ਸਿੱਖ ਇਤਿਹਾਸ

ਕਾਮਾਗਾਟਾ ਮਾਰੂ ਦੀ ਇੱਕ ਦਰਦਨਾਕ ਘਟਨਾ

ਸਰਹਾਲੀ ਤੋਂ ਗੁਰਦਿੱਤ ਸਿੰਘ ਸੰਧੂ, ਸਿੰਘਾਪੁਰ ਦਾ ਇੱਕ ਵਪਾਰੀ ਸੀ ਜੋ ਇਸ ਗੱਲ ਤੋਂ ਜਾਣੂ ਸੀ ਕਿ ਕੈਨੇਡੀਅਨ ਬੇਦਖਲੀ ਕਾਨੂੰਨ ਪੰਜਾਬੀਆਂ ਨੂੰ ਉੱਥੇ ਪਰਵਾਸ ਕਰਨ ਤੋਂ ਰੋਕ ਰਹੇ ਹਨ। ਉਸ ਦਾ ਉਦੇਸ਼ ਆਪਣੇ ਹਮਵਤਨਾਂ ਦੀ ਮਦਦ ਕਰਨਾ ਸੀ ਜਿਨ੍ਹਾਂ ਦੀਆਂ ਕੈਨੇਡਾ ਦੀਆਂ ਪਿਛਲੀਆਂ ਯਾਤਰਾਵਾਂ ਨੂੰ ਰੋਕ ਦਿੱਤਾ ਗਿਆ ਸੀ।ਉਸ ਨੇ ਭਾਰਤ ਤੋਂ ਕੈਨੇਡਾ ਲਈ ਇਮੀਗ੍ਰੇਸ਼ਨ ਲਈ ਦਰਵਾਜ਼ਾ ਖੋਲ੍ਹਣ ਦੀ ਉਮੀਦ ਵਿੱਚ, ਨਿਰੰਤਰ ਯਾਤਰਾ ਨਿਯਮਾਂ ਨੂੰ ਚੁਣੌਤੀ ਦੇਣ ਲਈ ਆਪਣੇ ਉੱਦਮ ਨੂੰ  ਜਾਰੀ ਰੱਖਿਆ। ਉਨ੍ਹਾਂ ਨੇ  ਸਿੱਖ ਭਰਾਵਾਂ ਤੇ ਪੰਜਾਬੀਆਂ ਦੀ ਮਦਤ ਕਰਣ ਦੇ ਖਿਆਲ ਨਾਲ ਜੋ ਕੱਦ ਤੋਂ ਕਨੇਡਾ ਜਾਣ  ਦਾ ਸਪਨਾ ਦੇਖ ਰਹੇ ਸੀ , ਜਨਵਰੀ 1914 ਵਿੱਚ ਕਾਮਾਗਾਟਾਮਾਰੂ ਜਹਾਜ਼, ਜਪਾਨ ਤੋਂ ਕਿਰਾਏ ਤੇ  ਲੈ ਲਿਆ l

20ਵੀਂ ਸਦੀ ਦੇ ਸ਼ੁਰੂ ਦੇ  ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ ‘ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ  ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ ਉੱਤੇ ਸਿਰਫ਼ ਏਸ਼ਿਆਈ ਪਰਵਾਸੀਆਂ  ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀl  ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਿਸ ਵਿੱਚ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ| ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ਉੱਤੇ ਲੈ ਲਿਆ  ਅਤੇ ਪੰਜਾਬੀਆ ਨੂੰ ਜਪਾਨ ਤੋਂ ਸਿੱਧਾ ਕਨੇਡਾ ਲੈ  ਜਾਣ ਦਾ ਫੈਸਲਾ ਕੀਤਾ  ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ| 4 ਅਪ੍ਰੈਲ  1914 ਜੋ  ਸਿੱਖ ਇਤਿਹਾਸ ਦੀਆਂ ਕੁਰਬਾਨੀਆ ਦਾ  ਇੱਕ  ਦੁਖਾਂਤ ਵਾਕਿਆ ਹੈ  ਇੱਕ ਜਥਾ  ਜਪਾਨੀ ਬੇੜਾ, ਕਾਮਗਾਟਾ ਮਾਰੂ , ਸਮੁੰਦਰੀ ਜਹਾਜ਼ ਤੇ ਕਨੇਡਾ ਲਈ ਰਵਾਨਾ ਹੋਇਆl  ਇਸ ਵਿੱਚ 376 ਮੁਸਾਫਰ , ਜਿਨ੍ਹਾਂ ਵਿੱਚ 340 ਸਿੱਖ ,24 ਮੁਸਲਮਾਨ ਤੇ 12 ਹਿੰਦੂ ਸਨl  22 ਮਈ  1914 ਨੂੰ ਇਹ ਜਹਾਜ਼, ਪੰਜਾਬ ,ਭਾਰਤ, ਹਾਂਗਕਾਂਗ , ਸ਼ੰਘਾਈ , ਚੀਨ, ਯੋਕੋਹਾਮਾ , ਜਪਾਨ  ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ , ਬ੍ਰਿਟਿਸ਼ ਕੋਲੰਬੀਆ, ਕੈਨੇਡਾ  ਪਹੁੰਚਿਆ। ਪਰ ਕਨੇਡਾ ਦੇ ਹਾਕਮਾਂ ਨੇ ਕਾਫੀ ਲੰਬੀ ਜਦੋਂਜਹਿਦ ਮਗਰੋਂ ਵੀ  ਮੁਸਾਫਰਾਂ ਨੂੰ  ਉਤਰਨ ਦੀ ਇਜਾਜ਼ਤ ਨਾ  ਦਿੱਤੀ  l

ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫ਼ਾਇਰਿੰਗ ਕਰਨ ਦੀ ਧਮਕੀ ਦਿਤੀ|ਜਹਾਜ਼ ਦੇ ਯਾਤਰੀਆਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ‘ਤੇ ਬੰਦੀ ਬਣਾਈ ਰੱਖਿਆl  ਮੁਸਾਫ਼ਿਰਾਂ ਨਾਲ ਅਣਮਨੁੱਖੀ ਵਰਤਾਉ ਕੀਤਾ ਗਿਆ l  ਉਨ੍ਹਾਂ ਦੇ ਖਾਣ  ਪੀਣ ਦਾ ਪ੍ਰਬੰਧ ਵੀ ਠੀਕ ਤਰੀਕੇ ਨਾਲ ਨਹੀਂ  ਕੀਤਾ ਗਿਆ |ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ, ਕੋਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ । ਇੱਕ ਰਾਤ ਪੁਲੀਸ ਨੇ ਜਹਾਜ਼ ਤੇ ਹਮਲਾ ਕੀਤਾ ਤੇ ਯਾਤਰੀਆਂ ਨੂੰ  ਇਸ ਦਾ ਟਾਕਰਾ ਕਰਣ  ਲਈ ਮਜਬੂਰ ਕਰ ਦਿੱਤਾlਇਸ ਗੱਲ ਨੇ ਯਾਤਰੀਆਂ ਵਿੱਚ ਰੋਸ ਨੂੰ ਜਨਮ ਦਿੱਤਾ।

ਇਹ ਸਾਰੀ ਕਹਾਣੀ ਜੰਗਲ ਦੀ ਅੱਗ ਵਾਂਗ ਫੈਲ ਗਈ। ਅਖਬਾਰਾਂ ਵਿੱਚ ਸੁਰਖੀਆਂ ਲੱਗ ਗਈਆਂ। ਕਨੇਡਾਈ ਭਾਰਤੀਆਂ ਵਿੱਚ ਤਕੜੀ ਤਲਖ਼ੀ ਪੈਦਾ ਹੋ ਗਈ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ| ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ| ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ| ਜਹਾਜ਼ ਵਿਚਲੇ ਸਿੱਖ  ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ| ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ| ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ| ਉਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ| 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਬੱਜਬੱਜ ਘਾਟ  ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ ਪੰਜਾਬ  ਲਿਜਾਣ ਵਾਸਤੇ ਅੱਗੇ ਖੜੀ ਸੀ| ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿਤੀ ਅਤੇ ਉਹ ਸ੍ਰੀ  ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕਲਕਤੇ  ਦੇ ਬੜਾ ਬਾਜ਼ਾਰ ਵਾਲੇ ਗੁਰਦਵਾਰੇ ਵਲ ਜਲੂਸ ਬਣਾ ਕੇ ਤੁਰ ਪਏ| ਇਸ ਉੱਤੇ ਪੁਲਿਸ ਨੇ ਮੁਸਾਫ਼ਰਾਂ ਉੱਤੇ ਗੋਲੀ ਚਲਾ ਦਿਤੀ| ਇਸ ਫ਼ਾਇਰਿੰਗ ਵਿੱਚ 15 ਮੁਸਾਫ਼ਰ ਮਾਰੇ ਗਏ| ਮਗਰੋਂ ਪੁਲਿਸ ਨੇ ਮੁਸਾਫ਼ਰਾਂ ਨੂੰ ਗਿ੍ਫ਼ਤਾਰ ਕਰ ਲਿਆ| ਇਸ ਦੌਰਾਨ ਬਾਬਾ ਗੁਰਦਿੱਤ ਸਿੰਘ  ਸਣੇ 30 ਸਿੱਖ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ| ਪਰ ਬਾਅਦ ਵਿੱਚ ਮਹਾਤਮਾ ਗਾਂਧੀ ਦੇ ਕਹਿਣ ਤੇ ਫਰਾਰ ਹੋਏ ਮੁਸਾਫਰਾਂ  ਨੇ ਅੰਗਰੇਜ਼ ਹਾਕਮਾਂ ਅੱਗੇ ਆਤਮ ਸਮਰਪਣ ਕਰ ਦਿੱਤਾ

ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਕਾਮਾਗਾਟਾਮਾਰੂ ਕਾਂਡ ਵਿੱਚ ਮੁਕੱਦਮਾ ਚੱਲ ਰਹੇ ਬਾਬਾ ਗੁਰਦਿੱਤ ਸਿੰਘ ਉੱਪਰ ਸਰਕਾਰੀ ਵਕੀਲਾਂ ਨੇ ਕਈ ਸਾਰੇ ਝੂਠੇ ਦਸਤਾਵੇਜ਼ ਤਿਆਰ ਕਰ ਲਏ। ਸਰਕਾਰ ਵੱਲੋਂ ਕੀਤੀਆਂ ਵਧੀਕੀਆਂ ਦਾ ਪਾਜ ਖੋਲ੍ਹਣ ਵਾਸਤੇ ਮੌਕਾ ਭਾਲ ਰਹੇ ਬਾਬਾ ਗੁਰਦਿੱਤ ਸਿੰਘ ਲਈ ਤਾਂ ਇਹ ਸੁਨਹਿਰੀ ਮੋਕਾ ਸੀ । ਉਹ ਝੱਟ ਇਸ ਬਿਆਨ ਦੀ ਤਿਆਰੀ ਵਿੱਚ ਜੁਟ ਗਿਆ। ਕਾਮਰੇਡ ਅਰਜਨ ਸਿੰਘ ਗੜਗੱਜ ਵੱਲੋਂ ਆਪਣੀ ਪੁਸਤਕ ‘ਮੇਰਾ ਆਪਣਾ ਆਪ’ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਨ੍ਹੀਂ ਦਿਨੀਂ ਗੜਗੱਜ ਸਮੇਤ ਹੋਰ ਵੀ ਕਈ ਦੇਸ਼ਭਗਤ ਜੇਲ੍ਹ ਵਿੱਚ ਬੰਦ ਸਨ ਜਿਨ੍ਹਾਂ ਨੂੰ ਬਾਬਾ ਜੀ ਆਪਣੀ ਹੱਡਬੀਤੀ ਸੁਣਾਇਆ ਕਰਦੇ ਸਨ। ਬਾਬਾ ਗੁਰਦਿੱਤ ਸਿੰਘ ਦਾ ਬਿਆਨ ਸਾਰਿਆਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਅਤੇ ਇਸ ਨੂੰ ਲਿਖਣ ਦਾ ਕੰਮ ਗੜਗੱਜ ਨੇ ਕੀਤਾ। 261 ਪੰਨਿਆਂ ਉੱਤੇ ਲਿਖਿਆ ਇਹ ਬਿਆਨ 26 ਜੂਨ 1922 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਬਿਆਨ ਵਿੱਚ ਪੜਤਾਲੀਆ ਕਮੇਟੀ ਦੀ ਰਿਪੋਰਟ ਉੱਤੇ ਪੈਰਾ ਵਾਰ ਟਿੱਪਣੀ ਕਰਦਿਆਂ ਸਾਰੇ ਘਟਨਾਕ੍ਰਮ ਦੌਰਾਨ ਅੰਗਰੇਜ਼ ਹਾਕਮਾਂ ਦੀ ਬਦਨੀਤੀ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਗਈ ਸੀ। ਇਹ ਬਿਆਨ ਅਦਾਲਤੀ ਦਸਤਾਵੇਜ਼ ਸੀ ਅਤੇ ਇਸ ਨੂੰ ਜੱਗ ਜ਼ਾਹਰ ਕਰਨ ਨਾਲ ਕੋਈ ਕਾਨੂੰਨੀ ਅਵੱਗਿਆ ਨਹੀਂ ਸੀ ਹੁੰਦੀ। ਇਸ ਲਈ ਬਾਬਾ ਜੀ ਦਾ ਇਹ ਬਿਆਨ ਕਾਮਾਗਾਟਾ ਮਾਰੂ ਜਹਾਜ਼ ਵਿੱਚ ਉਨ੍ਹਾਂ ਦੇ ਸਕੱਤਰ ਰਹੇ ਸਰਦਾਰ ਦਲਜੀਤ ਸਿੰਘ ਨੇ ਜ਼ੁਲਮੀ ਕਥਾ ਸਿਰਲੇਖ ਹੇਠ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ।

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ ‘ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਕੋਮਾਗਾਟਾਮਾਰੂ ਦੇ ਲਗਪਗ ਸਾਰੇ ਮੁਸਾਫ਼ਿਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ।ਪਰ ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਕੋਮਾਗਾਟਾਮਾਰੂ ਦੁਖਾਂਤ ਨੂੰ ਜਨਮ ਦੇ ਸਕਦੇ ਹਨ।। ਸਮੁੱਚੇ ਰੂਪ ਵਿਚ ਸਰਕਾਰਾਂ ਨੂੰ ਗੁਰੂ ਨਾਨਕ ਜਹਾਜ਼ ਦੇ ਜਿਨ੍ਹਾਂ ਮੁਸਾਫ਼ਰਾਂ ਨੇ  ਸ਼ਹੀਦੀਆਂ ਪਾਈਆਂ, ਉਨ੍ਹਾਂ ਦਾ ਇਹ ਦਰਦ ਭਰਿਆ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।

 ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕੀ  ਫਤਹਿ

Nirmal Anand

Add comment

Translate »