ਸਿੱਖ ਇਤਿਹਾਸ

ਇਸਲਾਮ ਧਰਮ

ਇਸਲਾਮ ਦਾ ਇਤਿਹਾਸ

ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸਦਾ ਅਰਥ ਹੈ , (ਅੱਲਾ  ਦਾ ਬੰਦਾ )ਰੱਬ ਦੀ ਰਜ਼ਾ ਵਿੱਚ ਰਹਿਣਾ ਹੈ।  ਬੁਰਾਈ ਨੂੰ ਛੱਡਕੇ ਅੱਛਾਈ ‘ਤੇ ਚੱਲਣ ਦਾ ਨਾਂ ਇਸਲਾਮ ਹੈ। ਕਹਿੰਦੇ ਹਨ ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ ‘ਤੇ ਆਉਣ ਨਾਲ ਹੋਂਦ ਵਿਚ ਆਇਆ ਸੀ । ਹਜ਼ਰਤ ਆਦਮ (ਅਲੈ.) ਇਸਲਾਮ ਦੇ ਪਹਿਲੇ ਅਤੇ ਹਜ਼ਰਤ ਮੁਹੰਮਦ  ਆਖ਼ਰੀ ਪੈਗ਼ੰਬਰ ਕਹਿਲਾਏ।

 ਮੁਸਲਮਾਨਾਂ ਅਤੇ ਉਹਨਾਂ ਦੇ ਧਰਮ ਨੇ ਪੁਰਾਣੇ ਵਿਸ਼ਵ ਦੇ, ਖਾਸ ਕਰ ਕੇ ਇਸ ਦੇ ਜਨਮ ਅਸਥਾਨ ਮੱਧ ਪੂਰਬ ਦੇ, ਰਾਜਨੀਤਿਕ, ਆਰਥਿਕ ਅਤੇ ਫੌਜੀ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਭਾਵੇਂ ਗੈਰ-ਮੁਸਲਮਾਨ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਦਾ ਜਨਮ ਮੱਕਾ ਅਤੇ ਮਦੀਨਾ ਵਿੱਚ ਹੋਇਆ, ਪਰ ਮੁਸਲਮਾਨ ਇਸਲਾਮ ਧਰਮ ਨੂੰ ਨਬੀ ਆਦਮ ਦੇ ਵੇਲੇ ਤੋਂ ਮੌਜੂਦ ਮੰਨਦੇ ਹਨ। ਇਸਲਾਮ ਧਰਮ ਦੇ ਅਨੁਆਈਆਂ ਲਈ ਕੁਰਆਨ ਨੇ ‘ਮੁਸਲਮਾਨ’ ਸ਼ਬਦ ਦਾ ਪ੍ਰਯੋਗ ਹਜ਼ਰਤ ਇਬਰਾਹੀਮ ਲਈ ਕੀਤਾ ਹੈ ਜੋ ਲਗਭਗ 4000 ਸਾਲ ਪਹਿਲਾਂ ਇੱਕ ਮਹਾਨ ਪੈਗੰਬਰ ਹੋਏ ਹਨ । ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਨੂਹ, ਮੂਸਾ, ਯਿਸੂ, ਅਤੇ ਹੋਰ ਸਾਰੇ ਨਬੀ, ਸਾਰੇ ਇਸਲਾਮੀ ਨਬੀ ਸਨ, ਜਿਹਨਾਂ ਨੂੰ ਕੁਰਆਨ ਵਿੱਚ ਬਰਾਬਰ ਸਨਮਾਨ ਮਿਲਿਆ ਹੈ।

ਇਸਲਾਮ ਧਰਮ ਦੀ ਨੀਂਹ ਮੁੰਹਮਦ ਸਾਹਿਬ ਨੇ ਸਤਵੀ ਸਦੀ ਦੇ ਮੁਢਲੇ ਸਾਲਾਂ ਵਿਚ ਰਖੀlਇਸਲਾਮ ਧਰਮ  ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਈ ਗਈ ਅੰਤਿਮ ਰੱਬੀ ਕਿਤਾਬ (ਕੁਰਆਨ) ਦੀ ਸਿੱਖਿਆ ਉੱਤੇ ਸਥਾਪਤ ਹੈ।  ਦਨਿਆਵੀ ਤੌਰ ‘ਤੇ ਅਤੇ ਧਾਰਮਿਕ ਤੌਰ ‘ਤੇ ਇਸਲਾਮ  ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ (ਕੁਰਆਨ) ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ ਅਤੇ ਉਸੇ ਭਾਸ਼ਾ ਵਿੱਚ ਦੁਨੀਆ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲਗਭਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ ਲਗਭਗ 20 ਤੋਂ 30 ਕਰੋੜ ਹੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਕੋਈ ਹੋਰ ਹੈ।

ਮੁਸਲਮਾਨ ਇੱਕ ਹੀ ਈਸ਼ਵਰ ਨੂੰ ਮੰਨਦੇ ਹਨ, ਜਿਸਨੂੰ ਉਹ ਅੱਲਾਹ ਜਾਨ ਖੁਦਾ ਕਹਿੰਦੇ ਹਨ। ਏਕੇਸ਼ਵਰਵਾਦ ਨੂੰ ਅਰਬੀ ਵਿੱਚ “ਤੌਹੀਦ” ਕਹਿੰਦੇ ਹੈ, ਜੋ ਸ਼ਬਦ ਵਾਹਿਦ ਤੋਂ ਆਉਂਦਾ ਹੈ ਜਿਸਦਾ ਮਤਲਬ ਹੈ ਇੱਕ। ਮੁਸਲਮਾਨਾਂ ਦੇ ਅਨੁਸਾਰ ਈਸ਼ਵਰ ਅਦਵਿਤੀ ਹੈ: ਉਸਦੇ ਵਰਗਾ ਹੋਰ  ਕੋਈ ਨਹੀਂ। ਇਸਲਾਮ ਵਿੱਚ ਰੱਬ ਦੀ ਇੱਕ ਵਿਲੱਖਣ ਅਵਧਾਰਣਾ ਉੱਤੇ ਜੋਰ ਦਿੱਤਾ ਗਿਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸਦੀ ਪੂਰੀ ਕਲਪਨਾ ਮਨੁੱਖ ਦੇ ਬਸ ਵਿੱਚ ਨਹੀਂ ਹੈ।

ਹੈ ਈਸ਼ਵਰ ਇੱਕ ਅਤੇ ਅਨੁਪਮ।

ਹੈ ਈਸ਼ਵਰ ਸਨਾਤਨ, ਹਮੇਸ਼ਾ ਤੋਂ ਹਮੇਸ਼ਾ ਤੱਕ ਜੀਣ ਵਾਲਾ।
ਉਸਦੀ ਨਹੀਂ ਕੋਈ ਸੰਤਾਨ ਹੈ ਨਹੀਂ ਉਹ ਆਪ ਕਿਸੇ ਦੀ ਔਲਾਦ ਹੈ।
ਅਤੇ ਉਸ ਵਰਗਾ ਕੋਈ ਅਤੇ ਨਹੀਂ॥”
(ਕੁਰਾਨ, ਸੂਰਤ 112, ਆਇਆਤੇ 1 – 4)

  ਇਹ ਧਰਮ ਦੇ ਕਰੋੜਾ ਲੋਕ ਏਸ਼ੀਆ ,ਅਫਰੀਕਾ  ਤੇ ਯੋਰਪ ਦੇ ਕਈ ਦੇਸ਼ਾਂ ਵਿਚ ਵਸਦੇ ਹਨl  ਇਹ  ਲੋਕ ਆਪਣੇ ਰਸੂਲ ਮੁਹੰਮਦ ਸਾਹਿਬ ਦੀ ਪੂਜਾ ਨਹੀਂ ਕਰਦੇ ,ਬਲਿਕ ਉਸ ਨੂੰ ਪ੍ਰਮਾਤਮਾ ਦਾ ਰਸੂਲ ਮੰਨਦੇ ਹਨl ਮੁਸਲਮਾਨਾ ਦੇ 73 ਫਿਰਕੇ ਹਨ ਸਭ ਤੋ ਵਡਾ ਸੁੰਨੀ ਤੇ ਬਾਕੀ  ਸ਼ਿਆ ਹਨ l  72 ਫਿਰਕੇ ਦੇ 6 ਗਿਰੋਹ ਹਨ ਹਾਫ਼ਜਿਆ , ਖਾਰਜੀਆ. ਜਬਰੀਆ, ਕਦਰੀਆ, ਜਿਹੀ ਮੀਆਂ, ਮਰਜ਼ੀਆ, ਅਗੋਂ ਹਰ ਇਕ ਗਿਰੋਹ  ਵਿਚ 12-12ਫਿਰਕੇ ਹਨl  ਕੁਰਾਨ ਇਨ੍ਹਾ ਦਾ ਗਰੰਥ ਹੈ l ਸੂਰਤ-ਉਲ-ਬਕਰ ਵਿਚ ਲਿਖਿਆ ਹੈ ਕਿ ਕੁਰਾਨ ਨਿਰਸੰਦੇਹ ਦੀਨਦਾਰਾਂ ਨੂੰ ਰਾਹ ਵਿਖਾਉਣ ਵਾਲਾ ਮਹਾਂ ਗਰੰਥ ਹੈ l ਇਹ ਰੱਬੀ ਬਾਣੀ ਹੈ ਤੇ ਇਸਦਾ ਨਿਰਨਾ ਅੱਟਲ ਹੈ l  ਮੁਹੰਮਦ ਸਾਹਿਬ ਇਨ੍ਹਾ ਨੂੰ ਆਖਰੀ ਨਬੀ ਮੰਨਦੇ ਹਨ l ਉਨ੍ਹਾ ਅਨੁਸਾਰ ਉਨ੍ਹਾ ਨੂੰ ਰੱਬ ਨੇ ਪੈਗੰਬਰ ਚੁਣਿਆ ਅਤੇ ਇਨਸਾਨ ਦੀ ਰਹਿਨੁਮਾਈ ਲਈ ਘਲਿਆ ਉਹ ਰੱਬ ਦੇ ਰਸੂਲ ਹਨl  l ਇਸਲਾਮ ਦੇ ਅਨੁਸਾਰ ਰੱਬ ਨੇ ਧਰਤੀ ’ਤੇ ਮਨੁੱਖ ਦੇ ਮਾਰਗਦਰਸ਼ਨ ਲਈ ਸਮੇਂ-ਸਮੇਂ ’ਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣਾ ਦੂਤ ਬਣਾਇਆ। ਇਹ ਦੂਤ ਵੀ ਮਨੁੱਖ ਜਾਤੀ ਵਿੱਚੋਂ ਹੀ ਹੁੰਦੇ ਸਨ ਅਤੇ ਲੋਕਾਂ ਨੂੰ ਰੱਬ ਦੇ ਵੱਲ ਬੁਲਾਉਂਦੇ ਸਨ, ਇਸ ਆਦਮੀਆਂ ਨੂੰ ਇਸਲਾਮ ਵਿੱਚ ਨਬੀ ਕਹਿੰਦੇ ਹਨ। ਜਿਹਨਾਂ ਨਬੀਆਂ ਨੂੰ ਰੱਬ ਨੇ ਆਪ ਸ਼ਾਸਤਰ ਜਾਂ ਧਰਮ ਪੁਸਤਕਾਂ ਪ੍ਰਦਾਨ ਕੀਤੀਆਂ ਉਨ੍ਹਾਂ ਨੂੰ ਰਸੂਲ ਕਹਿੰਦੇ ਹਨ।

 ਜਿਵੇਂ ਕਿ ਹਰੇਕ ਧਰਮ ਕੇ ਕੁਝ ਬੁਨਿਆਦੀ ਸਿਧਾਂਤ/ਨਿਯਮ ਹੁੰਦੇ ਹਨ। ਉਸੇ ਤਰ੍ਹਾਂ ਹੀ ਇਸਲਾਮ ਧਰਮ ਦੀ ਇਮਾਰਤ ਵੀ ਪੰਜ ਥੰਮ੍ਹਾਂ ‘ਤੇ ਸਥਿਤ ਹੈ। ਹਰੇਕ ਥੰਮ੍ਹ ਦੀ ਆਪਣੀ ਥਾਂ ਹੈ। ਇਹ ਸਿਧਾਂਤ/ਨਿਯਮ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਬਣਾਉਣ  ਲਈ  ਰਾਹ ਦਸੇਰੇ ਦਾ ਕੰਮ ਕਰਦੇ ਹਨ। ਜੇਕਰ ਪੰਜਾਂ ਵਿਚੋਂ ਕਿਸੇ ਇਕ  ਥੰਮ੍ਹ ਵਿੱਚ ਵੀ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ੍ਹ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੀ ਜ਼ਿੰਦਗੀ ਦਾ ਅਨਿੱਖੜਵਾ ਅੰਗ ਬਣੇ ਰਹਿਣ ਵਾਲੇ ਇਹ ਥੰਮ੍ਹ, ਅਸੂਲ ਜਾਂ ਸਿਧਾਂਤ ਇਹ ਹਨ।

  ਤੌਹੀਦ/ਈਮਾਨ:

ਤੌਹੀਦ ਇਸਲਾਮ ਦੀ ਬੁਨਿਯਾਦ ਅਤੇ ਦਰਵਾਜ਼ਾ ਹੈ। ਤੌਹੀਦ ਦਾ ਅਰਥ ਹੈ ਕਿ ਅੱਲ੍ਹਾ ਇੱਕ ਹੈ ਅਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੇ ਰਸੂਲ ਹਨ। ਇਸ ਦੇ ਨਾਲ ਹੀ ਹਰੇਕ ਮੁਸਲਮਾਨ ਲਈ ਅੱਲ੍ਹਾ, ਫ਼ਰਿਸ਼ਤਿਆ, ਰਸੂਲ ਅਤੇ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ।

ਨਮਾਜ਼:

ਨੂੰ ਅਰਬੀ ਜ਼ੁਬਾਨ ਵਿੱਚ ਸਲਾਤ ਕਿਹਾ ਜਾਂਦਾ ਹੈ। ਸਲਾਤ ਤੋਂ ਭਾਵ ਹੈ ‘ਝੁਕਣਾ’। ਨਮਾਜ਼ ਇਕ ਖ਼ਾਸ ਇਬਾਦਤ ਹੈ। ਇਸ ਲਈ ਨਮਾਜ਼ ਦਾ ਇਸਲਾਮ ਵਿਚ ਇੰਨਾਂ ਵੱਡਾ ਦਰਜਾ ਹੈ ਕਿ ਜਿਵੇਂ ਸਰੀਰ ਵਿਚ ਸਿਰ ਦਾ। ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਿਤ ਕੀਤੇ ਗਏ ਵੱਖ-ਵੱਖ ਸਮਿਆਂ ਤੇ ਪੰਜ ਨਮਾਜ਼ਾਂ ਫ਼ਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ ਕਾਅਬੇ ਵੱਲ ਮੂੰਹ ਕਰਕੇ ਪੜ੍ਹਨੀਆਂ ਜ਼ਰੂਰੀ ਹਨ। ਕੁਰਆਨ ਸ਼ਰੀਫ਼ ਵਿੱਚ ਵੀ ਸਭ ਤੋਂ ਜ਼ਿਆਦਾ ਨਮਾਜ਼ ਬਾਰੇ ਹੁਕਮ ਆਇਆ ਹੈ।
ਰੋਜ਼ਾ: ਇਸਲਾਮ ਵਿੱਚ ਤੌਹੀਦ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਰੁਤਬਾ ਹੈ। 12 ਮਹੀਨਿਆਂ ਵਿਚੋਂ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ। ਇਸ ਮਹੀਨੇ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਕੁਝ ਵੀ ਨਾ ਖਾਣ ਪੀਣ ਅਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਂ ਰੋਜ਼ਾ ਹੈ। ਰੋਜ਼ਾ ਵੀ ਨਮਾਜ਼ ਦੀ ਤਰ੍ਹਾਂ ਹਰੇਕ ਬਾਲਿਗ਼ ਮੁਸਲਮਾਨ ਮਰਦ/ਔਰਤ ਲਈ ਜ਼ਰੂਰੀ ਹੈ। ਰੋਜ਼ਾ ਸਿਰਫ਼ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ ਸਗੋਂ ਮਨ ਦੀ ਸ਼ੁੱਧਤਾ ਵੀ ਹੈ ਜਿਵੇਂ ਅੱਖਾਂ ਦਾ ਰੋਜ਼ਾ ਕਿਸੇ ਨੂੰ ਗ਼ਲਤ ਨਿਗਾਹ ਨਾਲ ਨਹੀਂ ਦੇਖਣਾ, ਕੰਨਾਂ ਦਾ ਰੋਜ਼ਾ ਕਿਸੇ ਦੀ ਚੂਗ਼ਲੀ ਨਹੀਂ ਸੁਨਣੀ, ਜ਼ੁਬਾਨ ਦਾ ਰੋਜ਼ਾ ਕਿਸੇ ਦੀ ਬੁਰਾਈ ਨਹੀਂ ਕਰਨੀ, ਹੱਥਾਂ ਦਾ ਰੋਜ਼ਾ ਨਾਪ-ਤੋਲ ਪੂਰਾ ਕਰਨਾ ਆਦਿ।

ਜ਼ਕਾਤ:

ਦੇ ਅਰਥ ਹਨ ਦਾਨ ਦੇਣਾ ਭਾਵ ਜ਼ਰੂਰਤ ਮੰਦਾਂ ਦੀ ਸੇਵਾ ਕਰਨਾ ਹੈ। ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਨਿਯਮ/ਸਿਧਾਂਤ ਹੈ ਜਿਸ ਨਾਲ ਮਾਇਆ ਨਾਲੋਂ ਮੋਹ ਘਟਦਾ ਹੈ ਅਤੇ ਦੂਜਿਆਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਜ਼ਕਾਤ ਦਾ ਮਤਲਬ ਇਹ ਹੈ ਕਿ ਜਿਸ ਮੁਸਲਮਾਨ ਕੋਲ ਸਾਢੇ ਸੱਤ ਤੋਲੇ ਸੋਨਾ ਜਾ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸਦੇ ਬਰਾਬਰ ਕੀਮਤ ਦਾ ਕਾਰੋਬਾਰ ਦਾ ਮਾਲ ਹੋਵੇ ਉਸ ਲਈ ਜ਼ਰੂਰੀ ਹੈ ਕਿ ਉਸ ਦੀ ਪ੍ਰਚੱਲਤ ਕੀਮਤ ‘ਤੇ ਢਾਈ ਪ੍ਰਤੀਸ਼ਤ ਹਿੱਸਾ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਜ਼ਕਾਤ ਦੇਵੇ। ਕੁਰਆਨ ਮਜ਼ੀਦ ਵਿੱਚ ਵੀ ਥਾਂ-ਥਾਂ ‘ਅਕੀ ਮੁੱਸਲਾਤ ਵ ਅਤਾ ਅੱਜ਼ਕਾਤ’ ਭਾਵ ‘ਨਮਾਜ਼ ਕਾਇਮ ਕਰੋ ਅਤੇ ਜ਼ਕਾਤ ਅਦਾ ਕਰੋ’ ਦਾ ਜ਼ਿਕਰ ਆਉਂਦਾ ਹੈ।

ਹੱਜ:

ਇਸਲਾਮ ਦਾ ਪੰਜਵਾਂ ਅਤੇ  ਆਖ਼ਰੀ ਥੰਮ੍ਹ ਹੱਜ ਹੈ। ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਨਿਸ਼ਚਿਤ ਦਿਨਾਂ ‘ਚ ਨਿਰਧਾਰਤ ਨਿਯਮਾਂ ਅਨੁਸਾਰ ਆਪਣੇ ਮਾਲਕ-ਏ-ਹਕੀਕੀ ਦੇ ਦਰਬਾਰ ਮੱਕਾ ਅਤੇ ਮਦੀਨਾ ‘ਚ ਹਾਜ਼ਰ ਹੋ ਕੇ  ਇਬਾਦਤਾਂ, ਦੁਆਵਾਂ ਅਤੇ ਕਾਅਬੇ ਦਾ ਤਵਾਫ਼ (ਪਰਿਕਰਮਾ)  ਕਰਨਾl  ਹੱਜ ਰੱਬੀ ਇਸ਼ਕ ਅਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ। ਕਿਹਾ ਜਾਂਦਾ ਹੈ ਕਿ ਫ਼ਰਿਸ਼ਤਿਆਂ ਨੂੰ ਹੁਕਮ ਹੋਇਆ ਕਿ ‘ਬੈਤ-ਉਲ-ਮਾਮੂਰ’ ਦੇ ਹੇਠਾਂ ਇਬਾਦਤ ਦੇ ਲਈ ਇਕ ਘਰ ਤਿਆਰ ਕਰੋ ਤਾਂ ਕਿ ਜ਼ਮੀਨੀ ਮਖ਼ਲੂਕ ਵੀ ਤਵਾਫ਼ ਕਰੇ। ਇਸ ਤਰ੍ਹਾਂ ਖ਼ਾਨਾ-ਕਾਅਬਾ (ਚਾਰ ਕੋਨਿਆ ਦਾ ਘਰ )ਦੀ ਤਾਮੀਰ ਹੋਈ। ਕਾਅਬਾ – ਅੱਲਾਹ ਦਾ ਉਹ ਚੌਰਸ ਘਰ ਹੈ  ਜਿਸ ਦੇ ਚਾਰੋ ਕੋਨਿਆ ਦੇ ਨਾਂ ਹਨ: ਰੁਕਨ-ਏ-ਯਮਾਨੀ ਜੋ ਯਮਨ ਵੱਲ ਹੈ, ਰੁਕਨ-ਏ-ਸ਼ਾਮੀ ਜੋ ਸੀਰੀਆ ਵੱਲ ਹੈ, ਰੁਕਨ-ਏ-ਇਰਾਕੀ ਜੋ ਇਰਾਕ ਵੱਲ ਹੈ, ਮੀਜ਼ਬ-ਏ-ਰਹਿਮਤ ਜਿਧਰ ਖ਼ਾਨਾ-ਕਾਅਬਾ ਦਾ ਪਰਨਾਲਾ ਹੈ। ਡਾ. ਮੁਹੰਮਦ ਇਕਬਾਲ ਖ਼ਾਨਾ-ਕਾਅਬਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ:-

‘ਦੁਨੀਆ ਕੇ ਬੁਤਕਦੇ ਮੇਂ ਪਹਿਲਾ ਵੋਹ ਘਰ ਖ਼ੁਦਾ ਕਾ’

ਹੱਜ ਦਾ ਰੁਕਨ ਸਿਰਫ਼ ਸਮਰੱਥ ਮੁਸਲਮਾਨਾਂ ਲਈ ਜੀਵਨ ਵਿੱਚ ਇੱਕ ਵਾਰੀ ਅੱਦਾ ਕਰਨਾ  ਲਾਜ਼ਮੀ ਹੈ  , ਬਸ਼ਰਤੇ ਜੋ ਹੱਜ ਦੇ ਸਫ਼ਰ ਦਾ ਖ਼ਰਚ ਅਤੇ ਪਿਛੇ  ਘਰ ਵਾਲਿਆਂ ਦੇ ਖਰਚੇ-ਪਾਣੀ ਦਾ ਪ੍ਰਬੰਧ ਕਰ ਸਕਣ। ਜੇਕਰ ਕੋਈ ਵਿਅਕਤੀ ਜਿਸਮਾਨੀ ਤੌਰ ਤੇ ਹੱਜ ਕਰਨ ਤੋਂ ਅਸਮਰਥ ਹੈ ਪਰ ਉਸ ਦੇ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਦਾ ਹੱਜ ਕਰਵਾ ਸਕਦਾ ਹੈ। ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ (ਨਜ਼ਦੀਕੀ ਰਿਸ਼ਤੇਦਾਰ ਜਿਸ ਨਾਲ ਨਿਕਾਹ ਕਰਨਾ ਹਰਾਮ ਹੋਵੇ) ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ।ਹੱਜ ਵਿਭਿੰਨ ਦੇਸ਼ਾਂ ਦੇ ਮੁਸਲਮਾਨਾਂ ਵਿਚਕਾਰ ਆਪਸੀ ਸਾਂਝ ਦਾ ਪ੍ਰਭਾਵਸ਼ਾਲੀ ਵਸੀਲਾ ਹੈ। ਇਸਲਾਮ ਅਨੁਸਾਰ ਹੱਜ ਨੌ ਹਿਜਰੀ ਨੂੰ ਫ਼ਰਜ਼ ਹੋਇਆ। ਮੁਸਲਮਾਨ ਜ਼ਿਲਹਿੱਜਾ (ਅਰਬੀ ਕੈਲੰਡਰ ਦੇ ਬਾਰ੍ਹਵੇ ਮਹੀਨੇ) ਨੂੰ ਮੱਕੇ ਸ਼ਹਿਰ ਵਿਖੇ ਜਾ ਕੇ ਹੱਜ ਦਾ ਫ਼ਰਜ਼ ਅਦਾ ਕਰਦੇ ਹਨ। ਛੋਟੇ ਹੱਜ ਨੂੰ ਉਮਰਾ ਕਿਹਾ ਜਾਂਦਾ ਹੈ। ਉਮਰਾ ਸਾਲ ਵਿਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ, ਪਰ  ਇਹ ਹੱਜ ਦਾ ਬਦਲ ਨਹੀਂ ਹੈl

 ਹੱਜ  ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰਲੇ ਅਤੇ ਹੇਠਲੇ ਭਾਗ ਨੂੰ ਢੱਕਣ ਲਈ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ। ਇਕ ਧੋਤੀ ਵਾਂਗ ਗੱਠ ਦਿੱਤੇ ਬਗ਼ੈਰ ਪਹਿਨੀ ਜਾਂਦੀ ਹੈ ਅਤੇ ਦੂਜੀ ਚਾਦਰ ਨੂੰ ਸਿਰ ਸਮੇਤ ਉਪਰ ਲੈ ਲਿਆ ਜਾਂਦਾ ਹੈ ਜਿਸ ਨੂ ਅਹਿਰਾਮ ਕਿਹਾ ਜਾਂਦਾ ਹੈl  ਹੱਜ ਸਮੇ ਹੇਠ ਲਿਖੀਆਂ ਗੱਲਾਂ ਦੀ ਮਨਾਹੀ ਹੈ। (ੳ) ਸਿਲਿਆ ਹੋਇਆ ਕੱਪੜਾ ਪਹਿਨਣਾ। (ਅ) ਔਰਤਾਂ ਲਈ ਸਿਰ ਅਤੇ ਚਿਹਰੇ ਦਾ ਨਾ ਢਕਣਾ –  ਔਰਤਾਂ   ਸਿਰਫ਼ ਮੂੰਹ ਨੰਗਾ ਰਖ ਸਕਦੀਆਂ ਹਨ। (ੲ) ਖ਼ੁਸਬੂ ਦਾ ਇਸਤੇਮਾਲ ਕਰਨਾ। (ਸ) ਖ਼ੁਸ਼ਕੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ (ਖ) ਪਤੀ ਪਤਨੀ ਵਾਲੇ ਸਬੰਧ  ਕਰਨਾ।

 ਅਹਿਰਾਮ ਪਹਿਨਣ ਤੋਂ ਬਾਅਦ ਮਰਦ ਉੱਚੀ ਅਤੇ ਔਰਤਾਂ ਧੀਮੀ ਅਵਾਜ਼ ਵਿਚ ਤਲਬੀਆ ਪੜ੍ਹਦੇ ਪੜ੍ਹਦੇ ਮੱਕਾ ਸ਼ਰੀਫ਼ ਜਾਂਦੇ ਹਨ । ਮੱਕਾ ਸ਼ਰੀਫ਼ ਪਹੁੰਚ ਕੇ ਖ਼ਾਨਾ-ਕਾਅਬਾ ‘ਤੇ ਪਹਿਲੀ ਨਜ਼ਰ ਪੈਂਦਿਆ ਹੀ ਰੋ ਰੋ ਕੇ ਦੁਆਵਾਂ ਕੀਤੀਆ ਜਾਂਦੀਆ ਹਨ। ਦੁਆ ਤੋਂ ਬਾਅਦ ਅੱਗੇ ਵਧਕੇ ਮੁਤਾਫ਼ (ਜਿੱਥੇ ਤਵਾਫ਼ ਕੀਤਾ ਜਾਂਦਾ ਹੈ) ‘ਚ ਦਾਖ਼ਲ ਹੋਇਆ ਜਾਂਦਾ ਹੈ। ਪਵਿੱਤਰ ਖ਼ਾਨਾ-ਕਾਅਬਾ ਦੀ ਇਕ ਦੀਵਾਰ ਵਿਚ ਇੱਕ ਪੱਥਰ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ਸੰਗ-ਏ-ਅਸਵਦ ਕਿਹਾ ਜਾਂਦਾ ਹੈ। ਅਤੇ ਪੂਰਬ ਵੱਲ ਸੰਗ-ਏ-ਅਸਵਦ ਦੀ ਸੇਧ ‘ਚ ਇਕ ਪੱਟੀ ਫ਼ਰਸ਼ ਤੇ ਬਣੀ ਹੋਈ ਹੈ। ਹਾਜੀਆਂ ਵੱਲੋਂ ਇਸ ਪੱਟੀ ‘ਤੇ ਖੜ੍ਹ ਕੇ ਖ਼ਾਨਾ-ਕਾਅਬਾ ਦੇ ਸੱਤ ਚੱਕਰਾਂ ਦੀ ਨੀਯਤ ਕੀਤੀ ਜਾਂਦੀ ਹੈ, ਜਿਸ ਨੂੰ ਰਮਲ ਆਖਦੇl ਇਸ ਪਿੱਛੋਂ ਬਿਸਮਿੱਲਾਹੀ ਅੱਲਾਹੂ ਅਕਬਰ’ ਕਹਿ ਕੇ  ਤੀਸਰਾ ਕਲਮਾ ਪੜ੍ਹ ਕੇ ਤਵਾਫ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭਾਵੇਂ ਤਵਾਫ਼ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤਾ ਜਾਂਦਾ ਹੈ ਪਰ ਇੱਥੇ ਇਹ (ਪਰਿਕਰਮਾ) ਤਵਾਫ਼ ਕਰਦਿਆ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ, ਖ਼ਾਨਾ-ਕਾਅਬਾ ਵੱਲ ਰਹਿਣਾ ਜ਼ਰੂਰੀ ਹੈ।ਮੁਸਲਮਾਨਾਂ ਨੂੰ ਹਜ ਵਾਲੇ ਦਿਨ ਮਕੇ ਦੇ 7 ਚਕਰ ਕਟਣਾ , ਪਵਿਤਰ ਪਥਰ ਨੂੰ ਛੁਹਣਾ ਤੇ ਚੁੰਮਣਾ ਹੁੰਦਾ ਹੈ ਜੋ ਮਕੇ  ਦੀ ਕਾਲੇ ਰੰਗ ਦੀ ਮ੍ਸ੍ਜਿਦ ਤੇ ਲਗਿਆ ਹੋਇਆ ਹੈ l ਮਾਨਨਾ  ਹੈ  ਇਹ ਗੋਲ ਪਥਰ ਵੀ ਖੁਦਾ ਦੇ ਘਰੋਂ ਕੁਰਾਨ ਮਜੀਦ ਦੇ ਨਾਲ ਆਇਆ ਸੀ

ਤਵਾਫ਼ ਤੋਂ ਬਾਅਦ ਦੁਆ ਕੀਤੀ ਜਾਂਦੀ ਹੈ ਜਿਸ ਨੂੰ ਸਈ  ਆਖਦੇ ਹਨ । ‘ਐ ਅੱਲਾਹ! ਮੈਂ ਆਪ ਦੀ ਖ਼ੁਸ਼ੀ ਦੇ ਲਈ ਸਫ਼ਾ ਮਰਵ੍ਹਾ ਦੇ ਵਿਚਕਾਰ ਸਈ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਇਸ ਨੂੰ ਮੇਰੇ ਲਈ ਆਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ।’ ਸਫ਼ਾ ਪਹਾੜੀ ‘ਤੇ ਚੜ੍ਹ ਕੇ ਖ਼ਾਨਾ-ਕਾਅਬਾ ਵੱਲ ਨੂੰ ਮੂੰਹ ਕਰਕੇ ਉਪਰੋਕਤ ਨੀਯਤ ਕੀਤੀ ਜਾਂਦੀ ਹੈ। ਦਰੂਦ ਸ਼ਰੀਫ਼ ਪੜ੍ਹ ਕੇ ਖੜ੍ਹੇ-ਖੜ੍ਹੇ ਹੀ ਦੁਆ ਕੀਤੀ ਜਾਂਦੀ ਹੈ। ਸਫ਼ਾ ਤੋਂ ਮਰਵ੍ਹਾ ਰੱਬ ਦਾ ਜ਼ਿਕਰ ਕਰਦਿਆਂ ਚਲਿਆ ਜਾਂਦਾ ਹੈ। ਜਦੋਂ ਹਰੀਆਂ ਲਾਇਟਾਂ ਵਾਲੇ ਥਮਲੇ ਆ ਜਾਂਦੇ ਹਨ ਤਾਂ ਆਦਮੀ ਇਹਨਾਂ ਵਿਚਕਾਰ ਕੁਝ ਤੇਜ਼ੀ ਨਾਲ ਦੌੜਦੇ ਹੋਏ ਗੁਜ਼ਰਦੇ ਹਨ। ਇਹਨਾਂ ਥਮਲਿਆਂ ਵਿਚਕਾਰ ਇਹ ਦੁਆ ਪੜ੍ਹੀ ਜਾਂਦੀ ਹੈ: ‘ਐ ਅੱਲਾਹ! ਮੇਰੇ ਗੁਨਾਹਾਂ ਨੂੰ ਮੁਆਫ਼ ਫ਼ਰਮਾ, ਰਹਿਮ ਫ਼ਰਮਾ, ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫ਼ਰਮਾਉਣ ਵਾਲਾ ਹੈ। ਜ਼ਿਕਰ ਕਰਦਿਆ ਮਰਵ੍ਹਾ ਪਹਾੜੀ ‘ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹੁ ਅਕਬਰ (ਐ ਅੱਲਾਹ! ਤੂੰ ਸਭ ਤੋਂ ਵੱਡਾ ਹੈ) ਪੜ੍ਹਿਆ ਜਾਂਦਾ ਹੈ। ਚੌਥਾ ਕਲਮਾ ਅਤੇ ਦਰੂਦ ਸ਼ਰੀਫ਼ ਪੜ੍ਹ ਕੇ ਦੁਆ ਮੰਗੀ ਜਾਂਦੀ ਹੈ। ਇਸ ਤਰ੍ਹਾਂ ਮਰਵ੍ਹਾ ਤੋਂ ਸਫ਼ਾ ਵੱਲ ਚਲਿਆ ਜਾਂਦਾ ਹੈ। ਇੰਝ ਕਰਦਿਆਂ ਸੱਤਵਾਂ ਚੱਕਰ ਮਰਵ੍ਹਾ ਤੇ ਆ ਕੇ ਪੂਰਾ ਹੋ ਜਾਂਦਾ ਹੈ। ਸਈ ਪਿੱਛੋਂ ਅੱਠ ਜ਼ਿਲਹਿੱਜਾ ਨੂੰ ਸਾਰੇ ਹਾਜੀ ਮਿਨਾ ਦੇ ਖੁੱਲ੍ਹੇ-ਡੁੱਲ੍ਹੇ ਟੈਂਟਾ ਦੇ ਮੈਦਾਨ ‘ਚ ਚਲੇ ਜਾਂਦੇ ਹਨ। ਨੌ ਜ਼ਿਲਹਿੱਜਾ ਨੂੰ ਸਾਰੇ ਹਾਜੀ ਵਕੂਫ਼-ਏ-ਅਰਫ਼ਾਤ ਲਈ ਅਰਫ਼ਾਤ ਦੇ ਮੈਦਾਨ ਵਲ ਨੂੰ ਚੱਲ ਪੈਂਦੇ ਹਨਜਿੱਥੇ ਉਹ  ਫ਼ਜਰ ਦੀ ਨਮਾਜ਼ ਪੜ੍ਹਦੇ ਹਨ। ਸਮਝਿਆ ਜਾਂਦਾ ਹੈ ਕੀ ਇਥੇ ਖੜੇ ਹੋਕੇ ਹਜਰਤ ਮੁਹੰਮਦ ਨੇ ਖੁਦਾ ਨੂੰ ਇਸ ਜਗਹ ਨਮਾਜ਼ ਪੜਨ ਵਾਲਿਆਂ  ਦੇ ਗੁਨਾਹ ਨੂੰ ਬਖਸ਼ਣ ਲਈ ਬੇਨਤੀ ਕੀਤੀ ਸੀl ਇਹ ਹੱਜ ਦਾ ਖ਼ਾਸ ਦਿਨ ਹੁੰਦਾ ਹੈ।

ਦਸ ਜ਼ਿਲਹਿੱਜਾ ਨੂੰ ਮਿਨਾ ਪਹੁੰਚਦੇ ਹਨ, ਜਿਥੇ ਸ਼ੈਤਾਨ ਨੇ ਹਜਰਤ ਇਬਰਾਹਿਮ  ਨੂੰ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ  ਬਹਿਕਾਇਆ ਸੀ 1ਇਥੇ ਤਿੰਨ  ਪਿਲਰ  ਹਨ ਹਰ ਨਮਾਜ਼ੀ 21 ਠੀਕਰੀਆਂ  7-7 ਠੀਕਰੀਆਂ ਇਕ ਇਕ ਪਿਲਰ ਨੂੰ ਮਾਰਦੇ ਹਨ , ਜੋ ਕੀ ਸ਼ੈਤਾਨ ਦੇ ਪ੍ਰਤੀਕ ਹਨl ਪਹਿਲਾਂ ਵੱਡੇ ਸ਼ੈਤਾਨ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ।ਇਸ ਪਿੱਛੋਂ ਕੁਰਬਾਨੀ ਦਿੱਤੀ ਜਾਂਦੀ ਹੈ। ਵਾਲ ਕਟਵਾ ਜਾਂ ਮੁੰਨਵਾ ਲਏ ਜਾਂਦੇ ਹਨ। ਔਰਤਾਂ (ਸਿਰਫ਼ ਇੱਕ ਉਂਗਲੀ ਦੀ ਮੋਟਾਈ ਬਰਾਬਰ) ਸਿਰ ਦੇ ਕਿਸੇ ਹਿੱਸੇ ਚੋਂ ਆਪ ਜਾਂ ਕਿਸੇ ਹੋਰ ਔਰਤ ਤੋਂ ਵਾਲ ਕਟਵਾ ਲੈਂਦੀਆਂ ਹਨ। ਇਸ ਉਪਰੰਤ ਨਹਾ ਕੇ ਆਪਣੇ ਸੀਤੇ ਹੋਏ ਕੱਪੜੇ ਪਹਿਨ ਲਏ ਜਾਂਦੇ ਹਨ।

ਇਸੇ ਸ਼ਾਮ ਮੱਕਾ ਸ਼ਰੀਫ਼ ਪਹੁੰਚ ਕੇ ਤਵਾਫ਼-ਏ-ਜ਼ਿਆਰਤ ਕੀਤਾ ਜਾਂਦਾ ਹੈ। ਇਸ ਦਿਨ ਸਮਾਂ ਨਾ ਮਿਲੇ ਤਾਂ ਅਗਲੀ ਸਵੇਰ ਭਾਵ ਗਿਆਰਾਂ ਜ਼ਿਲਹਿੱਜਾ ਨੂੰ ਜਾਇਆ ਜਾ ਸਕਦਾ ਹੈ। ਤਵਾਫ਼ ਅਤੇ ਸਈ ਕਰਕੇ ਫ਼ਿਰ ਮਿਨਾ ‘ਚ ਆ ਕੇ ਦੁਪਹਿਰ ਤੋਂ ਬਾਅਦ ਤਿੰਨ ਛੋਟੇ, ਮੰਝਲੇ ਅਤੇ ਵੱਡੇ ਸ਼ੈਤਾਨਾਂ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ ਤੇ ਫ਼ਿਰ ਰਾਤ ਇਥੇ ਮਿਨਾ ‘ਚ ਹੀ ਗੁਜ਼ਾਰੀ ਜਾਂਦੀ ਹੈ। ਬਾਰ੍ਹਾਂ ਜ਼ਿਲਹਿੱਜਾ ਨੂੰ ਦੁਪਹਿਰ ਤੋਂ ਬਾਅਦ ਤਿੰਨੇ ਸ਼ੈਤਾਨਾਂ ਦੇ ਪਹਿਲੇ ਦਿਨ ਵਾਂਗ ਤਰਤੀਬਵਾਰ ਸੱਤ ਸੱਤ ਕੰਕਰੀਆਂ ਮਾਰ ਕੇ ਮੱਕਾ ਸ਼ਰੀਫ਼ ਵੱਲ ਨੂੰ ਮੋੜਾ ਪਾ ਲਿਆ ਜਾਂਦਾ ਹੈ। ਇਸ ਰਸਮ ਉਪਰੰਤ ਹੱਜ ਦਾ ਫ਼ਰਜ਼ ਪੂਰਾ ਹੋ ਜਾਂਦਾ ਹੈ।ਹੱਜ ਅਗਰ  ਸ਼ੁਕਰਵਾਰ ਨੂੰ ਪੂਰਾ ਹੋਵੇ ਤਾਂ ਇਸ ਨੂੰ ਅਕਬਰੀ ਹਜ ਕਿਹਾ ਜਾਂਦਾ ਹੈ 1

ਮਦੀਨਾ ਸ਼ਰੀਫ਼ ਜਾਣ ਤੋਂ ਪਹਿਲਾਂ ਤਵਾਫ਼-ਏ-ਵਿਦਾ ਕੀਤਾ ਜਾਂਦਾ ਹੈ। ਬਸ ਇਹ ਖ਼ਾਨਾ-ਕਾਅਬਾ ‘ਚ ਇਸ ਸਫ਼ਰ ਦੀਆਂ ਆਖ਼ਰੀ ਪੈੜਾਂ ਤੇ  ਆਖਰੀ ਦੀਦਾਰ ਹੁੰਦਾ ਹੈ। ਇਸ ਪਿਛੋਂ ਹਾਜੀਆਂ ਨੂੰ ਮਦੀਨਾ ਸ਼ਰੀਫ਼ ਪਹੁੰਚਾ ਦਿੱਤਾ ਜਾਂਦਾ ਹੈ।ਮਦੀਨੇ ਵਿਚ ਮੁਹੰਮਦ ਸਾਹਿਬ ਦਾ ਅਕਾਲ ਚਲਾਣਾ ਹੋਇਆ ਸੀ 1 ਮਦੀਨਾ ਪਹੁੰਚਦਿਆਂ ਰਸਤੇ ‘ਚ ਥਾਂ-ਥਾਂ ਹਾਜੀਆ ਨੂੰ ਤੋਹਫ਼ੇ-ਸੌਗ਼ਾਤਾਂ ਦੇ ਕੇ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਮਦੀਨੇ ਪਹੁੰਚ ਕੇ ਸਭ ਤੋਂ ਪਹਿਲਾਂ ਮਸਜਿਦ-ਏ-ਨਬਵੀ ਵਿਖੇ ਜਾਇਆ ਜਾਂਦਾ ਹੈ। ਨਮਾਜ਼ ਦਾ ਸਮਾਂ ਹੋਵੇ ਤਾਂ ਨਮਾਜ਼ ਪੜ੍ਹ ਲਈ ਜਾਂਦੀ ਹੈ ਵਰਨਾ ਸ਼ੁਕਰਾਨੇ ਵਜੋਂ ਦੋ ਨਫ਼ਲ ਪੜ੍ਹ ਲਏ ਜਾਂਦੇ ਹਨ। ਇਸ ਪਿਛੋਂ ਹਜ਼ਰਤ ਮੁਹੰਮਦ  ਦੇ ਰੌਜ਼ੇ ‘ਤੇ ਜਾ ਕੇ ਦੁਆ ਅਤੇ ਸਲਾਮ ਆਖਿਆ ਜਾਂਦਾ ਹੈ, ਜੋ ਇਸ ਪ੍ਰਕਾਰ ਹੈ:-

ਅੱਸਲਾਤੂ ਵੱਸਲਾਮੁ ਅਲੈਕਾ ਯਾ ਰਸੂਲ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਨਬੀ ਅੱਲਾਹ।
ਅੱਸਲਾਤੂ ਵੱਸਲਾਮੁ ਅਲੈਕਾ ਯਾ ਹਬੀਬ ਅੱਲਾਹ

ਮੁਸਲਮਾਨਾਂ ਦਾ  ਹੱਜ ਮੱਕਾ ਵਿਖੇ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ। ਜਿਸ ਵਿੱਚ ਦੁਨੀਆ ਭਰ ਤੋਂ  ਵੱਖ-ਵੱਖ ਦੇਸ਼ਾਂ ਨਾਲ ਸਬੰਧਿਤ ਲੋਕ ਆਉਂਦੇ  ਹਨ। ਇਹਨਾਂ ਹਾਜੀਆ ਦੀਆਂ ਬੋਲੀਆਂ ਵੱਖਰੀਆ, ਅੰਦਾਜ਼ ਵੱਖਰੇ, ਮਿਜਾਜ਼ ਵੱਖਰੇ, ਲਿਬਾਸ ਵੱਖਰੇ, ਚਿਹਰੇ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਵੀ  ਕੋਈ ਆਪਸੀ ਭੇਦ-ਭਾਵ ਨਹੀਂ ਹੁੰਦਾ। ਅਤੇ ਹਰ ਵਰਗ, ਹਰ ਨਸਲ ਦੇ ਬੰਦੇ ਇੱਕ-ਦੂਜੇ ਨੂੰ ਮਿਲ ਕੇ ਆਪਸੀ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ।

               ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹ

Nirmal Anand

Add comment

Translate »