ਸਿੱਖ ਇਤਿਹਾਸ

ਗਿਆਨੀ ਦਿਤ ਸਿੰਘ ( 21 ਅਪ੍ਰੈਲ 1852-6 ਸਤੰਬਰ 1901 )

ਇੰਗਲੈਂਡ ਦੀਆਂ ਅਖਬਾਰਾਂ ਵਿੱਚ 19  ਵੀਂ ਸਦੀ ਦੇ ਦੂਜੇ ਅੱਧ ਵਿੱਚ ਇਕ  ਖ਼ਬਰ ਛੱਪੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ ੨੫ ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੱਘ ਵੇਲੇ ਸਿੰਘਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਵਧ ਸੀ, ਪਰ 1881  ਦੀ ਮਰਦੱਮ ਸ਼ੁਮਾਰੀ ਮੁਤਾਬਿਕ 18 ਲਖ 53 ਹਜ਼ਾਰ 429  ਰਹਿ ਗਈ ਸੀ । ਅੰਗਰੇਜ਼ਾ ਨੇ ਵੀ ਇਸ ਕੰਮ ਵਿਚ ਮੁਗਲਾਂ ਦਾ ਰਾਹ ਅਪਣਾਇਆ 1 ਭਾਵੇ ਉਨ੍ਹਾ ਨੇ ਸਿਖਾਂ ਨੂੰ ਤਲਵਾਰ ਨਾਲ ਨਹੀਂ ਮਾਰਿਆ ਪਰ ਸਿਖ ਕੋੰਮ ਦੀਆਂ ਜੜਾਂ ਪੁਟਣ ਵਿਚ ਇਨ੍ਹਾ ਨੇ ਕੋਈ ਕਸਰ ਨਹੀਂ ਛਡੀ 1 ਬਹੁਤ ਸਾਰੇ ਨੋਜਵਾਨ ਤੇ ਉਨ੍ਹਾ ਨੇ ਆਪਣੇ ਫਾਇਦੇ ਵਾਸਤੇ ਆਪਣੀ ਫੋਜ਼ ਵਿਚ ਭਰਤੀ ਕਰ ਲਏ ਜੋ ਭਾਵੇਂ ਸਿਖੀ ਵਿਚ ਰਹੇ ਪਰ ਅੰਗਰੇਜਾਂ ਦੇ ਵਫ਼ਾਦਾਰ ਹੋ ਗਏ1

ਅਕਾਲ ਪੁਰਖ ਬੇਅੰਤ ਹੈ। ਜਦੋਂ ਵੀ ਕੌਮ ਤੇ ਭੀੜ ਆਉਂਦੀ ਹੈ, ਉਹ ਖਾਲਸੇ ਨੂੰ ਭੀੜਾ ਰੂਪੀ ਅਗਨੀ ਵਿੱਚੋਂ ਸੋਨਾ ਬਣਾਕੇ ਕਢੱਦਾ ਆਇਆ ਹੈ। ਉਸ ਸਮੇਂ  ਸਿਖ ਰਾਜ ਨੂੰ ਖਤਮ ਹੋਈਆਂ ਮਸਾ ਕੁਝ ਕੁ ਸਾਲ ਹੋਏ ਸੀ 1 ਕੌਮ ਦਾ ਵੱਡਾ ਹਿੱਸਾ ਸਨਾਤਨੀ ਬਣ ਚੁਕਾ ਸੀ। ਬਹੁਤ ਸਿਖ ਗੁਰਮਤਿ ਤੋਂ ਅਣਜਾਣ ਹੋ ਕੇ ਠੇਡੇ ਖਾ ਰਹੇ ਸੀ  ।ਉਸ ਸਮੇਂ ਇਸ ਨੂੰ ਅੰਗਰੇਜ਼ਾਂ ਦੀ ਗੁਲਾਮੀ, ਬਹੁ ਗਿਣਤੀ ਹਿੰਦੁਆਂ ਦੇ ਇਸਾਈਆਂ ਦੇ ਪ੍ਰਭਾਵ ਅਤੇ ਗੁਰੂ ਡੰਮ ਨੇ ਆ ਘੇਰਿਆ ਸੀ ।ਕੌਮ ਫੁਟ ਦਾ ਸ਼ਿਕਾਰ ਹੋਈ  ਹੋਈ ਸੀ।ਐਸੇ ਬਿਪਤਾ ਭਰੇ ਸਮੇਂ ਵਿੱਚ ਗਿਆਨੀ  ਦਿਤ ਸਿੰਘ ਜੀ ਹਰ ਮੁਹਾਜ਼ ਉਤੇ ਡਟ ਗਏ।ਕੀ ਸਨਾਤਨੀ, ਕੀ ਆਰੀਆ ਸਮਾਜੀ, ਕੀ ਗੁਰਦੁਆਰਿਆਂ ਦੇ ਪੁਜਾਰੀ, ਸੱਭ ਨਾਲ ਟੱਕਰ ਲੈ ਕੇ ਗਿਆਨੀ ਜੀ ਨੇ ਕੌਮ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰ ਦਿੱਤਾ।

ਗਿਆਨੀ ਦਿਤ ਸਿੰਘ ਜੀ ਦਾ ਜਨਮ 21  ਅਪਰੈਲ 1852 ਨੂੰ ਕਲੋੜ, ਅਨੰਦਪੁਰ, ਰਿਆਸਤ ਪਟਿਆਲਾ ਵਿੱਚ ਭਾਈ ਦਿਵਾਨ ਸਿੰਘ ਜੀ ਦੇ ਘਰ ਹੋਇਆ। ਗਿਆਨੀ ਜੀ ਬਚਪਨ ਤੋਂ ਹੀ ਤੀਖਣ ਸੂਝ ਬੂਝ ਦੇ ਮਾਲਕ ਸਨ 1 ਆਪ ਛੋਟੀ ਉਮਰ ਤੋਂ ਹੀ ਬਹਿਸ ਮੁਬਾਹਿਸਿਆਂ ਵਿੱਚ ਰੁਚੀ ਰਖਣ ਲਗ ਪਏ1  ਵਾਹਿਗੁਰੂ ਨੇ ਇਤਨੀ  ਬਿਬੇਕ-ਬੁਧੀ ਬਖ਼ਸ਼ੀ ਸੀ ਕਿ ਖੋਟੇ ਖੱਰੇ ਦੀ  ਸਹਿਜੇ ਹੀ ਪਹਿਚਾਣ ਕਰ ਲੈਂਦੇ ਸਨ।ਆਪ ਦੀ ਇਸ ਲਗਨ ਤੇ ਖਿਆਲਾਂ ਨੂੰ ਵੇਖ ਕੇ ਆਪ ਦੇ ਪਿਤਾ ਭਾਈ ਦਿਵਾਨ ਸਿੰਘ ਜੀ ਨੇ ਆਪ ਨੂੰ ਆਪਣੇ ਇਕ ਸਤਸੰਗੀ ਗੁਲਾਬ ਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ, ਪਿੰਡ ਤਿਉੜ, ਜਿਲਾ ਅੰਬਾਲਾ ਵਿੱਖੇ 10  ਕੁ ਸਾਲ ਦੀ ਉਮਰ ਵਿੱਚ ਹੀ ਭੇਜ ਦਿੱਤਾ। ਆਪਣੇ ਜਲਦੀ ਹੀ ਪੰਜ ਗ੍ਰੰਥੀ , 22 ਵਾਰਾਂ , ਭਗਤ ਬਾਣੀ , ਭਾਈ ਗੁਰਦਾਸ ਜੀ ਦੀ ਵਾਰਾਂ ਦਾ ਅਧਿਅਨ ਕਰ ਲਿਆ ਤੇ ਇਨ੍ਹਾ ਦੇ ਭਾਵ ਅਰਥ ਵੀ ਚੰਗੀ ਤਰਹ ਜਾਣ ਲਏ1  ਪੰਜ ਛੇ ਸਾਲਾਂ ਵਿੱਚ  ਉਰਦੂ ਅਤੇ ਪੰਜਾਬੀ ਦੇ ਨਾਲ ਪਿੰਗਲ ਵਿਆਕਰਣ, ਵੇਦਾਂਤ ਅਤੇ ਰਾਜਨੀਤੀ ਦੇ ਵੀ ਕੀ ਗ੍ਰੰਥਾਂ ਦਾ ਅਧਿਅਨ ਕਰ ਲਿਆ।  17-18  ਸਾਲ ਦੀ ਉਮਰ ਵਿੱਚ ਹੀ ਆਪ ਜੀ ਦੀਆਂ  ਪਿੰਗਲ, ਵਿਆਕਰਣ ਤੇ ਵਿਦਾਂਤਕ ਬਹਿਸਾਂ ਦੀਆਂ ਧੁੰਮਾਂ ਪੈਣ ਲਗ  ਗਈਆਂ। ਭਾਈ ਗੁਰਬਖਸ ਸਿੰਘ ਜੀ ਗੁਲਾਬਦਾਸੀਏ ਮਹਾਤਮਾ ਦੀ ਸ਼ਰੇਣੀ ਵਿੱਚੋਂ ਸਨ, ਤੇ ਇਹ ਗੁਲਾਬਦਾਸੀਏ ਦੇ ਡੇਰੇ ਬਹੁਤੀ ਚਰਚਾ ਦੇ ਕੇਂਦਰ ਬਣੇ ਸਨ। ਪਰ ਦੂਜੇ ਬੰਨੇ ਆਮ ਸਿੱਖੀ ਦੀ ਹਾਲਤ ਬੜੀ ਨਿਘਰੀ ਹੋਈ ਸੀ।

ਇਹ ਉਹ ਸਮਾਂ ਸੀ ਜਦ ਅੰਗਰੇਜ ਰਾਜ ਦਾਪੰਜਾਬ ਤੇ ਵੀ ਕਬਜਾ ਹੋ ਚੁਕਾ ਸੀ ਤੇ ਇਸਾਈਅਤ ਦੇ ਪ੍ਰਚਾਰ ਲਈ ਵੱਡੇ ਵੱਡੇ ਪਾਦਰੀ ਪੰਜਾਬ ਵਿੱਚ ਭੇਜੇ ਜਾ ਰਹੇ ਸਨ। ਉਸ ਸਮੇਂ ਸਿੱਖ ਪੰਥ ਦੀ  ਹਾਲਤ ਬਹੁਤ ਮਾੜੀ ਸੀ । ਮੌਕਾ ਪ੍ਰਸਤ ਬਣੇ ਸਿੱਖ ਦੁਬਾਰਾ ਹਿੰਦੂ ਮੱਤ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਸਤਲੁਜ ਤੋਂ ਉਰਾਰ ਦੇ ਸਿੱਖ ਸਰਦਾਰ, ਮਹਾਰਾਜੇ ਆਦਿ ਤਾਂ ਪਹਿਲਾਂ ਹੀ1807 ਈ: ਤੋਂ ਹੀ ਆਪਣੀਆਂ ਕੁਰਸੀਆਂ ਖਾਤਰ ਅੰਗਰੇਜਾਂ ਦੇ ਜੀ-ਹਜੂਰੀਏ ਬਣ ਚੁੱਕੇ ਸਨ1  ਹੁਣ ਸਤਲੁਜ ਪਾਰ ਦੇ ਸਿੱਖ ਆਗੂਆਂ ਨੂੰ ਆਪਣੀ ਜਾਨ ਬਚਾਉਣ ਲਈ ਅੰਗਰੇਜਾਂ ਦੀ ਈਨ ਮੰਨਣੀ ਪਈ ਤੇ ਲਗਪਗ ਸਾਰੇ ਆਗੂ ਭਾਈ ਮਹਾਰਾਜ ਸਿੰਘ ਜੀ ਨੂੰ ਛੱਡ ਕੇ ਅੰਗਰੇਜਾਂ ਦੀ ਝੋਲੀ ਵਿਚ ਜਾ ਪਏ ਸਨ1  ਅੰਗਰੇਜਾਂ ਨੇ ਸਿਖ ਨੋਜਵਾਨ ਕੁਝ ਸਿਖਾਂ ਦੇ ਬਹਾਦਰੀ ਕਰਕੇ  ਜੋ ਉਨ੍ਹਾ ਨੇ ਐਗਲੋ -ਸਿਖ ਲੜਾਈਆਂ ਵਿਚ ਆਪਣੀ ਅਖੀਂ  ਦੇਖੀ ਸੀ ਤੇ ਕੁਝ ਇਸ ਕੋਮ ਦੀ ਤਾਕਤ ਨੂੰ ਖਿੰਡਾਣ ਦੇ ਖ਼ਿਆਲ ਨਾਲ ਆਪਣੀ  ਫੋਜ਼ ਵਿਚ ਭਰਤੀ ਕਰ ਲਏ1 ਉਨ੍ਹਾ ਦੀ ਕੋਸ਼ਿਸ਼ ਸੀ ਕਿ ਜਥੇਬੰਦਿਕ  ਤੋਰ ਤੇ ਸਿਖਾਂ ਨੂੰ ਇੱਕਠਿਆਂ ਨਾ ਹੋਣ ਦਿਤਾ ਜਾਵੇ 1  ਨਾਮਧਾਰੀ ਲਹਿਰ ਨੇ ਇਸਦੇ  ਦੇ ਖਿਲਾਫ਼ ਅਵਾਜ਼ ਉਠਾਈ ਪਰ ਨਾਕਾਮਯਾਬ ਰਹੇ  1  ਇਸ ਤੋਂ ਬਾਅਦ ਈਸਾਈਅਤ ਦੇ ਪ੍ਰਚਾਰ ਦੇ ਨਾਲ ਨਾਲ ਆਰੀਆ ਸਮਾਜੀਆਂ ਦੇ ਪਰਚਾਰ ਨੇ ਵੀ ਸਿੱਖ ਪੰਥ ਨੂੰ ਭਾਰੀ ਢਾਹ ਲਾਉਣੀ ਸ਼ੁਰੂ ਕਰ ਦਿਤੀ

ਗਿਆਨੀ ਦਿਤ ਸਿੰਘ ਜੀ ਜਦ ਕਾਫੀ ਵਿਦਿਆ ਪ੍ਰਾਪਤ ਕਰ ਲਈ ਤਾਂ ਗੁਲਾਬਦਾਸੀ ਸੰਤਾਂ ਦੀ ਇਛਿਆ ਅਨੁਸਾਰ ਉਨ੍ਹਾਂ ਦੇ ਲਾਹੌਰ ਵਾਲੇ ਪ੍ਰਸਿਧ ਡੇਰੇ ਵਿੱਚ ਆ ਗਏ।ਚੱਠਿਆਂ ਵਾਲੇ  ਸੰਤ ਦੇਸਾ ਸਿੰਘ ਜੀ ਦੀ ਸੰਗਤ ਨਾਲ ਆਪ ਹੁਣ ਸਾਧਾਂ ਵਾਲੇ ਫਕੀਰੀ ਲਿਬਾਸ ਦੇ ਧਾਰਨੀ ਹੋ ਗਏ 1  ਸ਼ੁਰੂ ਸ਼ੁਰੂ ਵਿਚ ਆਪ ਜੀ ਨੂੰ  ਗੁਲਾਬ ਦਾਸੀਆਂ ਦੇ ਪ੍ਰਚਾਰਕ ਦੇ ਤੌਰ ਕੰਮ ਕਰਨਾ ਪਿਆ ਤੇ ਇਨ੍ਹਾ ਲੋਕਾਂ ਦੀਆਂ ਮੀਟਿੰਗਾਂ ਵਿੱਚ ਆਪਣੇ ਲੈਕਚਰ ਵੀ ਦਿੰਦੇ ਰਹੇ ।ਪਰ ਵਕਤ ਨਾਲ ਆਪਜੀ ਦਾ ਝੁਕਾਵ ਸਿਖੀ ਵਲ ਹੋ ਗਿਆ 1

ਇਸਾਈ ਮਤ ਦੇ ਜੋਰਦਾਰ ਪ੍ਰਚਾਰ ਕਰਕੇ ਇਸ ਪ੍ਰਚਾਰ ਦੇ ਵਿਰੋਧ  ਆਰੀਆ ਸਮਾਜ ਦੀ ਲਹਿਰ ਹੋਂਦ ਵਿੱਚ ਆਈ। ਕੁਝ ਦੇਰ ਸਿੱਖਾਂ ਨੇ ਆਰੀਆ ਸਮਾਜੀਆਂ ਦੀ ਮਦਤ ਕੀਤੀ ਕਿਓਕੀ ਮੂਰਤੀ ਪੂਜਾ ਦੇ  ਸਿਖ ਤੇ ਆਰਿਆ ਸਮਾਜੀ ਦੋਨੋ ਵਿਰੋਧੀ ਸਨ ਜਿਸਦਾ ਫਾਇਦਾ ਉਠਾ ਕੇ ਆਰਿਆ ਸਮਾਜੀਆਂ ਨੇ ਸਿਖਾਂ ਨੂੰ ਆਪਣੇ ਪ੍ਰਭਾਵ ਥਲੇ ਲਿਆਣਾ ਚਾਹਿਆ ਤੇ ਕਿਹਾ ਕਿ ਤੁਸੀਂ ਆਰਿਆ ਸਮਾਜ ਦੇ ਪ੍ਰਚਾਰ ਕਰਨ ਵਿਚ ਸਾਡਾ ਸਾਥ ਦਿਓ 1  ਗਿਆਨੀ ਜੀ ਜਿਨ੍ਹਾਂ ਗੁਲਾਬਦਾਸੀ ਸੰਤਾਂ ਦੇ ਸਭ ਤੋਂ ਪਹਿਲੇ ਪ੍ਰਚਾਰਕ ਬਣੇ ਸਨ, ਉਨ੍ਹਾਂ ਗੁਰਬਲਾਸੀਆਂ ਨੇ ਹੀ ਸੱਭ ਤੋਂ ਪਹਿਲਾਂ ਆਰੀਆ ਸਮਾਜ ਦਾ ਪ੍ਰਭਾਵ ਕਬੂਲ ਕਰਕੇ ਉਨ੍ਹਾਂ ਦੇ ਪੈਰੋਕਾਰ ਬਣਨਾ ਪ੍ਰਵਾਨ ਕਰ ਲਿਆ ਸੀ । ਪਰ ਗਿਆਨੀ ਦਿਤ ਸਿੰਘ ਉਨ੍ਹਾ ਦੇ ਪ੍ਰਭਾਵ ਹੇਠ ਨਹੀਂ ਆਏ 1  ਜਲਦੀ ਹੀ ਉਨ੍ਹਾ ਦੇ ਆਗੂ ਸਵਾਮੀ ਦਯਾ ਨੰਦ, ਗਿਆਨੀ ਦਿਤ ਸਿੰਘ ਨਾਲ ਬਹਿਸ ਤੇ ਬਚਨ-ਬਿਲਾਸ ਤੋਂ  ਸਮਝ ਗਏ ਕੀ ਉਨ੍ਹਾ ਦੀ ਇਹ ਆਸ ਪੂਰੀ ਨਹੀਂ ਹੋ ਸਕੇਗੀ ।

ਲਾਹੌਰ ਵਿੱਚ ਰਹਿੰਦਿਆਂ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋ: ਗੁਰਮੁਖ ਸਿੰਘ ਜੀ ਨਾਲ ਇਕ ਵਾਰੀ ਭੇਂਟ ਹੋ ਗਈ। ਪ੍ਰੋਫੈਸਰ ਸਾਹਿਬ ਬੜੇ ਸੂਝਵਾਨ, ਦੂਰ ਦੀ ਸੋਚਣ ਵਾਲੇ ਗੁਰਸਿੱਖ ਸਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗਿਆਨੀ ਦਿਤ ਸਿੰਘ ਜੀ ‘ਗਿਆਨੀ’ ਦੀ ਸਿਖਿਆ ਪਾਸ ਕਰਨ ਤੇ ਫਿਰ ਇਥੇ ਉਨ੍ਹਾਂ ਕੋਲ ਲਾਹੌਰ ਵਿੱਚ ਹੀ ਰਹਿਣ। ਪ੍ਰੋਫੇਸਰ ਗੁਰਮੁਖ  ਸਿੰਘ ਜੀ ਦੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿੱਖੀ ਦੇ ਪ੍ਰਭਾਵ ਨੂੰ ਕਬੂਲ ਲਿਆ।ਆਪ ਗੁਰਸਿੱਖੀ ਜੀਵਨ ਦੇ ਸਾਂਚੇ ਵਿੱਚ ਹੌਲੀ ਹੌਲੀ ਢਲ ਗਏ।ਗੁਰਮਤਿ ਫਲਾਸਫੀ ਦੇ ਮਹਾਨ ਸਿਧਾਂਤ ਨੇ ਇਹਨਾਂ ਦੀ ਕਾਇਆ ਕਲਪ ਕਰ ਦਿੱਤੀ।ਇਕ ਸਾਲ ਵਿੱਚ ਗਿਆਨੀ ਪਾਸ ਕਰ ਲਈ।ਓਦੋਂ ਗਿਆਨੀ ਦੀ ਪੜ੍ਹਾਈ ਵਿੱਚ ਅੱਜ ਵਾਂਗ ਨਿਰੀਆਂ ਕਿੱਸੇ ਕਹਾਣੀਆਂ ਹੀ ਨਹੀਂ ਸਨ, ਬਲਕਿ ਗੂੜ੍ਹ-ਗਿਆਨ ਦਾ ਮਸਾਲਾ ਪੜ੍ਹਨਾ ਪੈਂਦਾ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੂੜ੍ਹ ਭਾਵਾਂ ਨੂੰ ਸਮਝਣ ਤੇ ਆਮ ਅਰਥਾਂ ਤੋਂ ਜਾਂਣੂ ਹੋਣ ਦੀ ਲੋੜ ਪੈਂਦੀ ਸੀ।ਇਸ ਲਈ ਉਥੇ ਗੁਰਮਤਿ ਫਲਾਸਫੀ ਦੇ ਲੈਕਚਰਾਂ ਦਾ ਖਾਸ ਪ੍ਰਬੰਧ ਸੀ।ਗਿਆਨੀ ਦੀ ਪ੍ਰੀਖਿਆ ਚੰਗੇ ਨੰਬਰਾਂ ਵਿੱਚ ਪਾਸ ਕਰਨ ਉਪ੍ਰੰਤ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜੋਰ ਦੇਣ ਤੇ ਆਪ ਉਥੇ ਕਾਲਜ ਵਿੱਚ ਹੀ ਮਨੁਖਤਾ ਦੇ ਗੁਣਾ ਉਤੇ ਲੈਕਚਰ ਦੇਣ ਲਗ ਪਏ ਅਤੇ ਉਦੋਂ ਤੋਂ ਆਪ ਦੀ ਬੋਲਣ ਸ਼ਕਤੀ ਵਿੱਚ ਵਾਧਾ ਹੋਣ ਲਗਾ।ਫਿਰ ਆਪ ਨੂੰ ਕਿਸੇ ਕਾਲਜ ਵਿੱਚ ਹੀ ਪੱਕੇ ਤੌਰ ਤੇ ਧਾਰਮਕ ਪ੍ਰੋਫੈਸਰ ਦੀ ਡੀਊਟੀ ਸੌਂਪ ਦਿੱਤੀ ਗਈ।ਜਿਸ ਨੂੰ ਆਪ ਨੇ ਇੰਨੀ ਯੋਗਤਾ ਨਾਲ ਨਿਭਾਇਆ ਕਿ ਦੋ ਕੁ ਸਾਲਾਂ ਵਿੱਚ ਹੀ ਆਪ ਦੇ ਹੁਨਰ ਦੀਆ ਧੁੰਮਾਂ ਪੈ ਗਈਆਂ ।ਇਕ ਵਿਦਵਤਾ, ਦੂਜੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਨੇ ਆਪ ਦੀ ਪ੍ਰਸਿੱਧਤਾ ਨੂੰ ਚਾਰ ਚੰਨ ਲਾ ਦਿਤੇ।

ਦੂਜੇ ਪਾਸੇ ਆਰੀਆ ਸਮਾਜੀਆ ਦੀ ਲਹਿਰ ਨੂੰ ਸੁਧਾਰਕ ਤੇ ਈਸਾਈਅਤ ਦੇ ਉਲਟ ਸਮਝ ਕੇ ਸਿੱਖ ਉਨ੍ਹਾ ਦੀ ਕਈ  ਗਲਾਂ ਕਰਕੇ ਹਿਮਾਇਤ ਕਰਦੇ ਸੀ ਪਰ ਜਦ ਸਵਾਮੀ ਦਯਾ ਨੰਦ ਜੋ ਆਪਣੇ ਆਪ ਨੂੰ ਬਹੁਤ ਵਡਾ ਵਿਦਵਾਨ ਸਮਝਦਾ ਸੀ , ਵਿਦਵਾਨ ਤਾਂ ਕੀ ਰਬ ਹੀ ਸਮਝਣ ਲਗ ਪਿਆ ਸਾਰੇ ਧਰਮਾਂ ਅਤੇ ਧਾਰਮਿਕ ਨੇਤਾਵਾਂ ਤੇ ਟਿਪਣੀ ਕਰਦਿਆਂ ਗੁਰੂ ਨਾਨਕ ਸਾਹਿਬ ਲਈ ਅਯੋਗ ਸ਼ਬਦਾਂ ਦੀ ਵਰਤੋਂ ਕੀਤੀ ਤਾਂ ਸਿਖ ਆਰਿਆ ਸਮਾਜ ਦੇ ਖਿਲਾਫ਼ ਹੋ ਗਏ 1 ਉਸ ਸਮੇਂ ਹੀ ਨਾਮਧਾਰੀ ਲਹਿਰ ਦੀ ਸਿੱਖਾਂ ਅੰਦਰ ਇਕ ਹੋਰ ਬੀਮਾਰੀ ਵੀ ਫੈਲਦੀ ਜਾ ਰਹੀ ਸੀ। ਗੁਰੂ ਡੰਮ ਦਾ ਵੀ ਚੰਗਾ ਬੋਲ ਬਾਲਾ ਸੀ। ਇਕ ਪਾਸੇ ਨਾਮਧਾਰੀ ਦੂਜੇ ਪਾਸੇ ਨਿੰਰਕਾਰੀ ਤੀਜੇ ਪਾਸੇ ਗੁਰੂ ਅੰਸ਼ਾਂ ਦੇ ਕੁਝ ਸਾਹਿਬਜ਼ਾਦੇ; ਬਾਬਾ ਖੇਮ ਸਿੰਘ ਜੀ ਬੇਦੀ ਆਦਿ 1 ਸਿਖਾਂ ਦੀਆਂ ਇਨ੍ਹਾ ਕਮਜ਼ੋਰੀਆ ਦਾ ਫਾਇਦਾ ਪਾਦਰਿਆਂ ਨੇ ਉਠਾਇਆ 1 1873 ਈ: ਦੇ ਅੰਤ ਵਿਚ ਇਸਾਈਅਤ ਦੇ ਹੜ੍ਹ ਅੰਦਰ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਲੜਕੇ ਇਸਾਈ ਬਣਨ ਲਈ ਤਿਆਰ ਹੋ ਗਏ 1 ਇਸ ਗੱਲ ਨੇ ਸਿੱਖਾਂ ਨੂੰ ਟੁੰਬ ਦਿਤਾ। ਇਸ ਸਮੇਂ ਆਰ: ਐਸ: ਐਸ: ਤੇ ਹੋਰ ਹਿੰਦੂ ਕਟੜ ਪਾਰਟੀਆਂ ਵੀ  ਸਿੱਖਾਂ ਨੂੰ  ਹਿੰਦੂਆਂ ਦਾ ਹਿਸਾ ਸਮਝਦੇ ਸਨ। ਇਨ੍ਹਾ ਦੇ ਪ੍ਰਚਾਰ  ਕਾਰਨ ਸਿੱਖ ਧੜਾਧੜ ਪਤਿਤ ਹੋਣ ਲਗੇ।ਇਸ ਧਾਰਮਿਕ ਹਮਲੇ ਨੂੰ ਰੋਕਣ ਲਈ ਕੌਮ ਦਰਦੀ ਮੈਦਾਨ ਵਿਚ ਉਤਰ ਆਏ।ਕਈ ਗੁਰਸਿੱਖਾਂ ਦੀ ਮਿਹਨਤ ਤੇ ਦ੍ਰਿੜਤਾ ਸਦਕਾ ਉਸ ਸਮੇਂ ਸਿੰਘ ਸਭਾ ਦੀ ਮਹਾਨ ਲਹਿਰ ਵਜੂਦ ਵਿਚ ਆਈ।ਗਿਆਨੀ ਦਿਤ ਸਿੰਘ ਜੀ ਨੇ ਉਸ ਸਮੇਂ ਆਰੀਆ ਸਮਾਜੀ ਸੁਆਮੀ ਨਾਲ ਟੱਕਰ ਲਈ ਤੇ ਬਹਿਸ ਦੇ ਦੋਰਾਨ ਗੁਰਮੱਤ ਦੇ ਅਟੱਲ ਅਸੂਲਾਂ ਨਾਲ  ਤਿੰਨ ਵਾਰੀ ਉਸ ਨੂੰ ਤਕੜੀ ਹਾਰ ਦਿਤੀ। ਇਸ ਸਮੇ ਤਕ ਗਿਆਨੀ ਦਿਤ ਸਿੰਘ ਪੂਰਨ ਤੋਰ ਤੇ ਸਿਖੀ ਵਿਚ ਆ ਚੁਕੇ ਸੀ ਜਿਸ ਕਰਕੇ ਗੁਲਾਬਦਾਸੀਆਂ ਨੇ ਵੀ ਇਨ੍ਹਾ ਤੇ ਕਈ ਇਲਜ਼ਾਮ  ਲਗਾਏ 1ਜਿਸਦਾ ਜਵਾਬ ਇਨ੍ਹਾ ਨੇਆਪਣੀ ਤੀਖਣ ਬੁਧੀ  ਸੂਝ ਬੂਝ ਤੇ ਦ੍ਰਿੜਤਾ ਨਾਲ ਦਿਤਾ 1

ਸਭ ਤੋਂ ਪਹਿਲੇ 1874  ਈ: ਵਿਚ ਅੰਮ੍ਰਿਤਸਰ ਸਿੰਘ ਸਭਾ ਬਣੀ; ਪਰ ਕਈਆਂ ਕਾਰਨਾ ਕਰਕੇ ਢਿੱਲੀ ਪੈ ਗਈ । ਸੰਨ 1878  ਈ: ਵਿਚ ਲਾਹੌਰ  ਸਿੰਘ ਸਭਾ ਕਾਇਮ ਹੋਈ ਤੇ ਇਸ ਦੇ ਮੋਢੀ ਪ੍ਰੋਫ਼ੇਸਰ  ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਸਨ। ਸੰਨ 1880 ਵਿਚ ਸੱਭ ਤੋਂ ਪਹਿਲੇ ਗੁਰਮੁਖੀ ਦਾ ਅਖਬਾਰ ਲਾਹੌਰ ਸਿੰਘ ਸਭਾ ਦੇ ਪ੍ਰਬੰਧ ਹੇਠ ਨਿਕਲਿਆ, ਜਿਸ ਵਿੱਚ ਪ੍ਰੋਫ਼ੇਸਰ  ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਦੇ ਮਜ਼ਮੂਨ ਨਿਕਲਨੇ ਸ਼ੁਰੂ ਹੋਏ1 ਇਸਤੋਂ ਪਿਛੋਂ  ਹਰ ਸ਼ਹਿਰ ਤੇ ਹਰ ਕਸਬੇ ਵਿੱਚ ਸਿੰਘ ਸਭਾਵਾਂ ਬਣਨੀਆਂ ਸ਼ੁਰੂ ਹੋ ਗਈਆਂ । ਜੋ ਸੱਭ ਲਾਹੌਰ ਸਿੰਘ ਸਭਾ ਨਾਲ ਸੰਬੰਧਤ ਹੁੰਦੀਆਂ ਸਨ।

 ਸਿੰਘ ਸਭਾ ਲਹਿਰ  ਦਾ ਮੁਖ ਮੰਤਵ ਸਿਖੀ ਅਸੂਲਾਂ ਦਾ ਪ੍ਰਚਾਰ ਕਰਨਾ ਤੇ ਜਾਤ-ਪਾਤ ਦੇ ਖਿਲਾਫ਼ ਅਵਾਜ਼ ਉਠਾਣੀ ਸੀ ਜਿਸ ਨਾਲ ਆਰਿਆ ਸਮਾਜੀਆ ਨੂੰ ਬੜਾ ਧਕਾ ਲਗਾ  ।ਕਈ ਥਾਂਈਂ ਪੁਜਾਰੀਆਂ ਦੀਆਂ ਵਧੀਕੀਆਂ ਤੇ ਕਮਜ਼ੋਰੀਆਂ ਵਿਰੁਧ ਵੀ ਅਵਾਜ਼ ਉਠੀ, ਜਿਸ ਤੋਂ ਪੁਜਾਰੀਆਂ ਨੇ ਗੁਰਦੁਆਰਿਆਂ ਵਿੱਚ ਸਿੰਘ ਸਭਾ ਦੇ ਦਿਵਾਨ ਕਰਨ ਤੇ ਗੁਰੁਦਵਾਰੇ ਵਿਚ  ਗਿਆਨੀ ਜੀ ਦੇ ਭਾਸਣਾ ਤੇ  ਬੰਦਸ਼ਾਂ ਲਾ ਦਿਤੀ ਪਰ ਸਿੰਘ ਸਭਾ ਲਹਿਰ ਦੇ ਪੂਰੇ ਜੋਬਨ ਤੇ ਹੋਣ ਕਾਰਨ ਪੁਜਾਰੀ ਵੀ ਸਹਿਮੇ ਹੋਏ ਸਨ। ਇਸ ਸਮੇਂ ਅੰਮ੍ਰਿਤਸਰ ਸਿੰਘ ਸਭਾ ਤੇ ਲਾਹੌਰ ਸਿੰਘ ਸਭਾ ਦਾ ਝਗੜਾ ਖੜ੍ਹਾ ਕੀਤਾ ਗਿਆ।ਕੁਝ ਲੋਕਾਂ ਨੇ ਪ੍ਰੋਫ਼ੇਸਰ  ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਨੂੰ ਅਖੌਤੀ ਨੀਵੀ ਜਾਤ ਦੇ ਹੋਣ ਦਾ ਮੁਦਾ ਉਛਾਲਿਆ। ਇਧਰੋਂ ਇਹਨਾਂ ਵੱਲੋਂ ਵੀ ਬਾਬਾ ਖੇਮ ਸਿੰਘ ਜੀ ਦੇ ਵਿਰੁਧ ਅਖਬਾਰ ਵਿਚ ਗੁਰੂ ਡੰਮ  ਤੇ ਪੁਜਾਰੀਆਂ ਦੇ ਕਰਮਕਾਂਡਾ ਦੀ ਨਿਖੇਦੀ ਕੀਤੀ ਗਈ 1 ਜਿਸ ਕਰਕੇ ਬਾਬਾ ਖੇਮ ਸਿੰਘ ਬੇਦੀ  ਦੀ ਮਾਣ -ਪ੍ਰਤਿਸ਼ਟਾ ਘਟਣ ਲਗੀ 1 ਲਾਹੋਰ ਸਿੰਘ ਸਭਾ ਨੇ ਚੀਫ਼ ਖਾਲਸਾ ਦੀਵਾਨ ਬਣਾ ਲਿਆ ਜਿਥੇ ਸਿਖ ਪ੍ਰਚਾਰ ਦੀਆਂ ਗਤੀ ਵਿਧੀਆਂ ਤੇਜ਼ ਹੋ ਗਈਆਂ ।ਹੋਲੀ ਹੋਲੀ ਇਹ ਇਕ  ਜ਼ੋਰਦਾਰ ਮਹਿੰਮ ਵਿਚ ਬਦਲ ਗਈ ।ਅਛੂਤ ਉਧਾਰ ਤੇ ਅਨੰਦ ਵਿਵਾਹ ਦੇ ਪ੍ਰਚਾਰ ਦਾ ਪ੍ਰੋਗਰਾਮ ਬਣਾਇਆ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣ ਲਗਾ।ਇਸ ਸਮੇਂ ਲਾਹੌਰ ਵਿੱਚ ਪੰਜਾਬੀ ਪ੍ਰੈਸ ਵੀ ਖੋਲ ਦਿਤਾ ਗਿਆ।ਇਸ ਖਾਲਸਾ ਅਖਬਾਰ ਦੇ ਐਡੀਟਰ ਗਿਆਨੀ ਦਿਤ ਸਿੰਘ ਜੀ ਨਿਯੁਕਤ ਹੋਏ।

ਗੁਰੂ ਡੰਮ੍ਹ ਦੇ ਵਿਰੁਧ ‘ਖਾਲਸਾ ਅਖਬਾਰ’ ਦਾ ਪ੍ਰਚਾਰ ਬਾਬਾ ਖੇਮ ਸਿੰਘ ਜੀ ਹੁਰਾਂ ਨੂੰ ਸਤਾ ਰਿਹਾ ਸੀ।ਕੁਝ ਸਮਾਂ ਤਾਂ ਸਿੰਘ ਸਭਾ ਲਹਿਰ ਦੇ ਵਿਰੋਧੀਆਂ ਦੀ ਕੁਝ ਪੇਸ਼ ਨਾ ਗਈ।ਜਦੋਂ ਫਰੀਦ ਕੋਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਉਸ ਵੇਲੇ ਕੌਮ ਦੇ ਕਾਫੀ ਵਿਦਵਾਨ ਇਕੱਠੇ ਹੋਏ।ਉਥੇ ਬਹੁਤੇ ਗਿਆਨੀ ਸਨਾਤਨੀ ਖਿਆਲਾਂ ਦੇ ਸਨ। ਪ੍ਰੋ: ਗੁਰਮੁਖ ਸਿੰਘ ਜੀ ਨੇ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਮਖੋਲ ਨਾ ਸਮਝੋ ਕਿ ਜੋ ਕੁਝ ਕੋਈ ਚਾਹੇ ਅਰਥ ਕਰ ਦੇਵੇ। ਪ੍ਰੋ: ਜੀ ਨੇ ਸਾਫ ਤੌਰ ਤੇ ਕਹਿ ਦਿਤਾ ਕਿ ਸਨਾਤਨੀ ਖਿਆਲਾਂ ਦੇ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਠੀਕ ਅਰਥ ਨਹੀਂ ਕਰ ਸਕਦੇ।ਖੇਮ ਸਿੰਘ ਜੀ ਸਨਾਤਨੀ ਵਿਚਾਰਾਂ ਦੇ ਕਾਫੀ ਹਾਮੀ ਸਨ ਇਸ ਲਈ ਉਨ੍ਹਾ ਨੂੰ ਚੰਗਾ ਨਹੀਂ ਲਗਾ । 1886 ਈ: ਵਿਚ ਕੰਵਲ ਬਿਕ੍ਰਮ ਸਿੰਘ ਜੀ ਦੀ ਮੌਤ ਮਗਰੋਂ ਬੇਦੀ ਸਾਹਿਬ ਨੇ ਮੀਟਿੰਗ ਬੁਲਾਈ ਜਿਸ ਵਿੱਚ ਸਿਰਫ ਉਹਨਾਂ ਦੇ ਹੀ ਹਮਾਇਤੀ ਸਨ।ਮੋਕਾ ਵੇਖ ਕੇ ਉਹਨਾਂ ਫੈਸਲਾ ਕਰਵਾ  ਦਿਤਾ ਕਿ ਪ੍ਰੋਫ਼ੇਸਰ  ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿਤਾ ਜਾਵੇ, ਕਿਓਂਕਿ ਉਨ੍ਹਾ ਨੇ ਗੁਰੂ ਗਰੰਥ ਸਾਹਿਬ ਦਾ ਟੀਕਾ ਕਰਨ ਵਿਚ ਵਿਘਨ ਪਾਇਆ ਹੈ ਜੋ ਕਿ ਇਕ ਪਵਿਤਰ ਕੰਮ ਹੈ 1 ਸੋ 17  ਅਗਸਤ  1886   ਨੂੰ ਸ੍ਰੀ ਅਕਾਲ ਤਖਤ ਦੇ ਹੈਡ ਪੁਜਾਰੀ, ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਬਾਬਾ ਅਟਲ, ਝੰਡਾ ਬੁੰਗਾ ਤੇ ਸ਼ਹੀਦ ਗੰਜ ਦੇ ਪੁਜਾਰੀਆਂ ਦੇ ਦਸਖਤਾਂ ਹੇਠ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਪ੍ਰੋਫ਼ੇਸਰ ਗੁਰਮੁਖ ਸਿੰਘ ਸਿੱਖੀ ਤੋਂ ਛੇਕੇ ਜਾਂਦੇ ਹਨ1

ਇਸ ਸਰਾਸਰ ਨਜ਼ਾਇਜ਼ ਵਧੀਕੀ ਤੇ ਚਲਾਕੀ ਨੇ ਗਿਆਨੀ ਜੀ ਦੇ ਮਨ ਵਿਚ ਇਨ੍ਹਾ ਜੋਸ਼ ਭਰ ਦਿਤਾ ਕਿ ਉਨ੍ਹਾਂ ਨੇ ਨੋਟਸਾਂ ਤੇ ਅਖਬਾਰਾਂ ਰਾਂਹੀਂ ਉਸ ਹੁਕਮਨਾਮੇ ਦੀ ਪੁਰਜ਼ੋਰ ਮੁਖਾਲਫਤ ਕਰਕੇ ਉਸ ਦੀਆਂ ਧਜੀਆਂ ਉਡਾ ਦਿਤੀਆਂ।ਗਿਆਨੀ ਜੀ ਨੇ ਇਕ “ਸੁਪਠੱ ਨਾਟਕ” ਦੇ ਨਾਮ ਥਲੇ ਡਰਾਮਾ ਲਿਖਿਆ । ਉਸ ਵਿਚ ਹਾਸ ਰਸ ਨਾਲ ਇਨ੍ਹਾਂ ਪੁਜਾਰੀਆਂ ਤੇ ਗੁਰੂ ਡੰਮੀਆਂ ਦੇ ਕਾਰਨਾਮਿਆਂ ਦੀ ਹੂ-ਬ-ਹੂ ਤਸਵੀਰ ਖਿੱਚ ਕੇ ਰੱਖ ਦਿਤੀ ਕਿ ਕਿਵੇਂ ਇਹ ਲੋਕ ਆਪਣੇ ਆਪ ਦੀ ਪੂਜਾ ਲੋਕਾਂ ਕੋਲੋ ਕਰਵਾਉਂਦੇ ਹਨ ਅਤੇ ਕਿਵੇਂ ਸਿੱਖ ਧਰਮ ਨੂੰ ਨੁਕਸਾਨ ਪੁਚਾ ਰਹੇ ਹਨ।

ਬਾਬਾ ਸੁਮੇਲ ਸਿੰਘ ਮਹੰਤ ਪਟਨਾ ਸਾਹਿਬ ਤੇ ਬਾਬਾ ਖੇਮ ਸਿੰਘ ਜੀ ਤਾਂ ਇਸ ਨਾਟਕ ਨੂੰ ਪੜ੍ਹਦੇ ਹੀ ਸੜਬਲ ਉਠੇ। ਸੋ, ਉਦੇ ਸਿੰਘ ਬੇਦੀ ਜੀ ਨੂੰ ਅੱਗੇ ਲਾਇਆ ਗਿਆ ਅਤੇ ਗਿਆਨੀ ਜੀ ਵਿਰੁਧ ਮੁਕਦਮਾ ਚਲਵਾਕੇ ਪ੍ਰੈਸ ਤੇ ਅਖਬਾਰ ਦੋਨੋਂ ਬੰਦ ਕਰਵਾ ਦਿਤੇ।ਅਖ਼ਬਾਰ ਤੇ ਪ੍ਰੈਸ ਬੰਦ ਹੋਣ ਨਾਲ ‘ਸਿੰਘ ਸਭਾ ਲਹਿਰ’ ਨੂੰ ਭਾਰੀ ਨੁਕਸਾਨ ਹੋਇਆ।ਮੁਕੱਦਮੇ ਤੋਂ ਵਿਹਲੇ ਹੁੰਦਿਆਂ ਹੀ ਗਿਆਨੀ ਜੀ ਨੇ ਫਿਰ ਆਪਣੀਆ ਕੋਸ਼ਿਸ਼ਾਂ ਜਾਰੀ ਕਰ ਦਿਤੀਆਂ। ਪ੍ਰੋਫ਼ੇਸਰ  ਗੁਰਮੁਖ ਸਿੰਘ ਜੀ ਨੇ ਇਸ ਕੰਮ ਵਿੱਚ ਹਿੱਸਾ ਪਾਇਆ।ਸੰਨ 1890  ਵਿੱਚ ਪ੍ਰੈਸ ਤੇ ਅਖ਼ਬਾਰ ਫਿਰ ਚਾਲੂ ਹੋ ਗਏ। ਇਸ ਤੋਂ ਇਲਾਵਾ ਗੁਰਬਾਣੀ ਤੇ ਗੁਰੁ ਭਾਵਾਂ ਦੇ ਅਰਥਾਂ ਤੇ ਗੁਰਮਿਤ ਫਿਲਾਸਫ਼ੀ ਬਾਰੇ ਗਿਆਨੀ ਜੀ ਨੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪੂਰੇ ਜੋਰ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ‘ਧੁਰ ਕੀ ਬਾਣੀ’ ਦੇ ਹੁੰਦਿਆਂ ਹੋਰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ।

ਉਹਨਾਂ ਦਿਨਾਂ ਵਿਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੇ ਦਰਸ਼ਨੀ ਡਿਉਢੀ ਤੇ ਹੋਰ ਕਈ ਥਾਂਈਂ ਮੂਰਤੀਆਂ ਪਈਆਂ ਹੁੰਦੀਆਂ ਸਨ। ਗਿਆਨੀ ਜੀ ਨੇ ਇਸ ਮਨਮਤ ਦਾ ਜ਼ੋਰਦਾਰ  ਖੰਡਨ ਕੀਤਾ ਤੇ ਬੁਤ ਪੂਜਾ ਤੋਂ ਸਿੱਖਾਂ ਨੂੰ ਰੋਕਿਆ।ਇਨ੍ਹਾਂ ਦੇ ਇਸ ਪ੍ਰਚਾਰ ਨਾਲ ਦਰਸ਼ਨੀ ਡਿਉਢੀ ਵਿੱਚੋਂ ਪੁਜਾਰਿਆਂ ਨੇ ਤਾਂ ਬੁਤ ਚੁੱਕ ਲਏ; ਪਰ ਪ੍ਰਕਰਮਾਂ ਵਿੱਚੋਂ ਅਕਾਲੀ ਲਹਿਰ ਸਮੇਂ ਹੀ ਚੁੱਕੇ ਗਏ।ਉਸ ਸਮੇਂ ਸ੍ਰੀ ਅਕਾਲ ਤਖਤ ਤੇ ਦਰਬਾਰ ਸਾਹਿਬ ਪੁਜਾਰੀਆਂ ਦਾ ਕਬਜਾ ਸੀ, ਇਸ ਲਈ ਉਥੇ ਭਾਰੀ ਛੂਤ-ਛਾਤ ਦਾ ਖਿਆਲ ਰਖਿਆ ਜਾਂਦਾ ਸੀ। ਉਸ ਸਮੇਂ ਵੀ ਕਈ ਦੰਭੀ ਤੇ ਪਖੰਡੀ ਲੋਕ ਗੁਰਮਤਿ ਨੂੰ ਗਲਤ ਮਲਤ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਅਨਰਥ ਕਰ ਰਹੇ ਸਨ, ਜਿਸ ਨਾਲ ਮਨਮਤ ਦਾ ਪ੍ਰਚਾਰ ਹੋ ਰਿਹਾ ਸੀ ਤੇ ਬਾਣੀ ਦੇ ਅਸਲੀ ਭਾਵ ਨਹੀਂ ਦੱਸੇ ਜਾਂਦੇ ਸਨ।ਗਿਆਨੀ ਜੀ ਨੇ ਗੁਰਬਾਣੀ ਦੇ ਗੂੜ੍ਹ ਅਰਥਾਂ ਦੀ ਵਿਆਖਿਆ ਲੇਖਾਂ ਤੇ ਲੈਕਚਰਾਂ ਰਾਂਹੀਂ ਕਰਨੀ ਸ਼ੁਰੂ ਕੀਤੀ ਸੀ।

ਜਦੋਂ ਅਮ੍ਰਿਤਸਰ ਤੇ ਲਾਹੋਰ ਦੀਆਂ ਸਿੰਘ ਸਭਾਵਾਂ ਇਕ ਸਨ ਤਾ ਵਿਦਿਅਕ ਸੰਸਥਾ ਖੋਲਣ ਬਾਰੇ ਗਲ ਚਲੀ ਤਾਕਿ ਸਿਖ ਸਭਿਆਚਾਰ ਦਾ ਪ੍ਰਸਾਰ ਹੋਵੇ 1 ਲਾਰੰਸ ਹਾਲ ਵਿਚ ਵਿਦਵਾਨਾਂ ਤੇ ਸਰਮਾਏਦਾਰਾਂ ਦਾ ਇੱਕਠ ਹੋਇਆ  ਤਾ ਕਾਲਜ ਖੋਲਣ ਬਾਰੇ ਫੈਸਲਾ ਹੋਇਆ 1 20 ਫਰਵਰੀ ਸੰਨ 1890  ਈ: ਇਕ ਕਮੇਟੀ ਬੁਲਾਈ ਗਈ ਜਿਸਦੇ ਪ੍ਰਧਾਨ ਸਰਦਾਰ ਅੱਤਰ ਸਿੰਘ ਭਦੋੜ ਥਾਪੇ ਗਏ 1 ਇਸ ਕਮੇਟੀ ਵਿਚ   ਆਪਸੀ ਮਤ-ਭੇਦ ਹੋ ਗਿਆ ਕਿ ਕਾਲਜ ਲਾਹੌਰ ਬਣੇ ਜਾਂ ਅੰਮ੍ਰਿਤਸਰ ।ਇਸ ਸਮੇਂ ਸਰਦਾਰ  ਦਿਆਲ ਸਿੰਘ ਮਜੀਠਿਆ ਲਖਾਂ ਰੁਪਏ ਇਸ ਸੰਸਥਾ ਨੂੰ ਦੇਣ ਨੂੰ ਤਿਆਰ ਸੀ ਸਿਰਫ ਇਸ ਸ਼ਰਤ ਤੇ ਕਿ ਕਾਲਜ ਦਾ ਨਾਂਅ ‘ਦਿਆਲ ਸਿੰਘ ਕਾਲਜ’ ਰੱਖ਼ਿਆ ਜਾਏ  ਪਰ ਗਿਆਨੀ ਜੀ ਤੇ ਪ੍ਰੋ: ਗੁਰਮੁਖ ਸਿੰਘ ਜੀ ਅੜ੍ਹ ਗਏ ਕਿ ਕਾਲਜ ਦਾ ਨਾਮ ‘ਖਾਲਸਾ ਕਾਲਜ’ ਹੀ ਹੋਣਾ ਚਾਹੀਦਾ ਹੈ। ਇਸ ਜਿਦ ਦਾ ਫਾਇਦਾ ਆਰੀਆ ਸਮਾਜੀ ਉਠਾ ਗਏ ਤੇ ਦਿਆਲ ਸਿੰਘ ਕਾਲਜ ਲਾਹੌਰ ਖੁਲ ਗਿਆ  ।ਛੇਤੀ ਹੀ ਗਿਆਨੀ ਦਿਤ ਸਿੰਘ  ਜੀ ਤੇ ਪ੍ਰੋ: ਗੁਰਮੁਖ ਸਿੰਘ ਜੀ ਨੇ ਅੰਮ੍ਰਿਤਸਰ ਖਾਲਸਾ ਕਾਲਜ ਖੋਲਣ ਦਾ ਪ੍ਰਬੰਧ ਕਰ ਲਿਆ। ਜੋ 5 ਮਾਰਚ,1892 ਈ: ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ‘ਖਾਲਸਾ ਕਾਲਜ’ ਦਾ ਨੀਂਹ ਪੱਥਰ ਰਖ ਦਿੱਤਾ ।  22  ਅਕਤੂਬਰ 1892  ਈ: ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ।

ਗਿਆਨੀ ਦਿਤ ਸਿੰਘ ਨੇ ਸਮਾਜਿਕ ਕੁਰੀਤੀਆਂ ਵਿਰੁਧ ਲੇਖ ਤੇ ਕਵਿਤਾਵਾਂ ਰਾਹੀ ਪ੍ਰਚਾਰ ਕੀਤਾ1 ਆਪ ਜੀ ਨੇ ਅੰਨਦ ਵਿਆਹ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬ੍ਰਾਹਮਣਵਾਦ ਵਲੋਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਰਚਨਾਵਾਂ ਰਚੀਆਂ, ਲੈਕਚਰ ਦਿਤੇ। ਗੁਰਸਿੱਖੀ ਲਈ ਪਿਆਰ ਤੇ ਸ਼ਰਧਾ, ਗੁਰਬਾਣੀ ਦਾ ਸਤਿਕਾਰ ਤੇ ਨਿੱਤ ਦੇ ਜੀਵਨ ਵਿੱਚ ਗੁਰਬਾਣੀ ਹੀ ਸਿੱਖ ਦਾ ਜੀਵਨ ਆਸਰਾ ਹੈ, ਇਨ੍ਹਾਂ ਵਿਸ਼ਿਆਂ ਨੂੰ ਪ੍ਰਗਟਾਉਣ ਲਈ ਗਿਆਨੀ ਜੀ ਨੇ ਅਨੇਕਾਂ ਲੈਕਚਰ ਦਿਤੇ , ਮਜ਼ਬੂਨ ਲਿੱਖੇ 1 ਆਪਣਾ  ਬਹੁਤਾ ਸਮਾਂ ਸਿੱਖੀ ਪ੍ਰਚਾਰ ਵੱਲ ਲਗਾਇਆ। ਫੋਜਾਂ ਵਿਚ ਵੀ ਸਿਖਾਂ ਨੂੰ ਗੁਰਮਤਿ ਗਿਆਨ ਦਿੰਦੇ ਰਹੇ 1 ਸੰਨ 1919-1925 ਈ: ਵਿੱਚ ਅਕਾਲੀ ਲਹਿਰ ਦੇ ਸਮੇਂ ਸਿੱਖ ਫ਼ੌਜੀਆਂ ਨੇ ਜੋ ਹਿਸਾ ਪਾਇਆ ਸੀ, ਉਹ ਗਿਆਨੀ ਜੀ ਦੀ ਸਿੱਖੀ ਦੀ ਗੁੜ੍ਹਤੀ ਦਾ ਹੀ ਫਲ ਸੀ। ਅਕਾਲੀ ਲਹਿਰ ਮਜਬੂਤ ਹੁੰਦੀ ਗਈ ਤੇ ਸਿਖੀ ਵਿਚ ਬਹੁਤ ਵਾਧਾ ਹੋਇਆ 1 ਨੀਵੀਆਂ ਜਾਤਾਂ ਨੂੰ ਗੁਰੁਦਵਾਰੇ ਦੇ ਪੁਜਾਰੀ ਦੁਰਕਾਰਦੇ ਸੀ ਜਿਸ ਕਾਰਣ ਉਹ ਸਿਖ ਧਰਮ ਤੋਂ ਦੂਰ ਹੁੰਦੇ ਗਏ ਤੇ ਇਸਾਈ ਮਤ ਵਲ ਪ੍ਰੇਰੇ ਗਏ 1 ਗਿਆਨੀ ਦਿਤ ਸਿੰਘ ਨੇ ਇਨ੍ਹਾ ਕਾਂਡਾ ਦਾ ਤੇ  ਪੁਜਾਰੀਆਂ ਦਾ ਜਮ ਕੇ ਵਿਰੋਧ ਕੀਤਾ 1 ਜਿਸਦੇ ਸਦਕਾ 1919-25 ਦੇ ਦੋਰਾਨ ਅਕਾਲੀ ਲਹਿਰ ਸਮੇ ਪੁਜਾਰੀ ਸ਼੍ਰੇਣੀ  ਦਾ ਪੂਰੀ ਤਰਹ ਖਾਤਮਾ ਹੋ ਗਿਆ1

1895 ਵਿਚ ਸਰ ਅੱਤਰ ਸਿੰਘ ਭਦੋੜ ਦਾ ਅਕਾਲ ਚਲਾਣਾ ਹੋ ਗਿਆ 1 1896  ਈ: ਵਿੱਚ ਸਿੰਘ ਸਭਾ ਦੇ ਮੋਢੀ ਪਰੋਫੇਸਰ  ਗੁਰਮੁਖ ਸਿੰਘ ਜੀ ਗੁਰਪੁਰੀ ਪਧਾਰ ਗਏ। ਉਧਰ ਗਿਆਨੀ ਜੀ ਦੇ ਘਰ ਦੇ ਹਾਲਾਤ ਕਾਫੀ ਖਰਾਬ ਹੋ ਗਏ।ਇਨ੍ਹਾਂ ਦੀ ਸਪੁਤਰੀ ਦੀ ਲੰਮੀ ਬੀਮਾਰੀ ਤੇ ਕਾਫੀ ਖਰਚ ਕੀਤਾ ਗਿਆ ਸੀ ਪਰ ਬਚ ਨਾ ਸਕੀ । ਪੈਸੇ ਵਜੋਂ ਘਰ ਦੀ ਹਾਲਤ ਅਤਿ ਨਾਜ਼ਕ ਹੋ ਗਈ ਤੇ 19੦1  ਈ: ਵਿੱਚ ਅਖਬਾਰ ਵੀ ਬੰਦ ਹੋ ਗਿਆ। ਗਿਆਨੀ ਜੀ ਵੀ ਅੰਤ ਇਸ ਸੰਸਾਰ ਤੋਂ 6 ਸੰਤਬਰ, 19੦1 ਨੂੰ ਕੂਚ ਕਰ ਗਏ ਤੇ ਕੌਮ ਨੂੰ ਵਿਲਕਦਿਆ ਛੱਡ ਗਏ। ਉਨ੍ਹਾ ਦੀ ਮੋਤ ਸਿਖ ਕੋਮ ਲਈ ਬਹੁਤ ਵੱਡਾ ਧਕਾ ਸੀ1

                   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »