ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸਦਾ ਅਰਥ ਹੈ , ਰੱਬ ਦੀ ਰਜ਼ਾ ਵਿੱਚ ਰਹਿਣਾ ਹੈ। ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ ‘ਤੇ ਆਉਣ ਨਾਲ ਹੋਂਦ ਵਿਚ ਆਇਆ ਹੈ । ਇਸਲਾਮ ਦੇ ਹਜ਼ਰਤ ਆਦਮ (ਅਲੈ.) ਪਹਿਲੇ ਅਤੇ ਹਜ਼ਰਤ ਮੁਹੰਮਦ ਆਖ਼ਰੀ ਪੈਗ਼ੰਬਰ ਕਹਿਲਾਏ ਗਏ ਹਨ । ਜਿਵੇਂ ਕਿ ਹਰੇਕ ਧਰਮ ਕੇ ਕੁਝ ਬੁਨਿਆਦੀ ਸਿਧਾਂਤ/ਨਿਯਮ ਹੁੰਦੇ ਹਨ। ਉਸੇ ਤਰ੍ਹਾਂ ਹੀ ਇਸਲਾਮ ਧਰਮ ਦੀ ਇਮਾਰਤ ਵੀ ਪੰਜ ਥੰਮ੍ਹਾਂ ‘ਤੇ ਖੜੀ ਹੈ। ਹਰੇਕ ਥੰਮ੍ਹ ਦੀ ਆਪਣੀ ਥਾਂ ਹੈ।ਇਹ ਥੰਮ /ਸਿਧਾਂਤ/ਨਿਯਮ,ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਬਣਾਕੇ ਰਾਹ ਦਸੇਰੇ ਦਾ ਕੰਮ ਕਰਦੇ ਹਨ। ਜੇਕਰ ਪੰਜਾਂ ਵਿਚੋਂ ਕਿਸੇ ਇਕ ਥੰਮ੍ਹ ਵਿੱਚ ਵੀ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ੍ਹ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੀ ਜ਼ਿੰਦਗੀ ਦਾ ਅਨਿੱਖੜਵਾ ਅੰਗ ਬਣੇ ਰਹਿਣ ਵਾਲੇ ਇਹ ਥੰਮ੍ਹ, ਅਸੂਲ ਜਾਂ ਸਿਧਾਂਤ ਇਹ ਹਨ।
ਤੌਹੀਦ/ਈਮਾਨ:
ਤੌਹੀਦ ਇਸਲਾਮ ਦੀ ਬੁਨਿਯਾਦ ਅਤੇ ਦਰਵਾਜ਼ਾ ਹੈ। ਤੌਹੀਦ ਦਾ ਅਰਥ ਹੈ ਕਿ ਅੱਲ੍ਹਾ ਇੱਕ ਹੈ ਅਤੇ ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੇ ਰਸੂਲ ਹਨ। ਇਸ ਦੇ ਨਾਲ ਹੀ ਹਰੇਕ ਮੁਸਲਮਾਨ ਲਈ ਅੱਲ੍ਹਾ, ਫ਼ਰਿਸ਼ਤਿਆ, ਰਸੂਲ ਅਤੇ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ।
ਨਮਾਜ਼:
ਨਮਾਜ਼ ਨੂੰ ਅਰਬੀ ਜ਼ੁਬਾਨ ਵਿੱਚ ਸਲਾਤ ਕਿਹਾ ਜਾਂਦਾ ਹੈ। ਸਲਾਤ ਤੋਂ ਭਾਵ ਹੈ ‘ਝੁਕਣਾ‘। ਨਮਾਜ਼ ਇਕ ਖ਼ਾਸ ਇਬਾਦਤ ਹੈ। ਇਸ ਲਈ ਨਮਾਜ਼ ਦਾ ਇਸਲਾਮ ਵਿਚ ਇੰਨਾਂ ਵੱਡਾ ਦਰਜਾ ਹੈ ,ਜਿਵੇਂ ਸਰੀਰ ਵਿਚ ਸਿਰ ਦਾ। ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਿਤ ਕੀਤੇ ਗਏ ਵੱਖ-ਵੱਖ ਸਮਿਆਂ ਤੇ ਪੰਜ ਨਮਾਜ਼ਾਂ ਫ਼ਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ, ਕਾਅਬੇ ਵੱਲ ਮੂੰਹ ਕਰਕੇ ਪੜ੍ਹਨੀਆਂ ਜ਼ਰੂਰੀ ਹਨ। ਕੁਰਆਨ ਸ਼ਰੀਫ਼ ਵਿੱਚ ਵੀ ਸਭ ਤੋਂ ਜ਼ਿਆਦਾ ਨਮਾਜ਼ ਬਾਰੇ ਹੁਕਮ ਆਇਆ ਹੈ।
ਰੋਜ਼ਾ
ਤੌਹੀਦ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਰੁਤਬਾ ਹੈ। 12 ਮਹੀਨਿਆਂ ਵਿਚੋਂ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ। ਇਸ ਮਹੀਨੇ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਕੁਝ ਵੀ ਨਾ ਖਾਣ ਪੀਣ ਅਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਂ ਰੋਜ਼ਾ ਹੈ। ਰੋਜ਼ਾ ਵੀ ਨਮਾਜ਼ ਦੀ ਤਰ੍ਹਾਂ ਹਰੇਕ ਬਾਲਿਗ਼ ਮੁਸਲਮਾਨ ਮਰਦ/ਔਰਤ ਲਈ ਜ਼ਰੂਰੀ ਹੈ। ਰੋਜ਼ਾ ਸਿਰਫ਼ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ ਸਗੋਂ ਮਨ ਦੀ ਸ਼ੁੱਧਤਾ ਵੀ ਹੈ, ਜਿਵੇਂ ਅੱਖਾਂ ਦਾ ਰੋਜ਼ਾ ਕਿਸੇ ਨੂੰ ਗ਼ਲਤ ਨਿਗਾਹ ਨਾਲ ਨਹੀਂ ਦੇਖਣਾ, ਕੰਨਾਂ ਦਾ ਰੋਜ਼ਾ ਕਿਸੇ ਦੀ ਚੂਗ਼ਲੀ ਨਹੀਂ ਸੁਨਣੀ, ਜ਼ੁਬਾਨ ਦਾ ਰੋਜ਼ਾ ਕਿਸੇ ਦੀ ਬੁਰਾਈ ਨਹੀਂ ਕਰਨੀ, ਹੱਥਾਂ ਦਾ ਰੋਜ਼ਾ ਨਾਪ-ਤੋਲ ਪੂਰਾ ਕਰਨਾ ਆਦਿ।
ਜ਼ਕਾਤ
ਜ਼ਕਾਤ ਦੇ ਅਰਥ ਹਨ ਦਾਨ ਦੇਣਾ ਭਾਵ ਜ਼ਰੂਰਤ ਮੰਦਾਂ ਦੀ ਸੇਵਾ ਕਰਨਾ ਹੈ। ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਨਿਯਮ/ਸਿਧਾਂਤ ਹੈ ਜਿਸ ਨਾਲ ਮਾਇਆ ਨਾਲੋਂ ਮੋਹ ਘਟਦਾ ਹੈ ਅਤੇ ਦੂਜਿਆਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਜ਼ਕਾਤ ਦਾ ਮਤਲਬ ਇਹ ਹੈ ਕਿ ਜਿਸ ਮੁਸਲਮਾਨ ਕੋਲ ਸਾਢੇ ਸੱਤ ਤੋਲੇ ਸੋਨਾ ਜਾ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸਦੇ ਬਰਾਬਰ ਕੀਮਤ ਦਾ ਕਾਰੋਬਾਰ ਦਾ ਮਾਲ ਹੋਵੇ ਉਸ ਲਈ ਜ਼ਰੂਰੀ ਹੈl ਉਸ ਦੀ ਪ੍ਰਚੱਲਤ ਕੀਮਤ ‘ਤੇ ਢਾਈ ਪ੍ਰਤੀਸ਼ਤ ਹਿੱਸਾ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਜ਼ਕਾਤ ਦੇਵੇ। ਕੁਰਆਨ ਮਜ਼ੀਦ ਵਿੱਚ ਵੀ ਥਾਂ-ਥਾਂ ‘ਅਕੀ ਮੁੱਸਲਾਤ ਵ ਅਤਾ ਅੱਜ਼ਕਾਤ‘ ਭਾਵ ‘ਨਮਾਜ਼ ਕਾਇਮ ਕਰੋ ਅਤੇ ਜ਼ਕਾਤ ਅਦਾ ਕਰੋ‘ ਦਾ ਜ਼ਿਕਰ ਆਉਂਦਾ ਹੈ।
ਹੱਜ
ਹੱਜ ਇਸਲਾਮ ਦਾ ਪੰਜਵਾਂ ਤੇ ਆਖ਼ਰੀ ਥੰਮ੍ਹ ਹੱਜ ਹੈ। ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ l ਨਿਸ਼ਚਿਤ ਦਿਨਾਂ ‘ਚ ਨਿਰਧਾਰਤ ਨਿਯਮਾਂ ਅਨੁਸਾਰ ਆਪਣੇ ਮਾਲਕ-ਏ-ਹਕੀਕੀ ਦੇ ਦਰਬਾਰ ਮੱਕਾ ਅਤੇ ਮਦੀਨਾ ‘ਚ ਹਾਜ਼ਰ ਹੋ ਕੇ ਕੁਝ ਇਬਾਦਤਾਂ, ਦੁਆਵਾਂ ਅਤੇ ਕਾਅਬੇ ਦਾ ਤਵਾਫ਼ (ਪਰਿਕਰਮਾ) ਕਰਨ ਦਾ ਨਾਂ ਹੱਜ ਹੈ।ਹੱਜ ਰੱਬੀ ਇਸ਼ਕ ਅਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ। ਫ਼ਰਿਸ਼ਤਿਆਂ ਨੂੰ ਹੁਕਮ ਹੋਇਆ ਕਿ ‘ਬੈਤ-ਉਲ-ਮਾਮੂਰ‘ ਦੇ ਹੇਠਾਂ ਇਬਾਦਤ ਦੇ ਲਈ ਇਕ ਘਰ ਤਿਆਰ ਕਰੋ ਤਾਂ ਕਿ ਜ਼ਮੀਨੀ ਮਖ਼ਲੂਕ ਵੀ ਤਵਾਫ਼ ਕਰੇ। ਇਸ ਤਰ੍ਹਾਂ ਖ਼ਾਨਾ-ਕਾਅਬਾ ਦੀ ਤਾਮੀਰ ਹੋਈ। ਕਾਅਬਾ ਭਾਵ ਚੌਰਸ ਘਰ ਅਰਥਾਤ ਅੱਲਾਹ ਦਾ ਉਹ ਚੌਰਸ ਘਰ ਜਿਸ ਦੇ ਸ਼ਬਦੀ ਅਰਥ ਬੁਲੰਦ ਅਤੇ ਉੱਚੇ ਦੇ ਹਨ। ਖ਼ਾਨਾ-ਕਾਅਬਾ ਦੇ ਚਾਰੋ ਕੋਨਿਆ ਦੇ ਨਾਂ ਹਨ: ਰੁਕਨ-ਏ-ਯਮਾਨੀ ਜੋ ਯਮਨ ਵੱਲ ਹੈ, ਰੁਕਨ-ਏ-ਸ਼ਾਮੀ ਜੋ ਸੀਰੀਆ ਵੱਲ ਹੈ, ਰੁਕਨ-ਏ-ਇਰਾਕੀ ਜੋ ਇਰਾਕ ਵੱਲ ਹੈ, ਮੀਜ਼ਬ-ਏ-ਰਹਿਮਤ ਜਿਧਰ ਖ਼ਾਨਾ-ਕਾਅਬਾ ਦਾ ਪਰਨਾਲਾ ਹੈ। ਡਾ. ਮੁਹੰਮਦ ਇਕਬਾਲ ਖ਼ਾਨਾ-ਕਾਅਬਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ:-
‘ਦੁਨੀਆ ਕੇ ਬੁਤਕਦੇ ਮੇਂ ਪਹਿਲਾ ਵੋਹ ਘਰ ਖ਼ੁਦਾ ਕਾ‘
ਹੱਜ ਦਾ ਰੁਕਨ ਸਿਰਫ਼ ਸਮਰੱਥ ਮੁਸਲਮਾਨਾਂ (ਜੋ ਹੱਜ ਦੇ ਸਫ਼ਰ ਦਾ ਖ਼ਰਚ ਅਤੇ ਘਰ ਵਾਲਿਆਂ ਲਈ ਪ੍ਰਬੰਧ ਕਰ ਸਕਣ) ਲਈ ਜੀਵਨ ‘ਚ ਇਕ ਵਾਰੀ ਅਦਾ ਕਰਨਾ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਜਿਸਮਾਨੀ ਤੌਰ ਤੇ ਹੱਜ ਕਰਨ ਤੋਂ ਅਸਮਰਥ ਹੈ ਪਰ ਉਸ ਦੇ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਦਾ ਹੱਜ ਕਰਵਾ ਸਕਦਾ ਹੈ। ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ (ਨਜ਼ਦੀਕੀ ਰਿਸ਼ਤੇਦਾਰ ਜਿਸ ਨਾਲ ਨਿਕਾਹ ਕਰਨਾ ਹਰਾਮ ਹੋਵੇ) ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ।
ਹੱਜ ਵਿਭਿੰਨ ਦੇਸ਼ਾਂ ਦੇ ਮੁਸਲਮਾਨਾਂ ਵਿਚਕਾਰ ਆਪਸੀ ਸਾਂਝ ਦਾ ਪ੍ਰਭਾਵਸ਼ਾਲੀ ਵਸੀਲਾ ਹੈ। ਇਸਲਾਮ ਅਨੁਸਾਰ ਹੱਜ ਨੌ ਹਿਜਰੀ ਨੂੰ ਫ਼ਰਜ਼ ਹੋਇਆ। ਮੁਸਲਮਾਨ ਜ਼ਿਲਹਿੱਜਾ (ਅਰਬੀ ਕੈਲੰਡਰ ਦੇ ਬਾਰ੍ਹਵੇ ਮਹੀਨੇ) ਨੂੰ ਮੱਕੇ ਸ਼ਹਿਰ ਵਿਖੇ ਜਾ ਕੇ ਹੱਜ ਦਾ ਫ਼ਰਜ਼ ਅਦਾ ਕਰਦੇ ਹਨ। ਛੋਟੇ ਹੱਜ ਨੂੰ ਉਮਰਾ ਕਿਹਾ ਜਾਂਦਾ ਹੈ। ਉਮਰਾ ਸਾਲ ਵਿਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ। ਪਰੰਤੂ ਇਹ ਅਸਲ ਹੱਜ ਦਾ ਬਦਲ ਨਹੀਂ ਹੈ। ਹੱਜ ਬਾਰੇ ਕੁਰਆਨ ਸ਼ਰੀਫ਼ ਵਿਚ ਅੱਲਾਹ ਦਾ ਇਰਸ਼ਾਦ ਹੈ:
‘ਬੇਸ਼ੱਕ ਸਭ ਤੋਂ ਪਹਿਲੀ ਇਬਾਦਤਗਾਹ ਜੋ ਮਾਨਵਜਾਤੀ ਲਈ ਬਣਾਈ ਗਈ ਹੈ, ਉਹ ਉਹੀ ਹੈ ਜੋ ਮੱਕਾ ਵਿਖੇ ਹੈ। ਇਸ ਨੂੰ ਭਲਾਈ ਅਤੇ ਬਰਕਤ ਪ੍ਰਦਾਨ ਕੀਤੀ ਗਈ ਹੈ ਅਤੇ ਸਮੂਹ ਸੰਸਾਰ ਵਾਸੀਆਂ ਲਈ ਇਸਨੂੰ ਹਿਦਾਇਤ ਦਾ ਕੇਂਦਰ ਬਣਾਇਆ ਗਿਆ ਹੈ। ਲੋਕਾਂ ਉਪਰ ਖ਼ੁਦਾ ਦਾ ਹੱਕ ਹੈ ਕਿ ਜੋ ਇਸ ਘਰ (ਖ਼ਾਨਾ-ਕਾਅਬਾ) ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੋਵੇ, ਉਹ ਇਸਦਾ ਹੱਜ ਕਰੇ, ਜੇਕਰ ਲੋਕ ਅਜਿਹਾ ਨਾ ਕਰਨ ਤਾਂ ਅੱਲਾਹ ਲੋਕਾਂ ਤੋਂ ਬੇਨਿਆਜ਼ ਹੈ।‘ (ਸੂਰਤ ਆਲ-ਏ-ਇਮਰਾਨ: 96-97)
ਹੱਜ/ਉਮਰਾ ਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ:
‘ਅੱਲਾ-ਹੁੰਮਾ ਇੰਨੀ ਉਰੀਦੁਲ ਹੱਜ/ਉਮਰਾਤਾ ਫ਼ਾ ਯੱਸਿਰ ਹੂ ਲੀ ਵ ਤਾ ਕੱਬਾਲਾਹੁ ਮਿੰਨੀ‘
(ਅਰਥਾਤ ਐ ਅੱਲਾਹ! ਮੈਂ ਹੱਜ/ਉਮਰੇ ਦਾ ਇਰਾਦਾ ਕਰਦਾ ਹਾਂ, ਇਸ ਨੂੰ ਮੇਰੇ ਲਈ ਅਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ)।
ਹੱਜ ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰਲੇ ਅਤੇ ਹੇਠਲੇ ਭਾਗ ਨੂੰ ਢੱਕਣ ਲਈ ਅਹਿਰਾਮ ਦੀਆਂ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ। ਇਕ ਧੋਤੀ ਵਾਂਗ ਗੱਠ ਦਿੱਤੇ ਬਗ਼ੈਰ ਪਹਿਨੀ ਜਾਂਦੀ ਹੈ ਅਤੇ ਦੂਜੀ ਚਾਦਰ ਨੂੰ ਸਿਰ ਸਮੇਤ ਉਪਰ ਲੈ ਲਿਆ ਜਾਂਦਾ ਹੈ। ਅਹਿਰਾਮ ਦੀ ਹਾਲਤ ‘ਚ ਨੀਯਤ ਕਰਨ ਤੋਂ ਬਾਅਦ ਹੇਠ ਲਿਖੀਆਂ ਗੱਲਾਂ ਦੀ ਮਨਾਹੀ ਹੈ। (ੳ) ਸਿਲਿਆ ਹੋਇਆ ਕੱਪੜਾ-ਸਿਰਫ਼ ਮਰਦਾਂ ਲਈ। (ਅ) ਸਿਰ ਅਤੇ ਚਿਹਰੇ ਦਾ ਨਾ ਢਕਣਾ-ਔਰਤਾਂ ਸਿਰਫ਼ ਮੂੰਹ ਨੰਗਾ ਰਖ ਸਕਦੀਆਂ ਹਨ। (ੲ) ਖ਼ੁਸਬੂ ਦਾ ਇਸਤੇਮਾਲ ਕਰਨਾ। (ਸ) ਖ਼ੁਸ਼ਕੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ (ਖ) ਪਤੀ ਪਤਨੀ ਵਾਲੇ ਸਬੰਧ (ਸੰਭੋਗ ਆਦਿ) ਕਰਨਾ।
ਅਹਿਰਾਮ ਪਹਿਨਣ ਤੋਂ ਬਾਅਦ ਮਰਦ ਉੱਚੀ ਅਤੇ ਔਰਤਾਂ ਧੀਮੀ ਅਵਾਜ਼ ਵਿਚ ਤਲਬੀਆ (ਇਕ ਵਿਸ਼ੇਸ਼ ਜ਼ਿਕਰ) ਪੜ੍ਹਦੇ ਹਨ: ‘ਲੱਬੈਕ ਅੱਲਾ-ਹੁੰਮਾ ਲੱਬੈਕ, ਲੱਬੈਕਾ ਲਾ ਸ਼ਰੀਕਾ ਲਾਕਾ ਲੱਬੈਕ, ਇੰਨਲ ਹਮਦਾ ਵੰਨਿਅਮਤਾ ਲਾਕਾ ਵਲ ਮੁਲਕ, ਲਾ ਸ਼ਰੀਕਾ ਲਕ‘ (ਅਰਥਾਤ ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ ਕੋਈ ਸ਼ਰੀਕ ਨਹੀਂ, ਬੇਸ਼ੱਕ ਸਾਰੀਆਂ ਤਾਰੀਫ਼ਾਂ ਅਤੇ ਨਿਅਮਤਾਂ ਤੇਰੇ ਲਈ ਹੀ ਹਨ ਅਤੇ ਸਾਰੀ ਬਾਦਸ਼ਾਹੀ ਵੀ, ਤੇਰਾ ਕੋਈ ਸ਼ਰੀਕ ਨਹੀਂ)
ਇਸੇ ਹਾਲਤ ਵਿਚ ਉਪਰੋਕਤ ਜ਼ਿਕਰ ਕਰਦਿਆਂ ਮੱਕਾ ਸ਼ਰੀਫ਼ ਜਾਇਆ ਜਾਂਦਾ ਹੈ। ਮੱਕਾ ਸ਼ਰੀਫ਼ ਪਹੁੰਚ ਕੇ ਖ਼ਾਨਾ-ਕਾਅਬਾ ‘ਤੇ ਪਹਿਲੀ ਨਜ਼ਰ ਪੈਂਦਿਆ ਹੀ ਰੋ ਰੋ ਕੇ ਦੁਆਵਾਂ ਕੀਤੀਆ ਜਾਂਦੀਆ ਹਨ। ਦੁਆ ਤੋਂ ਬਾਅਦ ਅੱਗੇ ਵਧਕੇ ਮੁਤਾਫ਼ (ਜਿੱਥੇ ਤਵਾਫ਼ ਕੀਤਾ ਜਾਂਦਾ ਹੈ) ‘ਚ ਦਾਖ਼ਲ ਹੋਇਆ ਜਾਂਦਾ ਹੈ। ਪਵਿੱਤਰ ਖ਼ਾਨਾ-ਕਾਅਬਾ ਦੀ ਇਕ ਦੀਵਾਰ ਵਿਚ ਇੱਕ ਪੱਥਰ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ਸੰਗ-ਏ-ਅਸਵਦ ਕਿਹਾ ਜਾਂਦਾ ਹੈ। ਅਤੇ ਪੂਰਬ ਵੱਲ ਸੰਗ-ਏ-ਅਸਵਦ ਦੀ ਸੇਧ ‘ਚ ਇਕ ਪੱਟੀ ਫ਼ਰਸ਼ ਤੇ ਬਣੀ ਹੋਈ ਹੈ। ਹਾਜੀਆਂ ਵੱਲੋਂ ਇਸ ਪੱਟੀ ‘ਤੇ ਖੜ੍ਹ ਕੇ ਖ਼ਾਨਾ-ਕਾਅਬਾ ਦੇ ਸੱਤ ਚੱਕਰਾਂ ਦੀ ਨੀਯਤ ਕੀਤੀ ਜਾਂਦੀ ਹੈ।‘ਐ ਅੱਲਾਹ! ਮੈਂ ਤੇਰੇ ਘਰ ਦੇ ਤਵਾਫ਼ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਮੇਰੇ ਲਈ ਅਸਾਨ ਫ਼ਰਮਾ ਅਤੇ ਕਬੂਲ ਫ਼ਰਮਾ।‘
ਇਸ ਪਿੱਛੋਂ “ਬਿਸਮਿੱਲਾਹੀ ਅੱਲਾਹੂ ਅਕਬਰ “ (ਸ਼ੁਰੂ ਅੱਲਾਹ ਦੇ ਨਾਂ ਨਾਲ ਜੋ ਸਭ ਤੋਂ ਵੱਡਾ ਹੈ) ਕਹਿ ਕੇ ਸਿੱਧੇ ਹੱਥ ਪੱਥਰ ਭਾਵ ਹਜਰ-ਏ-ਅਸਵਦ ਵੱਲ ਚੁਕ ਕੇ ਚੁੰਮ ਲਏ ਜਾਂਦੇ ਹਨ ਅਤੇ ਤੀਸਰਾ ਕਲਮਾ ਪੜ੍ਹ ਕੇ ਤਵਾਫ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭਾਵੇਂ ਤਵਾਫ਼ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤਾ ਜਾਂਦਾ ਹੈ ਪਰ ਇੱਥੇ ਇਹ (ਪਰਿਕਰਮਾ) ਤਵਾਫ਼ ਕਰਦਿਆ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ, ਖ਼ਾਨਾ-ਕਾਅਬਾ ਵੱਲ ਰਹਿਣਾ ਜ਼ਰੂਰੀ ਹੈ। ਰੁਕਨ-ਏ-ਯਮਾਨੀ ਕੋਲ ਜਾ ਕੇ ਇਹ ਦੁਆ ਪੜ੍ਹੀ ਜਾਂਦੀ ਹੈ:
‘ਰੱਬਾ-ਨਾ-ਆਤਿ-ਨਾ ਫ਼ਿੱਦੁਨੀਆ ਹਾਸਾ-ਨਾ ਤੰਵ ਵ ਫ਼ਿਲ ਆਖ਼ਿਰਾਤੀ- ਹਾਸਾਨਾਤੰਵ ਵਕਿਨਾ ਅਜ਼ਾਬੰਨਾਰ, ਯਾ ਅਜ਼ੀਜ਼ੋ ਯਾ ਗ਼ੱਫ਼ਾਰ ਯਾ ਰੱਬ-ਇਲ ਆਲਾਮੀਨ। ਆਦਮੀਆਂ ਨੂੰ ਪਹਿਲੇ ਤਿੰਨ ਚੱਕਰ ਕੁਝ ਤੇਜ਼ੀ ਨਾਲ ਚੱਲ ਕੇ ਲਾਉਣੇ ਪੈਂਦੇ ਹਨ। ਜਿਸ ਨੂੰ ਰਮਲ ਆਖਦੇ ਹਨ।
ਹੱਜ ਦੇ ਫ਼ਰਜ਼ ਇਸ ਪ੍ਰਕਾਰ ਹਨ:
ਦਿਲੋਂ ਨੀਯਤ ਕਰਕੇ ਤਲਬੀਆ (ਲੱਬੈਕ) ਅੰਤ ਤੱਕ ਪੜ੍ਹਨਾ, ਅਹਿਰਾਮ ਪਹਿਨਣਾ, ਨੌਂ ਜ਼ਿਲਹਿੱਜਾ ਨੂੰ ਸੂਰਜ ਢਲਣ (ਦੁਪਹਿਰ ਤੋਂ ਬਾਅਦ) ਅਰਫ਼ਾਤ ‘ਚ ਠਹਿਰਨਾ, ਤਵਾਫ਼-ਏ-ਜ਼ਿਆਰਤ, ਮੁਜ਼ਦਲਿਫ਼ਾ ਵਿਖੇ ਠਹਿਰਨਾ, ਸਫ਼ਾ ਮਰਵ੍ਹਾ ਦਰਮਿਆਨ ਸਈ ਕਰਨਾ, ਕੰਕਰੀਆਂ ਮਾਰਨੀਆਂ, ਕੁਰਬਾਨੀ ਕਰਨਾ, ਸਿਰ ਦੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ, ਤਵਾਫ਼-ਏ-ਵਿਦਾ ਕਰਨਾ।
ਤਵਾਫ਼ ਤੋਂ ਬਾਅਦ ਸਈ (ਭਾਵ ਸਫ਼ਾ ਮਰਵ੍ਹਾ ਪਹਾੜੀਆਂ ਵਿਚਕਾਰ ਸੱਤ ਚੱਕਰ ਲਾਉਣਾ) ਕੀਤੀ ਜਾਂਦੀ ਹੈ। ਜਿਸਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ: ‘ਐ ਅੱਲਾਹ! ਮੈਂ ਆਪ ਦੀ ਖ਼ੁਸ਼ੀ ਦੇ ਲਈ ਸਫ਼ਾ ਮਰਵ੍ਹਾ ਦੇ ਵਿਚਕਾਰ ਸਈ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਇਸ ਨੂੰ ਮੇਰੇ ਲਈ ਆਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ।‘ ਸਫ਼ਾ ਪਹਾੜੀ ‘ਤੇ ਚੜ੍ਹ ਕੇ ਖ਼ਾਨਾ-ਕਾਅਬਾ ਵੱਲ ਨੂੰ ਮੂੰਹ ਕਰਕੇ ਉਪਰੋਕਤ ਨੀਯਤ ਕੀਤੀ ਜਾਂਦੀ ਹੈ। ਦਰੂਦ ਸ਼ਰੀਫ਼ ਪੜ੍ਹ ਕੇ ਖੜ੍ਹੇ-ਖੜ੍ਹੇ ਹੀ ਦੁਆ ਕੀਤੀ ਜਾਂਦੀ ਹੈ। ਸਫ਼ਾ ਤੋਂ ਮਰਵ੍ਹਾ ਰੱਬ ਦਾ ਜ਼ਿਕਰ ਕਰਦਿਆਂ ਚਲਿਆ ਜਾਂਦਾ ਹੈ। ਜਦੋਂ ਹਰੀਆਂ ਲਾਇਟਾਂ ਵਾਲੇ ਥਮਲੇ ਆ ਜਾਂਦੇ ਹਨ ਤਾਂ ਆਦਮੀ ਇਹਨਾਂ ਵਿਚਕਾਰ ਕੁਝ ਤੇਜ਼ੀ ਨਾਲ ਦੌੜਦੇ ਹੋਏ ਗੁਜ਼ਰਦੇ ਹਨ। ਇਹਨਾਂ ਥਮਲਿਆਂ ਵਿਚਕਾਰ ਇਹ ਦੁਆ ਪੜ੍ਹੀ ਜਾਂਦੀ ਹੈ: ‘ਐ ਅੱਲਾਹ! ਮੇਰੇ ਗੁਨਾਹਾਂ ਨੂੰ ਮੁਆਫ਼ ਫ਼ਰਮਾ, ਰਹਿਮ ਫ਼ਰਮਾ, ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫ਼ਰਮਾਉਣ ਵਾਲਾ ਹੈ।‘
ਜ਼ਿਕਰ ਕਰਦਿਆ ਮਰਵ੍ਹਾ ਪਹਾੜੀ ‘ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹੁ ਅਕਬਰ (ਐ ਅੱਲਾਹ! ਤੂੰ ਸਭ ਤੋਂ ਵੱਡਾ ਹੈ) ਪੜ੍ਹਿਆ ਜਾਂਦਾ ਹੈ। ਚੌਥਾ ਕਲਮਾ ਅਤੇ ਦਰੂਦ ਸ਼ਰੀਫ਼ ਪੜ੍ਹ ਕੇ ਦੁਆ ਮੰਗੀ ਜਾਂਦੀ ਹੈ। ਇਸ ਤਰ੍ਹਾਂ ਮਰਵ੍ਹਾ ਤੋਂ ਸਫ਼ਾ ਵੱਲ ਚਲਿਆ ਜਾਂਦਾ ਹੈ। ਇੰਝ ਕਰਦਿਆਂ ਸੱਤਵਾਂ ਚੱਕਰ ਮਰਵ੍ਹਾ ਤੇ ਆ ਕੇ ਪੂਰਾ ਹੋ ਜਾਂਦਾ ਹੈ। ਦੁਆ ਮੰਗਣ ਤੋਂ ਬਾਅਦ ਸਈ ਮੁਕੰਮਲ ਹੋ ਜਾਂਦੀ ਹੈ। ਸਈ ਪਿੱਛੋਂ ਅੱਠ ਜ਼ਿਲਹਿੱਜਾ ਨੂੰ ਸਾਰੇ ਹਾਜੀ ਮਿਨਾ ਦੇ ਖੁੱਲ੍ਹੇ-ਡੁੱਲ੍ਹੇ ਟੈਂਟਾ ਦੇ ਮੈਦਾਨ ‘ਚ ਚਲੇ ਜਾਂਦੇ ਹਨ। ਨੌ ਜ਼ਿਲਹਿੱਜਾ ਨੂੰ ਸਾਰੇ ਹਾਜੀ ਵਕੂਫ਼-ਏ-ਅਰਫ਼ਾਤ ਲਈ ਅਰਫ਼ਾਤ ਦੇ ਮੈਦਾਨ ਵਲ ਨੂੰ ਚੱਲ ਪੈਂਦੇ ਹਨ। ਫ਼ਜਰ ਦੀ ਨਮਾਜ਼ ਪੜ੍ਹਕੇ ਲੋਕ ਦੁਆ ਇਸਤਗ਼ਫ਼ਾਰ ‘ਚ ਮਸ਼ਰੂਫ਼ ਰਹਿੰਦੇ ਹਨ। ਇਹ ਹੱਜ ਦਾ ਖ਼ਾਸ ਦਿਨ ਹੁੰਦਾ ਹੈ।
ਦਸ ਜ਼ਿਲਹਿੱਜਾ ਨੂੰ ਮਿਨਾ ਪਹੁੰਚ ਕੇ ਪਹਿਲਾਂ ਵੱਡੇ ਸ਼ੈਤਾਨ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ। ਇਸ ਪਿੱਛੋਂ ਕੁਰਬਾਨੀ ਕੀਤੀ ਜਾਂਦੀ ਹੈ। ਵਾਲ ਕਟਵਾ ਜਾਂ ਮੁੰਨਵਾ ਲਏ ਜਾਂਦੇ ਹਨ। ਔਰਤਾਂ (ਸਿਰਫ਼ ਇੱਕ ਉਂਗਲੀ ਦੀ ਮੋਟਾਈ ਬਰਾਬਰ) ਸਿਰ ਦੇ ਕਿਸੇ ਹਿੱਸੇ ਚੋਂ ਆਪ ਜਾਂ ਕਿਸੇ ਹੋਰ ਔਰਤ ਤੋਂ ਵਾਲ ਕਟਵਾ ਲੈਂਦੀਆਂ ਹਨ। ਇਸ ਉਪਰੰਤ ਨਹਾ ਕੇ ਆਪਣੇ ਸੀਤੇ ਹੋਏ ਕੱਪੜੇ ਪਹਿਨ ਲਏ ਜਾਂਦੇ ਹਨ।ਇਸੇ ਸ਼ਾਮ ਮੱਕਾ ਸ਼ਰੀਫ਼ ਪਹੁੰਚ ਕੇ ਤਵਾਫ਼-ਏ-ਜ਼ਿਆਰਤ ਕੀਤਾ ਜਾਂਦਾ ਹੈ। ਇਸ ਦਿਨ ਸਮਾਂ ਨਾ ਮਿਲੇ ਤਾਂ ਅਗਲੀ ਸਵੇਰ ਭਾਵ ਗਿਆਰਾਂ ਜ਼ਿਲਹਿੱਜਾ ਨੂੰ ਜਾਇਆ ਜਾ ਸਕਦਾ ਹੈ। ਤਵਾਫ਼ ਅਤੇ ਸਈ ਕਰਕੇ ਫ਼ਿਰ ਮਿਨਾ ‘ਚ ਆ ਕੇ ਦੁਪਹਿਰ ਤੋਂ ਬਾਅਦ ਤਿੰਨ ਛੋਟੇ, ਮੰਝਲੇ ਅਤੇ ਵੱਡੇ ਸ਼ੈਤਾਨਾਂ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ ਤੇ ਫ਼ਿਰ ਰਾਤ ਇਥੇ ਮਿਨਾ ‘ਚ ਹੀ ਗੁਜ਼ਾਰੀ ਜਾਂਦੀ ਹੈ। ਬਾਰ੍ਹਾਂ ਜ਼ਿਲਹਿੱਜਾ ਨੂੰ ਦੁਪਹਿਰ ਤੋਂ ਬਾਅਦ ਤਿੰਨੇ ਸ਼ੈਤਾਨਾਂ ਦੇ ਪਹਿਲੇ ਦਿਨ ਵਾਂਗ ਤਰਤੀਬਵਾਰ ਸੱਤ ਸੱਤ ਕੰਕਰੀਆਂ ਮਾਰ ਕੇ ਮੱਕਾ ਸ਼ਰੀਫ਼ ਵੱਲ ਨੂੰ ਮੋੜਾ ਪਾ ਲਿਆ ਜਾਂਦਾ ਹੈ। ਇਸ ਰਸਮ ਉਪਰੰਤ ਹੱਜ ਦਾ ਫ਼ਰਜ਼ ਪੂਰਾ ਹੋ ਜਾਂਦਾ ਹੈ।
ਮਦੀਨਾ ਸ਼ਰੀਫ਼ ਜਾਣ ਤੋਂ ਪਹਿਲਾਂ ਤਵਾਫ਼-ਏ-ਵਿਦਾ ਕੀਤਾ ਜਾਂਦਾ ਹੈ। ਬਸ ਇਹ ਖ਼ਾਨਾ-ਕਾਅਬਾ ‘ਚ ਇਸ ਸਫ਼ਰ ਦੀਆਂ ਆਖ਼ਰੀ ਪੈੜਾਂ ਹੁੰਦੀਆਂ ਹਨ, ਆਖਰੀ ਦੀਦਾਰ ਹੁੰਦਾ ਹੈ। ਇਸ ਪਿਛੋਂ ਹਾਜੀਆਂ ਨੂੰ ਮਦੀਨਾ ਸ਼ਰੀਫ਼ ਪਹੁੰਚਾ ਦਿੱਤਾ ਜਾਂਦਾ ਹੈ। ਮਦੀਨਾ ਪਹੁੰਚਦਿਆਂ ਰਸਤੇ ‘ਚ ਥਾਂ-ਥਾਂ ਹਾਜੀਆ ਨੂੰ ਤੋਹਫ਼ੇ-ਸੌਗ਼ਾਤਾਂ ਦੇ ਕੇ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਮਦੀਨੇ ਪਹੁੰਚ ਕੇ ਸਭ ਤੋਂ ਪਹਿਲਾਂ ਮਸਜਿਦ-ਏ-ਨਬਵੀ ਵਿਖੇ ਜਾਇਆ ਜਾਂਦਾ ਹੈ। ਨਮਾਜ਼ ਦਾ ਸਮਾਂ ਹੋਵੇ ਤਾਂ ਨਮਾਜ਼ ਪੜ੍ਹ ਲਈ ਜਾਂਦੀ ਹੈ ਵਰਨਾ ਸ਼ੁਕਰਾਨੇ ਵਜੋਂ ਦੋ ਨਫ਼ਲ ਪੜ੍ਹ ਲਏ ਜਾਂਦੇ ਹਨ। ਇਸ ਪਿਛੋਂ ਹਜ਼ਰਤ ਮੁਹੰਮਦ ਦੇ ਰੌਜ਼ੇ ‘ਤੇ ਜਾ ਕੇ ਦੁਆ ਅਤੇ ਸਲਾਮ ਆਖਿਆ ਜਾਂਦਾ ਹੈ, ਜੋ ਇਸ ਪ੍ਰਕਾਰ ਹੈ:
ਅੱਸਲਾਤੂ ਵੱਸਲਾਮੁ ਅਲੈਕਾ ਯਾ ਰਸੂਲ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਨਬੀ ਅੱਲਾਹ।
ਅੱਸਲਾਤੂ ਵੱਸਲਾਮੁ ਅਲੈਕਾ ਯਾ ਹਬੀਬ ਅੱਲਾਹ
(ਅਰਥਾਤ ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਰਸੂਲ ‘ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਨਬੀ ‘ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਪਿਆਰੇ ਦੋਸਤ ‘ਤੇ)
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਹੱਜ ਮੱਕਾ ਵਿਖੇ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ। ਦੁਨੀਆ ਭਰ ਦੇ ਇਸ ਵਿਸ਼ਾਲ ਇਕੱਠ ‘ਚ ਵੱਖ-ਵੱਖ ਦੇਸ਼ਾਂ ਨਾਲ ਸਬੰਧਿਤ ਲੋਕ ਹੁੰਦੇ ਹਨ। ਇਹਨਾਂ ਹਾਜੀਆ ਦੀਆਂ ਬੋਲੀਆਂ ਵੱਖਰੀਆ, ਅੰਦਾਜ਼ ਵੱਖਰੇ, ਮਿਜਾਜ਼ ਵੱਖਰੇ, ਲਿਬਾਸ ਵੱਖਰੇ, ਚਿਹਰੇ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਕੋਈ ਭੇਦ-ਭਾਵ ਮਹਿਸੂਸ ਨਹੀਂ ਹੁੰਦਾ। ਅਤੇ ਹਰ ਵਰਗ ਤੇ ਹਰ ਨਸਲ ਦੇ ਬੰਦੇ ਇੱਕ-ਦੂਜੇ ਨੂੰ ਮਿਲ ਕੇ ਆਪਸੀ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ
![]() |
ReplyForward
|
Add comment