ਹੀਰਾ ਸਿੰਘ ਦਰਦ ਦਾ ਜਨਮ ਉਸ ਸਮੇ ਹੋਇਆ ਜਦੋਂ ਦੇਸ਼ ਅਜਾਦ ਹੋਣ ਦੀਆਂ ਤਿਆਰੀਆਂ ਕਰ ਰਿਹਾ ਸੀ 1 ਦੇਸ਼ ਵਿਚ ਆਰਿਆ ਸਮਾਜ , ਸਿਖ ਸਭਾ ਤੇ ਮੁਸਲਿਮ ਲੀਗ ਆਦਿ ਲਹਿਰਾਂ ਚਲਣ ਨਾਲ ਅੰਗਰੇਜ਼ਾ ਦੀਆਂ ਕੁਟਲ ਚਾਲਾਂ ਸਾਮਣੇ ਆਈਆਂ ਜਿਸ ਨਾਲ ਲੋਗ ਭੜਕ ਗਏ ਜੀ ਨਾਲ ਹਿੰਦ ਸਰਕਾਰ ਦਾ ਖੁਲ ਕੇ ਵਿਰੋਧ ਹੋਣ ਲਗਾ 1 ਪੰਜਾਬ ਦੇ ਇਤਿਹਾਸ ਵਿਚ 30 ਸਤੰਬਰ ਸੰਨ 1889 ਨੂੰ ਪਿੰਡ ਘਘਰੋਟ, ਜਿਲਾ ਰਾਵਲਪਿੰਡੀ ,ਪਾਕਿਸਤਾਨ, ਵਿਚ ਇਕ ਅਜਿਹਾ ਸਪੂਤ ਜੰਮਿਆ ਜਿਸਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਪੰਜਾਬ ਦੀ ਸਹਿਤਕ ਉਨਤੀ ਤੇ ਵਿਦਿਅਕ ਉਨਤੀ ਲਈ ਆਪਣੀ ਸਾਰੀ ਜਿੰਦਗੀ ਵਾਰ ਦਿਤੀ1
ਇਨ੍ਹਾ ਦਾ ਨਾਂ ਸੀ ਹੀਰਾ ਸਿੰਘ ‘ਦਰਦ’ 1 ਉਨ੍ਹਾਂ ਦੇ ਪਿਤਾ ਪੁੰਛ ਦੇ ਇੱਕ ਬ੍ਰਾਹਮਣ ਪਰਵਾਰ ਵਿਚੋਂ ਸਨ , ਰਾਵਲਪਿੰਡੀ ਵਿੱਚ ਆਕੇ ਉਨ੍ਹਾਂ ਨੇ ਸਿੱਖ ਧਰਮ ਨੂੰ ਆਪਨਾ ਲਿਆ । ਹੀਰਾ ਸਿੰਘ ਜਦੋਂ ਥੋੜਾ ਵਡਾ ਹੋਇਆ ਤਾਂ ਪਿਤਾ ਨੇ ਰਾਵਲਪਿੰਡੀ ਦੇ ਇਕ ਈਸਾਈ ਮਿਸ਼ਨ ਸਕੂਲ ਵਿੱਚ ਦਾਖਲ ਕਰਾ ਦਿਤਾ 1 ਦਸਵੀਂ ਕਰਨ ਪਿਛੋਂ 1907 ਵਿੱਚ ਉਹ ਮਕਾਮੀ ਨਗਰ ਕਮੇਟੀ ਵਿੱਚ ਇੱਕ ਚੁੰਗੀ ਕਲਰਕ ਦੀ ਤੋਰ ਤੇ ਨਿਯੁਕਤ ਹੋ ਗਏ ਪਰ ਇਹ ਨੌਕਰੀ ਜਲਦੀ ਛੱਡ ਦਿੱਤੀ ਅਤੇ ਲਾਇਲਪੁਰ ਜਿਲ੍ਹੇ ਵਿੱਚ, ਚੱਕ ਨੰ. 73J.B. ਵਿਖੇ ਸਿੰਘ ਸਭਾ ਸਕੂਲ ਵਿੱਚ ਅਧਿਆਪਕ ਲੱਗ ਗਏ।
ਸਕੂਲ ਵਿੱਚ ਕੰਮ ਕਰਦੇ ਹੋਏ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਤੋਂ ਬਾਅਦ ਸਵੈ ਅਧਿਐਨ ਦੇ ਬਿਖੜੇ ਮਾਰਗ ਦੇ ਰਾਹੀ ਬਣ ਗਏ। ਪਤਾ ਨਹੀ ਦੇਸ਼ ਤੇ ਕੋਮ ਲਈ ਉਨ੍ਹਾ ਦੇ ਦਿਲ ਵਿਚ ਕਿਤਨਾ ਦਰਦ ਸੀ ਕੀ ਚੜ੍ਹਦੀ ਜਵਾਨੀ ਵਿੱਚ ਹੀ ਦਰਦ ਕਲਮੀ ਨਾਮ ਦੇ ਤਹਿਤ ਪੰਜਾਬੀ ਵਿੱਚ ਧਾਰਮਿਕ ਅਤੇ ਦੇਸ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿਤੀਆਂ1 ਇਸ ਅਰਸੇ ਦੇ ਦੌਰਾਨ ਉਨ੍ਹਾਂ ਨੇ ਦੋ ਕਾਵਿ ਸੰਗ੍ਰਿਹ ਉਪਕਾਰਾਂ ਦੀ ਵੰਨਗੀ ਅਤੇ ਸਿੱਖ ਬੱਚਿਓ ਜਾਗੋ, 1912 ਅਤੇ 1913 ਵਿੱਚ ਪ੍ਰਕਾਸ਼ਿਤ ਕੀਤੇ ,ਜਿਨ੍ਹਾਂ ਵਿਚੋਂ ਸਿੱਖ ਇਤਿਹਾਸਿਕ ਹਸਤੀਆਂ ਅਤੇ ਘਟਨਾਵਾਂ ਬਾਰੇ ਕਵਿਤਾਵਾਂ ਲਿਖੀਆਂ ਸਨ। ਹੀਰਾ ਸਿੰਘ ਨੇ ਅੰਗਰੇਜਾਂ ਦੁਆਰਾ ਢਾਹ ਦਿੱਤੀ ਗਈ ਗੁਰਦੁਆਰਾ ਰਕਾਬਗੰਜ਼ ਦੀ ਦੀਵਾਰ ਦੀ ਬਹਾਲੀ ਲਈ ਅੰਦੋਲਨ ਵਿੱਚ ਭਾਗ ਲਿਆ।
ਹੀਰਾ ਸਿੰਘ ਦਰਦ ਨੂੰ ਜਿਥੇ ਆਪਣੇ ਦੇਸ਼ ਲਈ ਦਰਦ ਸੀ ਉਥੇ ਸਮੁਚੀ ਮਨੁਖਤਾ ਲਈ ਵੀ ਅਥਾਹ ਪਿਆਰ ਸੀ, ਜਿਸ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸੀ 1 ਉਹ ਗਰੀਬਾਂ , ਦੁਖੀਆਂ ਤੇ ਲੋੜਵੰਦਾ ਦੀ ਸਹਾਇਤਾ ਲਈ ਹਮੇਸ਼ਾਂ ਤਤਪਰ ਰਹਿੰਦੇ 1 ਉਨ੍ਹਾ ਵਿਚ ਅਨੇਕ ਪ੍ਰਕਾਰ ਦੇ ਸਹਿਤਕ ਗੁਣਾਂ ਦੇ ਨਾਲ ਨਾਲ ਆਜ਼ਾਦੀ ਲਈ ਤੜਪ , ਦੇਸ਼ ਪਿਆਰ , ਪੰਜਾਬ ਲਈ ਦਰਦ , ਪਰਉਪਕਾਰ , ਦ੍ਰਿੜਤਾ , ਆਪਣੇ ਤੇ ਵਿਸ਼ਵਾਸ , ਬੇਪਰਵਾਹੀ , ਨਿਧੜਕਤਾ ਆਦਿ ਅਨੇਕ ਗੁਣ ਸਨ 1
ਨਿਡਰ ਹੋਕੇ ਗਲ ਕਹਿਣੀ ਤੇ ਉਸਤੇ ਪਹਿਰਾ ਦੇਣਾ ਉਨ੍ਹਾ ਦੀ ਸ਼ਖਸ਼ੀਅਤ ਦਾ ਇਕ ਖਾਸ ਗੁਣ ਸੀ 1ਕਲਕਤਾ ਵਿੱਚ ਹੁਗਲੀ ਦੇ ਬਜਬਜ ਘਾਟ ਤੇ ਬਰਤਾਨਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ ਕਾਮਾਗਾਟਾਮਾਰੂ ਦੇ ਮੁਸਾਫਰਾਂ ਲਈ 1915 ਵਿੱਚ ਉਨ੍ਹਾਂ ਦੇ ਸਕੂਲ ਵਿੱਚ ਗੁਰੂ ਗਰੰਥ ਸਾਹਿਬ ਦੇ ਪਾਠ ਦਾ ਪ੍ਰਬੰਧ ਕਰਨ ਅਤੇ ਅਰਦਾਸ ਕਰਵਾਉਣ ਵਾਲਿਆਂ ਵਿੱਚੋਂ ਉਹ ਵੀ ਇੱਕ ਸਨ, ਜਿਸਦੇ ਲਈ ਉਨ੍ਹਾਂ ਨੂੰ ਗਿਰਫਤਾਰ ਵੀ ਹੋਣਾ ਪਿਆ 1 ਸਰਕਾਰ ਨੇ ਜਦ ਇਨ੍ਹਾ ਨੂੰ ਮੁਆਫੀ ਮੰਗਣ ਲਈ ਕਿਹਾ ਤਾਂ ਇਨ੍ਹਾ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿਤਾ ਤੇ ਸਜ਼ਾ ਭੁਗਤਨ ਨੂੰ ਤਿਆਰ ਹੋ ਗਏ 1
1920 ਵਿੱਚ , ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਮੰਗਲ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਲਾਹੌਰ ਤੋਂ ਪੰਜਾਬੀ ਦੈਨਿਕ ਅਖਬਾਰ, ਅਕਾਲੀ, ਸ਼ੁਰੂ ਕਰ ਦਿੱਤਾ। ਹੀਰਾ ਸਿੰਘ ਨੂੰ ਇਸਦਾ ਸਹਾਇਕ ਸੰਪਾਦਕ ਨਿਯੁਕਤ ਕੀਤਾ ਗਿਆ।ਇਹ ਸਮਾਚਾਰ ਪੱਤਰ ਕੱਟੜ ਸਰਕਾਰ ਵਿਰੋਧੀ ਸੀ ਅਤੇ ਹੀਰਾ ਸਿੰਘ ਨੂੰ ਇਸਦਾ ਸੰਪਾਦਕ ਹੋਣ ਨਾਤੇ ਕਈ ਵਾਰ ਜੇਲ ਯਾਤਰਾ ਕਰਨੀ ਪਈ। 1924 ਵਿੱਚ ਜੇਲ੍ਹ ਤੋਂ ਬਾਹਰ ਆਕੇ ਉਨ੍ਹਾਂ ਨੇ ਇੱਕ ਸਾਹਿਤਕ ਮਾਸਿਕ ਪੰਜਾਬੀ ਪੱਤਰ ਫੁਲਵਾੜੀ ਦਾ ਆਰੰਭ ਕੀਤਾ ਜੋ ਪੰਜਾਬੀ ਸਾਹਿਤ ਦੀ ਪ੍ਰਗਤੀਸ਼ੀਲ ਲਹਿਰ ਨੂੰ ਵਿਕਸਿਤ ਕਰਨ ਵਿੱਚ ਇੱਕ ਮੀਲ-ਪੱਥਰ ਬਣ ਨਿਬੜਿਆ ਸੀ। 1930 ਵਿਚ ਇਹ ਕਿਸੇ ਵਜ੍ਹਾ ਕਰਕੇ ਬੰਦ ਕਰਨਾ ਪਿਆ ਜੋ 1947 ਵਿੱਚ ਪੰਜਾਬ ਦੀ ਵੰਡ ਦੇ ਬਾਅਦ ਉਹਨਾਂ ਨੇ ਜਲੰਧਰ ਵਿੱਚ ਆਕੇ ਮੁੜ ਸ਼ੁਰੂ ਕਰ ਦਿਤਾ ।
ਇਨ੍ਹਾ ਵਿਚ ਇਕ ਕਮਾਲ ਦੀ ਗਲ ਸੀ 1 ਉਨ੍ਹਾ ਦਾ ਕੁਝ ਸਖ਼ਸ਼ਿਅਤਾਂ ਨਾਲ ਸਿਧਾਂਤਿਕ ਮਤ-ਭੇਦ ਹਮੇਸ਼ਾਂ ਹੀ ਰਿਹਾ ਪਰ ਸਮਾਜਿਕ ਤੋਰ ਤੇ ਉਨ੍ਹਾ ਨਾਲ ਰਿਸ਼ਤਿਆਂ ਵਿਚ ਕਦੀ ਕੋਈ ਫਰਕ ਨਹੀਂ ਆਇਆ 1 ਮਾਸਟਰ ਤਾਰਾ ਸਿੰਘ ਨਾਲ ਸਿਧਾਂਤਿਕ ਮਤ-ਭੇਦ ਉਨ੍ਹਾ ਦੇ ਸਦਾ ਰਹੇ 1 ਸੰਨ 1950 ਵਿਚ ਉਨ੍ਹਾ ਦੀ ਲਿਖੀ ਇਕ ਪੁਸਤਕ “ਪੰਥ ਧਰਮ ਤੇ ਰਾਜਨੀਤੀ ” ਵਿਚ ਮਾਸਟਰ ਤਾਰਾ ਸਿੰਘ ਤੇ ਹੋਰ ਵਡੇ ਵਡੇ ਅਕਾਲੀ ਲੀਡਰਾਂ ਦੀ ਕੜੀ ਆਲੋਚਨਾ ਕੀਤੀ 1 ਇਸਤੋਂ ਪਿਛੋਂ 10 ਜਨਵਰੀ 1960 ਦੇ ਅਜੀਤ ਅਖਬਾਰ ਵਿਚ ਮਾਸਟਰ ਜੀ ਦੀਆਂ ਸੋਹਾਂ, ਪ੍ਰਣ ਤੇ ਨਾਹਰੇ ਅਤੇ ਇਸੇ ਦਿਨ ਅਜੀਤ ਵਿਚ ਹੀ ” ਮਾਸਟਰ ਤਾਰਾ ਸਿੰਘ ਜੀ ਦੀ ਮਾਨਸਿਕ ਸਥਿਤੀ ਤਰਸਯੋਗ ਤੇ ਚਿੰਤਾਜਨਕ “,ਲੇਖਾਂ ਤੋਂ ਬਿਨਾ ” ਅਕਾਲੀਆਂ ਲਈ ਫੈਸਲੇ ਦੀ ਘੜੀ ” ਵਰਗੇ ਟ੍ਰੈਕਟ ਵੀ ਕਢੇ 1 ਪਰ ਹੈਰਾਨੀ ਦੀ ਗਲ ਹੈ ਕੀ ਜਦੋਂ ਗਿਆਨੀ ਹੀਰਾ ਸਿੰਘ ਜੀ 1965 ਵਿਚ ਬੀਮਾਰ ਪਏ ਤਾਂ ਮਾਸਟਰ ਤਾਰਾ ਸਿੰਘ ਜੀ ਬੁਢਾਪੇ ਤੇ ਕਮਜ਼ੋਰੀ ਦੀ ਹਾਲਤ ਵਿਚ ਵੀ ਦਰਦ ਜੀ ਦੀ ਮਿਜ਼ਾਜ਼ ਪੁਰ੍ਸ਼ੀ ਲਈ ਇਨ੍ਹਾ ਕੋਲ ਮਾਡਲ ਹਾਊਸ ਆਏ ਤੇ ਸਾਰਾ ਦਿਨ ਉਨ੍ਹਾ ਦੀ ਮੰਜੀ ਕੋਲ ਕਰਸੀ ਡਾਹ ਕੇ ਬੈਠੇ ਰਹੇ1
ਹੀਰਾ ਸਿੰਘ ਨੇ ਆਪ ਬਹੁਤ ਸਾਰੀ ਬਹੁਪਖੀ ਸਹਿਤਕ ਰਚਨਾ ਕੀਤੀ ਹੈ 1 ਕਵਿਤਾ ਵਾਰਤਕ , ਲੇਖ, ਜੀਵਨੀ ,ਸਫਰਨਾਮਾ ਤੇ ਪਤਰਕਾਰੀ ਦੇ ਖੇਤਰ ਵਿਚ ਆਪਦਾ ਨਾਂ ਮੋਢੀਆਂ ਵਿਚੋਂ ਲਿਆ ਜਾਂਦਾ ਹੈ 1 ਹੋਰਨਾਂ ਲਈ ਉਤਸ਼ਾਹ ਪੈਦਾ ਕਰਨਾ ਵੀ ਦਰਦ ਦੀ ਜਿੰਦਗੀ ਦਾ ਇਕ ਤਕੜਾ ਪੱਖ ਸੀ 1 ਗੁਰਬਖਸ਼ ਸਿੰਘ ਦੇ ਰਸਾਲੇ ਪ੍ਰੀਤਲੜੀ ਕੋਈ ਪ੍ਰੇਸ ਛਾਪਣ ਨੂੰ ਤਿਆਰ ਨਹੀਂ ਸੀ 1 ਦਰਦ ਨੇ ਪ੍ਰੀਤਲੜੀ ਦਾ ਪਹਿਲਾ ਪਰਚਾ ਆਪਣੀ ਫੁਲਵਾੜੀ ਪ੍ਰੇਸ ਤੋਂ ਛਾਪਿਆ ਬੇਸ਼ਕ ਇਸ ਕਰਕੇ ਬਹੁਤ ਵਾਰੀ ਆਪ ਨੂੰ ਜੇਲ ਵੀ ਜਾਣਾ ਪਿਆ 1
ਇਨ੍ਹਾ ਨੂੰ ਸਿਖ ਸਿਧਾਂਤਾਂ ਅਨੁਸਾਰ ਮਨੁਖਤਾ ਨਾਲ ਬੇਹਦ ਪਿਆਰ ਸੀ 1 ਜਾਤ-ਪਾਤ ਤੇ ਮਜਹਬ ਦੇ ਵਖਰੇਵੇਂ ਦੇ ਕਿਸੇ ਸਿਧਾਂਤ ਨੂੰ ਇਹ ਨਹੀਂ ਸੀ ਮੰਨਦੇ ਜਿਸਦੀ ਝਲਕ ਇਨ੍ਹਾ ਦੀਆਂ ਕਵਿਤਾਵਾਂ ਵਿਚ ਸਾਫ਼ ਨਿਖਰ ਕੇ ਆਉਂਦੀ ਹੈ 1
ਚੰਗੇ ਨਾ ਹਿੰਦੂ ਸਾਰੇ, ਮੰਦੇ ਚਮਿਆਰ ਨਾ
ਉਚਾਂ ਤੇ ਨੀਚਾਂ ਦੀ ਦਰਗਹਿ ਵਿਚਾਰ ਨਾ
ਉਚਾ ਹੈ ਸੋਇ ਜੇਹੜਾ ਰੱਬ ਨੂੰ ਚਿਤਾਰਦਾ
ਜਾਤ-ਪਾਤ ਲਈ ਉਸਦੇ ਕਟੜ ਵਿਰੋਧ ਵਾਲੀਆਂ ਇਕ ਦੋ ਘਟਨਾਵਾਂ ਦਾ ਜਿਕਰ ਉਨ੍ਹਾ ਨੇ ਆਪਣੀ ਪੁਸਤਕ ,’ ਮੇਰੀਆਂ ਕੁਝ ਇਤਿਹਾਸਿਕ ਯਾਦਾਂ ” ਵਿਚ ਬੜੇ ਵਿਸਥਾਰ ਨਾਲ ਕੀਤਾ ਹੈ ਜਿਸ ਵਿਚ ਉਨ੍ਹਾ ਨੇ ਕਾਂਗਰਸੀ ਆਗੂ ਵਲੋਂ ਨੀਵੀਆਂ ਜਾਤਾਂ ਨਾਲ ਕੀਤੀ ਦਿਖਾਵੇ ਮਾਤਰ ਬਰਾਬਰੀ ਦਾ ਪਰਦਾ ਫਾਸ਼ ਕੀਤਾ ਹੈ 1 ਜਿਸ ਵਿਚ ਉਨ੍ਹਾ ਦਾ ਇਕ ਸਚੇ ਸੁਚੇ ਤੇ ਉਚੇ ਸਿਖੀ ਅਸੂਲਾਂ ਨੂੰ ਦ੍ਰਿੜਤਾ ਨਾਲ ਮੰਨਣ ਦਾ ਪ੍ਰਤਖ ਪ੍ਰਮਾਣ ਹੈ 1
ਸਿਖ ਸਿਧਾਂਤਾ ਨੂੰ ਪ੍ਰਚਾਰਨਾ , ਦੇਸ਼ ਦੀ ਆਜ਼ਾਦੀ ਲਈ ਲੜੀ ਜੰਗ ਲਈ ਲੋਕਾ ਨੂੰ ਤਿਆਰ ਕਰਨਾ , ਸਮਕਾਲੀ ਸਮਰਾਜੀ ਦੇ ਵਿਰੁਥ ਟਕਰ ਲੈਣਾ ਉਨ੍ਹਾ ਦੇ ਸਹਿਤ ਦਾ ਮੁਖ ਨਿਸ਼ਾਨ ਸੀ 1 ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਜੋਰ ਜਬਰ ਦੇ ਵਿਰੁਧ ਕਰੜੀਆਂ ਘਾਲਨਾਵਾਂ ਨੂੰ ਸਾਮਣੇ ਰਖ ਕੇ ਸਮਕਾਲੀ ਸਮਰਾਜ ਦੇ ਸਾਮਣੇ ਲੋਕਾ ਨੂੰ ਡਟ ਜਾਣ ਲਈ ਪ੍ਰੇਰਿਤ ਕੀਤਾ 1 ਭਾਵੇ ਸ਼ੁਰੂ ਸ਼ੁਰੂ ਵਿਚ ਉਨ੍ਹਾ ਦਾ ਨਿਸ਼ਾਨਾ ਸਿਖੀ ਪ੍ਰਚਾਰ ਤੇ ਆਜ਼ਾਦੀ ਦੀ ਲੜਾਈ ਹੀ ਸੀ ਪਰ ਅਚੇਤ ਰੂਪ ਵਿਚ ਉਨ੍ਹਾ ਨੇ ਪੰਜਾਬੀ ਬੋਲੀ ਦੀ ਸੇਵਾ ਵੀ ਕੀਤੀ 1 ਇਨ੍ਹਾ ਦੀਆਂ ਕਵਿਤਾਵਾਂ ਵਿਚ ਸਾਦਗੀ, ਗੰਭੀਰਤਾ, ਰਸ ਤੇ ਕਲਪਣਾ ਹੈ। ਇਨ੍ਹਾਂ ਦੀ ਸਾਰੀ ਕਵਿਤਾ ਸਿੱਖੀ ਪਿਆਰ ਅਤੇ ਦੇਸ਼ ਪਿਆਰ ਦੇ ਧੁਰਿਆਂ ਦੁਆਲੇ ਘੁੰਮਦੀ ਹੈ। ਆਪਦਾ ਕੇਵਲ ਇਕੋ ਇਕ ਨਿਸ਼ਾਨਾ ਤੇ ਆਸ਼ਾ ਸੀ।
“ਅਸਾਂ ਦੇਵੀ ਆਜ਼ਾਦੀ ਦੇ ਭੇਟ ਵੇਖੇ,
ਜਾਨ ਮਾਲ ਸਰਬੰਸ ਚੜਾਵਣਾ ਏ।
ਇਕ ਵੇਰ ਫਰੰਗੀ ਦੀ ਕੈਦ ਵਿਚੋਂ,
ਭਾਰਤ ਦੇਸ਼ ਆਜ਼ਾਦ ਕਰਵਾਵਣਾ ਏ।”
ਪੰਜਾਬੀ ਬੋਲੀ ਅਤੇ ਸਹਿਤ ਵਿਚ ਮਹਤਵ ਪੂਰਨ ਹਿਸਾ ਪਾਇਆ 1 ਹੀਰਾ ਸਿੰਘ ਦਰਦ ਪਹਿਲਾ ਕਵੀ ਸੀ ਜਿਸਨੇ ਗੁਰੂਦਵਾਰਾ ਸੁਧਾਰ ਲਹਿਰ, ਅਕਾਲੀ ਲਹਿਰ,ਤੇ ਪੰਜਾਬੀ ਪ੍ਰਚਾਰ ਦੇ ਕਾਰਜਾਂ ਵਿਚ ਅਗੇ ਵਧ ਕੇ ਕੰਮ ਕੀਤਾ 1 ਇਸ ਸੰਬੰਧੀ ਸਰਦਾਰ ਅਵਤਾਰ ਸਿੰਘ ਅਜਾਦ ਲਿਖਦੇ ਹਨ ਕੀ ਦਰਦ ਜੀ ਪਹਿਲੇ ਕਵੀ ਸਨ ਜਿਨ੍ਹਾ ਨੇ ਇਕ ਮੋਹਰੀ ਵਾਗ ਅਕਾਲੀ ਲਹਿਰ ਵਿਚ ਹਿਸਾ ਲਿਆ ਤੇ ਹੋਰ ਕਵੀਆਂ ਨੂੰ ਵੀ ਮੈਦਾਨ ਵਿਚ ਲਿਆਂਦਾ 1
ਹੀਰਾ ਸਿੰਘ ਦੀ ਪ੍ਰਭਾਵਸ਼ਾਲੀ ਤੇ ਬਹੁਮੁਖੀ ਸ਼ਖਸ਼ੀਅਤ ਸੀ 1 ਜੀਵਨ ਦੇ ਹਰ ਖੇਤਰ ਵਿਚ ਉਨ੍ਹਾ ਦਾ ਪ੍ਰਭਾਵ ਦਿਖਾਈ ਦਿੰਦਾ 1 ਕਿਤੇ ਉਹ ਕਵੀ ਦੇ ਰੂਪ ਵਿਚ ਸਮੇ ਦੀ ਸਰਕਾਰ ਲਈ ਹਊਆ ਜਾਪਦੇ , ਕਿਧਰੇ ਪਤਰਕਾਰੀ ਰਾਹੀਂ ਸਰਕਾਰ ਨੂੰ ਚੁਨੋਤੀ ਦਿੰਦੇ, ਕਿਧਰੇ ਪੰਜਾਬੀਆ ਨੂੰ ਪੰਜਾਬੀ ਸਾਹਿਤ ਦੇ ਦਰਿਆ ਵਿਚ ਕੁਦਣ ਲਈ ਉਤਸਾਹਿਤ ਕਰਦੇ, ਕਿਧਰੇ ਉਹ ਸੂਰਬੀਰ ਪੰਜਾਬੀਆਂ ਦੇ ਮਨਾਂ ਦੀਆਂ ਧੜਕਨਾ ਬਣ ਕੇ ਦੇਸ਼ ਦੇ ਆਜ਼ਾਦੀ ਦੇ ਸੰਗਰਾਮ ਵਿਚ ਜੂਝਣ ਲਈ ਤਿਆਰ ਕਰਦੇ, ਕਿਤੇ ਉਹ ਮਾਂ -ਬੋਲੀ ਪੰਜਾਬੀ ਦੀ ਸੇਵਾ ਸੰਭਾਲ ਕਰਦੇ ਦਿਖਾਈ ਦਿੰਦੇ ਤੇ ਕਿਧਰੇ ਉਹ ਪੰਜਾਬੀ ਸਭਾ ਨੂੰ ਆਪਣੇ ਪੈਰਾਂ ਤੇ ਖੜ੍ਹੋਣ ਦੇ ਸਮਰਥ ਬਣਾਉਣ ਲਈ ਯਤਨਸ਼ੀਲ ਕੋਸ਼ਿਸ਼ਾਂ ਕਰਨ ਵਿਚ ਲਗੇ ਰਹਿੰਦੇ 1
ਇਨ੍ਹਾ ਦੀ ਬਹੁ-ਪਖੀ ਸ਼ਖਸ਼ੀਅਤ ਸਦਕਾ ਹੀ ਇਨ੍ਹਾ ਨੂੰ ਬਹੁਤ ਸਾਰੀਆਂ ਧਾਰਮਿਕ, ਸਮਾਜਿਕ,ਰਾਜਨੀਤਕ ਤੇ ਸਹਿਤਕ ਜ਼ਿਮੇਦਾਰੀਆਂ ਦੀਆਂ ਵਖ-ਵਖ ਆਹੁਦੇਦਾਰੀਆਂ ਨਿਭਾਣ ਦੇ ਯੋਗ ਸਮਝਿਆ ਗਿਆ 1 1925 ਈ. ਵਿਚ ਦਰਦ ਜੀ ਨੇ ਮੁਸ਼ਤਾਕ, ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂਹ ਰੱਖੀ। ਇਕ ਪਾਸੇ ਉਹ ਅਕਾਲੀ ਜਥੇਬੰਦੀਆਂ ਵਿਚ ਸਤਿਕਾਰੇ ਜਾਂਦੇ ਤੇ ਦੂਜੇ ਪਾਸੇ 1937 ਵਿਚ ਕਾਂਗਰਸ ਸਿਖ ਲੀਗ ਦਾ ਸੱਕਤਰ ਬਣਨ ਲਈ ਸਦਾ ਦਿਤਾ ਗਿਆ 1 ਧਾਰਮਿਕ ਖੇਤਰ ਵਿਚ ਵੀ ਉਹ ਸਿਖ ਰਹਿਦ ਮਰਿਆਦਾ ਦਾ ਖਰੜਾ ਤਿਆਰ ਕਰਨ ਵਾਲੀ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ 1 ਉਹ ਸਰ ਸ਼ਹਾਬੁਦੀਨ ਅਤੇ ਸ਼੍ਰੀ ਐੱਸ ਪੀ ਸਿੰਘ ਦੇ ਨਾਲ ਪੰਜਾਬੀ ਸਭਾ ਦੇ ਸੰਸਥਾਪਕਾਂ ਵਿੱਚੋਂ ਵੀ ਇੱਕ ਸਨ। 1960 ਵਿਚ ਆਪ ਨੂੰ ਪੰਜਾਬੀ ਸਰਕਾਰ ਨੇ ਸਨਮਾਨਿਆ1 1964 ਵਿਚ 75 ਸਾਲ ਦੀ ਉਮਰ ਆਪਣੇ ਪੰਥ , ਸਿਖੀ ਤੇ ਦੇਸ਼ ਦੇ ਲੈਖੇ ਲਾ ਕੇ ਇਸ ਦੁਨਿਆ ਤੋਂ ਸਦਾ ਲਈ ਵਿਦਾ ਹੋ ਗਏ
ਉਨ੍ਹਾ ਦੀਆਂ ਸਹਿਤਕ ਰਚਨਾਵਾਂ ;-
ਕਾਵਿ-ਸੰਗ੍ਰਹਿ
-
ਦਰਦ ਸਨੇਹੇ ( ਤਿੰਨ ਭਾਗ)
-
ਹੋਰ ਅਗੇਰੇ
-
ਚੋਣਵੇ ਦਰਦ ਸਨੇਹੇ
ਕਹਾਣੀ ਸੰਗ੍ਰਹਿ
-
ਪੰਜਾਬੀ ਸਧਰਾਂ
-
ਕਿਸਾਨ ਦੀਆਂ ਆਹੀ
-
ਅਸਾਂ ਦੀ ਤੰਦ
ਸਫ਼ਰਨਾਮਾ ਅਤੇ ਜੀਵਨੀਆਂ ਅਤੇ ਯਾਦਾਂ
-
ਬ੍ਰਿਜ ਭੂਮੀ ਤੇ ਮਲਾਯਾ ਦੀ ਯਾਤਰਾ
-
ਭਾਰਤ ਦੇ ਬੰਦੀ -ਛੋੜ
-
ਨਵੀਨ ਭਾਰਤ ਦੇ ਰਾਜਸੀ ਆਗੂ (ਜੀਵਨੀਆਂ)
-
ਗਾਂਧੀ ਦੀਆਂ ਸਿਮਰਤੀਆਂ
-
ਮੇਰਿਆ ਕੁਝ ਇਤਿਹਾਸਿਕ ਯਾਦਾਂ
ਫੁਟਕਲ
-
ਪੰਜਾਬੀ ਸੂਬੇ ਦੀ ਸਮਸਿਆ
-
ਪੰਧ ਧਰਮ ਤੇ ਰਾਜਨੀਤੀ (ਸਿਧਾਂਤਿਕ)
-
ਗਦਰ ਪਾਰਟੀ ਦੀ ਸੰਖੇਪ ਖਾਣੀ (ਇਤਿਹਾਸ)
-
ਸੋਸ਼ਲਿਜਮ ਕੀ ਹੈ ?
-
ਫਾਸਿਜਮ ਕੀ ਹੈ ?
Add comment