ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ – ਜੀਵਨੀ ( 1666 -1708 )(ਦਸਵੇਂ ਗੁਰੂ ਸਹਿਬਾਨ )

ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਉਨ੍ਹਾ ਦੇ ਜਨਮ ਵੇਲੇ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਾਲਤ ਬਹੁਤ ਖਰਾਬ ਸਨ। 1657 ਵਿਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹਥ ਵਿਚ ਲੈ ਲਈ, ਜਿਸਦੀ ਖਾਤਰ ਭਰਾਵਾਂ ਦੇ ਖੂਨ ਨਾਲ ਹਥ ਰੰਗੇ, ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿਚ ਕੈਦ ਕੀਤਾ। ਅਨੇਕਾਂ ਮੁਸਲਮਾਨਾ, ਜਿਨਾਂ ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ, ਪੀਰਾਂ ਫਕੀਰਾਂ ਤੇ ਜ਼ੁਲਮ ਢਾਹੇ, ਜਿਸਦੀ ਦੀ ਖਾਤਿਰ ਮੁਸਲਮਾਨਾ ਦਾ ਬਹੁਤ ਵਡਾ ਹਿੱਸਾ ਉਸਦੇ ਖਿਲਾਫ਼ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜਰ ਅਓਣ ਲਗੇ।

ਜਨੂੰਨੀ ਮੁਸਲਮਾਨ ਜਿਨ੍ਹਾ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ, ਉਹਨਾ ਨੂੰ ਖੁਸ਼ ਕਰਨ ਲਈ, ਆਪਣੇ ਗੁਨਾਹਾਂ ਤੇ ਪੜਦਾ ਪਾਣ ਲਈ ਤੇ ਆਪਣੀ ਵਿਗੜੀ ਸਾਖ ਬਨਾਓਣ ਲਈ ਉਸਨੇ ਤਲਵਾਰ ਦਾ ਰੁਖ ਹਿੰਦੂਆਂ ਵਲ ਮੋੜ ਦਿਤਾ। ਉਨ੍ਹਾ ਦੇ ਜੰਜੂ ਉਤਾਰਨੇ, ਜਬਰੀ ਜਾਂ ਧੰਨ, ਦੋਲਤ, ਨੋਕਰੀ ਤੇ ਅਹੁਦਿਆਂ ਦੇ ਲਾਲਚ ਦੇਕੇ ਮੁਸਲਮਾਨ ਬਣਾਓਣਾ, ਜਜਿਆ ਟੈਕ੍ਸ ਵਿਚ ਸਖਤੀ ਕਰਨਾ , ਚਾਰੋਂ ਪਾਸੇ ਮੰਦਰ ਗੁਰੁਦਵਾਰਿਆਂ ਦੀ ਢਾਹੋ ਢੇਰੀ, ਸੰਸਕ੍ਰਿਤ ਪੜਨ, ਮੰਦਰ ਵਿਚ ਉਚੇ ਕਲਸ਼ ਲਗਾਣ ਤੇ ਸੰਖ ਵਜਾਓਣ ਦੀ ਮਨਾਹੀ, ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁਕਕੇ ਲੇ ਜਾਣਾ, ਡੋਲੇ ਵਿਚ ਨਵੀਆਂ ਆਈਆਂ ਦੁਲਹਨਾ ਨੂੰ ਕਢ ਕੇ ਆਪਣੇ ਹੇਰਮ ਵਿਚ ਪਾ ਦੇਣਾ, ਬਛੜੇ ਦੇ ਖਲ ਵਿਚ ਹਿੰਦੂਆਂ ਨੂੰ ਪਾਣੀ ਸੁਪਲਾਈ ਕਰਨਾ , ਕੇਹੜੇ ਕੇਹੜੇ ਜੁਲਮ ਉਸ ਦੇ ਰਾਜ ਵਿਚ ਪਰਜਾ ਤੇ ਨਹੀਂ ਕੀਤੇ ਗਏ ? ਭਾਰਤ ਦਾ ਮਾਨ ਸਤਕਾਰ ਖਤਮ ਹੋ ਚੁਕਾ ਸੀ, ਮਨੋਬਲ ਟੁਟ ਚੁਕਾ ਸੀ। ਆਪਣੇ ਵੀ ਕੋਈ ਘਟ ਨਹੀਂ ਸਨ। ਰਾਜੇ ਮਹਾਰਾਜੇ, ਹਾਕਮ ਪੰਡਿਤ, ਪੀਰ ਫਕੀਰ ਸਭ ਦੀ ਜਮੀਰ ਖਤਮ ਹੋ ਚੁਕੀ ਸੀ ਆਪਣੀ ਐਸ਼ ਇਸ਼ਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨਾ ਤੇ ਲੁਟ ਖਸੁਟ ਕਰਨਾ ਉਨ੍ਹਾ ਦਾ ਪੇਸ਼ਾ ਬਣ ਚੁਕਾ ਸੀ।

ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।

ਜਨਮ ਤੋਂ ਲੇਕੇ 5, 1/2 ਸਾਲ ਉਹ ਪਟਨਾ ਜਾ ਇਉਂ ਕਹਿ ਲਉ ਆਨੰਦਪੁਰ ਦਾ ਕਿਲਾ ਛਡਣ ਤਕ ਮਾਤਾ ਗੁਜਰੀ ਦੀ ਦੇਖ ਰੇਖ ਵਿਚ ਰਹੇ। ਮੁਢਲੀ ਵਿਦਿਆ ਗੁਰਬਾਣੀ. ਗੁਰਮੁਖੀ ਤੇ ਬਿਹਾਰੀ ਇਹਨਾ ਨੇ ਇਥੋਂ ਹੀ ਸਿਖੀ। ਬਚਪਨ ਤੋਂ ਹੀ ਇਨ੍ਹਾ ਦੇ ਸ਼ੋਕ ਬਾਕੀ ਬਚਿਆਂ ਤੋ ਬਿਲਕੁਲ ਅੱਲਗ ਸਨ ਜਿਵੇ ਮਾਰਸ਼ਲ ਗੈਮਸ, ਮੋਕ ਫਾਇਟ ਆਦਿ। ਜਿਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ, ਗੰਗਾ ਵਿਚ ਬੇੜੀ ਚਲਾਣੀ ਤੇ ਅਲਗ ਅਲਗ ਮੋਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿਚ ਬਹਿਸ ਕਰਨਾ। ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਕਾਇਤ ਲੇਕੇ ਆਓਣ ਤਾਂ ਮਾਤਾ ਜੀ ਓਨ੍ਹਾ ਨੂੰ ਦੂਣੇ ਚੋਣੇ ਪੇਸੇ ਦੇਕੇ ਅਮੀਰ ਕਰ ਦੇਣ।

ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ  ਦਿਤੇ।

ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਿਕ ਦੌਰੇ ਮਗਰੋਂ 1675 ਤੇ ਆਸ -ਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਓਣ ਦਾ ਫੈਸਲਾ ਕਰ ਲਿਆ, ਸ਼ਾਇਦ ਔਰੰਗਜ਼ੇਬ ਦੀਆਂ ਸਖਤੀਆਂ ਦੇ ਕਾਰਨ, ਏਨੀ ਛੇਤੀ ਕਿ ਪੁਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ। ਸੰਗਤਾ ਨੂੰ ਹੁਕਮਨਾਮਾ ਭੇਜਿਆ ਕੀ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਓਣ ਤੇ ਪੰਜਾਬ ਭੇਜ ਦੇਣਾ। 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਿਸ ਆਨੰਦਪੁਰ ਸਾਹਿਬ, ਚਕ ਨਾਨਕੀ ਆਏ ਤੇ ਬਾਦ ਵਿਚ ਪਰਿਵਾਰ ਨੂੰ ਵੀ ਇਥੇ ਸਦ ਲਿਆ।

ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ , ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ। ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।

ਆਨੰਦਪੁਰ ਦੀ ਵਾਪਸੀ ਵਕਤ ਪਟਨਾ ਵਾਸੀਆਂ ਨੇ ਓਨ੍ਹਾ ਨੂੰ ਬੜੇ ਪਿਆਰ ਸਤਕਾਰ ਤੇ ਨਮ ਅਖਾਂ ਨਾਲ ਵਿਦਾ ਕੀਤਾ। ਦਾਨਾਪੁਰ, ਬਕਸਰ, ਆਰਾ, ਛੋਟਾ ਮਿਰਜ਼ਾ , ਪਰਾਗ, ਥਨੇਸਰ, ਸਹਾਰਨਪੁਰ ਤੋਂ ਹੁੰਦੇ ਹੋਏ ਲਖਨੋਰ ਪਹੁੰਚੇ, ਜਿਥੇ ਓਹ ਕੁਛ ਦਿਨ ਠਹਿਰੇ ਵੀ। ਇਥੇ ਪੀਰ ਭੀਖਣ ਸ਼ਾਹ ਉਨ੍ਹਾ ਨੂੰ ਦੁਬਾਰਾ ਮਿਲਣ ਵਾਸਤੇ ਆਏ। ਕੀਰਤਪੁਰ ਪਹੁੰਚ ਕੇ ਆਪ ਤਾਏ ਸੂਰਜ ਮਲ ਦੇ ਪੋਤਰਿਆਂ ਨੂੰ ਮਿਲੇ। ਬਾਬਾ ਗੁਰਦਿਤਾ, ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਦੇ ਪਵਿਤਰ ਅਸਥਾਨਾ ਦੇ ਦਰਸ਼ਨ ਕੀਤੇ। ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾ ਜਲੂਸ ਦੀ ਸ਼ਕਲ ਵਿਚ ਸਿਖ ਸੰਗਤਾ ਅਗੋਂ ਲੈਣ ਵਾਸਤੇ ਆਈਆਂ। ਸਾਰੇ ਨਗਰ ਵਿਚ ਘਰ ਘਰ ਖੁਸ਼ੀ ਮਨਾਈ ਗਈ, ਦੀਪ ਮਾਲਾ ਹੋਈ ਪਿਓ-ਪੁਤਰ ਦਾ ਬੜਾ ਪਿਆਰਾ ਤੇ ਨਿਘਾ ਮੇਲ ਹੋਇਆ।

ਇਹ ਆਨੰਦਪੁਰ ਦਾ ਸਭ ਤੋ ਵਧ ਖੁਸ਼ੀ ਭਰਿਆ, ਚਿੰਤਾ ਰਹਿਤ ਤੇ ਮੋਜ਼ ਮਸਤੀ ਦਾ ਸਮਾ ਸੀ, ਮਾਤਾ ਜੀ, ਪਿਤਾ ਗੁਰੂ ਤੇਗ ਬਹਾਦੁਰ ਤੇ ਮਾਮਾ ਜੀ ਦਾ ਹਥ ਇਹਨਾ ਦੇ ਸਿਰ ਤੇ ਸੀ। ਹਜ਼ਾਰਾਂ ਸਿਖ ਇਨਾਂ ਨੂੰ ਵੇਖ- ਵੇਖ ਜਿਓਦੇ ਤੇ ਹਥੀ ਛਾਵਾਂ ਕਰਦੇ। ਗੁਰੂ ਪਿਤਾ ਨੇ ਓਹਨਾਂ ਲਈ ਹਿੰਦੀ, ਗੁਰਮੁਖੀ ਤੇ ਫ਼ਾਰਸੀ ਦੀ ਲਿਖਾਈ ਪੜਾਈ ਦਾ ਪੰਡਿਤ ਮੁਨਸ਼ੀ ਸਾਹਿਬ ਚੰਦ, ਮੋਲਵੀ ਪੀਰ ਮੁਹੰਮਦ ਤੇ ਭਾਈ ਕੋਲ ਇੰਤਜ਼ਾਮ ਦੇ ਨਾਲ ਨਾਲ ਸ਼ਸ਼ਤਰ ਵਿਦਿਆ, ਤੀਰ ਅੰਦਾਜੀ, ਤਲਵਾਰ ਚਲਾਣਾ ਤੇ ਘੋੜ ਸਵਾਰੀ ਦੀ ਸਿਖਲਾਈ ਦਾ ਵੀ ਪ੍ਰਬੰਧ ਕਰ ਦਿਤਾ।

ਇਸ ਵਕਤ ਮੁਗਲ ਹਕੂਮਤ ਦੇ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁਕੇ ਸੀ। ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਤੇ ਸੋਚਿਆ ਇਕ ਇਕ ਨੂੰ ਮੁਸਲਮਾਨ ਬਨਾਣਾ ਥੋੜਾ ਅਓਖਾ ਕੰਮ ਹੈ ਕਿਓਂ ਨਾ ਇਹ ਕੰਮ ਪੰਡਤਾ ਤੇ ਵਿਦਵਾਨਾ ਤੋ ਸ਼ੁਰੂ ਕੀਤਾ ਜਾਏ ਬਾਕੀ ਜਨਤਾ ਆਪਣੇ ਆਪ ਉਨਾਂ ਦੇ ਪਿਛੇ ਲਗ ਤੁਰੇਗੀ। ਇਹ ਸੋਚ ਕੇ ਉਸਨੇ ਸਭ ਤੋ ਪਹਿਲਾਂ ਕਸ਼ਮੀਰ ਦੇ ਸੂਬੇ ਇਫਤੀਆਰ ਖਾਨ ਨੂੰ ਹਿਦਾਇਤ ਤੇ ਸਖਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲੇ ਓਹ ਵਡੇ ਵਡੇ ਪੰਡਤਾਂ ਤੇ ਵਿਦਵਾਨਾ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰੇ। ਬਸ ਫਿਰ ਕੀ ਸੀ ਉਹ ਮੋਕੇ ਦੀ ਤਾਕ ਵਿਚ ਸੀ .ਉਸ ਨੂੰ ਹਕੂਮਤ ਦੀ ਸ਼ਹਿ ਮਿਲ ਗਈ ਤੇ ਉਸਨੇ ਕਸ਼ਮੀਰ ਦੇ ਲੋਕਾਂ ਤੇ ਅੰਤਾਂ ਦੇ ਜੁਲਮ ਢਾਹੁਣੇ ਸ਼ੁਰੂ ਕਰ ਦਿਤੇ।

ਪੰਡਿਤ ਕਿਰਪਾ ਰਾਮ ਜੋ ਇਕ ਵਕ਼ਤ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁਕਾ ਸੀ ਗੁਰੂ ਘਰ ਤੋਂ ਚੰਗੀ ਤਰਹ ਜਾਣੂ ਸੀ। ਉਸਨੇ ਹੋਰ ਪੰਡਿਤਾਂ ਨਾਲ ਸਲਾਹ ਕੀਤੀ ਸਾਡੀ ਇਸ ਮੁਸੀਬਤ ਦਾ ਹਲ ਸਿਰਫ ਤੇ ਸਿਰਫ ਗੁਰੂ ਤੇਗ ਬਾਹਦੁਰ ਸਾਹਿਬ ਕਰ ਸਕਦੇ ਹਨ। ਓਨ੍ਹਾ ਨੇ ਸੂਬੇ ਕੋਲੋਂ 6 ਮਹੀਨੇ ਦੀ ਮੁਹਲਤ ਮੰਗੀ , ਇਸ ਸ਼ਰਤ ਤੇ ਕੀ 6 ਮਹੀਨੇ ਬਾਅਦ ਅਸੀਂ ਸਾਰੇ ਦੇ ਸਾਰੇ ਬਿਨਾ ਹੀਲ ਹੁਜਤ ਤੋ ਮੁਸਲਮਾਨ ਬਣ ਜਾਵਾਂਗੇ। ਉਹ ਜਗਤਨਾਥ ਤੇ ਹੋਰ ਮੰਦਿਰਾਂ ਦੇ ਪੁਜਾਰੀਆਂ, ਪੀਰਾਂ ਫਕੀਰਾਂ ਕੋਲ ਗਏ, ਟੂਣੇ-ਟਪੇ, ਧਾਗੇ, ਤਵੀਤ, ਜੰਤਰ -ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗਲ ਨਾ ਬਣੀ। ਰਾਜੇ ਮਹਾਰਾਜੇ ਤਾਂ ਪਹਿਲੇ ਹੀ ਉਨ੍ਹਾ ਦੀ ਮਦਤ ਕਰਨ ਤੋ ਇਨਕਾਰ ਕਰ ਚੁਕੇ ਸਨ। ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਆ ਪੁਜੇ।

ਗੁਰੂ ਸਾਹਿਬ ਨੇ ਉਨਾਂ ਤੇ ਹੋ ਰਹੇ ਜੁਲਮਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਤੇ ਸੋਚ ਵਿਚ ਪੈ ਗਏ। ਉਨ੍ਹਾ ਨੇ ਸਭ ਨੂੰ ਹਿੰਮਤ ਦਿਤੀ ਕੀ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਾਹਸ ਤੇ ਦਲੇਰੀ ਨਾਲ ਕਰਨਾ ਹੈ , ਅਕਾਲ ਪੁਰਖ ਕੋਈ ਨਾ ਕੋਈ ਰਾਹ ਜਰੂਰ ਕਢੇਗਾ। ਕਾਫੀ ਸੋਚ ਵਿਚਾਰ ਕੇ ਕਿਹਾ, ” ਇਸਦਾ ਇਕੋ ਹਲ ਹੋ ਸਕਦਾ ਹੈ, ਕਿਸੇ ਮਹਾਂ ਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ।

ਇਹ ਸੁਣਕੇ ਪੰਡਿਤ ਜੋ ਭਲੇ ਵਕ਼ਤ ਹਿੰਦੂ ਧਰਮ ਦੇ ਰਖਵਾਲੇ ਹੋਣ ਦਾ ਦਮ ਭਰਦੇ ਸੀ ਚੁਪ ਹੋ ਗਏ, ਨੀਵੀਂ ਪਾ ਲਈ। ਪਿਛੇ ਖੜੇ ਗੋਬਿੰਦ ਰਾਇ ਜੋ ਸਭ ਬੜੇ ਧਿਆਨ ਨਾਲ ਸਭ ਸੁਣ ਰਹੇ ਸੀ, ਇਕ ਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ .” ਪਿਤਾ ਜੀ ਤੁਹਾਡੇ ਤੋਂ ਵਡਾ ਹੋਰ ਕੇਹੜਾ ਮਹਾਂ ਪੁਰਸ਼ ਹੋ ਸਕਦਾ ਹੈ ? ਗੁਰੂ ਸਾਹਿਬ ਬੜੇ ਧਿਆਨ ਨਾਲ ਆਪਣੇ ਪੁਤਰ ਦਾ ਚੇਹਰਾ ਵੇਖਦੇ ਹਨ ਤੇ ਉਸਦੇ ਚੇਹਰੇ ਤੇ ਆਏ ਉਤਾਰ ਚੜਾਵ। ਪਿਆਰ ਨਾਲ ਘੁਟ ਕੇ ਛਾਤੀ ਨਾਲ ਲਗਾ ਲੈਂਦੇ ਹਨ, ” ਬੋਲੇ, “ਜਾਓ ਔਰੰਗਜ਼ੇਬ ਨੂੰ ਕਹਿ ਦਿਉ ਕਿ ਸਾਡਾ ਪੀਰ ਤੇ ਰਹਿਬਰ ਗੁਰੂ ਤੇਗ ਬਹਾਦਰ ਹੈ ਜੇ ਓਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਬਿਨਾ ਕਿਸੇ ਹੀਲ ਹੁਜਤ ਤੋਂ ਇਸਲਾਮ ਕਬੂਲ ਕਰ ਲਵਾਂਗੇ।

ਔਰੰਗਜੇਬ ਨੂੰ ਇਹ ਖਬਰ ਮਿਲੀ। ਉਸਨੂੰ ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ਆਪਣੀ ਧਾਰਮਿਕ ਨੀਤੀ ਵਿਚ ਰੁਕਾਵਟ ਤੇ ਗੁਰੂ ਸਾਹਿਬ ਦੀ ਬਗਾਵਤ ਨਜਰ ਆਈ। ਲਾਹੋਰ ਦੇ ਗਵਰਨਰ, ਸਰਹੰਦ ਦੇ ਸੂਬੇਦਾਰ ਤੇ ਰੋਪੜ ਦੇ ਕੋਤਵਾਲ ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਗੁਰੂ ਸਾਹਿਬ ਨੂੰ ਤਸੀਹੇ ਦੇਕੇ ਸਹੀਦ ਕੀਤਾ ਜਾਏ। ਇਹ ਹੁਕਮ ਖੁਫਿਆ ਸੀ ਕਿਓੰਕੀ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ,। ਦੂਸਰਾ ਹੁਕਮ ਸੀ ਕੀ ਇਨਾ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਦੇ ਆਲੇ ਦੁਆਲੇ ਲਟਕਾ ਦਿਤੇ ਜਾਣ ਤਾਂ ਕੀ ਇਤਨੀ ਦਹਿਸ਼ਤ ਫੈਲੇ ਕੀ ਮੁੜ ਕੇ ਕੋਈ ਹੁਕਮ ਅਦੂਲੀ ਕਰਨ ਦੀ ਜੁਰਤ ਨਾ ਕਰ ਸਕੇ।

ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜ਼ੇਬ ਤਕ ਪੁਜਣ ਤੇ ਉਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਓਹ ਛੇਤੀ ਹੀ ਲੋਕਾਂ ਨੂੰ ਇਸ ਜ਼ੁਲਮ ਦੇ ਟਾਕਰੇ ਲਈ ਉਤਸ਼ਾਹਤ ਕਰਨ ਲਈ ਤੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਕਰਨ ਲਈ ਪ੍ਰਚਾਰ ਦੌਰੇ ਤੇ ਨਿਕਲ ਪਏ। ਆਪਜੀ ਦੇ ਪ੍ਰਚਾਰ ਦਾ ਤਤ ਸੀ, ” ਨਾ ਡਰੋ, ਨਾ ਡਰਾਓ, ਨਾ ਜ਼ੁਲਮ ਕਰੋ, ਨਾ ਸਹੋ “। ਥਾਂ ਥਾਂ ਤੋ ਲੋਕ ਘਰੋਂ ਨਿਕਲ ਕੇ ਗੁਰੂ ਸਾਹਿਬ ਨਾਲ ਤੁਰਦੇ ਗਏ। ਲੋਕੀ ਹੁਮ ਹੁਮਾ ਕੇ ਦਰਸ਼ਨਾ ਲਈ ਆਏ, ਚੋਖੀ ਭੇਟਾ ਵੀ ਚੜੀ, ਜਿਸ ਨਾਲ ਗੁਰੂ ਸਾਹਿਬ ਨੇ ਕਈ ਨੇਕ ਕੰਮ ਵੀ ਕੀਤੇ, ਜਿਵੇਂ ਬਉਲੀਆਂ ਬਣਵਾਨੀਆਂ, ਖੂਹ ਖੁਦਵਾਣੇ, ਖੂਹ ਡੂੰਘੇ ਕਰਵਾਣੇ, ਹੜਾ ਲਈ ਬੰਨ ਬਨਵਾਣੇ ਆਦਿ। ਗੁਰੂ ਸਾਹਿਬ ਦਾ ਜਸ ਤੇ ਅਸਰ ਵਧਦਾ ਗਿਆ। ਅਹਿਲਕਾਰਾਂ ਨੇ ਔਰੰਗਜ਼ੇਬ ਨੂੰ ਖਬਰ ਕਰ ਦਿਤੀ। ਔਰੰਗਜ਼ੇਬ ਦਾ ਹੁਕਮ ਤਾਂ ਉਨ੍ਹਾ ਨੂੰ ਮਿਲ ਹੀ ਚੁਕਾ ਸੀ।

ਗੁਰੂ ਸਾਹਿਬ ਆਨੰਦਪੁਰ -ਕੀਰਤਪੁਰ-ਰੋਪੜ ਤੋਂ ਹੁੰਦੇ ਮਾਲਵਾ ਪਹੁੰਚੇ। ਫਿਰ ਸੈਫਾਬਾਦ- ਗੜੀ ਨਾਜ਼ੀਰ ਤੋ ਹੁੰਦੇ ਆਗਰੇ ਪਹੁੰਚਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿਤਾ। ਓਨ੍ਹਾ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਕਾਜ਼ੀ ਨੇ ਕਿਹਾ, ” ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਤਾਕਿ ਸਾਨੂੰ ਪਤਾ ਚਲੇ ਕੀ ਤੁਸੀਂ ਕੋਈ ਅਲਾਹੀ ਨੂਰ ਹੋ ਤੇ ਜਾਂ ਇਸਲਾਮ ਕਬੂਲ ਕਰ ਲਓ। ਗੁਰੂ ਸਾਹਿਬ ਦਾ ਜਵਾਬ ਸੀ, ਕਰਾਮਾਤ ਦਿਖਾਣੀ ਕਹਿਰ ਹੈ, ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ, ਮੁਸਲਮਾਨ ਅਸਾਂ ਨੇ ਬਨਣਾ ਨਹੀ ਕਿਓਕਿ ਸਾਡਾ ਧਰਮ ਵੀ ਉਤਨਾ ਹੀ ਚੰਗਾ ਹੈ ਜਿਤਨਾ ਕੀ ਮੁਸਲਮਾਨ ਧਰਮ। ਇਹ ਸਵਾਲ ਜਵਾਬ, ਲਾਲਚ ਡਰ ਤਿੰਨ ਦਿਨ ਤਕ ਚਲਦਾ ਰਿਹਾ।

ਇਸ ਦੋਰਾਨ ਗੁਰੂ ਸਾਹਿਬ ਨੇ ਗੋਬਿੰਦ ਰਾਇ ਨੂੰ ਸਿੰਘਾ ਦੇ ਹਥ ਗ੍ਰਿਫਤਾਰੀ ਦੀ ਚਿਠੀ ਭੇਜੀ।

ਬਲ ਛੁਟਕਿਓ ਬੰਧਨ ਪਰੇ ਕੁਝ ਨਾ ਹੋਤ ਉਪਾਇ

ਕਹੁ ਨਾਨਕ ਅਬ ਓਟ ਹਰ ਗ੍ਜ ਜੀਓੰ ਹੋਹੁ ਸਹਾਇ

ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤਿ ਉਪਾਇ

ਨਾਨਕ ਸਭ ਕੁਝ ਤੁਮਰੇ ਹਾਥ ਮੈ ਤੁਮ ਹੀ ਹੋਤਿ ਸਹਾਇ

ਬਾਲਕ ਦਾ ਉੱਤਰ ਪੜਕੇ ਗੁਰੂ ਤੇਗ ਬਹਾਦਰ ਜੀ ਨੂੰ ਨਿਸਚਾ ਹੋ ਗਿਆ, ਕਿ ਗੋਬਿੰਦ ਰਾਇ ਹੁਣ ਗੁਰਗਦੀ ਯੋਗ ਹੋ ਗਿਆ ਹੈ, ਕਿਸੇ ਬਿਪਤਾ ਸਮੇ ਡੋਲਣ ਵਾਲਾ ਨਹੀਂ। ਉਨਾ ਨੇ ਪੰਜ ਪੈਸੇ, ਨਾਰਿਅਲ ਤੇ ਆਪਣਾ ਆਸ਼ੀਰਵਾਦ ਗੁਰਸਿਖ ਦੇ ਹਥ ਭੇਜਕੇ ਗੁਰਗਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੋਂਪ ਦਿਤੀ।

11 NOV, 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ। ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰ ਕੇ ਦੋ ਟੁਕੜੇ ਕਰ ਦਿਤੇ ਗਏ। ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ। ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ ਦਿਤਾ ਗਿਆ। ਤਿੰਨਾ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ। ਹੁਣ ਗੁਰੂ ਸਾਹਿਬ ਦੀ ਵਾਰੀ ਆਈ। ਮੁੜਕੇ ਉਹੀ ਸਵਾਲ, ਉਹੀ ਲਾਲਚ ਤੇ ਉਹੀ ਡਰਾਵੇ। ਅਖੀਰ ਜਦ ਉਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਏ ਤਾਂ 11 ਨਵੰਬਰ 1675 ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ। ਬੜਾ ਸ਼ਖਤ ਹੁਕਮ ਸੀ ਕਿ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹਥ ਲਗਾਏਗਾ ਉਸਨੂੰ ਕਤਲ ਕਰ ਦਿਤਾ ਜਾਏਗਾ।

ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ, ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ। ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ। `ਉਸ ਸਮੇ ਚਾਂਦਨੀ ਚੋਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ ਇਕਠੀ ਹੋਈ ਭੀੜ ਵਿਚ ਅਜੇਹੀ ਭਗਦੜ ਮਚੀ, ਧੂਲ ਮਿਟੀ ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ। ਸੂਰਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ। ਸਰੀਰ ਭਾਈ ਲਖੀ ਸ਼ਾਹ ਵੰਜਾਰਾ ਆਪਣੇ ਪਿੰਡ ਰਕਾਬ ਗੰਜ ਲੈ ਗਏ ਜਿਥੇ ਉਨਾਂ ਨੇ ਆਪਣੇ ਘਰ ਵਿਚ ਗੁਰੂ ਸਾਹਿਬ ਦੀ ਚਿਖਾ ਸਜਾ ਕੇ ਸਮਾਨ ਸਮੇਤ ਆਪਣੇ ਘਰ ਨੂੰ ਅਗ ਲਗਾ ਦਿਤੀ ਤਾਕਿ ਇਹ ਇਕ ਹਾਦਸਾ ਲਗੇ।

ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੈ ਗਏ। ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ। ਗੁਰੂ ਸਾਹਿਬ ਨੇ ਉਨਾਂ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ” ? ਉਹਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ, ਜਿਥੇ ਇਨ੍ਹਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੇਤਾ ਨੇ ਉਤਰ ਦਿਤਾ, ” ਹੋਣਗੇ, ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ। ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ, ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਇਕ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ। ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ।

ਸਹੀਦੀ ਤਾਂ ਹੋ ਗਈ ਪਰ ਇਸ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬਹੁਤ ਵਡਾ ਅਸਰ ਹੋਇਆ। ਹਿਲ ਗਈ ਸੀ ਹਿੰਦੁਸਤਾਨ ਦੀ ਸਲਤਨਤ। ਕਹਿੰਦੇ ਨੇ ਪਥਰ ਦਿਲ ਇਨਸਾਨ ਵੀ ਇਕ ਵਾਰ ਟੁਟ ਗਏ। ਕਾਜ਼ੀ ਜਿਸਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਸੀ, ਨੇ 20 ਦਿਨ ਦੇ ਅੰਦਰ ਅੰਦਰ ਆਤਮ ਹਤਿਆ ਕਰ ਲਈ ਕੀ ਮੇਰੇ ਕੋਲੋਂ ਇਹ ਕੀ ਗੁਨਾਹ ਹੋ ਗਿਆ ਹੈ। ਦੂਸਰਾ ਸੀ ਅਬਦੁਲਾ ਜਿਸਨੇ ਗੁਰੂ ਸਾਹਿਬ ਨੂੰ ਜੈਲ ਵਿਚ ਕੈਦ ਰਖਿਆ ਤੇ ਤਸੀਹੇ ਦਿਤੇ ਸੀ। ਉਹ ਰਾਤੋ -ਰਾਤ ਜੇਲ ਵਿਚੋਂ ਆਪਣੇ ਪਰਿਵਾਰ ਸਮੇਤ ਨਸ ਕੇ ਆਨੰਦਪੁਰ ਸਾਹਿਬ ਪਹੁੰਚ ਗਿਆ ਤੇ ਆਪਣੇ ਗੁਨਾਹਾਂ ਦੀ ਸਜਾ ਲਈ ਗੁਰੂ ਸਾਹਿਬ ਤੋ ਮੰਗ ਕੀਤੀ। ਗੁਰੂ ਘਰ ਚਲ ਕੇ ਜੋ ਆ ਜਾਏ ਓਹ ਤੇ ਸਦਾ ਬਖਸ਼ਿਆ ਜਾਂਦਾ ਹੈ। ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰਨ ਲਈ ਕਿਹਾ। ਓਹ ਪੈਸ਼ੇ ਵਜੋਂ ਹਕੀਮ ਸੀ। 100 ਸਾਲ ਤਕ ਓਹ ਤੇ ਉਸਤੋਂ ਬਾਦ ਉਸਦਾ ਪਰਿਵਾਰ ਸਿਖਾਂ ਦੀ ਮਰਹਮ ਪਟੀ ਦੀ ਸੇਵਾ ਕਰਦੇ ਰਹੇ। ਤੀਸਰਾ ਸੀ ਜਲਾਲੁਦੀਨ ਜਿਸ ਨੂੰ ਬਾਬਾ ਬੰਦਾ ਬਹਾਦਰ ਨੇ ਸੋਧਿਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੰਘ ਸਜਾ ਕੇ ਪੰਜਾਬ ਵਿਚ ਥਾਪੜਾ ਦੇਕੇ ਭੇਜਿਆ ਸੀ। ਇਸ ਵਕਤ ਤਕ ਸਿਖਾਂ ਵਿਚ ਇਤਨੀ ਹਿੰਮਤ ਆ ਗਈ ਸੀ ਬੇੜੀ ਵਿਚ ਬੈਠੇ ਔਰੰਗਜ਼ੇਬ ਨੂੰ ਪਥਰ ਮਾਰੇ, ਜਾਮਾ ਮਸਜਿਦ ਵਿਚ ਪਹੁੜੀਆਂ, ਉਤਰਦੇ ਵਕਤ ਤਲਵਾਰ ਨਾਲ ਹਮਲਾ ਕੀਤਾ ਉਹ ਵਖਰੀ ਗਲ ਹੈ ਕੀ ਇਤਨੀ ਆਸਾਨੀ ਨਾਲ ਉਸਨੇ ਮਰਨਾ ਨਹੀ ਸੀ, ਪਛਤਾਵੇ ਦੀ ਅਗ ਵਿਚ ਸੜ ਕੇ ਤੜਪ ਤੜਪ ਹੀ ਉਸਦਾ ਮਰਨਾ ਲਿਖਿਆ ਸੀ।

ਦਮਦਮਾ ਸਾਹਿਬ ਆਪਜੀ ਦੀ ਗੁਰਗਦੀ ਦੀ ਰਸਮ ਪੂਰੀ ਹੋਈ ਜਿਸ ਨੂੰ ਬਾਬਾ ਬੁਢਾ ਸਾਹਿਬ ਦੀ ਅੰਸ ਵਿਚੋਂ ਰਾਮ ਕੁਇਰ ਨੇ ਪੂਰੀ ਕੀਤੀ। ਇਤਨੀ ਛੋਟੀ ਉਮਰ ਵਿਚ ਇਤਨੀ ਵਡੀ ਜਿਮੇਦਾਰੀ ? ਗੁਰੂ ਸਾਹਿਬ ਇਸ ਵੇਲੇ 9 ਸਾਲ ਦੇ ਸਨ। ਕਈ ਓਕੜਾਂ ਦਾ ਸਾਮਣਾ ਕਰਨਾ ਪਿਆ। ਇਸ ਵਿਚ ਕੋਈ ਸ਼ਕ ਨਹੀਂ ਸੀ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸੀ ਜਿਨ੍ਹਾ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤਾਂ ਦਾ ਸੀ ਪਰ ਇਸ ਗਲ ਤੋ ਵੀ ਮਨੁਕਰ ਨਹੀਂ ਹੋ ਸਕਦੇ ਕੀ ਉਨ੍ਹਾ ਦੀਆਂ ਵਿਰੋਧੀ ਸ਼ਕਤੀਆਂ ਦੀ ਵੀ ਕੋਈ ਕਮੀ ਨਹੀਂ ਸੀ। ਉਨ੍ਹਾ ਦੇ ਆਪਣੇ, ਧੀਰਮਲ ਤੇ ਰਾਮ ਰਾਇ, ਪਹਾੜੀ ਰਾਜੇ ਮਹਾਰਾਜੇ, ਸਰਹੰਦ ਦਾ ਨਵਾਬ ਵਜ਼ੀਰ ਖਾਨ, ਜਿਸਨੇ ਜਿਹਾਦ ਦਾ ਨਾਹਰਾ ਲਗਾਕੇ ਬਹੁਤ ਸਾਰੇ ਮੁਸਲਮਾਨਾ ਨੂੰ ਇਕਠਾ ਕੀਤਾ ਸੀ। ਨਖਸ਼ਬੰਦੀ ਜੋ ਗੁਰੂ ਅਰਜੁਨ ਦੇਵ ਜੀ ਦੇ ਵਕ਼ਤ ਤੋ ਹੀ ਗੁਰੂ ਸਹਿਬਾਨਾ ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ ਤੇ ਔਰੰਗਜ਼ੇਬ ਖੁਦ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ।

ਇਸ ਵਕਤ ਤਕ ਮੁਗਲ ਹੁਕਮਰਾਨਾ ਦੇ ਜ਼ੁਲਮ ਤੇ ਅਤਿਆਚਾਰਾਂ ਦੀ ਇੰਤਹਾ ਹੋ ਚੁਕੀ ਸੀ। ਰਾਜਿਆਂ, ਮਹਾਰਾਜਿਆਂ ਤੇ ਉਚੀਆਂ ਜਾਤਾਂ ਦੇ ਲੋਕਾਂ ਦਾ ਨਿਸ਼ਾਨਾ, ਆਪਣਾ ਸਵਾਰਥ ਸਿਧ ਕਰਨਾ ਤੇ ਐਸ਼ਪ੍ਰਸਤੀ ਤੋਂ ਸਿਵਾ ਕੁਝ ਨਹੀ ਸੀ। ਕੋਮੀਅਤ ਤੇ ਆਜ਼ਾਦੀ ਦੀ ਭਾਵਨਾ ਲੋਕਾਂ ਦੀ ਮਾਨਸਕਿਤਾ ਤੋਂ ਪੂਰੀ ਤਰਹ ਗੁੰਮ ਹੋ ਚੁਕੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੋਮੀ ਏਕਤਾ ਤੇ ਸਮਾਜਿਕ ਬਰਾਬਰੀ ਦਾ ਕਾਰਜ ਸਂਭਾਲਿਆ ਤਾਂ ਇਤਨੀਆਂ ਓਕੜਾਂ ਤੇ ਰੁਕਾਵਟਾ ਮੁਗਲ ਸਮਰਾਜ ਨੇ ਨਹੀ ਖੜੀਆਂ ਕੀਤੀਆਂ ਜਿਤਨੀਆਂ ਕੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੇ ਜੁਲਮਾਂ ਨਾਲ ਟਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿਤੀ। ਧਰਮ ਦੇ ਕਾਰਜਾਂ ਨਾਲ ਨਾਲ ਸ਼ਸ਼ਤਰ ਵਿਦਿਆ, ਸਵੇਰੇ ਸ਼ਾਮ ਦੇ ਜੋੜ ਮੇਲੇ, ਕਥਾ ਕੀਰਤਨ ਤੋਂ ਬਾਦ ਤਲਵਾਰ ਚਲਾਣਾ, ਤੀਰ ਅੰਦਾਜੀ, ਤੇ ਸ਼ਿਕਾਰ ਕਰਨ ਦੀਆਂ ਵਿਓਂਤਾ ਤੇ ਅਭਿਆਸ ਕਰਾਣੇ ਚਾਲੂ ਕਰ ਦਿਤੇ। ਸਿਖਾਂ ਵਿਚ ਬੀਰ ਰਸ ਭਰਨ ਲਈ ਰਣਜੀਤ ਨਗਾਰਾ ਬਣਵਾਇਆ। 52 ਕਵੀ .ਕਵੀ ਦਰਬਾਰ ਲਈ ਨਿਯੁਕਤ ਕੀਤੇ। ਸੰਗਤਾਂ ਨੂੰ ਸਨੇਹੇ ਭੇਜੇ ਕੀ ਕੋਈ ਹੋਰ ਭੇਟਾ ਲਿਆਣ ਦੀ ਬਜਾਏ ਘੋੜੇ, ਸ਼ਸ਼ਤਰ ਤੇ ਬਸਤਰ ਭੇਟਾ ਕਰਨ। ਗੁਰੂ ਸਾਹਿਬ ਨੇ ਸੈਨਾ ਵੀ ਇਕਠੀ ਕਰਨੀ ਸ਼ੁਰੂ ਕਰ ਦਿਤੀ। ਜਿਹੜੇ ਸੂਰਮੇ ਸਤਵੇ, ਅਠਵੇ ਗੁਰੂ ਸਹਿਬਾਨਾ ਵਕਤ ਘਰੋਂ ਘਰੀ ਚਲੇ ਗਏ ਸਨ ਵਾਪਸ ਬੁਲਾ ਲਿਆ। ਹੋਰ ਬਹੁਤ ਸਾਰੇ ਹਿੰਦੂ, ਮੁਲਮਾਨ, ਸਿਖ, ਨੀਵੀਆਂ ਜਾਤੀਆਂ ਦੇ ਨਾਈ, ਛੀਂਬੇ, ਲੋਹਾਰ, ਜੋ ਗੁਰੂ ਪ੍ਰਤੀ ਸ਼ਰਧਾ ਰਖਦੇ ਸੀ ਗੁਰੂ ਸਾਹਿਬ ਕੋਲ ਨੋਕਰੀਆਂ ਕਰਨ ਆ ਗਏ, ਜਿਨ੍ਹਾ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ।

ਵਿਆਹ

11 ਸਾਲ ਦੀ ਉਮਰ ਵਿਚ ਹਰਜਨ ਸੁਭਿਖੀ ਖਤ੍ਰੀ ਦੀ ਪੁਤਰੀ ਮਾਤਾ ਜੀਤ ਕੋਰ ਨਾਲ, 18 ਸਾਲ ਦੀ ਉਮਰ ਵਿਚ ਮਾਤਾ ਸੁੰਦਰੀ ਤੇ 34 ਸਾਲ ਦੀ ਉਮਰ ਵਿਚ ਮਾਤਾ ਸਾਹਿਬ ਕੌਰ ਦਾ ਕੁਆਰਾ ਡੋਲਾ ਗੁਰੂ ਘਰ ਆਇਆ ਜੋ ਕੀ ਸਿਰਫ਼ ਆਤਮਿਕ ਮੇਲ ਦੀ ਸ਼ਰਤ ਤੇ ਸੀ ਕਿਓਂਕਿ ਭਾਈ ਰਾਮੂ ਨੇ ਬੇਨਤੀ ਕੀਤੀ ਕਿ ਮੈਂ ਜੰਮਦਿਆਂ ਸਾਰ ਹੀ ਆਪਣੀ ਬੇਟੀ ਨੂੰ ਦਿਲੋਂ ਤੁਹਾਡੇ ਨਵਿਤ ਕਰ ਚੁਕਾ ਹਾਂ। ਮਾਤਾ ਜੀਤੋ ਜੀ ਦੀ ਕੁਖੋਂ ਤਿੰਨ ਪੁਤਰ ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ। ਮਾਤਾ ਸੁੰਦਰੀ ਜੀ ਦਾ ਬਾਬਾ ਅਜੀਤ ਸਿੰਘ ਸੀ।

ਗੁਰੂ ਸਾਹਿਬ ਦੀ ਕੀਰਤੀ ਸੁਣ ਕੇ ਦੂਰੋਂ ਦੂਰੋਂ ਸੰਗਤਾ ਆਉਦੀਆਂ। ਅਸਾਮ ਦੇਸ਼ ਦਾ ਇਕ ਰਾਜਵਾੜਾ ਜੋ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀ ਤੇ ਉਨ੍ਹਾ ਦੇ ਆਸ਼ੀਰਵਾਦ ਨਾਲ ਉਸਦੇ ਘਰ ਪੁਤਰ ਹੋਇਆ। ਪਰ ਗੁਰੂ ਸਾਹਿਬ ਦਾ ਆਨੰਦਪੁਰ ਜਾਕੇ ਸ਼ੁਕਰਾਨਾ ਕਰਨ ਦੀ ਚਾਹ ਦਿਲ ਵਿਚ ਲੈਕੇ ਹੀ ਮਰ ਗਿਆ। ਪੁਤਰ, ਰਤਨ ਰਾਇ ਜਦ ਵਡਾ ਹੋਇਆ ਤਾਂ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹ ਜਾਗੀ। ਤਦ ਗੁਰੂ ਤੇਗ ਬਹਾਦਰ ਸ਼ਹੀਦ ਹੋ ਚੁਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਗਦੀ ਤੇ ਸਨ। ਓਹ ਆਪਣੀ ਮਾਤਾ ਨਾਲ ਬਹੁਤ ਸਾਰੀਆਂ ਅਣ ਮੁਲੀਆਂ ਭੇਟਾ ਗੁਰੂ ਸਾਹਿਬ ਲਈ ਲੈਕੇ ਆਨੰਦ ਪੁਰ ਸਾਹਿਬ ਆਇਆ।

 1. ਪ੍ਰਸ਼ਾਦੀ ਹਾਥੀ – ਸੁੰਡ ਨਾਲ ਮਾਲਕ ਦੇ ਪੇਰ ਧੋਂਦਾ ਤੇ ਚ੍ਹੋਰੀ ਕਰਦਾਪੰਜ ਕਲਾ ਵਾਲਾ ਸ਼ਸ਼ਤਰ।
 2. ਹਥ ਵਿਚ ਫੜਨ ਵਾਲੀ ਸੋਟੀ ਜਿਸ ਵਿਚੋਂ ਤਲਵਾਰ, ਤਮਾਚਾ, ਬਰਛੀ ਤੇ ਨੇਜਾ ਨਿਕਲ ਓਂਦੇ।
 3. ਕਟਾਰ।
 4. ਸੰਦਲ ਦੀ ਚੋਕੀ।
 5. ਪੰਜ ਘੋੜੇ, ਸੋਨਾ ਦੀਆਂ ਕਾਠੀਆਂ ਤੇ ਬਹੁਮੁਲੇ ਸਮਾਨ ਨਾਲ ਸਜੇ ਹੋਏ।

ਕਾਬਲ ਦਾ ਇਕ ਸਿਖ ਗੁਰੂ ਸਾਹਿਬ ਵਾਸਤੇ ਬਹੁਮੁਲੀ ਚਾਨਣੀ ਬਣਵਾ ਕੇ ਲਿਆਇਆ ਜੋ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਵੀ ਕਿਤੇ ਵਧੀਆ ਸੀ। ਗੁਰੂ ਸਾਹਿਬ ਨੇ ਫੌਜੀ ਠਾਠ ਬਾਠ ਨੂੰ ਸੰਪੂਰਣ ਕਰਨ ਲਈ ਰਣਜੀਤ ਨਗਾਰਾ ਬਣਵਾਇਆ। ਜਦੋਂ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਵਜਾਂਦੇ ਤਾ ਇਸਦੀ ਗੂੰਜ ਨਾਲ ਪਹਾੜਾਂ ਦੀਆਂ ਡੂਨਾਂ ਗੂੰਜ ਉਠਦੀਆਂ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉਠਦੇ।

ਜਦੋਂ ਭੀਮ ਚੰਦ ਨੇ ਇਹ ਸਭ ਸੁਣਿਆ ਤਾਂ ਉਸ ਕੋਲੋਂ ਬਰਦਾਸ਼ਤ ਨਹੀ ਹੋਇਆ। ਹਰ ਰੋਜ ਰਣਜੀਤ ਨਗਾਰੇ ਦੀ ਅਵਾਜ਼ ਪਹਾੜਾਂ ਵਿਚ ਗੂੰਜਦੀ ਜਿਸ ਨਾਲ ਗੁਰੂ ਸਾਹਿਬ ਦੇ ਵਿਰੋਧ ਵਿਚ ਕਾਫੀ ਚਰਚਾ ਸ਼ੁਰੂ ਹੋ ਗਈ। ਜਦੋਂ ਮਸੰਦਾ ਨੇ ਇਹ ਸੁਣਿਆ ਤਾਂ ਮਾਤਾ ਗੁਜਰੀ ਅਗੇ ਸ਼ਕਾਇਤ ਕੀਤੀ, ‘ਇਹ ਸਭ ਠੀਕ ਨਹੀ ਹੈ ਇਸ ਨਾਲ ਪਹਾੜੀ ਰਾਜਿਆਂ ਨਾਲ ਬਖੇੜਾ ਸ਼ੁਰੂ ਹੋ ਸਕਦਾ ਹੈ। ਨਗਾਰੇ ਵਜਾਣੇ, ਘੋੜੇ ਦੀ ਸਵਾਰੀ ਕਰਨੀ, ਫੌਜਾਂ ਰਖਣੀਆ, ਸ਼ਿਕਾਰ ਖੇਡਣੇ, ਇਹ ਸਭ ਰਾਜੇ ਰਜਵਾੜਿਆਂ ਦਾ ਕੰਮ ਹੈ। ਫਕੀਰਾਂ ਨੂੰ ਇਹ ਸ਼ੋਭਾ ਨਹੀਂ ਦਿੰਦੇ। ਅਗੇ ਗੁਰੂ ਤੇਗ ਬਹਾਦਰ ਜੀ ਸਹੀਦ ਕਰ ਦਿਤੇ ਗਏ ਹਨ , ਸਾਨੂੰ ਹੁਣ ਚੁਪ ਚਾਪ ਰਹਿਣਾ ਚਾਹਿਦਾ ਹੈ।

ਮਾਤਾ ਜੀ ਨੂੰ ਕੁਝ ਗਲ ਸਮਝ ਆਈ, ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤਾਂ ਗੁਰ ਸਾਹਿਬ ਨੇ ਜਵਾਬ ਦਿਤਾ , ” ਕਿ ਮਸੰਦਾ ਦੀ ਆਤਮਾ ਗੁਰੂ ਧੰਨ ਖਾਕੇ ਮਲੀਨ ਹੋ ਚੁਕੀ ਹੈ। ਇਹ ਆਲਸੀ ਤੇ ਵੇਹਲੜ ਹੋ ਚੁਕੇ ਹਨ। ਔਰੰਗਜ਼ੇਬ ਚਾਹੁੰਦਾ ਹੈ ਕੀ ਲੋਕ ਅਧੀਨਗੀ ਕਬੂਲ ਕਰਨ, ਸਿਰ ਨਿਵਾ ਕੇ ਚਲਣ। ਮੈ ਇਹੋ ਜਿਹੇ ਸਰਦਾਰ ਪੈਦਾ ਕਰਾਂਗਾ ਜੋ ਸਿਰ ਉਚਾ ਕਰ ਕੇ ਤੁਰਨਗੇ। ਓਹ ਚਾਹੰਦਾ ਹੈ ਕੀ ਲੋਕ ਧਰਤੀ ਤੇ ਕੀੜੀਆਂ ਵਾਂਗੂ ਰੇਗਣ, ਮੈ ਸ਼ਹਿ ਸਵਾਰ ਬਣਾਵਾਂਗਾ। ਉਸਨੇ ਮੰਦਰ ਵਿਚ ਸ਼ੰਖ ਵਜਨ ਦੀ ਮਨਾਹੀ ਕੀਤੀ ਹੈ ਤੇ ਮੈਂ ਰਣਜੀਤ ਨਗਾਰੇ ਵਜਵਾਂਵਾਂਗਾ। ਅਸੀਂ ਹੁਣ ਇਨ੍ਹਾ ਤੋਂ ਡਰ ਕੇ ਰਹੀਏ, ਅਸੀਂ ਕਿਹੜਾ ਇਨਾਂ ਦਾ ਕੋਈ ਦੇਸ਼ ਮਲਿਆ ਹੈ ਕਿ ਓਹ ਸਾਡੇ ਨਾਲ ਆਕਾਰਨ ਝਗੜਾ ਕਰਨਗੇ ? ਮਾਤਾ ਜੀ ਨਾਲ ਗਲ ਕਰਕੇ ਗੁਰੂ ਸਾਹਿਬ ਨੇ ਚੋਬਦਾਰ ਨੂੰ ਹੁਕਮ ਦਿੱਤਾ ਕਿ ਨਗਾਰਾ ਜੋਰ ਨਾਲ ਵਜਾਉ। ਚੋਬਦਾਰ ਨੇ ਨਗਾਰਾ ਇਤਨੇ ਜੋਰ ਨਾਲ ਵਜਾਇਆ ਕੀ ਆਢ -ਗੁਆਂਢ ਦੀਆਂ ਡੂਨਾਂ ਕੰਬ ਉਠੀਆਂ।

ਭੀਮ ਚੰਦ ਨੂੰ ਜਦ ਗੁਰੂ ਸਾਹਿਬ ਦੀਆਂ ਗਤੀ ਵਿਧੀਆਂ ਦਾ ਪਤਾ ਚਲਿਆ, ਓਹ ਆਪ ਦਰਸ਼ਨਾਂ ਦੇ ਬਹਾਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਮਹਿਮਾਨ ਬਤੋਰ ਪਸ਼ਮੀਨੇ ਦੀ ਕੀਮਤੀ ਚਾਨਣੀ ਹੇਠ ਉਸਦਾ ਉਤਾਰਾ ਕੀਤਾ ਗਿਆ। ਅਤਿਥੀ ਸਤਕਾਰ ਵਜੋਂ ਓਹ ਸਾਰੀਆਂ ਅਮੋਲਕ ਚੀਜ਼ਾਂ ਉਸ ਨੂੰ ਦਿਖਾਈਆਂ ਜਿਸਨੂੰ ਦੇਖ ਕੇ ਓਹ ਧਿਰ ਨਾ ਰਹਿ ਸਕਿਆ। ਮਨ ਵਿਚ ਸੋਚਣ ਲਗਾ, ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੋਣੀਆ ਚਾਹੀਦੀਆਂ ਹਨ ਫਕੀਰਾਂ ਕੋਲ ਇਨਾ ਦਾ ਕੀ ਕੰਮ, ਹਥੀਂਆਣ ਦੇ ਬਹਾਨੇ ਸੋਚਣ ਲਗਾ।

ਜਦੋਂ ਭੀਮ ਚੰਦ ਦੇ ਬੇਟੇ ਦੀ ਸਗਾਈ ਫ਼ਤਹਿ ਸ਼ਾਹ ਗੜਵਾਲੀਏ ਨਾਲ ਤਹਿ ਹੋਈ ਤਾਂ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਸ ਖੁਸ਼ੀ ਦੇ ਮੋਕੇ ਗੁਰੂ ਸਾਹਿਬ ਕੋਲੋਂ ਚਾਂਦਨੀ ਤੇ ਪ੍ਰਸ਼ਾਦੀ ਹਾਥੀ ਓਧਾਰ ਮੰਗਣ ਲਈ ਭੇਜ ਦਿਤਾ। ਗੁਰੂ ਸਾਹਿਬ ਭੀਮ ਚੰਦ ਦੀ ਨੀਅਤ ਨੂੰ ਜਾਣ ਗਏ ਸੀ, ਓਹਨਾ ਨਾਂਹ ਕਰ ਦਿਤੀ ਇਹ ਕਹਿਕੇ ਕਿ ਇਹ ਮੇਰੀਆਂ ਸੰਗਤਾਂ ਵਲੋ ਪਿਆਰ ਭੇਟਾ ਹੈ, ਇਸ ਨੂੰ ਮੈਂ ਕਿਸੀ ਹੋਰ ਨੂੰ ਨਹੀਂ ਦੇ ਸਕਦਾ। ਭੀਮ ਚੰਦ ਨੇ ਹੋਰ ਰਾਜਿਆਂ ਨਾਲ ਸਲਾਹ ਕਰਕੇ ਇਕ ਚਿਠੀ ਗੁਰੂ ਸਾਹਿਬ ਨੂੰ ਭੇਜੀ ” ਜਾਂ ਤਾਂ ਤੁਸੀਂ ਇਹ ਚੀਜ਼ਾਂ ਭੇਜਕੇ ਸਾਡੀ ਅਧੀਨਤਾ ਕਬੂਲ ਕਰ ਲਵੋ ਜਾਂ ਆਨੰਦਪੁਰ ਸਾਹਿਬ ਖਾਲੀ ਕਰ ਦਿਉ, ਅਗਰ ਦੋਨੋ ਵਿਚੋਂ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ ਤਾਂ ਯੁਧ ਕਰਨੇ ਵਾਸਤੇ ਤਿਆਰ ਹੋ ਜਾਉ।

ਗੁਰੂ ਗੋਬਿੰਦ ਸਿੰਘ ਜੀ ਦਾ ਉਤਰ ਓਨ੍ਹਾ ਦੀ ਅਣਖ, ਦਲੇਰੀ ਤੇ ਚੜਦੀ ਕਲਾ ਦਾ ਸਬੂਤ ਹੈ। “ਰਈਅਤ ਤਾਂ ਅਸੀਂ ਕੇਵਲ ਵਾਹਿਗੁਰੁ ਦੀ ਹਾਂ। ਨਾਂ ਅਸੀਂ ਕਿਸੀ ਤੋ ਡਰਦੇ ਹਾਂ ਨਾ ਡਰਾਂਦੇ ਹਾਂ, ਨਾ ਕਿਸੇ ਦੀ ਈਨ ਮੰਨਦੇ ਹਾਂ ਨਾ ਮਨਵਾਂਦੇ ਹਾਂ। ਆਨੰਦਪੁਰ ਸਾਡੇ ਗੁਰੂ ਪਿਤਾ ਦੀ ਮੁਲ ਖਰੀਦੀ ਥਾਂ ਤੇ ਉਸਰਿਆ ਹੈ। ਇਸ ਲਈ ਉਥੋਂ ਕਢਣ ਜਾਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੇ ਤੁਸੀਂ ਅਕਾਰਨ ਹੀ ਲੜਨ ਤੇ ਤੁਲੇ ਹੋਏ ਹੋ ਤਾਂ ਅਸੀਂ ਵੀ ਆਪਣੀ ਪਤ, ਅਬਰੋ, ਸਿਖ ਸੇਵਕ ਦੇ ਘਰ ਪਰਿਵਾਰ ਬਚਾਣ ਲਈ, ਕੋਮੀ ਮੰਤਵ ਤੇ ਮਾਨਵੀ ਕਰਤਵ ਨਿਭਾਓਣ ਲਈ ਆਪ ਨਾਲ ਝੂਜਣ ਨੂੰ ਤਿਆਰ ਬਰ ਤਿਆਰ ਹਾਂ। ਜੇ ਲੋੜ ਪਵੇ ਤਾਂ ਹਥ ਵਿਚ ਤਲਵਾਰ ਪਕੜਨਾ ਖਤ੍ਰੀ ਦਾ ਧਰਮ ਹੈ “।

ਇਹ ਉਤਰ ਦੇਕੇ ਗੁਰੂ ਸਾਹਿਬ ਨੇ ਆਪਣੇ ਸਭ ਸੂਰਮਿਆਂ ਨੂੰ ਗੋਲੀ ਸਿੱਕਾ ਵੰਡ ਦਿਤਾ ਤੇ ਯੁਧ ਕਰਨ ਦੀਆਂ ਤਿਆਰੀਆਂ ਵਿਚ ਜੁਟ ਪਏ। ਅਮ੍ਰਿਤ ਵੇਲੇ ਕਥਾ ਕੀਰਤਨ ਤੋਂ ਬਾਦ ਇਤਿਹਾਸਿਕ ਗ੍ਰੰਥਾਂ ਜਿਵੇਂ ਭਾਗਵਤ ਗੀਤਾ, ਪੁਰਾਨ, ਚੰਡੀ ਚਰਿਤਰ, ਰਾਮਾ ਅਵਤਾਰ, ਆਪਣੇ ਕਵੀਆਂ ਪਾਸੋਂ ਸੁਣਨੇ ਅਤੇ ਸਰਲ ਭਾਸ਼ਾ ਵਿਚ ਅਨੁਵਾਦ ਕਰਾਓਣਏ ਸ਼ੁਰੂ ਕਰ ਦਿਤੇ। ਜਾਪੁ ਸਾਹਿਬ, ਅਕਾਲ ਉਸਤਤਿ ਆਦਿ ਬਾਣੀਆਂ ਉਚਾਰਨ ਕਰਣੀਆਂ, ਤ੍ਰੇਪੇਹਰੇ ਦਾ ਦੀਵਾਨ ਲਗਾਕੇ ਯੋਧਿਆਂ ਨੂੰ ਪਿਛਲੇ ਜੰਗਾਂ ਜੁਧਾਂ ਦੇ ਪ੍ਰਸੰਗ ਸੁਣਾਨੇ, ਘੋੜ ਸਵਾਰੀ, ਸ਼ਸ਼ਤਰਾਂ ਦੀ ਸਿਖਿਆ ਦੇਣੀ ਤੇ ਅਭਿਆਸ ਕਰਾਨੇ, ਬਾਹਰੋਂ ਆਇਆਂ ਸੰਗਤਾ ਨੂੰ ਉਪਦੇਸ਼ ਦੇਣੇ, ਸ਼ਿਕਾਰ ਖੇਡਣ ਜਾਣਾ ਤੇ ਨਾਲ ਹੀ ਯੋਧਿਆਂ ਨੂੰ ਯੁਧ ਦਾ ਅਭਿਆਸ ਕਰਾਓਦੇ ਰਹਿਣਾ।

ਸਿਖ ਸੰਗਤ ਪ੍ਰਤੀ ਪਿਆਰ ਭਰਿਆ ਹੁਕਮ ਸੀ। ਧੰਨ ਦੀ ਜਗਹ ਸ਼ਸ਼ਤਰ, ਬਸਤਰ ਤੇ ਘੋੜੇ, ਭੇਟਾ ਵਜੋਂ ਲਿਆਓਣ ਤੇ ਜਵਾਨਾ ਵਾਸਤੇ ਸੀ ਆਪਣੀਆ ਜਵਾਨੀਆਂ ਭੇਟਾ ਕਰਣ। ਦੋਨੋ ਤਰਫੋਂ ਤਿਆਰੀਆਂ ਸ਼ੁਰੂ ਹੋ ਗਈਆਂ। , ਭੀਮ ਚੰਦ ਨੇ ਇਨਾਂ ਗਤੀ ਵਿਧੀਆਂ ਨੂੰ ਵਿਦ੍ਰੋਹ ਤੇ ਬਗਾਵਤ ਸਮਝਿਆ। ਉਸਨੇ ਰਾਜਿਆਂ ਨੂੰ ਓਕ੍ਸਾਇਆ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਉਨ੍ਹਾ ਦਾ ਸ਼ਰਧਾਲੂ ਸੀ। ਓਸਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਆਉਣ ਦਾ ਸਦਾ ਦਿਤਾ ਤੇ ਕਿਹਾ, ” ਭੀਮ ਚੰਦ ਤੁਹਾਡੇ ਨਾਲ ਨਿਤ ਝਗੜੇ ਦੀਆਂ ਗਲਾਂ ਕਰਦਾ ਹੈ, ਇਸ ਕਰਕੇ ਤੁਸੀਂ ਮੇਰੇ ਰਾਜ ਵਿਚ ਆ ਜਾਉ। ਜਿਥੇ ਚਾਹੋ ਨਿਵਾਸ ਕਰੋ। ਇਹ ਸਾਰਾ ਇਲਾਕਾ ਤੁਹਾਡੀ ਹੀ ਕਿਰਪਾ ਨਾਲ ਹੈ। ਜਦੋ ਮਾਤਾ ਗੁਜਰੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਕੁਝ ਚਿਰ ਨਾਹਨ ਜਾਣ ਲਈ ਕਿਹਾ। ਮਾਤਾ ਜੀ ਦੇ ਜੋਰ ਦੇਣ ਤੇ ਗੁਰੂ ਸਾਹਿਬ ਨਾਹਨ ਆ ਗਏ। ਮੈਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਇਹ ਸਾਰਾ ਦੇਸ਼ ਆਪਜੀ ਦਾ ਹੈ ਜਿਥੇ ਆਪ ਚਾਹੋ ਆਪਜੀ ਦਾ ਨਿਵਾਸ ਅਸਥਾਨ ਬਣਾ ਦਿਤਾ ਜਾਵੇਗਾ। ਜਮਨਾ ਕਿਨਾਰੇ ਇਕ ਸੁੰਦਰ ਜਗਹ ਦੇਖਕੇ ਗੁਰੂ ਸਾਹਿਬ ਲਈ ਕਿਲਾ ਬਣਾ ਦਿਤਾ ਤੇ ਸਾਜੋ ਸਮਾਨ ਨਾਲ ਭਰ ਦਿਤਾ।

ਇਥੇ ਆਪਜੀ ਨੇ ਕਈ ਹੇਰ ਨੋਕਰ ਰਖ ਲਏ, ਘੋੜੇ ਤੇ ਸ਼ਸ਼ਤਰ ਖਰੀਦੇ, ਜਵਾਨਾਂ ਨੂੰ ਭਰਤੀ ਕੀਤਾ। 500 ਬਸੀ ਪਠਾਣ ਜੋ ਕਦੇ ਸ਼ਾਹੀ ਫੌਜਾਂ ਵਿਚੋਂ ਕਢੇ ਗਏ ਸੀ ਆਪਣੀ ਰੋਜ਼ੀ ਰੋਟੀ ਲਈ ਪੀਰ ਬੁਧੂ ਸ਼ਾਹ ਦੇ ਰਾਂਹੀ ਗੁਰੂ ਸਾਹਿਬ ਦੀ ਫੌਜ਼ ਵਿਚ ਭਰਤੀ ਹੋ ਗਏ ਜਿਨਾ ਵਿਚ ਪੰਜ ਜਰਨੇਲ, ਕਾਲੇ ਖਾਨ, ਨਜਾਬਤ ਖਾਨ, ਭੀਖਨ ਖਾਨ, ਹਿਯਾਤ ਖਾਨ, ਨਾਹਰ ਖਾਨ, ਜਿਨ੍ਹਾ ਨਾਲ 100-100 ਦੀ ਫੌਜ਼ ਸੀ। ਮਹੰਤ ਕਿਰਪਾਲ ਵੀ ਆਪਣੇ ਨਾਲ 500 ਉਦਾਸੀ ਚੇਲਿਆਂ ਨੂੰ ਲੇਕੇ ਗੁਰੂ ਸਾਹਿਬ ਦੀ ਫੌਜ਼ ਵਿਚ ਆ ਰਲੇ। ਹੋਰ ਵੀ ਬਹੁਤ ਸਾਰੇ ਜਵਾਨ ਭਰਤੀ ਹੋ ਗਏ।

ਔਰੰਗਜ਼ੇਬ ਵਲੋਂ ਰਾਗ, ਰੰਗ ਤੇ ਮਹਿਫਿਲਾ ਤੇ ਪਾਬੰਦੀ ਲਗਣ ਕਰਕੇ ਕਵੀਆਂ ਨੇ ਗੁਰੂ ਘਰ ਨੂੰ ਆਪਣਾ ਟਿਕਾਣਾ ਬਣਾ ਲਿਆ। ਸੈਨਾਪਤੀ ਕੰਗਨ ਤੇ ਭਾਈ ਨੰਦ ਲਾਲ ਵਰਗੇ ਕਈ ਕਵੀ ਦਰਬਾਰ ਵਿਚ ਪੁਜੇ। ਰੋਜ਼ ਕਵਿਤਾਵਾਂ ਉਚਾਰੀਆਂ ਜਾਂਦੀਆਂ, ਦੀਵਾਨ ਲਗਦੇ, ਵਿਚਾਰਾਂ ਹੁੰਦੀਆਂ ਤੇ ਜੰਗੀ ਖੇਡਾਂ ਖੇਡੀਆਂ ਜਾਦੀਆਂ। ਪੋੰਟਾ ਸਾਹਿਬ ਆਕੇ ਗੁਰੂ ਸਾਹਿਬ ਦੀ ਸੈਨਿਕ ਸ਼ਕਤੀ ਵਧ ਗਈ। ਉਨ੍ਹਾ ਦੇ ਸ਼ੋਕ ਵੀ ਬਾਈਧਰ ਰਾਜਿਆਂ ਨਾਲ ਕਿਤੇ ਵਧ ਸੀ, ਸਰਗਰਮੀਆਂ ਵੀ ਬਾਦਸ਼ਾਹਾਂ ਵਾਲੀਆਂ ਸਨ, ਲੇਣ ਦੇਣ ਵੀ ਕੀਮਤੀ ਸੀ, ਉਨ੍ਹਾ ਦਾ ਵਿਓਹਾਰ ਵੀ ਬਾਦਸ਼ਾਹਾਂ ਵਰਗਾ ਸੀ। ਰਾਜਾ ਫਤਿਹ ਚੰਦ ਦੀ ਲੜਕੀ ਦੇ ਵਿਆਹ ਸਮੇ ਭੇਜੇ ਤੋਫੇ, ਜਿਨਾਂ ਵਿਚ ਇਕ ਹਾਰ ਦੀ ਕੀਮਤ ਸਵਾ ਲਖ ਸੀ। ਰਾਜਾ ਫਤਿਹ ਚੰਦ ਤੇ ਮੈਦਨੀ ਪ੍ਰਕਾਸ਼ ਗੁਆਂਢੀ ਸਨ ਪਰ ਓਨ੍ਹਾ ਦਾ ਆਪਸ ਵਿਚ ਰਿਸ਼ਤਾ ਠੀਕ ਨਹੀ ਸੀ। ਗੁਰੂ ਸਾਹਿਬ ਨੇ ਦੋਨੋ ਰਾਜਿਆਂ ਦੀ ਆਪਸ ਵਿਚ ਸੁਲਾਹ ਕਰਾ ਦਿਤੀ।

ਇਥੇ ਰਾਮ ਰਾਇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਏ। ਮਿਲਣ ਦੀ ਥਾਂ ਜਮਨਾ ਦਰਿਆ ਵਿਚ ਇਕ ਬੇੜੀ ਸੀ। ਰਾਮ ਰਾਇ ਨੇ ਮਸੰਦਾਂ ਦੀ, ਜੋ ਉਸਦੀ ਮਰਨ ਦੀ ਤਾਕ ਵਿਚ ਬੈਠੇ ਸੀ ਤਾਂਕੀ ਉਸਦੀ ਜਾਇਦਾਦ ਹੜਪ ਸਕਣ, ਸਾਰੀ ਵਿਥਿਆ ਸੁਣਾਈ ਤੇ ਆਪਣੀ ਪਤਨੀ ਪੰਜਾਬ ਕੌਰ ਦੀ ਜਿਮੇਦਾਰੀ ਆਪਣੇ ਅਕਾਲ ਚਲਾਣਾ ਕਰਨ ਤੋ ਪਹਿਲਾਂ ਗੁਰੂ ਸਾਹਿਬ ਨੂੰ ਸੋਂਪ ਦਿਤੀ। ਇਕ ਦਿਨ ਜਦ ਰਾਮ ਰਾਇ ਸਮਾਧੀ ਵਿਚ ਲੀਨ ਸਨ ਤਾ ਮਸੰਦਾ ਨੇ ਉਸਨੂੰ ਮੁਰਦਾ ਕਹਿਕੇ ਜਲਾ ਦਿਤਾ। ਗੁਰੂ ਸਾਹਿਬ ਨੇ ਉਨ੍ਹਾ ਦੀ ਖੂਬ ਧੁਨਾਈ ਕੀਤੀ।

ਭੀਮ ਚੰਦ ਦੇ ਲੜਕੇ ਦੀ ਸ਼ਾਦੀ ਦਾ ਦਿਨ ਤਹਿ ਹੋ ਗਿਆ,। ਭੀਮ ਚੰਦ ਜਦੋਂ ਬਰਾਤ ਲੇਕੇ ਆਇਆ ਜਿਸ ਵਿਚ ਪਹਾੜੀ ਰਾਜੇ ਤੇ ਉਨ੍ਹਾ ਦੀਆਂ ਫੌਜਾਂ ਵੀ ਸਨ ਜਿਸਦਾ ਲਾਂਘਾ ਪੋੰਟਾ ਸਾਹਿਬ ਵਿਚੋਂ ਸੀ ਤਾਂ ਗੁਰੂ ਸਾਹਿਬ ਨੇ ਉਨ੍ਹਾ ਦਾ ਰਾਹ ਰੋਕ ਲਿਆ ਤੇ ਕਿਹਾ ਕਿਸੇ ਰਾਜੇ ਦੀਆਂ ਫੌਜਾਂ ਸਾਡੇ ਨਿਵਾਸ ਅਸਥਾਨ ਤੋਂ ਨਹੀ ਲੰਘ ਸਕਦੀਆਂ। ਭੀਮ ਚੰਦ ਨੇ ਮਿੰਨਤ ਕੀਤੀ ਕੀ ਦੂਸਰਾ ਰਾਹ ਬਹੁਤ ਲੰਬਾ ਹੈ, ਮਹੂਰਤ ਦਾ ਵਕਤ ਨਿਕਲ ਜਾਇਗਾ। ਗੁਰੂ ਸਾਹਿਬ ਨੇ ਲੜਕੇ ਤੇ ਪੰਜ ਸਤ ਹੋਰ ਬੰਦਿਆਂ ਨੂੰ ਲੰਘਣ ਦਾ ਰਸਤਾ ਦੇ ਦਿਤਾ ਤੇ ਬਾਕੀ ਜੰਜ ਨੂੰ ਵਾਪਸ ਮੋੜ ਦਿਤਾ। ਭੀਮ ਚੰਦ ਤਿਲ੍ਮ੍ਲਾਇਆ ਤਾਂ ਸਹੀ ਪਰ ਕੁਝ ਕਰ ਨਹੀਂ ਸਕਿਆ। ਭੀਮ ਚੰਦ ਨੇ, ਫ਼ਤਿਹ ਚੰਦ ਜੋ ਉਸਦਾ ਕੁੜਮ ਬਣ ਚੁਕਾ ਸੀ, ਨੂੰ ਓਕ੍ਸਾਇਆ ਤੇ ਗੁਰੂ ਸਾਹਿਬ ਦੇ ਭੇਜੇ ਤੋਹਫ਼ੇ ਵਾਪਿਸ ਕਰਾ ਦਿਤੇ। ਗੁਰੂ ਸਾਹਿਬ ਤੇ ਹਲਾ ਬੋਲਣ ਵਾਸਤੇ ਵੀ ਕਿਹਾ। ਫ਼ਤਿਹ ਸ਼ਾਹ ਤਿਆਰ ਨਹੀਂ ਸੀ, ਪਰ ਭੀਮ ਚੰਦ ਨੇ ਡੋਲਾ ਨਾ ਲਿਜਾਣ ਦੀ ਥ੍ਮ੍ਕੀ ਦਿਤੀ। 15 ਰਾਜਿਆਂ ਦੀਆ ਫੌਜਾਂ ਨੇ, ਫ਼ਤਿਹ ਚੰਦ ਦੀ ਅਗਵਾਈ ਹੇਠ ਅਕਾਰਨ ਗੁਰੂ ਸਾਹਿਬ ਤੇ ਹਲਾ ਬੋਲ ਦਿਤਾ। ਜਿਸਨੂੰ ਭੰਗਾਣੀ ਦਾ ਯੁਧ ਕਿਹਾ ਜਾਂਦਾ ਹੈ ਜੋ ਸਤਂਬਰ। 688 ਵਿਚ ਹੋਇਆ। ਇਹ ਪਹਿਲਾ ਯੁਧ ਸੀ ਜਿਥੇ ਹਿੰਦੂ, ਸਿਖਾਂ ਤੇ ਮੁਸਲਮਾਨਾ ਨੇ ਸਾਂਝਾ ਖੂਨ ਡੋਲਿਆ।

ਮੂਲ ਕਾਰਣ

 1. ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ, ਅਣਖ, ਦਲੇਰੀ ਤੇ ਚੜਦੀ ਕਲਾ – ਜਦ ਤਕ ਗੁਰੂ ਸਾਹਿਬ ਨੇ ਰਾਜਸੀ ਸ਼ਾਨੋ ਸ਼ੋਕਤ ਸ਼ੁਰੂ ਨਹੀਂ ਸੀ ਕੀਤੀ ਉਨ੍ਹਾ ਦੇ ਪਹਾੜੀ ਰਾਜਿਆਂ ਨਾਲ ਸਬੰਧ ਚੰਗੇ ਰਹੇ ਪਰ ਜਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1682 ਵਿਚ ਉਨਾਂ ਰਣਜੀਤ ਨਗਾਰਾ ਵਜਾਣਾ , ਸ਼ਿਕਾਰ ਖੇਡਣਾ, ਘੋੜਿਆ ਤੇ ਚੜਨਾ, ਕਲਗੀ ਲਗਾਣੀ ਸ਼ੁਰੂ ਕੀਤੀ, ਕੁਝ ਅਸਧਾਰਨ ਚੜਾਵੇ , ਸ਼ਸ਼ਤਰ, ਘੋੜੇ ਹਾਥੀ ਆਦਿ ਨਾਲ ਉਨ੍ਹਾ ਦੀ ਸ਼ਾਨੋ ਸ਼ੋਕਤ ਰਾਜਿਆ ਨਾਲੋਂ ਵੀ ਵਧ ਗਈ, ਰਾਜੇ ਈਰਖਾ ਕਰਨਾ ਸ਼ੁਰੂ ਹੋ ਗਏ ਖਾਸ ਕਰਕੇ ਭੀਮ ਚੰਦ ਜਿਸਦੇ ਇਲਾਕੇ ਵਿਚ ਗੁਰੂ ਸਾਹਿਬ ਦਾ ਦਰਬਾਰ ਲਗਦਾ ਸੀ।
 2. ਰਣਜੀਤ ਨਗਾਰਾ :- ਕਹਿੰਦੇ ਹਨ ਕੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪਿਛੋ ਜਦੋਂ ਕੇਸਰੀ ਨਿਸ਼ਾਨ ਝੁਲਾਕੇ ਫੌਜੀ ਤੇ ਜੰਗੀ ਸਿਖਲਾਈ ਦੇਣ ਲਗੇ ਤਾਂ ਸਾਮਣੇ ਖੜੇ ਨੰਦ ਲਾਲ ਨੇ ਮਾਮਾ ਕਿਰਪਾਲ ਨੂੰ ਦੇਖ ਕੇ ਕਿਹਾ। ਛੇਵੇਂ ਪਾਤਸ਼ਾਹ ਦਾ ਬਖਸ਼ਿਆ ਨਿਸ਼ਾਨ ਸਾਹਿਬ ਤੇ ਇਨ੍ਹਾ ਕੋਲ ਹੈ ਬਸ ਇਕ ਨਗਾਰੇ ਦੀ ਘਾਟ ਹੈ। ਅਗਲੇ ਦਿਨ ਹੀ ਇਕ ਸੁੰਦਰ ਨਗਾਰਾ ਤਿਆਰ ਕਰਵਾ ਦਿਤਾ ਜਿਸਦਾ ਨਾ ਰਣਜੀਤ ਨਗਾਰਾ ਰਖਿਆ ਗਿਆ, ਜਿਸ ਨੂੰ ਵਜਾਣ ਦੀ ਪਰਮ੍ਪਰਾ 1682 ਵਿਚ ਸ਼ੁਰੂ ਹੋਈ। 2 ਅਪ੍ਰੈਲ 1678 ਵਿਚ ਰਤਨ ਰਾਇ ਦੇ ਹੁੰਦਿਆ ਇਹ ਨਗਾਰਾ ਸਥਾਪਿਤ ਕੀਤਾ ਗਿਆ।
 3. ਮੁਗਲ ਹਕੂਮਤ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ ਸਿਖਾਂ ਦੀਆਂ ਸਰਗਰਮੀਆਂ ਜਿਨ੍ਹਾ ਨੇ ਉਨਾਂ ਦਾ ਰਾਜਸੀ ਤਾਣਾ -ਬਾਣਾ ਹਿਲਾਕੇ ਰਖ ਦਿਤਾ ਸੀ। ਕਹਿੰਦੇ ਹਨ ਜਦੋਂ ਔਰੰਜ਼ੇਬ ਦਾ ਪੁਤਰ ਕਾਬਲ ਦੇ ਤਖ਼ਤ ਤੇ ਬੈਠਾ, ਬੇਠਣ ਤੋ ਪਹਿਲਾਂ ਉਸਨੇ 4 ਨਗਾਰੇ ਵਜਵਾਏ , ਜਦ ਔਰੰਗਜ਼ੇਬ ਨੂੰ ਪਤਾ ਲਗਾ ਤਾਂ ਓਹ ਬਹੁਤ ਗੁਸਾ ਹੋਇਆ। ਪੁਤਰ ਨੂੰ ਲਿਖ ਭੇਜਿਆ ਕਿ ਨਗਾਰੇ ਵਜਾਣ ਦਾ ਹਕ਼ ਸਿਰਫ ਦਿੱਲੀ ਦੇ ਸਹਿਨ੍ਸ਼ਾਹ ਨੂੰ ਹੈ। ਜਦੋਂ ਤੇਨੂੰ ਦਿੱਲੀ ਦੇ ਤਖਤ ਤੇ ਅੱਲਾ -ਪਾਕ ਗਦੀ ਨਸ਼ੀਨ ਕਰੇਗਾ ਤਾਂ ਜਿਤਨੇ ਮਰਜ਼ੀ ਇਸ ਹਕ਼ ਦੀ ਵਰਤੋਂ ਕਰ ਲਈ। ਜੋ ਆਪਣੇ ਪੁਤਰ ਦੇ ਨਗਾਰੇ ਬਰਦਾਸ਼ ਨਹੀਂ ਕਰ ਸਕਿਆ, ਓਹ ਗੁਰੂ ਸਾਹਿਬ ਦੇ ਰਣਜੀਤ ਨਗਾਰੇ ਕਿਵੇਂ ਬਰਦਾਸ਼ ਕਰ ਲੈਂਦਾ। ਇਸਦੀ ਗੂੰਜਦੀ ਅਵਾਜ਼ ਨੂੰ ਬੰਦ ਕਰਨ ਲਈ ਪਹਿਲੇ ਸਰਹੰਦ ਦੇ ਨਵਾਬ, ਫਿਰ ਹੁਸੇਨ ਖਾਨ ਤੇ ਫਿਰ ਆਪਣੇ ਪੁਤਰ ਨੂੰ ਭੇਜਿਆ।
 4. ਮਸੰਦ – ਜਿਨ੍ਹਾ ਦੀ ਹਸਤੀ ਗੁਰੂ ਸਾਹਿਬ ਨੇ ਮਿਟਾ ਕੇ ਰਖ ਦਿਤੀ ਸੀ ਕਿਓਂਕਿ ਓਹ ਇਖ੍ਲਾਖ ਤੋਂ ਗਿਰ ਚੁਕੇ ਸਨ। ਸੰਗਤ ਤੇ ਗੁਰੂ ਸਾਹਿਬ ਦੇ ਸਿਧੇ ਸੰਬੰਧ ਉਨਾ ਤੋ ਬਰਦਾਸ਼ਤ ਨਹੀਂ ਹੋਏ। ਉਨ੍ਹਾ ਦੀ ਪੁਛ ਪੜਤਾਲ ਮੁਕ ਗਈ ਨਾਲੇ ਬੇਈਮਾਨੀ ਦਾ ਪੈਸਾ ਵੀ। ਓਹ ਗੁਰੂ ਸਾਹਿਬ ਦੇ ਖਿਲਾਫ਼ ਹੋ ਗਏ।
 5. ਹਿੰਦੂ ਰਾਜੇ :- ਰਾਜੇ ਮਹਾਰਾਜਿਆਂ ਤੇ ਉਚ ਜਾਤੀਆਂ ਨੂੰ ਗਲਤਫਹਿਮੀ ਹੋ ਗਈ ਕਿ ਜੇਕਰ ਸਿਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ, ਅਧਿਕਾਰਾਂ, ਤੇ ਅਖਤਿਆਰਾਂ ਦਾ ਕੀ ਬਣੇਗਾ? ਸਾਡੇ ਆਰਾਮ, ਸੁਖ, ਚੇਨ ਤੇ ਐਸ਼ਪ੍ਰਸਤੀ ਦਾ ਕੀ ਹੋਵੇਗਾ ਜੋ ਓਹ ਨੀਵੀਆਂ ਜਾਤੀਆਂ ਦੇ ਦਮ ਤੇ ਕਰ ਰਹੇ ਸਨ ? ਸੋ ਉਨਾ ਨੇ ਆਪਣੀ ਗੰਡ- ਤੁਪ ਹਕੂਮਤ ਨਾਲ ਜੋੜਨੀ ਠੀਕ ਸਮਝੀ। ਬ੍ਰਾਹਮਣ ਜੋ ਜਨਤਾ ਨੂੰ ਵਹਿਮਾਂ-ਭਰਮਾਂ ਪਾਖੰਡਾ ਤੇ ਬੇਲੋੜੀਆਂ ਰਸਮਾਂ ਵਿਚ ਪਾਕੇ ਲੁਟ ਖਸੁਟ ਕਰ ਰਹੇ ਸੀ ਓਹ ਵੀ ਉਨ੍ਹਾ ਨਾਲ ਜੁੜ ਗਏ।

ਸਾਰੇ ਹਾਲਾਤਾਂ ਦਾ ਨਤੀਜਾ ਇਹ ਹੋਇਆ ਰਾਜਾ, ਮਹਾਰਾਜਿਆਂ ਤੇ ਮੁਗਲ ਹਕੂਮਤ ਨੇ ਆਪਸ ਵਿਚ ਹਥ ਮਿਲਾ ਲਿਆ ਤੇ ਤੇਜੀ ਨਾਲ ਉਚਰ ਰਹੀ ਖਾਲਸਾ ਲਹਿਰ ਨੂੰ ਨੇਸਤੋਨਬੂਤ ਕਰਨ ਦਾ ਫੈਸਲਾ ਕਰ ਲਿਆ।

1.ਭੰਗਾਣੀ ਦਾ ਯੁਧ

1688 ਵਿਚ ਪੋੰਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ ਤੇ ਫ਼ਤਿਹ ਸ਼ਾਹ ਤੇ ਉਸਦੇ ਸਾਥੀਆਂ ਨੇ ਬਿਨਾਂ ਕਾਰਨ ਗੁਰੂ ਸਾਹਿਬ ਤੇ ਹਮਲਾ ਕਰ ਦਿਤਾ। 22 ਸਾਲ ਦੇ ਗੁਰੂ ਸਾਹਿਬ ਨੂੰ ਪਹਲੀ ਵਾਰੀ ਫੌਜ਼ ਦੀ ਕਮਾਂਡ ਕਰਦਿਆਂ ਤੇ ਜੂਝਦਿਆਂ ਵੇਖਿਆ। ਜਦੋਂ ਪਠਾਣਾ ਨੇ ਤੇ ਉਦਾਸੀਆਂ ਨੇ ਰਾਜਿਆਂ ਦੀ ਇਤਨੀ ਲੰਬੀ ਚੋੜੀ ਫੌਜ਼ ਦੇਖੀ ਤਾਂ ਘਬਰਾ ਗਏ। ਕੁਝ ਵੈਰੀਆਂ ਨਾਲ ਮਿਲ ਗਏ ਤੇ ਕਈਆਂ ਨੇ ਹਥਿਆਰ ਸੁਟ ਦਿਤੇ। ਇਹ ਸਭ ਦੇਖਕੇ ਬਾਕੀ ਫੌਜ਼ ਦੇ ਹੋਂਸਲੇ ਵੀ ਪਸਤ ਹੋ ਗਏ। ਗੁਰੂ ਸਾਹਿਬ ਨੇ ਦੇਖਿਆ, ਓਹ ਘਾਬਰੇ ਨਹੀ ਧਿੜਕੇ ਨਹੀਂ ਨਾ ਹੀ ਹਿੰਮਤ ਹਾਰੀ। ਅਗੇ ਵਧ ਕੇ ਆਪਣੀ ਫੌਜ਼ ਨੂੰ ਧੀਰਜ ਦਿੰਦਿਆਂ ਕਿਹਾ :

“ਸਾਥੀਓ ਤੇ ਸੇਵਕੋ ਚਿੰਤਾ ਕਾਹਦੀ, ਘਾਬਰੇ ਕਿਓਂ ਹੋ, ਬੰਦਿਆਂ ਦੇ ਆਸਰੇ ਤਾਂ ਅਸਾਂ ਨੇ ਪਹਿਲੇ ਵੀ ਨਹੀ ਸੀ ਲੜਨਾ, ਅਸਾਂ ਨੇ ਤੇ ਰਬ ਦੇ ਆਸਰੇ ਜੂਝਣਾ ਸੀ। ਓਹ ਰਬ ਅਜ ਵੀ ਸਾਡੇ ਨਾਲ ਹੈ ਇਸ ਲਈ ਸਾਡੀ ਜਿਤ ਯਕੀਨੀ ਹੈ ਜੇ ਕਿਸੇ ਨੂੰ ਵੀ ਉਸਦੇ ਅੰਗ ਸੰਗ ਸਹਾਈ ਹੋਣ ਦਾ ਨਿਸਚਾ ਨਾ ਹੋਵੇ, ਜਿਸ ਕਿਸੇ ਨੇ ਵੀ ਮਗਰੋਂ ਪਿਠ ਦਿਖਾ ਦੇਣੀ ਹੈ, ਜੋ ਕਾਇਰ ਹੈ ਕਮਜ਼ੋਰ ਹੈ, ਓਹ ਹੁਣੇ ਇਥੋਂ ਨਿਸੰਗ ਹੋਕੇ ਚਲਾ ਜਾਏ ਅਸਾਂ ਤੇ ਪੈਰ ਹੁਣ ਪਿਛੇ ਨਹੀਂ ਪਾਣਾ। ਇਸ ਜਬਰ ਤੇ ਅਨਿਆਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਆਖਰੀ ਦਮ ਤਕ ਕਰਨਾ ਹੈ। ਉਸ ਰਬ ਦੇ ਆਸਰੇ ਪੂਰਨ ਬੇਨਤੀ ਕਰਕੇ ਅਸਾਂ ਨੇ ਕਮਰਕਸਾ ਕੀਤਾ ਹੈ “।

ਕਹਿੰਦੇ ਹਨ ਗੁਰੂ ਸਾਹਿਬ ਦੇ ਇਸ ਐਲਾਨ ਤੇ ਇਕਰਾਰ ਨੇ ਜਾਦੁਈ ਅਸਰ ਕੀਤਾ। ਨਿਰਾਸ਼ੇ ਦਿਲਾਂ ਵਿਚ ਨਾ ਕੇਵਲ ਆਸ ਦੀ ਜੋਤ ਜਗਾਈ ਸਗੋਂ ਅਥਾਹ ਜੋਸ਼ ਭਰ ਦਿਤਾ, ਹਰ ਇਕ ਦੇ ਦਿਲ ਵਿਚ ਝੂਝਣ ਦਾ ਚਾਅ ਪੈਦਾ ਹੋ ਗਿਆ , ਹਰ ਕੋਈ ਲੜਨ ਮਰਨ ਨੂੰ ਤਿਆਰ ਹੋ ਗਿਆ, ਤਲਵਾਰਾਂ ਚਮਕਣ ਤੇ ਖੜਕਣ ਲਗ ਪਈਆਂ, ਜਵਾਨ ਉਠੇ ਤੇ ਤੇਗਾਂ ਤੇ ਕਮਾਨਾ ਸੂਤ ਕੇ ਡਟ ਗਏ। ਇਨੇ ਨੂੰ ਪੀਰ ਬੁਧੂ ਸ਼ਾਹ ਆਪਣੇ ਦੋ ਭਰਾਵਾਂ 4 ਪੁਤਰਾ ਤੇ 700 ਮੁਰੀਦਾਂ ਨੂੰ ਲੈਕੇ ਮੈਦਾਨ ਵਿਚ ਆ ਗਏ। ਬੜੀ ਗਹਿਗਚ ਲੜਾਈ ਹੋਈ। ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਹੇ ਸਨ ਜਿਨ੍ਹਾ ਨੇ ਨੰਗੀ ਕਰਦ ਕਦੀ ਹਥ ਵਿਚ ਨਹੀ ਸੀ ਪਕੜੀ, ਯੁਧ ਦਾ ਨਾਂ ਨਹੀਂ ਸੀ ਸੁਣਿਆ, ਤਲਵਾਰ ਨੂੰ ਕਦੇ ਹਥ ਨਹੀ ਸੀ ਲਗਾਇਆ, ਵੇਰੀਆਂ ਦੇ ਅਜਿਹੇ ਆਹੂ ਲਾਹੇ ਕੀ ਪਠਾਨ ਤੇ ਰਾਜਪੂਤ ਹੈਰਾਨ ਰਹਿ ਗਏ। ਪੀਰ ਬੁਧੂ ਸ਼ਾਹ ਦੇ ਪੁਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁਧੂ ਸ਼ਾਹ ਆਂਦਿਆਂ ਸਾਰ ਵੇਰੀਆਂ ਤੇ ਟੁਟ ਪਏ। ਮਹੰਤ ਕਿਰਪਾਲ ਦਾ ਵੀ ਜੋਸ਼ ਅੰਤਾਂ ਦਾ ਸੀ। ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸ਼ਹੀਦ ਹੋ ਗਏ ਪਰ ਓਹ ਰੁਕੇ ਨਹੀਂ। ਗੁਰੂ ਸਾਹਿਬ ਨੇ ਖੁਦ ਵੀ ਰਾਜਾ ਹਰੀ ਚੰਦ ਨੂੰ ਤਿੰਨ ਮੋਕੇ ਦੇਕੇ ਇਕ ਤੀਰ ਨਾਲ ਢਿਹ ਢੇਰੀ ਕਰ ਦਿਤਾ। ਦੁਸ਼ਮਣ ਨੇ ਹਾਰ ਮੰਨ ਲਈ।

ਗੁਰੂ ਸਾਹਿਬ ਦੀ ਇਹ ਲੜਾਈ ਕੋਈ ਜਰ ਜ਼ੋਰੂ ਜਾ ਜਮੀਨ ਲਈ ਨਹੀਂ ਸੀ। ਇਹ ਧਰਮ ਤੇ ਨਿਆਂ ਦੀ ਲੜਾਈ ਸੀ। ਜਿਤ ਗੁਰੂ ਸਾਹਿਬ ਦੀ ਹੋਈ ਪਰ ਉਨਾਂ ਨੇ ਨਾ ਕੋਈ ਈਨ ਮਨਵਾਈ, ਨਾ ਇਲਾਕਾ ਮਲਿਆ, ਨਾ ਬੰਦੇ ਫੜੇ, ਨਾ ਅੰਗ ਵਢੇ, ਨਾ ਸੂਲੀ ਚਾੜੇ, ਨਾ ਰਾਜਨੀਤਿਕ ਤੇ ਨਾ ਕੋਈ ਨਿਜੀ ਲਾਭ ਉਠਾਇਆ। ਲੜਾਈ ਖਤਮ ਹੋਣ ਤੋ ਬਾਅਦ ਗੁਰੂ ਸਾਹਿਬ ਖੇਮੇ ਵਿਚ ਬਖਸ਼ਿਸ਼ਾਂ ਵੰਡਣ ਗਏ। ਗੁਰੂ ਸਾਹਿਬ ਖੁਸ਼ ਸਨ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕ਼ਤ ਨੂੰ ਸੰਭਾਲ ਲਿਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ, ਜਦ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ। ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ ਕਿਹਾ ਤੇ ਪੀਰ ਬੁਧੂ ਸ਼ਾਹ ਨੇ ਕੇਸਾਂ ਵਾਲੇ ਕੰਘੇ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕੇਸਾ ਵਾਲਾ ਕੰਘਾ ਪੀਰ ਬੁਧੂ ਸ਼ਾਹ ਨੂੰ ਤੇ ਦੋਨੋ ਨੂੰ ਅਧੀ ਅਧੀ ਦਸਤਾਰ, ਛੋਟੀ ਕਿਰਪਾਨ ਤੇ ਹੁਕਮ ਨਾਮੇ ਦੇਕੇ ਵਿਦਾ ਕੀਤਾ।

ਭੰਗਾਣੀ ਦਾ ਯੁਧ ਇਕ ਧਰਮ ਯੁਧ ਸੀ ਤੇ ਮਹਾਨ ਜਿਤ ਵੀ, ਜਿਸਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਬਖਸ਼ੀ ਤੇ ਕੋਮ ਉਸਾਰੀ ਦੇ ਮਕਸਦ ਨੂੰ ਤਾਕਤ। ਇਹ ਜਿਤ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸੀ ਬਲਿਕ ਅਕਾਲ ਪੁਰਖ ਦੀ ਫਤਿਹ ਸੀ ਜਿਸ ਨੂੰ ਜਿਤਣ ਲਈ ਓਨ੍ਹਾ ਦੇ ਸੇਵਕਾਂ, ਸਿਖ, ਹਿੰਦੂ, ਤੇ ਮੁਸਲ੍ਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ। ਇਸ ਪਵਿਤਰ ਉਦੇਸ਼ ਸਦਕਾ ਉਨ੍ਹਾ ਦਾ ਜਸ ਦੂਰ ਦੂਰ ਫੈਲ ਗਿਆ। ਦੂਰੋਂ ਦੂਰੋਂ ਬਹੁਤ ਸਾਰੇ ਜਵਾਨ ਜਿਨ੍ਹਾ ਦੀ ਮੰਗ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨਾ ਬਾਅਦ ਇਕ ਜੋੜਾ ਸੀ, ਇਸ ਧਰਮ ਯੁਧ ਵਿਚ ਸ਼ਾਮਲ ਹੋਣ ਨੂੰ ਆ ਗਏ। ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਫਰਜਾਂ ਤੇ ਜਿਮੇਵਾਰੀਆਂ ਨਿਭਾਣ ਲਈ ਵਧੇਰੇ ਚੇਤੰਨ ਹੋਣਾ ਪਿਆ। ਇਕ ਨਵਾਂ ਦੋਰ ਸ਼ੁਰੂ ਹੋ ਗਿਆ ਜਿਸ ਵਿਚ ਫ਼ੋਜ਼ ਭਰਤੀ, ਸੇਨਿਕ ਸਿਖਲਾਈ ਦੇ ਨਾਲ ਨਾਲ ਆਪਣੀ ਫੋਜ ਲਈ ਸਾਧਨ ਪ੍ਰਾਪਤੀ ਤੇ ਕਿਲੇਬੰਦੀ ਵੀ ਸ਼ਾਮਲ ਹੋ ਗਏ।

ਗੁਰੂ ਸਾਹਿਬ ਨੂੰ ਇਹ ਤਾਂ ਸਮਝ ਆ ਗਿਆ ਕੀ ਇਹ ਪਹਿਲੀ ਲੜਾਈ ਹੈ ਪਰ ਆਖਿਰੀ ਨਹੀਂ। ਭੰਗਾਣੀ ਦੇ ਯੁਧ ਤੋ ਬਾਅਦ ਗੁਰੂ ਸਾਹਿਬ ਨੂੰ ਕਈ ਜੰਗਾਂ ਸਿਲਸਿਲੇ ਵਾਰ ਲੜਨੀਆ ਪਈਆਂ ਕਦੇ ਪਹਾੜੀ ਰਾਜਿਆਂ ਨਾਲ, ਕਦੇ ਪੂਰੀ ਮੁਗਲ ਹਕੂਮਤ ਨਾਲ ਤੇ ਕਦੇ ਸਰਹੰਦ ਦੇ ਨਵਾਬ ਨਾਲ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਪੋੰਟਾ ਸਾਹਿਬ ਉਨ੍ਹਾ ਦੇ ਸਿਖਾਂ ਲਈ ਸੁਰਖਿਅਤ ਨਹੀ ਹੈ। ਉਨ੍ਹਾ ਨੇ ਵਾਪਸ ਆਨੰਦਪੁਰ ਜਾਣ ਦੀ ਤਿਆਰੀ ਕਰ ਲਈ। ਪਹਾੜੀ ਰਾਜੇ ਮੁਗਲ ਹਕੂਮਤ ਨੂੰ ਖੁਸ਼ ਕਰਨ ਵਿਚ ਲਗ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਧਿਆਨ ਆਨੰਦਪੁਰ ਦੀ ਸੁਰਖਿਆ ਤੇ ਵਿਕਸਤ ਕਰਨ ਵਿਚ ਲਗਾ ਦਿਤਾ। ਉਨ੍ਹਾ ਨੇ ਸਿਖਾਂ ਦੀ ਫੌਜ਼ ਨੂੰ ਬਕਾਇਦਾ ਜਥੇਬੰਦ ਕੀਤਾ ਤੇ ਸੁਰਖਿਆ ਲਈ ਪੰਜ ਕਿਲੇ ਬਣਵਾਏ।

 1. ਆਨੰਦ ਗੜ
 2. ਲੋਹ ਗੜ
 3. ਫਤਿਹ ਗੜ
 4. ਹੋਲ ਗੜ
 5. ਕੇਸ ਗੜ

ਆਨੰਦਪੁਰ ਵਾਸੀਆਂ ਨੂੰ ਮਜਬੂਤ ਕਰਨ ਲਈ ਕਵੀਆਂ ਪਾਸੋਂ ਗ੍ਰੰਥ ਸਾਹਿਬ ਦੇ ਅਨੁਵਾਦ ਕਰਾਏ, ਢਾਡੀਆਂ ਪਾਸੋਂ ਪੁਰਾਤਨ ਜੰਗਾ ਦੇ ਕਾਰਨਾਮੇ ਤੇ ਦੇਸ਼ ਸੇਵਾ ਲਈ ਮਰ ਮਿਟਣ ਦੇ ਗੀਤ ਲਿਖਵਾਏ। ਕਿਰਤ ਕਮਾਈ, ਵੰਡ ਛਕਣ ਤੇ ਸਿਮਰਨ ਕਰਨ ਤੇ ਪੰਥਕ ਜਥੇਬੰਦੀ ਦੇ ਮੁਢਲੇ ਅਸੂਲ ਕਾਇਮ ਕੀਤੇ। ਇਸ ਤਰਹ ਫੌਜ਼ ਨੂੰ ਵੈਰੀਆਂ ਦੇ ਟਾਕਰੇ, ਧਰਮ ਯੁਧ ਲਈ ਪੂਰੀ ਤਰਹ ਤਿਆਰ ਕੀਤਾ।

1670 ਵਿਚ ਔਰੰਗਜ਼ੇਬ ਜੋ ਪਿਛਲੇ 8 ਸਾਲਾਂ ਤੋ ਦਖਣ ਵਿਚ ਮਰਹਟਿਆਂ ਨਾਲ ਲੜ ਰਿਹਾ ਸੀ, ਇਨੀ ਵਡੀ ਫੌਜ਼ ਲਈ ਅੰਨ ਤੇ ਧੰਨ ਦੀ ਜਰੂਰਤ ਪੈ ਗਈ। ਜਿਸਦੀ ਪੂਰਤੀ ਉਤਰੀ ਪੂਰਬੀ ਸੂਬਿਆਂ ਤੇ ਭਾਰੀ ਟੇਕ੍ਸ ਲਗਾ ਕੇ ਕੀਤੀ ਜਾਂਦੀ ਸੀ ਉਸਨੇ ਸਭ ਸੂਬਿਆਂ ਵਿਚ ਹੁਕਮ ਭੇਜਿਆ ਕੀ ਜਲਦੀ ਤੋਂ ਜਲਦੀ ਮੈਨੂੰ ਲਗਾਨ ਇਕਠਾ ਕਰਕੇ ਭੇਜੋ। ਪਹਾੜੀ ਰਾਜੇ ਲਗਾਨ ਨਹੀਂ ਸੀ ਦੇਣਾ ਚਾਹੁੰਦੇ, ਗੁਰੂ ਸਾਹਿਬ ਵੀ ਇਸ ਲਗਾਨ ਜੋ ਸਿਰਫ ਹਿੰਦੂਆਂ ਤੇ ਲਗਾਇਆ ਜਾਂਦਾ ਸੀ ਦੇ ਵਿਰੁਧ ਸੀ। ਪਹਾੜੀ ਰਾਜਿਆਂ ਨੇ ਸੋਚਿਆ ਕਿ ਕਿਓਂ ਨਾ ਗੁਰੂ ਸਾਹਿਬ ਆਪਣੇ ਨਾਲ ਮਿਲਾ ਲਿਆ ਜਾਏ 1 ਉਨਾਂ ਨੇ ਗੁਰੂ ਸਾਹਿਬ ਤੋਂ ਮਾਫੀਆਂ ਮੰਗੀਆਂ ਤੇ ਸਹਾਇਤਾ ਦੇਣ ਲਈ ਬੇਨਤੀ ਕੀਤੀ।

2.ਨੰਦੇੜ ਦਾ ਯੁਧ

ਇਥੇ ਗੁਰੂ ਸਾਹਿਬ ਤੇ ਰਾਜਿਆਂ ਦੀ ਮਿਲਵੀਂ ਫੌਜ਼ ਨਾਲ ਅਲਫ ਖਾਨ ਦੀ ਫੋਜ਼ ਨਾਲ, ਜੋ ਖਿਰਾਜ਼ ਇਕਠਾ ਕਰਨ ਆਇਆ ਸੀ ਜੋਰਦਾਰ ਟਕਰ ਹੋਈ। ਅਲਫ ਖਾਨ ਮੈਦਾਨ ਛਡ ਕੇ ਨਸ ਗਿਆ। ਜਿਤ ਦੀ ਖੁਸ਼ੀ ਵਿਚ ਰਾਜਾ ਭੀਮ ਚੰਦ ਬਹੁਤ ਸਾਰੀਆਂ ਅਣਮੁਲੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਇਆ।

3. ਰੁਸਤਮ ਖਾਨ ਨਾਲ ਯੁਧ

ਜਦੋਂ ਲਾਹੋਰ ਦੇ ਸੂਬੇ ਨੂੰ ਅਲਫ ਖਾਨ ਦੀ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁਤਰ ਨੂੰ ਗੁਰੂ ਸਾਹਿਬ ਤੇ ਚੜਾਈ ਕਰਨ ਲਈ ਭੇਜਿਆ। ਜਦੋਂ ਪਠਾਣਾ ਦਾ ਦਲ ਨਦੀ ਪਾਰ ਪਹੁੰਚਿਆ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋ ਗਈਆਂ। ਜੈਕਰਾ ਛਡਿਆ, ਬੰਦੂਕਾਂ ਚਲੀਆਂ। ਪਠਾਨ ਇਨਾਂ ਜੈਕਾਰਿਆਂ ਦੀ ਅਵਾਜ਼ ਸੁਣ ਕੇ ਇਤਨਾ ਡਰ ਗਏ ਕਿ ਮੈਦਾਨ ਛਡ ਕੇ ਦੋੜਨ ਵਿਚ ਹੀ ਉਨ੍ਹਾ ਨੇ ਆਪਣੀ ਖਰੀਅਤ ਸਮਝੀ।

4. ਹੁਸੈਨੀ ਦੀ ਜੰਗ

ਹੁਸੇਨੀ, ਦਲਾਵਰ ਖਾਨ ਦਾ ਪੁਤਰ ਫੌਜਾਂ ਲੇਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਆਇਆ। ਰਸਤੇ ਵਿਚ ਉਨ੍ਹਾ ਨੇ ਪਹਾੜੀਆਂ ਰਾਜਿਆਂ ਤੇ ਚੜਾਈ ਕਰ ਦਿਤੀ। ਖੂਬ ਲੁਟਿਆ ਕੁਟਿਆ ਜਿਸਤੋਂ ਡਰ ਕੇ ਪਹਾੜੀ ਰਾਜੇ ਹੁਸੇਨੀ ਨਾਲ ਮਿਲ ਗਏ। ਪਰ ਲਗਾਨ ਪਿਛੇ ਉਨ੍ਹਾ ਦਾ ਆਪਸ ਵਿਚ ਮਤ-ਭੇਦ ਹੋ ਗਿਆ ਜਿਸ ਵਿਚ ਕਿਰਪਾਲ ਉਸਦੇ ਸਾਥੀ ਤੇ ਹੁਸੈਨੀ ਸਭ ਮਾਰੇ ਗਏ। ਲੜਾਈ ਤੋਂ ਪਹਿਲਾਂ ਹੀ ਲੜਾਈ ਖਤਮ ਹੋ ਗਈ। ਜਦੋਂ ਹੁਸੈਨੀ ਦਾ ਮਰਨਾ ਦਿਲਾਵਰ ਖਾਨ ਨੇ ਸੁਣਿਆ ਤਾਂ ਬੜੇ ਕ੍ਰੋਧ ਵਿਚ ਆਕੇ ਇਕ ਫੌਜੀ ਸਰਦਾਰ ਝੁਝਾਰ ਸਿੰਘ, ਰਾਜਪੂਤ ਨੂੰ ਫੌਜ਼ ਦੇਕੇ ਭੇਜਿਆ। ਓਹ ਵੀ ਲੜਾਈ ਵਿਚ ਮਾਰਿਆ ਗਿਆ ਤੇ ਸ਼ਾਹੀ ਸੇਨਾ ਲਾਹੋਰ ਨੂੰ ਭਜ ਗਈ।

ਗੁਰੂ ਸਾਹਿਬ ਆਪਣੀਆਂ ਫੌਜਾਂ ਦਾ ਸੰਗਠਨ ਕਰਨ ਵਿਚ ਲਗ ਗਏ। ਯੁਧ ਦੇ ਰੰਗਾਂ ਢੰਗਾਂ ਦੀ ਸਿਖਲਾਈ, ਸ਼ਸ਼ਤਰ ਤਿਆਰ ਕਰਨਾ, ਦਰਬਾਰ ਲਗਾਣਾ, ਬਾਣੀ ਦੀ ਰਚਨਾ ਤੇ ਉਨਾ ਦੇ ਅਨੁਵਾਦ, ਮਹਾਭਾਰਤ ਗੀਤਾ ਤੇ ਰਮਾਇਣ ਦੇ ਅਨੁਵਾਦ ਆਦਿ। ਗੁਰੂ ਸਾਹਿਬ ਦੇ ਦਰਬਾਰ ਵਿਚ ਇਕ ਪੰਡਿਤ ਕਥਾ ਕਰਦਾ ਸੀ ਉਸ ਨੂੰ ਸਿਖਾਂ ਨੂੰ ਸੰਸਕ੍ਰਿਤ ਪੜਾਓਣ ਵਾਸਤੇ ਕਿਹਾ। ਉਸਦਾ ਜਵਾਬ ਸੀ ਆਪ ਜੀ ਦੇ ਸਿੰਘ ਨੀਵੀਆਂ ਜਾਤਾਂ ਵਿਚੋ ਹਨ ਉਨ੍ਹਾ ਨੂੰ ਆਗਿਆ ਨਹੀ ਸੰਸਕ੍ਰਿਤ ਪੜਾਓਣ ਦੀ। ਸੰਸਕ੍ਰਿਤ ਪੜਨਾ ਸਿਰਫ ਬ੍ਰਾਹਮਣਾ ਦਾ ਹਕ ਹੈ। ਗੁਰੂ ਸਾਹਿਬ ਨੇ ਜਵਾਬ ਦਿਤਾ, ” ਪੰਡਤ ਜੀ ਓਹ ਸਮਾ ਆਓਣ ਵਾਲਾ ਹੈ ਕੀ ਸਾਡੇ ਸਿਖ ਇਸ ਵਿਦਿਆ ਨੂੰ ਪੜਕੇ ਵਿਦਵਾਨ ਬਣਨਗੇ, ਬ੍ਰਾਹਮਣ ਲੋਕ ਇਨ੍ਹਾ ਦੇ ਪੈਰਾਂ ਵਿਚ ਬੈਠ ਕੇ ਇਨ੍ਹਾ ਤੋ ਵਿਦਿਆ ਪੜਨਗੇ। ਉਨ੍ਹਾ ਨੇ ਪੰਜ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਕਾਂਸ਼ੀ ਤੇ ਬਨਾਰਸ ਭੇਜਿਆ ਇਹ ਲੋਗ ਯੁਧਾਂ ਤੇ ਨਹੀਂ ਸੀ ਜਾਂਦੇ ਸਿਰਫ ਪੜਾਓਣ ਦਾ ਕੰਮ ਕਰਦੇ ਸੀ ਇਨ੍ਹਾ ਨੂੰ ਨਿਰਮਲੇ ਸੰਤ ਕਿਹਾ ਜਾਂਦਾ ਸੀ।

ਨੰਦੇੜ ਦੇ ਯੁਧ ਵਿਚ ਅਲਫ ਖਾਨ ਅਤੇ ਦਿਲਾਵਰ ਖਾਨ ਦੀਆਂ ਹਾਰਾ, ਹੁਸੈਨੀ ਦਾ ਮਾਰਿਆ ਜਾਣਾ ਸਭ ਖਬਰਾਂ ਜਦ ਔਰੰਜ਼ੇਬ ਨੂੰ ਮਿਲੀਆਂ, ਉਸ ਨੂੰ ਬੜੀ ਚਿੰਤਾ ਹੋਈ। ਉਸਨੇ ਆਪਣੇ ਪੁਤਰ ਮੁਆਜਮ ਨੂੰ ਪੰਜਾਬ ਵਿਚ ਫੈਲੀ ਬਦਅਮਨੀ ਨੂੰ ਦਬਾਓਣ ਵਾਸਤੇ ਭੇਜਿਆ ਪਰ ਉਸ ਵਕਤ ਤਕ ਗੁਰੂ ਸਾਹਿਬ ਦੀ ਤਾਕਤ ਇਤਨੀ ਵਧ ਚੁਕੀ ਸੀ। ਉਹ ਗੁਰੂ ਸਾਹਿਬ ਦੀ ਕਦਰ ਵੀ ਕਰਦਾ ਸੀ ਜਿਸ ਕਰਕੇ ਉਸਨੇ ਸੁਲਹ -ਸਫਾਈ ਵਿਚ ਬੇਹਤਰੀ ਸਮਝੀ।

ਲਾਹੋਰ ਬੈਠਕੇ ਜਦ ਔਰੰਗਜ਼ੇਬ ਨੂੰ ਸਾਰੇ ਹਾਲਤਾਂ ਦਾ ਪਤਾ ਚਲਿਆ, ਕੀ ਕਈ ਸਾਲਾਂ ਦਾ ਲਗਾਨ ਪਹਾੜੀ ਰਾਜਿਆਂ ਵਲ ਰਹਿੰਦਾ ਹੈ। ਜਦ ਵੀ ਕੋਈ ਅਫਸਰ ਮਾਮਲੇ ਨੂੰ ਲੈਣ ਲਈ ਭੇਜਿਆ ਜਾਂਦਾ ਤਾਂ ਉਸ ਨਾਲ ਲੜਾਈ ਕਰਕੇ ਜਾਨ-ਮਾਲ ਦਾ ਬਹੁਤ ਵਡਾ ਨੁਕਸਾਨ ਕਰ ਦਿੰਦੇ ਸਨ। ਉਸਨੇ ਮਿਰਜਾ ਬੇਗ ਨੂੰ ਬਹੁਤ ਵਡੀ ਫੌਜ਼ ਦੇਕੇ ਇਨਾਂ ਪਹਾੜੀ ਰਾਜਿਆਂ ਤੋਂ ਮਾਮਲਾ ਉਗਰਾਹ ਣ ਲਈ ਭੇਜਿਆ। ਸਭ ਰਾਜਿਆਂ ਨੇ ਹਥ ਜੋੜ ਕੇ ਮਾਫੀਆਂ ਮੰਗੀਆਂ ਤੇ ਸਾਰਾ ਮਾਮਲਾ ਵੀ ਤਾਰ ਦਿਤਾ। ਪੰਜ ਛੇ ਸਾਲ ਅਮਨ ਅਮਾਨ ਨਾਲ ਲੰਘੇ।

ਬ੍ਰਾਹਮਣਾ ਦੀ ਪ੍ਰੀਖਿਆ

ਇਕ ਦਿਨ ਗੁਰੂ ਸਾਹਿਬ ਨੇ ਬਹੁਤ ਸਾਰੇ ਬ੍ਰਹਮਣਾ ਨੂੰ ਪ੍ਰੀਤੀ ਭੋਜ ਤੇ ਸਦਿਆ। ਇਕ ਪਾਸੇ ਮਹਾਂ ਪ੍ਰਸ਼ਾਦ ਦਾ ਲੰਗਰ ਤੇ ਦੂਜੇ ਪਾਸੇ ਵੈਸ਼ਨੋ ਭੋਜ ਸੀ। ਗੁਰੂ ਸਾਹਿਬ ਨੇ ਇਹ ਕਹਿਲਵਾ ਦਿਤਾ ਕੀ ਮਹਾਂ ਪ੍ਰਸ਼ਾਦ ਪਾਸੇ ਲੰਗਰ ਦੇ ਨਾਲ 5 ਮੋਹਰਾਂ ਦੇ ਵੈਸ਼ਨੋ ਵਾਲੇ ਪਾਸੇ ਦੋ ਦੋ ਮੋਹਰਾਂ ਭੇਟਾ ਕੀਤੀਆਂ ਜਾਣਗੀਆਂ। ਬਹੁਤ ਸਾਰੇ ਬ੍ਰਹਮਣ ਪੰਜ ਪੰਜ ਮੋਹਰਾਂ ਦੇ ਲਾਲਚ ਵਿਚ ਮਹਾ ਪ੍ਰਸ਼ਾਦ ਪਾਸੇ ਚਲੇ ਗਏ। ਜੋ ਵੈਸਨੋ ਭੋਜਨ ਪਾਸੇ ਗਏ ਸੀ ਗੁਰੂ ਸਾਹਿਬ ਨੇ ਉਨ੍ਹਾ ਨੂੰ ਮਥਾ ਟੇਕਿਆ ਤੇ ਕਿਹਾ ਤੁਸੀਂ ਧੰਨਤਾ ਦੇ ਯੋਗ ਹੋ। ਜੋ ਸਹੀ ਪੰਡਤ ਸੀ ਬਹੁਤ ਖੁਸ਼ ਹੋਏ ਤੇ ਗੁਰੂ ਸਾਹਿਬ ਨੂੰ ਕਹਿਣ ਲਗੇ ਜੇ ਤੁਸੀਂ ਦੇਵੀ ਸਿਧ ਕਰ ਲਉ ਤਾਂ ਤੁਹਾਡੀ ਹਮੇਸ਼ਾਂ ਹੀ ਜਿਤ ਹੋਵੇਗੀ। ਗੁਰੂ ਸਹਿਬ ਨੇ ਉਨ੍ਹਾ ਦਾ ਇਹ ਭਰਮ ਜਾਲ ਵੀ ਦੂਰ ਕਰਨਾ ਸੀ ਸੋ ਹਾਂ ਕਰ ਦਿਤੀ। ਪੰਡਿਤ ਕਿਸ਼ਨ ਨੂੰ ਸਦਾ ਦਿਤਾ ਗਿਆ। ਗੁਰੂ ਸਾਹਿਬ ਨੇ ਮੂਹੋਂ ਮੰਗਿਆ ਧੰਨ ਦੋਲਤ ਦਿਤੀ। 9 ਮਹੀਨੇ ਲਗਾਤਾਰ ਹਵਨ ਕੁੰਡ ਵਿਚ ਆਹੂਤੀਆਂ ਪਾਦਾਂ ਰਿਹਾ, ਕੋਈ ਦੇਵੀ ਪ੍ਰਗਟ ਨਹੀਂ ਹੋਈ। ਇਕ ਦਿਨ ਗੁਰੂ ਸਾਹਿਬ ਨੇ ਸਾਰੀ ਆਹੁਤੀ ਹਵਨ ਕੁੰਡ ਵਿਚ ਪਾ ਦਿਤੀ, ਮਿਆਨ ਵਿਚੋਂ ਤਲਵਾਰ ਕਢ ਕੇ ਉਲਾਰੀ ਤੇ ਕਿਹਾ। ਐਹ ਸਾਡੀ ਦੇਵੀ ਸ਼ਕਤੀ ਹੈ, ਜੋ ਜੁਲਮ ਨਾਲ ਟਕਰ ਲੈ ਸਕਦੀ ਹੈ।

ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।

ਸੈਫ਼ ਸਰੋਹੀ ਸੈਹ੍ਬੀ ਇਹੈ ਹਮਾਰੇ ਪੀਰ।।

ਖਾਲਸੇ ਦੀ ਸਿਰਜਣਾ

ਖਾਲਸੇ ਦੀ ਆਤਮਿਕ ਤੇ ਅਮ੍ਰਿਤ ਮਈ ਜੀਵਨ ਕਿਰਿਆ ਦੀ ਸਿਰਜਣਾ ਤਾਂ ਪਹਿਲੇ ਹੋ ਚੁਕੀ ਸੀ, ਬਾਣੀ ਵਿਵੇਕ, ਸੇਵਾ, ਸੁਚੀ ਕਿਰਤ, ਨਿਰਮਲ ਕਰਮ, ਸਿਮਰਨ ਦੇ ਨਾਲ ਨਾਲ ਮਨੁਖ ਦੀ ਓਤਮਤਾ, ਇਨਸਾਨੀ ਅਧਿਕਾਰਾਂ ਦੀ ਮਹਤਤਾ ਤੇ ਸਰਬ ਸਾਂਝੀਵਾਲਤਾ ਦੇ ਆਦਰਸ਼ ਸਿੰਘਾਂ ਵਿਚ ਕੁਟ ਕੁਟ ਭਰ ਚੁਕੇ ਸਨ। ਗੁਰੂ ਸਾਹਿਬ ਤੋ ਆਪਾ ਵਾਰਨ ਦੀਆਂ ਵਾਰਤਾਵਾਂ ਕਈ ਹਨ, ਮੁਹਿਸਫਾਨੀ ਇਕ ਦਾ ਵਰਣਨ ਕਰਦਾ ਹੈ।

ਗੁਰੂ ਹਰਗੋਬਿੰਦ ਸਾਹਿਬ ਨੇ ਕਾਬਲ ਦੀਆ ਸੰਗਤਾਂ ਨੂੰ ਲਿਖ ਭੇਜਿਆ ਕਿ ਉਨਾਂ ਲਈ ਇਕ ਸੁੰਦਰ ਇਰਾਕੀ ਘੋੜਾ ਭੇਜਿਆ ਜਾਏ। ਇਸ ਕੰਮ ਲਈ ਉਨਾਂ ਨੇ ਭਾਈ ਸਾਧੂ ਜੀ ਨੂੰ ਇਰਾਕ਼ ਭੇਜਿਆ। ਅਜੇ ਓਹ ਮਸਾਂ ਇਕ ਪੜਾਵ ਹੀ ਪਹੰਚੇ ਸੀ ਕੀ, ਪਿਛੋਂ ਖਬਰ ਆ ਗਈ ਕਿ ਤੁਹਾਡਾ ਪੁਤਰ ਸਖਤ ਬੀਮਾਰ ਹੈ ਵਾਪਸ ਮੁੜ ਆਉ। ਭਾਈ ਸਾਹਿਬ ਨੇ ਉੱਤਰ ਦਿਤਾ ਕਿ ਓਹ ਹੁਣ ਗੁਰੂ ਸਾਹਿਬ ਦੇ ਬਚਨਾਂ ਵਲ ਮੂੰਹ ਕਰ ਚੁਕੇ ਹਨ, ਪਿਠ ਨਹੀ ਕਰ ਸਕਦੇ। ਘਰ ਲਕੜਾਂ ਬਹੁਤ ਪਈਆਂ ਹਨ ਜੇ ਮਰ ਗਿਆ ਤੇ ਸੰਸਕਾਰ ਕਰ ਦੇਣਾ।

ਗੁਰੂ ਤੇਗ ਬਹਾਦੁਰ ਦੀ ਸ਼ਹੀਦੀ ਤੋ ਬਾਦ ਹਕੂਮਤ ਨੂੰ ਵੰਗਾਰਨਾ। ਕੋਤਵਾਲੀ ਦੇ ਸਾਮਣਓ ਸੀਸ ਤੇ ਧੜ ਚੁਕ ਕੇ ਲੈ ਜਾਣਾ। ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਸਮਾਨ ਸਮੇਤ ਫੂਕ ਦੇਣਾ, ਸੀਸ ਨੂੰ ਦਹਿਸ਼ਤ ਭਰੇ ਮਹੋਲ ਵਿਚ ਦਿਲੀ ਤੋ ਪਟਨਾ ਲਿਜਾਣਾ, ਔਰੰਗਜ਼ੇਬ ਨੂੰ ਕਿਸ਼ਤੀ ਵਿਚ ਬੇਠੇ ਪਥਰ ਮਾਰਨਾ, ਜਾਮਾ ਮ੍ਸ੍ਜਿਦ ਦੇ ਸਾਮਣੇ ਤਲਵਾਰ ਨਾਲ ਉਸਤੇ ਵਾਰ ਕਰਣਾ ਇਹ ਕੋਈ ਛੋਟੀ ਗਲ ਨਹੀਂ। ਸਿਖਾਂ ਵਿਚ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆ ਚੁਕੀ ਸੀ। ਲੋੜ ਸੀ ਇਸ ਨਿਆਰੇ ਸਰੂਪ, ਸ਼ਖਸ਼ੀਅਤ ਤੇ ਵਿਲਖਣ ਹੋਂਦ ਤੇ ਹਸਤੀ ਦੀ ਜਿਸਦੀ ਸਿਰਜਣਾ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੀ ਉਪਜ ਤੇ ਦੇਣ ਹੈ।

29 ਮਾਰਚ 1699 ਦੀ ਵੈਸਾਖੀ ਦਾ ਜੋੜ ਮੇਲਾ ਕੁਝ ਵਖਰਾ ਤੇ ਅਨੋਖਾ ਸੀ। ਤਖ਼ਤ ਸ੍ਰੀ ਕੇਸ ਗੜ ਤੇ ਦੀਵਾਨ ਸਾਜਾਏ ਗਏ, ਕੀਰਤਨ ਹੋਏ, ਸੰਗਤਾ ਕੀਰਤਨ ਦੀ ਸਮਾਪਤੀ ਤੇ ਗੁਰੂ ਸਾਹਿਬ ਦੇ ਦਰਸ਼ਨਾ ਦੀ ਓਡੀਕ ਕਰ ਰਹੀਆਂ ਸਨ। ਗੁਰੂ ਸਾਹਿਬ ਆਏ, ਆਪਣੀ ਸੋਚੀ ਸਮਝੀ ਵਿਉਂਤ ਦੇ ਅਨੁਸਾਰ ਕਮਰਕਸੇ ਵਿਚੋਂ ਮਿਆਨ ਕਢਕੇ, ਨੰਗੀ ਤਲਵਾਰ ਓਲਾਰ ਕੇ ਬੜੇ ਗਰਜ ਕੇ ਬੋਲੇ। ” ਮੇਰੀ ਕਿਰਪਾਨ ਦੀ ਪਿਆਸ ਬੁਝਾਣ ਲਈ ਇਕ ਸਿਰ ਦੀ ਲੋੜ ਹੈ। ਹੈ ਕੋਈ ਐਸਾ ਗੁਰੂ ਕਾ ਸਿਖ ਜੋ ਗੁਰੂ ਨੂੰ ਆਪਣਾ ਸੀਸ ਭੇਂਟ ਕਰੇ। ਗੁਰੂ ਸਾਹਿਬ ਦੀ ਇਸ ਤਰਾਂ ਦੀ ਮੰਗ ਸੁਣਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਸ੍ਭਨਾ ਦੇ ਸਿਰ ਦੀ ਰਖਿਆ ਕਰਨ ਵਾਲਾ, ਸੀਸ ਦੀ ਮੰਗ ? ਬਹੁਤ ਸਾਰੇ ਤਾਂ ਡਰਪੋਕ ਦੀਵਾਨ ਤੋਂ ਬਾਹਰ ਨਿਕਲਣ ਦੀ ਸੋਚਣ ਲਗੇ। ਗੁਰੂ ਸਾਹਿਬ ਨੇ ਫਿਰ ਮੰਗ ਦੁਹਰਾਈ, ਤੀਜੀ ਵਾਰ ਫਿਰ ਸੀਸ ਦੀ ਭੇਟਾ ਮੰਗੀ। ਹੁਣ ਭਾਈ ਦਾਇਆ ਰਾਮ ਉਠੇ ਤੇ ਬੋਲੇ, ਮੇਰਾ ਸਿਰ ਤੁਹਾਡੀ ਤਲਵਾਰ ਵਾਸਤੇ ਹਾਜ਼ਿਰ ਹੈ। ਗੁਰੂ ਸਾਹਿਬ ਨੇ ਉਸਨੂੰ ਬਾਹੋਂ ਪਕੜ ਕੇ ਤੰਬੂ ਵਿਚ ਲੈ ਗਏ। ਸਜਰੇ ਲਹੂ ਦੀ ਭਿਜੀ ਤਲਵਾਰ ਲਹਿਰਾਂਦੇ ਇਕ ਹੋਰ ਸੀਸ ਦੀ ਮੰਗ ਕੀਤੀ ਤੇ ਇਸ ਤਰਹ ਇਕ ਇਕ ਕਰਕੇ ਪੰਜ ਵਾਰੀ ਸੀਸ ਮੰਗਿਆ। ਇਹ ਪੰਜੇ ਸਿਖ ਜਿਨ੍ਹਾ ਨੇ ਵਾਰੀ ਵਾਰੀ ਆਪਣੇ ਸੀਸ ਗੁਰੂ ਸਾਹਿਬ ਨੂੰ ਭੇਟਾ ਕੀਤੇ ਜਿਥੇ ਇਹ ਸਮਾਜ ਦੀਆਂ ਭਿੰਨ ਭਿੰਨ ਜਾਤਾਂ ਦੇ ਪ੍ਰ੍ਤੀਨਿਥ ਸੀ, ਉਥੇ ਸਮੁਚੇ ਦੇਸ਼ ਦੇ ਭਿੰਨ ਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਦੇ ਸਨ। ਭਾਈ ਦਾਇਆ ਸਿੰਘ ਲਾਹੋਰ ਦਾ ਖਤ੍ਰੀ, ਭਾਈ ਧਰਮ ਸਿੰਘ ਦਿਲੀ ਦਾ ਜਟ, ਭਾਈ ਮੋਹਕਮ ਸਿੰਘ ਦਵਾਰਕਾ ਦਾ ਧੋਬੀ, ਭਾਈ ਸਾਹਿਬ ਸਿੰਘ ਦਖਣੀ ਭਾਰਤ ਦੇ ਬਿਦਰ ਦਾ ਨਾਈ ਤੇ ਭਾਈ ਹਿੰਮਤ ਸਿੰਘ ਜਗਨਨਾਥ ਪੂਰੀ ਦਾ ਝਿਉਰ। ਕੋਤਕ ਦੀ ਸਿਖਰ ਤਦ ਖਤਮ ਹੋਈ ਜਦ ਪੰਜ ਸਿਖਾਂ ਨੂੰ ਤੰਬੂ ਤੋ ਬਾਹਰ ਲੇਕੇ ਆਏ, ਨਵੇ ਬਸਤਰ ਤੇ ਸ਼ਸ਼ਤਰ ਨਾਲ ਸਜੇ ਹੋਏ, ਜਿਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇਕੇ, ਆਪਣੇ ਪੁਤਰਾਂ ਤੋਂ ਵਧ ਪਿਆਰ ਕੀਤਾ। ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਪੁਤਰ ਬਣਾਇਆ, ਅਨੰਦ ਪੁਰ ਦਾ ਵਾਸੀ, ਪੁਰਾਣੀ ਕੁਲ ਨਾਸ਼, ਵਰਣ ਨਾਸ਼, ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ, ਓਨ੍ਹਾ ਤੋਂ ਹੀ ਖੰਡੇ ਬਾਟੇ ਦੀ ਪੋਹੁਲ ਲੇਕੇ , ਗੋਬਿੰਦ ਰਾਇ ਤੋ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ।

ਏਕ ਪਿਤਾ ਏਕਸ ਕੇ ਹਮ ਬਾਰਿਕ।

ਸਮੂਹਕ ਅਗਵਾਈ ਵਿਚ ਹਮੇਸ਼ਾ ਪੰਜ ਪਿਆਰਿਆਂ ਨੂੰ ਅਗੇ ਕੀਤਾ ਤੇ ਇਨ੍ਹਾ ਦਾ ਹੁਕਮ ਮੰਨਿਆ। ਗੁਰਗਦੀ ਚਾਹੇ ਉਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿਤੀ ਪਰ ਤਤਕਾਲੀ ਫ਼ੈਸਲਿਆਂ ਦਾ ਹਕ ਪੰਜ ਪਿਆਰਿਆਂ ਨੂੰ ਦਿਤਾ। ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਰੂਪ, ਆਪਣਾ ਇਸ਼ਟ, ਸਹਿਰਦ, ਆਪਣਾ ਪਿੰਡ ਪੁਰਾਨ, ਸਤਿਗੁਰੂ ਪੂਰਾ ਤੇ ਸਜਣ ਸੂਰਾ ਕਹਿ ਕੇ ਨਿਵਾਜਿਆ ਹੈ।

ਖਾਲਸਾ ਮੇਰਾ ਰੂਪ ਹੈ ਖਾਸ।

ਖਾਲਸੇ ਮੈ ਹਓ ਕਰਯੋ ਨਿਵਾਸ।

ਖਾਲਸਾ ਗੁਰੂ ਦਾ ਪੈਰੋਕਾਰ ਹੀ ਨਹੀ ਸਗੋਂ ਗੁਰੂ ਘਰ, ਗੁਰੂ ਗ੍ਰੰਥ ਸਾਹਿਬ ਤੇ ਖਾਲਸਾਈ ਲਾਸਾਨੀ ਵਿਰਾਸਤ ਦਾ ਅਸਲੀ ਵਾਰਸ ਬਣਾ ਦਿਤਾ। ਇਹ ਕੋਈ ਇਕ ਦਿਨ ਦੀ ਖੇਡ ਨਹੀ ਸੀ ਬਲਿਕ ਗੁਰੂ ਸਹਿਬਾਨਾ ਦੁਆਰਾ ਦਿਤੀ ਲੰਬੀ ਤਰਬੀਅਤ ਦਾ ਤਕਰੀਬਨ 200 1/4 ਸਾਲ ਦਾ ਹੀ ਨਤੀਜਾ ਸੀ, ਕਿ ਜਦੋਂ ਗੁਰੂ ਸਹਿਬ ਨੇ ਸਿਰਾਂ ਦੀ ਮੰਗ ਕੀਤੀ ਤਾਂ ਇਕ ਤੋਂ ਬਾਅਦ ਇਕ ਸਿਖ, ਖਾਲੀ ਪੰਜ ਹੀ ਨਹੀ ਸਗੋਂ ਹਜ਼ਾਰਾਂ, ਲਖਾਂ ਦੀ ਗਿਣਤੀ ਵਿਚ ਸਿੰਘ ” ਸਿਰ ਧਰ ਗਲੀ ਮੇਰੀ ਆਓ ” ਦੇ ਮਹਾਂ ਵਾਕ ਅਨੁਸਾਰ, ਸਿਰ ਤਲੀ ਤੇ ਰਖ ਕੇ ਆਓਂਦੇ ਗਏ।

ਖਾਲਸੇ ਦੀ ਸਿਰਜਣਾ ਦਾ ਕੰਮ ਮੁਕੰਬਲ ਹੋਇਆ। ਇਕ ਐਸਾ ਮਹਾਨ ਕਾਰਨਾਮਾ ਜਿਸਨੇ ਮੁਰਦਾ ਕੋਮ ਵਿਚ ਰੂਹ ਫੂਕ ਦਿਤੀ, ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ, ਜਿਨ੍ਹਾ ਨੇ ਕੋਮ ਦੀ ਤਸਵੀਰ ਤੇ ਤਕਦੀਰ ਬਦਲਕੇ ਰਖ ਦਿਤੀ ਤੇ ਸਿਖੀ ਨੂੰ ਉਸ ਮੰਜਿਲ ਤੇ ਪੁਚਾ ਦਿਤਾ, ਜਿਥੇ ਦੁਸ਼ਮਣ ਦੀਆਂ ਲਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹਿਲਾ ਨਾ ਸਕਿਆ। ਇਹ ਇਕ ਨਵੈ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਤੇ ਇਕ ਸਵੈ- ਸਮਰਥ ਮਾਨਵ ਦੀ ਸ਼ਖਸ਼ੀਅਤ ਦੀ ਉਪਜ ਸੀ , ਜੋ ਸਦੀਆਂ ਤੋਂ ਜੁਲਮ ਤੇ ਜਾਲਮ ਦਾ ਸ਼ਿਕਾਰ ਹੁੰਦੀ ਆਈ ਸੀ। ਸਿਖਾਂ ਤੇ ਨਾਂ ਨਾਲ ਸਿੰਘ ਜੋੜਕੇ ਸ਼ੇਰ ਬਣਾ ਦਿਤਾ , ਪੰਜ ਕਕਾਰਾਂ ਦੀ ਧਾਰਨੀ ਕਰਵਾਈ, ਕੇਸ, ਕੰਘਾ, ਕੜਾ, ਕਿਰਪਾਨ, ਕਛਿਹਰਾ। ਗੁਰੂ ਸਾਹਿਬ ਨੇ ਇਨ੍ਹਾ ਨੂੰ ਸ਼ਸ਼ਤਰ ਬਧ ਕਰਕੇ ਰਾਜਸੀ ਸੱਤਾ ਬਖਸ਼ੀ ਜਿਸਦੇ ਨਾਲ ਨਾਲ ਸਭ ਤੋ ਜਿਆਦਾ ਜੋਰ ਇਖਲਾਕੀ ਮਿਆਰ ਕਾਇਮ ਰਖਣ ਤੇ ਦਿਤਾ ਪੰਜ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਕਰ ਦਿਤਾ। ਚਾਰ ਕੁਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਕੀਤਾ। ਕੁਠਾ ਮਾਸ ਤੇ ਤੰਬਾਕੂ ਦਾ ਸੇਵਨ ਦੀ ਮਨਾਹੀ , ਕੇਸਾਂ ਦੀ ਬੇਅਦਬੀ ਦੀ ਮਨਾਹੀ , ਤੇ ਪਰ -ਧਨ, ਪਰ- ਇਸਤ੍ਰੀ ਨੂੰ ਧੀ ਜਾਂ ਭੇਣ ਸਮਝਣਾ। ਸਚੀ ਤੇ ਸੁਚੀ ਕਿਰਤ ਕਰਣੀ, ਵੰਡ ਕੇ ਛਕਣਾ ਤੇ ਸਿਮਰਨ ਕਰਨਾ ਸਿਖਾਂ ਦੇ ਰੋਜ ਮਰਹ ਦੇ ਅੰਗ ਬਣਾ ਦਿਤੇ। ਖਾਲਸਾ ਸੋਇ ਜੋ ਪੰਚ ਕੋ ਮਾਰੇ ਦੇ ਮਹਾਂ ਵਾਕ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਨ ਦੀ ਹਿਦਾਇਤ ਕੀਤੀ।

ਗੁਰੂ ਸਾਹਿਬ ਨੇ ਊਚ ਨੀਚ ਦੇ ਵਿਤਕਰੇ ਮੇਟ ਕੇ, ਜਾਤਾਂ, ਵਰਣਾਂ ਦਾ ਭਿੰਨ ਭੇਦ ਤੇ ਵਖੇਵਿਆਂ ਨੂੰ ਹਟਾਕੇ, ਅਨੇਕ ਇਸ਼ਟਾਂ ਦੀ ਪੂਜਾ ਦੀ ਥਾਂ ਇਕ ਅਕਾਲ ਪੁਰਖ ਨੂੰ ਮੰਨਣ ਦੀ ਰੀਤ ਚਲਾਕੇ, ਜਿਸ ਕੋਮ ਦੀ ਤਿਆਰੀ ਗੁਰੂ ਨਾਨਕ ਦੇਵ ਜੀ ਨੇ ਅਰੰਭੀ ਸੀ ਉਸ ਤੇ ਪੂਰਨਤਾ ਦੀ ਮੋਹਰ ਲਗਾ ਦਿਤੀ। ਕਈ ਛੀਂਬੇ, ਲੋਹਾਰ ਚੂਹੜੇ, ਤਰਖਾਣ ਤੇ ਮੇਹਨਤੀ ਮਜਦੂਰ ਜਿਨਾਂ ਨੂੰ ਕਮੀ ਕੰਦੁ ਕਿਹਾ ਜਾਂਦਾ ਸੀ, ਨਿਰਭਓ ਯੋਧੇ ਬਣਾ ਦਿਤੇ। ਉਨ੍ਹਾ ਨੂੰ ਅਹਿਸਾਸ ਦਿਲਾਇਆ ਕੀ ਸਮਾਨਤਾ ਅਤੇ ਅਧਿਕਾਰ ਮਿਲਦੇ ਨਹੀ ਸਗੋਂ ਤਾਕਤਵਰ ਤੋਂ ਖੋਹੇ ਜਾਂਦੇ ਹਨ ਜਿਸ ਲਈ ਸੰਘਰਸ਼ ਕਰਨ ਦੀ ਲੋੜ ਹੈ। ਇਸਤੀਆਂ ਨੂੰ ਵੀ ਇਸਤੋ ਵਾਂਝਾ ਨਹੀ ਰਖਿਆ, ਅਮ੍ਰਿਤ ਛਕਾ ਕੇ ਨਾਂ ਦੇ ਨਾਲ ਕੌਰ ਲਗਾਕੇ ਸ਼ੇਰਨੀਆ ਬਣਾ ਦਿਤੀਆ।

ਕੋਊ ਕਿਸੀ ਕੋ ਰਾਜ ਨ ਦੈਹੈ।

ਜੋ ਲੈਹੈ ਨਿਜ ਬਲ ਸਿਉ ਲੈਹੈ।।

ਜਦੋਂ ਆਨੰਦਪੁਰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਭਾਈ ਨੰਦ ਲਾਲ ਜੀ ਨੇ ਵੀ ਇਛਾ ਪ੍ਰਗਟ ਕੀਤੀ ਕਿ ਮੇਰਾ ਵੀ ਦਿਲ ਕਰਦਾ ਹੈ ਮੈਂ ਸਿਪਾਹੀ ਬਣਾ, ਪਿਆਰੇ ਦੇ ਦਰ ਤੇ ਪਹਿਰਾ ਦਿਆਂ ਤਾਂ ਗੁਰੂ ਸਾਹਿਬ ਨੇ ਉਸਦੇ ਹਥ ਵਿਚ ਕਲਮ ਪਕੜਾ ਦਿਤੀ। ਇਹ ਸੂਰੇ ਦੀ ਤਲਵਾਰ ਵਾਂਗ ਚਲੇ ਤੇ ਤੁਸੀਂ ਇਸ ਨੂੰ ਸਦਾ ਚਲਾਓ। ਤੇਗ ਵਾਲਿਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ। ਇਹੀ ਨੇਕੀ, ਧਰਮ, ਨਾਮ ਸਿਮਰਨ, ਤੇ ਸ਼ੁਭ ਆਚਰਨ ਸਿਖਾਏ- ਇਹੀ ਤੁਹਾਨੂੰ ਹੁਕਮ ਹੈ। ਜਦੋਂ ਸ਼ਾਹੀ ਫੌਜਾਂ ਨੇ ਆਨੰਦਪੁਰ ਸਾਹਿਬ ਦਾ ਘੇਰਾ ਪਾਇਆ, ਤਾਂ ਇਨਾਂ ਨੂੰ ਮੁਲਤਾਨ ਵਾਪਸ ਭੇਜ ਦਿਤਾ ਗਿਆ।

ਇਸ ਵਕ਼ਤ ਤਕ ਭੀਮ ਚੰਦ ਮਰ ਚੁਕਾ ਸੀ `। ਉਸਦਾ ਪੁਤਰ ਅਜਮੇਰ ਚੰਦ ਆਪਣੇ ਪਿਤਾ ਵਾਂਗ ਗੁਰੂ ਘਰ ਦੀ ਇਸ ਧਾਰਮਿਕ ਲਹਿਰ ਦਾ ਵਿਰੋਧੀ ਸੀ। ਜਿਸ ਨੂੰ ਰੋਕਣ ਵਾਸਤੇ ਕੁਝ ਰਾਜਿਆਂ ਨੂੰ ਲੇਕੇ ਆਨੰਦਪੁਰ ਸਾਹਿਬ ਆਇਆ। ਖਾਲਸਾ ਪੰਥ ਨੂੰ ਸ਼ਸ਼ਤਰ ਧਾਰੀ ਰੂਪ ਵਿਚ ਦੇਖ ਕੇ ਹੈਰਾਨ ਹੋ ਗਿਆ ਤੇ ਇਸ ਲਹਿਰ ਚਲਾਣ ਦਾ ਕਾਰਣ ਪੁਛਣ ਲਗਿਆ। ਹਿੰਦੂ ਕੋਮ ਤੇ ਮੁਸਲਮਾਨ ਕੋਮ ਜ਼ੁਲਮ ਕਰ ਰਹੀ ਹੈ ਕਿਓਂਕਿ ਓਹ ਕਮਜ਼ੋਰ ਹਨ। ਤੁਸੀਂ ਇਨ੍ਹਾ ਦੀ ਤਾਕਤ ਬਣੋ। ਤੁਸੀਂ ਵੀ ਅਮ੍ਰਿਤ ਛਕਕੇ ਆਪਸੀ ਵੈਰ ਵਿਰੋਧ, ਉਚੀਆਂ-ਨੀਵੀਆਂ ਜਾਤਾਂ ਨੂੰ ਭੁਲਾਕੇ ਸਿੰਘ ਸਜ ਜਾਉ। ਤੁਹਾਡੀ ਤਾਕਤ ਇਨ੍ਹਾ ਨੂੰ ਗੁਲਾਮੀ ਹੇਠੋ ਨਿਕਲਣ ਵਿਚ ਮਦਤ ਕਰੇਗੀ। ਹਿੰਦੁਸਤਾਨ ਵਿਚ। /3 ਧਰਤੀ ਰਾਜਿਆਂ ਕੋਲ ਹੈ, ਉਨ੍ਹਾ ਕੋਲ ਤਾਕਤ, ਪੈਸਾ, ਫੌਜ਼, ਘੋੜੇ ਹਾਥੀ ਤੇ ਅਸਲਾ ਸਭ ਕੁਛ ਹੈ। ਪਰਜਾ ਦੀ ਰਾਖੀ ਕਰਨ ਦਾ ਕੰਮ ਵੀ ਰਾਜਿਆਂ ਦਾ ਹੈ ਜੋ ਹੁਣ ਫਕੀਰਾਂ ਦੇ ਹਥ ਵਿਚ ਆ ਗਿਆ ਹੈ, ਕਿਓਂਕਿ ਤੁਸੀਂ ਆਪਸ ਵਿਚ ਇਕ ਮੁਠ ਹੋਕੇ ਨਿਤਰਦੇ ਨਹੀਂ, ਆਪਸ ਵਿਚ ਏਕਾ ਨਹੀਂ। ਪਰਜਾ ਅੰਨੀ ਗਿਆਨ ਵਿਹੂਣੀ ਮਰ ਰਹੀ ਹੈ। ਨਾ ਉਨਾਂ ਵਿਚ ਜਾਨ ਹੈ ਨਾ ਤਾਣ, ਨਾ ਰਾਜਿਆਂ ਵਿਚ ਜਥੇਬੰਦੀ ਹੈ। ਇਸ ਲਈ ਹੁਣ ਫਕੀਰਾਂ ਨੇ ਤਲਵਾਰ ਚਾਈ ਹੈ।

ਰਾਜਿਆਂ ਨੇ ਪੁਛਿਆ, ਧਰਮ ਵਿਚ ਦਾਇਆ ਚਾਹੀਦੀ ਹੈ ਤੇ ਯੁਧ ਵਿਚ ਕੁਦਇਆ, ਫਕੀਰੀ ਤੇ ਸ਼ਮਸ਼ੀਰਾਂ ਕਿਵੈਂ ਨਿਭਣਗੀਆਂ। ਗੁਰੂ ਸਹਿਬ ਨੇ ਕਿਹਾ “ਇਸੇ ਲਈ ਖਾਲਸਾ ਤਿਆਰ ਹੋਇਆ ਹੈ, ਜਿਸਦਾ ਕੋਈ ਧਰਮ ਨਹੀਂ, ਕੋਈ ਮਜਹਬ ਨਹੀਂ, ਵਿਦ੍ਕਰਾ ਨਹੀਂ, ਨਸਲ ਨਹੀਂ, ਕੁਲ ਨਹੀਂ, ਜਾਤ ਨਹੀਂ, ਗੋਤ ਨਹੀਂ ਇਕ ਆਦਰਸ਼ ਹੈ ਇਨਸਾਨਾਂ ਤੇ ਫਕੀਰਾਂ ਦਾ, ਇਕ ਸਮੁਚਾ ਵਜੂਦ ਜੋ ਸੁਲਹ ਵਿਚ ਵਸਦਾ ਹੈ, ਪਰ ਜੇ ਸੁਲਹ ਨਾਲ ਕੰਮ ਨਾ ਬਣੇ ਤਾਂ ਤਲਵਾਰ ਦੀ ਲੋੜ ਪੈ ਜਾਂਦੀ ਹੈ। ਰਾਜਿਆਂ ਨੇ ਕਿਹਾ ਸਾਡਾ ਹਿੰਦੂ ਧਰਮ ਹੈ, ਸੂਤ ਧੋਤੀ ਤੁਸਾਂ ਨੇ ਉੜਾ ਦਿਤੀ ਹੈ, ਜਾਤ – ਪਾਤ ਦੇ ਭੇਦ ਮਿਟਾ ਦਿਤੇ ਹਨ, ਲੰਗਰ ਕਰਕੇ ਚੋਕਾ ਖਤਮ ਕਰ ਦਿਤਾ ਹੈ। ਨੀਵੈਂ ਤੇ ਅਛੋਹ ਲੋਕਾਂ ਨੂੰ ਰਲਾ ਲਿਆ ਹੈ। ਇਹ ਮੰਨਣਾ ਸਾਡੇ ਲਈ ਬੜਾ ਕਠਿਨ ਹੈ।

ਗੁਰੂ ਸਾਹਿਬ ਨੇ ਕਿਹਾ ਆਪਣਾ ਰਾਜਪੂਤੀ ਅਸਲਾ ਵਿਚਾਰੋ। ਅਗਨੀ ਕੁੰਡ ਤੋਂ ਤੁਸੀਂ ਉਪਜੇ ਸੀ ਤਦ ਵੀ ਜਾਤ-ਵਰਨ ਇਕ ਕਰਕੇ ਤੁਸੀਂ ਬਣੇ ਸੀ। ਅਜ ਤੁਹਾਡੇ ਟਬਰ, ਕਬੀਲੇ, ਬਹੁ ਬੇਟੀਆਂ ਧੰਨ ਧਾਮ ਤੁਰਕ ਖੋਹੀ ਫਿਰਦੇ ਹਨ। ਅਣਖ ਨਹੀ ਰਹੀ , ਧਰਮ ਨਹੀ ਰਿਹਾ, ਖਾਨ-ਪਾਨ ਦੀ ਸੁਚਤਾ ਸਭ ਕਿਥੇ ਹੈ ? ਵਿਸ਼੍ਵਨਾਥ ਵਰਗੇ ਮੰਦਰ ਢਹਿ- ਢੇਰੀ ਹੋਕੇ ਮਸੀਤਾਂ ਬਣ ਚੁਕੀਆਂ ਹਨ, ਕਸ਼ਮੀਰ ਤੋਂ ਕਸ਼ਮੀਰੀ ਭਜੇ ਫਿਰਦੇ ਹਨ। ਮੁਸਲਮਾਨਾਂ ਦੀਆਂ ਗੁਲਾਮੀਆਂ ਕਰਦੇ ਫਿਰਦੇ ਹਨ। ਘਰ ਘਰ ਪਿੰਡ ਪਿੰਡ ਨਮਾਜ਼ਾਂ ਤੇ ਰੋਜ਼ੇ ਆ ਗਏ ਹਨ। ਬੁਤ ਤੇ ਧਰਮ ਭੰਗ ਹੋ ਰਹੇ ਹਨ, ਤੀਰਥ ਤੇ ਜਜੀਏ ਲਗੇ ਹੋਏ ਹਨ, ਕਿਥੇ ਹੈ ਤੁਹਾਡਾ ਧਰਮ ?

ਰਾਜਿਆਂ ਨੇ ਕਿਹਾ ਸਾਨੂੰ ਜਾਤ-ਪਾਤ ਵਿਚ ਰਹਿਣ ਦਿਉ , ਸੂਤ ਧੋਤੀ ਟਿੱਕਾ ਰਹਿਣ ਦਿਉ, ਕੇਸ ਕਟਾਣ ਦੀ ਇਜਾਜ਼ਤ ਦੇ ਦਿਉ ਤੇ ਵਖਰੇ ਬਾਟੇ ਵਿਚ ਅਮ੍ਰਿਤ ਛਕਾ ਦਿਓ, ਅਸੀਂ ਸਾਰੇ ਸਿੰਘ ਸਜ ਜਾਵਾਂਗੇ। ਗੁਰੂ ਸਾਹਿਬ ਨੇ ਕਿਹਾ ਜਾਤ -ਪਾਤ ਨੇ ਦੇਸ਼ ਨੂੰ ਤਬਾਹ ਕਰ ਦਿਤਾ ਹੈ। ਹਜ਼ਾਰਾਂ ਜਾਤੀਆਂ ਨੇ ਤੁਹਾਡੀ ਜਥੇਬੰਦੀ ਤਬਾਹ ਕਰ ਦਿਤੀ ਹੈ। ਤੁਰਕ ਤੁਹਾਡੀ ਇਸ ਕਮਜ਼ੋਰੀ ਤੇ ਪਲ ਰਹੇ ਹਨ `ਊਚ -ਨੀਚ ਨੇ ਤੁਹਾਨੂੰ ਤਬਾਹ ਕਰ ਦਿਤਾ ਹੈ। ਤੁਸੀਂ ਦੇਸ਼ ਦੇ ਮਾਲਕ ਹੋ ਫਿਰ ਵੀ ਗੁਲਾਮਾਂ ਵਰਗੇ ਨਿਤਾਣੇ ਹੋ। ਜਾਤ- ਪਾਤ ਦਾ ਪਖੰਡ ਛੋੜ ਕੇ ਮਿਲ ਬੇਠੋ। ਬ੍ਰਾਹਮਣ ਖਤਰੀਆਂ ਤੇ ਰਾਜਪੂਤਾਂ ਨੇ ਇਕ ਨਹੀ ਹੋਣਾ ਤਾਂ ਇਹ ਕੰਮ ਨੀਵੀਆਂ ਜਾਤੀਆਂ ਕਰਨਗੀਆਂ, ਅਜ ਵੇਲਾ ਹੈ ਸਮਲਣ ਦਾ ਸਮਝਣ ਦਾ ਤੇ ਦੇਸ਼ ਨੂੰ ਓਬਾਰਨ ਦਾ।

ਭਾਵੇ ਰਾਜਿਆਂ ਨੂੰ ਬਹੁਤ ਕੁਝ ਠੀਕ ਲਗਿਆ ਪਰ ਓਹ ਆਪਣੇ ਸੁਖ-, ਚੈਨ -ਐਸ਼ੋ-ਆਰਾਮ ਤੇ ਜਾਤ-ਪਾਤ ਦੇ ਅਭਿਮਾਨ ਨੂੰ ਕਿਵੈ ਛਡ ਸਕਦੇ ਸਨ। ਮਨ ਵਿਚ ਸੋਚ ਰਹੇ ਸੀ ਕੀ ਜਿਨ੍ਹਾ ਦੇ ਘਰ ਕਰਦ ਰਖਣ ਦੀ ਮਨਾਹੀ ਹੈ ਓਹ ਸਾਡੇ ਸਾਮਣੇ ਤਲਵਾਰ ਕੀਕਣ ਚੁਕਣਗੇ ? ਜਿਨ੍ਹਾ ਨੂੰ ਅਸੀਂ ਕਦੇ ਘੋੜਿਆਂ ਤੇ ਨਹੀਂ ਚੜਨ ਦਿਤਾ, ਰਬ ਦਾ ਨਾ ਬੋਲਣਾ ਤੇ ਅਲਗ, ਸੁਣਨ ਨਹੀ ਦਿਤਾ, ਆਪਣੇ ਬਰਾਬਰ ਬੈਠਣ ਨਹੀ ਦਿਤਾ ਓਹ ਸਾਡੀ ਬਰਾਬਰੀ ਕਿਵੈ ਕਰਨਗੇ ? ਇਕ ਦਬਕਾ ਮਾਰਨ ਨਾਲ ਮੈਦਾਨ ਛਡ ਕੇ ਨਸ ਜਾਣਗੇ, ਇਨ੍ਹਾ ਵਿਚ ਇਤਨੀ ਜੁਰਤ ਕਿਥੋ ਕੀ ਸਾਡੇ ਸਾਮਣੇ ਆਕੇ ਖੜੋ ਜਾਣ। ਉਹ ਭੁਲ ਚੁਕੇ ਸੀ ਕੀ ਗੁਰੂ ਨਾਨਕ ਦੇ ਸਿਖ ਬਣ ਚੁਕੇ ਨੇ ਜਿਨ੍ਹਾ ਨੂੰ ਤੁਸੀਂ ਕਹਿੰਦੇ ਸੀ ਕੀ ਨਾਮ ਨਹੀਂ ਲੈਣ ਦੇਣਾ ਓਹ ਨਗਾਰਾ ਖੜਕਾ ਕੇ ਨਾਮ ਲੈਂਦੇ ਹਨ। ਗੁਰੂ ਸਾਹਿਬ ਨੇ ਇਕ ਖੰਡਾ ਸਿਖ ਨੂੰ ਪਕੜਾ ਦਿਤਾ ਤੇ ਕਿਹਾ ਇਸ ਨੂੰ ਆਪਣੇ ਕੋਲ ਰਖੋ, ਲੋੜ ਪਵੇ ਤਾਂ ਗਡ ਦਿਉ, ਕਿਸਦੀ ਜੁਰਤ ਹੈ ਇਸਦੇ ਸਾਮਣੇ ਕੁਝ ਕਹਿਣ ਦੀ। ਅਗਰ ਓਹ ਫਿਰ ਵੀ ਨਾ ਮੰਨੇ ਤਾਂ ਉਸਦਾ ਗਾਟਾ ਲਾਹ ਦਿਉ।

ਰੋਪੜ ਦੀ ਜੰਗ

ਰਾਜਿਆਂ ਨੇ ਮਿਲ ਕੇ ਸੋਚਿਆ ਕਿ ਗੁਰੂ ਸਾਹਿਬ ਨਾਲ ਮਿਲਣ ਦਾ ਕੋਈ ਫਾਇਦਾ ਨਹੀ। ਮੁਗਲ ਹਕੂਮਤ ਜੋ ਇਤਨੀ ਵਡੀ ਤਾਕਤ ਹੈ ਨਾਲ ਮਿਲਕੇ ਗੁਰੂ ਸਾਹਿਬ ਦੀ ਲਹਿਰ ਨੂੰ ਕੁਚਲਿਆ ਜਾ ਸਕਦਾ ਹੈ, ਜਿਹੜੀ ਸਾਡੀ ਕੋਮ ਤੇ ਧਰਮ ਵਾਸਤੇ ਖਤਰਾ ਹੈ। ਸੋ ਉਨ੍ਹਾ ਘਬਰਾ ਕੇ ਸੂਬਾ ਸਰਹੰਦ ਦੇ ਰਾਹੀਂ ਸੂਬਾ ਦਿੱਲੀ ਕੋਲੋਂ ਮਦਤ ਮੰਗੀ। ਦਿੱਲੀ ਸੂਬਾ ਨੇ ਇਨ੍ਹਾ ਕੋਲੋਂ ਫੌਜ਼ ਦਾ ਖਰਚਾ ਲੇਣਾ ਕਰਕੇ ਦੋ ਜਰਨੈਲਾਂ, ਦੀਨਾ ਬੇਗ ਤੇ ਪੈਦੇ ਖਾਨ ਨੂੰ 5000 -5000 ਫੌਜ਼ ਦੇਕੇ ਜਿਸ ਨਾਲ ਕਹਿਲੂਰ, ਕਟੋਚ, ਜਸਵਾਲ, ਤੇ ਪਹਾੜੀ ਰਾਜਿਆਂ ਦੀਆ ਆਪਣੀਆਂ ਆਪਣੀਆਂ ਫੌਜਾਂ ਵੀ ਸਨ, ਰੋਪੜ ਆ ਮਿਲੇ। ਗੁਰੂ ਸਾਹਿਬ ਨੇ ਖਾਲਸਿਆਂ ਨੂੰ ਤਿਆਰੀ ਦਾ ਹੁਕਮ ਦੇ ਦਿਤਾ। ਸਰਸਾ ਨਦੀ ਦੇ ਪਾਰ ਜਾਕੇ ਵੈਰੀਆਂ ਦਾ ਰਾਹ ਰੋਕ ਲਿਆ ਬੜਾ ਭਿਆਨਕ ਜੰਗ ਹੋਇਆ। ਗੁਰੂ ਸਾਹਿਬ ਦੇ ਤੀਰ ਨਾਲ ਪੈਂਦਾ ਖਾਨ ਮਾਰਿਆ ਗਿਆ। ਦੀਨਾ ਬੇਗ ਸਖਤ ਫ਼ਡੜ ਹੋਕੇ ਮੈਦਾਨ ਵਿਚੋਂ ਭਜ ਨਿਕਲਿਆ।

ਲੜਾਈ ਵਿਚ ਬੁਰੀ ਤਰਹ ਹਾਰਕੇ ਰਾਜੇ ਝਟਪਟਾਏ ਹੋਏ ਸੀ। ਲੜਾਈ ਦਾ ਬਹਾਨਾ ਕਰਕੇ ਆਨੰਦਪੁਰ ਦੇ ਪਿਛਲੇ ਸਾਰੇ ਕਿਰਾਏ ਦੀ ਮੰਗ ਕੀਤੀ। ਗੁਰੂ ਸਹਿਬ ਨੇ ਜਵਾਬ ਦਿਤਾ, ” ਆਨੰਦਪੁਰ ਸਾਡੇ ਪਿਤਾ ਦੀ ਮੁਲ ਖਰੀਦੀ ਜਮੀਨ ਤੇ ਉਸਰਿਆ ਹੈ। ਅਸੀਂ ਇਸਦਾ ਕੋਈ ਵੀ ਕਿਰਾਇਆ ਦੇਣ ਨੂੰ ਤਿਆਰ ਨਹੀਂ। ਪਹਾੜੀਆਂ ਨੇ ਉਤਰ ਪੜ ਕੇ ਮਿਲਕੇ ਸਲਾਹ ਕੀਤੀ ਕੀ ਸ਼ਾਹੀ ਸੈਨਾ ਵੀ ਇਨਾਂ ਦਾ ਕੁਝ ਨਹੀਂ ਵਿਗਾੜ ਸਕੀ। ਹੁਣ ਸਾਨੂੰ ਸਭ ਨੂੰ ਮਿਲਕੇ ਸਾਂਝਾ ਹਲਾ ਬੋਲਣਾ ਚਾਹੀ ਦਾ ਹੈ।

ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ

ਆਨੰਦਪੁਰ ਸਾਹਿਬ ਦੀ ਪਹਲੀ ਲੜਾਈ ਰਾਜਿਆਂ ਦੀ 10 ਲਖ ਦੀ ਫੌਜ਼ ਨਾਲ ਗੁਜਰ ਤੇ ਰੰਗੜ ਵੀ ਇਕਠੇ ਕੀਤੇ ਹੋਏ ਤੇ ਗੁਰੂ ਸਾਹਿਬ ਕੋਲ ਸਿਰਫ। 1000 ਫੌਜ਼ ਸੀ। ਜਦੋਂ ਗੁਰੂ ਸਾਹਿਬ ਨੂੰ ਪਤਾ ਚਲਿਆ ਕੀ ਇਤਨੀ ਵਡੀ ਫੌਜ਼ ਚੜਾਈ ਕਰਨ ਵਾਸਤੇ ਆ ਰਹੀ ਹੈ ਤਾਂ ਉਹਨਾ ਨੇ 500-500 ਦੇ ਜਥੇ ਬਣਾਕੇ ਸਭ ਕਿਲਿਆਂ ਤੇ ਤਾਇਨਾਤ ਕਰ ਦਿਤੇ। ਬਾਕੀ ਜਵਾਨਾਂ ਨੂੰ ਕਿਲੇ ਦੇ ਅੰਦਰ ਆਪਣੀ ਕਮਾਨ ਹੇਠ ਰਾਖਿਆ। 500 -500 ਜਥਿਆਂ ਨੇ ਵੈਰੀਆਂ ਦੀ ਫੌਜ਼ ਨਾਲ ਸਖਤ ਟਾਕਰਾ ਕੀਤਾ। ਦੋਨੋ ਪਾਸਿਆਂ ਤੋ ਅੰਗਿਆਰ ਵਰਣ ਲਗੇ। ਤਿੰਨ ਦਿਨ ਤਕ ਟਾਕਰਾ ਹੁੰਦਾ ਰਿਹਾ। ਲੜਾਈ ਵਿਚ ਦੁਸ਼ਮਨ ਦਾ ਨੁਕਸਾਨ ਜਿਆਦਾ ਹੋਇਆ ਕਿਓਂਕਿ ਓਹ ਮੈਦਾਨ ਵਿਚ ਸਨ ਤੇ ਸਿਖ ਕਿਲੇ ਦੇ ਅੰਦਰ। ਸਿਖਾਂ ਕੋਲ ਕੰਨ ਪਾੜਵੀਂਆਂ ਤੋਪਾਂ ਸਨ, ਜੋ ਨੁਕਸਾਨ ਤਾਂ ਇਤਨਾ ਨਹੀਂ ਸੀ ਕਰਦੀਆਂ ਪਰ ਉਨਾ ਦੀ ਆਵਾਜ਼ ਨਾਲ ਦੁਸ਼ਮਨ ਦਾ ਦਿਲ ਦਹਿਲ ਜਾਂਦਾ, ਜਿਨਾ ਨੂੰ ਸੁਣਕੇ ਮੋਰਚਿਆਂ ਤੇ ਵੈਰੀਆਂ ਦੇ ਪੇਰ ਓਖ੍ੜ ਗਏ। ਬਹੁ ਗਿਣਤੀ ਦੇ ਭਰੋਸੇ ਤੇ ਵੈਰੀਆਂ ਨੂੰ ਜੋ ਜਿਤਣ ਦੀ ਆਸ ਸੀ ਜਾਂਦੀ ਰਹੀ।

ਸ਼ਾਹੀ ਜਰਨੈਲ ਤੇ ਪਹਾੜੀ ਰਾਜੇ ਕੁਝ ਨਵੇ ਸਿਰ ਤੋ ਸੋਚਣ ਨੂੰ ਮਜਬੂਰ ਹੋ ਗਏ। ਉਨ੍ਹਾ ਨੇ ਇਕ ਮਸਤ ਹਾਥੀ ਨੂੰ ਸ਼ਰਾਬ ਪਿਆਕੇ ਮਥੇ ਤੇ ਲੋਹੇ ਦੇ ਤਵੇ ਬਨਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜ ਦਿਤਾ। ਗੁਰੂ ਸਾਹਿਬ ਨੇ ਭਾਈ ਬਚਿਤਰ ਸਿੰਘ ਨੂੰ ਹਾਥੀ ਨਾਲ ਟਾਕਰਾ ਕਰਨ ਲਈ ਕਿਲੇ ਤੋਂ ਬਾਹਰ ਭੇਜ ਦਿਤਾ ਜਿਸਦਾ ਬਰਛਾ ਇਤਨੀ ਜੋਰ ਨਾਲ ਹਾਥੀ ਦੇ ਲੋਹੇ ਦੇ ਤਵੇ ਨੂੰ ਪਾਰ ਕਰ ਗਿਆ ਕਿ ਹਾਥੀ ਤੜਪਦਾ ਤੜਪਦਾ ਪਿੱਛੇ ਨੂੰ ਨਠ ਉਠਿਆ ਤੇ ਆਪਣੀਆਂ ਫੌਜਾਂ ਨੂੰ ਲਤਾੜ ਕੇ ਕਈਆਂ ਨੂੰ ਮੋਤ ਦੀ ਨੀਂਦ ਸੁਲਾ ਦਿਤਾ। ਸਿੰਘਾਂ ਨੇ ਵੀ ਉਨ੍ਹਾ ਦੀ ਸੈਨਾ ਵਿਚ ਭਗਦੜ ਮਚੀ ਦੇਖਕੇ ਚੰਗੇ ਆਹੂ ਲਾਹੇ ਤੇ ਲਾਸ਼ਾਂ ਦੇ ਢੇਰ ਲਗਾ ਦਿਤੇ। ਰਾਜਾ ਕੇਸਰੀ ਚੰਦ, ਉਦੈ ਸਿੰਘ ਦੇ ਹਥੋਂ ਮਾਰਿਆ ਗਿਆ। ਦੂਸਰੇ ਦਿਨ ਓਹ ਫਿਰ ਰਾਜਾ ਘੁਮੰਡ ਚੰਦ ਦੀ ਅਗਵਾਈ ਹੇਠ ਤਿਆਰੀ ਕਰਕੇ ਆਏ। ਰਾਜਾ ਲੜਾਈ ਵਿਚ ਮਾਰਿਆ ਗਿਆ ਰਾਜਾ ਖੁਮੰਡ ਚੰਦ ਦੇ ਮਰਨ ਨਾਲ ਉਨ੍ਹਾ ਦੇ ਰਹਿੰਦੇ ਖਹਿੰਦੇ ਹੋਸਲੇ ਵੀ ਟੁਟ ਗਏ। ਰਾਤ ਦੇ ਹਨੇਰੇ ਵਿਚ ਮੈਦਾਨ ਛਡ ਕੇ ਭਜ ਗਏ। ਸਿਖ ਜਿਤ ਦੇ ਨਗਾਰੇ ਛਡਦੇ ਆਪਣੀ ਸ਼ਹੀਦਾਂ ਦੀ ਸੰਭਾਲ ਕਰਕੇ ਆਨੰਦਪੁਰ ਦੇ ਕਿਲੇ ਵਿਚ ਵਾਪਿਸ ਆ ਗਏ।

ਨਿਰਮੋਹ ਗੜ ਦੀ ਜੰਗ

ਰਾਜਿਆਂ ਦੀ ਕੋਈ ਗਲ ਸਿਰੇ ਨਹੀਂ ਚੜੀ, ਕੋਈ ਮਕਸਦ ਪੂਰਾ ਨਹੀਂ ਹੋਇਆ ਹੁਣ ਉਨ੍ਹਾ ਨਵੀਂ ਚਾਲ ਚਲੀ। ਆਟੇ ਦੀ ਗਊ ਬਣਾਕੇ ਉਸਦੇ ਗਲੇ ਵਿਚ ਰਾਜਿਆਂ ਵਲੋਂ ਸਹੁੰ ਪਤਰ ਪਾਇਆ, ਕਿ ਇਕ ਵਾਰੀ ਕਿਲਾ ਖਾਲੀ ਕਰ ਦਿਓ ਅਸੀਂ ਤੁਆਡੇ ਨਾਲ ਕਦੀ ਕੋਈ ਐਸੀ ਹਰਕਤ ਨਹੀ ਕਰਾਂਗੇ। ਸਾਡਾ ਵੀ ਮਾਨ ਰਹਿ ਜਾਏਗਾ ਤੇ ਤੁਸੀਂ ਜਦੋਂ ਚਾਹੋ ਵਾਪਸ ਫਿਰ ਕਿਲੇ ਵਿਚ ਆ ਸਕਦੇ ਹੋ। ਗੁਰੂ ਸਾਹਿਬ ਲਈ ਹਿੰਦੂ ਧਰਮ ਦੀ ਸਭ ਤੋਂ ਵਡੀ ਸਹੁੰ ਸੀ, ਜਿਸਤੇ ਭਰੋਸਾ ਕਰਕੇ ਸਿੰਘਾਂ ਨੂੰ ਕਿਲਾ ਖਾਲੀ ਕਰਨ ਦਾ ਹੁਕਮ ਦੇ ਦਿਤਾ। ਉਸੇ ਦਿਨ ਤੀਸਰੇ ਪਹਿਰ ਕਿਲਾ ਖਾਲੀ ਕਰਕੇ ਕੀਰਤਪੁਰ ਤੋਂ ਕੁਝ ਅਗੇ ਨਿਰਮੋਹ ਪਾਸ ਇਕ ਉਚੀ ਟਿਬੀ ਤੇ ਆਣ ਟਿਕੇ। ਜਦ ਗੁਰੂ ਸਾਹਿਬ ਖੁਲੇ ਮੈਦਾਨ ਵਿਚ ਦੀਵਾਨ ਸਜਾ ਕੇ ਬੈਠੇ ਸਨ ਤਾਂ ਤੋਪਚੀਆਂ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬੰਨ ਕੇ ਗੋਲਾ ਮਾਰਿਆ। ਗੁਰੂ ਸਾਹਿਬ ਤਾਂ ਬਚ ਗਏ ਪਰ ਉਨ੍ਹਾ ਦਾ ਇਕ ਸਿਖ ਚੋਰ ਬਰਦਾਰ ਭਾਈ ਰਾਮ ਸਿੰਘ ਮਾਰਿਆ ਗਿਆ। ਗੁਰੂ ਸਾਹਿਬ ਨੇ ਪਹਾੜੀਆਂ ਦੀ ਖੋਟੀ ਨੀਅਤ ਤਾੜ ਲਈ ਤੇ ਉਥੇ ਹੀ ਆਪਣੇ ਸਿਖਾਂ ਦੇ ਬਚਾਵ ਵਾਸਤੇ ਕਿਲਾ ਬਣਵਾਣਾ ਸ਼ੁਰੂ ਕਰ ਦਿਤਾ ਜਿਸਦਾ ਨਾਓ ਨਿਰਮੋਹਗੜ ਰਖਿਆ।

ਉਧਰੋਂ ਪਹਾੜੀਆਂ ਨੇ ਸੂਬਾ ਸਰਹੰਦ ਨੂੰ ਚਿਠੀ ਲਿਖੀ ਕੀ ਗੁਰੂ ਸਾਹਿਬ ਇਸ ਵਕ਼ਤ ਰੜੇ ਮੈਦਾਨ ਵਿਚ ਹਨ। ਨਾਂ ਕੋਈ ਕਿਲਾ ਹੈ ਨਾ ਬਹੁਤੀ ਫੌਜ਼, ਨਾ ਅਸ਼ਤਰ ਸ਼ਸ਼ਤਰ ਤੇ ਨਾ ਸਾਜੋ-ਸਮਾਨ, ਕਿਓਂਕਿ ਬਹੁਤ ਸਾਰੇ ਫੌਜੀ ਸਿੰਘ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਘਰੋ ਘਰੀ ਚਲੇ ਗਏ ਸੀ। ਵਜ਼ੀਰ ਖਾਨ ਨੇ ਚਿਠੀ ਪੜਦਿਆਂ ਸਾਰ ਫੌਜ਼ ਤਿਆਰ ਕੀਤੀ ਤੇ ਗੁਰੂ ਸਾਹਿਬ ਤੇ ਚੜਾਈ ਕਰ ਦਿਤੀ। ਜਦੋਂ ਗੁਰੂ ਸਾਹਿਬ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਸਿੰਘਾਂ ਨੂੰ ਤਿਆਰ -ਬਰ-ਤਿਆਰ ਕਰ ਲਿਆ। ਰਣਜੀਤ ਨਗਾਰਾ ਖੜਕਿਆ, ਬੋਲੇ ਸੋ ਨਿਹਾਲ ਨਾਲ ਮੈਦਾਨ ਗੂੰਜਣ ਲਗਾ। ਸਿੰਘ ਮੈਦਾਨੇ ਜੰਗ ਵਿਚ ਕੁਦ ਪਏ, ਘਮਸਾਨ ਦਾ ਯੁਧ ਹੋਇਆ। ਸਿੰਘ ਭਾਵੈਂ ਥੋੜੇ ਸੀ ਪਰ ਵੈਰੀਆਂ ਦੇ ਦੰਦ ਖਟੇ ਕਰ ਦਿਤੇ। ਫਿਰ ਵੀ ਗੁਰੂ ਸਾਹਿਬ ਬਚਾਓ ਵਾਸਤੇ ਸਿੰਘਾਂ ਨੂੰ ਲੇਕੇ ਸਤਲੁਜ ਪਾਰ ਲੰਘ ਗਏ। ਪਹਾੜੀ ਰਾਜਿਆਂ ਨੇ ਇਸ ਨੂੰ ਆਪਣੀ ਜਿਤ ਸਮਝਕੇ ਸੂਬਾ ਸਰਹੰਦ ਦਾ ਧੰਨਵਾਦ ਕੀਤਾ। ਉਸ ਨੂੰ ਫੌਜ਼ ਦਾ ਖਰਚਾ ਦੇਕੇ ਵਾਪਿਸ ਤੋਰ ਦਿਤਾ। ਇਸ ਲੜਾਈ ਵਿਚ ਗੁਰੂ ਸਾਹਿਬ ਦਾ ਇਕ ਯੋਧਾ ਸਾਹਿਬ ਚੰਦ ਮਾਰਿਆ ਗਿਆ।

ਇਸਤੋ ਬਾਦ ਗੁਰੂ ਸਾਹਿਬ ਬਿਸਾਲ ਰਾਜ ਦੇ ਬੀਭੋਰ ਰਾਜੇ ਨੂੰ ਮਿਲੇ ਜਿਨ੍ਹਾ ਨੇ ਬੜੇ ਪਿਆਰ ਤੇ ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਰਾਜੇ ਬਿਭੋਰ ਨੇ ਉਨ੍ਹਾ ਨੂੰ ਆਪਣੀ ਰਿਆਸਤ ਨਵਾਂ ਨੰਗਲ ਵਿਚ ਆਕੇ ਵਸਣ ਦਾ ਸਦਾ ਦਿਤਾ। ਇਥੇ ਹੀ ਗੁਰੂ ਸਾਹਿਬ ਨੇ ਸਤਲੁਜ ਦੇ ਕੰਢੇ ਚੋਪਾਈ ਦਾ ਉਚਾਰਨ ਕੀਤਾ। ਇਸ ਵੇਲੇ ਸਭ ਰਾਜੇ ਚੁਪ ਬੈਠੇ ਹੋਏ ਸੀ, ਕਿਸੇ ਦੀ ਵੀ ਹਿੰਮਤ ਨਹੀਂ ਸੀ ਕੀ ਗੁਰੂ ਸਾਹਿਬ ਵਲ ਅਖ ਉਚੀ ਕਰ ਸਕਣ। ਬੀਭੋਰ ਤੋਂ ਚਲ ਕੇ ਕ੍ਮ੍ਲੋਟ ਪਿੰਡ ਤੋ ਹੋਂਦੇ ਹੋਏ ਆਪਣੀ ਸੈਨਾ ਨਾਲ ਮੁੜ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਸਾਹਿਬ ਛਡਣ ਤੋਂ ਬਾਅਦ ਪਹਾੜੀਆਂ ਨੇ ਇਸ ਨੂੰ ਬਰਬਾਦ ਕਰ ਦਿਤਾ ਤੇ ਵਸਣ ਯੋਗ ਨਹੀਂ ਰਹਿਣ ਦਿਤਾ। ਗੁਰੂ ਸਾਹਿਬ ਨੇ ਇਸਦੀ ਮੁਰੰਮਤ ਕਰਵਾਈ। ਬਾਗ ਬਗੀਚੇ ਤੇ ਕਿਲੇ ਦੇ ਘਰਾਂ ਨੂੰ ਨਵੀ ਜਿੰਦਗੀ ਬਖਸ਼ੀ। ਗੁਰੂ ਸਾਹਿਬ ਦੇ ਵਾਪਸ ਆਣ ਤੇ ਫਿਰ ਸੰਗਤਾ ਦੀ ਗਹਿਮਾ ਗਹਿਮ ਸ਼ੂਰੂ ਹੋ ਗਈ। ਰਾਜਾ ਅਜਮੇਰ ਚੰਦ ਨੇ ਗੁਰੂ ਸਾਹਿਬ ਨੂੰ ਸੁਲਾ ਸਫਾਈ ਦੀ ਚਿਠੀ ਲਿਖੀ ਤੇ ਪਿਛਲੀਆਂ ਸਾਰੀਆਂ ਗਲਤੀਆਂ ਦੀ ਮਾਫ਼ੀ ਮੰਗੀ। ਹੋਰ ਵੀ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਨਜ਼ਰਾਨੇ ਭੇਜੇ ਤੇ ਸੁਲਹ ਸਫਾਈ ਨਾਲ ਰਹਿਣ ਦਾ ਭਰੋਸਾ ਦਿਤਾ।

ਚਮਕੌਰ ਦੀ ਪਹਿਲੀ ਲੜਾਈ 

ਗੁਰੂ ਸਾਹਿਬ ਸਿਖੀ ਪ੍ਰਚਾਰ ਲਈ ਕੁਰਕਸ਼ੇਤਰ ਗਏ। ਉਥੇ ਲੋਕਾਂ ਨੂੰ ਖਾਲਸਾ ਪੰਥ ਵਿਚ ਸ਼ਾਮਲ ਹੋਣ ਲਈ ਉਪਦੇਸ਼ ਦਿਤਾ ਜਿਸ ਨਾਲ ਉਨ੍ਹਾ ਦੀ ਫੌਜ਼ ਵਿਚ ਹੋਰ ਵਾਧਾ ਹੋ ਗਿਆ। ਇਥੋਂ ਉਨ੍ਹਾ ਨੇ ਚਮਕੌਰ ਦੇ ਚੜਦੇ ਪਾਸੇ ਵਲ ਡੇਰੇ ਲਗਾਏ। ਨੇੜੇ ਨੇੜੇ ਦੀਆਂ ਤੇ ਕਾਬਲ ਕੰਧਾਰ ਤੋ ਆਣ ਵਾਲਿਆਂ ਸੰਗਤਾ ਉਨ੍ਹਾ ਨੂੰ ਇਥੇ ਮਿਲੀਆਂ। ਜਦੋਂ ਗੁਰੂ ਸਾਹਿਬ ਚਮਕੋਰ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ, ਗੁਰੂ ਸਾਹਿਬ ਦਾ ਅਸਰ ਰਸੂਖ ਖਤਮ ਕੀਤਾ ਜਾਵੇ ਤੇ ਕਿਸੇ ਤਰੀਕੇ ਨਾਲ ਆਨੰਦਪੁਰ ਸਾਹਿਬ ਤੋਂ ਕਢਿਆ ਜਾਵੇ। ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ, ਆਪਣੇ ਏਲਚੀ ਨੂੰ ਲੁਧਿਆਣਾ ਇਨ੍ਹਾ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ, ਤੁਸੀ ਸੋਖੇ ਹੀ ਉਨ੍ਹਾ ਤੇ ਕਾਬੂ ਪਾ ਸਕਦੇ ਹੋ “। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ। ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ ਰਣਜੀਤ ਨਗਰਾ ਵਜਿਆ, ਸਿਖ ਤਿਆਰ-ਬਰ- ਤਿਆਰ ਹੋ ਗਏ। ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ। ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ। ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ। ਓਹ ਘੋੜੇ ਤੋਂ ਉਤਰਿਆ, ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ। ਤੁਸੀਂ ਤਾਂ ਪੀਰਾਂ ਦੇ ਪੀਰ, ਅਲਾਹ ਦਾ ਨੂਰ ਲਗਦੇ ਹੋ। ਗੁਰੂ ਸਾਹਿਬ ਨੇ ਉਸਨੂੰ ਥਾਪੜਾ ਦਿਤਾ ਤੇ ਕਿਹਾ ਕਿਸੇ ਤੇ ਜ਼ੁਲਮ ਨਾ ਕਰਨਾ, ਅਲਾਹ ਨੂੰ ਯਾਦ ਰਖਣਾ। ਜਦ ਦੂਸਰੇ ਉਮਰਾਓ ਨੇ ਇਹ ਸਭ ਦੇਖਿਆ ਤੇ ਓਹ ਆਪਣੀ ਸੈਨਾ ਨੂੰ ਲੇਕੇ ਦਿਲੀ ਨੂੰ ਤੁਰ ਪਿਆ।

ਆਨੰਦ ਪੁਰ ਸਾਹਿਬ ਦੀ ਦੂਜੀ ਲੜਾਈ

ਆਪਣੀ ਹਰ ਤਰਫੋਂ ਕਰਾਰੀ ਹਾਰ ਦੇਖਕੇ, ਹੁਣ ਰਾਜੇ ਸਮਝ ਗਏ ਕਿ ਉਨ੍ਹਾ ਦੇ ਵਸ ਵਿਚ ਹੁਣ ਕੁਛ ਨਹੀਂ ਰਿਹਾ। ਕਿਲਾ ਤਾਂ ਖਾਲੀ ਕਰਾਣਾ ਹੀ ਸੀ ਸੋ ਆਪਣੇ ਏਲਚੀ ਨੂੰ ਦਿੱਲੀ ਸੂਬੇ ਵਲ ਭੇਜ ਦਿਤਾ। ਰਾਜਿਆਂ ਦੀ ਬੇਨਤੀ ਪਰਵਾਨ ਕਰਕੇ ਸੂਬਾ ਦਿੱਲੀ ਨੇ ਸੈਦ ਬੇਗ ਹੇਠ ਤਕੜੀ ਫੌਜ਼ ਭੇਜੀ। ਗੁਰੂ ਸਾਹਿਬ ਕੋਲ ਸਿਰਫ 500 ਸ਼ਸ਼ਤਰ ਧਾਰੀ ਸਨ ਤੇ 300 ਕਰੀਬ ਘੋੜ ਸਵਾਰ। ਆਨੰਦਪੁਰ ਦੇ ਨੇੜੇ ਦੋਨਾ ਦਾ ਆਮਣਾ ਸਾਮਣਾ ਹੋਇਆ। ਸੈਦ ਬੇਗ ਦੇ ਕੁਝ ਸਾਥੀ ਸ਼ਹੀਦ ਹੋ ਗਏ। ਸੈਦ ਬੇਗ ਨੇ ਜਦੋਂ ਦੇਖਿਆ ਕੀ ਗੁਰੂ ਸਾਹਿਬ ਦੀ ਫੌਜ਼ ਵਿਚ ਹਿੰਦੂ, ਸਿਖ ਤੇ ਮੁਸਲਮਾਨ ਵੀ ਹਨ ਜੋ ਅਗੇ ਵਧ ਵਧ ਕੇ ਬੜੀ ਸ਼ਰਧਾ ਨਾਲ ਲੜ ਰਹੇ ਹਨ। ਓਸ ਨੂੰ ਲਗਿਆ ਕੀ ਗੁਰੂ ਸਾਹਿਬ ਤੇ ਸਭ ਦੇ ਸਾਂਝੇ ਗੁਰੂ ਹਨ। ਇਨਾ ਨੂੰ ਮੁਸਲਮਾਨਾ ਦਾ ਵੈਰੀ ਤੇ ਹਿੰਦੂਆਂ ਦਾ ਦੋਸਤ ਕਹਿਣਾ ਗਲਤ ਹੈ। ਜਦੋਂ ਗੁਰੂ ਸਾਹਿਬ ਨੂੰ ਨੀਲੇ ਘੋੜੇ ਤੇ ਸਵਾਰ ਦੇਖਿਆ, ਉਨ੍ਹਾ ਦਾ ਨੂਰਾਨੀ ਚੇਹਰਾ ਤਾਂ ਉਸਨੂੰ ਲਗਿਆ ਓਹ ਇਨਾਂ ਦੀ ਬਰਾਬਰੀ ਨਹੀ ਕਰ ਸਕਦਾ। ਘੋੜੇ ਤੋ ਉਤਰ ਕੇ ਉਸਨੇ ਗੁਰੂ ਸਾਹਿਬ ਨੂੰ ਸਜਦਾ ਕੀਤਾ ਤੇ ਫੌਜ਼ ਦੀ ਕਮਾਨ ਛਡ ਕੇ ਚਲਾ ਗਿਆ। ਰਮਜਾਨ ਖਾਨ ਨੇ ਕਮਾਨ ਸੰਭਾਲੀ ਜੋ ਗੁਰੂ ਸਾਹਿਬ ਦੇ ਇਕੋ ਤੀਰ ਨਾਲ ਚਿਤ ਹੋ ਗਿਆ। ਹੁਣ ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਇਕੋ ਵਾਰ ਸਿਖ ਫੌਜ਼ ਤੇ ਟੁਟ ਕੇ ਪੈ ਗਏ। ਗੁਰੂ ਸਾਹਿਬ ਲਾਭਿਓਂ ਨਿਕਲ ਗਏ। ਸ਼ਾਹੀ ਸੈਨਾ ਨੇ ਕਿਲੇ ਤੇ ਕਬਜਾ ਕਰ ਲਿਆ ਬਹੁਤ ਲੁਟ ਖਸੁਟ ਕੀਤੀ ਅਧੀ ਰਾਤੀਂ ਸ਼ਾਹੀ ਸੈਨਾ ਤੇ ਰਾਜਿਆਂ ਦੀਆਂ ਫੌਜਾਂ ਜਿਤ ਦੀ ਖੁਸ਼ੀ ਵਿਚ ਵਾਪਸ ਹੋ ਤੁਰੀਆਂ। ਸਿੰਘਾਂ ਨੇ ਉਨ੍ਹਾ ਤੇ ਹਲਾ ਬੋਲ ਦਿਤਾ, ਖੂਬ ਕਟ ਵਡ ਹੋਈ। ਲੁਟਿਆ ਸਮਾਨ ਵਾਪਿਸ ਲੈ ਲਿਆ ਤੇ ਅਗਲੇ ਦਿਨ ਆਨੰਦਪੁਰ ਤੇ ਕਬਜਾ ਕਰ ਲਿਆ।

ਜਦੋਂ ਔਰੰਗਜ਼ੇਬ ਨੂੰ ਇਨਾਂ ਲੜਾਈਆਂ ਦੀ ਖਬਰ ਦਖਣ ਵਿਚ ਮਿਲੀ ਤਾਂ ਉਸਨੇ ਗੁਰੂ ਸਾਹਿਬ ਨੂੰ ਚਿਠੀ ਲਿਖੀ, ” ਮੇਰਾ ਤੇ ਤੁਹਾਡਾ ਇਕ ਰਬ ਨੂੰ ਮੰਨਣ ਵਾਲਾ ਧਰਮ ਹੈ। ਤੁਹਾਨੂੰ ਮੇਰੇ ਨਾਲ ਸੁਲਹ ਸਫਾਈ ਨਾਲ ਰਹਣਾ ਚਾਹਿਦਾ ਹੈ। ਮੈਨੂੰ ਇਹ ਬਾਦਸ਼ਾਹੀ ਰਬ ਨੇ ਦਿਤੀ ਹੈ, ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹਿਦਾ ਹੈ, ਲੜਾਈ ਝਗੜੇ ਨਹੀਂ ਕਰਨੇ ਚਾਹੀਦੇ “। ਗੁਰੂ ਸਾਹਿਬ ਨੇ ਜਵਾਬ ਦਿਤਾ, “ਜਿਸ ਰਬ ਨੇ ਤੈਨੂੰ ਬਾਦਸ਼ਾਹੀ ਦਿਤੀ ਹੈ ਉਸੇ ਨੈ ਮੈਨੂੰ ਸੰਸਾਰ ਵਿਚ ਭੇਜਿਆ ਹੈ, ਤੇਨੂੰ ਉਸਨੇ ਪਰਜਾ ਦੀ ਹਿਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁਲ ਗਿਆਂ ਹੈਂ, ਤੇਰਾ ਨਾਲ ਜੋ ਉਸਦੇ ਹੁਕਮ ਨੂੰ ਭੁਲ ਗਿਆ ਹੈ ਸਾਡਾ ਕੀ ਮੇਲ ? ਫਿਰ ਜਿਨ੍ਹਾ ਹਿੰਦੂਆਂ ਤੇ ਤੂੰ ਜੁਲਮ ਕਰ ਰਿਹਾ ਹੈਂ ਓਹ ਓਸੇ ਰਬ ਦੇ ਬੰਦੇ ਹਨ ਜਿਸਨੇ ਤੇਨੂੰ ਬਾਦਸ਼ਾਹੀ ਦਿਤੀ ਹੈ, ਪਰ ਤੂੰ ਉਨ੍ਹਾ ਨੂੰ ਰਬ ਦੇ ਬੰਦੇ ਨਹੀ ਸਮਝਿਆ , ਉਨ੍ਹਾ ਦੇ ਧਰਮ ਤੇ ਧਰਮ ਅਸਥਾਨਾਂ ਦੀ ਨਿਰਾਦਰੀ ਕਰਦਾ ਹੈਂ “।

ਆਨੰਦਪੁਰ ਦੀ ਲੁਟ ਸੁਣਕੇ ਸੰਗਤਾਂ ਦੂਰੋਂ ਨੇੜਿਓਂ ਸਭ ਪਾਸਿਆਂ ਤੋ ਆਣਾ ਸ਼ੁਰੂ ਹੋ ਗਈਆਂ। ਸਿਖਾਂ ਦਾ ਇਤਨਾ ਇਕਠ ਦੇਖ ਕੇ ਅਜਮੇਰ ਚੰਦ ਹੋਰ ਘਬਰਾ ਗਿਆ, ਸ਼ਾਇਦ ਗੁਰੂ ਸਾਹਿਬ ਫੌਜੀ ਤਾਕਤ ਇਕਠੀ ਕਰ ਰਹੇ ਹਨ। ਸਾਰੇ ਰਾਜਿਆਂ ਨੇ ਇਕਠੇ ਹੋਕੇ ਔਰੰਗਜ਼ੇਬ ਨੂੰ ਚਿਠੀ ਲਿਖੀ। ਉਸਨੂੰ ਗੁਰੂ ਸਾਹਿਬ ਦੇ ਖਿਲਾਫ਼ ਖੂਬ ਭੜਕਾਇਆ ਤੇ ਚੇਤਾਵਨੀ ਵੀ ਦਿਤੀ ਕਿ ਜੇਕਰ ਤੁਸੀਂ ਹੁਣ ਕੁਛ ਨਾ ਕੀਤਾ ਤਾਂ ਇਹ ਮੁਗਲ ਹਕੂਮਤ ਤੇ ਸਾਡੇ ਵਾਸਤੇ ਬਹੁਤ ਵਡਾ ਖਤਰਾ ਬਣ ਜਾਏਗਾ। ਔਰੰਗਜ਼ੇਬ ਗੁਰੂ ਸਾਹਿਬ ਦੇ ਜਵਾਬ ਤੋਂ ਅਗੇ ਹੀ ਭੜਕਿਆ ਹੋਇਆ ਸੀ, ਰਾਜਿਆਂ ਨੇ ਬਲਦੀ ਤੇ ਤੇਲ ਪਾ ਦਿਤਾ। ਉਸਨੇ ਤੁਰੰਤ ਸੂਬਾ ਦਿਲੀ, ਸੂਬਾ ਲਾਹੋਰ ਤੇ ਸੂਬਾ ਸਰਹੰਦ ਨੂੰ ਚਿਠੀ ਲਿਖੀ ਕਿ ਤੁਸੀਂ ਪਹਾੜੀ ਰਾਜਿਆਂ ਦੀ ਮਦਤ ਨਾਲ ਆਨੰਦਪੁਰ ਦਾ ਨਾਮੋ ਨਿਸ਼ਾਨ ਮਿਟਾ ਦਿਉ ਤੇ ਗੁਰੂ ਨੂੰ ਮੇਰੇ ਕੋਲ ਪਕੜ ਕੇ ਲੈ ਆਓ।

ਆਨੰਦਪੁਰ ਸਾਹਿਬ ਦੀ ਜੰਗ

ਇਤਨਾ ਸਖਤ ਹੁਕੂਮ ਸੁਣ ਕੇ ਸਭ ਨੇ ਆਪਣੀਆਂ ਆਪਣੀਆਂ ਫੌਜਾਂ ਆਨੰਦਪੁਰ ਸਾਹਿਬ ਭੇਜ ਦਿਤੀਆਂ। ਗੁਰੂ ਸਾਹਿਬ ਕੋਲ 11000 ਦੇ ਕਰੀਬ ਤੇ ਰਾਜਿਆਂ ਤੇ ਮੁਗਲਾਂ ਦੀ 150000 ਫੌਜਾਂ ਦੇ ਨਾਲ ਗੁਜਰ ਤੇ ਰੰਗੜ ਵੀ ਇਕਠੇ ਕਰ ਲਏ। ਗੁਰੂ ਸਾਹਿਬ ਨੇ 500 -500 ਜਥੇ ਬਣਾਕੇ ਸਭ ਕਿਲਿਆਂ ਅੰਦਰ ਤੈਨਾਤ ਕਰ ਦਿਤੇ ਤੇ ਬਾਕੀ ਜਵਾਨਾਂ ਨੂੰ ਆਪਣੀ ਕਮਾਨ ਹੇਠ ਰਖਿਆ। ਸ਼ਾਹੀ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮੋਰਚੇ ਬਨਕੇ ਆਨੰਦਪੁਰ ਨੂੰ ਘੇਰਾ ਪਾ ਲਿਆ। 500 -500 ਜਥਿਆਂ ਨੇ ਇਨੀ ਵਡੀ ਫੌਜ਼ ਨਾਲ ਸਖਤ ਟਕਰਾ ਕੀਤਾ। ਪਹਾੜੀਆਂ ਤੇ ਮੁਗਲਾਂ ਦਾ ਜਿਆਦਾ ਨੁਕਸਾਨ ਹੁੰਦਾ ਕਿਓਕੀ ਓਹ ਮੈਦਾਨ ਵਿਚ ਸਨ। ਸਿਖਾਂ ਦੀਆਂ ਤੋਪਾਂ ਦੀ ਅਵਾਜ਼ ਇਤਨੀ ਬੁਲੰਦ ਸੀ ਵੈਰੀਆਂ ਦੇ ਹਿਰਦੇ ਕੰਬ ਉਠਦੇ, ਭਾਜੜਾਂ ਪੈ ਜਾਂਦੀਆਂ। ਆਪਣੀਆਂ ਫੌਜਾਂ ਦਾ ਇਹ ਹਾਲ ਦੇਖਕੇ ਮੁਗਲ ਤੇ ਪਹਾੜੀ ਨਵੀਂ ਵਿਓਂਤ ਸੋਚਣ ਲਗੇ, ਸਿਖਾਂ ਨੂੰ ਭੁਖਿਆਂ ਰਖਣ ਦੀ। ਓਨਾਂ ਨੇ ਚੁਫੇਰੇ ਖੇਰਾ ਪੁਰ ਲਿਆ। ਸਿਖਾਂ ਦਾ ਰਸਦ ਪਾਣੀ ਅੰਦਰ ਜਾਣਾ ਬੰਦ ਕਰਵਾ ਦਿਤਾ ਜਿਨਾਂ ਕੁ ਅੰਨ ਪਾਣੀ ਸੀ ਹੋਲੀ ਹੋਲੀ ਖਤਮ ਹੁੰਦਾ ਗਿਆ। ਬਾਹਰੋਂ ਕੋਈ ਰਸਦ ਪਾਣੀ ਅੰਦਰ ਨਹੀ ਸੀ ਪੁਜ ਸ੍ਕਦਾ। ਅਨਾਜ, ਪਾਣੀ, ਅੰਨ, ਘਾਹ ਪਠੇ ਦੀ ਕਮੀ ਨਾਲ, ਪਿਆਰੇ ਸਿੰਘ, ਪਾਲਤੂ ਘੋੜੇ ਤੇ ਪ੍ਰਸ਼ਾਦੀ ਹਾਥੀ ਵੀ ਭੁਖ ਦੇ ਸ਼ਿਕਾਰ ਹੋ ਗਏ। ਸਿਖਾਂ ਦੇ ਸਿਦਕ ਦੀ ਪਰਖ ਹੋ ਰਹੀ ਸੀ। ਅਖੀਰ ਸਿੰਘਾਂ ਨੇ 100 -100 ਦਾ ਜਥਾ ਬਣਾਕੇ ਵੈਰੀਆਂ ਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ। ਕੁਛ ਵੇਰੀਆਂ ਨੂੰ ਪਾਰ ਬੁਲਾਂਦੇ, ਕੁਝ ਲੜ ਕੇ ਸ਼ਹੀਦ ਹੋ ਜਾਂਦੇ, ਕੁਝ ਸਮਾਨ ਲੁਟ ਕੇ ਕਿਲੇ ਵਿਚ ਲੈ ਆਓਂਦੇ। ਕੁਝ ਮੁਸਲਮਾਨ ਜਾਣ ਬੁਝ ਕੇ ਸਿਖਾਂ ਨੂੰ ਲੁਟਣ ਵਿਚ ਮਦਤ ਕਰਦੇ, ਪਰ ਇਹ ਬਹੁਤੀ ਦੇਰ ਤਕ ਨਾ ਚਲ ਸਕਿਆ। ਹਕੂਮਤ ਚੋਕਨੀ ਹੋ ਗਈ ! ਸਿੰਘਾ ਦੀ ਗਿਣਤੀ ਵੀ ਭੁਖ ਦੀ ਵਜਹ ਕਰਕੇ ਦਿਨ-ਬਦਿਨ ਘਟ ਰਹੀ ਸੀ ਪਰ ਸ਼ਾਹੀ ਫੌਜ਼ ਜਿਤਨੀ ਮਰਦੀ ਹੋਰ ਆ ਜਾਂਦੀ।

ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ ਵੀ ਲੜਦੇ ਲੜਦੇ ਹੋਂਸਲੇ ਪਸਤ ਹੋ ਗਏ। ਢੰਡੋਰਾ ਦੇ ਰਹੇ ਸਨ ਕੀ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਸ਼ਾਹੀ ਫੋਜਾ ਉਨ੍ਹਾ ਨੂੰ ਫੌਜ਼ ਸਮੇਤ ਲੰਘਣ ਦੇਣਗੀਆਂ ਬਿਨਾ ਕਿਸੇ ਖਤਰੇ ਤੋਂ। ਆਟੇ ਦੀ ਗਊ ਤੇ ਕੁਰਾਨ ਤੇ ਹਥ ਰਖ ਕੇ ਕਸਮਾਂ ਵੀ ਖਾਧੀਆਂ। ਗੁਰੂ ਸਾਹਿਬ ਦੇ ਸਿੰਘ ਜੋ ਖਾਹ ਪਤੇ ਖਾਕੇ ਮਰਨ ਦੀ ਹਾਲਤ ਵਿਚ ਪੁਜ ਚੁਕੇ ਸਨ ਭੁਖ ਤੋ ਤੰਗ ਆ ਚੁਕੇ ਸਨ। ਗੁਰੂ ਸਹਿਬ ਤੋਂ ਵੀ ਉਨ੍ਹਾ ਦੀ ਇਹ ਹਾਲਤ ਦੇਖੀ ਨਹੀਂ ਸੀ ਜਾ ਰਹੀ। ਉਨ੍ਹਾ ਨੂੰ ਪਤਾ ਸੀ ਕਿ ਇਸ ਵਕਤ ਕਿਲਾ ਛਡਣਾ ਠੀਕ ਨਹੀਂ ਹੈ ਤੇ ਉਨ੍ਹਾ ਨੇ ਸਮਝਾਇਆ ਵੀ ਕਿ ਵੈਰੀ ਹੁਣ ਤੰਗ ਆ ਚੁਕਾ ਹੈ ਤੇ ਜਿਤ ਦੀ ਆਸ ਲਾਹ ਚੁਕਾ ਹੈ ਜੇ ਇਸ ਵੇਲੇ ਅਸੀ ਉਸਦੇ ਧੋਖੇ ਵਿਚ ਆ ਗਏ ਤਾਂ ਸਾਨੂੰ ਬਹੁਤ ਵਡੀ ਤਬਾਹੀ ਦਾ ਮੂੰਹ ਦੇਖਣਾ ਪਏਗਾ। ਸਿਖਾਂ ਨੇ ਸਭ ਕੁਝ ਸੁਣਿਆ ਪਰ ਭੁਖ ਉਨ੍ਹਾ ਤੇ ਹਾਵੀ ਹੋ ਚੁਕੀ ਸੀ। ਗੁਰੂ ਸਾਹਿਬ ਤੇ ਜੋਰ ਪਾਇਆ। ਸਿਖਾਂ ਦਾ ਹੁਕਮ ਨੂੰ ਗੁਰੂ ਸਾਹਿਬ ਨੇ ਕਦ ਟਾਲਿਆ ਸੀ। ਉਨ੍ਹਾ ਦੀ ਹਾਲਤ ਤੇ ਤਰਸ ਵੀ ਆ ਰਿਹਾ ਸੀ ਸੋ ਕਹਿਲਵਾ ਦਿਤਾ ਕੀ ਓਹ ਕਿਲਾ ਖਾਲੀ ਕਰ ਦੇਣਗੇ, ਓਹਨਾ ਵਲੋਂ ਲੜਾਈ ਬੰਦ ਹੈ। ਸਿਖਾਂ ਨੂੰ ਹੁਕਮ ਕੀਤਾ ਕੀ ਤੁਸੀਂ ਤੁਰਨ ਦੀ ਤਿਆਰੀ ਕਰੋ।

ਸਰਸਾ ਦੇ ਕੰਢੇ ਤੇ ਲੜਾਈ

ਜਦੋਂ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 11000 ਫੋਜ਼ ਸੀ ਹੁਣ ਸਿਰਫ 1500 -1600 ਰਹਿ ਗਏ , ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਗੁਰਬਖਸ਼ ਰਾਇ ਨੂੰ ਸੋਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ। 1500-1600 ਸਿਖ 6-7 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ, ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ।

ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ , ਕਈ ਡੁਬੇ, , ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਮਾਤਾ ਗੁਜਰੀ ਤੇ ਦੋ ਸਾਹਿਬਜਾਦੇ ਗੰਗੂ ਰਸੋਈਏ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਗਰੰਥ ਸਾਹਿਬ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।

ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ। ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ। ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ। ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ। ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ। ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੋਰ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ।

ਜਿਸ ਦਮ ਹੁਏ ਚਮਕੋਰ ਮੈਂ ਸਿੰਘੋਂ ਕੇ ਉਤਾਰੇ

ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ

ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ

ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ

ਚਮਕੋਰ ਦੀ ਲੜਾਈ

ਗੁਰੂ ਸਾਹਿਬ ਨੇ ਇਸ ਅਚਨਚੇਤ ਹਮਲੇ ਦਾ ਮੁਕਾਬਲਾ ਕਰਨ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਫੁਰੰਤ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਚਾਰੋ ਤਰਫ਼ ਤਾਇਨਾਤ ਕਰ ਦਿਤੇ ਗਏ। ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਪਹਿਰਾ ਦੇਣ ਲਈ ਖੜਾ ਕਰ ਦਿਤਾ। ਗੁਰੂ ਸਾਹਿਬ, ਦੋਨੋ ਛੋਟੇ ਸਾਹਿਬਜ਼ਾਦੇ, ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। ਨਵਾਬ ਨੇ ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ, ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ। ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। ਨਾਹਰ ਖਾਨ ਤੇ ਗੇਰਤ ਖਾਨ, ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰ ਤੋਂ ਉਪਰ ਸਿਰ ਚੁਕਣ ਦੀ ਹਿੰਮਤ ਕੀਤੀ, ਦੋਨੋ ਗੁਰੂ ਸਾਹਿਬ ਦੇ ਤੀਰਾਂ ਨਾਲ ਮਾਰੇ ਗਏ। ਪਰ ਖਵਾਜਾ ਮਰਦੂਦ ਗੜੀ ਦੀ ਦੀਵਾਰ ਦੇ ਨਾਲ ਛੁਪਕੇ ਬਚ ਨਿਕਲਿਆ। ਰਾਤ ਪੈ ਗਈ, ਪੋਹ ਦੀ ਕਾਲੀ ਬੋਲੀ ਠੰਡੀ ਤੇ ਹਨੇਰੀ ਰਾਤ। ਬਾਰਸ਼ ਵਿਚ ਭਿਜੇ ਕਪੜੇ, ਕਚੀ ਗੜੀ ਦਾ ਕਚਾ ਫਰਸ਼। ਸਿੰਘ ਤੇ ਸਾਹਿਬਜ਼ਾਦੇ ਭੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਗੁੰਦਦੇ ਹਨ। ਚਮਕੋਰ ਦੀ ਗੜੀ ਵਿਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਜਾਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਗੜੀ ਦੀ ਦੀਵਾਰ ਦੀ ਇਕ ਇਕ ਇਟ ਨੂੰ ਬੜੇ ਧਿਆਨ ਨਾਲ ਦੇਖਦੇ ਹਨ ਤੇ ਸੋਚਦੇ ਹਨ, ਇਹ ਥਾਂ ਤੇ ਅਜ ਓਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ।

ਇਕ ਪਾਸੇ 43 ਕੁ ਸਿੰਘ, ਭੁਖੇ ਭਾਣੇ ਬੇਸਰੋ – ਸਮਾਨ ਦੀ ਹਾਲਤ ਵਿਚ ਤੇ ਦੂਸਰੇ ਪਾਸੇ। 0 ਲਖ ਤੋ ਵਡੀ ਫੌਜ਼। ਸਵੇਰੇ ਇਕ ਇਕ ਕਰਕੇ ਸਿਖ ਬਾਹਰ ਨਿਕਲਦਾ ਹੈ ਤੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਂਦਾ। ਰਾਤ ਪਈ, ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਓ। ਗੁਰੂ ਸਾਹਿਬ ਨੇ ਉਤਰ ਦੇਕੇ ਸਭ ਨੂੰ ਚੁਪ ਕਰਾ ਦਿਤਾ , ” ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਸਿਖ ਆਪਣੇ ਘੋੜਿਆਂ ਦੇ ਕਪੜੇ ਬਿਛਾ ਭੂੰਜੇ ਹੀ ਲੇਟ ਜਾਂਦੇ ਹਨ। ਦੋ ਦਿਨ ਦੇ ਧਕੇ ਹਾਰੇ ਭੁਖ਼ੇ ਭਾਣੇ ਸਿੰਘ ਜਲਦੀ ਹੀ ਸੋ ਜਾਂਦੇ ਹਨ। ਗੁਰੂ ਸਾਹਿਬ ਬੜੇ ਪਿਆਰ ਨਾਲ ਇਕ ਇਕ ਨੂੰ ਨਿਹਾਰਦੇ ਹਨ, ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ, ਕਦੀ ਉਨ੍ਹਾ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ। ਚਮਕੋਰ ਦੀ ਗੜੀ ਦੇ ਇਕ ਤੰਬੂ ਵਿਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖਦੇ ਹਨ। ਉਨਾ ਦਾ ਸਿਰ ਆਪਣੀ ਗੋਦੀ ਵਿਚ ਲੇਕੇ ਪਿਆਰ ਕਰਦੇ ਹਨ। ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।

ਥੇ ਚਾਰ ਅਬ ਦੋ ਹੀ, ਸਹਿਰ ਏਹ ਭੀ ਨਾਂ ਹੋਗੇਂ।

ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।

ਸਵੇਰ ਹੋਈ, ਪਹਿਲੇ ਤੀਰ ਚਲੇ, ਤੀਰ ਮੁਕੇ ਤੇ ਪੰਜ ਪੰਜ ਸਿਖਾਂ ਦੇ ਜਥੇ ਹਥੋਂ ਹਥ ਬਰਛਿਆਂ ਤੇ ਤਲਵਾਰਾਂ ਨਾਲ ਮੈਦਾਨ ਵਿਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕੀਤਾ ਤੇ ਨਿਕੇ ਨਿਕੇ ਜਥਿਆਂ ਦੀ ਜਿਮੇਵਾਰੀ ਸੋਂਪੀ। ਇਕ ਇਕ ਜਥਾ ਗੜੀ ਤੋ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਉਂਦੀ ਹੈ। 18 ਸਾਲ ਦਾ ਪੁਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ ਹੈ ਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।। ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।। ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਮੁੜ ਕੇ ਵਾਪਸ ਨਹੀਂ ਆਉਣਾ। ਪੁਤਰ ਨੂੰ ਅਸੀਸ ਦਿਤੀ, ਜੰਗ ਵਿਚ ਜੂਝਦੇ ਦੇਖਿਆ। ਇਨ੍ਹਾ ਦੇ ਚੇਹਰੇ ਦਾ ਜਲਾਲ ਦੇਖਕੇ ਇਕ ਵਾਰੀ ਤਾਂ ਮੁਗਲ ਫੋਜ਼ ਘਬਰਾ ਗਈ, ਵਡੇ ਵਡੇ ਜਿਗਰੇ ਵਾਲੇ ਡੋਲ ਗਏ। ਅਜੀਤ ਸਿੰਘ ਨੇ ਐਸੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਹਨਾ ਨੇ ਵੇਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿਚ ਇਕ ਅਮਿਟ ਘਟਨਾ ਬਣ ਕੇ ਰਹਿ ਗਈ ਹੈ। ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੇਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿਖ ਸਹੀਦ ਹੋ ਗਏ। ਇਕਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾ ਤੇ ਟੁਟ ਪਏ ਅਖਿਰ ਜੁਰਤ ਤੇ ਸੂਰਮਤਾਈ ਦੇ ਨਵੈ ਪੂਰਨੇ ਪਾਂਦੇ ਸ਼ਹੀਦ ਹੋ ਗਏ। ਗੁਰੂ ਸਹਿਬ ਨੇ ਪੁਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ, ਡੋਲੇ ਨਹੀਂ, ਫਿਰ ਵੀ ਚੜਦੀ ਕਲਾ ਵਿਚ ਸਨ। ਪੁਤਰ ਨੂੰ ਅਵਾਜ਼ ਦਿਤੀ , ” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ” ਰਬਾ ਤੇਰਾ ਸ਼ੁਕਰਿਆ, ਦੇਸ਼, ਕੋਮ, ਧਰਮ, ਤੇ ਮਨੁਖਤਾ ਵਾਸਤੇ ਇਕ ਹੋਰ ਅਮਾਨਤ ਅਦਾ ਹੁਈ। ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਇਹਨਾਂ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ:

ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।

ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।

ਇਤਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਕਿਹਾ। ਤੇਰੀ ਉਮਰ ਤਾਂ ਅਜੇ ਛੋਟੀ ਹੈ, ਤੂੰ ਤਾਂ ਕਦੇ ਜੰਗ ਲੜਿਆ ਨਹੀਂ, ਤਲਵਾਰ ਨਹੀਂ ਚੁਕੀ ਤੂੰ ਕਿਵੈ ਇਤਨੀ ਵਡੀ ਫੋਜ ਨਾਲ ਮੁਕਾਬਲਾ ਕਰੇਂਗਾ। ਮੈਂ ਆਪਣੇ ਭਰਾ ਦੇ ਕੋਲ ਜਾਣਾ ਹੈ, ਮੈ ਤਾਂ ਕਦੇ ਉਸਤੋ ਬਿਨਾ ਕਦੇ ਰਿਹਾ ਨਹੀਂ। ਇਹ ਸੁਣਕੇ ਗੜੀ ਦੇ ਸਿੰਘਾਂ ਦੀਆਂ ਅਖਾਂ ਤਰ ਹੋ ਗਈਆਂ। ਅੱਲਾ ਯਾਰ ਜੋਗੀ ਲਿਖਦੇ ਹਨ :

ਇਸ ਵਕਤ ਕਹਾ ਨਨੇ ਨੇ, ਮਾਸੂਮ ਪਿਸਰ ਨੇ

ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਹਮ

ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ

ਰੂਠੋ ਨਾ ਖੁਦਾਰਾ, ਨਹੀਂ ਰੋਕੇਗੇ ਕਬੀ ਹਮ

ਹਮਨੇ ਕਹਾ ਬਾਪ ਕੋ ਜਾਂ ਦੀਜੇ ਧਰਮ ਪੈ

ਲਓ ਕਹਤੈ ਅਬ ਆਪ ਕੋ ਜਾਂ ਦੀਜੇ ਧਰਮ ਪੈ।

ਲੋ ਜਾਉ ਸਿਧਾਰੋ ਤੁਮੇ ਕਰਤਾਰ ਕੋ ਸੋਂਪਾ

ਮਰ ਜਾਉ ਯਾ ਮਾਰੋ ਤੁਮੇ ਕਰਤਾਰ ਕੋ ਸੋਂਪਾ

ਬੇਟੇ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਇਆ

ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨਇਆ।

ਪਿਤਾ ਦੇ ਇਨਾ ਲਫਜਾਂ ਨਾਲ ਆਗਿਆ ਦਿਤੀ, ਧਰਤੀ ਤੇ ਜਲਜਲਾ ਆ ਗਿਆ ਆਸਮਾਨ ਨੇ ਨਜਰ ਝੁਕਾ ਲਈ। ਗੁਰੂ ਸਾਹਿਬ ਚੁਬਾਰੇ ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖ ਰਹੇ ਸਨ ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਸੀ। ਅਖ਼ਿਰ ਇਹ ਅਮਾਨਤ ਵੀ ਅਕਾਲ ਪੁਰਖ ਨੂੰ ਭੇਟ ਹੋ ਗਈ। ਗੁਰੂ ਸਾਹਿਬ ਨੇ ਜੈਕਾਰਾ ਛਡਿਆ, ” ਪਰਾਈ ਅਮਾਨ ਕਿਓ ਰਖੀਏ ਦਿਤੇ ਹੀ ਸੁਖ ਹੋਏ – ਤੇਰੀ ਅਮਾਨ ਤੇਰੇ ਹਵਾਲੇ – ਗੁਰੂ ਪਿਤਾ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁਤਰ ਹੋਣ ਦਾ ਮਾਣ ਮਿਲਿਆ ਹੈ। ਅਜ ਇਨ੍ਹਾ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇਰਾ ਲਖ ਲਖ ਧੰਨਵਾਦ।

ਮੁਝ ਪਰ ਸੇ ਆਜ ਤੇਰੀ ਆਮਾਨਤ ਅਦਾ ਹੂਈ

ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।

ਅਵਤਾਰਾਂ, ਰਸੂਲਾਂ, ਪੈਗ੍ਮਰਾਂ ਵਿਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰਕੇ, ਸ਼ਹੀਦ ਕਰਵਾਕੇ ਇਕ ਹੰਜੂ ਵੀ ਨਾ ਕੇਰਿਆ ਹੋਵੇ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਦੇਸ਼ ਤੇ ਕੋਮ ਤੋਂ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿਤਾ।

ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕੇ

ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾਕੇ।

ਇਥੇ ਹੀ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ। ਦੋਨੋ ਦੀਆ ਹਦਾਂ ਨੇ ਇਕ ਦੂਸਰੇ ਨੂੰ ਜਫੀਆਂ ਪਾਈਆਂ ਪੰਜ ਸਤ ਸਿਖ ਰਹਿ ਗਏ। ਹੁਣ ਸਭ ਦੀ ਮੋਤ ਯਕੀਨਨ ਸੀ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੋਮ ਨੂੰ ਜਿੰਦਾ ਰਖਣ ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾ ? ਇਸ ਵਕਤ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ। ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ। ਕਲਗੀਧਰ ਨੇ ਉਤਰ ਦਿਤਾ,

ਹੈ ਸ਼ੋਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ

ਸੋ ਸਰ ਭੀ ਹੋ ਕੁਰਬਾਨ ਨਹੀਂ ਰਬ ਸੇ ਜਿਆਦਾ।

ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ ਤੇ ਕਿਹਾ ਇਹ ਸਾਡਾ ਹੁਕਮ ਹੈ। ਖਾਲਸੇ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ, ਨਾ ਦਿਲ ਹੁੰਦਿਆ ਵੀ ਉਨਾਂ ਨੂੰ ਗੜੀ ਵਿਚੋਂ ਨਿਕਲਣਾ ਪਿਆ। ਬੁਰਜ ਤੇ ਖੜੇ ਹੋਕੇ ਨਰਸਿਮਾ ਵਜਾਇਆ। ਤਿੰਨ ਵਾਰੀ ਤਾੜੀ ਵਜਾਈ, ਤਿੰਨ ਵਾਰੀ ਉਚੀ ਅਵਾਜ਼ ਵਿਚ ਕਿਹਾ, ” ਪੀਰ-ਏ- ਹਿੰਦ ਮੇ ਰਵਦ, ਪੀਰ -ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ, ਜੈਕਾਰਾ ਛਡਿਆ ਤੇ ਤਾਰਿਆਂ ਦੀ ਛਾਂਵੇ ਗੜੀ ਵਿਚੋਂ ਬਾਹਰ ਨਿਕਲ ਗਏ। ਆਪਣਾ ਚੋਗਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ, ਜਿਨਾਂ ਦਾ ਮੁਹਾਂਦਰਾ ਤੇ ਕਦ ਕਾਠ ਉਨਾਂ ਨਾਲ ਮਿਲਦਾ ਸੀ ਤੇ ਜਿਸਦੀ ਅਗਵਾਈ .ਬਹਾਦਰੀ ਤੇ ਵਫਾਦਾਰੀ ਦਾ ਉਨ੍ਹਾ ਨੂੰ ਪੂਰਾ ਪੂਰਾ ਭਰੋਸਾ ਸੀ ਕਿਓਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਹੀ ਕੀਤੀ ਤੇ ਸ਼ੁਰੂ ਤੋ ਹੀ ਗੁਰੂ ਸਾਹਿਬ ਦੇ ਪਵਿਤਰ ਉਦੇਸ਼ ਦੀ ਪੂਰਤੀ ਖਾਤਿਰ ਆਪਣਾ ਤਨ-ਮੰਨ-ਧੰਨ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ ਗੁਰੂ ਸਾਹਿਬ ਨੇ। 4 ਲੜਾਈਆਂ ਲੜੀਆਂ,। 3 ਲੜਾਈਆਂ ਦੇ ਦੋਰਾਨ ਓਹ ਗੁਰੂ ਸਾਹਿਬ ਨਾਲ ਸਨ। ਸਿਰਫ ਆਖਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਨਹੀਂ ਸਨ ਕਿਓਂਕਿ ਚਮਕੋਰ ਦੀ ਗੜੀ ਵਿਚ ਉਹ ਸ਼ਹੀਦ ਹੋ ਚੁਕੇ ਸਨ।

ਤਿੰਨ ਪਿਆਰੇ ਗੁਰੂ ਸਾਹਿਬ ਦੇ ਨਾਲ ਸੀ। ਜਦੋਂ ਬਾਹਰ ਨਿਕਲੇ ਤਾਂ ਦਇਆ ਸਿੰਘ ਦੀ ਨਜਰ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਪਈ। ਓਹ ਗੁਰੂ ਸਾਹਿਬ ਨੂੰ ਕਹਿਣ ਲਗੇ ਕਿ ਮੇਰਾ ਦਿਲ ਕਰਦਾ ਹੈ ਮੈਂ ਆਪਣੀ ਅਧੀ ਅਧੀ ਦਸਤਾਰ ਦੋਨੋ ਸਾਹਿਬਜਾਦਿਆਂ ਤੇ ਪਾ ਦਿਆਂ,। ਗਰੀਬ ਤੋਂ ਗਰੀਬ ਪੁਤਰ ਵੀ ਬਿਨਾ ਕਫਨ-ਦਫਨ ਤੋਂ ਇਸ ਦੁਨੀਆਂ ਤੋਂ ਨਹੀਂ ਜਾਂਦੇ ਗੁਰੂ ਸਾਹਿਬ ਹੋਰ ਸਭ ਲਾਸ਼ਾਂ ਵਲ ਇਸ਼ਾਰਾ ਕੀਤਾ ਤੇ ਕਿਹਾ, “ਇਹ ਵੀ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਵਾਸਤੇ ਇੰਤਜ਼ਾਮ ਹੈ ਤਾਂ ਤੇਰੀ ਇਛਾ ਪੂਰੀ ਹੋ ਸਕਦੀ ਹੈ, ਇਹ ਕਹਿਕੇ ਓਹ ਅਗੇ ਨੂੰ ਤੁਰ ਪਏ।

ਅਗਲੇ ਦਿਨ ਬਾਕੀ ਸਿੰਘ ਇਕ ਇਕ ਕਰਕੇ ਸ਼ਹੀਦ ਹੋ ਗਏ ਪਰ ਈੰਨ ਨਹੀ ਮੰਨੀ, ਹਥਿਆਰ ਨਹੀਂ ਸੁਟੇ ਸਵਾ ਲਖ ਸੇ ਏਕ ਲੜਾਊਂ ਦਾ ਮਹਾਂ ਵਾਕ ਪੂਰਾ ਹੋਇਆ। ਗੁਰੂ ਸਾਹਿਬ ਦਾ ਚੋਲਾ ਤੇ ਕਲਗੀ ਦੇਖ ਕੇ ਹਕੂਮਤ ਨੂੰ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਮਾਰੇ ਗਏ ਹਨ ਤੇ ਇਹ ਭੁਲੇਖਾ ਕਈ ਦਿਨ ਤਕ ਰਿਹਾ।

ਸਮੁਚਾ ਸੰਸਾਰ ਇਸ ਜੰਗ ਦੇ ਝੁਝਾਰੂਆਂ ਦੇ ਸਿਦਕ, ਅਡੋਲਤਾ, ਤੇ ਜਾਂਬਾਜ਼ੀ ਦੇਖਕੇ ਅਸ਼ ਅਸ਼ ਕਰਦਾ ਹੈ। ਅੱਲਾ ਯਾਰ ਜੋਗੀ ਨੇ ਚਮਕੋਰ ਨੂੰ ਹਿੰਦੂਆਂ ਦਾ ਇਕੋ ਇਕ ਤੀਰਥ ਮੰਨਿਆ ਹੈ। ਮੁਲ੍ਮਾਨਾਂ ਨੇ ਇਸ ਸ਼ਾਇਰ ਨੂੰ ਇਸਲਾਮ ਤੋਂ ਕਢ ਦਿਤਾ, ਕਾਫ਼ਿਰ ਕਰਾਰ ਕਰ ਦਿਤਾ ਕਿਓਂਕਿ ਉਸਦੀ ਸਾਰੀ ਸ਼ਾਇਰੀ ਹੀ ਗੁਰੂ ਗੋਬਿੰਦ ਸਿੰਘ ਦੇ ਨਾਮ ਸੀ ਜਦੋਂ ਓਹ ਮੋਤ ਦੇ ਬਿਸਤਰ ਤੇ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਇਆ। ਸਾਰੀ ਓਮਰ ਤੂੰ ਇਕ ਕਾਫ਼ਿਰ ਦੀਆਂ ਸਿਫਤਾਂ ਕਰਦਾ ਰਿਹਾਂ ਹੈ, ਤੈਨੂੰ ਮੁਹੰਮਦ ਸਾਹਿਬ ਦਾ ਖ਼ਿਆਲ ਤਕ ਨਹੀ ਆਇਆ ? ਹੁਣ ਤੂੰ ਮੋਤ ਦੇ ਬਿਸਤਰ ਤੇ ਪਿਆਂ ਹੈ ਹੁਣ ਤਾਂ ਇਸ ਮਾਫ਼ੀਨਾਮੇ ਤੇ ਦਸਤਖਤ ਕਰਦੇ ਤਾਕਿ ਤੇਰੀ ਨਾਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ਾ ਪੜਿਆ ਜਾ ਸਕੇ। ਅੱਲਾ ਯਾਰ ਜੋਗੀ ਦਾ ਜਵਾਬ ਸੀ ਮੈਨੂੰ ਨ੍ਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ੇ ਦੀ ਲੋੜ ਨਹੀ, ਨਾ ਹੀ ਇਸਲਾਮੀ ਕਾਇਦੇ ਨਾਲ ਕਫਨ -ਦਫਨ ਦੀ ਲੋੜ ਹੈ ਮੇਰਾ ਲਈ ਜਨਤ ਦੇ ਦਰਵਾਜ਼ੇ ਬੇਸ਼ਕ ਨਾ ਖੋਲੇ ਜਾਣ, ਕਿਓਂਕਿ ਮੇਰਾ ਕਲਗੀਧਰ ਪਾਤਸ਼ਾਹ ਮੈਨੂੰ ਦਰਵਾਜ਼ੇ ਖੋਲ ਕੇ ਉਡੀਕ ਰਿਹਾ ਹੈ। ਇਤਨਾ ਪਿਆਰ, ਸਤਕਾਰ ਤੇ ਸ਼ਰਧਾ ਸੀ ਉਸ ਮੁਸਲਮਾਨ ਸ਼ਾਇਰ ਨੂੰ ਗੁਰੂ ਸਾਹਿਬ ਲਈ।

ਗੜੀ ਤੋਂ ਬਾਹਰ ਨਿਕਲਣ ਵੇਲੇ ਆਪਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਪਰ ਹਨੇਰੇ ਵਿਚ ਤਿਨੋਂ ਨਿਖੜ ਗਏ। ਗੁਰੂ ਸਾਹਿਬ ਕਿੜੀ ਪਿੰਡ ਦੇ ਕੋਲ ਜਦ ਪਹੁੰਚੇ ਤਾਂ ਦੋ ਗੁਜਰਾਂ ਅਲਫੂ ਤੇ ਗਾਮੂ ਨੇ ਗੁਰੂ ਸਾਹਿਬ ਨੂੰ ਪਹਿਚਾਨ ਲਿਆ, ਇਨਾਮ ਦੇ ਲਾਲਚ ਕਰਕੇ ਉਨ੍ਹਾ ਨੂੰ ਪਕੜਵਾਨਾ ਚਾਹਿਆ। ਗੁਰੂ ਸਾਹਿਬ ਨੇ ਉਨ੍ਹਾ ਦੋਨੋ ਨੂੰ ਨੂੰ ਉਥੇ ਹੀ ਮੋਤ ਦੇ ਘਾਟ ਉਤਾਰ ਦਿਤਾ। ਉਥੋਂ ਰਾਤੋ -ਰਾਤ ਸਫਰ ਕਰਕੇ ਮਾਛੀਵਾੜੇ ਪੁਜੇ, ਥੋੜਾ ਆਰਾਮ ਕਰਨ ਲਈ ਇਕ ਬਾਗ ਵਿਚ ਗਏ, ਕਈ ਦਿਨਾਂ ਪਿਛੋਂ ਡੋਡਿਆਂ ਦਾ ਰਸ ਤੇ ਖੂਹ ਦੀਆਂ ਟਿੰਡਾ ਦਾ ਪਾਣੀ ਪੀਤਾ, ਨੰਗੇ ਪੈਰੀਂ ਚਲਦਿਆ ਪੈਰਾਂ ਵਿਚ ਛਾਲੇ ਪਏ ਹੋਏ ਸੀ, ਚਰਨ ਕੰਡਿਆਂ ਨਾਲ ਪ੍ਛੇ ਹੋਏ ਸੀ, ਝਾੜੀਆਂ ਨਾਲ ਅੜ ਅੜ ਕੇ ਜਾਮਾ ਲੀਰੋ ਲੀਰ ਹੋਇਆ ਸੀ, ਵਿਛੋੜਾ, ਭੁਖ, ਧਕੇਵਾਂ, ਉਨੀਦਰਾ ਆਤਮਾ ਭਾਵੇਂ ਚੜਦੀ ਕਲਾ ਵਿਚ ਸੀ ਪਰ ਸਰੀਰ ਨਿਢਾਲ ਹੋ ਚੁਕਾ ਸੀ। ਓਹ ਬੜੇ ਸ਼ਾਂਤ ਚਿਤ ਹੋਕੇ ਥੋੜਾ ਆਰਾਮ ਕਰਨ ਲਈ ਢੀਮ ਦਾ ਸਰ੍ਹਾਣਾ ਲੇਕੇ ਜਮੀਨ ਤੇ ਲੇਟ ਜਾਂਦੇ ਹਨ। ਗੁਰੂ ਸਾਹਿਬ ਦਾ ਹੋਸਲਾ ਵੀ ਕਮਾਲ ਦਾ ਸੀ। ਬਹੁਤ ਕੁਝ ਵਾਪਰ ਜਾਂਦਾ ਹੈ ਪਰ ਅਜੇ ਵੀ ਓਹ ਮਾਲਿਕ ਦਾ ਸ਼ੁਕਰ ਅਦਾ ਕਰਦੇ ਗੁਨਗੁਨਾ ਰਹੇ ਸਨ। ,

ਮਿਤਰ ਪਿਆਰੇ ਨੂੰ, ਹਾਲ ਮੁਰੀਦਾ ਦਾ ਕਹਿਣਾ

ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ

ਇਥੇ ਹੀ ਤਿੰਨ ਸਿੰਘ ਆਪ ਜੀ ਨੂੰ ਆਣ ਮਿਲੇ। ਗੁਰੂ ਸਾਹਿਬ ਦੀ ਹਾਲਤ ਦੇਖਕੇ ਉਨਾਂ ਦੀਆਂ ਭੁਬਾਂ ਨਿਕਲ ਗਈਆਂ। ਗੁਰੂ ਸਾਹਿਬ ਨੇ ਅਖਾਂ ਖੋਲੀਆਂ, ਓਨ੍ਹਾ ਨੂੰ ਸ਼ਾਂਤ ਕੀਤਾ ਤੇ ਰਬ ਦੇ ਭਾਣੇ ਵਿਚ ਰਹਿਣ ਦੀ ਤਾਕੀਦ ਕੀਤੀ। ਉਨ੍ਹਾ ਨੇ ਦਸਿਆ ਕੀ ਵੈਰੀਆਂ ਦੀਆ ਫੋਜ਼ਾ ਵਾਹੋ ਦਾਹੀ ਆਪਜੀ ਦਾ ਪਿਛਾ ਕਰਦੀਆਂ ਆ ਰਹੀਆਂ ਹਨ। ਗੁਰੂ ਸਾਹਿਬ ਜਿਥੇ ਠਹਿਰੇ ਹੋਏ ਸੀ ਓਹ ਪੰਜਾਬ ਦੇ ਮਸੰਦ, ਗੁਲਾਬੇ ਦਾ ਬਾਗ ਸੀ ਉਸਨੇ ਸੇਵਾ ਤਾਂ ਬੜੀ ਕੀਤੀ ਪਰ ਜਦ ਮੁਗਲ ਫੌਜਾਂ ਦੇ ਆਣ ਦਾ ਸੁਣਿਆ ਤਾਂ ਡਰ ਗਿਆ ਕਿ ਜੇ ਹਕੂਮਤ ਨੂੰ ਪਤਾ ਚਲ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ। ਸਵੇਰੇ ਹੀ 5 ਮੋਹਰਾਂ ਰਖ ਕੇ ਮਥਾ ਟੇਕ ਦਿਤਾ।

ਇਸੇ ਪਿੰਡ ਦੇ ਨਬੀ ਖਾਨ ਤੇ ਗਨੀ ਖਾਨ, ਪਠਾਨ ਜੋ ਘੋੜਿਆ ਦੇ ਸੁਦਾਗਰ ਸਨ ਤੇ ਆਪਣੇ ਘੋੜੇ ਗੁਰੂ ਸਾਹਿਬ ਨੂੰ ਵੇਚਦੇ ਵੇਚਦੇ ਉਨ੍ਹਾ ਦੇ ਮੁਰੀਦ ਬਣ ਗਏ ਸਨ, ਜਦ ਉਨ੍ਹਾ ਨੂੰ ਖਬਰ ਹੋਈ ਤਾਂ ਗੁਰੂ ਸਾਹਿਬ ਨੂੰ ਲੈਣ ਵਾਸਤੇ ਗੁਲਾਬੇ ਦੇ ਘਰ ਆਏ। ਸਤਿਗੁਰੁ ਨੂੰ ਦੇਖਕੇ ਖੁਸ਼ ਵੀ ਹੋਏ ਤੇ ਉਦਾਸ ਵੀ। ਉਨ੍ਹਾ ਦੀ ਹਾਲਤ ਇਕ ਆਮ ਫਕੀਰ ਵਰਗੀ ਦੇਖਕੇ, ਨਾ ਤਖਤ, ਨਾ ਤਾਜ, ਨਾ ਸੈਨਾ, ਸੇਵਕ, ਪਰਿਵਾਰ, ਹਾਥੀ ਘੋੜੇ, ਗੁਰੂ ਕੇ ਲੰਗਰ, ਮੇਲੇ ਦੀਆਂ ਰੋਣਕਾਂ, ਇਹ ਸਭ ਦੇਖਿਆ ਨਹੀਂ ਗਿਆ। ਆਨੰਦਪੁਰ ਦੀਆਂ ਬੀਤੀਆਂ ਵਾਰਤਾਵਾਂ ਓਹ ਸੁਣ ਚੁਕੇ ਸਨ। ਸੂਬਾ ਸਰਹੰਦ ਤੇ ਉਸਦੀਆਂ ਵਧੀਕੀਆਂ ਬਾਰੇ ਵੀ ਓਹ ਸੁਣ ਚੁਕੇ ਸਨ। ਹਥ ਜੋੜਕੇ ਪੁਛਣ ਲਗੇ ਕੋਈ ਸੇਵਾ ਦਸੋ, ਇਸ ਵੇਲੇ ਅਸੀਂ ਤੁਹਾਡੇ ਕਿਹੜੇ ਕੰਮ ਆ ਸਕਦੇ ਹਾਂ ? ਬੜੇ ਪ੍ਰੇਮ ਭਾਵ ਨਾਲ ਆਪਣੇ ਘਰ ਲੈ ਗਏ ਤੇ ਸੇਵਾ ਕੀਤੀ। ਉਨ੍ਹਾ ਨੂੰ ਲਗਾ ਕੀ ਇਹ ਜਗਹ ਗੁਰੂ ਸਾਹਿਬ ਲਈ ਖਤਰੇ ਤੋਂ ਖਾਲੀ ਨਹੀਂ ਹੈ। ਸ਼ਾਹੀ ਫੌਜ਼ ਚਪਾ ਚਪਾ ਧਰਤੀ ਤੇ ਖਲੋਤੀ ਹੈ, ਘਰ ਘਰ ਲਭਦੇ ਫਿਰਦੇ ਹਨ, ਜੀ ਜੀ ਤੋਂ ਪੁਛਿਆ ਜਾ ਰਿਹਾ ਹੈ। ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਉਨ੍ਹਾ ਨੇ ਗੁਰੂ ਸਾਹਿਬ ਨੂੰ ਸਲਾਹ ਦਿਤੀ, ਤੁਸੀਂ ਨੀਲਾ ਬਾਣਾ ਤਾਂ ਪਾਂਦੇ ਹੀ ਹੋ। ਅਸੀਂ ਤੁਹਾਨੂੰ ਉਚ ਸ਼ਰੀਫ਼ ਦੇ ਪੀਰ ਬਣਾਕੇ ਹੇਹਰ ਪਿੰਡ ਜਾਂ ਜਿਥੇ ਤੁਸੀਂ ਕਹੋ ਛਡ ਦਿੰਦੇ ਹਾਂ, ਅਗਰ ਤੁਹਾਡੇ ਲਈ ਜਾਨ ਵੀ ਦੇਣੀ ਪਈ ਤਾਂ ਖੁਸ਼ਕਿਸਮਤ ਸਮਝਾਂਗੇ ਆਪਣੇ ਨੂੰ।

ਰਿਆਸਤ ਭਾਗਲ ਪੁਰ ਵਿਚ ਇਕ ਥਾਂ ਹੈ ਜਿਥੋਂ ਦੇ ਪੀਰ ਬੜੇ ਪ੍ਰਸਿਧ ਹਨ ਜੋ ਅਕਸਰ ਮੁਰੀਦਾਂ ਕੋਲ ਆਇਆ ਜਾਇਆ ਕਰਦੇ ਸੀ। ਸੋ ਗੁਰੂ ਸਾਹਿਬ ਲਈ ਨੀਲੇ ਵਸਤਰ ਬਣਵਾਏ, ਪਾਲਕੀ ਬਨਵਾਈ ਤੇ ਗੁਰੂ ਸਾਹਿਬ ਨੂੰ ਉਚ ਸ਼ਰੀਫ਼ ਦਾ ਪੀਰ ਬਣਾਕੇ ਪਾਲਕੀ ਵਿਚ ਬਿਠਾ ਦਿਤਾ। ਅਗ੍ਲੇ ਪਾਸਿਓ ਦੋਨੋ ਭਰਾਵਾਂ ਨੇ ਚੁਕ ਲਈ ਤੇ ਪਿਛੋਂ ਦੋ ਪਿਆਰਿਆਂ ਨੇ ਧਰਮ ਸਿੰਘ ਤੇ ਮਾਨ ਸਿੰਘ ਨੇ। ਭਾਈ ਦਯਾ ਸਿੰਘ ਪਾਲਕੀ ਦੇ ਪਿੱਛੇ ਚਵਰ ਲੇਕੇ, ਮਾਛੀਵਾੜੇ ਦੇ ਘੇਰੇ ਤੋ ਨਿਕਲ ਕੇ ਪਿੰਡ ਹੇਹਰ ਵਲ ਨੂੰ ਰਵਾਨਾ ਹੋਏ। ਰਾਹ ਵਿਚ ਗਸ਼ਤੀ ਫੌਜ਼ ਨਾਲ ਟਕਰ ਹੋ ਗਈ। ਪਾਲਕੀ ਰੁਕਵਾਈ, ਪੁਛ ਗਿਛ ਕੀਤੀ। ਪਠਾਨ ਭਰਾਵਾਂ ਨੇ ਉਨ੍ਹਾ ਦੀ ਤਸਲੀ ਕਰਵਾ ਦਿਤੀ। ਵਧੇਰੇ ਪਕਿਆਂ ਕਰਨ ਵਾਸਤੇ ਕਾਜ਼ੀ ਪੀਰ ਮੁਹੰਮਦ ਨੂੰ ਜੋ ਗੁਰੂ ਸਾਹਿਬ ਦੇ ਇਕ ਵਕ਼ਤ ਫਾਰਸੀ ਦੇ ਅਧਿਆਪਕ ਸੀ, ਬੁਲਾ ਲਿਆ। ਉਨ੍ਹਾ ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਕਿਹਾ, ” ਇਨ੍ਹਾ ਮਹਾਂ ਪੁਰਸ਼ਾਂ ਨੂੰ ਰੋਕੋ ਨਹੀਂ ਇਹ ਤਾਂ ਉਚ ਸ਼ਰੀਫ਼ ਦੇ ਉਚੇ ਪੀਰ ਹਨ।

ਹੇਹਰ ਪਿੰਡ ਮਹੰਤ ਕਿਰਪਾਲ ਕੋਲ ਪੁਜੇ ਜਿਸਨੇ ਕਦੀ ਭੰਗਾਣੀ ਦੇ ਯੁਧ ਵਿਚ ਬਹੁਤ ਬਹਾਦਰੀ ਦਿਖਾਈ ਸੀ। ਇਥੇ ਉਨ੍ਹਾ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਸ਼ੀਰਵਾਦ ਦੇਕੇ ਵਿਦਾ ਕੀਤਾ। ਕਿਰਪਾਲ ਕਮਜ਼ੋਰ ਤੇ ਡਰਪੋਕ ਨਿਕਲਿਆ ਗੁਰੂ ਸਾਹਿਬ ਸਮਝ ਗਏ ਤੇ ਉਥੋਂ ਚਲ ਪਏ। ਪਿੰਡ ਲਲ-ਪਿੰਡ ਲਮਾ-ਜਟਪੁਰਾ-ਰਾਇ ਕੋਟ ਜੋ ਲੁਧਿਆਣੇ ਤੋਂ 27 ਮੀਲ ਦੀ ਦੂਰੀ ਤੇ ਹੈ ਇਕ ਟਾਹਲੀ ਹੇਠ ਬੇਠਕੇ ਰਾਤ ਕਟੀ। ਕਿਸੇ ਚਰਵਾਹੇ ਨੇ ਜਾਕੇ ਰਾਇ ਕਲਾ ਨੂੰ ਦਸਿਆ। ਓਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ। ਗੁਰੂ ਸਾਹਿਬ ਦੇ ਪਰਿਵਾਰ ਦਾ ਹਾਲ ਸੁਣਕੇ ਬਹੁਤ ਦੁਖੀ ਹੋਇਆ, ਕਹਿਣ ਲਗਾ ਕੋਈ ਸੇਵਾ ਦਸੋ। ਗੁਰੂ ਸਾਹਿਬ ਨੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਨੂੰ ਕਿਹਾ। ਰਾਇ ਕਲਾ ਨੇ ਓਸੇ ਵੇਲੇ ਮਾਹੀ ਨਾਮ ਦੇ ਇਕ ਆਦਮੀ, ਜਿਸ ਨੂੰ ਨੂਰਾਂ ਕਹਿੰਦੇ ਸੀ, ਸਦਿਆ ਜੋ ਇਕ ਚੰਗਾ ਘੋੜ ਸਵਾਰ ਤੇ ਹੁਸ਼ਿਆਰ ਆਦਮੀ ਸੀ, ਸਰਹੰਦ ਜਾਣ ਵਾਸਤੇ ਕਹਿ ਦਿਤਾ। ਨੂਰਾਂ ਸਰਹੰਦ ਪੁਜਾ, ਸਾਰਾ ਹਾਲ ਦੇਖਿਆ ਤੇ ਸੁਣਿਆ, ਅਗਲੇ ਦਿਨ ਜੀਊਂ ਦਾ ਤਿਊਂ ਗੁਰੂ ਸਾਹਿਬ ਨੂੰ ਸੁਣਾ ਦਿਤਾ। ਗੁਰੂ ਸਾਹਿਬ ਨੇ ਸਾਕਾ ਸਰਹੰਦ ਬੜੇ ਸ਼ਾਂਤ, ਅਡੋਲ ਤੇ ਧੀਰਜ ਨਾਲ ਸੁਣਿਆ। ਓਸ ਵਕਤ ਓਹ ਰਾਇ ਕਲਾ ਦੇ ਖੇਤ ਵਿਚ ਬੇਠੇ ਸੀ। ਓਠੇ ਇਕ ਦਬ ਦਾ ਬੂਟਾ ਜੜਾਂ ਸਮੇਤ ਪੁਟਿਆ ਤੇ ਕਿਹਾ ” ਮੁਗਲ ਰਾਜ ਦੀਆਂ ਜੜਾਂ ਹੁਣ ਪੁਟੀਆਂ ਗਈਆਂ ਹਨ। ਜਿਸ ਰਾਜ ਵਿਚ ਮਾਸੂਮਾਂ ਤੇ ਬੇਗੁਨਾਹਾਂ ਨੂੰ ਇਸ ਤਰਹ ਕਤਲ ਕੀਤਾ ਜਾਵੇ ਓਹ ਕੋਮ ਅਵਸ਼ ਨਾਸ਼ ਹੁੰਦੀ ਹੈ। ਇਥੇ ਉਨ੍ਹਾ ਨੇ ਬਚਨ ਕੀਤੇ ” ਮੁਗਲ ਜੋ ਇਤਨੇ ਹੰਕਾਰੇ ਹਨ। ਪਾਪ ਤੇ ਜ਼ੁਲਮ ਕਰ ਰਹੇ ਹਨ ਇਕ ਦਿਨ ਘਸਿਆਰੇ ਤੇ ਮੰਗਤੇ ਬਣਨਗੇ। ਇਸੇ ਭਾਰਤ ਭੂਮੀ ਵਿਚ ਮੇਰੇ ਸਿਖਾਂ ਦੇ ਘਰ ਉਸਾਰਿਆ ਕਰਨਗੇ “।

ਸਾਕਾ ਸਰਹੰਦ

ਮਾਤਾ ਗੁਜਰੀ ਘੋੜੇ ਤੇ ਸਵਾਰ ਸਨ, ਅਗੇ ਛੋਟਾ ਤੇ ਪਿਛੇ ਵਡਾ ਸਾਹਿਬਜ਼ਾਦਾ ਸੀ। ਹਨੇਰੀ, ਝਖੜ ਤੇ ਘਣੇ ਜੰਗਲਾਂ ਵਿਚੋਂ ਬਾਣੀ ਦਾ ਪਾਠ ਤੇ ਸਾਖੀਆਂ ਸੁਣਾਦੇ ਲੰਘ ਰਹੇ ਸਨ। ਇਕ ਝੁਗੀ ਦਿਖੀ, ਕੁਮੈਂ ਮਾਸ਼ਕੀ ਦੀ ਝੁਗੀ ਸੀ। ਜਦ ਉਸਨੇ ਮਾਤਾ ਜੀ ਨਾਲ ਸਾਹਿਬਜਾਦਿਆਂ ਨੂੰ ਆਉਂਦਿਆਂ ਦੇਖਿਆ ਤਾਂ ਖੁਸ਼ ਹੋ ਗਿਆ। ਬੇਨਤੀ ਕੀਤੀ ਕੀ ਹਨੇਰਾ ਪੈ ਗਿਆ ਹੈ, ਜੰਗਲ ਵਿਚ ਖਤਰਨਾਕ ਜਾਨਵਰ ਹਨ। ਅਜ ਦੀ ਰਾਤ ਤੁਸੀਂ ਇਥੇ ਰਹਿ ਜਾਓ। ਰਾਤ ਮਾਤਾ ਜੀ ਨੇ ਕੁਮੇ ਮਾਸ਼ਕੀ ਦੀ ਝੁਗੀ ਵਿਚ ਕਟੀ ਜਿਸਨੇ ਬੜੇ ਪਿਆਰ ਤੇ ਸਤਕਾਰ ਨਾਲ ਸੇਵਾ ਕੀਤੀ। ਜਦ ਗੰਗੂ ਬ੍ਰਹਮਣ ਜੋ ਕਿਸੇ ਵਕ਼ਤ ਗੁਰੂ ਘਰ ਲੰਗਰ ਦਾ ਸੇਵਾਦਾਰ ਸੀ, ਸੂਹ ਮਿਲੀ ਤਾਂ ਓਹ ਓਨ੍ਹਾ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਰਾਤ ਵੇਲੇ ਜਦ ਉਸਨੇ ਮੋਹਰਾਂ ਦੀ ਥੈਲੀ ਮਾਤਾ ਜੀ ਕੋਲ ਦੇਖੀ ਤਾ ਉਸਦਾ ਮਨ ਲਲਚਾ ਗਿਆ। ਰਾਤੀਂ ਸੁਤਿਆਂ ਮਾਤਾ ਜੀ ਦੇ ਸਰਹਾਣੇ ਹੇਠੋਂ ਮੋਹਰਾਂ ਦੀ ਥੈਲੀ ਕਢ ਲਈ। ਸਵੇਰ ਹੋਈ ਮਾਤਾ ਗੁਜਰੀ ਨੇ ਜਦ ਥੈਲੀ ਬਾਰੇ ਪੁਛਿਆ ਤਾਂ ਭੜਕ ਉਠਿਆ। ਮੈਨੂੰ ਕੀ ਪਤਾ। ਤੁਸੀਂ ਮੇਰੇ ਤੇ ਇਲ੍ਜ਼ਾਮ ਲਗਾ ਰਹੇ ਹੋ, ਮੈ ਆਪਣੀ ਜਾਨ ਖਤਰੇ ਵਿਚ ਪਾਕੇ ਤੁਹਾਡੀ ਰਖਿਆ ਕੀਤੀ ਹੈ। ਭੁੜਕਦਾ ਭੁੜਕਦਾ ਬਾਹਰ ਨਿਕਲ ਗਿਆ। ਮਾਤਾ ਗੁਜਰੀ ਨੇ ਬਥੇਰਾ ਚੁਪ ਰਹਿਣ ਲਈ ਕਿਹਾ, ਪਰ ਉਸਦਾ ਲਾਲਚ ਹੋਰ ਵਧ ਗਿਆ, ਹਕੂਮਤ ਕੋਲੋਂ ਇਨਾਮ ਦਾ ਲਾਲਚ। ਰੋਲਾ ਪਾਂਦਾ ਪਾਂਦਾ ਪਿੰਡ ਦੇ ਚੌਧਰੀ ਨੂੰ ਦਸ ਆਇਆ। ਮਾਤਾ ਗੁਜਰੀ ਤੇ ਬਚਿਆਂ ਉਤੇ ਪਹਿਰਾ ਲਗਾ ਦਿਤਾ ਗਿਆ।

ਚੋਧਰੀ ਨੇ ਮੁਰਿੰਡੇ ਦੇ ਹਾਕਮ ਨੂੰ ਇਤਲਾਹ ਦਿਤੀ। ਹਾਕਮ 2 ਸਿਪਾਹੀਆਂ ਨੂੰ ਨਾਲ ਲੇਕੇ ਆਇਆ ਤੇ ਤਿੰਨਾ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਲੈ ਗਿਆ। ਦੋ ਦਿਨ ਕੋਤਵਾਲੀ ਵਿਚ ਨਜਰਬੰਦ ਰਖਿਆ। ਸਵੇਰੇ ਬੈਲਗਾੜੀ ਵਿਚ ਬਿਠਾਕੇ ਬਸੀ ਦੇ ਥਾਣੇ ਤੇ ਫਿਰ ਸਰਹੰਦ ਲੈ ਗਏ। ਸਾਰੇ ਸ਼ਹਿਰ ਵਿਚ ਖਬਰ ਫੈਲ ਗਈ। ਲੋਕੀ ਬਚਿਆਂ ਦੇ ਨੂਰਾਨੀ, ਸ਼ਾਂਤ ਤੇ ਅਡੋਲ ਮੁਖੜੇ ਤੇ ਦਾਦੀ ਦਾ ਸਿਦਕ ਦੇਖਕੇ ਅਸ਼ ਅਸ਼ ਕਰਦੇ ਤੇ ਗੰਗੂ ਨੂੰ ਲਾਹਨਤਾਂ ਪਾਂਦੇ।

ਵਜੀਰ ਖਾਨ ਖਿਦਰਾਣੇ ਦੀ ਢਾਬ ਤੇ ਹੋਣ ਵਾਲੀ ਜੰਗ ਦੀ ਨਾਕਾਮਯਾਬੀ ਤੋਂ ਪਹਿਲੇ ਹੀ ਖਿਜਿਆ ਹੋਆ ਸੀ ਸੋਚਿਆ ਚਲੋ ਗੁਰੂ ਨਹੀ ਤਾਂ ਉਸਦੇ ਬਚੇ ਹੀ ਸਹੀ। ਦੋ ਦਿਨ ਭੁਖੇ ਤਿਹਾਏ ਰਖਕੇ ਪੋਹ ਦੀਆਂ ਠੰਡੀਆਂ ਰਾਤਾ ਵਿਚ ਠੰਡੇ ਬੁਰਜ ਵਿਚ ਕੈਦ ਕਰ ਦਿਤਾ। ਅਗਲੇ ਦਿਨ ਉਨ੍ਹਾ ਦੀ ਸੂਬੇ ਸਰਹੰਦ ਅਗੇ ਕਚਿਹਿਰੀ ਵਿਚ ਪੇਸ਼ੀ ਸੀ। ਸਵੇਰ ਹੋਈ, ਮਾਤਾ ਗੁਜਰੀ ਨੇ ਅਕਾਲ ਪੁਰਖ ਤੇ ਆਸੀਮ ਭਰੋਸਾ ਕਰਕੇ ਬੜੀ ਦਲੇਰੀ, ਤੇ ਹਿੰਮਤ ਰਖਦਿਆਂ ਬਚਿਆਂ ਨੂੰ ਤਿਆਰ ਕੀਤਾ, ਪਿਆਰ ਕੀਤਾ, ਚੁੰਮਿਆ ਤੇ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁਤਰ ਹੋ ਜਿਨਾਂ ਨੇ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਦੀ ਕੁਰਬਾਨੀ ਦਿਤੀ, ਓਸ ਦਾਦੇ ਦੇ ਪੋਤੇ ਹੋ ਜਿਨ੍ਹਾ ਧਰਮ ਦੀ ਰ੍ਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਅੰਸ ਵਿਚੋਂ ਹੋ ਜੋ ਸਚ ਦੀ ਖਾਤਿਰ, ਤਤੀਆਂ ਲੋਹਾਂ ਤੇ ਬੈਠੇ, ਸੀਸ ਤੇ ਗਰਮ ਰੇਤਾ ਪਵਾਇਆ ਦੇਗਾਂ ਦੇ ਉਬਾਲ ਵੀ ਉਨ੍ਹਾ ਨੂੰ ਡੋਲਾ ਨਹੀ ਸਕੇ। ਤੁਸੀਂ ਵੀ ਮਰਦਾਂ ਵਾਂਗ ਸ਼ਾਂਤ ਤੇ ਅਡੋਲ ਰਹਿਣਾ, ਝੁਕਣਾ ਨਹੀ ਤੇ ਹਰ ਸਵਾਲ ਦਾ ਜਵਾਬ ਬੜੇ ਬੈਖੋਫ਼ ਹੋਕੇ ਦੇਣਾ। ਬਚੇ ਵੈਸੇ ਵੀ ਮਾਤਾ ਜੀਤੋ ਦੇ ਅਕਾਲ ਚਲਾਣੇ ਤੋ ਬਾਅਦ ਮਾਤਾ ਗੁਜਰੀ ਦੀ ਛਤਰ ਛਾਇਆ ਹੇਠ ਪਲੇ ਸੀ, ਜੋ ਖੁਦ ਇਕ, ਪ੍ਰੇਮ ਮਮਤਾ, ਧੀਰਜ, ਤਿਆਗ, ਉਦਾਰਤਾ ਤੇ ਸਹਿਨਸ਼ੀਲਤਾ ਦੀ ਮੂਰਤ ਸੀ। ਬਚਿਆਂ ਤੇ ਦਾਦੀ ਦਾ ਬਹੁਤ ਗਹਿਰਾ ਅਸਰ ਸੀ।

ਵਜੀਰ ਖਾਨ ਦੇ ਸਿਪਾਹੀ ਲੈਣ ਵਾਸਤੇ ਆ ਗਏ। ਸਾਰੇ ਰਸਤੇ ਬਚਿਆਂ ਨੂੰ ਚੇਤਾਵਨੀ ਦਿੰਦੇ ਗਏ ਕੀ ਸੂਬਾ ਸਰਹੰਦ ਨੂੰ ਜਾਂਦੇ ਹੀ ਝੁਕਕੇ ਸਲਾਮ ਕਰਣਾ। ਕਚਿਹਰੀ ਦੇ ਬਾਹਰ ਭੀੜ ਇਕਠੀ ਹੋਈ ਹੋਈ ਸੀ। ਕਚਿਹਰੀ ਦੇ ਸਭ ਦਰਵਾਜੇ ਬੰਦ ਕੀਤੇ ਗਏ ਸੀ। ਇਕ ਛੋਟੀ ਜਹੀ ਖਿੜਕੀ ਰਾਹੀਂ, ਇਤਨੀ ਜਗਹ ਸੀ ਅੰਦਰ ਜਾਣ ਦੀ ਤਾਂਕਿ ਬਚੇ ਸਿਰ ਝੁਕਾ ਕੇ ਅੰਦਰ ਵੜਨ। ਬਚੇ ਉਨਾਂ ਦੇ ਮਕਸਦ ਨੂੰ ਸਮਝ ਗਏ ਓਨ੍ਹਾ ਨੇ ਸਿਰ ਦੀ ਜਗਹ ਪਹਿਲੇ ਪੈਰ ਅਗੇ ਕੀਤੇ। ਦੁਸ਼ਮਨ ਦੀ ਮਕਾਰੀ ਦਾ ਇਹ ਵਾਰ ਖਾਲੀ ਗਿਆ। ਜਦ ਵਜ਼ੀਰ ਖਾਨ ਦੇ ਸਾਮਣੇ ਆਏ ਉਨ੍ਹਾ ਦੇ ਚੇਹਰੇ ਤੇ ਅਜੀਬ ਚਮਕ ਸੀ। ਡਰ ਖਤਰਾ ਕੋਸੋਂ ਦੂਰ ਸੀ। ਆਦਿਆਂ ਸਾਰ ਗਜ ਕੇ ਜੈਕਾਰਾ ਛਡਿਆ “ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ” ਜਿਸ ਨੂੰ ਸੁਣਕੇ ਇਕ ਵਾਰੀ ਤਾਂ ਨਵਾਬ ਵੀ ਕੰਬ ਗਿਆ। ਪਹਿਲੇ ਸੁਚਾ ਨੰਦ ਨੇ ਸਮਝਾਇਆ ਕਿ ਮੈਂ ਵੀ ਹਿੰਦੂ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਤੁਹਾਡੇ ਪਿਤਾ ਤੇ ਦੋਨੋ ਵਡੇ ਭਰਾ ਲੜਾਈ ਵਿਚ ਮਾਰੇ ਗਏ ਹਨ। ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਮਾਫ਼ੀ ਮੰਗੋਗੇ ਤਾਂ ਬਖਸ਼ ਦਿਤੇ ਜਾਉਗੇ।

ਸੂਬਾ ਸਰਹੰਦ ਨੇ ਉਨਾ ਨੂੰ ਇਸਲਾਮੀ ਦਾਇਰੇ ਵਿਚ ਅਉਣ ਲਈ ਪ੍ਰੇਰਨਾ ਲਾਲਚ ਤੇ ਤਾੜਨਾ ਦੇਕੇ ਕਿਹਾ, “ਅਜੇ ਤੁਹਾਡੀ ਖਾਣ ਪੀਣ ਦੀ ਉਮਰ ਹੈ, ਅਸੀਂ ਤੁਹਾਨੂੰ ਜਗੀਰਾਂ ਤੇ ਧੰਨ ਦੋਲਤ ਨਾਲ ਮਾਲੋ ਮਾਲ ਕਰ ਦਿਆਂਗੇ। ਇਥੇ ਵੀ ਤੇ ਅਗਲੇ ਜਨਮ ਵਿਚ ਵੀ ਤੁਹਾਨੂੰ ਜਨਤ ਨਸੀਬ ਹੋਵੇਗੀ। ਬਚਿਆਂ ਨੇ ਬੜੇ ਬੇਖੋਫ਼ ਹੋਕੇ ਜਵਾਬ ਦਿਤਾ, ” ਅਸੀਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਦੀ ਔਲਾਦ ਹਾਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ ਧਰਮ ਛਡਣਾ ਨਹੀ, ਮੋਤ ਤੋ ਸਾਨੂੰ ਡਰ ਨਹੀ ਲਗਦਾ।

ਤਿੰਨ ਦਿਨ ਤਕ ਪ੍ਰੇਰਨਾ, ਲਾਲਚ ਤੇ ਡਰਾਵੇ ਦਾ ਸਿਲਸਲਾ ਚਲਦਾ ਰਿਹਾ ਪਰ ਬਚੇ ਟਸ ਤੋ ਮਸ ਨਹੀਂ ਹੋਏ। ਅਖਿਰ ਵਜ਼ੀਰ ਖਾਨ ਨੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜੋ ਕਚਹਿਰੀ ਵਿਚ ਹੀ ਬੈਠਾ ਸੀ ਕਿਹਾ ਕਿ ਅਸੀਂ ਇਨ੍ਹਾ ਬਚਿਆਂ ਨੂੰ ਤੁਹਾਡੇ ਹਵਾਲੇ ਕਰਦੇ ਹਾਂ। ਤੁਸੀਂ ਆਪਣੇ ਭਰਾ ਦਾ ਬਦਲਾ ਇਨ੍ਹਾ ਨੂੰ ਮਰਵਾ ਕੇ ਲੈ ਸਕਦੇ ਹੋ। ਸ਼ੇਰ ਮੁਹੰਮਦ ਇਕ ਸੁਲਝੇ ਹੋਏ ਮੁਸਲਮਾਨ ਸਨ ਉਨ੍ਹਾ ਨੇ ਕਿਹਾ ਕਿ ਮੇਰਾ ਭਰਾ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ ਹੈ ਅਗਰ ਬਦਲਾ ਹੀ ਲੈਣਾ ਹੈ ਤਾਂ ਮੈਂ ਗੁਰੂ ਕੋਲੋਂ ਲਵਾਂਗਾ। ਇਨ੍ਹਾ ਮਸੂਮਾ ਨੂੰ ਇਨ੍ਹਾ ਦੇ ਪਿਤਾ ਦੀ ਕਰਨੀ ਦੀ ਸਜਾ ਹਰਗਿਜ਼ ਨਹੀਂ ਦਿਤੀ ਜਾ ਸਕਦੀ। ਇਹ ਬੇਗੁਨਾਹ ਹਨ, ਮਾਸੂਮ ਹਨ, ਇਨ੍ਹਾ ਨੂੰ ਮਾਰਨਾ ਗੁਨਾਹ ਹੈ। ਮੇਰੀ ਰਾਇ ਹੈ ਇਨ੍ਹਾ ਨੂੰ ਛਡ ਦਿਉ। ਸ਼ੇਰ ਮੁਹਮਦ ਕੋਲ ਹੀ ਸੁਚਾ ਨੰਦ ਖੜਾ ਸੀ, ਸਪ ਦੇ ਬਚੇ ਸਪੋਲੀਏ ਹੀ ਹੁੰਦੇ ਹਨ ਇਹ ਆਖਕੇ ਇਨ੍ਹਾ ਦਾ ਸਿਰ ਕੁਚਲਣ ਦੀ ਸ਼ੇਤਾਨੀ ਤਜਵੀਜ਼ ਦਿਤੀ।

ਅਖੀਰ ਨਵਾਬ ਦੀ ਵਾਰੀ ਆਈ ਉਸਨੇ ਪੁਛਿਆ ਅਗਰ ਤੁਹਾਨੂੰ ਅਜਾਦ ਕਰ ਦਿਤਾ ਜਾਏ ਤਾਂ ਤੁਸੀਂ ਕੀ ਕਰੋਗੇ। ਬਚਿਆਂ ਦਾ ਜਵਾਬ ਸੀ ਅਸੀਂ ਸਿਖਾਂ ਨੂੰ ਇਕਠਿਆਂ ਕਰਾਂਗੇ ਉਨ੍ਹਾ ਨੂੰ ਜੰਗੀ ਹਥਿਆਰ ਮੁਹੇਈਏ ਕਰਾਵਾਂਗੇ, ਤੁਹਾਡੇ ਨਾਲ ਲੜਕੇ ਤੁਹਾਨੂੰ ਮਾਰ ਮੁਕਾਵਾਂਗੇ। ਨਵਾਬ ਨੇ ਫਿਰ ਪੁਛਿਆ ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ ? ਫਿਰ ਫੌਜਾਂ ਇਕਠੀਆਂ ਕਰਾਂਗੇ ਜਾਂ ਤੁਹਾਨੂੰ ਮੁਕਾ ਦਿਆਂਗੇ ਜਾਂ ਸ਼ਹੀਦ ਹੋ ਜਾਵਾਂਗੇ। ਕਾਜ਼ੀ ਨੇ ਨਵਾਬ ਦੀ ਰਮਜ਼ ਨੂੰ ਪਹਿਚਾਣ ਲਿਆ। ਬਚਿਆਂ ਦੇ ਜਵਾਬਾਂ ਤੋਂ ਉਸ ਨੂੰ ਹਿੰਮਤ ਮਿਲ ਗਈ। ਓਸਨੇ ਬਚਿਆਂ ਨੂੰ ਬਾਗੀ ਕਰਾਰ ਦੇਕੇ ਨੀਹਾਂ ਵਿਚ ਚਿਨਣ ਜਾਂ ਮੋਤ ਦੇ ਘਾਟ ਉਤਾਰ ਦੇਣ ਦਾ ਫੈਸਲਾ ਸੁਣਾ ਦਿਤਾ।

ਸ਼ੇਰ ਮੁਹਮਦ ਆਹ ਦਾ ਨਾਹਰਾ ਲਗਾਕੇ ਦਰਬਾਰ ਵਿਚੋ ਉਠ ਖੜਿਆ, ” ਇਹ ਜੁਲਮ ਹੈ, ਸ਼ਰਾ ਦੇ ਉਲਟ ਹੈ, ਬੇਗੁਨਾਹ ਬਚਿਆਂ ਨੂੰ ਮਾਰਨ ਦੀ ਸਜਾ ਕਦੀ ਕੋਈ ਸ਼ਰਾ ਨਹੀਂ ਦੇ ਸ੍ਕਦੀ ” ਇਹ ਕਹਿਕੇ ਕਚਹਿਰੀ ਤੋਂ ਬਾਹਰ ਨਿਕਲ ਗਿਆ ਸਾਹਿਬਜ਼ਾਦਿਆਂ ਦੇ ਚਿੰਨਣ ਵਾਸਤੇ ਕਚਹਿਰੀ ਦੇ ਹਾਤੇ ਵਿਚ ਇੰਤਜ਼ਾਮ ਕੀਤਾ ਗਿਆ। ਇਕ ਇਕ ਇਟ ਲਗਾਣ ਤੋ ਬਾਅਦ ਪੁਛਿਆ ਜਾਂਦਾ ਇਸਲਾਮ ਕਬੂਲ ਕਰ ਲਉ। ਪਰ ਉਨ੍ਹਾ ਦਾ ਮੁਸਕਰਾਂਦਾ ਤੇ ਸ਼ਾਂਤ ਚੇਹਰਾ ਇਸਦਾ ਜਵਾਬ ਦੇ ਰਿਹਾ ਸੀ। ਕੰਧ ਗਰਦਨ ਤਕ ਆ ਗਈ, ਬਚੇ ਬੇਹੋਸ਼ ਹੋ ਗਏ। ਕੰਧ ਡਿਗ ਪਈ, ਬਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਦਾਦੀ ਕੋਲ ਪੁਚਾ ਦਿਤਾ ਇਸ ਸਨੇਹੇ ਨਾਲ ਕੀ ਕਲ ਦੋਨੋ ਨੂੰ ਕਤਲ ਕਰ ਦਿਤਾ ਜਾਵੇਗਾ, ਇਸ ਉਮੀਦ ਤੇ ਕਿ ਸ਼ਾਇਦ ਦਾਦੀ ਦਾ ਮੰਨ ਬਦਲ ਜਾਏ ਤੇ ਉਨ੍ਹਾ ਦੀ ਆਸ ਪੂਰੀ ਹੋ ਜਾਏ।

ਇਹ ਸੋਚੋ ਉਹ ਅਠ ਪਹਿਰ ਦਾਦੀ ਦੇ ਕਿਸ ਤਰਹ ਬੀਤੇ ਹੋਣਗੇ। ਸਵੇਰ ਹੋਈ ” ਦਾਦੀ ਤੁਸੀਂ ਅਜ ਕਿਹਾ ਨਹੀਂ ਕਿ ਜਲਦੀ ਆਣਾ ਮੈਂ ਤੁਹਾਨੂੰ ਉਡੀਕਾਂਗੀ “ਜੁਝਾਰ ਨੇ ਪੁਛਿਆ ? ਤਾਂ ਦਾਦੀ ਨੇ ਭਰੇ ਹੋਏ ਮਨ ਨਾਲ ਜਵਾਬ ਦਿਤਾ, ” ਅਜ ਤੁਸੀਂ ਮੈਨੂ ਉਡੀਕਣਾ ਮੈਂ ਜਲਦੀ ਤੁਹਾਡੇ ਕੋਲ ਆ ਜਾਂਵਾਗੀ “। ਕਤਲ ਦਾ ਹੁਕਮ ਸੁਣਾ ਦਿਤਾ ਗਿਆ। ਕੋਈ ਵੀ ਬਚਿਆਂ ਨੂੰ ਕਤਲ ਕਰਨ ਵਾਸਤੇ ਤਿਆਰ ਨਹੀਂ ਹੋਇਆ। ਅਖੀਰ ਬਾਸ਼ਲਬੇਗ ਤੇ ਸ਼ਾਸ਼ਲਬੇਗ, ਜੋ ਕਿਸੇ ਮੁਕਦਮੇ ਵਿਚ ਫਸੇ ਹੋਏ ਸੀ, ਮੁਕਦਮੇ ਤੋਂ ਬਰੀ ਹੋਣ ਦੀ ਸ਼ਰਤ ਤੇ ਮੰਨ ਗਏ। ਜਿਥੇ ਅਜ ਗੁਰੂਦਵਾਰਾ ਭੋਰਾ ਸਾਹਿਬ ਹੈ, ਦੋਨੋ ਬਚਿਆਂ ਨੂੰ ਸ਼ਹੀਦ ਕਰ ਦਿਤਾ ਗਿਆ। ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇਕੇ, ਕਿਲੇ ਦੇ ਬਾਹਰ ਹੰਗਲਾ ਨਦੀ ਦੇ ਕਿਨਾਰੇ ਇਕ ਉਜਾੜ ਥਾਂ ਤੇ ਸੁਟ ਦਿਤਾ ਗਿਆ ਜਿਥੇ ਅਜ ਗੁਰੂਦਵਾਰਾ ਵਿਮਾਨ ਗੜ ਸਾਹਿਬ ਹੈ। ਜਦੋਂ ਸਰਹੰਦ ਦੇ ਇਲਾਕੇ ਵਿਚ, ਗੁਰੂ ਘਰ ਦੇ ਪ੍ਰੇਮੀਆਂ ਨੂੰ ਪਤਾ ਚਲਿਆਂ ਤਾਂ ਉਨ੍ਹਾ ਨੇ ਖੂਨ ਦੇ ਹੰਜੂ ਕੇਰੇ। ਦਾਦੀ ਨੇ ਸੁਣਦੇ ਸਾਰ ਆਪਣੇ ਪ੍ਰਾਣ ਤਿਆਗ ਦਿਤੇ ਤੇ ਆਪਣੀਆਂ ਸਾਰੀਆਂ ਜ਼ਿਮੇਦਾਰੀਆਂ ਤੋਂ ਵਹਿਲੇ ਹੋਕੇ ਪੋਤਿਆਂ ਦੇ ਪਿਛੇ ਪਿਛੇ ਤੁਰ ਗਈ।

ਦੀਵਾਨ ਟੋਡਰ ਮਲ ਤੇ ਉਸਦਾ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਲੂ, ਇਕ ਨੇਕ ਇਨਸਾਨ ਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ, ਜਿਸਦੀ ਪਹੁੰਚ ਦਿਲੀ ਦਰਬਾਰ ਤਕ ਸੀ। ਉਸਨੇ ਵਜ਼ੀਰ ਖਾਨ ਕੋਲੋਂ ਸਿਖੀ ਮਰਯਾਦਾ ਦੇ ਅਨੁਸਾਰ ਸਸਕਾਰ ਕਰਨ ਲਈ ਲਾਸ਼ਾਂ ਦੀ ਮੰਗ ਕੀਤੀ। ਪਹਿਲਾ ਤਾਂ ਓਹ ਮੰਨਿਆ ਨਹੀ ਪਰ ਜਦ ਉਸ ਨੂੰ ਉਸਦੀ ਪਹੁੰਚ ਦੀ ਸੂਹ ਲਗੀ, ਤਾਂ ਉਸਦੇ ਸ਼ਾਤਰੀ ਤੇ ਸ਼ੈਤਾਨੀ ਦਿਮਾਗ ਨੇ ਇਕ ਔਖੀ ਸ਼ਰਤ ਰਖ ਦਿਤੀ, ਜਮੀਨ ਤੇ ਮੋਹਰਾਂ ਵਿਛਾ ਕੇ ਜਮੀਨ ਖਰੀਦਣ ਦੀ। ਇਸ ਨਾਜ਼ਕ ਮੋਕੇ ਤੇ ਟੋਡਰ ਮਲ ਵਾਦ ਵਿਵਾਦ ਵਿਚ ਨਹੀ ਸੀ ਪੈਣਾ ਚਾਹੁੰਦਾ। ਸਸਕਾਰ ਲਈ ਥਾਂ ਦੀਵਾਨ ਟੋਡਰ ਮਲ ਤੇ ਉਸਦੀ ਪਤਨੀ ਨੇ ਆਪਣਾ ਸਭ ਕੁਛ ਵੇਚ ਕੇ ਜਮੀਨ ਤੇ ਮੋਹਰਾਂ ਵਿਛਾ ਦਿਤੀਆਂ। 27 ਦਸੰਬਰ ਨੂੰ ਬੜੇ ਸਤਕਾਰ ਨਾਲ ਸਿਖ ਮਰਿਆਦਾ ਅਨੁਸਾਰ ਦੋਨੋ ਬਚਿਆਂ ਤੇ ਦਾਦੀ ਮਾਂ ਦਾ ਸਸਕਾਰ ਕੀਤਾ। ਦੀਵਾਨ ਟੋਡਰ ਮਲ ਦੇ ਇਸ ਉਪਕਾਰ ਲਈ ਸਿਖ ਕੋਮ ਹਮੇਸ਼ਾਂ ਉਨ੍ਹਾ ਦੀ ਰਿਣੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਗੁਰਪੁਰਬ ਤੇ ਉਨ੍ਹਾ ਦੀ ਯਾਦ ਵਿਚ ਸਰਹੰਦ, ਫਤਿਹ ਗੜ ਮਾਰਗ ਤੇ ਇਕ ਬਹੁਤ ਵਡਾ ਗੇਟ ਬਣਵਾਇਆ ਗਿਆ। ਇਨਾਂ ਸ਼ਹਾਦਤਾ ਦਾ ਪੰਜਾਬ ਤੇ ਇਤਨਾ ਗਹਿਰਾ ਅਸਰ ਹੋਇਆ ਕਿ ਅਉਣ ਵਾਲੇ ਸਮੇ ਵਿਚ ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ। ਦਬ ਦਾ ਬੂਟਾ ਜੋ ਗੁਰੂ ਗੋਬਿੰਦ ਸਿੰਘ ਨੇ ਇਹ ਖਬਰ ਸੁਣਕੇ ਪੁਟਿਆ ਸੀ ਇਵੇਂ ਮੁਗਲ ਸਮਰਾਜ ਦੀਆ ਜੜਾ ਹਿੰਦੁਸਤਾਨ ਤੋ ਪੁਟੀਆਂ ਗਈਆਂ।

ਲਤੀਫ ਸਾਹਿਬਜ਼ਾਦਿਆਂ ਦੇ ਜਵਾਬਾਂ ਨੂੰ ਨੀਹਾਂ ਵਿਚ ਚਿਨਣ ਦਾ ਮੁਖ ਕਾਰਨ ਮੰਨਦਾ ਹੈ। ਨਵਾਬ ਵਜ਼ੀਰ ਖਾਨ ਨੂੰ ਉਨ੍ਹਾ ਦੇ ਜਵਾਬਾਂ ਵਿਚ ਬਗਾਵਤ ਦਿਸ ਰਹੀ ਸੀ। ਸਚ ਮੁਚ ਵਡੀ ਜੁਰਤ ਵਾਲੇ ਜਵਾਬ ਸਨ ਪਰ ਅਗਰ ਇਨ੍ਹਾ ਨੂੰ ਦੂਸਰੀ ਪਖੋਂ ਵੇਖਿਆ ਜਾਵੇ ਤਾਂ ਇਹ ਜਵਾਬ ਸਿਲਸਿਲੇ ਵਾਰ ਵਾਪਰ ਰਹੇ ਸਨ, ਇਨਕਲਾਬ ਦਾ ਹਿਸਾ ਸਨ, ਜੋਰ ਜਬਰ ਤੇ ਜ਼ੁਲੁਮ ਦੀ ਤਸਬੀਰ ਦੇ ਮੁਕੰਮਲ ਬਦਲਾਵ ਦੀ ਤਜਵੀਜ਼ ਸੀ ਜਿਸ ਲਈ ਗੁਰੂ ਅਰਜਨ ਦੇਵ ਜੀ, ਤੇ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਤੇ ਉਸਤੋਂ ਬਾਅਦ ਸ਼ਹੀਦੀਆਂ ਦਾ ਕੋਈ ਅੰਤ ਹੀ ਨਹੀ। ਮੈਥਲੀ ਸ਼ਰਨ ਗੁਪਤਾ ਲਿਖਦੇ ਹਨ :

ਜਿਸ ਕੁਲ, ਜਾਤ, ਕੋਮ ਕੇ ਬਚੇ ਦੇ ਸਕਤੇ ਹੈਂ ਯੂੰ ਬਲਿਦਾਨ

ਉਸਕਾ ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਮਹਾਨ।।

ਇਸਤੋਂ ਪਿਛੋਂ ਗੁਰੂ ਸਾਹਿਬ ਕੁਛ ਦਿਨ ਰਾਇ ਕੋਟ ਰਹਿ ਕੇ ਦੀਨੇ ਕਾਂਗੜੇ ਪਹੁੰਚੇ। ਰਾਈ ਕਲਾ ਨੇ ਗੁਰੂ ਸਹਿਬ ਨੂੰ ਵਿਦਾ ਕਰਨ ਵੇਲੇ ਇਕ ਬਹੁਤ ਸੁੰਦਰ ਘੋੜਾ, ਢਾਲ ਤੇ ਸ਼ਸ਼ਤਰ ਭੇਟਾ ਕੀਤੇ। ਦੀਨੇ ਕਾਂਗੜੇ ਉਨ੍ਹਾ ਦੇ ਸ਼ਰਧਾਲੂ ਚੋਧਰੀ ਸ਼ਮਸ਼ੀਰ ਤੇ ਲਖਮੀਰ ਸਨ। ਉਨ੍ਹਾ ਨੇ ਸੁਣਿਆ ਕੀ ਮੁਗਲ ਸਰਕਾਰ ਨੇ ਗੁਰੂ ਸਾਹਿਬ ਨੂੰ ਬਾਗੀ ਤੇ ਭਗੋੜਾ ਕਰਾਰ ਕਰ ਦਿਤਾ ਹੈ। ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਚੁਕੇ ਹਨ। ਪਿੰਡ ਦੇ ਚੋਧਰੀਆਂ ਨੂੰ ਸਖਤ ਹੁਕਮ ਸੀ ਕੀ ਕੋਈ ਉਨ੍ਹਾ ਦੀ ਸਹਾਇਤਾ ਨਾ ਕਰੇ। ਲਖਮੀਰ ਤੇ ਸ਼ਮਸ਼ੀਰ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਚੁਬਾਰੇ ਵਿਚ ਬੜੀ ਸ਼ਰਧਾ ਤੇ ਪਿਆਰ ਨਾਲ ਠਹਿਰਾਇਆ, ਉਨ੍ਹਾ ਦੀ ਤਨੋ -ਮਨੋ ਸੇਵਾ ਕੀਤੀ। ਜਦ ਗੁਰੂ ਸਾਹਿਬ ਨੂੰ ਨਿਵਾਸ ਕਰਦਿਆਂ ਕੁਝ ਸਮਾ ਹੋ ਗਿਆ ਤਾਂ ਆਲੇ ਦੁਆਲੇ ਦੀਆਂ ਸੰਗਤਾ ਆਪਜੀ ਦੇ ਦਰਸ਼ਨਾ ਨੂੰ ਅਉਣ ਲਗੀਆਂ। ਜਦ ਇਸ ਗਲ ਦਾ ਪਤਾ ਸੂਬਾ ਸਰਹੰਦ ਨੂੰ ਲਗਾ ਤਾਂ ਉਸਨੇ ਚੋਧਰੀ ਸ਼ਮਸ਼ੀਰ ਨੂੰ ਚਿਠੀ ਲਿਖੀ ਕਿ ਗੁਰੂ ਸਾਹਿਬ ਨੂੰ ਸਾਡੇ ਹਵਾਲੇ ਕਰ ਦਿਉ , ਜਿਸਦਾ ਉਤਰ ਚੋਧਰੀ ਨੇ ਦਿਤਾ, ” ਗੁਰੂ ਸਾਹਿਬ ਸਾਡੇ ਪੀਰ ਹਨ, ਉਨ੍ਹਾ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਸੀਂ ਉਨ੍ਹਾ ਨੂੰ ਤੁਹਾਡੇ ਹਵਾਲੇ ਹਰਗਿਜ਼ ਨਹੀਂ ਕਰਾਂਗੇ “।

ਇਸ ਵਕ਼ਤ ਔਰੰਗਜ਼ੇਬ ਕਮਜ਼ੋਰ ਤੇ ਢਿਲਾ ਪੈ ਚੁਕਿਆ ਸੀ, ਕੁਝ ਉਮਰ ਦਾ ਤਕਾਜਾ, ਕੁਝ ਪੁਤਰਾਂ ਵਿਚ ਤਖਤ ਲਈ ਆਪਸੀ ਜੰਗ, ਤੀਸਰਾ ਦਖਣ ਵਿਚ ਨਿਤ ਦਿਹਾੜੇ ਬਗਾਵਤਾਂ ਤੇ ਚੋਥਾ ਉਸਦੀ ਧਾਰਮਿਕ ਪਾਲਸੀ ਜਿਸਨੇ ਉਸਦੇ ਰਾਜ ਮਹਲ ਨੂੰ ਖੋਖਲਾ ਕਰ ਦਿਤਾ ਸੀ। ਜੀਉ ਜੀਉ ਉਸਦੀਆਂ ਸਖਤੀਆਂ ਵਧਦੀਆਂ ਜਾਂਦੀਆਂ ਲੋਕ ਉਸਤੋ ਦੂਰ ਹੁੰਦੇ ਚਲੇ ਗਏ। ਇਨਸਾਫ਼ ਪਸੰਦ ਤੇ ਧਰਮੀ ਮੁਸਲਮਾਨ ਉਸ ਨੂੰ ਪਸੰਦ ਨਹੀ ਸੀ ਕਰਦੇ। ਇਰਾਨ ਦਾ ਬਾਦਸ਼ਾਹ ਸ਼ਾਹ ਅਬਾਸ ਉਸ ਨੂੰ ਨਫਰਤ ਕਰਦਾ ਸੀ। ਇਸ ਸਦੀ ਦੇ ਵਿਦਵਾਨ ਮੋਲਾਨਾ ਅਬਦੁਲ ਕਲਾਮ ਅਜਾਦ ਲਿਖਦਾ ਹੈ, ” ਅਸੀਂ ਔਰੰਗਜ਼ੇਬ ਦੀ ਕੀਤੀ ਹਰ ਸਖਤੀ ਦਾ ਉਤਰ ਸ਼ਾਇਦ ਦੇ ਸਕੀਏ ਪਰ ਸਰਮਦ ਜੇਹੇ ਫਕੀਰ ਨੂੰ ਕਿਓਂ ਕਤਲ ਕੀਤਾ ਇਸ ਦਾ ਕੋਈ ਉੱਤਰ ਨਹੀ। ਦਖਣ ਦੀਆਂ ਰਿਆਸਤਾਂ ਬੀਜਾਪੁਰ ਗੋਲਕੁੰਡਾ ਤੇ ਮਰਹਟਿਆਂ ਨੇ ਉਸਦੀ ਨੀਦ ਹਰਾਮ ਕਰ ਦਿਤੀ। ਦਖਣ ਵਿਚ ਖਾਲੀ ਉਸਦੀ ਸਰੀਰਕ ਕਬਰ ਨਹੀਂ ਸੀ ਸਗੋਂ ਮੁਗਲ ਸਮਰਾਜ ਦੀ ਕਬਰ ਬਣੀ। ਜਦ ਉਸ ਨੂੰ ਹੋਸ਼ ਆਇਆ ਤਾਂ ਬਹੁਤ ਦੇਰ ਹੋ ਚੁਕੀ ਸੀ। ਉਸਨੇ ਸਰਹੰਦ ਦੇ ਲਾਗੇ ਜਿਤਨੀ ਫੌਜ਼ ਸੀ ਵਾਪਿਸ ਬੁਲਾ ਲਿਆ। ਗੁਰੂ ਸਾਹਿਬ ਨੂੰ ਮਿਲਣ ਵਾਸਤੇ ਚਿਠੀ ਲਿਖੀ ਤੇ ਭਰੋਸਾ ਦਿਲਾਇਆ ਕੀ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਗੁਰੂ ਸਾਹਿਬ ਨੇ ਉਸ ਚਿਠੀ ਦਾ ਜਵਾਬ ਦਿਤਾ ਜਿਸ ਨੂੰ ਜ਼ਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ -ਨਾਮਾ ਕਿਹਾ ਜਾਂਦਾ ਹੈ।

ਜ਼ਫਰਨਾਮਾ

ਭਾਈ ਦੇਸਾ ਦੇ ਚੁਬਾਰੇ ਵਿਚ, ਦੀਨ ਕਾਂਗੜੇ ਤੋਂ ਫ਼ਾਰਸੀ ਜ਼ੁਬਾਨ ਵਿਚ ਲਿਖਿਆ, ਜੋ ਗੁਰੂ ਸਾਹਿਬ ਦੇ ਬੁਲੰਦ ਹੋਸਲੇ, ਨਿਡਰਤਾ, ਆਤਮ ਸਨਮਾਨ, ਅਣਖ, ਦਲੇਰੀ ਤੇ ਦ੍ਰਿੜਤਾ ਦਾ ਪ੍ਰਤਖ ਪ੍ਰਮਾਣ ਹੈ। ਇਸਦੇ।। 5 ਬੈਂਤ ਹਨ ਪਹਿਲੇ। 3 ਬੈਂਤ ਵਿਚ ਅਕਾਲ ਪੁਰਖ ਦੀ ਉਸਤਤ ਹੈ। ਫਿਰ ਓਹ ਲੜਾਈ ਸਬੰਧੀ ਗਲ ਕਰਦੇ ਹਨ ਕਿ ਕਿਸ ਤਰਹ ਤੇਰੀਆਂ ਫੋਜਾਂ ਲਖਾਂ ਦੀ ਗਿਣਤੀ ਵਿਚ ਮਖੀਆਂ ਦੇ ਝੁੰਡ ਦੀ ਤਰਹ , ਭੁਖੇ- ਤਿਹਾਏ, ਥਕੇ-ਹਾਰੇ, ਬਿਨਾ ਸਾਜੋ ਸਮਾਨ, ਸਿਰਫ ਗਿਣਤੀ ਦੇ 40 ਸਿਖਾਂ ਤੇ ਟੁਟ ਪਏ, ਆਪਣੀਆਂ ਸਾਰੀਆਂ ਕਸਮਾ -ਵਾਹਦਿਆਂ ਨੂੰ ਛਿਕੇ ਤੇ ਟੰਗ, ਚਮਕੌਰ ਦੀ ਕਚੀ ਗੜੀ ਨੂੰ ਘੇਰ ਲਿਆ। ਕਿਸ ਤਰਹ ਤੇਰਾ ਜਰਨੈਲਾ ਨੇ ਛੁਪ ਛੁਪ ਕੇ ਕੰਧਾ ਦੀ ਓਟ ਲੇਕੇ ਗੜੀ ਵਿਚ ਦਾਖਲ ਹੋਣ ਦੇ ਜਤਨ ਕੀਤੇ। 40 ਆਦਮੀ ਕੀ ਕਰ ਸਕਦੇ ਹਨ ਜਦ ਅਚਾਨਕ ਉਨ੍ਹਾ ਤੇ 10 ਲਖ ਦਾ ਲਸ਼੍ਕਰ ਟੁਟ ਪਏ।

ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਟਕੇ ਦਾ ਮੁਰੀਦ ਤੇ ਈਮਾਂ -ਫਿਕਨ ਕਹਿੰਦਿਆ ਲਿਖਿਆ, ਮੈਨੂੰ ਤੇਰੇ ਤੇ ਓਕਾ ਭਰੋਸਾ ਨਹੀਂ ਅਤੇ ਕਿਸੇ ਕਿਸਮ ਦਾ ਯਕੀਨ ਨਹੀਂ। ਉਸ ਉਤੇ ਭਰੋਸਾ ਵੀ ਕਿਵੇਂ ਹੋਵੇ ਜਿਸਦੇ ਬਖਸ਼ੀ, ਦੀਵਾਨ ਸਭ ਝੂਠੇ ਹੋਣ ` ਤੇਰੀ ਕੁਰਾਨ ਦੀ ਕਸਮ ਤੇ ਜੋ ਯਕੀਨ ਕਰੇ, ਓਹ ਅਖੀਰ ਖੁਆਰ ਹੁੰਦਾ ਹੈ। ਰਹੀ ਗਲ ਮੇਰੀ, ਮੇਰੇ ਸਿਰ ਉਤੇ ਅਕਾਲ ਪੁਰਖ ਦਾ ਸਾਇਆ ਹੈ, ਮੇਰਾ ਕੋਈ ਕੁਝ ਨਹੀ ਵਿਗਾੜ ਸਕਦਾ। ਤੂੰ ਤਾਂ ਕੁਰਾਨ ਦੀ ਕਸਮ ਸਰੇਆਮ ਖਾਕੇ ਮੁਕਰ ਗਿਆਂ ਹੈ ਪਰ ਮੇਰਾ ਵਰਗਾ ਦਿਲ ਵਿਚ ਵੀ ਕਸਮ ਖਾਕੇ ਉਸਤੇ ਟਿਕਿਆ ਰਹਿੰਦਾ ਹੈ। ਮੈਨੂੰ ਨਹੀ ਸੀ ਪਤਾ ਕੀ ਅਰੰਗਜੇਬ ਕਸਮਾਂ ਤੋੜਨ ਵਾਲਾ ਕੇਵਲ ਪੈਸੇ ਦਾ ਪੀਰ ਤੇ ਬੇਈਮਾਨ ਹੈ। ਨਾ ਤੂੰ ਦੀਨ ਈਮਾਨ ਤੇ ਕਾਇਮ ਹੈ ਨਾ ਸ਼ਰਾ ਸ਼ਰੀਅਤ ਦਾ ਪਾਬੰਦ। ਨਾ ਤੇਨੂੰ ਰਬ ਦੀ ਪਹਚਾਨ ਹੈ ਨਾ ਹਜਰਤ ਮੁਹੰਮਦ ਤੇ ਭਰੋਸਾ। ਹੁਣ ਭਾਵੇਂ ਤੂੰ ਕੁਰਾਨ ਦੀਆਂ ਸੋ ਕਸਮਾ ਵੀ ਖਾਵੇਂ ਤੇਰੇ ਤੇ ਕੋਣ ਇਤਬਾਰ ਕਰੇ। ਅਜੀਬ ਹੈ ਤੇਰਾ ਇਨਸਾਫ਼, ਤੇਰਾ ਧਰਮ ਪਾਉਣ ਦਾ ਢੰਗ, ਮੇਨੂੰ ਇਕ ਵਾਰੀ ਨਹੀ ਸੋ ਵਾਰੀ ਅਫਸੋਸ ਹੈ ਇਸਤੇ। ਕੀ ਹੋਇਆ ਜੇ ਤੂੰ ਧੋਖੇ ਨਾਲ ਨਿਕੀਆ ਨਿਕੀਆਂ ਚਿੰਗਿਆਰੀਆਂ ਬੁਝਾ ਦਿਤੀਆਂ ਹਨ, ਤੇਰੀ ਕਾਹਦੀ ਬਹਾਦਰੀ, ਅਗ ਦਾ ਭਾਬੜ ਅਜ ਵੀ ਬਲਦਾ ਪਿਆ ਹੈ, ਜਿਸਦੇ ਸ਼ੋਲੇ ਇਕ ਦਿਨ ਮੁਗਲ ਸਮਰਾਜ ਦਾ ਅੰਤ ਕਰਨਗੇ।

ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਜ਼ਫਰਨਾਮਾ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ, ਉਸਦਾ ਰੰਗ ਪੀਲਾ ਪੇ ਗਿਆ, ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆਂ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨਾ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ “। ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ ਸੁਰਖਿਆ ਦਾ ਪਰਵਾਨਾ ਦੇਕੇ ਭੇਜਿਆ। ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ, ਜੋ ਵੀ ਕਰਨ ਉਸ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ। ਇਹਨਾ ਹੁਕਮਾ ਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ। ਉਸਨੇ ਗੁਰੂ ਸਾਹਿਬ ਵਲ ਵੀ ਇਕ ਚਿਠੀ ਭੇਜੀ ਜਿਸ ਵਿਚ ਉਸਨੇ ਗੁਰੂ ਸਾਹਿਬ ਨੂੰ ਕਸਮਾਂ ਤਰਲਿਆਂ ਨਾਲ ਸਦਿਆ ਤੇ ਕਿਹਾ ਕਿ, ” ਮੈ ਤੁਹਾਡੇ ਕੋਲ ਖੁਦ ਚਲ ਕੇ ਆਉਂਦਾ ਪਰ ਮਜਬੂਰ ਹਾਂ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦੇ ਰਹੀ “। ਗੁਰੂ ਸਾਹਿਬ ਨੇ ਉਸਦੀ ਬਿਮਾਰੀ ਦਾ ਸੁਣਕੇ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਅਜੇ ਰਾਹ ਵਿਚ ਹੀ ਸਨ ਕੀ ਔਰੰਗਜ਼ੇਬ ਦੀ ਮੋਤ ਦੀ ਖਬਰ ਆ ਗਈ, ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ।

ਕਾਫੀ ਚਿਰ ਗੁਰੂ ਸਾਹਿਬ ਦੀਨੇ ਰਹੇ। ਇਥੇ ਸੰਗਤਾਂ ਦੀਆ ਰੋਣਕਾਂ ਵੀ ਲਗਦੀਆਂ, ਓਹ ਘੋੜ ਸਵਾਰੀ ਵੀ ਕਰਦੇ, ਸ਼ਿਕਾਰ ਵੀ ਖੇਡਣ ਜਾਂਦੇ। ਉਨ੍ਹਾ ਨੇ ਚੋਖੇ ਬਹਾਦੁਰ ਸਿਪਾਹੀ ਤਨਖਾਹਦਾਰ ਵੀ ਭਰਤੀ ਕਰ ਲਏ। ਗੁਰੂ ਸਾਹਿਬ ਕੋਲ ਫੌਜ਼ ਤੇ ਸ਼ਸ਼ਤਰ ਵੀ ਇਕਠੇ ਹੋ ਗਏ। ਕਾਫੀ ਸਿੰਘ ਜੋ ਆਪਜੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ। ਵਜ਼ੀਰ ਖਾਨ ਦੀਆ ਫੌਜਾਂ ਅਜੇ ਵੀ ਪਿਛਾ ਕਰ ਰਹੀਆਂ ਸਨ। ਦੀਨੇ ਵਿਚ ਗੁਰੂ ਸਾਹਿਬ ਲੜਨਾ ਨਹੀ ਸੀ ਚਾਹੁੰਦੇ। ਵਸੋਂ ਤੋ ਦੂਰ ਅਗਾਹ ਜੰਗਲ ਵਿਚ ਕਿਸੇ ਢੁਕਵੀਂ ਜਗਹ ਤੇ ਲੜਨ ਦਾ ਫੈਸਲਾ ਕੀਤਾ।

ਦੀਨੇ ਤੋਂ ਜਾਕੇ ਬੁਰਜ ਵਿਚ ਜਾ ਡੇਰਾ ਲਾਇਆ। ਸ਼ਰਧਾਲੂਆਂ ਦੀ ਇਥੇ ਵੀ ਕੋਈ ਕਮੀ ਨਹੀ ਸੀ। ਜਦ ਜਵਾਨੀਆਂ ਦੀ ਮੰਗ ਕੀਤੀ ਜੋ ਸਿਰ ਤਲੀ ਤੇ ਧਰ ਕੇ ਧਰਮ ਲਈ ਸ਼ਹੀਦ ਹੋਣਾ ਜਾਣਦੇ ਹੋਣ ਤਾਂ ਬਹੁਤ ਸਾਰੇ ਜਵਾਨ ਇਸ ਧਰਮ ਯੁਧ ਵਿਚ ਸ਼ਾਮਲ ਹੋਣ ਲਈ ਆ ਗਏ। ਗੁਰੂ ਸਾਹਿਬ ਜਲਾਲ -ਭਗਤਾ ਆਦਿ ਪਿੰਡਾਂ ਤੋ ਹੁੰਦੇ ਕਪੂਰੇ ਪਹੁੰਚੇ। ਇਥੇ ਇਕ ਥਾਂ ਢਾਬ ਦੇ ਵਿਚਕਾਰ ਉਚੀ ਥਾਂ ਸੀ। ਕਪੂਰੇ ਨੂੰ ਕਿਹਾ ਸਾਨੂੰ ਇਸ ਗੜੀ ਵਿਚ ਮੋਰਚਾ ਲਗਾਕੇ ਵੈਰੀਆਂ ਨਾਲ ਦੋ ਹਥ ਕਰ ਲੇਣ ਦਿਉ , ਹਾਲਾਕਿ ਉਸਦੀ ਪੂਰੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਹਕੂਮਤ ਦੇ ਡਰ ਤੋਂ ਮਨਾ ਕਰ ਦਿਤਾ ਤੇ ਕਿਹਾ ਤੁਰਕ ਮੈਨੂੰ ਮਾਰ ਦੇਣਗੇ ਤਾਂ ਗੁਰੂ ਸਾਹਿਬ ਨੇ ਹਸਕੇ ਕਿਹਾ, ” ਕਪੂਰਿਆ ਤੇਨੂੰ ਤੁਰਕਾਂ ਨੇ ਫਿਰ ਵੀ ਨਹੀ ਛਡਣਾ। ਗੁਰੂ ਸਾਹਿਬ ਦਾ ਇਹ ਵਾਕ ਸਚ ਹੋਇਆ ਜਦ ਕਪੂਰੇ ਦੇ ਗੁਆਂਢੀ ਈਸਾ ਖਾਨ ਨੇ ਕਪੂਰੇ ਨੂੰ ਲੁਟਿਆ ਤੇ ਫਾਹੇ ਦੇ ਦਿਤਾ।

ਉਥੋਂ ਢਿਲਵਾਂ ਪਹੁੰਚੇ ਜਿਥੇ ਭਾਈ ਸਾਧੂ ਕੋਲ ਜੋ ਪ੍ਰਿਥੀਏ ਦੀ ਔਲਾਦ ਵਿਚੋਂ ਸੀ ਮਿਲੇ ਓਹ ਗੁਰੂ ਸਾਹਿਬ ਵਾਸਤੇ ਚਿਟੇ ਬਸਤਰ ਲੈਕੇ ਆਇਆ। ਨੀਲੇ ਬਸਤਰ ਗੁਰੂ ਸਾਹਿਬ ਨੇ ਲੀਰਾਂ ਕਰ ਕਰਕੇ ਅਗ ਵਿਚ ਸੁਟੀ ਗਏ, ਕਹਿੰਦੇ ਗਏ ਮੁਗਲ ਰਾਜ ਸੜ ਰਿਹਾ ਹੈ। “ਨੀਲ ਬਸਤਰ ਲੈ ਕਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ‘ ਗੁਰੂ ਸਾਹਿਬ ਦੀ ਆਪਣੀ ਚੋਂਣ ਤੇ ਚੋਧਰੀ ਕਪੂਰੇ ਤੇ ਭਾਈ ਕੋਲ ਦੀ ਸਲਾਹ ਅਨੁਸਾਰ ਓਨ੍ਹਾ ਨੇ ਖਿਦਰਾਣੇ ਦੀ ਢਾਬ ਤੇ ਮੁਕਾਬਲਾ ਕਰਨਾ ਠੀਕ ਸਮਝਿਆ ਜਿਸਦੇ ਕਈ ਮੁਖ ਕਾਰਣ ਸੀ। ਸਿਰਫ ਇਥੇ ਹੀ ਪਾਣੀ ਸੀ ਤੇ ਅਗੇ ਕੋਹਾਂ ਦੂਰ ਦੂਰ ਤਕ ਖੁਲੀ ਓਜਾੜ ਤੇ ਜੰਗਲ ਬੀਆਬਾਨ ਸੀ ਤੇ ਇਸ ਤੇ ਗੁਰੂ ਸਾਹਿਬ ਦਾ ਕਬਜਾ ਸੀ। ਚਾਰ ਚੁਫੇਰੇ ਕੰਡਿਆਲੀਆਂ ਝਾੜੀਆਂ ਨੇ ਗੁਰੂ ਦੇ ਸਿੰਘ ਸੂਰਬੀਰਾਂ ਨੂੰ ਲੋੜੀਂਦੀ ਓਟ ਪ੍ਰਦਾਨ ਕੀਤੀ। ਗਰਮੀ ਦਾ ਮੋਸਮ ਹੋਣ ਕਰਕੇ ਰੇਤੀਲੀ ਭੂਮੀ ਦੇ ਉਡਣ ਵਾਲੇ ਰੇਤੇ ਨੇ ਵੇਰੀਆਂ ਨੂੰ ਅਖਾਂ ਨਾ ਪੁਟਣ ਦਿਤੀਆਂ ਤੇ ਥੋੜੇ ਹੀ ਸਮੇ ਵਿਚ ਦੁਸ਼ਮਣ ਤੋਬਾ-ਤੋਬਾ ਪੁਕਾਰ ਉਠੇ। ਗਰਮੀ ਦੀ ਰੁਤ ਤੇ ਲਾਗੇ ਚਾਗੇ ਕੋਈ ਹੋਰ ਜਲ-ਸੋਮਾ ਨਾ ਹੋਣਾ ਵੀ ਵੇਰੀਆਂ ਲਈ ਘਾਤਕ ਸਿਧ ਹੋਇਆ ਤੇ ਉਨ੍ਹਾ ਨੇ ਪਿਛੇ ਹਟ ਆਪਣੀਆ ਜਾਨਾ ਬਚਾਓਣ ਨੂੰ ਤਰਜੀਹ ਦਿਤੀ। ਚਾਹੇ ਸਿੰਘ ਗੁਰੂ ਸਾਹਿਬ ਵਲੋਂ ਬਖਸ਼ੀ ਸੂਰਬੀਰਤਾ ਦੇ ਕਾਰਣ ਹੀ ਲੜਾਈ ਜਿਤੇ ਪਰ ਜਗਾ ਦੀ ਚੋਣ ਨੇ ਵੀ ਇਸ ਜਿਤ ਵਿਚ ਬਹੁਤ ਵਡਾ ਹਿਸਾ ਪਾਇਆ ਜਿਸ ਵਿਚ ਗੁਰੂ ਸਾਹਿਬ ਮਾਹਿਰ ਸਨ।

ਮੁਕਤਸਰ ਦੀ ਜੰਗ

ਢਿਲਵਾਂ ਕਲਾ ਤੋਂ ਵਿਦਾ ਹੋਕੇ ਜੈਤੋਂ ਪਹੁੰਚੇ। ਇਥੋ ਖਬਰ ਮਿਲੀ ਸਰਹੰਦ ਦਾ ਸੂਬਾ ਫੌਜ਼ ਲੇਕੇ ਵਾਹੋ -ਦਾਹੀ ਆ ਰਿਹਾ ਹੈ। ਗੁਰੂ ਸਾਹਿਬ ਜੈਤੋ -ਸੁਨਿਆਰ, ਰਾਮਿਆਣੇ ਹੁੰਦੇ ਖਿਦਰਾਣੇ ਵਲ ਨੂੰ ਤੁਰ ਪਏ। ਅਜੇ ਓਹ ਰ੍ਮਿਆਣੇ ਤੇ ਖਿਦਰਾਣੇ ਦੇ ਵਿਚਕਾਰ ਹੀ ਸਨ ਕੀ ਮਾਝੇ ਦੇ ਸਿੰਘਾਂ ਦੇ ਜਥੇ ਜੋ ਪਿੰਡ ਦੇ ਚੋਉਧਰੀਆਂ ਤੇ ਮਸੰਦਾ ਨੇ ਭੇਜਿਆ ਸੀ ਨਾਲ ਮੇਲ ਹੋਇਆ। ਜਥੇ ਨੇ ਸ਼ਰਤ ਰਖੀ ਕੀ ਤੁਸੀਂ ਜੰਗ ਕਰਨੇ ਛਡ ਦਿਓ ਤੇ ਔਰੰਗਜ਼ੇਬ ਨਾਲ ਸੁਲਹ ਕਰ ਲਉ ਤਾਂ ਗੁਰੂ ਸਾਹਿਬ ਨੇ ਕਿਹਾ ਕੀ ਹੁਣ ਸੁਲਹ ਨਹੀ ਹੋ ਸਕਦੀ ਜਦ ਸਭ ਕੁਝ ਖਤਮ ਹੋ ਗਿਆ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਹੈ, ਪਿਆਰੇ ਸਿਖ ਸ਼ਹੀਦ ਹੋ ਗਏ ਹਨ ਪਹਿਲੇ ਤੁਸੀਂ ਕਿਥੇ ਸੀ। ਇਹ ਸੰਗਤਾਂ ਬੇਦਾਵਾ ਦੇਕੇ ਵਾਪਿਸ ਜਾ ਰਹੀਆਂ ਸਨ। ਇਥੇ ਹੀ ਮਾਈ ਭਾਗੋ ਦੀ ਅਗਵਾਈ ਹੇਠ ਓਹ 40 ਸਿਖ ਜੋ ਆਨੰਦਪੁਰ ਸਾਹਿਬ ਵਿਚ ਬੇਦਾਵਾ ਦੇ ਕੇ ਚਲੇ ਗਏ ਸੀ, ਮਾਫ਼ੀ ਮੰਗਣ ਲਈ ਵਾਪਿਸ ਆ ਰਹੇ ਸੀ। ਰਸਤੇ ਵਿਚ ਉਨ੍ਹਾ ਨੂੰ ਪਤਾ ਲਗਾ ਕਿ ਸੂਬਾ ਸਰਹੰਦ ਦੀਆ ਫੌਜਾਂ ਵਾਹੋ-ਦਾਹੀ ਪਿਛੇ ਆ ਰਹੀਆਂ ਸਨ। ਉਹ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ। ਓਨ੍ਹਾ ਨੇ ਸੂਬਾ ਸਰਹੰਦ ਨੂੰ ਰਾਹ ਵਿਚ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪਹੁੰਚ ਸਕਣ। ਆਪਣੀਆਂ ਚਾਦਰਾਂ ਤੇ ਹੋਰ ਕਪੜੇ ਦਰਖਤਾਂ ਉਤੇ ਟੰਗ ਦਿਤੇ ਤਕਿ ਦੂਰੋਂ ਲਗੇ ਕੀ ਕੋਈ ਫੌਜ਼ ਤੰਬੂ ਤਾਣੇ ਡੇਰਾ ਲਗਾਕੇ ਬੈਠੀ ਹੈ। ਆਪ ਓਹ ਝਾੜੀਆਂ ਪਿਛੇ ਐਸੇ ਟਿਕਾਣਿਆ ਤੇ ਬੇਠ ਗਏ ਜਿਥੋਂ ਆਸਾਨੀ ਨਾਲ ਅਉਣ ਵਾਲੀ ਫੌਜ਼ ਤੇ ਹਮਲਾ ਕਰ ਸਕਣ। ਜਦੋਂ ਵਜ਼ੀਰ ਖਾਨ ਦੀ ਫੌਜ਼ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਨਾਲ ਸਵਾਗਤ ਕੀਤਾ। ਬੇਅੰਤ ਦੁਸ਼ਮਨਾ ਨੂੰ ਮੋਤ ਦੇ ਘਾਟ ਉਤਾਰ ਦਿਤਾ। ਜਦ ਤਕ ਸਿੰਘਾਂ ਕੋਲ ਦਾਰੂ ਸਿਕਾ ਰਿਹਾ ਵੇਰੀਆਂ ਨੂੰ ਢੁਕਣ ਨਹੀਂ ਦਿਤਾ ਜਦੋਂ ਖਤਮ ਹੋ ਗਿਆ ਤੇ ਓਹ 5-5 ਦੇ ਜਥਿਆਂ ਵਿਚ ਆਕੇ ਸ਼ੇਰਾਂ ਵਾਂਗ ਟੁਟ ਪਏ। ਗੁਰੂ ਸਾਹਿਬ ਨੇ ਜਦੋਂ ਮ੍ਝੇਲਾਂ ਨੂੰ ਇਸਤਰਾ ਲੜਦਿਆਂ ਦੇਖਿਆ ਤਾਂ ਮਦਤ ਲਈ ਫੌਜ਼ ਭੇਜ ਦਿਤੀ ਤੇ ਆਪ ਉਤੋਂ ਤੀਰ ਛਡਦੇ ਗਏ। ਮ੍ਝੇਲਾਂ ਦੇ ਹੋਸ੍ਲੇ ਵਧ ਗਏ, ਓਹ ਇਸ ਦਲੇਰੀ ਨਾਲ ਲੜੇ ਕਿ ਦੁਸ਼੍ਮਨਾ ਦੀ ਹੋਸ਼ ਟਿਕਾਣੇ ਆ ਗਈ ਤੇ ਲੜਦੇ ਲੜਦੇ ਸਭ ਸ਼ਹੀਦ ਹੋ ਗਏ।

ਕਈ ਮੀਲਾਂ ਦਾ ਸਫਰ, ਓਤੋ ਐਸਾ ਮੁਕਾਬਲਾ, ਗਰਮੀ ਦੀ ਰੁਤ, ਵੈਰੀ ਤ੍ਰੇਹ ਨਾਲ ਹੋਉਕਣ ਲਗ ਪਏ। ਜਿਥੇ ਗੁਰੂ ਸਾਹਿਬ ਦਾ ਕਬਜਾ ਸੀ ਉਥੇ ਪਾਣੀ ਚਾਰੋਂ ਤਰਫੋਂ ਇਕਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਸੀ। ਚੋਧਰੀ ਕਪੂਰੇ ਜਿਸਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਓਹ ਵਜੀਰ ਖਾਨ ਦੀ ਫੌਜ਼ ਨਾਲ ਸੀ, ਨੇ ਦਸਿਆ ਕੀ ਅਗੇ 30 ਮੀਲ ਦੀ ਦੂਰੀ ਤਕ ਪਾਣੀ ਨਹੀ ਹੈ ਹਾਂ ਪਿਛੇ। 0 ਮੀਲ ਦੀ ਦੂਰੀ ਤੇ ਪਾਣੀ ਮਿਲ ਜਾਏਗਾ। ਹੋਰ ਲੜਨ ਦੀ ਹਿੰਮਤ ਉਨ੍ਹਾ ਵਿਚ ਨਹੀਂ ਸੀ ਸੋ ਪਿਛੇ ਪਰਤਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਦੀ ਜਿਤ ਹੋਈ .। ਅਕਾਲ ਪੁਰਖ ਦੀ ਜਿਤ ਹੋਈ। ਗੁਰੂ ਸਾਹਿਬ ਢਾਬ ਤੋ ਥਲੇ ਆਏ। ਅਕਾਲ ਪੁਰਖ ਦਾ ਧੰਨਵਾਦ ਕੀਤਾ। ਇਕ ਇਕ ਸਹੀਦ ਸਿਖ ਨੂੰ, ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ ਕਹਿਕੇ ਨਿਵਾਜਿਆ। ਇਕ ਇਕ ਨੂੰ ਆਪਣੀ ਗੋਦੀ ਵਿਚ ਲਿਆ, ਮੂੰਹ ਸਾਫ਼ ਕੀਤਾ, ਅਸੀਸਾਂ ਦਿਤੀਆ। ਅਖੀਰ ਮਹਾਂ ਸਿੰਘ ਕੋਲ ਆਏ। ਉਸਦਾ ਸਵਾਸ ਚਲ ਰਿਹਾ ਸੀ, ਮੂੰਹ ਵਿਚ ਪਾਣੀ ਪਾਇਆ। ਜਦ ਉਸਨੂੰ ਥੋੜੀ ਹੋਸ਼ ਆਈ, ਗੁਰੂ ਸਾਹਿਬ ਨੇ ਕਿਹਾ “ਕੁਝ ਮੰਗ ਲੈ ” ਮੇਰਾ ਸਿਰ ਤੁਹਾਡੀ ਗੋਦੀ ਵਿਚ ਹੈ ਇਸਤੋਂ ਵਧ ਮੈਨੂੰ ਕੀ ਚਾਹੀਦਾ ਹੈ ? ਗੁਰ ਸਾਹਿਬ ਨੇ ਫਿਰ ਕਿਹਾ ਸਿਖਾ ਕੁਝ ਮੰਗ ਲੈ ਤਾਂ ਮਹਾਂ ਸਿੰਘ ਨੇ ਕਿਹਾ ਜੇ ਤੁਸੀਂ ਤਰੁਠੇ ਹੋ ਤਾਂ ਜੇਹੜਾ ਬੇਦਾਵਾ ਅਸੀਂ ਦੇਕੇ ਆਏ ਸੀ ਉਸ ਨੂੰ ਫਾੜ ਦਿਉ। ਗੁਰੂ ਸਾਹਿਬ ਨੇ ਝਟ ਕਮਰਕਸੇ ਵਿਚੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਹਿਣ ਲਗੇ, ” ਬੇਦਾਵਾ ਤਾ ਤੁਸਾਂ ਨੇ ਦਿਤਾ ਸੀ ਅਸਾਂ ਨੇ ਤਾ ਕਦੀ ਤੁਹਾਨੂੰ ਆਪਣੇ ਆਪ ਤੋਂ ਅੱਲਗ ਨਹੀ ਕੀਤਾ। ਫਿਰ ਓਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰਹ ਜਖਮੀ ਹੋ ਚੁਕੀ ਸੀ ਪਰ ਜਿੰਦਾ ਸੀ। ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਉਸਦਾ ਇੱਲਾਜ਼ ਕਰਵਾਇਆ। ਉਸਦੇ ਪਤੀ ਤੇ ਦੋਨੋ ਭਰਾ ਇਸ ਜੰਗ ਵਿਚ ਸ਼ਹੀਦ ਹੋ ਚੁਕੇ ਸਨ। ਓਹ ਵਾਪਿਸ ਨਹੀ ਗਈ ਤੇ ਅਮ੍ਰਿਤ ਛਕਕੇ ਕੇ ਆਖਰੀ ਸਾਹ ਤਕ ਗੁਰੂ ਘਰ ਦੀ ਸੇਵਾ ਕਰਦੀ ਰਹੀ। ਸ਼ਹੀਦਾਂ ਦਾ ਸਸਕਾਰ ਕਰਕੇ ਇਨ੍ਹਾ ਨੂੰ ਮੁਕਤੀ ਦਾ ਆਸ਼ੀਰਵਾਦ ਦਿਤਾ। ਇਸ ਜਗਹ ਦਾ ਨਾਂ ਗੁਰੂ ਸਾਹਿਬ ਨੇ ਆਪ ਮੁਕਤਸਰ ਰਖ਼ਿਆ।

ਯਾ ਤੇ ਨਾਮ ਮੁਕਤਿਸਰ ਹੋਆ।।

ਜੋ ਮਜਹਿ ਤਿਨ ਹੀ ਅਘ ਖੋਆ।।

ਆਸ ਮਹਿਮਾ ਸ੍ਰੀ ਮੁਖ ਤੇ ਕਹੀ।।

ਸੋ ਅਬ ਪ੍ਰਗਟ ਜਗਤ ਮੈ ਸਹੀ।।

ਇਸ ਜੰਗ ਤੋ ਬਾਦ ਇਹ ਜਗਹ ਸਿਖ ਇਤਿਹਾਸ ਵਿਚ ਇਕ ਇਤਿਹਾਸਿਕ ਤੇ ਅਧਿਆਤਮਿਕ ਜਗਹ ਦੀ ਤੋਰ ਤੇ ਜਿਥੇ 40 ਮੁਕਤਿਆਂ ਦੇ ਸਿਖੀ ਸਿਦਕ ਦਾ ਅਥਾਹ ਸੋਮਾ ਹੈ , ਹਮੇਸ਼ਾ ਲਈ ਅਮਰ ਹੋ ਗਈ ਇਸ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ :

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਹੈ ਕਾਅਬਾ।

ਸ਼ਹੀਦੋਂ ਕੀ ਖਾਕ ਪੈ ਤੋ ਖੁਦਾ ਖੁਦ ਭੀ ਕੁਰਬਾਨ ਹੋਤਾ ਹੈ।।

ਮੁਕਤਸਰ ਦੀ ਜੰਗ ਗੁਰੂ ਸਾਹਿਬ ਦੀ ਮੁਗਲ ਹਕੂਮਤ ਨਾਲ ਆਖਰੀ ਜੰਗ ਸੀ। ਇਹ ਜੰਗ ਦੁਨਿਆ ਦੇ ਇਤਿਹਾਸ ਵਿਚ ਸਮੂਹਕ ਸ਼ਹਾਦਤ, ਅਸਾਵੀਂ ਟਕਰ ਤੇ ਜਿਤ ਦੀ ਅਦੁਤੀ ਮਿਸਾਲ ਹੈ। ਜਿਸ ਵਿਚ 40 ਸਿਖਾਂ ਨੇ 500 ਸਾਲ ਪੁਰਾਣੇ ਸਮਰਾਜ ਦੀ ਭਾਰੀ ਗਿਣਤੀ ਦੀ ਫੌਜ਼ ਦਾ ਰਾਹ ਰੋਕ ਲਿਆ ਤੇ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬ ਨਹੀ ਹੋਣ ਦਿਤਾ।

ਮੁਕਤਸਰ ਤੋਂ ਪਿੰਡ ਸਰਨ ਹੁੰਦੇ ਨਾਥੋਨਾ ਆ ਗਏ। ਇਥੇ ਗੁਰੂ ਸਾਹਿਬ ਨੂੰ ਡੇਰਾ ਨਹੀਂ ਕਰਨ ਦਿਤਾ ਗਿਆ। ਨਾਥੋਨਾ ਤੋ ਗੁਪਤ੍ਸਰ ਪਹੁੰਚੇ ਜਿਥੇ ਨੋਕਰਾਂ ਨੇ ਤਨਖਾਹਾਂ ਮੰਗੀਆਂ। ਗੁਰੂ ਸਾਹਿਬ ਨੇ ਆਪਣੀ ਮਜਬੂਰੀ ਦਸੀ। ਫਿਰ ਛਤੀਆਣਾ ਆਏ। ਇਥੇ ਫਕੀਰ ਇਬ੍ਰਾਹਿਮ ਜੋ ਬੜੀ ਕਰਨੀ ਵਾਲਾ ਫਕੀਰ ਸੀ, ਇਨਾਂ ਦਾ ਸ਼ਰਧਾਲੂ ਬਣ ਗਿਆ ਤੇ ਆਖਰੀ ਉਮਰ ਤਕ ਗੁਰੂ ਸਹਿਬ ਦੀ ਹਜੂਰੀ ਵਿਚ ਰਿਹਾ।

ਜਦੋਂ ਗੁਰੂ ਸਾਹਿਬ ਲਖੀ ਜੰਗਲ ਪਹੁੰਚੇ ਤਾਂ ਤਨਖਾਹਦਾਰਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਪਕੜ ਲਈ ਕਿ ਅਗੇ ਅਸੀਂ ਤਾਂ ਜਾਣ ਦਿਆਂਗੇ ਸਾਡਾ ਲੇਖਾ ਨਿਬੇੜੋਗੇ। ਗੁਰੂ ਸਾਹਿਬ ਨੇ ਕਿਹਾ ਕੀ ਅਜ ਕਲ ਮਾਇਆ ਦੀ ਤੋਟ ਹੈ, ਅਕਾਲ ਪੁਰਖ ਜਲਦੀ ਹੀ ਕੁਝ ਕਰੇਗਾ, ਪਰ ਓਹ ਨਾ ਮੰਨੇ। ਗੁਰੂ ਸਾਹਿਬ ਨੇ ਕਿਹਾ ਕੀ ਇਕ ਪਾਸੇ ਮੈ ਤੇ ਦੂਜੇ ਪਾਸੇ ਮਾਇਆ, ਸਿਖੀ ਚਾਹੀਦੀ ਹੈ ਜਾਂ ਮਾਇਆ ਤਾਂ ਉਨਾ ਨੇ ਕਿਹਾ ਸਿਖ ਤੇ ਅਸੀਂ ਹਾਂ ਮਾਇਆ ਦੇ ਦਿਉ। ਇਨੇ ਨੂੰ ਇਕ ਸਿਖ ਮੋਹਰਾਂ ਦੀ ਛਟ ਲੇਕੇ ਆ ਗਿਆ। ਸਭ ਨੂੰ ਮੋਹਰਾਂ ਵੰਡ ਦਿਤੀਆ ਗਈਆਂ। ਓਹਨਾਂ ਦਾ ਮੋਹਰੀ ਸੀ ਓਸ ਕੋਲੋਂ ਪੁਛਿਆ ਤੈਨੂੰ ਕਿਸ ਹਿਸਾਬ ਨਾਲ ਤਨਖਾਹ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਤਾਂ ਸਿਖੀ ਚਾਹੀਦੀ ਹੈ। ਸਿਖੀ ਦਾ ਦਾਨ ਦੇਕੇ ਆਪਣੇ ਚਰਨਾ ਵਿਚ ਨਿਵਾਸ ਬਖਸ਼ੋ। ਗੁਰੂ ਸਾਹਿਬ ਨੇ ਉਸਨੂੰ ਆਸ਼ੀਰਵਾਦ ਦਿਤਾ ਤੇ ਕਿਹਾ, “ਤੂੰ ਸਿਖੀ ਦੀ ਜੜ ਮਾਲਵੇ ਵਿਚ ਰਖ ਲਈ ਹੈ “।

ਲਖੀ ਜੰਗਲ ਦੇ ਜਦ ਸੁੰਦਰ ਨਜ਼ਾਰੇ ਦੇਖੇ ਤਾਂ ਕੁਝ ਦੇਰ ਇਥੇ ਠਹਿਰਨ ਦਾ ਫੈਸਲਾ ਕਰ ਲਿਆ। ਚਿਰਾਂ ਤੋ ਵਿਛੜੇ ਸਿਖ, ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾ ਗੁਰੂ ਸਾਹਿਬ ਦੇ ਦਰਸ਼ਨ ਲਈ ਅਉਣ ਲਗ ਪਈਆਂ, ਕਵੀ ਤੇ ਢਾਡੀ ਜੋ ਆਨੰਦਪੁਰ ਛੋੜਨ ਤੋ ਬਾਅਦ ਵਿਛੜ ਗਏ ਮੁੜ ਆ ਜੁੜੇ। ਕੀਰਤਨ, ਦਰਬਾਰ, ਕਥਾ ਵਖਿਆਨ ਤੇ ਕਵੀ ਦਰਬਾਰ ਲਗਣ ਲਗ ਪਏ। ਮੁੜ ਕੇ ਓਹੀ ਰੋਣਕਾ ਜੋ ਕਦੀ ਆਨੰਦਪੁਰ ਸਾਹਿਬ ਵਿਚ ਸਨ। ਪਰ ਵਕ਼ਤ ਤੇ ਹਾਲਤ ਬਦਲ ਚੁਕੇ ਸਨ। ਇਥੇ ਕੁਝ ਦੇਰ ਠਹਿਰ ਕੇ ਪ੍ਰਚਾਰ ਕਰਦੇ ਕਰਦੇ ਸਾਬੋਂ ਕੀ ਤਲਵੰਡੀ ਜਾ ਪਹੁੰਚੇ ਇਥੇ ਹੋਰ ਸੰਗਤਾਂ ਦੇ ਨਾਲ ਨਾਲ ਉਨਾਂ ਦਾ ਪਰਿਵਾਰ ਵੀ ਆ ਪਹੁੰਚਿਆ। ਮਾਤਾ ਸੁੰਦਰੀ ਨੇ ਬਚਿਆਂ ਨੂੰ ਉਨ੍ਹਾ ਨਾਲ ਨਾ ਦੇਖਕੇ ਪੁਛਿਆ, ” ਬਚੇ ਨਹੀਂ ਦਿਸਦੇ ਪਏ ਕਿਥੇ ਹਨ ? ਤਾ ਗੁਰੂ ਸਾਹਿਬ ਨੇ ਖਾਲਸੇ ਵਲ ਸੰਬੋਧਨ ਕਰਕੇ ਕਿਹਾ:

ਇਨ ਪੁਤ੍ਰਨ ਕੇ ਸੀਸ ਪੈ ਵਾਰ ਦੀਆ ਸੁਤ ਚਾਰ

ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ

ਦਮਦਮਾ ਸਾਹਿਬ ਰਹਿੰਦੀਆਂ ਮਾਲਵੇ ਦੇ ਕਈ ਪਿੰਡਾਂ ਦਾ ਦੋਰਾ ਕੀਤਾ। ਮਾਤਾ ਸਾਹਿਬ ਕੋਰ ਅਕਸਰ ਉਨ੍ਹਾ ਦੇ ਨਾਲ ਹੋਇਆ ਕਰਦੇ ਸੀ। ਇਥੇ ਓਹ ਤਕਰੀਬਨ 9 ਮਹੀਨੇ ਰਹੇ, ਫਿਰ ਪਰਵਾਰ ਨੂੰ ਦਿੱਲੀ ਭੇਜ ਦਿਤਾ। ਕੁਝ ਸਮਾ ਵੇਹਿਲ ਮਿਲੀ ਤਾਂ ਭਾਈ ਮਨੀ ਸਿੰਘ ਤੋਂ ਗੁਰੂ ਅਰਜਨ ਦੇਵ ਜੀ ਦੀ ਬੀੜ ਨਵੇ ਸਿਰ ਤੋਂ ਸ਼ੁਰੂ ਕਰਵਾਈ। ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਵਾਈ। ਜਿਸ ਥਾਂ ਤੇ ਬੀੜ ਲਿਖਵਾਣ ਦਾ ਕੰਮ ਕੀਤਾ ਉਸ ਥਾਂ ਦਾ ਨਾਂ ਗੁਰੂ ਕੀ ਕਾਂਸ਼ੀ ਪੈ ਗਿਆ। ਇਕ ਦਿਨ ਆਪਣੀਆਂ ਬਹੁਤ ਸਾਰੀਆਂ ਕਲਮਾ ਇਕ ਪਾਣੀ ਦੇ ਟੋਬੇ ਵਿਚ ਸੁਟੀਆ ਤੇ ਫੁਰਮਾਇਆ ਇਥੇ ਸਾਡੇ ਹਜ਼ਾਰਾਂ ਸੇਵਕ ਪੜਿਆ ਕਰਨਗੇ। ਇਸਦਾ ਨਾਮ ਕਲਮ ਗੜ ਰਖਿਆ।

ਇਥੋਂ ਚਲਣ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਦਿੱਲੀ ਭੇਜ ਦਿਤਾ। ਆਪ ਸਰਸਾ-ਨਾਹਰ -ਢਾਡਰਾ-ਪੁਸ਼ਕਰ ਤੋ ਹੁੰਦੇ ਦਾਦੂ ਦਵਾਰੇ ਪਹੁੰਚੇ ਜਿਥੇ ਕੁਝ ਦਿਨ ਠਹਿਰਕੇ ਕੁਲੇਛ ਪੁਜੇ ਜਿਥੇ ਭਾਈ ਦਾਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਔਰੰਜ਼ੇਬ ਨੂੰ ਚਿਠੀ ਦੇਕੇ ਆਓਣਾ ਸੀ। 12 ਦਿਨ ਇਥੇ ਠਹਿਰੇ ਫਿਰ ਭਾਖੋਰ ਪਹੁੰਚੇ ਜਿਥੇ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ।

ਔਰੰਗਜ਼ੇਬ ਦੇ ਮਰਨ ਤੋਂ ਬਾਦ, ਉਸਦੇ ਚਾਰ ਪੁਤਰਾਂ ਦਾ ਤਖਤ ਲਈ ਝਗੜਾ ਚਲ ਰਿਹਾ ਸੀ ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਆਲਮ ਸ਼ਾਹ ਤੇ ਕਾਮ ਬਕਸ਼। ਜਦ ਆਪਸੀ ਜੰਗ ਵਕਤ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋ ਸਹਾਇਤਾ ਮੰਗੀ ਤਾਂ ਗੁਰੂ ਸਾਹਿਬ ਨੇ ਇਨਕਾਰ ਨਹੀਂ ਕੀਤਾ ਜਿਸਦੇ ਕਈ ਕਾਰਨ ਸਨ। ਪਹਿਲਾ ਉਸਦੀ ਸ਼ਖਸ਼ੀਅਤ, ਬਹਾਦਰ ਸ਼ਾਹ ਆਪਣੇ ਪਿਤਾ ਤੇ ਭਰਾਵਾਂ ਤੋ ਬਿਲਕੁਲ ਅਲਗ ਖੁਲੇ ਦਿਮਾਗ ਤੇ ਨੇਕ ਦਿਲ ਇਨਸਾਨ ਸੀ। ਦੂਸਰਾ ਜਦੋਂ ਔਰੰਗਜ਼ੇਬ ਨੇ ਆਪਣੇ ਵਕਤ ਵਿਚ ਬਹਾਦਰ ਸ਼ਾਹ ਦੀ ਕਮਾਨ ਹੇਠ ਗੁਰੂ ਸਾਹਿਬ ਨੂੰ ਸੋਧਣ ਲਈ ਭੇਜਿਆ ਸੀ ਤਾਂ ਉਸਨੇ ਗੁਰੂ ਸਾਹਿਬ ਦੀ ਧਾਰਮਿਕ ਵਡਿਆਈ ਦਾ ਸਤਕਾਰ ਕਰਦੇ ਹੋਏ ਗੁਰੂ ਸਾਹਿਬ ਨਾਲ ਕੋਈ ਪੰਗਾ ਨਹੀਂ ਸੀ ਲਿਆ। ਤੀਸਰਾ ਦਰ ਆਏ ਸਵਾਲੀ ਨੂੰ ਖਾਲੀ ਨਾ ਤੋਰਨਾ ਸਿਖੀ ਦਾ ਮੁਢਲਾ ਅਸੂਲ ਹੈ। ਪਰ ਇਕ ਸ਼ਰਤ ਰਖੀ ਕਿ ਬਾਦਸ਼ਾਹ ਬਣਨ ਤੋਂ ਬਾਅਦ ਓਹ ਗੁਨਾਹਗਾਰਾਂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰੇਗਾ, ਪਰਜਾ ਤੇ ਜੁਲਮ ਨਹੀ ਕਰੇਗਾ ਤੇ ਉਸਦਾ ਰਾਜ ਜਨਤਾ ਦੇ ਹਿਤ ਲਈ ਹੋਵੇਗਾ। ਗੁਰੂ ਸਾਹਿਬ ਨੇ ਭਾਈ ਧਰਮ ਸਿੰਘ ਦੀ ਕਮਾਨ ਹੇਠ ਫੌਜੀ ਜਥਾ ਭੇਜਿਆ। ਜਾਜੂ ਦੇ ਮਕਾਮ ਤੇ ਦੋਨੋ ਭਰਾਵਾਂ ਦਾ ਜੰਗ ਹੋਇਆ, ਤਾਰਾ ਆਜਮ ਮਾਰਿਆ ਗਿਆ ਤੇ ਬਹਾਦਰ ਸ਼ਾਹ ਬਾਦਸ਼ਾਹ ਬਣ ਗਿਆ।

ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਇਸ ਖੁਸ਼ੀ ਵਿਚ ਸ਼ਾਮਿਲ ਕਰਨ ਲਈ ਆਗਰੇ ਆ ਮਿਲਿਆ। ਆਗਰੇ ਤੋਂ ਬਾਅਦ ਓਹ ਬਹਾਦਰ ਸ਼ਾਹ ਦੇ ਅਗਲੇ ਕਦਮ ਦੀ ਯੋਜਨਾਬੰਧ ਕਰਨ ਲਈ ਬਹਾਦਰ ਸ਼ਾਹ ਨਾਲ ਦਿੱਲੀ ਆਏ, ਜਿਥੇ ਉਨ੍ਹਾ ਨੇ ਸੀਸ ਗੰਜ ਤੇ ਰਕਾਬ ਗੰਜ, ਗੁਰੂ ਸਹਿਬ ਦੀਆਂ ਯਾਦਗਾਰਾਂ ਬਣਵਾਈਆਂ। ਬਹਾਦਰ ਸ਼ਾਹ ਨੇ ਸੂਬਾ ਸਰਹੰਦ ਨੂੰ ਸਜਾ ਦੇਣ ਦਾ ਭਰੋਸਾ ਦਿਵਾਇਆ ਪਰ ਅਚਾਨਕ ਉਸਨੂੰ ਮਰਹਟਿਆ ਦੀ ਬਗਾਵਤ ਦਬਾਣ ਵਾਸਤੇ ਦਖਣ ਜਾਣਾ ਪਿਆ ਉਸਨੇ ਗੁਰੂ ਸਾਹਿਬ ਨੂੰ ਵੀ ਨਾਲ ਚਲਣ ਨੂੰ ਕਿਹਾ। ਕਿਓਂਕਿ ਗੁਰੂ ਸਾਹਿਬ ਦੀਆਂ ਸ਼ਰਤਾ ਬਾਰੇ ਵਾਰਤਾਲਾਪ ਅਜੇ ਪੂਰਾ ਨਹੀਂ ਸੀ ਹੋਇਆ ਸੋ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੇ ਨਾਲ ਜਾਣ ਦੀ ਤਜਵੀਜ਼ ਮੰਨ ਲਈ। ਇਹ ਦੋਨੋ ਕਾਫਲੇ ਜਦੋਂ ਨਰਬਦਾ ਨਦੀ ਟਪਕੇ ਦਖਣ ਵਿਚ ਦਾਖਲ ਹੋਏ, ਗੋਦਾਵਰੀ ਦੇ ਕੰਢੇ ਨਦੇੜ ਪਹੁੰਚੇ ਤਾਂ ਬਹਾਦਰ ਸ਼ਾਹ ਦੇ ਵਤੀਰੇ ਤੋਂ ਗੁਰੂ ਸਾਹਿਬ ਜਾਣ ਗਏ ਕਿ ਇਹ ਵਜੀਰ ਖਾਨ ਵਰਗੇ ਸ਼ਕਤੀਸ਼ਾਲੀ ਸੂਬੇ ਦੇ ਵਿਰੁਧ ਕੋਈ ਕਾਰਵਾਈ ਨਹੀਂ ਕਰੇਗਾ। ਉਹ ਔਰੰਗਜ਼ੇਬ ਦੇ ਕੀਤੇ ਜੁਲਮਾਂ ਦੇ ਖਿਲਾਫ਼ ਵੀ ਖੁਲ ਕੇ ਬੋਲਣ ਵਿਚ ਸੰਕੋਚ ਕਰਦਾ ਸੀ। ਸੋ ਗੁਰੂ ਸਾਹਿਬ ਨੇ ਇਥੋਂ ਹੀ ਉਸਦਾ ਸਾਥ ਛੋੜਨਾ ਮੁਨਾਸਿਬ ਸਮਝਿਆ।

ਮਾਤਾ ਸਾਹਿਬ ਕੌਰ ਨੇ ਦਖਣ ਗੁਰੂ ਸਾਹਿਬ ਦੇ ਨਾਲ ਜਾਣ ਦੀ ਇਛਾ ਪਰਗਟ ਕੀਤੀ। ਆਪ ਜਨਵਰੀ 1708 ਦੇ ਆਸ ਪਾਸ, ਨਾਦੇੜ ਪਹੁੰਚੇ। ਨਦੇੜ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਨਦੇੜ ਦੀਆਂ ਸੰਗਤਾ ਵਿਚੋਂ ਕਿਸੇ ਸਿਖ ਨੇ ਉਨ੍ਹਾ ਨੂੰ ਬੰਦਾ ਬਹਾਦੁਰ ਬਾਰੇ ਦਸਿਆ ਜੋ ਆਪਣੇ ਗੁਰੂ ਜੋਗੀ ਅਓਖੜ ਨਾਥ ਦੀ ਮੋਤ ਤੋ ਬਾਦ ਭ੍ਰਮਣ ਕਰਦਾ ਕਰਦਾ ਨਦੇੜ ਆ ਪੁਜਾ ਹੈ। ਉਸਨੇ ਆਪਣੇ ਕਰਿਸ਼ਮੇ ਦਿਖਾਣ ਲਈ ਰਾਵੀ ਦੇ ਕੰਢੇ ਤੇ ਡੇਰਾ ਲਗਾ ਲਿਆ। ਉਸ ਦੀਆਂ ਰਿਧਿਆ ਸਿਧੀਆਂ ਬਾਰੇ ਦਸਿਆ ਜਿਸ ਨਾਲ ਓਹ ਸੰਤਾਂ, ਮਹਾਤਮਾ, ਪੀਰਾਂ, ਫਕੀਰਾਂ ਦੇ ਤਖਤ ਉਲਟਾ ਕੇ ਉਨਾਂ ਨੂੰ ਤੰਗ ਕਰਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸਦਿਆਂ ਕਿਹਾ, ” ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਹੀ ਬੰਦਾ ਚਾਹੀਦਾ ਹੈ।

ਕੁਝ ਦਿਨਾ ਪਿਛੋਂ ਸਿਖਾਂ ਸਮੇਤ ਵੈਰਾਗੀ ਦੇ ਡੇਰਾ ਤੇ ਜਾ ਪਹੁੰਚੇ, ਉਸ ਵਕਤ ਵੈਰਾਗੀ ਉਥੇ ਨਹੀਂ ਸੀ। ਗੁਰੂ ਸਾਹਿਬ ਉਸਦੇ ਤਖਤ ਤੇ ਜਾ ਬੈਠੇ ਜਦ ਵੈਰਾਗੀ ਵਾਪਸ ਆਇਆ ਤਾਂ ਉਸ ਨੂੰ ਗੁਰੂ ਸਾਹਿਬ ਦਾ ਆਪਣੇ ਤਖਤ ਉਪਰ ਬੈਠਣ ਤੇ ਬਹੁਤ ਗੁਸਾ ਆਇਆ। ਹੰਕਾਰੀ ਸੀ ਆਪਣੀਆਂ ਸ਼ਕਤੀਆਂ ਨਾਲ ਤਖਤ ਉਲਟਾਓਣ ਦੀ ਕੋਸ਼ਿਸ਼ ਕਰਨ ਲਗਾ। ਜਦ ਕੁਝ ਨਾ ਬਣਿਆ ਤਾ ਸਮਝ ਗਿਆ ਕੀ ਇਹ ਕੋਈ ਰੂਹਾਨੀ ਸ਼ਕਤੀ ਹੈ, ਚਰਨਾ ਤੇ ਢਹਿ ਪਿਆ ਤੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਕੋਲ ਰਹਿੰਦਿਆ ਜਦੋ ਗੁਰੂ ਸਾਹਿਬ ਦਾ ਘਾਲਣਾ ਭਰਿਆ ਜੀਵਨ ਦਾ ਹਾਲ ਸੁਣਿਆ ਤਾਂ ਹ਼ਰ ਜੁਲਮ ਦਾ ਬਦਲਾ ਲੈਣ ਲਈ ਉਸਦਾ ਅੰਗ ਅੰਗ ਫੜਕ ਉਠਿਆ ਵੇਰੀਆਂ ਨੂੰ ਸੋਧਣ ਲਈ ਗੁਰੂ ਸਾਹਿਬ ਤੋ ਸੇਵਾ ਮੰਗੀ। ਗੁਰੂ ਸਾਹਿਬ ਉਸਦੀ ਸ਼ਰਧਾ ਤੇ ਖੁਸ਼ ਹੋਏ। ਉਸ ਨੂੰ ਅਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਬਖਸ਼ਿਆ, ਪੰਜ ਤੀਰ, ਨਿਸ਼ਾਨ ਸਾਹਿਬ, ਸੰਗਤਾ ਦੇ ਨਾਮ ਹੁਕਮਨਾਮੇ ਤੇ ਵੀਹ ਕੁ ਸਿਖ ਦੇਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵਲ ਨੂੰ ਤੋਰ ਦਿਤਾ।

ਓਧਰ ਵਜ਼ੀਰ ਖਾਨ ਨੂੰ ਬਹਾਦਰ ਸ਼ਾਹ ਦਾ ਗੁਰੂ ਸਾਹਿਬ ਨਾਲ ਵਧਦਾ ਮੇਲ ਮਿਲਾਪ ਅਖਰ ਰਿਹਾ ਸੀ ਉਸਨੂੰ ਆਪਣੀ ਖੈਰ ਨਜਰ ਨਹੀ ਸੀ ਆ ਰਹੀ ਪਰ ਉਸਨੂੰ ਇਹ ਪਤਾ ਨਹੀਂ ਸੀ ਕੀ ਉਸ ਨੂੰ ਬਰਬਾਦ ਕਰਨ ਵਾਸਤੇ ਬਹਾਦਰ ਸ਼ਾਹ ਨਹੀਂ ਬਲਿਕ ਬੰਦਾ ਬਹਾਦਰ, ਗੁਰੂ ਸਾਹਿਬ ਦਾ ਆਪਣਾ ਸਿੰਘ ਚਲ ਚੁਕਾ ਹੈ। ਓਹ ਗੁਰੂ ਸਾਹਿਬ ਨੂੰ ਕਤਲ ਕਰਵਾਣ ਦੇ ਢੰਗ ਸੋਚਣ ਲਗਾ। ਦੋ ਬੰਦੇ ਉਸਨੇ ਗੁਰੂ ਸਾਹਿਬ ਦੇ ਆਗਰੇ ਤੋਂ ਪਿਛੇ ਲਗਾ ਦਿਤੇ ਜੋ ਸਿੰਘਾਂ ਨਾਲ ਖੂਬ ਰਚ ਮਿਚ ਗਏ ਤੇ ਮੋਕੇ ਦੀ ਤਲਾਸ਼ ਕਰਨ ਲਗੇ। ਜਦ ਗੁਰੂ ਸਾਹਿਬ ਨੇ ਨਦੇੜ ਡੇਰਾ ਲਗਾਇਆ ਤਾਂ ਮੋਕੇ ਦੇਖਕੇ ਛੁਰੇ ਨਾਲ ਵਾਰ ਕਰ ਦਿਤਾ। ਦੋਨੋ ਪਠਾਣਾ ਨੂੰ ਤਾਂ ਮਾਰ ਦਿਤਾ ਗਿਆ ਪਰ ਗੁਰੂ ਸਾਹਿਬ ਜਖਮੀ ਹੋ ਗਏ। ਬਹਾਦਰ ਸ਼ਾਹ ਨੇ ਅੰਗਰੇਜ਼ ਡਾਕਟਰ ਕੋਲੋਂ ਗੁਰੂ ਸਾਹਿਬ ਦਾ ਇਲਾਜ ਕਰਵਾਇਆ। ਜਦ ਜਖਮ ਠੀਕ ਹੋਣ ਤੇ ਆਏ ਤਾਂ ਗੁਰੂ ਸਾਹਿਬ ਦੇ ਤੀਰ ਚਲਾਣ ਦੀ ਇਛਾ ਨੇ ਮੁੜਕੇ ਖੋਲ ਦਿਤੇ।

ਗੁਰਗਦੀ

ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ, ਪੰਜ ਪੈਸੇ ਤੇ ਨਾਰੀਅਲ ਮੰਗਵਾਇਆ। ਆਖਿਰੀ ਦੀਵਾਨ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਸੋੰਪ ਦਿਤੀ। ਸ਼ਬਦ ਉਚਾਰਿਆ,

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ।।

ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨ੍ਹਾ ਦਾ ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ।

ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ

ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ। ਕਿਹਾ ਬਾਣੀ ਸਾਡਾ ਹਿਰਦਾ ਹੈ, ਜਿਸਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ। ਜਿਸਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ। ਸਿਖਾਂ ਨੇ ਕਿਹਾ ਕੀ ਅਗਰ ਕਿਤੇ ਪੰਜ ਪਿਆਰੇ ਨਾ ਹੋਣ ਤਾਂ ? ਤਾਂ ਗੁਰੂ ਸਾਹਿਬ ਨੇ ਕਿਹਾ ਕਿਸੇ ਇਕ ਸਿਖ ਦੇ ਦਰਸ਼ਨ ਕਰ ਲਵੇ। ਤਾਂ ਸਿਖਾਂ ਨੇ ਪੁਛਿਆ ਕਿ ਜੇਕਰ ਕਿਤੇ ਇਕ ਸਿਖ ਵੀ ਨਾ ਹੋਵੇ ਤੇ ਫਿਰ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਆਪ ਹੀ ਸਿੰਘ ਸਜ ਕੇ ਸ਼ੀਸ਼ੇ ਨੂੰ ਵੇਖ ਲੈਣਾ।

ਇਸਤੋਂ ਇਕ ਮਸਕੀਨ ਜੀ ਨਾਲ ਵਾਪਰੀ ਘਟਨਾ ਚੇਤੇ ਆ ਗਈ ਹੈ। ਇਕ ਵਾਰੀ ਮਸਕੀਨ ਜੀ ਬਗਦਾਦ ਜਿਥੇ ਗੁਰੂ ਨਾਨਕ ਸਾਹਿਬ ਨੇ ਪੀਰ ਦਸਤਗੀਰ ਨੂੰ ਉਪਦੇਸ਼ ਦਿਤਾ ਸੀ, ਸਤ ਦਿਨ ਰਹਿ ਕੇ ਵਾਪਸ ਆ ਰਹੇ ਸੀ। ਓਹ ਦਸਦੇ ਹਨ, ਇਕ ਛੋਟਾ ਜਿਹਾ ਕਸਬਾ ਰਸਤੇ ਵਿਚ ਆਇਆ, ਜਦ ਅਸੀਂ ਥੋੜਾ ਰੁਕੇ ਤਾਂ ਇਕ ਬਿਰਧ, ਲੰਬੀ ਸਫੈਦ ਦਾੜੀ, ਭਜਿਆ ਮੇਰੇ ਵਲ ਆਇਆ ਤੇ ਆਦਿਆਂ ਹੀ ਮੇਰੇ ਕਦਮਾਂ ਤੇ ਸਿਰ ਰਖ ਦਿਤਾ। ਮੈ ਕਿਹਾ ਕੀ ਤੁਸੀਂ ਮੇਰੇ ਬਾਪ ਦੀ ਉਮਰ ਦੇ ਲਗਦੇ ਹੋ, ਬਜੁਰਗ ਹੋ, ਵਡੇ ਹੋ, ਖੁਲਾ ਦਾੜਾ, ਗੁਰੂ ਦੀ ਮੂਰਤ ਪਏ ਦਿਸਦੇ ਹੋ , ਫਿਰ ਤੁਸੀਂ ਮੈਨੂੰ ਮਥਾ ਕਿਓ ਟੇਕਿਆ ਹੈ ? ਓਹ ਆਖਣ ਲਗਾ 20 ਸਾਲ ਹੋ ਗਏ ਹਨ, ਕਿਸੇ ਸਿਖ ਨੂੰ ਨਹੀ ਵੇਖਿਆ, ਅਜ ਸਿਖ ਦੇ ਦਰਸ਼ਨ ਹੋਏ ਤੇ ਮਨ ਭਰ ਆਇਆ ਹੈ। ਮਸਕੀਨ ਜੀ ਨੇ ਕਿਹਾ, ” ਕੀ ਤੇਰੇ ਕਦਮਾਂ ਤੇ ਫਿਰ ਮੈਂ ਮਥਾ ਟੇਕਦਾ ਹਾਂ। ਵੀਹ ਸਾਲ ਤੋ ਤੂੰ ਕੋਈ ਸਿਖ ਨਹੀ ਵੇਖਿਆ ਤੇ ਫਿਰ ਵੀ ਸਿਖੀ ਨੂੰ ਸੰਭਾਲ ਕੇ ਰਖਿਆ ਹੈ, ਮੈ ਹਰ ਰੋਜ਼ ਸਿਖਾਂ ਨੂੰ ਵੇਖਦਾ ਹਾਂ, ਸਿਖ ਸਿਖਾਂ ਵਿਚ ਰਹਿ ਕੇ, ਗੁਰਦਵਾਰਿਆ ਵਿਚ ਜਾਕੇ ਵੀ ਸਿਖੀ ਗਵਾ ਬੈਠੇ ਹਨ।

ਪਰ ਸਿਖਾਂ ਨੂੰ ਗੁਰੂ ਸਾਹਿਬ ਦੀ ਇਸ ਹਿਦਾਇਤ ਤੇ ਤਸਲੀ ਨਹੀ ਹੋਈ। ਓਹ ਬਹੁਤ ਉਦਾਸ ਹੋ ਗਏ ਤੇ ਕਹਿਣ ਲਗੇ , ” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੀ ਫੌਜ਼ ਨਾਲ ਲੜ ਜਾਂਦੇ ਹਾਂ, ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ, ਮੁਕਤਸਰ ਤੇ ਚਮਕੋਰ ਦਾ ਹਵਾਲਾ ਦਿਤਾ। ਤੁਹਾਡੇ ਜਾਣ ਤੋ ਬਾਦ ਸਾਡਾ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ, ਮੈਂ। 4 ਜੰਗ ਜਿਤੇ ਹਨ, ਬਹੁਤ ਕੁਝ ਕਹਿੰਦੇ ਹਨ ਪਰ ਲੋਕਾਂ ਨੂੰ ਇਹ ਨਹੀ ਪਤਾ ਕਿ,

ਜੁਧ ਜਿਤੇ ਇਨ ਹੀ ਕੇ ਪ੍ਰਸਾਦਿ

ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ

ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ

ਇਨਹਿ ਕਿਰਪਾ ਫੁਨ ਧਾਮ ਭਰੇ

ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ

ਇਨਹਿ ਕੀ ਕਿਰਪਾ ਸਭ ਸ਼ਤੂ ਮਰੇ

ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ

ਨਹੀਂ ਮੋ ਸੋ ਗਰੀਬ ਕਰੋਰ ਪਰੇ।।

ਆਪਣੇ ਅੰਤਲੇ ਸਮੇ ਤਕ ਆਪਣੇ ਖਾਲਸੇ ਨੂੰ ਮਾਣ ਬਖਸ਼ਿਆ ਹੈ। ਆਪਣੀਆਂ ਸਾਰੀਆਂ, ਜਿਤਾ ਆਪਣੀਆਂ ਸਾਰੀਆਂ ਕਾਮਯਾਬੀਆਂ, ਆਪਣੇ ਸਾਰੇ ਗੁਣ ਖਾਲਸੇ ਦੇ ਨਾਮ ਕਰ ਦਿਤੇ , ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋ ਇਕ ਗਰੀਬ ਕਿਹਾ।

ਪਰ ਗੁਰੂ ਸਾਹਿਬ ਦੀਆਂ ਇਹ ਤਸ੍ਲੀਆਂ ਵੀ ਸਿਖਾਂ ਨੂੰ ਹੋਂਸਲਾ ਨਾ ਦੇ ਸਕੀਆਂ। ਗੁਰੂ ਸਾਹਿਬ ਨਾਲੋ ਵਿਛੜਨਾ ਉਨ੍ਹਾ ਲਈ ਅਸਿਹ ਸੀ ਪਰ ਕੋਈ ਚਾਰਾ ਨਹੀਂ ਸੀ। ਰੁਕਸਤ ਹੋਣ ਲਗਿਆਂ ਉਨ੍ਹਾ ਨੇ ਸਿਖਾਂ ਨੂੰ ਹਿਤਾਇਤ ਕੀਤੀ, ਕੋਈ ਉਨ੍ਹਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ, ਸਤਕਾਰ ਵਜੋਂ ਉਨ੍ਹਾ ਦੀ ਯਾਦਗਾਰ ਨਾ ਉਸਾਰੇ ਤੇ ਇਹ ਵੀ ਕਿਹਾ ਕੀ ਜੋ ਉਨ੍ਹਾ ਨੂੰ ਪ੍ਰਮੇਸ਼ਰ ਜਾਣ ਕੇ ਉਨ੍ਹਾ ਦੀ ਪੂਜਾ ਕਰੇਗਾ ਘੋਰ ਨਰਕ ਨੂੰ ਜਾਏਗਾ।

ਜੋ ਹਮ ਕੋ ਪਰਮੇਸੁਰ ਉਚਰਿ ਹੈ

ਤੋਂ ਸਭ ਨਰਕਿ ਕੁੰਡ ਮਹਿ ਪਰਿਹੈ

ਮੋ ਕੋ ਦਾਸੁ ਤਵਨ ਕਾ ਜਾਨੋ

ਯਾ ਮੈ ਭੇਦੁ ਨ ਰੰਚ ਪਛਾਨੋ

ਮੈ ਹੋ ਪਰਮ ਪੁਰਖ ਕੋ ਦਾਸਾ

ਦੇਖਨਿ ਆਯੋ ਜਗਤ ਤਮਾਸਾ

ਕੜਾਹ ਪ੍ਰਸ਼ਾਦ ਕੀਤਾ ਗਿਆ , ਦੇਗ ਵਰਤਾਈ ਤੇ ਸੰਗਤਾ ਨੂੰ ਕਿਹਾ, ” ਸਾਡਾ ਵਕ਼ਤ ਆ ਗਿਆ ਹੈ ਅਕਾਲ ਪੁਰਖ ਕੋਲ ਜਾਣ ਦਾ। ਸਾਡਾ ਅੰਗੀਠਾ ਤਿਆਰ ਕਰੋ। 17 ਅਕਤੂਬਰ 1708 ਵਿਚ ਗੁਰੂ ਸਾਹਿਬ ” ਜੋਤੀ ਜੋਤ ਰਲੀ ਸੰਪੂਰਣ ਥਿਆ ਰਾਮ ” ਦੇ ਹੁਕਮ ਅਨੁਸਾਰ ਗੁਰੂ ਸਾਹਿਬ ਅਲੋਪ ਹੋ ਗਏ। ਇਸ ਵਕ਼ਤ ਗੁਰੂ ਸਾਹਿਬ ਕੋਲ ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਇਲਾਵਾ 300 ਘੋੜ ਸਵਾਰ ਸਨ। ਜੋਤੀ ਜੋਤ ਸਮਾਣ ਤੋਂ ਪਹਿਲਾ ਭਾਈ ਮਨੀ ਸਿੰਘ ਨਾਲ ਮਾਤਾ ਸਾਹਿਬ ਕੌਰ ਨੂੰ ਭੇਜ ਦਿਤਾ ਕੁਝ ਘੋੜ ਸਵਾਰ, ਬੰਦਾ ਬਹਾਦਰ ਨਾਲ ਚਲੇ ਗਏ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਤੇ ਕੁਝ ਸਿੰਘ ਜੋ ਉਨਾਂ ਕੋਲ ਸੀ ਸਸਕਾਰ ਤੋ ਬਾਦ ਵਾਪਿਸ ਪੰਜਾਬ ਚਲੇ ਗਏ।

ਸਾਰੀਆਂ ਸੰਗਤਾ ਨੂੰ ਕਿਹਾ ਕੀ ਮੇਰੇ ਸਸਕਾਰ ਵਕ਼ਤ ਮੇਰੇ ਵਲ ਮੂੰਹ ਨਹੀ ਕਰਨਾ ਬਲਿਕ ਪਿਠ ਕਰਕੇ ਖੜੇ ਹੋਣਾ ਹੈ। ਓਹ ਚਿਖਾ ਤੇ ਬੇਠੇ ਜੋ ਸਭ ਤਰਫੋਂ ਤੰਬੂ ਨਾਲ ਢਕੀ ਹੋਈ ਸੀ। ਕੋਈ ਪਤਾ ਨਹੀ ਕਿਸੇ ਸਿੰਘ ਨੇ ਅਗਨੀ ਦਿਤੀ ਹੋਵੇ। ਘੋੜਾ ਵੀ ਉਥੋਂ ਗਾਇਬ ਸੀ। ਸਿੰਘਾਂ ਨੂੰ ਵਿਸ਼ਵਾਸ ਨਹੀ ਹੋਇਆ ਕਿ ਓਹ ਜੋਤੀ ਜੋਤ ਸਮਾ ਗਏ ਹਨ। ਕਈ ਸਾਲਾਂ ਤਕ ਓਹ ਗੁਰੂ ਸਾਹਿਬ ਦੀ ਇੰਤਜ਼ਾਰ ਕਰਦੇ ਰਹੇ ਉਨ੍ਹਾ ਦਾ ਰਾਹ ਦੇਖਦੇ ਰਹੇ। ਇਸ ਤਰਾਂ ਗੁਰਿਆਈ ਗੁਰੂ ਗੋਬਿੰਦ ਸਿੰਘ ਤੋਂ ਗੁਰੂ ਗਰੰਥ ਤੇ ਗੁਰੂ ਪੰਥ ਵਿਚ ਪਰੀਵਰਤਤ ਹੋ ਗਈ।

ਕਹਿੰਦੇ ਹਨ ਦੋ ਸਿੰਘਾਂ ਨੇ ਓਨ੍ਹਾ ਨੂੰ ਘੋੜੇ ਤੇ ਸਵਾਰ ਹੋਕੇ ਜਾਂਦਿਆ ਦੇਖਿਆ। ਕਈ ਕਹਿੰਦੇ ਹਨ ਕੀ ਓਨ੍ਹਾ ਨੇ ਸਿਤਾਰਾ ਫੋਰਟ ਪੂਨਾ ਬਾਲਾ ਰਾਇ ਰੁਸਤਮ ਨੂੰ ਬਚਾਇਆ। ਓਹ ਇਕ ਸਾਧੂ ਨੂੰ ਵੀ ਮਿਲੇ ਤੇ ਆਪਣੇ ਸਿਖਾਂ ਨੂੰ ਸਨੇਹਾ ਭੇਜਿਆ ਕੀ ਉਨ੍ਹਾ ਦੀ ਮੋਤ ਦਾ ਕੋਈ ਦੁਖ ਨਾ ਕਰੇ। ਜਦੋਂ ਗੁਰੂ ਸਾਹਿਬ ਘੋੜੇ ਤੇ ਚੜ ਕੇ ਚਿਖਾ ਵਿਚ ਦਾਖਲ ਹੋਏ ਤਾਂ ਉਨ੍ਹਾ ਦੇ ਮੁਖ ਤੇ ਇਤਨਾ ਤੇਜ ਸੀ ਕਿ ਝਾਲ ਨਹੀਂ ਸੀ ਝਲੀ ਜਾ ਰਹੀ। ਅਕਾਲ ਪੁਰਖ ਹੀ ਜਾਣਦਾ ਹੈ ਕਿ ਕੀ ਭਾਣਾ ਵਰਤਿਆ ਹੈ- ਕਾਸ਼ ਇਹ ਸਭ ਸਚ ਹੁੰਦਾ, ਕੁਝ ਸਮਾਂ ਹੋਰ ਰਹਿ ਜਾਂਦੇ ਤਾਂ ਓਹਨਾ ਤੋਂ ਬਾਅਦ ਜੋ ਸਿਖਾਂ ਨਾਲ ਵਾਪਰਿਆ, ਜੋ ਅਕਿਹ ਤੇ ਅਸਿਹ ਜ਼ੁਲਮ ਸਿਖਾਂ ਤੇ ਔਰੰਗਜ਼ੇਬ ਤੋਂ ਬਾਦ ਵਿਚ ਵੀ ਹੋਏ ਹਨ, ਸ਼ਾਇਦ ਓਹ ਸਭ ਨਾ ਹੁੰਦੇ।

ਬਾਣੀ

ਗੁਰੂ ਜੀ ਨੇ ਜਾਪੁ ਸਾਹਿਬ, ਅਕਾਲ ਉਸਤਤ .33 ਸਵਈਏ, ਖਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬਿਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜਫਰਨਾਮਾ, ਹਕਾਯਤਾਂ, ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ। ਜਾਪੁ ਸਾਹਿਬ ਵਿਚ ਅਕਾਲ ਉਸਤਤ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ। ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ। ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ। ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ। ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ। ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ, ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ। ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ, ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਨਾ ਦੀ ਰਚਨਾ ਦਾ ਖਾਸ ਗੁਣ ਹੈ। ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ। ਅਰਬੀ ਦੇ ਗਿਆਨ ਦੀ ਸਿਖਰ, ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸਨੂੰ ਬੜੀ ਖੁਲੀ- ਦਿਲੀ ਨਾਲ ਬਾਣੀ ਵਿਚ ਵਰਤਿਆ ਹੈ। ਬਿਹਾਰੀ, ਬ੍ਰਿਜ ਭਾਸ਼ਾ, ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 735 ਅਕਾਲ ਪੁਰਖ ਦੇ ਉਪਨਾਮ ਜਿਨਾ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ। ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਨਾਂ ਦੀ ਕਲਾ ਸੀ

ਜਿਮੀ ਤੁਹੀਂ, ਜਮਾ ਤੁਹੀਂ।

ਮਕੀ ਤੁਹੀਂ, ਮਕਾ ਤੁਹੀਂ।

ਅਭੁ ਤੁਹੀਂ, ਅਭੈ ਤੁਹੀਂ।

ਅਛੂ ਤੁਹੀਂ, ਅਛੇ ਤੁਹੀਂ।

ਜਤਸ ਤੁਹੀਂ ਬ੍ਰੇਹਸ ਤੁਹੀਂ।

ਗਤਸ ਤੁਹੀਂ, ਮਤਸ ਤੁਹੀਂ।

ਤੁਹੀਂ ਤੁਹੀਂ, ਤੁਹੀਂ ਤੁਹੀਂ।

ਤੁਹੀਂ ਤੁਹੀਂ ਤੁਹੀਂ ਤੁਹੀਂ।

ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ, “ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ। ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ। ਓਸ ਨੂੰ ਲਗਦਾ ਹੈ ਕੀ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ। ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ। ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮੇਹਰ ਸਦਕਾ ਹੁੰਦਾ ਹੈ। ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ। ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ। ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ। ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੋਤ ਤੋ ਬਚ ਨਹੀ ਸਕੇ “।

ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ। ਉਸਦੀ ਹੋਦ ਤੋਂ ਅਸੀਂ ਮਨੁਕਰ ਨਹੀਂ ਸਕਦੇ। ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ। ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ। ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ, ਤੀਰਥ ਇਸ਼ਨਾਨ, ਦਾਨ- ਪੁਨ, ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ। ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ। ਚਕ੍ਰ, ਚਿਹਨ , ਬਰਨ, ਜਾਤ, ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ।

ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ। ਸਿਖਾਂ ਨੂੰ ਕਰਮਕਾਂਡਾਂ, ਵਹਿਮ-ਭਰਮਾ, ਛੁਆ- ਛੂਤ, ਜਾਤ-ਪਾਤ, ਉਂਚ -ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ, ਜੋ ਉਸਦੇ ਆਪਣੇ ਮਨ- ਮੰਦਿਰ ਵਿਚ ਹੈ।

ਰੇ ਮਨ ਐਸੋ ਕਰ ਸਨਿਆਸਾ।।

ਬਨ ਸੇ ਸਦਨ ਸਭੈ ਕਰਿ ਸਮਝਹੁ

ਮਨ ਹੀ ਮਾਹਿ ਉਦਾਸਾ।।

ਓਹ ਆਪ ਇਕ ਮਹਾਂ ਜੀਵੀ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ। ਲੋਕਾਂ ਨੂੰ ਵੀ ਇਸ ਮੰਚ ਤੇ ਇਕਠਾ ਕੀਤਾ। ਓਟ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ, ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ- ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ। ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ। ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ, ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ। ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ, ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ- ਕਰਮ, ਜਪ -ਤਪ ਅਤੇ ਪੂਜਾ ਹੈ।

ਭਜੋ ਹਰੀ, ਥਪੋ ਹਰੀ।

ਤਪੋ ਹਰੀ ਜਪੋ ਹਰੀ।

ਦੇਵੀ, ਦੇਵਤਿਆਂ, ਮੜੀ, ਮਸਾਣਾ, ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ।

ਕਾਹੂ ਲੈ ਪਾਹਨ ਪੂਜੋ ਧਰੇ ਸਿਰ

ਕਾਹੂ ਲੈ ਲਿੰਗ ਗਰੇ ਲਟਕਾਓ

(ਅਕਾਲ ਉਸਤਤ )

ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ, ਤੰਤਰ, ਮੰਤਰ, ਤਵੀਜਾ ਵਿਚ ਨਹੀ। , ਕਰਮ- ਕਾਂਡ, ਭੇਖ, ਪਖੰਡਾ, ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ। ਬਲਿਕ, ਕਿਰਤ ਕਰਕੇ ਭੁਖੇ, ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ, ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ। ਹਉਮੇ ਦੁਖਾਂ ਨੂੰ ਵਧਾਂਓਦਾ ਹੈ। ਜੇ ਤੁਸੀਂ ਗਰੰਥਾਂ ਦਾ ਪਾਠ, ਅਕਾਲ ਪੁਰਖ ਦਾ ਜਾਪੁ ਇਕ -ਮਨ, ਇਕ -ਚਿਤ ਹੋਕੇ ਨਹੀਂ ਕਰਦੇ, ਮਨੋ ਤੁਸੀਂ ਹੋਰ ਧਾਵਾਂ ਤੇ ਭਟਕਦੇ ਰਹਿੰਦੇ ਹੋ ਤਾਂ ਓਹ ਵੀ ਕਰਮ ਕਾਂਡ ਤੇ ਪਾਖੰਡ ਹੈ।

‘ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ” (ਬਚਿਤਰ ਨਾਟਕ)”

ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ, ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ , ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ, ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ।

ਜਗਤ ਜੋਤ ਜਪੇ ਨਿਸ ਬਾਸਰ।

ਟੇਕ ਬਿਨਾ ਮਨ ਨੇਕ ਨਾ ਆਨੇ।

ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ। ਭਗਤੀ, ਪਿਆਰ, ਸੇਵਾ, ਪਵਿਤ੍ਰਤਾ, ਪਰਉਪਕਾਰ, ਦਇਆ, ਖਿਮਾ, ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ। ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੇ। ਦੂਜਿਆਂ ਨੂੰ ਉਪਦੇਸ਼ ਦੇਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਆਪਣੇ ਆਪ ਨੂੰ ਪੜਤਾਲੋ। ਸਿਮਰਨ ਵਿਚ ਜੁੜੋ ਬਸ ਇਹੀ ਸਚੀ ਭਗਤੀ ਹੈ।

ਉਨ੍ਹਾ ਦਾ ਇਕ ਦੇਸ਼ ਨਹੀ ਸੀ, ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਨਾ ਦੇ ਸੀ। ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ। ਉਨ੍ਹਾ ਲਈ ਜਾਤ -ਪਾਤ, ਊਚ -ਨੀਚ, ਮਜਹਬ, ਧਰਮ, ਕੋਮ, ਹਦਾਂ, ਸਰਹਦਾ ਦੀ ਕੋਈ ਅਹਮੀਅਤ ਨਹੀ ਸੀ ਓਨ੍ਹਾ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ। ਉਹ ਲੜੇ ਵੀ ਤਾਂ ਕੇਵਲ ਜ਼ੁਲਮ ਦੇ ਟਾਕਰੇ ਲਈ, ਕਿਸੇ ਕੋਮ, ਰਾਜ-ਭਾਗ, ਧੰਨ -ਦੌਲਤ, ਜਮੀਨ-ਜਾਇਦਾਦ ਜਾਂ ਸ਼ੁਹਰਤ ਵਾਸਤੇ ਨਹੀਂ। ਇਹ ਉਨ੍ਹਾ ਦਾ ਧਰਮ ਯੁਧ ਸੀ ਜਿਸ ਪਿਛੇ ਆਪਣਾ ਸਰਬੰਸ ਤੇ ਆਪਣੇ ਆਪ ਨੂੰ ਵੀ ਵਾਰ ਦਿਤਾ।

ਦੇਹਿ ਸਿਵਾ ਬਰੁ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ

ਨ ਡਰੋ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋ.

ਅਰੁ ਸਿਖਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤੂ ਉਚਰੋਂ

ਜਬ ਆਵ ਕੀ ਅਉਧ ਨਿਦਾਨ ਬਣਾਈ, ਅਤਿ ਹੀ ਰਂ ਮੈ ਤਬ ਜੂਝ ਮਰੋ।।

ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਜਿਓਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀ ਕਰ ਸਕੇ, ਪਰ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ। ਗਲ ਸੰਸਾਰਿਕ ਵਡਿਆਈ ਦੀ ਨਹੀਂ ਉਨ੍ਹਾ ਦੇ ਆਦਰਸ਼ ਦੀ, ਨਿਸ਼ਾਨੇ ਤੇ ਸੂਝ ਬੂਝ ਦੀ ਹੈ। ਗੁਰੂ ਸਾਹਿਬ ਦੀ ਜਦੋ- ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਨ੍ਹਾ ਨੇ ਦੁਨਿਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ, ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ।

‘ਮੈਕਲਾਫ’ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰ ਦੁਰ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਨ੍ਹਾ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਪਣੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ। ’

‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ। ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਸਿਖਾਂ ਦੀ ਮੰਜ਼ਿਲ ਦੀ ਕੇ ਆਖ਼ਰੀ ਇੱਟ ਰੱਖ ਦਿੱਤੀ। ’

‘ਸਾਧੂ ਟੀ. ਐਲ. ਵਾਸਵਾਨੀ’ ਇਸ ਸਬੰਧ ਵਿੱਚ ਲਿਖਦੇ ਹਨ: ‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ। ’ ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਪੀਂਘ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।

‘ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀਂ ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ। ’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ। ’ ‘ਆਰਚਰ ਬੰਗਲੇ ਤੇ ਗਾਰਡਨ’ ਵੀ ਲਿਖਦੇ ਹਨ ਕਿ ‘ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ। ’

‘ ਪੰਥ ਦੇ ਮਹਾਨ ਲੇਖਕ ਅਤੇ ਕਵੀ ਚੂੜਾਮਣੀ ਲਿਖਦੇ ਹਨ ਕੀ, ” ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਦਾਨ ਕਰਕੇ ਹਿੰਦ ਉਤੇ ਉਪਕਾਰ ਨਾ ਕਰਦੇ ਤਾ ਹਿੰਦੁਆਂ ਦੀ ਵੰਨ -ਸੁਵੰਨੀ -ਅਨੇਕਤਾ ਵਿਚ ਏਕਤਾ ਖਤਮ ਹੋ ਜਾਂਦੀ ਤੇ ਇਥੇ ਕੇਵਲ ਇਸਲਾਮ ਧਰਮ ਦਾ ਹੀ ਬੋਲਬਾਲਾ ਹੋ ਜਾਣਾ ਸੀ “।

ਅਬਦੁਸ ਸਮਨ ਖਾਨ ਦੇ ਇਕ ਸਰਕਾਰੀ ਕਰਮਚਾਰੀ ਨੇ ਲਿਖਿਆ ਹੈ ਕਿ ਉਸ ਕੋੰਮ ਨੂੰ ਕੋਣ ਹਰਾ ਸਕਦਾ ਹੈ ਜਿਸ ਕੋਲ ਦੇਗ ਤੇ ਤੇਗ ਦੋਨੋ ਹੋਣ ( ਦੇਗ- ਉਦਾਰਤਾ, ਲੋੜਵੰਦ ਦੀ ਹਰ ਲੋੜ ਪੂਰੀ ਕਰਨ ਦੀ ਸਮਰਥਾ ਤੇ ਤੇਗ ਜਬਰ ਤੇ ਜੁਲਮ ਦੇ ਖਿਲਾਫ਼ ਟਕਰ )

ਲਤੀਫ, ” ਗੁਰੂ ਸਾਹਿਬ ਦਾ ਨਿਸ਼ਾਨਾ ਬਹੁਤ ਉਚਾ ਸੀ, ਜਿਸ ਕਾਰਜ ਨੂੰ ਉਹਨਾ ਨੇ ਹਥ ਪਾਇਆ ਉਹ ਮਹਾਨ ਸੀ। ਉਨ੍ਹਾ ਦੀ ਸਦਕਾ ਬੇਮੁਹਾਰੇ, ਬੇਲਗਾਮ ਲੋਕ ਇਕ ਲੜੀ ਵਿਚ ਪਰੋਏ ਜੋ ਸਮੇ ਦੇ ਸਭ ਤੋਂ ਵਡੇ ਯੋਧੇ ਬਣੇ।

ਕੁਨਿੰਘ੍ਮ, ” ਪਹਿਲੇ ਗੁਰੂਸਹਿਬਾਨਾ ਦੀ ਕਿਰਪਾ ਸਦਕਾ ਸਿਖਾਂ ਵਿਚ ਅਥਾਹ ਜਜ੍ਬਾ ਭਰਿਆ ਜਾ ਚੁਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾ ਵਿਚ ਅਜਿਹੀ ਰੂਹ ਫੂਕੀ ਜਿਸਨੇ ਸਿਖਾਂ ਦੇ ਤੰਨ ਤੇ ਮੰਨ ਦੋਨੋ ਬਦਲ ਕੇ ਰਖ ਦਿਤੇ, ਅਕਲ ਤੇ ਸ਼ਕਲ ਦੋਨੋ ਬਦਲ ਕੇ ਰਖ ਦਿਤੀ। ਉਨ੍ਹਾ ਦੀ ਨੁਹਾਰ ਸਾਰੀ ਦੁਨੀਆਂ ਨਾਲੋਂ ਵਖਰੀ ਹੋ ਗਈ। ਉਨ੍ਹਾ ਨੇ ਉਹ ਕਾਰਨਾਮੇ ਕਰ ਕੇ ਦਿਖਾਏ ਜੋ ਕੋਈ ਨਾ ਕਰ ਸਕਿਆ।

ਰਿਆਂ ਤੇ ਫਿਟਕਾਰੀਆਂ ਵਾਰ ਨਹੀਂ ਸੀ ਆਉਂਦੀ, ਜੋ ਜਿਲਤ ਤੇ ਗੁਲਾਮੀ ਦੀ ਜਿੰਦਗੀ ਗੁਜ਼ਾ ਰ ਰਹੇ ਸਨ ਉਨਾ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਵਿਚ ਖੜਾ ਕਰਨਾ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਸੀ ”

ਬੰਗਾਲ ਦੇ ਇਤਿਹਾਸਕਾਰ ਬੈਨਰਜੀ ਆਪਣੀ ਪੁਸਤਕ Evolution of khalsa ਵਿਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੀਆ ਕੁਝ ਗਿਣੀਆਂ ਚੁਣੀਆਂ ਮਹਾਨ ਹਸਤੀਆਂ ਵਿਚੋ ਹਨ . ਉਨ੍ਹਾ ਦੀ ਪ੍ਰਤਿਭਾ ਅੱਟਲ ਹੈ। ਗੁਰੂ ਗੋਬਿੰਦ ਸਿੰਘ ਵਿਚ ਪੈਗੰਬਰ, ਰਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ, ਵੰਡ ਛਕਣ ਵਾਲੇ, ਵਿਦਵਾਨ, ਸਭ ਬੋਲੀਆਂ ਦੇ ਮਾਹਿਰ .ਜਥੇਦਾਰ, ਸਟੇਟਸਮੈਨ, ਨੀਤੀਵਾਨ, ਜੇਰਨੈਲ, ਸੰਤ-ਸਿਪਾਹੀ, ਪਰਉਪਕਾਰੀ, ਉਦਾਰਚਿਤ, ਤੀਰ-ਅਨਦਾਜ਼, ਤਲਵਾਰ ਦੇ ਧਨੀ, ਸਹਿਨਸ਼ੀਲਤਾ, ਨਿਰਮਾਣਤਾ, ਸਫਲ ਆਗੂ, ਘੋੜ ਸਵਾਰ, ਸੰਸਾਰ ਦੀ ਪੀੜਾ ਹਰਨ ਵਾਲੇ , ਨਿਸ਼ਾਨਾਬਾਜ਼, ਜਗਤ-ਗੁਰੂ, ਮਾਇਆ ਵਿਚ ਉਦਾਸੀ, ਨਿਰਵੈਰ, ਨਿਡਰ ;ਲਿਖਾਰੀ ਤੇ ਹੋਰ ਅਨੇਕਾਂ ਗੁਣ ਮਿਲਦੇ ਹਨ “।

ਅਮ੍ਰਿਤ ਰਾਏ ਲਿਖਦੇ ਹਨ ਕਾਇਰਾਂ ਨੂੰ ਸ਼ੇਰ ਬਣਾ ਕੇ ਜੰਗ ਵਿਚ ਲੜਾ ਦੇਣਾ, ਇਕ ਹਲਵਾਈ ਤੇ ਉਦਾਸੀ ਕੋਲੋਂ ਸਮੇ ਦੇ ਜਰਨੈਲ ਮਰਵਾ ਦੇਣੇ ਗੁਰੂ ਸਾਹਿਬ ਦੇ ਹਿਸੇ ਆਇਆ ਹੈ।

ਪ੍ਰੋਫੈਸਰ. ਸਤਬੀਰ ਸਿੰਘ ਜੀ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖ੍ਸ਼ੀਅਤ ਦਾ ਜਾਇਜਾ ਲਗਾਣਾ ਮੁਸ਼ਕਿਲ ਹੀ ਨਹੀਂ ਬਲਿਕ ਨਾਮੁਮਕਿਨ ਹੈ। 42 ਵਰਿਆਂ ਤੋਂ ਵੀ ਘਟ ਉਮਰ ਵਿਚ ਜੋ ਕਰਤਵ, ਬਖਸ਼ਿਸ਼ਾਂ ਅਤੇ ਯੁਧ ਓਹ ਕਰ ਗਏ ਹਨ ਉਨ੍ਹਾ ਦਾ ਤੋਲ-ਮੋਲ ਕਰਨਾ ਬਹੁਤ ਕਠਣ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕਾਰਜ ਕਰ ਜਾਣੇ ਇਹ ਕਰਾਮਾਤ ਤੋਂ ਘਟ ਨਹੀਂ ਤੇ ਫਿਰ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਇਕ ਥਾਂ ਮਿਲਣੇ ਅਸੰਭਵ ਜਹੀ ਗਲ ਲਗਦੀ ਹੈ।

ਅਬਦੁਲ ਮਜੀਦ ਲਿਖਦੇ ਹਨ, ‘ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ ਨਹੀਂ ਸੀ “। ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ, ਨਿਮਾਜ਼ ਅਤੇ ਪੂਜਾ, ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ, ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਕਰਾ ਕਰਨ ਲਈ ਖੜੀ ਹੋਵੇ, ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਨ, ਜਿਸਦੇ ਲੰਗਰ ਵਿਚ ਹਰ ਮੁਸਲਮਾਨ, ਹਿੰਦੂ, ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ। ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ। ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ, ਉਨ੍ਹਾ ਤੋ ਹੋਈ, ਜਿਸ ਵਿਚ ਪੀਰ ਬੁਧੂ ਸ਼ਾਹ, ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ ਵਾਰੇ ਸਨ।

ਗੁਰੂ ਸਾਹਿਬਾਨਾ ਵਕਤ ਨਾ ਉਸਤੋ ਤੋ ਬਾਦ ਕਿਸੇ ਸਿਖ ਨੇ ਕੋਈ ਮਸੀਤ ਨਹੀਂ ਢਾਹੀ। ਹਾਂ ਉਨਾ ਨੇ ਮਸੀਤਾਂ ਬਣਵਾਈਆਂ ਜਰੂਰ ਸਨ। ਗੁਰੂ ਹਰਗੋਬਿੰਦ ਸਮੇ, ਮਿਸਲਾਂ ਵਕਤ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਜਰੂਰ ਸਨ ਪਰ ਢਾਹੀਆਂ ਕਿਸੇ ਨੇ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 

Print Friendly, PDF & Email

Nirmal Anand

Translate »