੌਜਾਂ ਜਿਤ ਦੇ ਨਾਹਰੇ ਲਗਾ ਕੇ ਪਿਸ਼ਾਵਰ ਵਿਚੋਂ ਲੰਘੀਆਂ 1 ਇਹ ਸਿਖਾਂ ਦੀ ਹੀ ਘਾਲਣਾ ਸੀ । ਕਿਹਾ ਜਾ ਸਕਦਾ ਹੈ ਕੀ ਦੇਸ਼ ਦੀ ਅਜਾਦੀ ਦੀ ਲੜਾਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨਾਮਿਆਂ ਦਾ ਹੀ ਨਤੀਜਾ ਸੀ ।
1913-14 ਨੂੰ ਦੇਸ਼ ਇਕ ਹੋਰ ਵਡੀ ਹਕੂਮਤ ਤੋਂ ਅਜਾਦ ਹੋਣ ਲਈ ਸਿੰਘਾਂ ਨੇ ਗਦਰ ਦੀ ਲਹਿਰ ਚਲਾਈ ਇਸ ਲਹਿਰ ਦੇ ਇਕ ਪਰਮੁਖ ਸ਼ਹੀਦ ,ਮੇਵਾ ਸਿੰਘ ਨੇ ਕੈਨੇਡਾ ਦੀ ਕਚਹਿਰੀ ਵਿਚ ਬਿਆਨ ਦਿਤਾ ਸੀ “ਮੈ ਜੋਨ ਹੋਪ੍ਕਿਨ ਨੂੰ ਮਾਰਕੇ ਆਪਣਾ ਫਰਜ਼ ਪੂਰਾ ਕੀਤਾ ਹੈ ,ਮੈਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀ ,ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹਾਂ ,ਬਰਦਾਸ਼ਤ ਨਹੀ ਕਰ ਸਕਿਆ ਕੀ ਕੋਈ ਮੇਰੇ ਦੇਸ਼ਵਾਸੀਆਂ ਤੇ ਜ਼ੁਲਮ ਕਰੇ ਤੇ ਮੈਂ ਵੇਖਦਾ ਰਹਾਂ । ਮੈਨੂ ਫਾਂਸੀ ਦੇਣ ਵਿਚ ਦੇਰ ਨਾ ਕੀਤੀ ਜਾਵੇ ਕਿਓਂਕਿ ਕੋਈ ਹੋਰ ਮਾਂ ਦੀ ਕੁਖ ਮੈਨੂੰ ਜਨਮ ਦੇਣ ਲਈ ਉਡੀਕ ਰਹੀ ਹੈ । ਜਦ ਤਕ ਮੇਰਾ ਦੇਸ਼ ਅਜਾਦ ਨਹੀਂ ਹੁੰਦਾ ਮੈਂ ਫਾਂਸੀ ਦੇ ਤਖਤੇ ਨੂੰ ਚੁੰਮਕੇ ਮੁੜ ਕੇ ਜਨਮ ਲੈਂਦਾ ਰਹਾਂਗਾ “। ਗੁਰੂ ਗੋਬਿੰਦ ਸਿੰਘ ਜੀ ਦਾ ਸਦੀਵੀ ਕਾਲ ਵਾਸਤੇ ਇਹੋ ਸਨੇਹਾ ਹੈ।
‘ਦਿਹ ਸ਼ਿਵਾ ਬਰ ਮੋਹਿੰ ਸ਼ੁਭ ਕਰਮਨ ਤੇ ਕਬਹੂੰ ਨਾ ਡਰੂੰ
ਨਾ ਡਰੂੰ ਅਰਿ ਸੀਓੰ ਜਬ ਜਾਏ ਲਰੋੰ ਨਿਸ਼ਚੇ ਕਰ ਆਪਣੀ ਜੀਤ ਕਰੂੰ
ਜਬ ਆਨ ਕੀ ਅਓਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂੰ
1840 ਵਿਚ ਸਿਖ ਰਜਮੇਂਟ ਦੇ 21 ਸਿਖ ਫੌਜੀ, ਹਜ਼ਾਰਾਂ ਪਠਾਣਾ ਦਾ ਮੁਕਬਲਾ ਕਰਦੇ ਹੋਏ ਸ਼ਹੀਦ ਹੋ ਗਏ ਪਰ ਸਾਰਾਗੜੀ ਦੀ ਚੋਕੀ ਛਡਨੀ ਮਨਜ਼ੂਰ ਨਹੀਂ ਕੀਤੀ । ਅਜ ਵੀ ਜਦੋਂ ਕੋਈ ਵਿਦੇਸ਼ੀ ਹਮਲਾ ਹੁੰਦਾ ਹੈ ਤਾਂ ਹਦਾਂ ਸਰਹਦ ਤੇ ” ਦੇਹਿ ਸ਼ਿਵਾ ਬਰ ਮੋਹੇ ” ਦੀ ਅਵਾਜ਼ ਗੂੰਜਦੀ ਹੈ ਤੇ ਹਰ ਇਕ ਦੀ ਜਬਾਨ ਤੇ ਚਾਹੇ ਉਹ ਫੌਜੀ ਹੋਵੇ ਯਾ ਦੇਸ਼ਵਾਸੀ ,ਇਹੀ ਬੋਲ ਹੁੰਦਾ ਹੇ ।
ਮੇਕਗਰੇਗਰ ਲਿਖਦੇ ਹਨ” ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ ਨੂੰ ਵਾਚੀਏ , ਉਨਾਂ ਦੇ ਧਾਰਮਿਕ ਸੁਧਾਰ , ਕੋਮੀ ਸ਼ਕਤੀ, ਉਨਾਂ ਦੀ ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ ਦੀਆਂ ਜਿਤਾ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅਜ ਤਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਓਂ ਉਹਨਾਂ ਦਾ ਪੁਰਬ ਮਨਾਂਦੇ ਹਨ । ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ ਕੋਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੇਕੇ ਆਪਣੇ ਨਿਸ਼ਾਨੇ ਵਲ ਵਧੇ ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਹੀ ਕੀਤਾ ।ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦਾ ਫਲਸਫਾ , ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ । ਓਹ ਇਕ ਐਸੇ ਆਦਰਸ਼ਕ ਨਾਇਕ ਸਨ ਜਿਹਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘।
ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ ਹੋਇਆ ਹੈ । ਉਹਨਾਂ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ–ਨੀਚ, ਜਾਤ–ਪਾਤ ਤੇ ਕਰਮਕਾਂਡਾ ਦੇ ਭਰਮ–ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ ਦਿਤੀਆਂ ।
ਇਕ ਮੁਸਲਿਮ ਨਾਮੀ ਸ਼ਾਇਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ । ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ । ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ।ਇਸ ਸ਼ਾਇਰ ਨੂੰ ਕਾਫ਼ਰ ਕਰਾਰ ਕੀਤਾ ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ । ਜਦੋ ਇਹ ਮੋਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰ ਵਿਚ ਇਕ ਕਾਫਰ ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਪੜਕੇ ਤੇਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ । ਉਸਨੇ ਜਵਾਬ ਦਿਤਾ , ਮੈਨੂੰ ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ । ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੋਣਾ ਹੈ।
ਅੱਲਾ ਯਾਰ ਖਾਨ ਜੋਗੀ ਨੇ ਚਮਕੋਰ ਨੂੰ ਹਿੰਦੁਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ ।
ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ
ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁਨਤ ਹੋਤਿ ਸਭ ਕੀ ।
ਇੰਦੂ ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾਂ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ। ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ ਖੜਾ ਕਰਨਾ ਕੋਈ ਮਕਸਦ । ਉਹਨਾਂ ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ । ਉਹਨਾਂ ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿਛੇ ਨਹੀ ਪੈਣ ਦਿਤਾ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ । ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ । ਵਡੀਤਣ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ । ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਹਨਾਂ ਦੇ ਆਦਰਸ਼ ਇਤਨੇ ਉਚੇ ਤੇ ਮਹਾਨ ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ । ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉਚਾ ਸੀ । ਉਹਨਾਂ ਨੇ ਜਿਸ ਕੰਮ ਵਿਚ ਵੀ ਹਥ ਪਾਇਆ ਓਹ ਮਹਾਨ ਸੀ । ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ ਨਹੀ ਛਡਿਆ ।
ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ । ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ–ਸ਼ਿਕਨ (ਬੇਈਮਾਨ) ਕਿਹਾ । ਉਸ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ ਪੰਜਾਬ ਵਿਚ ਤੇਨੂੰ ਪਾਣੀ ਨਸੀਬ ਨਹੀਂ ਹੋਵੇਗਾ. ਕੋਈ ਛੋਟੀ ਗਲ ਨਹੀਂ । ਇਹ ਜਫਰਨਾਮਾ ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ ,ਉਸਦਾ ਰੰਗ ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ।ਮੋਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨੇ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ”
ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ । ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ । ਇਹਨਾਂ ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ।
ਇਕ ਚਿਠੀ ਵਿਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਨਤਾਂ ਨਾਲ ਆਪਣੇ ਕੋਲ ਸਦਿਆ । ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ। ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ । ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ ।707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ । ,
ਕੋਮੀ ਉਸਰੇਈਏ
675 ਸਾਲਾਂ ਦੀ ਲੰਬੀ ਗੁਲਾਮੀ ਕਰਕੇ ਦੇਸ਼ ਨਿਰਬਲ ਤੇ ਸਤਹੀਨ ਹੋ ਚੁਕਾ ਸੀ। ਸਾਰਾ ਹਿੰਦੂ ਸਮਾਜ ਜਾਤ–ਪਾਤ ਤੇ ਵਰਣ ਵੰਡ ਕਰਕੇ ਟੋਟੇ ਟੋਟੇ ਹੋ ਚੁਕਾ ਸੀ । ਆਪਣੇ ਉਚ ਜਾਤੀਆਂ ਦੇ ਲੋਕਾਂ ਨੇ ਲਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਨੀਵੇ ਅਝੂਤ ਤੇ ਚੰਡਾਲ ਸਮ੍ਝਕੇ ਸਮਾਜ ਦੇ ਅਖਾੜੇ ਤੋਂ ਬਾਹਰ ਕਢ਼ ਸੁਟਿਆ ਸੀ । ਰਾਜੇ ਮਹਾਰਾਜਿਆਂ , ਬ੍ਰਾਹਮਣਾ ਤੇ ਉਚ ਜਾਤੀਆਂ ਨੇ ਆਪਣੀ ਖੁਦਗਰਜ਼ੀ , ਐਸ਼ਪ੍ਰਸਤੀ ਤੇ ਲੁਟ ਖਸੁਟ ਲਈ ਪਰਜਾ ਦੀ ਮਾਨਸਿਕ, ਸਮਾਜਿਕ ਤੇ ਆਰਥਿਕ ਹਾਲਤ ਇਤਨੀ ਮਾੜੀ ਕਰ ਦਿਤੀ ਸੀ ਕੀ ਓਹ ਕੇਵਲ ਹੁਕਮ ਦਾ ਗੁਲਾਮ ਬਣ ਕੇ ਰਹਿ ਗਏ ਸੀ । 712 ਈ ਵਿਚ ਪਹਿਲੀ ਵਾਰੀ ਜਦ ਅਫਗਾਨੀ ਲੁਟੇਰੇ ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਏ ਤੇ ਲਖਾਂ ਦੀ ਆਬਾਦੀ ਨੂੰ ਲੁਟਿਆ–ਕੁਟਿਆ , ਮਾਲ ਅਸਬਾਬ , ਬਚੇ , ਜਵਾਨ ਤੇ ਬਹੁ –ਬੇਟੀਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਏ। ਇਧਰ ਹਿੰਦੂ ਮੰਦਿਰ ਵਿਚ ਘੰਟੀਆਂ ਵਜਾਂਦੇ ਰਹਿ ਗਏ , ਉਧਰ ਬਹੁ ਬੇਟੀਆਂ ਦਾ ਗਜਨੀ ਦੇ ਬਜਾਰਾਂ ਵਿਚ ਮੁਲ ਪੈ ਗਏ । ਉਸਨੇ ਵਾਪਸ ਅਫਗਾਨਿਸਤਾਨ ਜਾਕੇ ਪਠਾਣਾ ਨੂੰ ਕਿਹਾ ਕੀ ਤੁਸੀਂ ਆਪਸ ਵਿਚ ਕਿਓਂ ਲੜਦੇ ਹੋ । ਹਿੰਦੁਸਤਾਨ ਜਾਕੇ ਲੁਟ–ਖਸੁਟ ਕਰੋ , ਜਿਥੇ ਕੋਈ ਮਰਦ ਨਹੀਂ । ਬਸ ਫਿਰ ਕੀ ਸੀ ਨਾਦਿਰਸ਼ਾਹ, ਅਹਿਮਦ ਸ਼ਾਹ ਅਬਦਾਲੀ ,ਤੇ ਤੇਮੂਰ ਖਾਨਦਾਨ ਵਰਗੇ ਲੁਟੇਰਿਆ ਦਾ ਦੋਰ ਸ਼ੁਰੂ ਹੋ ਗਿਆ।
ਸਿਖ ਪੰਥ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਰਖੀ ਸੀ । ਨੋਂ ਗੁਰੂਆਂ ਨੇ ਇਸਤੇ ਪਹਿਰਾ ਦਿਤਾ ਤੇ ਸਿਖਰ ਤੇ ਪਹੁੰਚਾਇਆ । ਕਈ ਸੰਸਥਾਵਾਂ ਨੂੰ ਜਨਮ ਦਿਤਾ ਜਿਵੇ ਲੰਗਰ, ਪੰਗਤ,ਸੰਗਤ ,ਮੰਜੀ, ਮਸੰਦ,ਦਸਵੰਧ ਧਰਮਸ਼ਾਲਾ ਆਦਿ । ਪੰਥ ਨੂੰ ਪਕੇ ਪੈਰਾਂ ਤੇ ਖੜੇ ਕਰਨ ਲਈ ਜਗਹ ਜਗਹ ਤੇ ਦੇਸ਼ ਵਿਦੇਸ਼ ਦੀਆਂ ਹਦਾਂ; ਸਰਹਦਾਂ ਪਾਰ ਕਰਕੇ ਪ੍ਰਚਾਰਕ ਕੇਂਦਰ ਖੋਲੇ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਪੀਰੀ ਨੂੰ ਮੀਰੀ ਤੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿਤਾ ; ਜੋ ਕੀ ਹਕੂਮਤ ਨੂੰ ਰਾਸ ਨਹੀ ਆਇਆ । ਗੁਰੂ ਗੋਬਿੰਦ ਸਿੰਘ ਜੀ ਜਦ ਗੁਰਗਦੀ ਤੇ ਬੇਠੇ ਤਾਂ ਮੁਗਲ ਹਕੂਮਤ ਦਾ ਜ਼ੁਲਮ ਸਿਖਰ ਤੇ ਪੁਜ ਚੁਕਾ ਸੀ । ਔਰੰਗਜ਼ੇਬ ਦਾ ਹਰ ਰੋਜ਼ ਸਵਾ ਮਣ ਜੰਜੂ ਉਤਾਰਕੇ ‘ਜੋਰ ਜਬਰ ਜਾਂ ਲਾਲਚ ਦੇਕੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਦਿਨ ਪੂਰਾ ਹੁੰਦਾ ਸੀ ।
ਮੁਗਲ ਹਕੂਮਤ ਦੇ ਵਧਦੇ ਜ਼ੁਲੁਮ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਮਗਰੋਂ ਜਿਥੇ ਸਿਖਾਂ ਵਿਚ ਰੋਸ, ਗੁਸਾ ਤੇ ਜੋਸ਼ ਭਰ ਆਇਆ ਉਥੇ ਬਹੁਤ ਸਾਰੇ ਸਿਖ ਹਕੂਮਤ ਦੇ ਜੁਲਮਾਂ ਕਾਰਣ ਭੈਭੀਤ ਵੀ ਹੋ ਗਏ ਸਨ। ਹਕੂਮਤ ਦੀ ਪੁਛ ਪੜਤਾਲ ਕਰਨ ਤੇ ਸਿਖੀ ਤੋਂ ਮਨੁਕਰ ਗਏ ਸੀ। ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ । ਗੁਰੂ ਸਾਹਿਬ ਨੇ ਉਹਨਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ ,ਤੇਗ ਤੇ ਭਠੇ ਵਿਚ ਪਏ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਾ ਕਰ ਸਕਣ ? ਉਹਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੇਤਾ ਨੇ ਉਤਰ ਦਿਤਾ, ” ਹੋਣਗੇ , ਪਹਿਚਾਣੇ ਤਾਂ ਨਹੀਂ ਜਾ ਸਕਦੇ । ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ ।
ਪਹਿਲੇ ਨੋ ਗੁਰੂਆਂ ਦੀ ਘਾਲ ਨੇ ਬਾਣੀ. ਵਿਚਾਰ .ਵਿਵੇਕ ਸੇਵਾ, ਸੁਚੀ ਕਿਰਤ, ਸ਼ੁਭ ਕਰਮ ਤੇ ਸਿਮਰਨ ਦੇ ਨਾਲ ਨਾਲ ਮਨੁਖ ਦੀ ਉਤਮਤਾ, ਇਨਸਾਨੀ ਅਧਿਕਾਰਾਂ ਦੀ ਮਹਤਤਾ ਤੇ ਸਰਬ–ਸਾਂਝੀਵਾਲਤਾ ਸਿਖੀ ਅੰਦਰ ਕੁਟ ਕੁਟ ਕੇ ਭਰ ਦਿਤੀ ਗਈ ਸੀ ਜਿਸ ਦੀ ਇਸ ਜਾਲਮ ਹਕੂਮਤ ਅਗੇ ਕੋਈ ਕੀਮਤ ਨਹੀ ਸੀ। ਟਾਕਰਾ ਲੈਣ ਲਈ ਭਗਤ ਦੀ ਥਾਂ ਸ਼ਹੀਦ ,ਸ਼ਬਦ ਦੇ ਨਾਲ ਸ਼ਸ਼ਤਰ ,ਤੇ ਮੀਰੀ ਦੇ ਨਾਲ ਪੀਰੀ ਨਾਲ ਜੋੜਨ ਦੀ ਅਤਿਅੰਤ ਲੋੜ ਸੀ । ਇਕ ਉਚੀ ਪਧਰ ਦੀ ਸਿਆਸਤ ,ਨਿਸ਼ਕਾਮ ਘਾਲ, ਜਿਸਦਾ ਸਵਾਰਥ, ਨਿਜੀ ਥੜੇ ਅਤੇ ਸੰਸਾਰਕ ਸਫਲਤਾਵਾਂ ਨਾਲ ਕੋਈ ਸਬੰਥ ਨਾ ਹੋਵੇ , ਮਾਇਆ ਦੀ ਖਿਚ ਜਿਸ ਨੂੰ ਪੋਹ ਨਾ ਸਕੇ , ਦੀਨ ਦੁਨਿਆ ਦੀ ਸਹਾਇਤਾ ਉਸਦਾ ਮਕਸਦ ਹੋਵੇ, ਜਿਸ ਲਈ ਪੁਰਜਾ ਪੁਰਜਾ ਕਟ ਮਰਨ ਦੀ ਸਮਰਥਾ ਰਖਦਾ ਹੋਵੇ , ਇਕ ਐਸਾ ਪੰਥ ਤਸਲੀਮ ਕਰਨ ਦੀ ਲੋੜ ਸੀ । ਜਿਸਦੀ ਨੀਂਹ ਰਖੀ ਜਾ ਚੁਕੀ ਸੀ ਬਸ ਅੰਜਾਮ ਦੇਣ ਦੀ ਲੋੜ ਸੀ । ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਸ਼ਾਇਦ ਇਸੇ ਕਰਕੇ ਹੋਇਆ ਸੀ ।
‘‘ਧਰਮ ਚਲਾਵਨ, ਸੰਤ ਉਬਾਰਨ ॥ ਦੁਸਟ ਸਭਨ ਕੋ, ਮੂਲ ਉਪਾਰਿਨ ।।
ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ । ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ । ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ “,” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ ਕੀਜੇ ” ਤੇ “ਸਵਾ ਲਾਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40 ਸਿਖਾਂ ਨੇ 10-10 ਲਖ ਦੀ ਮੁਗਲ ਫੌਜ਼ ਨਾਲ ਟਾਕਰਾ ਕੀਤਾ ਤੇ ਜਿਤੇ ਵੀ ।
ਗੁਰੂ ਸਾਹਿਬ ਜਾਣਦੇ ਸੀ ਕੋਮ ਉਸਾਰੀ ਲਈ ਲੋਕਾਂ ਦੇ ਮਨਾਂ ,ਸੁਭਾਵਾਂ, ਰੁਚੀਆਂ ਤੇ ਆਚਰਨ ਨੂੰ ਢਾਲਣ ਲਈ ਸਹਿਤ ਦਾ ਬਹੁਤ ਵਡਾ ਹਥ ਹੁੰਦਾ ਹੈ, ਜਿਸਦੀ ਪੂਰਤੀ ਲਈ ਆਪਜੀ ਨੇ ਪੁਰਾਤਨ ਗਰੰਥ ,ਪੁਰਾਣਾਂ , ਮਹਾਂਭਾਰਤ , ਰਮਾਇਣ ਆਦਿ ਦਾ ਉਲਥਾ ਕਰਵਾਇਆ। ਦੇਸ਼ ਭਰ ਦੇ ਕਵੀਆਂ ਤੇ ਢਾਡੀਆਂ ਨੂੰ ਸਦ ਕੇ ਜਿਹਨਾਂ ਵਿਚ 52 ਉਘੇ ਕਵੀ ਸਨ ,ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ । ਜਮਨਾ ਦੇ ਕਿਨਾਰੇ ਪੋੰਟਾ ਸਾਹਿਬ ਵਿਖੇ ਹਰ ਰੋਜ਼ 52 ਕਵੀਆਂ ਦੀ ਮਹਿਫਿਲ ਲਗਦੀ ਜਿਥੇ ਸੰਸਕ੍ਰਿਤ , ਫ਼ਾਰਸੀ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਕਰਕੇ ਹਿੰਦੀ ਤੇ ਪੰਜਾਬੀ ਸਹਿਤ ਨੂੰ ਅਣਮੁਲਾ ਖਜਾਨਾ ਦਿਤਾ ਜਿਸ ਲਈ ਕਈ ਵਿਦਵਾਨਾ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ । ਸਹਿਤ ਰਾਹੀਂ ਸਿੰਘਾ ਵਿਚ ਨਵੀਂ ਜਿੰਦ –ਜਾਨ , ਨਵਾਂ ਜੋਸ਼ ,ਨਵੀਂ ਤਰੰਗ, ਨਵੀਆਂ ਤਾਂਘਾ ,ਨਵੈ ਸਚੇ ਤੇ ਸੁਚੇ ਇਰਾਦੇ ਭਰੇ । ਬੀਰ ਰਸ ਨੇ ਉਹਨਾਂ ਨੂੰ ਜਬਰ, ਧਕੇ ਜੁਲਮ ਤੇ ਬੇਇਨਸਾਫ਼ੀ ਦੇ ਵਿਰੁਧ ਹਿਕਾਂ ਤਨ ਕੇ ਡਟ ਜਾਣ ਦੀ ਤਾਕਤ ਬਖਸ਼ੀ ।
ਲੋਕਾਂ ਦਾ ਮਿਆਰ ਉਚਾ ਕਰਨ ਲਈ ਤਿਉਹਾਰ ਮਨਾਣ ਦੇ ਢੰਗ ਬਦਲੇ । ਹੋਲੀ ਜੋ ਕੀ ਨੀਵੀਆਂ ਜਾਤੀਆਂ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਸੀ , ਵਿਚ ਚਿਕੜ ਤੇ ਗੰਦਾ ਪਾਣੀ ਇਕ ਦੂਜੇ ਤੇ ਸੁਟਿਆ ਜਾਂਦਾ । ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਦੇਕੇ ਹੋਲੇ ਮਹਲੇ ਦਾ ਨਾਂ ਦਿਤਾ । ਜਿਸ ਵਿਚ ਸਵੇਰ ਦੇ ਦੀਵਾਨ ਮਗਰੋ ਕਵੀ ਦਰਬਾਰ ਤੇ ਰਾਗ ਸਭਾਵਾਂ ਹੁੰਦੀਆਂ । ਕਵੀ ਢਾਡੀ ਰਾਗੀ ਤੇ ਕੀਰਤਨੀਏ ਆਪਣੇ ਆਪਣੇ ਵਿਚਾਰ ਸੁਣਾਂਦੇ । ਲੋਢ਼ੇ ਵੇਲੇ ਫਿਰ ਬਹਾਦਰੀ ਦੇ ਕਰਤਵ , ਫੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ. ਗੁਲਾਲ ਜਲ ਦੀ ਵਰਖਾ ਹੁੰਦੀ । ਅਗਲਾ ਦਿਨ ਹੋਲਾ ਮਹਲਾ ਜਿਸ ਵਿਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ । ਇਸ ਯੋਗਤਾ ਵਿਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣਾ ਆਪ ਨੂੰ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਉਤਰਨ ਲਈ ਕੋਸ਼ਿਸ਼ਾਂ ਕਰਦੇ । ਗਰੀਬ ਦਾ ਮੂੰਹ ਗੁਰੂ ਕੀ ਗੋਲਕ – ਗੁਰੂ ਦਰਬਾਰ ਵਿਚ ਆਏ ਸਿਖ ਸੰਗਤਾਂ ਤੇ ਜਵਾਨਾ ਦੀ ਜਿਸਮਾਨੀ ,ਆਤਮਿਕ ਤੇ ਮਾਨਸਿਕ ਖੁਰਾਕ ਲਈ ਜਗਾ ਜਗਾ ਲੰਗਰ ਲਗਵਾਏ ਜਾਂਦੇ ।
ਭੰਗਾਣੀ ਦੀ ਜਿਤ ਮਗਰੋਂ ਗੁਰੂ ਸਹਿਬ ਦੇ ਆਦਰਸ਼ਾਂ ਵਿਚ ਹੋਰ ਦ੍ਰਿੜਤਾ ਆ ਗਈ ਜਿਸ ਨਾਲ ਕੋਮ ਉਸਾਰੀ ਦੇ ਮਕਸਦ ਨੂੰ ਤਕੜਾਈ ਮਿਲੀ । ਇਸ ਧਰਮ ਯੁਧ ਸਦਕਾ ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ । ਵਧੇਰੇ ਸ਼ਸ਼ਤਰ ਇਕਠੇ ਹੋ ਗਏ । ਦੂਰ ਦੂਰ ਤੋਂ ਜਵਾਨ ਉਹਨਾਂ ਦੀ ਸੇਵਾ ਵਿਚ ਹਾਜਰ ਹੋਏ , ਜਿਨਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ । ਗੁਰੂ ਸਾਹਿਬ ਆਪਣੇ ਫਰਜਾਂ ਤੇ ਜ਼ਿਮੇਦਾਰੀਆਂ ਵਲ ਵਧੇਰੇ ਚੇਤਨ ਹੋ ਗਏ । ਤਿਆਰੀ ਦਾ ਇਕ ਨਵਾਂ ਦੋਰ ਸ਼ੁਰੂ ਹੋਇਆ, ਜਿਸ ਵਿਚ ਫੌਜ਼ ਭਰਤੀ , ਸੇਨਿਕ ਸਿਖਲਾਈ ,ਸਾਧਨ ਪ੍ਰਾਪਤੀ ਤੇ ਕਿਲੇ ਬੰਦੀ ਸ਼ਾਮਿਲ ਹੋ ਗਈ ।
1699 ਵੇਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਹ ਰਖਕੇ ਇਕ ਨਵੇ ਸਮਾਜ ਦੀ ਉਸਾਰੀ ਕੀਤੀ ,ਖਾਲਸਾ ਪੰਥ ਸਾਜਿਆ , ਇਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਨਾ ਕੀਤੀ ਜਿਥੇ ਜਾਤ–ਪਾਤ ,ਵਰਣ–ਵੰਡ ਤੇ ਊਚ– ਨੀਚ ਦੀ ਕੋਈ ਥਾਂ ਨਹੀ ਸੀ । ਇਹ ਇਕ ਨਵੇ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਸੀ ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫ਼ਲਸਫ਼ੇ ਨੇ ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਓਣ ਵਾਲੇ ਸਮੇ ਵਿਚ ਕੋਮੀ ਏਕਤਾ ਦਾ ਅਧਾਰ ਬਣ ਗਈ । ਵਖੋ ਵਖ ਜਾਤੀਆਂ, ਧਰਮ, ਤੇ ਕਿਤਿਆ ਦੇ ਲੋਕਾਂ ਨੂੰ ਇਕ ਬਾਟੇ ਵਿਚ ਅਮ੍ਰਿਤ ਛਕਾ ਕੇ ਇਕ ਨਵੇ ਸਮਾਜ ਦੀ ਨੀਹ ਰਖੀ। ਇਖਲਾਕੀ ਤੇ ਅਧਿਆਤ੍ਮਿਕ ਤੋਰ ਤੇ ਉਚਾ ਕਰਨ ਲਈ ਕੁਝ ਰਹਿਤਾਂ ਤੇ ਕੁਰਹਿਤਾਂ ਨੀਅਤ ਕੀਤੀਆਂ । ਸੰਸਾਰਕ ਤੋਰ ਤੇ ਮਜਬੂਤ ਹੋਣ ਲਈ ਕਿਰਪਾਨ ਧਾਰਨ ਇਕ ਜਰੂਰੀ ਅੰਗ ਬਣਾ ਦਿਤਾ । ਉਹਨਾਂ ਦੇ ਦਿਲਾਂ ਵਿਚੋਂ ਡਰ ਤੇ ਹੀਨਤਾ ਦੀ ਭਾਵਨਾ ਦੂਰ ਕਰਨ ਲਈ ਅਕਾਲ ਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟਲ ਵਿਸ਼ਵਾਸ ਪੈਦਾ ਕੀਤਾ ਜੋ ਵਡਿਆਂ ਵਡਿਆਂ ਹਕੂਮਤਾਂ ਨੂੰ ਕੁਚਲਨ ਦੀ ਸ਼ਕਤੀ ਰਖਦਾ ਹੋਵੇ । ਉਹਨਾਂ ਦੇ ਆਚਰਣ ਨੂੰ ਉਚੀ ਮਿਆਰ ਤੇ ਰਖਣ ਲਈ 5 ਕਕਾਰਾਂ, ਚਾਰ ਕੁਰਹਿਤਾਂ, ਪੰਜ ਬਾਣੀਆਂ ਦਾ ਪਾਠ, ਸਚੀ ਸੁਚੀ ਕਿਰਤ ਕਰਕੇ ਵੰਡ ਕੇ ਛਕਣ ਤੇ ਸਿਮਰਨ ਕਰਨ ਦਾ ਹੁਕਮ ਦਿਤਾ । ਕੁਰਬਾਨੀ ਦੇਣ ਦੇ ਨਾਲ ਨਾਲ ਉਹਨਾਂ ਲਈ ਉਤਮ ਕਿਸਮ ਦੇ ਸੰਸਕਾਰ ਤੇ ਆਦਰਸ਼ ਵੀ ਕਾਇਮ ਕੀਤੇ ।
ਪੰਜ ਪਿਆਰਿਆਂ ਨੂੰ ਪੁਤਰਾਂ ਤੋ ਵਧ ਪਿਆਰ ਕੀਤਾ । ਪਾਹੁਲ ਦਿਤੀ, ਆਪਣਾ ਨਾਮ ਦਿਤਾ । ਪੁਤਰ ਬਣਾਇਆ । ਪੁਰਾਣੀ ਕੁਲ–ਨਾਸ਼, ਵਰਣ ਨਾਸ਼ ,ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ । ਉਹਨਾਂ ਤੋਂ ਹੀ ਖੰਡਾ ਬਾਟੇ ਦੀ ਪਹੁਲ ਲੇਕੇ ਗੁਰੂ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ । ਏਕ ਪਿਤਾ ਏਕਸ ਕੇ ਹਮ ਬਾਰਿਕ ” ਖਾਲਸੇ ਨੂੰ ਆਪਣਾ ਰੂਪ ,ਆਪਣਾ ਇਸ਼ਟ ,ਸ਼ਹਿਰਦ ,ਆਪਣਾ ਪਿੰਡ ਪਰਾਨ, ਸਤਿਗੁਰੂ ਪੂਰਾ ਅਤੇ ਸਜਣ ਸੂਰਾ ਕਹਿ ਕੇ ਨਿਵਾਜਿਆ ।
ਖਾਲਸਾ ਮੇਰਾ ਰੂਪ ਹੈ ਖਾਸ ।।
ਖਾਲਸੇ ਮੇ ਹਓ ਕਰਓ ਨਿਵਾਸ ।।
ਇਸ ਦਿਨ ਪੰਜ ਪਿਆਰਿਆਂ ਤੋ ਬਾਅਦ ਲਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ । ਗੁਰੂ ਸਾਹਿਬ ਦਾ ਇਹ ਇਕ ਐਸਾ ਮਹਾਨ ਕਾਰਨਾਮਾ ਸੀ ਜਿਸਨੇ ਮੁਰਦਾ ਕੋਮ ਵਿਚ ਰੂਹ ਫੂਕ ਦਿਤੀ । ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋਂ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਸਨੇ ਦੇਸ਼ ਤੇ ਕੋਮ ਦੀ ਤਸਵੀਰ ਬਦਲ ਕੇ ਰਖ ਦਿਤੀ । ਸਿਖਾਂ ਨੂੰ ਉਸ ਮੰਜਿਲ ਤੇ ਪੁਚਾ ਦਿਤਾ ਜਿਥੇ ਦੁਸ਼ਮਣਾ ਦੀਆਂ ਲਖਾਂ ਕੋਸ਼ਿਸ਼ਾਂ ਵੀ ਹਿਲਾ ਨਾ ਸਕੀਆਂ । ਰਾਜੇ ,ਮਹਾਰਜਿਆਂ ਨੂੰ ਵੀ ਖਾਲਸਾ ਪੰਥ ਵਿਚ ਸ਼ਾਮਿਲ ਕਰਨ ਦੇ ਜਤਨ ਕੀਤੇ ,ਪਰ ਓਹ ਜਾਤ ਪਾਤ ,ਨਸਲ, ਗੋਤ, ਕੁਲ ਤੋਂ ਉਪਰ ਨਹੀਂ ਉਠ ਸਕੇ । ਉਹਨਾਂ ਨੇ ਆਪਣੀ ਐਸ਼ ਪ੍ਰਸਤੀ ਤੇ ਅਜ਼ਾਦੀ ਦਾ ਸੋਖਾ ਰਾਹ ਚੁਣਿਆ । ਰਾਜੇ ,ਮਹਾਰਾਜੇ ਤੇ ਉਚੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਤੇ ਵਿਦ੍ਰੋਹ ਸਮਝਿਆ । ਨੀਵੀਆਂ ਜਾਤੀਆਂ ਦੇ ਬਰਾਬਰ ਖੜਾ ਕਰਨਾ ਉਹਨਾਂ ਕੋਲ ਸਹਿਣ ਨਹੀ ਸੀ ਹੋ ਰਿਹਾ । ਇਹੀ ਕਾਰਨ ਹੈ ਕੀ ਇਸ ਕੋਮੀ ਤੇ ਅਧਿਆਤਮਿਕ ਜਦੋ ਜਹਿਦ ਵਿਚ ਜਿਨੀਆਂ ਰੁਕਾਵਟਾ ਤੇ ਮੁਸ਼ਕਲਾਂ ਰਾਜਿਆਂ, ਮਹਾਰਾਜਿਆਂ ਨੇ ਖੜੀਆਂ ਕੀਤੀਆਂ ਮੁਗਲ ਹਕੂਮਤ ਨੇ ਵੀ ਨਹੀਂ ਖੜੀਆਂ ਕੀਤੀਆਂ ।
ਖਾਲਸਾ ਪੰਥ ਨੇ ਉਨਾਂ ਸਾਰੀਆਂ ਗਲਾਂ ਦਾ ਡਟ ਕੇ ਵਿਰੋਧ ਕੀਤਾ ਜਿਨਾਂ ਤੇ ਭਾਰਤੀ ਸਮਾਜ ਨੂੰ ਉਸਾਰਿਆ ਗਿਆ ਸੀ । ਜਿਹਨਾ ਨੂੰ ਧਰਤੀ ਤੇ ਕੀੜਿਆਂ ਵਾਂਗੂ ਰੇਗਣ ਦਾ ਹੁਕਮ ਸੀ ਘੋੜਿਆਂ ਤੇ ਚੜਨ ਦੀ ਮਨਾਹੀ ਸੀ ਉਹਨਾਂ ਨੂੰ ਸਹਿ –ਸਵਾਰ ਬਣਾ ਦਿਤਾ । ਜਿਹਨਾਂ ਨੂੰ ਘਰ ਵਿਚ ਕਰਦ ਰਖਣ ਦੀ ਆਗਿਆ ਨਹੀਂ ਸੀ ਉਨਾ ਦੇ ਹਥ ਤਲਵਾਰਾਂ ਪਕੜਾ ਦਿਤੀਆਂ । ਜਿਹਨਾਂ ਨੀਵੀਆਂ ਜਾਤਾਂ ਦੀ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ ,ਮੰਦਰਾਂ ਵਿਚ ਜਾਣਾ ਤਾਂ ਇਕ ਪਾਸੇ ਮੰਦਰਾਂ ਦੇ ਆਸ ਪਾਸ ਵੀ ਜਾਣ ਦੀ ਮਨਾਹੀ ਸੀ ਉਨਾ ਨੂੰ ਸੰਗਤ ਤੇ ਪੰਗਤ ਵਿਚ ਬੈਠਣ ਦੀ ਆਜ਼ਾਦੀ ਦੇ ਦਿਤੀ । ਔਰੰਗਜ਼ੇਬ ਨੇ ਜਦ ਮੰਦਰਾਂ ਵਿਚ ਸੰਖ ਵਜਾਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਣ ਦੀ ਪਰੰਪਰਾ ਸ਼ੁਰੂ ਕਰਵਾ ਦਿਤੀ । ਜਦ ਉਸਨੇ ਸੰਗੀਤ ਤੇ ਰਾਗ ਦੀ ਮਨਾਹੀ ਕੀਤੀ ਤਾ ਕਵੀਆਂ , ਢਾਡੀਆਂ , ਰਾਗੀਆਂ ਤੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ । ਸੰਸਕ੍ਰਿਤ ਪਾਠਸ਼ਾਲਾਂ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਭੇਜ ਦਿਤਾ । ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਆਪਣੇ ਕੋਲ ਇਕ ਖੰਡਾ ਰਖਣ ਦਾ ਹੁਕਮ ਦਿਤਾ ਤੇ ਵੰਗਾਰ ਕੇ ਕਿਹਾ ਕੀ ਲੋੜ ਪਵੇ ਇਸ ਨੂੰ ਗਡ ਲਵੋ । ਦੇਖੋ ਕਿਸਦੀ ਹਿੰਮਤ ਪੈਂਦੀ ਹੈ ਇਸ ਅਗੇ ਸਿਰ ਚੁਕਣ ਦੀ ਅਗਰ ਫਿਰ ਵੀ ਕੋਈ ਚੁਕੇ ਤਾਂ ਗਰਦਨ ਲਾਹ ਦਿਉ ।
ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੋਲੀ ਹੋਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ । । ਉਹਨਾਂ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ । ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ । ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ ਦੀ ਜਰੂਰਤ ਤੇ ਜੋਰ ਦਿਤਾ । ਜਾਤ– ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ–ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ । ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ ਮੁਗਲ ਹਕੂਮਤ ਦੇ ਹਰ ਜੁਲਮ ਦਾ ਡਟ ਕੇ ਵਿਰੋਧ ਕੀਤਾ । ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ । ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦੇ ਨੇ ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ । ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ । ਬੰਦਾ ਬਹਾਦਰ ਦਾ ਚਾਰ ਸਾਲ ਦਾ ਪੁਤ ਸ਼ਹੀਦ ਹੋਇਆ ਤੇ ਇਸਤੋਂ ਬਾਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ।
“ਭੇ ਕਾਹੂ ਕਉ ਦੇਤ ਨਾਹਿ ਭੇ ਮਾਨਤ ਆਨ“
ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ । ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ ਸਿਪਾਹੀ ਬਣ ਕੇ ਰਹਿ ਗਏ (ਜਾਦੂ ਨਾਥ ਸਰਕਾਰ )। ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ–ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ ਅਫਸੋਸ ਹੁੰਦਾ ਹੈ । ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜ ਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਜਿਹਨਾਂ ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ । ..
ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ ਨੂੰ ਬਦਲ ਦਿਤਾ, ਉਨਾਂ ਦੀ ਅਕਲ, ਸ਼ਕਲ, ਹਿੰਮਤ ਤੇ ਤਾਕਤ ਸਭ ਕੁਛ ਬਦਲ ਕੇ ਰਖ ਦਿਤਾ “। ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, ਓਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਦਿਖਾਇਆ , ਜਿਨਾਂ ਦੀ ਹਸਤੀ ਰਾਹ ਚਲਦੇ ਕੀੜੀਆਂ ਤੋ ਵਧ ਕੇ ਨਹੀ ਸੀ ,ਗਲੇ ਨਾਲ ਲਗਾਇਆ ,ਅਮ੍ਰਿਤ ਛਕਾਕੇ ਸਰਦਾਰ ਬਣਾਇਆ । ਬਸ ਇਥੇ ਹੀ ਨਹੀਂ ਉਹਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ “। ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਸਦਾ ਨੀਂਹ – ਪਥਰ ਵੀ ਗੁਰੂ ਕੇ ਖਾਲਸੇ ਨੇ ਰਖਿਆ । ਜਾਲਮਾਂ ਨੂੰ ਪੰਜਾਬ ਤੋ ਸਦਾ ਲਈ ਕਢ ਦਿਤਾ ਤੇ ਸਦੀਆਂ ਦਾ ਜ਼ੁਲਮੀ ਰਾਜ ਖਤਮ ਕਰ ਦਿਤਾ ।
ਸਾਫ਼ੀ ਖਾਨ ਲਿਖਦਾ ਹੈ ,” ਜੇਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰਕੇ ਸਿਖ ਕੋਮ ਵਿਚ ਫੂਕੀ ਹੈ ਓਹ ਦੁਨਿਆ ਦੀ ਇਕ ਅਨੋਖੀ ਮਿਸਾਲ ਹੈ । ਹਰੀ ਰਾਮ ਗੁਪਤਾ’ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ। ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇਕ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਨਜਰ ਆਉਂਦੇ । ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ , ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਣੀਆਂ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਸਿਰਫ ਗੁਰੂ ਗੋਬਿੰਦ ਸਿੰਘ ਦੇ ਸਿਖਾਂ ਦਾ ਹੀ ਕਮਾਲ ਹੈ ।
ਡਾਕਟਰ ਆਰ. ਸੀ. ਮਜੂਮਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ , ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਤੋਂ ਬਹੁਤ ਪਰਭਾਵਿਤ ਸਨ ਪਰ ਉਹਨਾਂ ਦੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ ਦੇ ਪੁਜਾਰੀ ਬਣ ਗਏ ।ਉਹ ਕਹਿੰਦੇ ਹਨ ਕੀ ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ–ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ ਅਹਿਸਾਨਮੰਦ ਹੋਣਾ ਚਾਹਿਦਾ ਹੈ ।
‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ ਗੁਲਾਮੀ ਤੇ ਜ਼ਿਲਤ ਦੀ ਜਿੰਦਗੀ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਮਹਾਂ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ ਕਰ ਦਿਤਾ । ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ ਸੋਚਣ ਦਾ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਕੰਮ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿਤਾ । ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ–ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ ” ।
ਮੈਕਲਾਫ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਉਚ ਜਾਤੀ ਦੇ ਲੋਕ ਜਨਮ ਤੋਂ ਦੁਰ ਦੁਰ ਕਰਦੇ ਆ ਰਹੇ ਸਨ । ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਦੇ ਅਗੇ ਕਿਸੇ ਆਗੂ ਨੂੰ ਮਾਯੂਸ ਨਹੀਂ ਹੋਣਾ ਪਿਆ “।’
ਗੋਕਲ ਚੰਦ ਨਾਰੰਗ ਲਿਖਦੇ ਹਨ ਕੀ ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਸਮੇ ਫਲ ਲਗੇ , ਉਸਦੀ ਬਿਜਾਈ ਗੁਰੂ ਨਾਨਕ ਤੇ ਸਿੰਚਾਈ ਬਾਕੀ ਗੁਰੂਆਂ ਨੇ ਕਰ ਛਡੀ ਸੀ । ਜੇ ਅਸੀਂ ਗਹੁ ਨਾਲ ਇਤਿਹਾਸ ਪੜੀਏ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਰਖ ਦਿਤੀ ਸੀ ਜਦ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ।
“ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰ ਧਰੀ ਜੈ ਸਿਰਿ ਦੀਜੈ ਕਾਣਿ ਨਾ ਕੀਜੈ ।।
ਗੁਰੂ ਅਰਜਨ ਸਾਹਿਬ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ:
ਪਹਿਲਾਂ ਮਰਨਿ ਕਬੂਲਿ ਕਰ ਜੀਵਨ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤੋਉ ਅਉ ਹਮਾਰੇ ਪਾਸਿ ।।“
ਸਿਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਦੀ ਥਾਂ ਹੀ ਕੁਝ ਵਖਰੀ ਹੈ ਪਰ ਇਕ ਨਹੀ, ਦੋ ਨਹੀਂ ਦਸ ਨਹੀ ਲਖਾ , ਕਰੋੜਾ ਗੈਰ ਸਿਖ ਸਿਰਫ ਹਿੰਦੁਸਤਾਨੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੇਖਕਾ, ਇਤਿਹਾਸਕਾਰਾਂ , ਵਿਦਵਾਨਾ ,ਖੁਲੀ ਸੋਚ ਰਖਣ ਵਾਲੇ ਇਨਸਾਨਾ ਤੇ ਵਡੇ ਵਡੇ ਹੁਕਮਰਾਨਾਂ ਨੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਨਾਮੇ ਦੀ ਅਜ ਵੀ ਸ਼ਲਾਘਾ ਕਰਦੇ , ਨਾਮਸਤਕ ਹੋਕੇ ਸ਼ਰਧਾ ਨਾਲ ਸਿਰ ਝੁਕਾ ਲੈਂਦੇ ਹਨ ।
ਮਹਾਨ ਫੌਜੀ ਜਰਨੈਲ
ਓਹ ਇਕ ਨਿਡਰ ,ਮਹਾਨ ਫੌਜੀ ਜਰਨੈਲ ਤੇ ਭਾਰੀ ਜਥੇਬੰਦਕ ਸੂਝ ਸ਼ਕਤੀ ਦੇ ਮਾਲਕ ਸੀ । ਦਬੇ ਕੁਚਲੇ ਲੋਕਾਂ ਨੂੰ ਜਿਹਨਾਂ ਨੂੰ ਸਿਰ ਚੁਕ ਕੇ ਚਲਣ ਦਾ ਹੁਕਮ ਨਹੀ ਸੀ ਜਥੇਬੰਦ ਕਰਕੇ ਉਹਨਾਂ ਦੇ ਹਥ ਵਿਚ ਤਲਵਾਰ ਪਕੜਾ ਦੇਣੀ , ਵਡੀਆਂ ਵਡੀਆਂ ਤਾਕਤਾ ਨਾਲ ਮੁਕਾਬਲਾ ਕਰਨਾ, ਹਿੰਦੁਸਤਾਨ ਦੀ ਰੂੰਦ–ਖੂੰਦ ਵਿਚੋਂ ਐਸੇ ਯੋਧੇ ਪੈਦਾ ਕਰਨੇ ਜੋ ਸਿਰ ਤਲੀ ਤੇ ਧਰ ਕੇ ਹਰ ਕੁਰਾਬਾਨੀ ਦੇਣ ਲਈ ਤਿਆਰ–ਬਰ ਤਿਆਰ ਰਹਿੰਦੇ , ਕੋਈ ਛੋਟੀ ਗਲ ਨਹੀ । ਆਪਜੀ ਦੇ ਫੌਜ਼ ਦੇ ਹਰ ਸਿਖ ਨੂੰ ਆਪਜੀ ਦੀ ਅਗਵਾਈ ਤੇ ਜਿਤ ਤੇ ਪੂਰਾ ਪੂਰਾ ਭਰੋਸਾ ਹੁੰਦਾ ਜਿਸ ਕਰਕੇ ਉਹ ਆਪਜੀ ਦੇ ਇਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ, ਚਾਹੇ ਓਹ ਭੰਗਾਣੀ ਦਾ ਯੁਧ ਹੋਵੇ, ਅਨੰਦਪੁਰ, ਚਮਕੌਰ ਜਾਂ ਮੁਕਤਸਰ ਦੀ ਲੜਾਈ । ਹਰ ਸਿਖ ਆਪਣੇ ਅੰਦਰ ਕੋਮੀ ਜਜ੍ਬਾ ਲੇਕੇ ਅਗੇ ਵਧ ਵਧ ਕੇ ਲੜਦਾ । Cunnigham ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਪੁਜੇ ਹੋਏ ਜਰਨੈਲ ਸੀ । ਉਹਨਾਂ ਦੀਆਂ ਸਾਰੀਆਂ ਜਿਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ” । ਮੁਗਲ ਹਕੂਮਤ ਅਜਿਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰਖ ਦਿਤਾ । ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨੀਅਤ ਕੀਤੀਆਂ ਜਿਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੀ । ਦੁਸ਼ਮਨ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ । ਸਤਲੁਜ ਤੋਂ ਪਾਰ ਕਿਲੇ , ਲੋਹਗੜ , ਹੋਲਗੜ , ਨਿਰਮੋਹਗੜ ਅਤੇ ਦੋ ਦਰਿਆ ਦੇ ਵਿਚਕਾਰ ਕੁਝ ਫਾਸਲੇ ਤੇ ਉਤੇ ਫਤਹਿਗੜ ,ਅਨੰਦ ਗੜ, ਤੇ ਕੇਸਗੜ ਉਸਾਰੇ ।
ਗੁਰੂ ਸਾਹਿਬ ਨੇ ਇਕੋ ਪਹਿਰਾਵਾ, ਏਕੋ ਨਾਹਰਾ ,” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ” ਏਕੋ ਜਿਹੇ ਹਕੂਕ , ਇਕ ਪੂਜਾ ਅਸਥਾਨ , ਇਕੋ ਬਾਟੇ ਵਿਚੋ ਅਮ੍ਰਿਤ ਛਕਣ ਦੀ ਪਰੰਪਰਾ , ਇਕੋ ਜਹੀ ਰਹਿਤ ਤੇ ਇਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕਠਾ ਕੀਤਾ । ਸਭ ਨੂੰ ਨਾ ਟੁਟਣ ਵਾਲੀ ਏਕਤਾ ਵਿਚ ਪਰੋ ਦਿਤਾ , ਜੀਵਨ ਜੀਣ ਦਾ ਵਲ ਸਿਖਾ ਦਿਤਾ । ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ । ਇਸਤੋਂ ਪਹਿਲਾਂ ਕੋਈ ਐਸੀ ਕੋਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਚੂਹੜੇ , ਚਮਿਆਰ , ਨਾਈ ,ਧੋਬੀ ,ਛੀਂਬਾ , ਜਿਹਨਾਂ ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ ਹਥ ਵਿਚ ਨਾ ਪਕੜੀ ਹੋਵੇ , ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ ਵੀ ਸਭ ਤੋ ਮੋਹਰੇ ਸੀ ।
ਉਹਨਾਂ ਦੀ ਅਵਾਜ਼ ਵਿਚ ਇਤਨੀ ਤਾਕਤ ਸੀ ਕਿ ਭੰਗਾਣੀ ਦੇ ਯੁਦ ਵਿਚ ਜਦੋਂ 500 ਪਠਾਣ ਜੋ ਪੀਰ ਬੁਧੂ ਸ਼ਾਹ ਨੇ ਭਰਤੀ ਕਰਵਾਏ ਸੀ ਉਨਾ ਵਿਚੋਂ 400 ਪਠਾਨ ਰਾਜਿਆ ਦੀ ਇਨੀ ਵਡੀ ਫੌਜ਼ ਦੇਖਕੇ ਘਬਰਾ ਗਏ ਤੇ ਗੁਰੂ ਸਾਹਿਬ ਦਾ ਸਾਥ ਛਡ ਗਏ ਜਿਸ ਨਾਲ ਸਿਖ ਫੌਜ਼ ਦੇ ਹੋਸਲੇ ਵੀ ਢਹਿ ਢੇਰੀ ਹੋ ਗਏ । ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਦੇ ਇਕ ਜਾਦੁਈ ਐਲਾਨ ਨੇ ਸਿਖਾਂ ਵਿਚ ਐਸਾ ਜੋਸ਼ ਭਰਿਆ ਕੀ ਓਹ ਆਪਾ ਵਾਰਨ ਨੂੰ ਤਿਆਰ ਹੋ ਗਏ । ਜਿਹਨਾਂ ਨੇ ਕਦੀ ਨੰਗੀ ਕਰਦ ਨੂੰ ਹਥ ਵਿਚ ਨਹੀ ਸੀ ਪਕੜਿਆ ਵੇਰੀਆਂ ਦੇ ਅਜਿਹੇ ਆਹੂ ਲਾਹੇ ਕੀ ਓਹ ਵੀ ਤ੍ਰਹਿ ਤ੍ਰਹਿ ਕਰ ਉਠੇ। ਜਦੋਂ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਤਾਂ ਓਹ ਵੀ ਆਪਣੇ 700 ਮੁਰੀਦ, ਚਾਰੋ ਪੁਤਰ , ਭਰਾ ਭਤੀਜਿਆਂ ਸਮੇਤ ਲੜਾਈ ਵਿਚ ਆ ਪਹੁੰਚੇ ਤੇ ਐਸੇ ਜੋਹਰ ਦਿਖਾਏ ਕੀ ਦੁਸ਼ਮਨ ਲੜਾਈ ਦਾ ਮੈਦਾਨ ਛੋੜ ਕੇ ਨਸ ਉਠੇ। ਇਹ ਸੀ ਉਸ ਸਾਹਿਬ–ਏ–ਕਮਾਲ ਦੇ ਬੋਲਾਂ ਤੇ ਸ਼ਖਸ਼ੀਅਤ ਦਾ ਅਸਰ ।
ਇਕ ਵਾਰੀ ਦਰਬਾਰ ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਪਿੰਡ ਦੇ ਚੌਧਰੀ ਡਲੇ ਨਾਲ ਸ਼ੁਰੂ ਹੋਈ । ਡਲੇ ਨੇ ਕਿਹਾ ਕੀ ਅਗਰ ਤੁਸੀਂ ਮੈਨੂੰ ਸਦ ਲੇਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ । ਮੇਰੇ ਆਦਮੀ ਇਹੋ ਜਹੇ ਸੂਰਮੇ ਹਨ ਕਿ ਵੇਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੋਕੇ ਅਉਣਗੇ । ਇਕ ਦਿਨ ਗੁਰੂ ਸਾਹਿਬ ਨੂੰ ਲਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ । ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੇਣਾ ਕੀਤਾ । ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰਾ ਸੂਰਮੇ ਮੋਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੇਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੋਜਵਾਨ ਨੂੰ ਸਦੋ । ਬੜੀ ਦੇਰ ਇੰਤਜਾਰ ਕਰਣ ਤੋ ਬਾਦ ਕੋਈ ਵੀ ਨੋਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ । ਡਲੇ ਦਾ ਵੀ ਚਲਦੀ ਗੋਲੀ ਦੇ ਸਾਮਨੇ ਖੜੇ ਹੋਣ ਦਾ ਹਠ ਨਾ ਪਿਆ । ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਪੀਰ ਸਿੰਘ , ਪਿਓ ਪੁਤਰ ਆਪਸ ਵਿਚ ਬਹਿਸ ਕਰਦੇ ਆ ਰਹੇ ਸਨ । ਪੁਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿਚ ਮਾਰੋ । ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ । ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ । ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ । ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ। ਇਹ ਦੇਖਕੇ ਡਲਾ ਸਿਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ ਸ਼ਰਮਿੰਦਾ ਹੋਇਆ । ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ ਇਸ ਨੂੰ ਹਲਾ–ਸ਼ੇਰੀ ਦੀ ਤੇ ਇਕ ਹੋਣਹਾਰ ਆਗੂ ਦੀ ਲੋੜ ਹੈ ।
ਕਹਿੰਦੇ ਹਨ ਕੀ ਜਦੋਂ ਲਾਹੋਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ ਸੀ । ਅਜੇ ਮਸਾਂ ਤਿੰਨ ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹਿਆ ਟੁਟ ਗਿਆ । ਹਫੜਾ ਦਫੜੀ ਮਚ ਗਈ । ਨਾ ਤੋਪ ਨੂੰ ਠੀਕ ਕਰਾਣ ਦਾ ਵਕ਼ਤ ਸੀ ਨਾ ਸਹੂਲੀਅਤ । ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ । ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ ਤੂੰਬਾ ਤੂੰਬਾ ਹੋ ਜਾਵੇਗਾ। ਇਥੇ ਇਕ ਪਠਾਣਾ ਦਾ ਸੂਹਿਯਾ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ । ਪਹੀਆ ਟੁਟਣਾ , ਓਸਦਾ ਹਲ ਤੇ ਸਿੰਘਾ ਦੇ ਸ਼ੋਰ ਸ਼ਰਾਬੇ ਦੀ ਅਵਾਜ਼ ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ । ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਪਹਿਲੇ ਕੰਧਾ ਮੈ ਦਿਆਂਗਾ , ਪਹਿਲੇ ਮੈ । ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ । ਸਿਖਾਂ ਦਾ ਜੋਸ਼ ਦੇਖਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਲਿਖੇਗਾ ਕੋਣ । ਇਨੇ ਨੂੰ ਸਿਖਾਂ ਦਾ ਜਥੇਦਾਰ ਆਇਆ । ਉਸਨੇ ਸਭ ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੋਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ । ਓਹ ਸਭ ਤੋ ਅਗੇ ਖੜੇ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ । ਇਹ ਸੀ ਸਿਖਾ ਦੀ ਸੋਚ ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ । ‘
ਸੰਤ ਸਿਪਾਹੀ
ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤਂਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ ਦਿਤੀਆ ਪਰ ਨਿਸ਼ਚਿਤ ਆਦਰਸ਼ਾ ਤੋ ਮੂੰਹ ਨਹੀ ਮੋੜਿਆ । ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬਚਿਆ ਦੀ ,ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿਚ, ਓਹ ਹਮੇਸ਼ਾ ਹੀ ਅਡੋਲ ਰਹੇ ਤੇ ਹਰ ਕੁਰਬਾਨੀ ਤੋ ਬਾਅਦ ਰਬ ਦਾ ਸ਼ੁਕਰ ਮਨਾਉਂਦੇ ਰਹੇ ।
ਅਵਤਾਰ, ਪੈਗੰਬਰਾਂ , ਰਸੂਲਾਂ ਵਿਚ ਕੋਈ ਵੀ ਐਸਾ ਸਾਬਰ ਨਹੀਂ ਹੋਇਆ ,ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਹੰਜੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ । ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ ।
ਮਿਰਜ਼ਾ ਹਕੀਮ ਅਲਾਹ ਯਾਰ ਖਾਨ ਜੋਗੀ ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤੇਬੇ ਬਾਰੇ ਲਿਖਦੇ ਹਨ:
“ਯਾਕੂਬ ਨੇ ਯੂਸਫ ਕੇ ਬਿਛੜਨੇ ਨੇ ਰੁਲਾਇਆ
ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ
ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ
ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ“
ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ । ਅਨੇਕਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾ, ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ ਉਨਾ ਦੀ ਮਹਾਨਤਾ , ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ ।
ਗੁਰੂ ਸਾਹਿਬ ਨੇ ਕਿਸੇ ਵੀ ਜਿਤ ਮਗਰੋਂ ਕਿਸੇ ਦੀ ਜਗਹ ਤੇ ਕਬਜਾ ਨਹੀ ਕੀਤਾ ,ਨਾ ਕੋਈ ਨਿਜੀ ਲਾਭ ਉਠਾਇਆ , ਨਾ ਦੋਲਤ ਲੁਟੀ , ਨਾ ਕਿਸੇ ਨੂੰ ਬੰਦੀ ਬਣਾਇਆ , ਕਿਸੀ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ । ਉਹਨਾਂ ਦੀਆਂ ਲੜਾਈ ਦੀਆਂ ਸ਼ਰਤਾ ਵੀ ਦੁਨਿਆ ਤੋ ਵਖਰੀਆਂ ਸਨ , ਕਿਸੇ ਤੇ ਪਹਿਲੇ ਹਲਾ ਨਹੀਂ ਬੋਲਣਾ , ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ , ਭਗੋੜੇ ਦੇ ਪਿਛੇ ਨਹੀ ਭਜਣਾ, ਜਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਨ ਦਾ ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨਾ, ਇਹ ਖਾਲੀ ਸਿਪਾਹੀ ਤੇ ਨਹੀ ਹੋ ਸਕਦਾ ,ਸੰਤ ਸਿਪਾਹੀ ਹੀ ਹੋ ਸਕਦਾ ਹੈ ।
ਓਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਹਕੂਮਤ ਨਾਲ ਸੁਲਾ– ਕੁਲ ਦੀ ਨੀਤੀ ਅਪਣਾਕੇ ਆਰਾਮ ਦੀ ਜਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ,ਜਿਸਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ । ਆਪਨੇ ਪਿਤਾ ਨੂੰ ਕੁਰਬਾਨ ਕੀਤਾ , ਪੁਤਰਾਂ ਨੂੰ, ਹਜਾਰਾਂ ਪਿਆਰੇ ਸਿਖਾਂ ਨੂੰ ਆਪਣੀ ਅਖੀ ਸ਼ਹੀਦ ਹੁੰਦਿਆ ਵੇਖਿਆ । ਆਨੰਦਪੁਰ ਨੂੰ ਛਡ ਕੇ ਸਰਸਾ ਚਮਕੋਰ ਤੇ ਮਾਛੀਵਾੜੇ ਦੀਆਂ ਅਓਕੜਾ ਦਾ ਮੁਕਾਬਲਾ ਕਰਕੇ ਜਦ ਦੀਨੇ ਪਹੁੰਚ ਕੇ ਔਰੰਜ਼ੇਬ ਨੂੰ ਜ਼ਫਰਨਾਮਾ ਲਿਖਿਆ ਓਹ ਵੀ ਚੜਦੀ ਕਲਾ ਵਿਚ ਜਿਸ ਨੂੰ ਪੜਕੇ ਹਿੰਦੁਸਤਾਨ ਦਾ ਪਥਰ ਦਿਲ ਬਾਦਸ਼ਾਹ ਵੀ ਕੰਬ ਉਠਿਆ ।
ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ । ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ । ਅਗਰ ਇਨਾਂ ਦੋਨੋ ਨੂੰ ਅਡ ਅਡ ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ ਇਨਸਾਨ । ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ–ਜਹਿਦ ਵਿਚੋਂ ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ । ਜਦੋਂ ਧਰਮ ਨੇ ਸਭ ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ । ਰਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੋਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿਤਾ ।
ਸਿਖਾਂ ਨਾਲ ਪਿਆਰ
ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕੀ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰਜ ਕੇ ਪਿਆਰ ਕਰਦੇ ਸੀ । ਜਦ ਚਮਕੋਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੀਆਂ ਵੀ ਲਾਸ਼ਾ ਪਈਆਂ ਹੋਈਆਂ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਝੁਝਾਰ ਸਿੰਘ ਦੀ ਲਾਸ਼ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨੋ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛਕਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?
ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“
ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“
ਜਦੋਂ ਚਮਕੋਰ ਦੀ ਗੜੀ ਵਿਚੋਂ ਬਚਿਆਂ ਨੂੰ ਲੇਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕੇਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੋਣ ਕਰੇਗਾ?
ਜਦੋਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਝੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“
ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮ੍ਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤ੍ਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਅਪਣਿਆ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕੀ ਬੇ ਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੇ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੋਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ ।4 ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“
ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਮਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਖਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬ੍ਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।
ਮਹਾਨ ਫੀਲੋਸਫ਼ਰ
ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ, ਦੇਸ਼ ,ਕੋਮ ,ਹਦਾਂ , ਸਰਹਦਾਂ ਤੋ ਉਪਰ ਉਠਕੇ ਉਸ ਵਕ਼ਤ ਦੀ ਜਰੂਰਤ ਸੀ । ਕਿਓਂਕਿ ਉਚ –ਜਾਤੀਏ , ਬ੍ਰਾਹਮਣ ,ਪੰਡਿਤ ,ਰਾਜੇ ਮਹਾਰਾਜੇ ਇਨਾਂ ਲੋਕਾਂ ਤੇ ਇਤਨੇ ਜੁਲਮ ਕਰ ਰਹੇ ਸੀ ਜੋ ਬਰਦਾਸ਼ਤ ਤੋਂ ਬਾਹਰ ਹੋ ਰਹੇ ਸੀ । ਪਹਿਲੇ ਅਠ ਗੁਰੂਆਂ ਨੇ ਇਨਾ ਨੂੰ ਕਿਰਤ ,ਕਰਮਾਂ ,ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ , ਛੇਵੈ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਤੇ ਦਸਵੀਂ ਗੁਰੂ ਨੇ ਇਸ ਨੂੰ ਅਪਨਾਕੇ ਸਮਾਜਿਕ ਕ੍ਰਾਂਤੀ ਲਿਆ ਦਿਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾ ਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਕਾਰ ਕੀਤਾ ਜੋ ਅਜ ਤਕ ਵੀ ਇਕ ਸਮਸਿਆ ਬਣੀ ਹੋਈ ਹੈ । ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ । ਖੰਡੇ ਬਾਟੇ ਦੀ ਪਾਹੁਲ ਵਿਚ ਮਿਠਾਸ , ਹਲੀਮੀ , ਨਿਮਰਤਾ , ਤੇ ਪਰਉਪਕਾਰ ਦੇ ਚਿਨ “ਪਤਾਸੇ ” ਪਾਣ ਦਾ ਮਾਣ ਮਾਤਾ ਜੀਤੋ ਨੂੰ ਬਖਸ਼ਿਆ । ਮਾਤਾ ਗੁਜਰੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿਚ ਜੋਤੀ ਜੋਤ ਸਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਨ ਪ੍ਰਾਪਤ ਹੋਇਆ । ਮਾਈ ਭਾਗੋ ਨੂੰ ਸਿਖਾਂ ਦੀ ਪਹਿਲੀ ਜਥੇਦਾਰੀ ਸੋਪੀ । ਸਦੀਆਂ ਤੋ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਬੇਦਾਵਾ ਦੇਣ ਵਾਲੇ ਸਿਖਾਂ ਨੂੰ ਲਾਹਨਤਾ ਪਾਣੀਆ ਤੇ ਵੰਗਾਰਨਾ , ਪਛਤਾਵੇ ਤੋ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ , ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦਖਣ ਭਾਰਤ ਵਿਚ ਸਿਖੀ ਪ੍ਰਚਾਰ ਕਰਨਾ, ਇਹ ਇਕ ਬਹੁਤ ਵਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗਲ ਸੀ । ਵਿਭਚਾਰ ਦਾ ਖੰਡਣ ਕਰਦਿਆ ਸਿਖਾਂ ਨੂੰ ਗ੍ਰਿਹਸਤੀ ਜੀਵਨ ਦੀ ਜਾਚ ਦਸੀ , ਸ਼ੁਭ ਅਮਲਾਂ ਦਾ ਰਾਹ ਦਿਖਾਇਆ ।
ਉਹਨਾਂ ਦਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇਕ ਵਡੇਰੀ ਸੋਚ ਸੀ । ਜੇਕਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਨਾ ਥਾਪਿਆ ਹੁੰਦਾ ਤਾਂ ਅਜ ਆਸੀਮ ਗਿਣਤੀ ਵਿਚ ਪੂਜਾ ਕਰਵਾ ਰਹੇ ਦੇਹ ਧਾਰੀ ਗੁਰੂਆਂ ਦੇ ਪਖੰਡਾ ਵਿਚ ਸਿਖ ਜਗਤ ਫਸਿਆ ਹੁੰਦਾ ।
ਅਜ ਦਾ ਰੇਡ –ਕ੍ਰੋਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਦੀਆਂ ਪਈਆਂ ਇਨ੍ਹਾ ਲੀਹਾਂ ਤੋ ਉਤਪਨ ਹੋਇਆ ਹੈ ਜਦੋਂ ਉਨਾ ਨੇ ਭਾਈ ਘਨਇਆ ਨੂੰ ਜਖਮੀਆਂ ਚਾਹੇ ਓਹ ਦੁਸ਼ਮਨ ਵਲੋ ਕਿਓਂ ਨਾ ਹੋਵੇ , ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨ ਦੀ ਹਿਦਾਇਤ ਦਿਤੀ ।
“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿ ਆਈ ।।
ਮਾਨਸ ਕੀ ਜਾਤ ਸਬਾਈ ਏਕੈ ਪਹਿਚਾਨਬੋ ।।“
ਉਹਨਾਂ ਦੀ ਲੜਾਈ ਕਦ ਕਿਸੇ ਧਰਮ ,ਜਾਤੀ ਜਾਂ ਨਸਲ ਦੇ ਵਿਰੁਧ ਸੀ । ਇਹ ਲੜਾਈ ਤਾ ਜੁਲਮ ਜਬਰ , ਜਾਬਰ , ਜਾਲਮ , ਅਤਿਆਚਾਰੀ , ਦੁਰਾਚਾਰੀ , ਲੁਟੇਰੇ ਤੇ ਜਨਤਾ ਦੇ ਸੁਖ ਚੈਨ ਨੂੰ ਲੁਟਣ ਵਾਲਿਆਂ ਵਿਰੁਧ ਸੀ ।
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
। ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸਦੇ ਬਦਲੇ ਵਜੋਂ ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ , ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ ।
ਕੁਦਰਤ ਦੇ ਸ਼ੋਕੀਨ
ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਨਝਨਾ ਤੋਂ ਨਿਕਲੇ ਮਿਠੇ ਸੰਗੀਤ ਦਾ ਰਸ ਮਾਣਦੇ ਰਹੇ ,ਪਟਨਾ ਵਿਚ ਗੰਗਾ ਨਦੀ ਵਿਚ ਆਨੰਦਪੁਰ ਵਿਚ ਸਤਲੁਜ ਦਾ, ਪੋੰਟਾ ਸਾਹਿਬ, ਜਮੁਨਾ ਦਾ ਇਥੋਂ ਤਕ ਕੀ ਜੋਤੀ ਜੋਤ ਸਮਾਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿਚ ਨਦੇੜ ਦਾ ਇਲਾਕਾ ਜਾ ਚੁਣਿਆ । ਪੋੰਟਾ ਸਾਹਿਬ ਵੀ ਬਾਹਰ ਨਦੀ ਦੇ ਵਿਚਕਾਰ ਇਕ ਛੋਟੇ ਜਿਹੇ ਟਾਪੂ ਵਿਚ ਓਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ।
ਕੁਦਰਤ ਦੇ ਬਹੁਤ ਸ਼ੋਕੀਨ ਸੀ । ਬਚਪਨ ਉਹਨਾਂ ਦਾ ਪਟਨੇ ਵਿਚ ਬੀਤਿਆ । ਆਪਣੇ ਬਚਪਨ ਦਾ ਬਹੁਤਾ ਸਮਾ ਗੰਗਾ ਨਦੀ ਦੇ ਆਸ ਪਾਸ ਹੀ ਗੁਜਾਰਿਆ । ਉਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ,ਬੇੜੀ ਵਿਚ ਬੈਠਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ,ਜਦੋਂ ਪੰਡਿਤ ਸ਼ਿਵ ਦਾਸ ਗੰਗਾ ਵਿਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾਕੇ ਉਹਨਾਂ ਦੇ ਕੰਨਾ ਵਿਚ ,’ ਪੰਡਿਤ ਜੀ ਝਾਤ ਕਹਕੇ ਉਹਨਾਂ ਦੀ ਸਮਾਧੀ ਨੂੰ ਖੋਲ ਦਿੰਦੇ । ਪੰਡਿਤ ਜੀ ਗੁਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ । ਓਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ । ਇਕ ਵਪਾਰੀ ਨੇ ਉਹਨਾਂ ਨੂੰ ਇਕ ਛੋਟੀ ਜਿਹੀਂ ਬੇੜੀ ਭੇਂਟ ਕੀਤੀ ਜਿਸਨੂੰ ਓਹ ਆਪਣੇ ਦੋਸਤਾਂ ਨਾਲ ਦਰਿਆ ਵਿਚ ਠੇਲ ਕੇ ,ਚ੍ਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੇਰ ਕਰਦੇ ਰਹਿੰਦੇ ।
ਇਕ ਵਾਰੀ ਆਪਣਾ ਕੰਗਨ ਗੰਗਾ ਵਿਚ ਸੁਟ ਆਏ । ਮਾਤਾ ਜੀ ਨੇ ਜਦ ਪੁਛਿਆ ਕੀ ਕੰਗਣ ਕਿਧੇ ਸੁਟਿਆ ਹੈ ? ਤਾਂ ਦੂਸਰਾ ਵੀ ਗੰਗਾ ਵਿਚ ਸੁਟ ਕੇ ਕਹਿਣ ਲਗੇ ਕੀ ਇਥੇ ਸੁਟਿਆ ਹੈ।
ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਨੇ ਜਗਹ ਪਸੰਦ ਕਰਣ ਨੂੰ ਕਿਹਾ ਤਾਂ ਇਕ ਰਮਣੀਕ ਜਗਾ ਸਤਲੁਜ ਦਰਿਆ ਦੇ ਕੰਡੇ ਤੇ ਚੁਣੀ ਤੇ ਉਥੇ ਹੀ ਆਪਣਾ ਕਿਲਾ ਬਣਾਇਆ । 52 ਕਵੀਆਂ ਦੀ ਮਿਹਫਲ ਵੀ ਸਤਲੁਜ ਦੇ ਕੰਡੇ ਤੇ ਲਗਦੀ । ਪਾਉਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ । ਇਥੇ ਹੀ ਇਨ੍ਹਾਂ ਨੇ ਜਾਪੁ ਸਾਹਿਬ , ਸਵਇਏ ਅਤੇ ਅਕਾਲ ਉਸਤਤਿ ਬਾਣੀਆਂ ਉਚਾਰਨ ਕੀਤੀਆਂ । ਆਨੰਦਪੁਰ ਛਡਣ ਤੋ ਬਾਅਦ ਵੀ ਜਿਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੇਂਦੇ ।
ਲਖੀ ਜੰਗਲ ਵਿਚ ਜਦ ਸੁੰਦਰ ਨਜ਼ਾਰੇ ਦੇਖੇ ਤੇ ਕੁਝ ਦੇਰ ਉਥੇ ਹੀ ਠਹਿਰਨ ਦਾ ਫੇਸਲਾ ਕਰ ਲਿਆ । ਇਥੇ ਹੀ ਚਿਰਾਂ ਤੋ ਵਿਛੜੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ,ਕਵੀ, ਢਾਡੀ,ਤੇ ਜੋ ਸਿਖ ਆਨੰਦਪੁਰ ਛਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ । ਕਥਾ ,ਕੀਰਤਨ ਵਖਿਆਨ ਤੇ ਕਵੀ ਦਰਬਾਰ , ਮੁੜਕੇ ਓਹੀ ਰੋਣਕਾਂ ਲਗ ਗਈਆਂ ਪਰ ਹਾਲਤ ਓਹ ਨਹੀਂ ਸਨ ।
ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਸ ਵਿਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤਖ ਨਜਰ ਆਓਂਦਾ ਹੈ । ਜ਼ਫਰਨਾਮੇ ਵਿਚ ਲਿਖਦੇ ਹਨ ‘ ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇਧਰ ਜੁਝਾਰ ਦੀ ਸ਼ਹੀਦੀ ਹੋਈ । ਸਾਹਿਬਜਾਦਿਆ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੇ । ਉਹਨਾਂ ਦੀ ਬਾਣੀ ਵਿਚ ਵੀ ਵਹਿਗੁਰੂ ,ਕੁਦਰਤ ਤੇ ਮਨੁਖਤਾ ਦਾ ਪਿਆਰ ਪ੍ਰਤਖ ਝਲਕਦਾ ਨਜ਼ਰ ਆਓਂਦਾ ਹੈ ।ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨਦੇੜ ਗੋਦਾਵਰੀ ਦੇ ਕੰਢੇ ਤੇ ਹੀ ਬੈਠੇ ਸੀ ।
ਬਾਣੀ
ਗੁਰੂ ਜੀ ਨੇ ਜਾਪੁ ਸਾਹਿਬ , ਅਕਾਲ ਉਸਤਤ .33 ਸਵਈਏ , ਖਾਲਸਾ ਮਹਿਮਾ , ਗਿਆਨ ਪ੍ਰਬੋਧ ,ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ) , ਚੰਡੀ ਦੀ ਵਾਰ , ਚੋਬਿਸ ਅਵਤਾਰ , ਬਚਿਤ੍ਰ ਨਾਟਕ , ਚਰਿਤ੍ਰੋ ਪਾਖਯਾਨ , ਜਫਰਨਾਮਾ , ਹਕਾਯਤਾਂ , ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ । ਜਾਪੁ ਸਾਹਿਬ ਵਿਚ ਅਕਾਲ ਉਸਤਤਿ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ । ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ । ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ । ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ।
ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ । ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ । ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ , ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ । ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ ,ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਹਨਾਂ ਦੀ ਰਚਨਾ ਦਾ ਖਾਸ ਗੁਣ ਹੈ । ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ । ਅਰਬੀ ਦੇ ਗਿਆਨ ਦੀ ਸਿਖਰ , ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸ ਨੂੰ ਬੜੀ ਖੁਲੀ– ਦਿਲੀ ਨਾਲ ਬਾਣੀ ਵਿਚ ਵਰਤਿਆ ਹੈ । ਬਿਹਾਰੀ ,ਬ੍ਰਿਜ ਭਾਸ਼ਾ , ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 735 ਅਕਾਲ ਪੁਰਖ ਦੇ ਉਪਨਾਮ ਜਿਨਾਂ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ । ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਹਨਾਂ ਦੀ ਕਲਾ ਸੀ ।
“ਜਿਮੀ ਤੁਹੀਂ , ਜਮਾ ਤੁਹੀਂ ।
ਮਕੀ ਤੁਹੀਂ ,ਮਕਾ ਤੁਹੀਂ ।
ਅਭੁ ਤੁਹੀਂ ,ਅਭੈ ਤੁਹੀਂ ।
ਅਛੂ ਤੁਹੀਂ ,ਅਛੇ ਤੁਹੀਂ ।
ਜਤਸ ਤੁਹੀਂ ਬ੍ਰੇਹਸ ਤੁਹੀਂ ।
ਗਤਸ ਤੁਹੀਂ ,ਮਤਸ ਤੁਹੀਂ ।
ਤੁਹੀਂ ਤੁਹੀਂ, ਤੁਹੀਂ ਤੁਹੀਂ ।
ਤੁਹੀਂ ਤੁਹੀਂ ਤੁਹੀਂ ਤੁਹੀਂ ।
ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ ” ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ । ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ । ਓਸ ਨੂੰ ਲਗਦਾ ਹੈ ਕੀ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ । ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ । ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮੇਹਰ ਸਦਕਾ ਹੁੰਦਾ ਹੈ । ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ । ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ । ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ । ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੋਤ ਤੋ ਬਚ ਨਹੀ ਸਕੇ।
ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ । ਉਸਦੀ ਹੋਦ ਤੋਂ ਅਸੀਂ ਮਨੁਕਰ ਨਹੀਂ ਸਕਦੇ । ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ । ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ । ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ , ਤੀਰਥ ਇਸ਼ਨਾਨ, ਦਾਨ– ਪੁਨ ,ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ । ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ । ਚਕ੍ਰ ,ਚਿਹਨ ,ਬਰਨ, ਜਾਤ ,ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ ।
ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ । ਸਿਖ ਨੂੰ ਕਰਮਕਾਂਡਾਂ ,ਵਹਿਮ–ਭਰਮਾ , ਛੁਆ– ਛੂਤ, ਜਾਤ–ਪਾਤ, ਊਂਚ –ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ ਜੋ ਉਸਦੇ ਮੰਨ–ਮੰਦਿਰ ਵਿਚ ਹੈ ।
“ਰੇ ਮਨ ਐਸੋ ਕਰ ਸਨਿਆਸਾ ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ ।।“
ਓਹ ਆਪ ਇਕ ਮਹਾਨ ਸ਼ਖਸ਼ੀਅਤ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ । ਲੋਕਾਂ ਨੂੰ ਵੀ ਇਸ ਮੰਚ ਤੇ ਇਕਠਾ ਕੀਤਾ । ਓਟ ਅਕਾਲ ਦੀ ,ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ ,ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ– ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ । ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ । ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ ,ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ । ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ , ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ– ਕਰਮ, ਜਪ –ਤਪ ਅਤੇ ਪੂਜਾ ਹੈ।ਦੇਵੀ, ਦੇਵਤਿਆਂ ,ਮੜੀ,ਮਸਾਣਾ ,ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ ।
ਭਜੋ ਹਰੀ ,ਥਪੋ ਹਰੀ
ਤਪੋ ਹਰੀ ਜਪੋ ਹਰੀ
ਕਾਹੂ ਲੈ ਪਾਹਨ ਪੂਜੋ ਧਰੇ ਸਿਰ
ਕਾਹੂ ਲੈ ਲਿੰਗ ਗਰੇ ਲਟਕਾਓ
(ਅਕਾਲ ਉਸਤਤ )
ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ ,ਤੰਤਰ, ਮੰਤਰ ,ਤਵੀਜਾ ਵਿਚ ਨਹੀ। ,ਕਰਮ– ਕਾਂਡ, ਭੇਖ , ਪਖੰਡਾ , ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ ।ਬਲਿਕ ,ਕਿਰਤ ਕਰਕੇ ਭੁਖੇ ,ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ ਮਿਲਦਾ ਹੈ । ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ । ਪਰ ਜੇ ਤੁਹਾਡਾ ਮਨ ਸਿਮਰਨ ਕਰਨ ਵੇਲੇ ਕਿਤੇ ਹੋਰ ਭਟਕ ਰਿਹਾ ਹੈ ਤਾ ਓਹ ਵੀ ਪਖੰਡ ਹੈ
“ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ“
ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ । ਭਗਤੀ, ਪਿਆਰ, ਸੇਵਾ ,ਪਵਿਤ੍ਰਤਾ, ਪਰਉਪਕਾਰ ,ਦਇਆ ,ਖਿਮਾ ,ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ । ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੋ ਸਕਦਾ ਹੈ । ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ ,ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ ,ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ , ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ ।
ਜਗਤ ਜੋਤ ਜਪੇ ਨਿਸ ਬਾਸਰ ।
ਟੇਕ ਬਿਨਾ ਮਨ ਨੇਕ ਨਾ ਆਨੇ ।।
ਉਹਨਾਂ ਦਾ ਇਕ ਦੇਸ਼ ਨਹੀ ਸੀ , ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਹਨਾਂ ਦੇ ਸੀ । ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ ਉਹਨਾਂ ਲਈ ਜਾਤ –ਪਾਤ , ਊਚ –ਨੀਚ,ਮਜਹਬ , ਧਰਮ ,ਕੋਮ, ਹਦਾਂ,ਸਰਹਦਾ ਦੀ ਕੋਈ ਅਹਮੀਅਤ ਨਹੀ ਸੀ ਓਹਨਾਂ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ ਸੀ ।
ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਜਿਓਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀ ਕਰ ਸਕੇ ,ਪਰ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ । ਗਲ ਸੰਸਾਰਿਕ ਵਡਿਆਈ ਦੀ ਨਹੀਂ ਉਹਨਾਂ ਦੇ ਆਦਰਸ਼ ਦੀ , ਨਿਸ਼ਾਨੇ ਤੇ ਸੂਝ ਬੂਝ ਦੀ ਹੈ । ਗੁਰੂ ਸਾਹਿਬ ਦੀ ਜਦੋ– ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਹਨਾਂ ਨੇ ਦੁਨਿਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ ,ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ । ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ ਤੇ ਉਹਨਾਂ ਦੀ ਸਜਾਈ ਕੋਮ ਦੇਸ਼ ਦੀ ਤੇ ਦੁਨਿਆ ਦੀ ਅਗਵਾਈ ਕਰ ਸਕਦੀ ਹੈ – ਕਿਓਂਕਿ ਜੋ ਸੰਸਕਾਰ ਤੇ ਆਦਰਸ਼ ਗੁਰੂ ਸਾਹਿਬ ਨੇ ਸਿਖੀ ਨੂੰ ਦਿਤੇ ਹਨ ਦੁਨਿਆ ਵਿਚ ਉਸਦਾ ਕੋਈ ਤੋਲ–ਮੋਲ ਨਹੀਂ ,ਬਸ਼ਰਤੇ ਅਜ ਦੇ ਭਟਕੇ ਹੋਏ ਸਿਖ ਗੁਰੂ ਸਾਹਿਬ ਦੇ ਚਰਨਾ ਵਿਚ ਮੁੜ ਜੁੜ ਜਾਣ ।
Add comment