ਸਿੱਖ ਇਤਿਹਾਸ

ਗੁਰਬਾਣੀ ਵਿਚ ਮੌਤ ਦਾ ਸੰਕਲਪ

ਗੁਰਬਾਣੀ ਵਿਚ ਥਾਂ ਥਾਂ ਤੇ ਮੌਤ ਦੀ ਇਸ ਹੋਣੀ ਵਜੋਂ ਮਨੁਖ ਨੂੰ ਸੁਚੇਤ ਕੀਤਾ ਗਿਆ ਹੈl ਮਰਨਾ ਇਕ ਹਕੀਕਤ ਹੈ ਜੋ ਜੀਵਨ ਦੀ ਅੱਟਲ ਸਚਾਈ ਹੈ , ਜਿਓਣਾ ਅੱਸਤ ਤੇ ਝੂਠ ਹੈl ਮਨੁਖ ਇਹ ਸਭ ਜਾਣਦਾ ਹੋਇਆ ਵੀ  ਇਸ ਹਕੀਕਤ ਤੋ ਅਵੇਸਲਾ ਰਹਿੰਦਾ ਹੈl ਅਗਰ ਉਸ ਨੂੰ ਕੋਈ ਮਰਨ ਦੇ ਬਾਰੇ ਕਹਿ ਵੀ ਦੇਵੇ (ਜਾਹ ਮਰ) ਤਾਂ ਉਸਤੋਂ ਬਰਦਾਸ਼ਤ ਨਹੀਂ ਹੁੰਦਾ, ਸਚ ਬਰਦਾਸ਼ਤ ਨਹੀਂ ਹੁੰਦਾl l ਉਹ ਦਾਤਾਰ  ਨੂੰ ਵੀ ਭੁਲ ਗਿਆ ਜਿਸਨੇ ਉਸ ਨੂੰ ਜਿੰਦਗੀ ਦਿਤੀ ਹੈ ਤੇ ਕਦੇ ਵੀ ਲੈ ਸਕਦਾ ਹੈ, ਉਹ ਇਕ ਕਿਸਾਨ ਦੀ ਤਰਹ ਹੈ,  ਜੋ ਇਸ ਧਰਤੀ ਵਿਚ ਰਚੀ ਸ਼੍ਰਿਸ਼ਟੀ ਦਾ ਮਾਲਕ ਹੈl  ਜਿਸਦੀ ਸਾਰੀ ਕਾਇਨਾਤ ਹੈ ਜਦ ਚਾਹੇ ਉਹ ਫਸਲ ਬੋਏ ਤੇ ਜਦ ਚਾਹੇ ਕਟ ਲਵੇ ਕਚੀ ਜਾਂ ਪਕੀl

ਪਰ ਇਨਸਾਨ ਤੇ ਕਦੇ ਮਰਨ ਦਾ ਸੋਚਿਆ ਹੀ ਨਹੀ ਉਹ ਤਾਂ ਸਿਰਫ ਜਿਉਣ ਦੇ ਉਪਰਾਲੇ ਕਰਦਾ ਰਹਿੰਦਾ ਹੈl ਮੋਹ ਮਾਇਆ ਦੇ ਝਮੇਲਿਆਂ ਵਿਚ ਫਸਿਆ ਗਫੱਲਤ ਦੀ ਨੀਦ ਸੁਤਾ ਰੱਬ ਨੂੰ ਵੀ ਭੁਲ ਜਾਂਦਾ ਹੈl ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ  ਉਸਦੇ ਹੁਕਮ ਦੇ ਸਿਧਾਂਤ ਨੂੰ ਸੰਪੂਰਨਤਾ ਦਿੰਦੇ ਹੋਏ ਮਨੁਖ ਨੂੰ ਯਾਦ ਕਰਵਾਉਂਦੇ ਹਨl

     ਜੈਸੇ ਕਿਰਸਾਣੁ ਬੋਵੈ ਕਿਰਸਾਨੀ ਕਾਚੀ ਪਾਕੀ ਬਾਢਿ ਪਰਾਨੀ ॥੧॥

       ਜੋ ਜਨਮੈ ਸੋ ਜਾਨਹੁ ਮੂਆ ॥ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥  (ਗੁਰੂ ਗਰੰਥ ਸਾਹਿਬ ਪੰਨਾ ੩੭੫)

ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਵਿਚ ਫੁਰਮਾਂਦੇ ਹਨ ;-

ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥

ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥  (ਗੁਰੂ ਗਰੰਥ ਸਾਹਿਬ ਪੰਨਾ ੮੦੮)

 ਇਸ ਸਮੁਚੇ ਸੰਸਾਰ ਦਾ ਪਸਾਰਾ ਸੁਪਨੇ ਦੇ ਨਿਆਂਈ ਹੈl ਸੁਪਨੇ ਵਿਚ ਬਣੇ ਮਹਿਲ ਅੱਖ ਖੁਲਦੀਆਂ ਹੀ ਢੇਹ-ਢੇਰੀ ਹੋ ਜਾਂਦੇ ਹਨl ਜੀਵਨ ਤਾਂ ਰੇਤ  ਦੀ ਕੰਧ ਵਾਂਗ ਹੈ ਕਿਤਨਾ ਚਿਰ ਸਥਿਰ ਰਹਿ ਸਕਦੀ ਹੈl ਧੁੰਏ ਦਾ ਬਣਿਆ ਪਹਾੜ ਤਾਂ ਕੇਵਲ ਧੁਆਂ ਹੀ ਹੁੰਦਾ ਹੈ, ਉਸਦੀ ਕੋਈ ਹੋਂਦ ਨਹੀਂ ਹੁੰਦੀl ਇਸੇ ਤਰ੍ਹਾ ਸੰਸਾਰ ਜੋ ਸਾਨੂੰ ਦਿਖਦਾ ਹੈ ਇਸ ਦੇ ਸਾਰੇ ਸੁਖ, ਖੁਸ਼ੀਆਂ, ਪਦਾਰਥ , ਰਿਸ਼ਤੇ -ਨਾਤੇ, ਦੋਸਤ -ਮਿਤਰ ਸਭ ਅਸਥਾਈ ਹੀ ਹੁੰਦੇ ਹਨ, ਜਿਸ ਵਿਚ ਮਨੁਖ ਇਨ੍ਹਾ ਸੰਸਾਰਿਕ ਸੁਖਾਂ ਵਿਚ ਉਲਝ ਕੇ ਆਪਣੇ ਅਸਲੀ ਨਿਸ਼ਾਨਾ ਭੁਲ ਜਾਂਦਾ ਹੈ l ਰਾਗ ਸੋਰਠ ਵਿਚ ਗੁਰੂ ਤੇਗ ਬਹਾਦਰ ,ਨੋਵੇਂ ਪਾਤਸ਼ਾਹ ਫੁਰਮਾਉਂਦੇ ਹਨ

ਰੇ ਨਰ ਇਹ ਸਾਚੀ ਜੀਅ ਧਾਰਿ ॥
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥

          ਨਾ ਮਨ੍ਨੁਖ ਤੇ ਨਾ ਸ੍ਰਿਸ਼ਟੀ ਆਪਣੀ ਇਛਾ ਅਨੁਸਾਰ ਇਸ ਜਗਤ ਵਿਚ ਆਏ ਹਨ l ਇਹ ਜਗਤ ਪਸਾਰਾ ਉਸ ਪਾਰਬ੍ਰਹਮ ਦੀ ਖੇਡ ਹੈl ਉਸਦੇ ਹੁਕਮ ਅੰਦਰ ਹੀ ਸਭ ਕੁਝ ਹੋ ਰਿਹਾl ਗੁਰੂ ਨਾਨਕ ਸਾਹਿਬ ਆਪਣੀ ਬਾਣੀ ਜਪੁਜੀ ਸਾਹਿਬ ਵਿਚ ਇਸਦਾ ਜ਼ਿਕਰ ਕਰਦੇ ਹਨ

         ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ

          ਨਾਨਕ ਹੁਕਮੇ ਜੇ ਬੁਝੇ ਤਾਂ ਹਉਮੇ ਕਹਿ ਨਾ ਕੋਇ

                                             (ਪੰਨਾ -)

        ਜਾ ਤਿਸੁ ਬਹਾਨਾ ਤਾ ਜਗਤ ਉਪਾਇਆ

        ਬਾਝ ਕਲਾ ਆਡਾਣ ਰਹਾਇਆ

        ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ

                                           (ਪੰਨਾ ੧੦੩੬)

ਬਾਬਾ ਫਰੀਦ ਜੀ ਮਨੁਖ ਨੂੰ ਸੁਚੇਤ ਕਰਦੇ ਹਨ :-

         ਦਿਨ ਤੇ ਪਹਰ ਤੇ ਘਰੀਂ ਆਵ ਘਟੈ ਤਨੁ ਛੀਜੇ

         ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਣ ਬਿਧਿ ਕੀਜੈ

         ਸੋ ਦਿਨ ਆਵਣ ਲਗਾ

         ਮਾਤ ਪਿਤਾ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ

                                          (ਪੰਨਾ ੬੯੨)

ਮਨੁਖ ਦੇ ਸੰਗੀ ਸਾਥੀ ਇਕ ਇਕ ਕਰਕੇ ਸੰਸਾਰ ਨੂੰ ਛਡ ਕੇ ਤੁਰੀ ਜਾ ਰਹੇ ਹਨl ਕਾਲ ਦਾ ਡੰਡਾ ਮਨੁਖ ਦੇ ਸਿਰ ਤੇ ਹਮੇਸ਼ਾ

 ਕਾਇਮ ਰਹਿੰਦਾ ਹੈ l ਰਾਗ ਸੂਹੀ ਵਿਚ ਭਗਤ ਰਵਿਦਾਸ ਮਨੁਖ ਨੂੰ ਸੁਚੇਤ ਕਰ ਰਹੇ ਹਨ ;-

               ਜੋ ਦਿਨ ਆਵਹਿ ਸੋ ਦਿਨ ਜਾਹੀll ਕਰਨਾ ਕੂਚ ਰਹਣੁ ਥਿਰ ਨਹੀll

ਗੁਰੂ ਸਾਹਿਬਾਨਾ ਨੇ ਸੰਸਾਰਿਕ ਪ੍ਰਾਣੀਆ ਨੂੰ ਜੋ ਦੁਨਿਆਵੀ ਸੁਖਾਂ ਵਿਚ ਅਨੇ ਹੋਏ ਮੌਤ ਨੂੰ ਭੁਲਕੇ ਇਸ ਅਮੋਲਕ ਜੀਵਨ ਨੂੰ ਮੌਤ ਨਾਲੋਂ ਬਤਰ ਬਣਾ ਰਹੇ ਹਨ, ਸੁਚੇਤ ਕਰਦਿਆਂ ਪਸਰੀ ਜਿੰਦਗੀ ਨੂ ਅੱਗਾਂ ਕਰਕੇ ਸ਼ੁਭ ਕਰਮਾਂ ਦਾ ਸੰਦੇਸ਼ ਦਿੰਦੇ ਹਨ ਤੇ ਜਿੰਦਗੀ ਦੇ ਅਸਲੀ ਉਦੇਸ਼ ਤੋਂ ਜਾਣੂ ਕਰਵਾਉਂਦੇ ਹਨ , ਜੀਵਨ ਦੇ ਅਰਥ ਸਮਝਾਉਂਦੇ ਹਨ , ਸਚੇ ਮਾਰਗ ਤੇ ਤੁਰਨਾ ,ਪ੍ਰਭੁ ਮਿਲਾਪ ਦੀ ਆਸ਼ਾ ਕਿਰਨ ਮਨ ਵਿਚ ਜਗਾਉਣੀ, ਅਸਲੀ ਖੱਟੀ ਖੱਟਣ ਦਾ ਉਦਮ  ਕਰਨਾ, ਉਸਦੀ ਸਿਫਤ ਸਲਾਹ ਕਰਨਾ ਆਦਿl ਸਰੀਰਕ ਸੁੰਦਰਤਾ ਦਾ ਅੰਤ ਵਿਚ ਜੋ ਹਸ਼ਰ ਹੋਣਾ ਹੈl ਮਨਮੁਖ ਜਿਸ ਨੇ ਸਾਰੀ ਉਮਰ ਪਰਵਾਰ ਤੇ ਹੋਰ ਸਕਿਆਂ ਲਈ ਝੂਠ ਬੋਲਿਆ , ਪਾਪ ਕਰਕੇ ਪੈਸਾ ਇੱਕਠਾ ਕਰਨ ਲਈ ਤਰ੍ਹਾ ਤਰਹ ਦੇ ਪਾਪੜ ਵੇਲੇ ਉਹ ” ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ” l ਅੰਤ ਸਮੇ ਉਸਦਾ ਕੋਈ ਬੇਲੀ ਨਹੀਂ l ਪ੍ਰਭੁ ਦਾ ਸਿਮਰਨ ਹੀ ਉਸਦਾ ਮਿਤਰ ਤੇ ਸਖਾ ਹੈ l ਉਸੇ ਦੇ ਲੜ ਲਗੀਆਂ ਪਾਰ ਉਤਾਰਾ ਹੋਣਾ ਹੈl ਬਾਬਾ ਫਰੀਦ ਜੀ ਨੂੰ ਤਾਂ ਕੱਬਰ ਵੀ ਮਨੁਖ ਨੂੰ ਅਵਾਜਾਂ ਮਾਰਦੀ ਅਨੁਭਵ ਹੁੰਦੀ ਹੈ ;-

                 ਫਰੀਦਾ ਗੋਰ ਨਿਮਾਣੀ ਸਦੁ ਕਰੇ ਨਿਘਰਿਆਂ ਘਰ ਆਉll

                 ਸਰਪਰ ਮੈਥੋ ਆਵਣਾ ਮਰਣਹੁ ਨ ਡਰਿਆਹੁll

                                              (ਗੁਰੂ ਗਰੰਥ ਸਾਹਿਬ ਪੰਨਾ ੧੩੮੨)

ਕੂੜ, ਅਸੱਤ  ਨਾਲ ਪ੍ਰਾਪਤ ਕੀਤੇ ਦੁਨਿਆਵੀ ਪਦਾਰਥ ਮਨੁਖ ਨੂੰ ਸਚੀ ਖੁਸ਼ੀ ਨਹੀਂ ਦੇ ਸਕਦੇl ਮੌਤ ਨੂੰ ਵਿਸਾਰ ਕੇ ਮਹਿਲ ਉਸਾਰਨ ਦਾ ਕਿ ਫਾਇਦਾ?

                 ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਦੇ ਭੀ ਗਏ

                 ਕੂੜਾ ਸੋਦਾ ਕਰ ਗਏ  ਗੋਰੀ ਆਇ ਪਏ

ਗੁਰਬਾਣੀ ਮਨੁਖ ਨੂੰ ਪ੍ਰਮਾਤਮਾ ਦੇ ਹੁਕਮ , ਉਸਦੀ ਰਜ਼ਾ ਵਿਚ ਰਹਿਣਾ , ਸ਼ੁਭ ਅਮਲ- ਕਿਰਤ ਕਰਮਾ ,ਵੰਡ ਛਕਣਾ ਤੇ ਉਸ ਪ੍ਰਭੁ ਦਾ ਸਿਮਰਨ ਕਰਨ ਦੀ ਪ੍ਰੇਰਣਾ ਦਿੰਦੀ ਹੈ   ਜਿਉਂ ਜਿਉਂ ਜੀਵਨ ਦੇ ਪਲ ਘਟਦੇ ਹਨ ,ਇਨਸਾਨ ਮੌਤ ਦੇ ਨਜਦੀਕ ਜਾਂਦਾ ਹੈ ਤਿਉਂ ਤਿਉਂ ਵਿਸ਼ੇ-ਵਿਕਾਰ ਖੁਸ਼ੀ ਦਾ ਸਾਧਨ ਬਣਨ ਦੀ ਥਾਂ ਦੁਖ ਦਾ ਕਰਨ ਬਣਨ ਲਗਦੇ ਹਨ ਤੇ ਮਨੁਖ ਪਦਾਰਥੀ ਸੁਖਾਂ ਵਿਚੋਂ ਖੁਸ਼ੀ ਲਭਦਾ ਲਭਦਾ  ਅੰਤ ਨੂੰ ਨਿਰਾਸ਼ ਹੋਕੇ ਉਠ ਤੁਰਦਾ ਹੈ l ਗੁਰਮਤਿ ਮਨੁਖ ਨੂੰ ਪ੍ਰਭੁ ਦੀ ਪਰਮ ਜੋਤ ਤੋਂ ਨਿਖੜਿਆ ਇਕ ਅੰਸ਼ ਸਮਝਦੀ ਹੈl ਮਨੁਖਾ ਜਨਮ ਉਸ ਨੂੰ ਪ੍ਰਭੁ ਸਿਮਰਨ ਤੇ ਬੰਦਗੀ ਕਰਦਿਆਂ ਸੁਚੀ ਕਿਰਤ ਕਰਨ ਲਈ ਮਿਲਦਾ ਹੈਂ ਤਾਕਿ ਉਸ ਨੂੰ  ਆਪਣਾ ਅਸਲ ਜਿਸਤੋਂ ਵਿਛੜਿਆ ਹੈ , ਫਿਰ ਮਿਲ ਸਕੇ l ਇਹ ਮਨੁਖਾ ਜਨਮ ਜੀਵ ਆਤਮਾ ਨੂੰ ਪਰਮ ਜੋਤ ਵਿਚ ਲੀਨ ਹੋਣ ਲਈ , ਭਗਤੀ ਕਰਨ ਦਾ ਇਕ ਅਦੁਤੀ ਅਵਸਰ ਹੈ ਜਿਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾl

                     ਵਾਹਿਗੁਰੂ  ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Nirmal Anand

Add comment

Translate »