ਸਿੱਖ ਇਤਿਹਾਸ

ਗੁਰੂਦਵਾਰਾ ਕਰਤਾਰਪੁਰ ਸਾਹਿਬ -ਪਾਕਿਸਤਾਨ

ਗੁਰੁਆਰਾ ਦਰਬਾਰ ਸਾਹਿਬ, ਪਿੰਡ ਕਰਤਾਰਪੁਰ , ਜ਼ਿਲਾ ਨਾਰੋਵਾਲ, ਪਾਕਿਸਤਾਨ ਜੋ ਲਹੋਰ  ਤੋਂ 120 ਕਿਲੋਮੀਟਰ ਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੀ ਦੂਰੀ ਤੇ  ਹੈ ਜਿਸਦੇ ਵਿਚਾਲੇ ਅਧੇ ਕਿਲੋਮੀਟਰ ਤਕ ਵੇਈਂ ਨਦੀ ਤੇ ਉਸਤੋਂ ਬਾਅਦ 2 ਕਿਲੋਮੀਟਰ ਰਾਵੀ ਦਰਿਆ ਹੈ 1 ਵੇਂਈ ਨਦੀ ਰਾਵੀ ਦਰਿਆ ‘ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਦਾ ਸਫਰ ਕਰਨ ਤੋਂ ਬਾਅਦ ਰਾਵੀ ‘ਚ ਹੀ ਮਿਲ ਜਾਂਦੀ ਹੈ। ਅਗਰ ਕਚੇ ਰਸਤੇ ਤੋਂ ਜਾਣਾ ਪਵੇ ਤਾਂ  ਤਕਰੀਬਨ ਡੇਢ ਕਿਲੋਮੀਟਰ ਰਾਵੀ ਤੇ ਵਹੀੰ ਨਦੀ ਦੇ ਪਾਣੀਆਂ ਵਿਚੋ ਲੰਘਣਾ ਪੈਦਾ ਹੈ1 ਇਹ ਅਸਥਾਨ  Northern-western ਰੇਲਵੇ ਲਾਇਨ ਦਾ station ਹੈ ਜੋ ਬਟਾਲੇ ਤੋਂ 21 ਮੀਲ/ ਅਮ੍ਰਿਤਸਰ ਤੋਂ ਤਕਰੀਬਨ 42 ਮੀਲ ਤੇ ਜਲੰਧਰ ਤੋਂ ਸਿਰਫ  ਅਧੇ ਮੀਲ ਦੇ ਫਾਸਲੇ ਤੇ ਹੈ।

ਇਹ  ਉਹ ਇਤਿਹਾਸਕ ਸਥਾਨ ਹੈ ਜਿੱਥੇ  ਗੁਰੂ ਨਾਨਕ ਸਾਹਿਬ  ਦੀ 23 ਅੱਸੂ, ਸੰਮਤ 1596 (22 ਸਤੰਬਰ 1539) ਵਿਚ ਆਪਣੀ ਜਿੰਦਗੀ ਦਾ ਸਭ ਤੋ ਵਧ ਵਕਤ 17 ਸਾਲ 5 ਮਹੀਨੇ ਤੇ 9 ਦਿਨ ਗੁਜ਼ਾਰ ਕੇ  ਜੋਤੀ ਜੋਤ ਸਮਾਏ ਸਨ।  ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਕੇ  ਇਸਦਾ ਕੁਝ ਹਿਸਾ   ਹਿੰਦੁਸਤਾਨ ਵਿਚ ਰਹਿ ਗਿਆ ਤੇ ਕੁਝ  ਪਾਕਿਸਤਾਨ ਵਲ ਚਲਿਆ ਗਿਆ 1 ਕਰਤਾਰਪੁਰ ਦਾ ਕੁਝ ਹਿਸਾ  ਜੋ ਭਾਰਤ ਵਿਚ ਰਹਿ ਗਿਆ ਉਹ ਡੇਰਾ ਬਾਬਾ ਨਾਨਕ, ਦੇਹਰਾ  ਨਾਨਕ ਬਾਬਾ  ਜਾ ਕਰਤਾਰਪੁਰ  ਰਾਵੀ ਦੇ ਨਾਂ ਨਾਲ ਜਾਣਿਆ ਜਾਣ ਲਗਾ ਤੇ  ਪਾਕਿਸਤਾਨ ਵਾਲੇ ਹਿਸੇ  ਨੂੰ ਕਰਤਾਰਪੁਰ ਹੀ ਕਿਹਾ  ਜਾਂਦਾ ਹੈ1 ਇਹ  ਸਿੱਖਾਂ ਦਾ ਪਹਿਲਾ ਧਾਰਮਿਕ ਕੇਂਦਰ ਸੀ ਜੋ  ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ  ਬਣਿਆ ਹੋਇਆ  ਹੈ।

ਗੁਰੂਦਵਾਰਾ ਕਰਤਾਰ ਪੁਰ  ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੈ । ਇਹ ਸ਼ਹਿਰ ਗੁਰੂ ਸਾਹਿਬ ਨੇ ਸੰਨ 1504 ਵਿਚ  ਰਾਵੀ ਨਦੀ ਦੇ ਸਜੇ ਕੰਢੇ ਉਤੇ  ਭਾਈ ਦੁਨੀ ਚੰਦ ਤੇ  ਭਾਈ ਦੋਦਾ ਦੇ ਉਦਮ ਨਾਲ ਵਸਾਇਆ ਸੀ  1 ਇਹ ਪਿੰਡ ਗੁਰੂ ਨਾਨਕ ਸਾਹਿਬ ਦਾ ਸਹੁਰਾ ਪਿੰਡ ਪਖੋਕੇ  ਰੰਧਾਵਾ ਦੇ ਚੋਧਰੀ ਰੰਧਾਵਾ ਦਾ ਸੀ ਜਿਥੇ ਇਕ ਖੂਹ ਸੀ1  ਗੁਰੂ ਸਾਹਿਬ ਅਕਸਰ ਇਸ ਖੂਹ ਤੇ  ਆਕੇ ਬੈਠਦੇ ਜਿਥੇ  ਸੰਗਤਾਂ ਇੱਕਠੀਆਂ ਹੋ ਜਾਂਦੀਆਂ  1 ਇਕ ਦਿਨ ਜਦ ਗੁਰੂ ਸਾਹਿਬ ਦੇ ਦਰਸ਼ਨ ਕਰਣ ਇੱਥੋਂ ਦਾ ਤਤਕਾਲੀਨ ਗਵਰਨਰ ਦੁਨੀ ਚੰਦ ਆਇਆ ਤਾਂ  ਉਨ੍ਹਾਂ ਨੇ 100 ਏਕੜ ਜਮੀਨ ਗੁਰੂ ਸਾਹਿਬ ਲਈ ਦੇ ਦਿੱਤੀ ਜਿਥੇ ਗੁਰੂ ਸਾਹਿਬ ਦੀ ਆਗਿਆ ਨਾਲ ਸੰਨ 1504  ਵਿਚ  ਇਕ ਸ਼ਹਿਰ ਵਸਾਇਆ ਇਆ ਜਿਸ ਦਾ ਨਾਮ ਗੁਰੂ ਸਾਹਿਬ ਨੇ ਕਰਤਾਰ ਪੁਰ ਰਖਿਆ ‘ਮਤਲਬ ਕਰਤਾਰ ਦਾ ਘਰ’ । ਗੁਰੂ ਸਾਹਿਬ ਜਦ ਉਦਾਸੀਆਂ ਤੋ ਵਾਪਿਸ ਆਏ ਤਾਂ 1522 ਵਿੱਚ ਇੱਥੇ ਇੱਕ ਛੋਟਾ  ਜਿਹਾ ਝੋਪੜੀਨੁਮਾ ਥਾਂ ਦਾ ਨਿਰਮਾਣ ਕਰਵਾਇਆ ਗਿਆ ਜਿਸਦਾ ਸਿੱਖ ਧਰਮ ਨਾਲ ਜੁੜੀਆਂ ਕਈ ਕਿਤਾਬਾਂ ਵਿੱਚ ਜ਼ਿਕਰ ਕੀਤਾ ਗਿਆ ਹੈ।

ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਇਥੇ ਆਪਣਾ ਪੱਕਾ ਟਿਕਾਣਾ ਕਰ ਲਿਆ1  ਗੁਰੂ ਸਾਹਿਬ ਆਪਣੇ  ਪੂਰੇ  ਪਰਿਵਾਰ ਨੂੰ , ਮਾਤਾ ਪਿਤਾ ਨੂੰ ਤਲਵੰਡੀ ਤੋਂ ਤੇ ਮਾਤਾ ਸੁਲਖਣੀ ਤੇ ਬਚਿਆਂ ਨੂੰ ਸੁਲਤਾਨਪੁਰ ਤੋ ਲੈ ਆਏ  । ” ਭਾਈ ਗੁਰਦਾਸ ਜੀ ਇਸ ਗਲ ਦੀ ਗਵਾਹੀ ਭਰਦੇ ਹਨ :-

“ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ

ਪਹਿਰ ਸੰਸਾਰੀ ਕਪੜੇ ,ਮੰਜੀ ਬੈਠ ਕੀਆ ਅਵਤਾਰਾ

ਇੱਥੇ ਗੁਰੂ ਸਾਹਿਬ ਨੇ  ਖੇਤੀ ਕਰਕੇ , ਕਥਨੀ ਨਾਲ  ਕਰਨੀ ਦੀ ਸਾਂਝ  ਕਰਦੇ ਲੋਕਾਂ ਨੂੰ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ ।  ਕੀਰਤਨ ਤੇ ਲੰਗਰ ਦੀ ਸ਼ੁਰੂਆਤ ਵੀ ਇਥੋਂ ਹੀ ਹੋਈ।  ਦਿਨੇ  ਗੁਰੂ ਸਾਹਿਬ ਖੇਤਾਂ ਵਿਚ  ਕੜੀ ਮੇਹਨਤ ਨਾਲ ਕਿਰਤ ਕਰਦੇ ,ਸਵੇਰੇ ਸ਼ਾਮ  ਕਥਾ- ਕੀਰਤਨ ਤੇ ਨਾਮ ਸਿਮਰਨ ਦੇ ਪਰਵਾਹ ਨਾਲ  ਸੰਗਤਾਂ ਲਈ ਖੁਲੇ ਲੰਗਰ ਦਾ ਵਰਤਾਰਾ ਹੁੰਦਾ1   ਸਿੱਖ ਭਾਈਚਾਰੇ ਦੇ ਲੋਕ ਇਸ ਨੇਕ ਕੰਮ ਵਿੱਚ ਸ਼ਾਮਿਲ ਹੋਣ ਲਈ ਇੱਥੇ ਇਕੱਠੇ ਹੋਣ ਲੱਗੇ ਜਿਸ ਲਈ  ਲੋਕਾਂ ਦੇ ਰਹਿਣ ਵਾਸਤੇ ਸਰਾਂ ਵੀ ਬਣਵਾਈ ਗਈ1 ਗੁਰੂ ਸਹਿਬ ਨੇ ਇਸਤਰੀ-ਮਰਦ, ਗਰੀਬ -ਅਮੀਰ ਤੇ ਊਚ ਨੀਚ ਦੇ ਵਿਦਕਰੇ ਨੂੰ ਦੂਰ ਕਰਨ ਲਈ  ਸਾਂਝਾ ਲੰਗਰ­- ਘਰ ਬਣਵਾਇਆ  ਜਿਥੇ ਸਭ ਰਲ-ਮਿਲ ਬੈਠ ਕੇ ਇੱਕਠੇ  ਪ੍ਰਸ਼ਾਦਾ ਛੱਕਦੇ ।

ਇਥੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਤੇ ਆਪਣੇ ਬਚਿਆਂ ਨੂੰ ਕਈ ਤਰਹ ਦੀਆਂ ਕੜੀਆਂ ਪ੍ਰੀਖਿਆਵਾਂ  ਵਿਚੋਂ ਕਢਕੇ, ਅਖੀਰ  ਗੁਰਗੱਦੀ ਭਾਈ ਲਹਿਣਾ ਜੀ ਨੂੰ ਸੋਂਪਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ 1 ਇਥੇ ਹੀ  ਬਾਬਾ ਬੁਢਾ ਜਿਨ੍ਹਾ ਦਾ ਪਹਿਲਾ ਨਾਂ  ਬੂੜਾ ਸੀ,ਮ੍ਝੀਆਂ ਚਰਾਂਦਾ ਚਰਾਂਦਾ ਜਦ ਗੁਰੂ ਸਾਹਿਬ ਨੂੰ ਮਿਲਿਆ,  ਉਨ੍ਹਾ ਦੀ  ਸੰਗਤ ਕਰਦਿਆਂ ਕਰਦਿਆਂ ਉਨ੍ਹਾ ਦਾ  ਹੋਕੇ ਰਹਿ  ਗਿਆ 1  ਬਾਬਾ ਬੁਢਾ ਜੀ  ਨੇ ਆਪਣੀ ਸਾਰੀ ਜਿੰਦਗੀ ,ਛੇ ਪਾਤਸ਼ਾਹੀਆਂ ਤਕ ਬੜੀ ਸ਼ਰਧਾ ਪੂਰਵਕ ਗੁਰੂ ਘਰ ਦੀ ਸੇਵਾ ਕੀਤੀ, ਅਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਤੇ ਪਹਿਲੇ ਛੇ ਗੁਰੂ ਸਹਿਬਾਨਾ ਦੀ ਗੁਰਗਦੀ ਦੀ ਰਸਮ ਨਿਭਾਈ1

ਇਥੇ ਗੁਰੂ ਸਾਹਿਬ ਨੇ ਆਪਣੀ ਜਿੰਦਗੀ ਦਾ ਸਭ ਤੋ ਵਧ ਸਮਾਂ 17 ਸਾਲ 5 ਮਹੀਨੇ ਤੇ 9 ਦਿਨ ਗੁਜ਼ਾਰੇ 1 ਆਖ਼ਿਰ ‘ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤ ਸਮਾਏ ਸਨ। ਹਿੰਦੂ ਗੁਰੂ ਸਾਹਿਬ ਨੂੰ ਆਪਣਾ ਗੁਰੂ ਤੇ ਮੁਸਲਮਾਨ ਆਪਣਾ ਪੀਰ ਸਮਝਦੇ ਸੀ ਸੋ ਗੁਰੂ ਸਾਹਿਬ ਦੇ ਦਾਹ ਸਸਕਾਰ ਨੂੰ ਲੈਕੇ ਦੋਨੋ ਧਿਰਾਂ  ਵਿਚ  ਤਕਰਾਰ ਸ਼ੁਰੂ  ਹੋ ਗਿਆ1 ਇਸ ਤਕਰਾਰ ਦਾ ਨਿਪਟਾਰਾ ਕਰਦੇ ਹੋਏ ਦੋਨੋ ਧਿਰਾਂ, ਇਕ ਸਾਂਝੀ  ਦੀਵਾਰ ਦੇ ਆਸ ਪਾਸ  ਸਮਾਧੀ ਤੇ ਮਜ਼ਾਰ ਬਣਵਾਇਆ  1ਗੁਰੂ ਨਾਨਕ ਸਾਹਿਬ ਦੀ   ਯਾਦ ਵਿਚ ਇਥੇ ਗੁਰੂਦਵਾਰਾ ਸ੍ਰੀ ਦਰਬਾਰ ਸਾਹਿਬ ਬਣਵਾਇਆ ਗਿਆ ਜੋ  ਭਾਰਤ -ਪਾਕਿਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਦੀ ਹੱਦ ਵਿਚ ਚਲਾ ਗਿਆ ਜੋ  ਹਿੰਦੁਸਤਾਨ-ਪਾਕਿਸਤਾਨ ਦੀ ਸਰਹੱਦ ਤੋਂ ਕੇਵਲ ਸਾਢ਼ੇ ਚਾਰ ਕਿਲੋ ਮੀਟਰ ਦੀ ਦੂਰੀ ਤੇ ਹੈ1

ਵਕਤ ਬੀਤਣ ਤੇ  ਗੁਰੂ ਸਾਹਿਬ ਦੀ ਸਮਾਧ  ਨੂੰ ਰਾਵੀ ਨੇ ਆਪਣੇ ਅੰਦਰ ਸਮੋ ਲਿਆ ਹੈ 1 ਹੁਣ ਜੋ ਗੁਰੂ ਨਾਨਕ ਸਾਹਿਬ ਦੀ ਸਮਾਧ ਨੂੰ ਵੇਖਿਆ ਜਾਂਦਾ ਹੈ ਉਸ ਨੂੰ ਵੀ ਰਾਵੀ ਨੇ ਆਪਣੇ ਲਪੇਟ ਵਿਚ ਲੇਣਾ ਚਾਹਿਆ ਪਰ  ਮਹਾਰਾਜੇ ਪਟਿਆਲੇ, ਭੁਪਿੰਦਰ ਸਿੰਘ ਦੇ  ਉਪਰਾਲੇ  ਨਾਲ 1920-29 ਦੇ ਦੋਰਾਨ ਇਥੇ ਪੱਕਾ ਬੰਨ ਲਗਾਕੇ ਇਸ ਦੀ ਰਖਿਆ ਕੀਤੀ ਗਈ ਹੈ 1 ਇੱਥੇ ਖੇਤੀ ਕਰਨ, ਫਸਲ ਕੱਟਣ ਤੇ ਲੰਗਰ ਤਿਆਰ ਕਰਨ ਦਾ ਕੰਮ ਸੰਗਤ  ਵੱਲੋਂ ਕੀਤਾ ਜਾਂਦਾ ਸੀ।

ਸੰਨ 1995 ਵਿਚ  ਪਾਕਿਸਤਾਨ  ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਕੇ  2004 ਵਿਚ ਇਸ ਨੂੰ ਸੰਗਤ ਲਈ  ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤਾ 1  ਇਹ ਇੱਕ ਖੁੱਲ੍ਹੀ ਅਤੇ  ਸੁੰਦਰ ਇਮਾਰਤ  ਹੈ। ਜੰਗਲ ਅਤੇ  ਰਾਵੀ ਨਦੀ ਦੇ ਆਸ ਪਾਸ   ਹੋਣ ਕਰਕੇ ਭਾਵੇ ਇਸਦੀ ਦੇਖ-ਰੇਖ  ਥੋੜੀ ਮੁਸ਼ਕਲ ਹੋ ਜਾਂਦੀ ਹੈ, ਪਰ ਕੁਦਰਤੀ ਨਜ਼ਾਰਿਆਂ ਦੇ ਨਾਲ ਨਾਲ ਜਦ ਸੰਗਤ ਆਪਣੇ ਬਾਬੇ ਨਾਨਕ ਦੀ ਆਬਾਦ ਕੀਤੀ ਜਗ੍ਹਾ ਦੇਖਦੀ ਹੈ ਤਾਂ ਨਿਹਾਲ ਹੋ ਜਾਂਦੀ ਹੈ ।

ਭਾਰਤ ਦੀ ਸਰਹਦ ਵਿਚ ਕਰਤਾਰਪੁਰ ਦੇ ਨੇੜੇ  ਹੀ ਗੁਰੂ ਅਰਜੁਨ ਦੇਵ ਜੀ ਦਾ  1693 ਵਿਚ ਵਸਾਇਆ ਸ਼ਹਿਰ, ਜਿਲਾ ਜਲੰਧਰ, ਜੋ ਰੇਲਵੇ ਸਟੇਸ਼ਨ ਕਰਤਾਰਪੁਰ ਤੋਂ  ਅਧਾ ਕੁ ਮੀਲ ਦੀ ਦੂਰੀ ਤੇ ਹੈ, ਅਕਬਰ ਦੇ ਜਮਾਨੇ ਵਿਚ ਜਹਾਂਗੀਰ ਨੇ ਸੰਨ 1598 ਵਿਚ  ਇਸਦੀ ਮੁਆਫੀ ਦਾ ਪਟਾ ਧਰਮਸਾਲ ਦੇ ਨਾਂ ਤੇ ਗੁਰੂ ਅਰਜਨ ਦੇਵ ਜੀ ਨੂੰ ਦਿਤਾ ਸੀ, ਜਿਸਦਾ ਰਕਬਾ 8946 ਖੁਮਾਉ , 7 ਕਨਾਲ, 15 ਮਰਲੇ ਦਰਜ਼ ਹੈ 1 ਗੁਰੂ ਹਰਗੋਬਿੰਦ ਸਾਹਿਬ ਆਪਣੀ ਚੋਥੀ ਜੰਗ ਤੋ ਬਾਅਦ ਸ਼ਾਂਤ ਵਾਤਾਵਰਣ ਵਿਚ ਰਹਿਣ ਤੇ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ ਖਾਤਿਰ ਕਰਤਾਰਪੁਰ ਛਡ ਕੇ ਕੀਰਤ ਪੁਰ ਜੋ ਕਿ ਨਦੀਆਂ , ਨਾਲਿਆਂ ਤੇ ਪਹਾੜਾਂ ਦਾ ਇਲਾਕਾ ਸੀ ਤੇ ਜਿਆਦਾ ਮਹਿਫੂਜ਼ ਸੀ ,ਆਕੇ ਵਸ ਗਏ ਸੀ1 ਪਰ ਧੀਰਮਲ ਨੇ ਹਮੇਸ਼ਾ ਕਰਤਾਰਪੁਰ ਵਿਚ ਰਹਿ ਕੇ  ਆਦਿ ਗੁਰੂ ਗਰੰਥ ਸਾਹਿਬ ਦੀ ਬੀੜ ਤੇ ਕਰਤਾਰ ਪੁਰ ਸ਼ਹਿਰ ਤੇ ਆਪਣਾ ਹਕ  ਜਮਾਈ ਰਖਿਆ 1 ਅਜਕਲ  ਇਸ ਨਗਰ ਦੇ ਮਾਲਿਕ ਸੋਢੀ ਸਾਹਿਬ ਹਨ ਜੋ ਬਾਬਾ ਧੀਰਮਲ ਦੀ ਵੰਸ਼ ਵਿਚੋਂ ਹਨ1

ਲਾਂਘਾ ਖੁਲਨ   ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਆਪਸੀ  ਰਿਸ਼ਤੇ ਬਿਲਕੁਲ ਸੁਖਾਵੇਂ  ਨਹੀਂ ਸੀ ਜਿਸ ਕਰਕੇ ਵੰਡ ਤੋ ਬਾਅਦ 70 ਸਾਲ ਤਕ ਸੰਗਤਾਂ ਨੂੰ ਇਸਦੇ ਦਰਸ਼ਨ ਦੀਦਾਰੇ ਤੋਂ ਵਾਂਝਿਆ ਰਖਿਆ ਗਿਆ 1 ਇਸ ਦੇ ਕਈ ਇਤਿਹਾਸਕ ਤੇ ਰਾਜਨੀਤਕ  ਕਾਰਣ  ਸਨ1  1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਆਪਸੀ ਮਾਰ-ਕਾਟ,, 1965 ਓਪਰੇਸ਼ਨ ਜਿਬਰਾਲਟਰ, 1971 ਬੰਗਲਾਦੇਸ਼ ਲਿਬਰੇਸ਼ਨ ਵਾਰ, 1999 ਕਾਰਗਿਲ ਵਾਰ  ਤੇ ਹੋਰ ਛੋਟੀਆਂ ਮੋਟੀਆਂ  ਬਾਰਡਰ ਤੇ ਹੋਈਆਂ ਕਈ  ਝੜ੍ਹਪਾਂ ਸਨ  ਜਿਸਦਾ ਅਸਲੀ  ਮੁਦਾ ਕਸ਼ਮੀਰ ਤੇ ਬੰਗਲਾ ਦੇਸ਼ ਰਿਹਾ ਹੈ 1 ਇਹੋ  ਕਾਰਨ ਸੀ ਕਿ ਦੋਨੋ ਦੇਸ਼ ਸਾਂਝੀਆਂ ਹਦਾਂ ਸਰਹਦਾਂ ਹੋਣ ਦੇ ਬਾਵਜੂਦ ਇਕ ਦੂਜੇ ਦੇ ਦੁਸ਼ਮਨ ਬਣ ਗਏ 1 ਇਸ ਦੁਸ਼ਮਣੀ ਨੂੰ ਘਟ ਕਰਣ ਜਾਂ  ਖਤਮ ਕਰਨ  ਦਾ ਕੰਮ ਸਿਧੂ ਤੇ ਇਮਰਾਨ ਖਾਨ ਦੀ ਦੋਸਤੀ, ਸਿਧੂ ਦੀ ਜਾਵੇਦ ਬਾਜਵਾ ਨਾਲ ਪਾਈ ਜਾਦੂ ਦੀ ਝ੍ਪੀ ਤੇ ਸੰਗਤ ਦੀਆਂ ਅਰਦਾਸਾਂ  ਜੋ ਲਗਾਤਾਰ  70 ਸਾਲ ਤੋਂ ਦਿਨ ਰਾਤ ਹੁੰਦੀਆਂ  ਆ ਰਹੀਆਂ ਹਨ ,ਨੇ ਕੀਤਾ 1 1 ਹੁਣ ਇਥੇ ਸੰਗਤ ਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਪਕੀ ਇਮਾਰਤ ਬਣਾ ਰਹੀ  ਹੈ1 ਅਜ ਵੀ ਇਥੇ ਕਥਾ , ਕੀਰਤਨ ਤੇ ਲੰਗਰ ਦਾ ਉਤਮ ਪ੍ਰਬੰਧ ਹੈ1

ਕਰਤਾਰ ਪੁਰ ਲਾਂਘਾ

ਕਰਤਾਰਪੁਰ ਲਾਂਘਾ

ਗੁਆਂਢੀ ਦੇਸ਼ਾਂ  ਭਾਰਤ  ਅਤੇ ਪਾਕਿਸਤਾਨ  ਦੇ ਵਿਚਕਾਰ ਸਰਹੱਦੀ ਲਾਂਘਾ ਹੈ ਜੋ  ਕਰਤਾਰ ਪੁਰ ਜਾਣ ਲਈ ਗੁਰੂਦਵਾਰਾ ਡੇਰਾ ਬਾਬਾ ਨਾਨਕ  (ਪੰਜਾਬ, ਭਾਰਤ ) ਅਤੇ ਗੁਰੂਦਵਾਰਾ ਦਰਬਾਰ ਸਾਹਿਬ (ਕਰਤਾਰਪੁਰ ,ਪਾਕਿਸਤਾਨ)  ਦੇ ਵਿਚਕਾਰ  ਦਾ  ਲਾਂਘਾ ਹੈ1 ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ  ਦੀ ਦੂਰੀ ਤੇ  ਪਾਕਿਸਤਾਨ ਵਿਚ  ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਸੀ 1 ਅਗਰ ਕਚੇ  ਰਸਤੇ  ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ ਮਤਲਬ ਦੋ ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ। ਇਸ ਤਰਹ ਕਰਤਾਰਪੁਰ ਲਾਂਘਾ ਖੁਲਨ ਤੋ ਪਹਿਲਾਂ ਜਿਆਦਾਤਰ ਸ਼ਰਧਾਲੂ ਡੇਰਾ ਬਾਬਾ ਨਾਨਕ ਸਥਿਤ  ਗੁਰਦੁਆਰਾ ਸ਼ਹੀਦ ਬਾਬਾ ਸਿੱਧ ਸੈਨਿਕ ਰੰਧਾਵਾ ਤੋਂ ਹੀ  ਦੂਰਬੀਨ ਦੀ ਮਦਦ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲੈਂਦੇ ਸਨ।

1947 ਦੀ ਹੋਈ ਭਾਰਤ-ਪਾਕਿਸਤਾਨ ਦੀ ਵੰਡ  ਰੇਡਰਿਫ ਕੰਟ੍ਰੋਲ ਲਾਈਨ ਦੇ ਹਿਸਾਬ ਨਾਲ  ਸ਼ਕਰਗੜ੍ਹ ਤਹਿਸੀਲ ਜੋ ਰਾਵੀ ਦੇ ਸਜੇ ਕੰਢੇ ਉਪਰ ਸੀ ਤੇ ਜਿਸ ਵਿਚ ਕਰਤਾਰ ਪੁਰ ਵੀ ਸ਼ਾਮਲ ਸੀ , ਪਾਕਿਸਤਾਨ ਦੇ ਹਿਸੇ ਆਈ 1 ਗੁਰੁਦਾਸਪੁਰ ਤਹਿਸੀਲ ਜੋ ਰਾਵੀ ਦੇ ਖਬੇ ਕੰਢੇ ਤੇ ਸੀ ਉਹ ਭਾਰਤ ਦੇ ਹਿਸੇ ਵਿਚ ਆਇਆ ਜਿਥੇ ਗੁਰੂ ਨਾਨਕ ਸਾਹਿਬ ਬੇਰੀ ਦੇ ਹੇਠਾਂ ਬੈਠ ਕੇ ਸਿਮਰਨ ਕਰਦੇ ਸੀ ਜਿਸ ਨੂੰ ਡੇਰਾ ਬਾਬਾ ਨਾਨਕ, ਦੇਹਰਾ ਨਾਨਕ ਬਾਬਾ  ਜਾਂ ਕਰਤਾਰਪੁਰ ਰਾਵੀ ਕਿਹਾ ਜਾਂਦਾ ਹੈ 1

1948, ਵਿਚ ਅਕਾਲੀ ਦਲ ਨੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਗੁਰੁਦਵਾਰੇ ਤੇ ਜਮੀਨ ਭਾਰਤ ਵਿਚ ਲਿਆਣ  ਦੀ ਮੰਗ ਕੀਤੀ 1 ਇਹ ਸੰਘਰਸ਼ 11-12 ਸਾਲ ਤਕ ਚਲਿਆ ਪਰ ਇੰਡੀਅਨ ਨੇਸ਼ਨਲ ਕਾਂਗਰਸ ਨੇ ਇਸ ਨੂੰ ਰਦ ਕਰ ਦਿਤਾ 1 ਉਸਤੋਂ ਬਾਅਦ ਕਈ ਸਾਲ ਤਕ ਹਿੰਦੁਸਤਾਨ ਵਿਚ ਵਸਦੇ ਸਿਖ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਵਿਚਕਾਰ ਬਣੇ ਪੁਲ ਨੂੰ ਪਾਰ ਕਰਦੇ ਦਰਸ਼ਨ ਕਰਨ ਜਾਂਦੇ ਰਹੇ ਪਰ  1965 ਵਿਚ ਭਾਰਤ -ਪਾਕਿਸਤਾਨ ਦੀ ਲੜਾਈ ਵਿਚ ਇਹ ਪੁਲ ਤਬਾਹ ਕਰ ਦਿਤਾ ਗਿਆ ਤੇ ਬੋਰਡਰ ਤੇ ਸਖਤੀ ਕਰ ਦਿਤੀ ਗਈ 1

1969 ਵਿਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਜਨਮ ਦਿਨ ਦੇ ਸਮੇ ਇੰਦਿਰਾ ਗਾਂਧੀ ਨੇ ਸਿਖਾਂ ਨਾਲ ਵਾਅਦਾ  ਕੀਤਾ ਕੀ ਉਹ ਪਾਕਿਸਤਾਨ ਗੋਰਮਿੰਟ ਨਾਲ ਗਲ-ਬਾਤ ਕਰੇਗੀ,  ਕਰਤਾਰਪੁਰ ਨੂੰ ਭਾਰਤ ਦਾ ਹਿਸਾ ਬੰਨਾਣ ਦਾ , ਪਰ ਕੁਝ ਹੋਇਆ ਨਹੀਂ 1  ਸਤੰਬਰ 1974, ਇਕ ਪ੍ਰੋਟੋਕੋਲ ਸਾਇਨ ਹੋਇਆ ਜਿਸ ਵਿਚ ਇਕ ਮੱਤਾ ਪਾਸ ਹੋਇਆ ਕਿ ਹਿੰਦੁਸਤਾਨੀ ਸ਼ਰਧਾਲੂ  ਆਪਣੇ  ਪਾਕਿਸਤਾਨ  ਵਿਚ ਧਾਰਮਿਕ ਸਥਾਨਾ ਤੇ ਪਰਮਿਸ਼ਨ ਲੈਕੇ ਜਾ ਸਕਦੇ ਹਨ 1 ਸੰਨ . 2005, ਵਿਚ ਇਸ ਪ੍ਰੋਟੋਕੋਲ  ਵਿਚ ਕੁਝ ਸ਼ਰਤਾਂ ਦਾ ਵਾਧਾ ਹੋਇਆ ਜਿਸ ਵਿਚ ਸ਼ਰਧਾਲੂ ਕਿਨੀ ਵਾਰੀ ਤੇ ਕਿਥੇ ਕਿਥੇ ਮਤਲਬ ਕਿਹੜੀ ਕਿਹੜੀ ਜਗਹ ਜਾ ਸਕਦੇ ਹਨ1 ਕਰਤਾਰ ਪੁਰ ਦਾ ਨਾਮ ਇਸ ਲਿਸਟ ਵਿਚ ਨਹੀਂ ਸੀ 1 ਵਿਦੇਸ਼ ਮੰਤਰੀ  ਨੇ ਸਿਖਾਂ  ਨੂੰ ਕਿਹਾ ਕੀ ਉਨ੍ਹਾ ਨੇ ਕਰਤਾਰ ਪੁਰ ਦਾ ਨਾਮ ਵੀ  ਲਿਸਟ ਵਿਚ  ਪਾਣ  ਨੂੰ ਕਿਹਾ ਪਰ ਪਾਕਿਸਤਾਨ ਗੋਰਮਿੰਟ ਇਸ ਨਾਲ ਸਹਿਮਤ ਨਹੀਂ ਹੋਈ1

ਕਰਤਾਰ ਪੁਰ ਸਾਹਿਬ ਗੁਰਦਵਾਰੇ  ਦੇ ਸੇਵਾਦਾਰ ਗੋਬਿੰਦ ਸਿੰਘ ਨੇ ਦਸਿਆ ਕਿ “1947 ਤੋਂ  2000 ਤਕ ਗੁਰੁਦਵਾਰੇ ਵਿਚ ਕੋਈ ਸਟਾਫ਼ ਨਹੀਂ ਸੀ ਹਾਲਾਂਕਿ ਸ਼ਰਧਾਲੂ ਆਂਦੇ ਰਹੇ ਸੀ ਪਰ ਉਨ੍ਹਾ ਦੇ ਆਣ ਜਾਣ ਤੇ ਸਖਤ  ਕਾਨੂੰਨ  ਵਰਤੇ  ਜਾਂਦੇ  ਸੀ1 ਅਕਾਲੀ  ਲੀਡਰ ਕੁਲਦੀਪ ਸਿੰਘ ਵਡਾਲਾ ਨੇ ਦਸਿਆ ਕੀ ਗੁਰੂਦਵਾਰਾ 2003 ਤਕ ਬਿਲਕੁਲ ਬੰਦ ਰਿਹਾ ਸੀ ਜੋ ਪਿੰਡ ਵਾਲਿਆਂ ਦੇ ਪਸ਼ੂਆਂ ਦਾ ਚਾਰਾਗਾਹ ਦਾ ਸਾਧਨ ਸੀ ਤੇ ਇਹ ਜਗਹ  ਸ਼ੇਅਰ ਕਰੋਪਰਾਂ ਦੇ ਕਬਜ਼ੇ ਹੇਠ ਸੀ 1

.ਕਰਤਾਰਪੁਰ ਕੋਰੀਡੋਰ ਮਿਸ਼ਨ ਪਹਿਲੋ -ਪਹਿਲ ਸਰਦਾਰ ਭਾਭੀਸ਼ਨ ਸਿੰਘ ਗੋਰਾਇਆ ਨੇ ਸ਼ੁਰੂ ਕੀਤਾ ਜਿਸ ਨੂੰ ਸਫਲ ਹੋਣ ਲਈ 24 ਸਾਲ ਲਗ ਗਏ 1 ਉਸ ਤੋਂ ਬਾਅਦ   1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸਦੇ ਨਤੀਜੇ ਵਜੋ ਇਕ ਬੱਸ ਦਿਲੀ-ਲਾਹੋਰ ਤਕ ਚਲਾਈ ਗਈ1 ਸਤੰਬਰ 2000 ਵਿਚ ਗੁਰੁਦਵਾਰੇ ਦੀ ਮੁਰੰਮਤ ਕਰਵਾਈ ਗਈ 1 ਸੰਨ 2003 ਵਿਚ ਪਾਕਿਸਤਾਨੀ ਗੋਰਮੇੰਟ ਨੇ ਇਸ ਨੂੰ ਸਿਖਾਂ ਦੇ ਪਵਿਤਰ ਅਸਥਾਨ ਵਿਚ ਮੁੜ ਬਦਲਣ ਦਾ ਉਪਰਾਲਾ ਕੀਤਾ 1

70 ਸਾਲ ਤੋਂ ਸੰਗਤ ਹਰ ਰੋਜ਼ ਦਿਨ ਵਿਚ ਕਈ  ਵਾਰੀ ਅਰਦਾਸ ਤਾਂ  ਕਰਦੀ ਹੀ ਸੀ ਪਰ ਸੰਨ 2001  ਵਿਚ ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਵੱਲੋਂ ‘ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ’ ਦੀ ਸ਼ੁਰੂਆਤ ਕੀਤੀ ਗਈ1  ਇਸ ਸੰਸਥਾ ਵਲੋਂ 13 ਅਪ੍ਰੈਲ 2001 ਦੀ ਵਿਸਾਖੀ ਤੋਂ ਅਰਦਾਸ ਕਰਨ ਦੀ ਇਕ ਖਾਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਏਜੰਡਾ ਸੀ ਕਰਤਾਰਪੁਰ ਦਾ ਲਾਂਘਾ ਖੋਲਣ ਦਾ 1

ਗੁਰੂ ਨਾਨਕ ਸਾਹਿਬ ਦੇ 550 ਵਰੇ ਗੰਢ ਤੇ ਕਰਤਾਰਪੁਰ ਲਾਂਘਾ  ਖੋਲਣ ਦਾ ਫੈਸਲਾ ਜੋ ਜਾਵੇਦ ਬਾਜਵਾ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿਧੂ ਦੇ ਵਿਚਕਾਰ ਹੋਇਆ ਜਦ ਨਵਜੋਤ ਸਿੰਘ ਸਿਧੂ ਆਪਣੇ ਦੋਸਤ ਇਮਰਾਨ ਖਾਨ ਦੇ ਸਹੁੰ-ਚੂਕ ਸਮਾਗਮ ਵਿਚ ਅਗਸਤ 2018 ਵਿਚ ਪਾਕਿਸਤਾਨ ਗਏ1   ਅਖਿਰ  28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ  ਪਾਕਿਸਤਾਨ ਵਾਲੇ ਪਾਸਿਓਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦੀ ਅਨਾਉਂਸਮੇਂਟ ਹੋਈ1 ਭਾਰਤ ਵਲੋਂ ਵੀ  ਡੇਰਾ ਬਾਬਾ ਨਾਨਕ- ਕਰਤਾਰ ਪੁਰ ਲਾਂਘਾ ਦਾ ਨੀਂਹ  ਪਥਰ ਰਖਣ ਦੀ ਤਰੀਕ  26 ਨਵੰਬਰ ਨੂੰ ਰਖ ਦਿਤੀ ਗਈ1

ਇਸ ਦਿਨ  ਭਾਰਤ ਤੇ ਪਾਕਿਸਤਾਨ ਵਿਚ ਇਕ ਨਵੇਂ ਰਿਸ਼ਤੇ ਦੀ ਸ਼ੁਰੁਆਤ ਹੋਈ 1 ਪੂਰੀ ਤਿਆਰੀ ਕਰਨ ਦਾ ਸਮਾ ਲਗਪਗ 11 ਮਹੀਨੇ ਦਾ ਸੀ 1 ਇਹ ਕੋਈ ਇਤਨਾ ਅਸਾਨ ਕੰਮ ਨਹੀ ਸੀ ,ਗੁਰੁਦਵਾਰਿਆਂ ਦੀ ਰਿਪੇਅਰ, ਰੇਨੋਵੈਸ਼ਨ, ਏਕਸਪੈਨਸ਼ਨ , ਜੰਗਲ ਨੂੰ ਗੁਰੂ ਨਾਨਕ ਦੇ ਖੇਤਾਂ  ਵਿਚ ਬਦਲਣਾ , 2200 ਦੇ ਰਹਿਣ ਲਈ  ਮੋਟਲ ਬੰਨਵਾਣੇ  .5000 ਯਾਤਰੀਆਂ ਦੀ ਆਉਣ ਜਾਣ  ਲਈ ਲੰਗਰ ਪਾਣੀ ਤੇ ਹੋਰ ਸੁਖ ਸੁਵੀਧਾਵਾਂ , ਇਮੀਗਰੇਸ਼ਨ  ਦਫਤਰ, ਸੇਕਿਉਰ ਕੋਰੀਡੋਰ , ਗੇਟ ਬਣਾਉਣੇ , ਵੀਜ਼ਾ ਦਫਤਰ, ਸਟਾਫ਼, ਸੜਕਾਂ, ਪੁਲ, ਬਸਾਂ ਦਾ ਇਨਤਜ਼ਾਮ ਕਰਨਾ ਆਦਿ 1 ਪਰ ਕਹਿੰਦੇ ਹਨ ਜਿਥੇ ਚਾਹ ਹੈ ਉਥੇ ਰਾਹ ਆਪਣੇ ਆਪ ਬਣ  ਜਾਂਦੀ ਹੈ!

ਰਾਹ ਵਿਚ ਬਹੁਤ ਰੋੜੇ ਵੀ ਆਏ1 ਜੰਮੂ ਕਸ਼ਮੀਰ  ਰੀਓਰਗਾਨਾਇਜ਼ ਬਿਲ  ਦੇ  31 ਅਕਤੂਬਰ ਨੂੰ ਲਾਗੂ ਹੋਣ  ਤੋ ਬਾਅਦ  ਦੋਨੋ ਦੇਸ਼ਾਂ ਦੇ ਹਾਲਤ ਫਿਰ ਵਿਗੜ ਗਏ 1 ਪਾਕਿਸਤਾਨ ਤੇ ਹਿੰਦੁਸਤਾਨ ਦੇ ਵਪਾਰਿਕ ਸੰਬੰਧ  ਖਤਮ ਹੋ ਗਏ 1 ਪਾਕਿਸਤਾਨ  ਨੇ  ਆਪਣੇ ਅਮ੍ਬੇਸੇਡਰ ਨੂੰ ਭਾਰਤ ਤੋਂ ਵਾਪਿਸ ਬੁਲਾ ਲਿਆ ਤੇ ਪਾਕਿਸਤਾਨ ਵਿਚ ਹਿੰਦੁਸਤਾਨ ਦੇ ਅਮਬੇਸੇਡਰ ਨੂੰ  ਕਢ ਦਿਤਾ 1 ਪਰ ਇਨ੍ਹਾ ਸਾਰੀਆਂ ਗਲਾਂ ਨੂੰ ਇਕ ਪਾਸੇ ਰਖ ਕੇ ਇਮਰਾਨ ਖਾਨ ਨੇ ਆਪਣਾ ਵਚਨ  ਨਿਭਾਇਆ ਤੇ ਆਪਣੀ ਦੋਸਤੀ ਸਿਰੇ ਚਾੜੀ1 ਬੜੀ ਸ਼ਰਧਾ ਤੇ ਜੋਸ਼ ਨਾਲ ਇਹ ਕੰਮ 10 ਮਹੀਨੇ ਵਿਚ ਖਤਮ ਕਰਵਾ  ਦਿਤਾ ਗਿਆ 1

ਕਰਤਾਰਪੁਰ ਲਾਂਘਾ  ਦੇ ਖੁਲ ਜਾਣ ਨਾਲ ਗੁਰੂਦਵਾਰਾ ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ ਹੋਰ ਉਜਾਗਰ ਹੋ ਗਈ । ਗੁਰਦੁਆਰੇ ਦੀ ਪੁਰਾਣੀ ਇਮਾਰਤ ਸੁਰੱਖਿਅਤ ਰੱਖਦੇ ਹੋਏ 10 ਏਕੜ ਜ਼ਮੀਨ ਵਿਚ ਇਸਦੀ  ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਚਾਰੇ ਪਾਸੇ ਬਰਾਂਡਿਆਂ ਨਾਲ ਘਿਰਿਆ ਵਿਸ਼ਾਲ ਮੈਦਾਨ, ਸਰੋਵਰ , ਲੰਗਰ ਘਰ, ਦੋ ਸੁੰਦਰ ਦਰਸ਼ਨੀ ਡਿਉੜੀਆਂ, ਗੁਰੂ ਸਾਹਿਬ ਵੇਲੇ ਦੀ ਪੁਰਾਤਨ ਮਜ਼ਾਰ,ਸਸਕਾਰ ਅਸਥਾਨ,ਪੁਰਾਤਨ ਟਿੰਡਾਂ ਵਾਲਾ ਖੂਹ ਜਿਸ ਨੂੰ ਬਲਦਾਂ ਦੀ ਥਾਵੇਂ ਬਿਜਲਈ ਮੋਟਰ ਨਾਲ ਗੇੜਿਆ ਜਾਣ ਦਾ ਪ੍ਰਬੰਧ ਕੀਤਾ ਗਿਆ ।ਆਸੇ ਪਾਸੇ ਸ਼ਾਨਦਾਰ ਫੁੱਲਾਂ ਨਾਲ ਸੁਸੱਜਿਤ , ਵਿਸ਼ਾਲ ਖੰਡੇ ਦੀ ਸ਼ਕਲ ਵਾਲੀ ਕਟਿੰਗ ਨਾਲ 36 ਏਕੜ ਦਾ ਘਾਹ ਦਾ ਮੈਦਾਨ  ਤੇ ਗੁਰਦਵਾਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੀ ਸ਼ਕਲ ਵਾਲੇ ਇੱਕ ਥੜੇ ਦਾ ਨਿਰਮਾਨ ਕੀਤਾ ਗਿਆ ਹੈ।ਗੁਰਦਵਾਰਾ ਸਾਹਿਬ ਅੰਦਰ ਸ਼ਸੋਭਤ ਸੁੰਦਰ ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਬਣਾਏ ਗਏ ਹਨ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਾਏ ਗਏ ਹਨ।

ਉਪਰੋਕਤ ਸਾਰਾ ਮੌਜੂਦਾ ਨਿਰਮਾਨ ਕਾਰਜ ਪਾਕਿਸਤਾਨ ਸਰਕਾਰ ਨੇ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਉਤਸਵ ਜੋ 12 ਨਵੰਬਰ 2019 ਨੂੰ ਸੀ ਨੂੰ ਮੁੱਖ ਰੱਖ ਕੇ 10 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਕਰਵਾਇਆ ।

ਮੋਦੀ ਨੇ ਵੀ ਇਸਦਾ ਸੁਆਗਤ  ਕੀਤਾ ਤੇ ਦੋਨੋ ਸਰਕਾਰਾਂ ਦੇ ਉਪਰਾਲਿਆਂ ਨਾਲ ਇਹ ਲਾਂਘਾ ਸਮੇ ਸਿਰ ਗੁਰੁਪੁਰਬ ਤੋਂ ਤਿੰਨ ਦਿਨ ਪਹਿਲੇ ਖੁਲ ਗਿਆ1।ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਕੀਤਾ ਜਦੋਂਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ  ਇਮਰਾਨ ਖਾਨ  ਵੱਲੋਂ ਕੀਤਾ ਗਿਆ।ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ1 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਨੂੰ ਡੇਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ। ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀ ਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਬਲਿਕ ਦੋਨੋ ਦੇਸ਼ਾਂ ਦੇ ਵਿਚਕਾਰ ਅਮਨ -ਚੈਨ ਦੇ ਰਸਤੇ ਖੋਲਣ ਦੀ ਵਕਾਲਤ ਕੀਤੀ ਹੈ1 ਕਰਤਾਰ ਪੁਰ ਦਾ ਲਾਂਘਾ ਕੇਵਲ ਆਸਥਾ ਦਾ ਮਾਮਲਾ ਹੀ ਨਹੀ ਬਲਿਕ ਦੋਨੋ ਦੇਸ਼ਾਂ ਦੀ  ਤ੍ਰ੍ਰ੍ਕੀ ਦਾ ਲਾਘਾਂ ਬਣ ਸਕਦਾ ਹੈ ਜਿਸ ਨਾਲ ਆਰਥਿਕ ਸੰਕਟ  ਨਾਲ ਜੂਝ ਰਹੇ ਪਾਕਿਸਤਾਨ ਦੀ  ਬੇਰੁਜਗਾਰੀ ਤੇ ਗਰੀਬੀ, ਖੇਤੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੇ ਵਿਗੜੇ  ਹਾਲਾਤਾਂ  ਵਿਚ ਸੁਧਾਰ ਆ ਸਕਦਾ ਹੈ1

  ਇਸ ਯੋਜਨਾਬੰਦੀ ਅਧੀਨ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ । ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਦਰ ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ। ਇਮਰਾਨ ਖਾਨ ਨੇ ਕਿਹਾ ਭਾਰਤ ਤੇ ਪਾਕਿਸਤਾਨ ਨੂੰ ਦੁਨੀਆਂ ਤੋਂ ਸਿੱਖਣਾ ਚਾਹਿਦਾ ਹੈ ਪੁਰਾਣੀਆਂ ਗਲਤੀਆਂ ਨੂੰ ਭੁਲਾ ਕੇ  ਮਜ਼ਬੂਤ ਇਰਾਦੇ ਨਾਲ  ਅਗੇ ਵਧਕੇ ਅਮਨ ਸ਼ਾਂਤੀ, ਲੋਕਾਂ ਦੀ ਗੁਰਬਤ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜੇਕਰ ਫਰਾਂਸ ਜਰਮਨੀ ਜੰਗਾ ਲੜਨ ਤੋਂ ਬਾਅਦ ਇਕੱਠੇ ਹੋ ਸਕਦੇ ਹਨ ਤਾਂ ਭਾਰਤ ਪਾਕਿਸਤਾਨ ਕਿਉਂ ਨਹੀਂ?  ਪਾਕਿਸਤਾਨ ਨੇ ਇਸ ਲਾਂਘੇ ਨੂੰ ਸਿਰਫ ਲਾਂਘਾ ਖੋਲਣਾ ਹੀ ਨਹੀ ਕਿਹਾ ਬਲਿਕ ਸਿਖ ਕੋਮ ਲਈ ਆਪਣਾ ਦਿਲ ਖੋਹਲਿਆ ਹੈ, ਜੋ  ਆਉਣ ਵਾਲਿਆਂ ਪੁਸ਼ਤਾਂ ਲਈ ਇਕ ਤਰ੍ਰ੍ਕੀ  ਦਾ ਰਾਹ ਤੇ ਸ਼ਾਂਤੀ ਦਾ ਸੰਦੇਸ਼ ਲੈਕੇ ਆਵੇਗਾ1

 ਦਿਨ ਬਦਿਨ ਲਾਂਘੇ ਰਾਹੀਂ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਸ਼ੁਰੂਆਤ ਵਿੱਚ ਬਿਜਲਾਣੂ ਰਾਹਦਾਰੀ ਦੀ ਪ੍ਰਕਿਰਿਆ ਜਟਿਲ ਹੋਣ ਕਾਰਨ ਘੱਟ ਯਾਤਰੀ ਲਾਂਘੇ ਤੇ ਗਏ ਪਰ ਹੌਲੀ ਹੌਲੀ ਕਈ ਸੰਸਥਾਵਾਂ ਨੇ ਫ਼ਾਰਮ ਭਰਨ ਵਿੱਚ ਮਦਦ ਦੇ ਐਲਾਨ ਨਾਲ ਇਹ ਵਾਧਾ ਸੰਭਵ ਹੋਇਆ ਹੈ1  ਕਰਤਾਰਪੁਰ ਲਾਂਘਾ ਖੁੱਲ੍ਹਦਿਆਂ ਹੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਦਰਿਆ ਬਣ ਕੇ ਵਹਿਣ ਲੱਗ ਪਿਆ ਹੈ। ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੀ ਮਿੱਟੀ ਸੋਨੇ, ਚਾਂਦੀ ਜਾਂ ਹੀਰਿਆਂ ਤੋਂ ਵੀ ਕੀਮਤੀ ਹੈ ਜਿਸ ਨੂੰ ਉਹ ਕਰਤਾਰ ਪੁਰ ਦੀ  ਮਿਟੀ ,ਬਾਬੇ  ਨਾਨਕ ਦੇ ਖੇਤਾਂ ਦੀ ਮਿਟੀ ਆਪਣੇ ਸੀਨੇ ਨਾਲ ਲਗਾਏ ਉਸ ਮੁਕਦਸ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਹਨ 1

ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ। ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ। ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ ‘ਸਮਾਧੀ’ ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ।

ਕਰਤਾਰਪੁਰ ਜਾਣ ਲਈ ਜਾਣਕਾਰੀ

ਕਰਤਾਰਪੁਰ ਲਾਂਘੇ ਦੇ ਪ੍ਰੋਟੋਕੋਲ ਅਨੁਸਾਰ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ ।ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਕੋਲ  ਵੈਲਿਡ ਪਾਸਪੋਰਟ ਹੋਣਾ  ( ਓਵਰਸੀਜ਼ ਭਾਰਤੀ ਲਈ ਓ ਸੀ ਆਈ ਵੀ) ਅਤੀ ਜ਼ਰੂਰੀ ਹੈ।ਅਧਾਰ ਕਾਰਡ ਦੀ ਜਰੂਰਤ ਨਹੀਂ ਹੈ । ਵੀਜ਼ਾ ਤਾਂ ਨਹੀਂ ਪਰ ਇਲੈਕਟਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਬਿਜਲਾਣੂ ਰਾਹਦਾਰੀ) ਜ਼ਰੂਰੀ ਹੈ ਜੋ ਕੇਵਲ ਅਪਣੀ ਦਰਖ਼ਾਸਤ ਔਨਲਾਈਨ ਦਾਖਲ ਕਰਵਾਣ ਤੇ ਮਿਲਦੀ ਹੈ। ਯਾਦ ਰਹੇ ਲਾਂਘਾ ਕੇਵਲ ਭਾਰਤੀ ਰੈਜ਼ੀਡੈਂਟ ਜਾਂ ਓਵਰਸੀਜ਼ ਭਾਰਤੀ ਨਾਗਰਿਕਾ ਲਈ ਖੁੱਲ੍ਹਾ ਹੈ। ਪਾਕਿਸਤਾਨੀਆਂ ਲਈ ਨਹੀਂ। ਕਿਸੇ ਵੀ ਉਮਰ ਦਾ ਬੱਚਾ ਬੁੱਢਾ ਅਰਜ਼ੀ ਲਗਾ ਸਕਦਾ ਹੈ। ਇੱਕ ਵਾਰ ਸਫਰ ਕਰ ਲੈਣ ਦੇ 15 ਦਿਨ ਬਾਦ ਦੁਬਾਰਾ ਅਰਜ਼ੀ ਲਗਾਈ ਜਾ ਸਕਦੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ, ਈ-ਮੇਲ ਆਈ.ਡੀ ਜ਼ਰੂਰੀ ਨਹੀਂ ਹੈ। ਇਕ ਸਮੇ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਕਰਤਾਰਪੁਰ ਆਉਣ ਲਈ ਪਾਸਪੋਰਟ ਦੀ ਲੋੜ ਵੀ ਨਹੀਂ ਹੋਵੇਗੀ, ਕੇਵਲ ਇੱਕ ਵੈਧ ਆਈਡੀ ਕਾਫੀ ਹੋਵੇਗਾ । ਪਰ ਬਾਅਦ ਵਿੱਚ ਦੋਹਾਂ ਮੁਲਕਾਂ ਵਿਚਾਲੇ 24 ਅਕਤੂਬਰ ਨੂੰ ਹੋਏ ਕਰਾਰ ਤਹਿਤ ਪਾਸਪੋਰਟ ਜ਼ਰੂਰੀ ਰੱਖਿਆ ਹੈ।

ਲਾਂਘੇ ਲਈ ਜਿਨ੍ਹਾਂ ਲੋਕਾਂ ਦੀ ਅਰਜ਼ੀ ਉੱਤੇ ਮੁਹਰ ਲੱਗ ਜਾਂਦੀ ਹੈ ਭਾਵ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਕਾਰਡ ਦਿੱਤਾ ਜਾਵੇਗਾ।

ਕਰਤਾਰਪੁਰ ਲਾਂਘੇ ਦਾ ਉਦਘਾਟਨ  ਤੋਂ ਬਾਅਦ ਦਿਨ- ਬਦਿਨ ਲਾਂਘੇ ਰਾਹੀਂ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਸ਼ੁਰੂਆਤ ਵਿੱਚ ਬਿਜਲਾਣੂ ਰਾਹਦਾਰੀ ਦੀ ਪ੍ਰਕਿਰਿਆ ਜਟਿਲ ਹੋਣ ਕਾਰਨ ਘੱਟ ਯਾਤਰੀ ਲਾਂਘੇ ਤੇ ਗਏ ਪਰ ਹੌਲੀ ਹੌਲੀ ਕਈ ਸੰਸਥਾਵਾਂ ਨੇ ਫ਼ਾਰਮ ਭਰਨ ਵਿੱਚ ਮਦਦ ਦੇ ਐਲਾਨ ਨਾਲ ਇਹ ਵਾਧਾ ਸੰਭਵ ਹੋਇਆ ਹੈ।  ਦਿਨ-ਬਦਿਨ  ਯਾਤਰੀਆਂ ਦੀ  ਵੱਧਦੀ ਗਿਣਤੀ  ਬਰਲਿਨ ਦੀ ਦੀਵਾਰ ਟੁੱਟਣ ਨਾਲ ਤੁਲਨਾ ਵੱਲ ਇੱਕ ਵਡਾ ਕਦਮ ਹੈ।

 

                       ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

9 comments

Translate »