ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ -ਭਾਗ ਛੇਵਾਂ

ਇਥੋਂ ਚਲਣ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਦਿੱਲੀ ਭੇਜ ਦਿਤਾ। ਆਪ ਸਰਸਾ-ਨਾਹਰ -ਢਾਡਰਾ-ਪੁਸ਼ਕਰ ਤੋ ਹੁੰਦੇ ਦਾਦੂ ਦਵਾਰੇ ਪਹੁੰਚੇ ਜਿਥੇ ਕੁਝ ਦਿਨ ਠਹਿਰਕੇ ਕੁਲੇਛ ਪੁਜੇ ਜਿਥੇ ਭਾਈ ਦਾਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਔਰੰਜ਼ੇਬ ਨੂੰ ਚਿਠੀ ਦੇਕੇ ਆਓਣਾ ਸੀ। 12 ਦਿਨ ਇਥੇ ਠਹਿਰੇ ਫਿਰ ਭਾਖੋਰ ਪਹੁੰਚੇ ਜਿਥੇ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ।

ਔਰੰਗਜ਼ੇਬ ਦੇ ਮਰਨ ਤੋਂ ਬਾਦ, ਉਸਦੇ ਚਾਰ ਪੁਤਰਾਂ ਦਾ ਤਖਤ ਲਈ ਝਗੜਾ ਚਲ ਰਿਹਾ ਸੀ ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਆਲਮ ਸ਼ਾਹ ਤੇ ਕਾਮ ਬਕਸ਼। ਜਦ ਆਪਸੀ ਜੰਗ ਵਕਤ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋ ਸਹਾਇਤਾ ਮੰਗੀ ਤਾਂ ਗੁਰੂ ਸਾਹਿਬ ਨੇ ਇਨਕਾਰ ਨਹੀਂ ਕੀਤਾ ਜਿਸਦੇ ਕਈ ਕਾਰਨ ਸਨ। ਪਹਿਲਾ ਉਸਦੀ ਸ਼ਖਸ਼ੀਅਤ, ਬਹਾਦਰ ਸ਼ਾਹ ਆਪਣੇ ਪਿਤਾ ਤੇ ਭਰਾਵਾਂ ਤੋ ਬਿਲਕੁਲ ਅਲਗ ਖੁਲੇ ਦਿਮਾਗ ਤੇ ਨੇਕ ਦਿਲ ਇਨਸਾਨ ਸੀ। ਦੂਸਰਾ ਜਦੋਂ ਔਰੰਗਜ਼ੇਬ ਨੇ ਆਪਣੇ ਵਕਤ ਵਿਚ ਬਹਾਦਰ ਸ਼ਾਹ ਦੀ ਕਮਾਨ ਹੇਠ ਗੁਰੂ ਸਾਹਿਬ ਨੂੰ ਸੋਧਣ ਲਈ ਭੇਜਿਆ ਸੀ ਤਾਂ ਉਸਨੇ ਗੁਰੂ ਸਾਹਿਬ ਦੀ ਧਾਰਮਿਕ ਵਡਿਆਈ ਦਾ ਸਤਕਾਰ ਕਰਦੇ ਹੋਏ ਗੁਰੂ ਸਾਹਿਬ ਨਾਲ ਕੋਈ ਪੰਗਾ ਨਹੀਂ ਸੀ ਲਿਆ। ਤੀਸਰਾ ਦਰ ਆਏ ਸਵਾਲੀ ਨੂੰ ਖਾਲੀ ਨਾ ਤੋਰਨਾ ਸਿਖੀ ਦਾ ਮੁਢਲਾ ਅਸੂਲ ਹੈ। ਪਰ ਇਕ ਸ਼ਰਤ ਰਖੀ ਕਿ ਬਾਦਸ਼ਾਹ ਬਣਨ ਤੋਂ ਬਾਅਦ ਓਹ ਗੁਨਾਹਗਾਰਾਂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰੇਗਾ, ਪਰਜਾ ਤੇ ਜੁਲਮ ਨਹੀ ਕਰੇਗਾ ਤੇ ਉਸਦਾ ਰਾਜ ਜਨਤਾ ਦੇ ਹਿਤ ਲਈ ਹੋਵੇਗਾ। ਗੁਰੂ ਸਾਹਿਬ ਨੇ ਭਾਈ ਧਰਮ ਸਿੰਘ ਦੀ ਕਮਾਨ ਹੇਠ ਫੌਜੀ ਜਥਾ ਭੇਜਿਆ। ਜਾਜੂ ਦੇ ਮਕਾਮ ਤੇ ਦੋਨੋ ਭਰਾਵਾਂ ਦਾ ਜੰਗ ਹੋਇਆ, ਤਾਰਾ ਆਜਮ ਮਾਰਿਆ ਗਿਆ ਤੇ ਬਹਾਦਰ ਸ਼ਾਹ ਬਾਦਸ਼ਾਹ ਬਣ ਗਿਆ।

ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਇਸ ਖੁਸ਼ੀ ਵਿਚ ਸ਼ਾਮਿਲ ਕਰਨ ਲਈ ਆਗਰੇ ਆ ਮਿਲਿਆ। ਆਗਰੇ ਤੋਂ ਬਾਅਦ ਓਹ ਬਹਾਦਰ ਸ਼ਾਹ ਦੇ ਅਗਲੇ ਕਦਮ ਦੀ ਯੋਜਨਾਬੰਧ ਕਰਨ ਲਈ ਬਹਾਦਰ ਸ਼ਾਹ ਨਾਲ ਦਿੱਲੀ ਆਏ, ਜਿਥੇ ਉਨ੍ਹਾ ਨੇ ਸੀਸ ਗੰਜ ਤੇ ਰਕਾਬ ਗੰਜ, ਗੁਰੂ ਸਹਿਬ ਦੀਆਂ ਯਾਦਗਾਰਾਂ ਬਣਵਾਈਆਂ। ਬਹਾਦਰ ਸ਼ਾਹ ਨੇ ਸੂਬਾ ਸਰਹੰਦ ਨੂੰ ਸਜਾ ਦੇਣ ਦਾ ਭਰੋਸਾ ਦਿਵਾਇਆ ਪਰ ਅਚਾਨਕ ਉਸਨੂੰ ਮਰਹਟਿਆ ਦੀ ਬਗਾਵਤ ਦਬਾਣ ਵਾਸਤੇ ਦਖਣ ਜਾਣਾ ਪਿਆ ਉਸਨੇ ਗੁਰੂ ਸਾਹਿਬ ਨੂੰ ਵੀ ਨਾਲ ਚਲਣ ਨੂੰ ਕਿਹਾ। ਕਿਓਂਕਿ ਗੁਰੂ ਸਾਹਿਬ ਦੀਆਂ ਸ਼ਰਤਾ ਬਾਰੇ ਵਾਰਤਾਲਾਪ ਅਜੇ ਪੂਰਾ ਨਹੀਂ ਸੀ ਹੋਇਆ ਸੋ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੇ ਨਾਲ ਜਾਣ ਦੀ ਤਜਵੀਜ਼ ਮੰਨ ਲਈ। ਇਹ ਦੋਨੋ ਕਾਫਲੇ ਜਦੋਂ ਨਰਬਦਾ ਨਦੀ ਟਪਕੇ ਦਖਣ ਵਿਚ ਦਾਖਲ ਹੋਏ, ਗੋਦਾਵਰੀ ਦੇ ਕੰਢੇ ਨਦੇੜ ਪਹੁੰਚੇ ਤਾਂ ਬਹਾਦਰ ਸ਼ਾਹ ਦੇ ਵਤੀਰੇ ਤੋਂ ਗੁਰੂ ਸਾਹਿਬ ਜਾਣ ਗਏ ਕਿ ਇਹ ਵਜੀਰ ਖਾਨ ਵਰਗੇ ਸ਼ਕਤੀਸ਼ਾਲੀ ਸੂਬੇ ਦੇ ਵਿਰੁਧ ਕੋਈ ਕਾਰਵਾਈ ਨਹੀਂ ਕਰੇਗਾ। ਉਹ ਔਰੰਗਜ਼ੇਬ ਦੇ ਕੀਤੇ ਜੁਲਮਾਂ ਦੇ ਖਿਲਾਫ਼ ਵੀ ਖੁਲ ਕੇ ਬੋਲਣ ਵਿਚ ਸੰਕੋਚ ਕਰਦਾ ਸੀ। ਸੋ ਗੁਰੂ ਸਾਹਿਬ ਨੇ ਇਥੋਂ ਹੀ ਉਸਦਾ ਸਾਥ ਛੋੜਨਾ ਮੁਨਾਸਿਬ ਸਮਝਿਆ।

ਮਾਤਾ ਸਾਹਿਬ ਕੌਰ ਨੇ ਦਖਣ ਗੁਰੂ ਸਾਹਿਬ ਦੇ ਨਾਲ ਜਾਣ ਦੀ ਇਛਾ ਪਰਗਟ ਕੀਤੀ। ਆਪ ਜਨਵਰੀ 1708 ਦੇ ਆਸ ਪਾਸ, ਨਾਦੇੜ ਪਹੁੰਚੇ। ਨਦੇੜ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਨਦੇੜ ਦੀਆਂ ਸੰਗਤਾ ਵਿਚੋਂ ਕਿਸੇ ਸਿਖ ਨੇ ਉਨ੍ਹਾ ਨੂੰ ਬੰਦਾ ਬਹਾਦੁਰ ਬਾਰੇ ਦਸਿਆ ਜੋ ਆਪਣੇ ਗੁਰੂ ਜੋਗੀ ਅਓਖੜ ਨਾਥ ਦੀ ਮੋਤ ਤੋ ਬਾਦ ਭ੍ਰਮਣ ਕਰਦਾ ਕਰਦਾ ਨਦੇੜ ਆ ਪੁਜਾ ਹੈ। ਉਸਨੇ ਆਪਣੇ ਕਰਿਸ਼ਮੇ ਦਿਖਾਣ ਲਈ ਰਾਵੀ ਦੇ ਕੰਢੇ ਤੇ ਡੇਰਾ ਲਗਾ ਲਿਆ। ਉਸ ਦੀਆਂ ਰਿਧਿਆ ਸਿਧੀਆਂ ਬਾਰੇ ਦਸਿਆ ਜਿਸ ਨਾਲ ਓਹ ਸੰਤਾਂ, ਮਹਾਤਮਾ, ਪੀਰਾਂ, ਫਕੀਰਾਂ ਦੇ ਤਖਤ ਉਲਟਾ ਕੇ ਉਨਾਂ ਨੂੰ ਤੰਗ ਕਰਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸਦਿਆਂ ਕਿਹਾ, ” ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਹੀ ਬੰਦਾ ਚਾਹੀਦਾ ਹੈ।

ਕੁਝ ਦਿਨਾ ਪਿਛੋਂ ਸਿਖਾਂ ਸਮੇਤ ਵੈਰਾਗੀ ਦੇ ਡੇਰਾ ਤੇ ਜਾ ਪਹੁੰਚੇ, ਉਸ ਵਕਤ ਵੈਰਾਗੀ ਉਥੇ ਨਹੀਂ ਸੀ। ਗੁਰੂ ਸਾਹਿਬ ਉਸਦੇ ਤਖਤ ਤੇ ਜਾ ਬੈਠੇ ਜਦ ਵੈਰਾਗੀ ਵਾਪਸ ਆਇਆ ਤਾਂ ਉਸ ਨੂੰ ਗੁਰੂ ਸਾਹਿਬ ਦਾ ਆਪਣੇ ਤਖਤ ਉਪਰ ਬੈਠਣ ਤੇ ਬਹੁਤ ਗੁਸਾ ਆਇਆ। ਹੰਕਾਰੀ ਸੀ ਆਪਣੀਆਂ ਸ਼ਕਤੀਆਂ ਨਾਲ ਤਖਤ ਉਲਟਾਓਣ ਦੀ ਕੋਸ਼ਿਸ਼ ਕਰਨ ਲਗਾ। ਜਦ ਕੁਝ ਨਾ ਬਣਿਆ ਤਾ ਸਮਝ ਗਿਆ ਕੀ ਇਹ ਕੋਈ ਰੂਹਾਨੀ ਸ਼ਕਤੀ ਹੈ, ਚਰਨਾ ਤੇ ਢਹਿ ਪਿਆ ਤੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਕੋਲ ਰਹਿੰਦਿਆ ਜਦੋ ਗੁਰੂ ਸਾਹਿਬ ਦਾ ਘਾਲਣਾ ਭਰਿਆ ਜੀਵਨ ਦਾ ਹਾਲ ਸੁਣਿਆ ਤਾਂ ਹ਼ਰ ਜੁਲਮ ਦਾ ਬਦਲਾ ਲੈਣ ਲਈ ਉਸਦਾ ਅੰਗ ਅੰਗ ਫੜਕ ਉਠਿਆ ਵੇਰੀਆਂ ਨੂੰ ਸੋਧਣ ਲਈ ਗੁਰੂ ਸਾਹਿਬ ਤੋ ਸੇਵਾ ਮੰਗੀ। ਗੁਰੂ ਸਾਹਿਬ ਉਸਦੀ ਸ਼ਰਧਾ ਤੇ ਖੁਸ਼ ਹੋਏ। ਉਸ ਨੂੰ ਅਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਬਖਸ਼ਿਆ, ਪੰਜ ਤੀਰ, ਨਿਸ਼ਾਨ ਸਾਹਿਬ, ਸੰਗਤਾ ਦੇ ਨਾਮ ਹੁਕਮਨਾਮੇ ਤੇ ਵੀਹ ਕੁ ਸਿਖ ਦੇਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵਲ ਨੂੰ ਤੋਰ ਦਿਤਾ।

ਓਧਰ ਵਜ਼ੀਰ ਖਾਨ ਨੂੰ ਬਹਾਦਰ ਸ਼ਾਹ ਦਾ ਗੁਰੂ ਸਾਹਿਬ ਨਾਲ ਵਧਦਾ ਮੇਲ ਮਿਲਾਪ ਅਖਰ ਰਿਹਾ ਸੀ ਉਸਨੂੰ ਆਪਣੀ ਖੈਰ ਨਜਰ ਨਹੀ ਸੀ ਆ ਰਹੀ ਪਰ ਉਸਨੂੰ ਇਹ ਪਤਾ ਨਹੀਂ ਸੀ ਕੀ ਉਸ ਨੂੰ ਬਰਬਾਦ ਕਰਨ ਵਾਸਤੇ ਬਹਾਦਰ ਸ਼ਾਹ ਨਹੀਂ ਬਲਿਕ ਬੰਦਾ ਬਹਾਦਰ, ਗੁਰੂ ਸਾਹਿਬ ਦਾ ਆਪਣਾ ਸਿੰਘ ਚਲ ਚੁਕਾ ਹੈ। ਓਹ ਗੁਰੂ ਸਾਹਿਬ ਨੂੰ ਕਤਲ ਕਰਵਾਣ ਦੇ ਢੰਗ ਸੋਚਣ ਲਗਾ। ਦੋ ਬੰਦੇ ਉਸਨੇ ਗੁਰੂ ਸਾਹਿਬ ਦੇ ਆਗਰੇ ਤੋਂ ਪਿਛੇ ਲਗਾ ਦਿਤੇ ਜੋ ਸਿੰਘਾਂ ਨਾਲ ਖੂਬ ਰਚ ਮਿਚ ਗਏ ਤੇ ਮੋਕੇ ਦੀ ਤਲਾਸ਼ ਕਰਨ ਲਗੇ। ਜਦ ਗੁਰੂ ਸਾਹਿਬ ਨੇ ਨਦੇੜ ਡੇਰਾ ਲਗਾਇਆ ਤਾਂ ਮੋਕੇ ਦੇਖਕੇ ਛੁਰੇ ਨਾਲ ਵਾਰ ਕਰ ਦਿਤਾ। ਦੋਨੋ ਪਠਾਣਾ ਨੂੰ ਤਾਂ ਮਾਰ ਦਿਤਾ ਗਿਆ ਪਰ ਗੁਰੂ ਸਾਹਿਬ ਜਖਮੀ ਹੋ ਗਏ। ਬਹਾਦਰ ਸ਼ਾਹ ਨੇ ਅੰਗਰੇਜ਼ ਡਾਕਟਰ ਕੋਲੋਂ ਗੁਰੂ ਸਾਹਿਬ ਦਾ ਇਲਾਜ ਕਰਵਾਇਆ। ਜਦ ਜਖਮ ਠੀਕ ਹੋਣ ਤੇ ਆਏ ਤਾਂ ਗੁਰੂ ਸਾਹਿਬ ਦੇ ਤੀਰ ਚਲਾਣ ਦੀ ਇਛਾ ਨੇ ਮੁੜਕੇ ਖੋਲ ਦਿਤੇ।

ਗੁਰਗਦੀ

ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ, ਪੰਜ ਪੈਸੇ ਤੇ ਨਾਰੀਅਲ ਮੰਗਵਾਇਆ। ਆਖਿਰੀ ਦੀਵਾਨ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਸੋੰਪ ਦਿਤੀ। ਸ਼ਬਦ ਉਚਾਰਿਆ,

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ।।

ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨ੍ਹਾ ਦਾ ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ।

ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ

ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ। ਕਿਹਾ ਬਾਣੀ ਸਾਡਾ ਹਿਰਦਾ ਹੈ, ਜਿਸਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ। ਜਿਸਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ। ਸਿਖਾਂ ਨੇ ਕਿਹਾ ਕੀ ਅਗਰ ਕਿਤੇ ਪੰਜ ਪਿਆਰੇ ਨਾ ਹੋਣ ਤਾਂ ? ਤਾਂ ਗੁਰੂ ਸਾਹਿਬ ਨੇ ਕਿਹਾ ਕਿਸੇ ਇਕ ਸਿਖ ਦੇ ਦਰਸ਼ਨ ਕਰ ਲਵੇ। ਤਾਂ ਸਿਖਾਂ ਨੇ ਪੁਛਿਆ ਕਿ ਜੇਕਰ ਕਿਤੇ ਇਕ ਸਿਖ ਵੀ ਨਾ ਹੋਵੇ ਤੇ ਫਿਰ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਆਪ ਹੀ ਸਿੰਘ ਸਜ ਕੇ ਸ਼ੀਸ਼ੇ ਨੂੰ ਵੇਖ ਲੈਣਾ।

ਇਸਤੋਂ ਇਕ ਮਸਕੀਨ ਜੀ ਨਾਲ ਵਾਪਰੀ ਘਟਨਾ ਚੇਤੇ ਆ ਗਈ ਹੈ। ਇਕ ਵਾਰੀ ਮਸਕੀਨ ਜੀ ਬਗਦਾਦ ਜਿਥੇ ਗੁਰੂ ਨਾਨਕ ਸਾਹਿਬ ਨੇ ਪੀਰ ਦਸਤਗੀਰ ਨੂੰ ਉਪਦੇਸ਼ ਦਿਤਾ ਸੀ, ਸਤ ਦਿਨ ਰਹਿ ਕੇ ਵਾਪਸ ਆ ਰਹੇ ਸੀ। ਓਹ ਦਸਦੇ ਹਨ, ਇਕ ਛੋਟਾ ਜਿਹਾ ਕਸਬਾ ਰਸਤੇ ਵਿਚ ਆਇਆ, ਜਦ ਅਸੀਂ ਥੋੜਾ ਰੁਕੇ ਤਾਂ ਇਕ ਬਿਰਧ, ਲੰਬੀ ਸਫੈਦ ਦਾੜੀ, ਭਜਿਆ ਮੇਰੇ ਵਲ ਆਇਆ ਤੇ ਆਦਿਆਂ ਹੀ ਮੇਰੇ ਕਦਮਾਂ ਤੇ ਸਿਰ ਰਖ ਦਿਤਾ। ਮੈ ਕਿਹਾ ਕੀ ਤੁਸੀਂ ਮੇਰੇ ਬਾਪ ਦੀ ਉਮਰ ਦੇ ਲਗਦੇ ਹੋ, ਬਜੁਰਗ ਹੋ, ਵਡੇ ਹੋ, ਖੁਲਾ ਦਾੜਾ, ਗੁਰੂ ਦੀ ਮੂਰਤ ਪਏ ਦਿਸਦੇ ਹੋ , ਫਿਰ ਤੁਸੀਂ ਮੈਨੂੰ ਮਥਾ ਕਿਓ ਟੇਕਿਆ ਹੈ ? ਓਹ ਆਖਣ ਲਗਾ 20 ਸਾਲ ਹੋ ਗਏ ਹਨ, ਕਿਸੇ ਸਿਖ ਨੂੰ ਨਹੀ ਵੇਖਿਆ, ਅਜ ਸਿਖ ਦੇ ਦਰਸ਼ਨ ਹੋਏ ਤੇ ਮਨ ਭਰ ਆਇਆ ਹੈ। ਮਸਕੀਨ ਜੀ ਨੇ ਕਿਹਾ, ” ਕੀ ਤੇਰੇ ਕਦਮਾਂ ਤੇ ਫਿਰ ਮੈਂ ਮਥਾ ਟੇਕਦਾ ਹਾਂ। ਵੀਹ ਸਾਲ ਤੋ ਤੂੰ ਕੋਈ ਸਿਖ ਨਹੀ ਵੇਖਿਆ ਤੇ ਫਿਰ ਵੀ ਸਿਖੀ ਨੂੰ ਸੰਭਾਲ ਕੇ ਰਖਿਆ ਹੈ, ਮੈ ਹਰ ਰੋਜ਼ ਸਿਖਾਂ ਨੂੰ ਵੇਖਦਾ ਹਾਂ, ਸਿਖ ਸਿਖਾਂ ਵਿਚ ਰਹਿ ਕੇ, ਗੁਰਦਵਾਰਿਆ ਵਿਚ ਜਾਕੇ ਵੀ ਸਿਖੀ ਗਵਾ ਬੈਠੇ ਹਨ।

ਪਰ ਸਿਖਾਂ ਨੂੰ ਗੁਰੂ ਸਾਹਿਬ ਦੀ ਇਸ ਹਿਦਾਇਤ ਤੇ ਤਸਲੀ ਨਹੀ ਹੋਈ। ਓਹ ਬਹੁਤ ਉਦਾਸ ਹੋ ਗਏ ਤੇ ਕਹਿਣ ਲਗੇ , ” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੀ ਫੌਜ਼ ਨਾਲ ਲੜ ਜਾਂਦੇ ਹਾਂ, ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ, ਮੁਕਤਸਰ ਤੇ ਚਮਕੋਰ ਦਾ ਹਵਾਲਾ ਦਿਤਾ। ਤੁਹਾਡੇ ਜਾਣ ਤੋ ਬਾਦ ਸਾਡਾ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ, ਮੈਂ। 4 ਜੰਗ ਜਿਤੇ ਹਨ, ਬਹੁਤ ਕੁਝ ਕਹਿੰਦੇ ਹਨ ਪਰ ਲੋਕਾਂ ਨੂੰ ਇਹ ਨਹੀ ਪਤਾ ਕਿ,

ਜੁਧ ਜਿਤੇ ਇਨ ਹੀ ਕੇ ਪ੍ਰਸਾਦਿ

ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ

ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ

ਇਨਹਿ ਕਿਰਪਾ ਫੁਨ ਧਾਮ ਭਰੇ

ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ

ਇਨਹਿ ਕੀ ਕਿਰਪਾ ਸਭ ਸ਼ਤੂ ਮਰੇ

ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ

ਨਹੀਂ ਮੋ ਸੋ ਗਰੀਬ ਕਰੋਰ ਪਰੇ।।

ਆਪਣੇ ਅੰਤਲੇ ਸਮੇ ਤਕ ਆਪਣੇ ਖਾਲਸੇ ਨੂੰ ਮਾਣ ਬਖਸ਼ਿਆ ਹੈ। ਆਪਣੀਆਂ ਸਾਰੀਆਂ, ਜਿਤਾ ਆਪਣੀਆਂ ਸਾਰੀਆਂ ਕਾਮਯਾਬੀਆਂ, ਆਪਣੇ ਸਾਰੇ ਗੁਣ ਖਾਲਸੇ ਦੇ ਨਾਮ ਕਰ ਦਿਤੇ , ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋ ਇਕ ਗਰੀਬ ਕਿਹਾ।

ਪਰ ਗੁਰੂ ਸਾਹਿਬ ਦੀਆਂ ਇਹ ਤਸ੍ਲੀਆਂ ਵੀ ਸਿਖਾਂ ਨੂੰ ਹੋਂਸਲਾ ਨਾ ਦੇ ਸਕੀਆਂ। ਗੁਰੂ ਸਾਹਿਬ ਨਾਲੋ ਵਿਛੜਨਾ ਉਨ੍ਹਾ ਲਈ ਅਸਿਹ ਸੀ ਪਰ ਕੋਈ ਚਾਰਾ ਨਹੀਂ ਸੀ। ਰੁਕਸਤ ਹੋਣ ਲਗਿਆਂ ਉਨ੍ਹਾ ਨੇ ਸਿਖਾਂ ਨੂੰ ਹਿਤਾਇਤ ਕੀਤੀ, ਕੋਈ ਉਨ੍ਹਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ, ਸਤਕਾਰ ਵਜੋਂ ਉਨ੍ਹਾ ਦੀ ਯਾਦਗਾਰ ਨਾ ਉਸਾਰੇ ਤੇ ਇਹ ਵੀ ਕਿਹਾ ਕੀ ਜੋ ਉਨ੍ਹਾ ਨੂੰ ਪ੍ਰਮੇਸ਼ਰ ਜਾਣ ਕੇ ਉਨ੍ਹਾ ਦੀ ਪੂਜਾ ਕਰੇਗਾ ਘੋਰ ਨਰਕ ਨੂੰ ਜਾਏਗਾ।

ਜੋ ਹਮ ਕੋ ਪਰਮੇਸੁਰ ਉਚਰਿ ਹੈ

ਤੋਂ ਸਭ ਨਰਕਿ ਕੁੰਡ ਮਹਿ ਪਰਿਹੈ

ਮੋ ਕੋ ਦਾਸੁ ਤਵਨ ਕਾ ਜਾਨੋ

ਯਾ ਮੈ ਭੇਦੁ ਨ ਰੰਚ ਪਛਾਨੋ

ਮੈ ਹੋ ਪਰਮ ਪੁਰਖ ਕੋ ਦਾਸਾ

ਦੇਖਨਿ ਆਯੋ ਜਗਤ ਤਮਾਸਾ

ਕੜਾਹ ਪ੍ਰਸ਼ਾਦ ਕੀਤਾ ਗਿਆ , ਦੇਗ ਵਰਤਾਈ ਤੇ ਸੰਗਤਾ ਨੂੰ ਕਿਹਾ, ” ਸਾਡਾ ਵਕ਼ਤ ਆ ਗਿਆ ਹੈ ਅਕਾਲ ਪੁਰਖ ਕੋਲ ਜਾਣ ਦਾ। ਸਾਡਾ ਅੰਗੀਠਾ ਤਿਆਰ ਕਰੋ। 17 ਅਕਤੂਬਰ 1708 ਵਿਚ ਗੁਰੂ ਸਾਹਿਬ ” ਜੋਤੀ ਜੋਤ ਰਲੀ ਸੰਪੂਰਣ ਥਿਆ ਰਾਮ ” ਦੇ ਹੁਕਮ ਅਨੁਸਾਰ ਗੁਰੂ ਸਾਹਿਬ ਅਲੋਪ ਹੋ ਗਏ। ਇਸ ਵਕ਼ਤ ਗੁਰੂ ਸਾਹਿਬ ਕੋਲ ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਇਲਾਵਾ 300 ਘੋੜ ਸਵਾਰ ਸਨ। ਜੋਤੀ ਜੋਤ ਸਮਾਣ ਤੋਂ ਪਹਿਲਾ ਭਾਈ ਮਨੀ ਸਿੰਘ ਨਾਲ ਮਾਤਾ ਸਾਹਿਬ ਕੌਰ ਨੂੰ ਭੇਜ ਦਿਤਾ ਕੁਝ ਘੋੜ ਸਵਾਰ, ਬੰਦਾ ਬਹਾਦਰ ਨਾਲ ਚਲੇ ਗਏ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਤੇ ਕੁਝ ਸਿੰਘ ਜੋ ਉਨਾਂ ਕੋਲ ਸੀ ਸਸਕਾਰ ਤੋ ਬਾਦ ਵਾਪਿਸ ਪੰਜਾਬ ਚਲੇ ਗਏ।

ਸਾਰੀਆਂ ਸੰਗਤਾ ਨੂੰ ਕਿਹਾ ਕੀ ਮੇਰੇ ਸਸਕਾਰ ਵਕ਼ਤ ਮੇਰੇ ਵਲ ਮੂੰਹ ਨਹੀ ਕਰਨਾ ਬਲਿਕ ਪਿਠ ਕਰਕੇ ਖੜੇ ਹੋਣਾ ਹੈ। ਓਹ ਚਿਖਾ ਤੇ ਬੇਠੇ ਜੋ ਸਭ ਤਰਫੋਂ ਤੰਬੂ ਨਾਲ ਢਕੀ ਹੋਈ ਸੀ। ਕੋਈ ਪਤਾ ਨਹੀ ਕਿਸੇ ਸਿੰਘ ਨੇ ਅਗਨੀ ਦਿਤੀ ਹੋਵੇ। ਘੋੜਾ ਵੀ ਉਥੋਂ ਗਾਇਬ ਸੀ। ਸਿੰਘਾਂ ਨੂੰ ਵਿਸ਼ਵਾਸ ਨਹੀ ਹੋਇਆ ਕਿ ਓਹ ਜੋਤੀ ਜੋਤ ਸਮਾ ਗਏ ਹਨ। ਕਈ ਸਾਲਾਂ ਤਕ ਓਹ ਗੁਰੂ ਸਾਹਿਬ ਦੀ ਇੰਤਜ਼ਾਰ ਕਰਦੇ ਰਹੇ ਉਨ੍ਹਾ ਦਾ ਰਾਹ ਦੇਖਦੇ ਰਹੇ। ਇਸ ਤਰਾਂ ਗੁਰਿਆਈ ਗੁਰੂ ਗੋਬਿੰਦ ਸਿੰਘ ਤੋਂ ਗੁਰੂ ਗਰੰਥ ਤੇ ਗੁਰੂ ਪੰਥ ਵਿਚ ਪਰੀਵਰਤਤ ਹੋ ਗਈ।

ਕਹਿੰਦੇ ਹਨ ਦੋ ਸਿੰਘਾਂ ਨੇ ਓਨ੍ਹਾ ਨੂੰ ਘੋੜੇ ਤੇ ਸਵਾਰ ਹੋਕੇ ਜਾਂਦਿਆ ਦੇਖਿਆ। ਕਈ ਕਹਿੰਦੇ ਹਨ ਕੀ ਓਨ੍ਹਾ ਨੇ ਸਿਤਾਰਾ ਫੋਰਟ ਪੂਨਾ ਬਾਲਾ ਰਾਇ ਰੁਸਤਮ ਨੂੰ ਬਚਾਇਆ। ਓਹ ਇਕ ਸਾਧੂ ਨੂੰ ਵੀ ਮਿਲੇ ਤੇ ਆਪਣੇ ਸਿਖਾਂ ਨੂੰ ਸਨੇਹਾ ਭੇਜਿਆ ਕੀ ਉਨ੍ਹਾ ਦੀ ਮੋਤ ਦਾ ਕੋਈ ਦੁਖ ਨਾ ਕਰੇ। ਜਦੋਂ ਗੁਰੂ ਸਾਹਿਬ ਘੋੜੇ ਤੇ ਚੜ ਕੇ ਚਿਖਾ ਵਿਚ ਦਾਖਲ ਹੋਏ ਤਾਂ ਉਨ੍ਹਾ ਦੇ ਮੁਖ ਤੇ ਇਤਨਾ ਤੇਜ ਸੀ ਕਿ ਝਾਲ ਨਹੀਂ ਸੀ ਝਲੀ ਜਾ ਰਹੀ। ਅਕਾਲ ਪੁਰਖ ਹੀ ਜਾਣਦਾ ਹੈ ਕਿ ਕੀ ਭਾਣਾ ਵਰਤਿਆ ਹੈ- ਕਾਸ਼ ਇਹ ਸਭ ਸਚ ਹੁੰਦਾ, ਕੁਝ ਸਮਾਂ ਹੋਰ ਰਹਿ ਜਾਂਦੇ ਤਾਂ ਓਹਨਾ ਤੋਂ ਬਾਅਦ ਜੋ ਸਿਖਾਂ ਨਾਲ ਵਾਪਰਿਆ, ਜੋ ਅਕਿਹ ਤੇ ਅਸਿਹ ਜ਼ੁਲਮ ਸਿਖਾਂ ਤੇ ਔਰੰਗਜ਼ੇਬ ਤੋਂ ਬਾਦ ਵਿਚ ਵੀ ਹੋਏ ਹਨ, ਸ਼ਾਇਦ ਓਹ ਸਭ ਨਾ ਹੁੰਦੇ।

ਬਾਣੀ

ਗੁਰੂ ਜੀ ਨੇ ਜਾਪੁ ਸਾਹਿਬ, ਅਕਾਲ ਉਸਤਤ .33 ਸਵਈਏ, ਖਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬਿਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜਫਰਨਾਮਾ, ਹਕਾਯਤਾਂ, ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ। ਜਾਪੁ ਸਾਹਿਬ ਵਿਚ ਅਕਾਲ ਉਸਤਤ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ। ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ। ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ। ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ। ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ। ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ, ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ। ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ, ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਨਾ ਦੀ ਰਚਨਾ ਦਾ ਖਾਸ ਗੁਣ ਹੈ। ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ। ਅਰਬੀ ਦੇ ਗਿਆਨ ਦੀ ਸਿਖਰ, ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸਨੂੰ ਬੜੀ ਖੁਲੀ- ਦਿਲੀ ਨਾਲ ਬਾਣੀ ਵਿਚ ਵਰਤਿਆ ਹੈ। ਬਿਹਾਰੀ, ਬ੍ਰਿਜ ਭਾਸ਼ਾ, ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 735 ਅਕਾਲ ਪੁਰਖ ਦੇ ਉਪਨਾਮ ਜਿਨਾ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ। ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਨਾਂ ਦੀ ਕਲਾ ਸੀ

ਜਿਮੀ ਤੁਹੀਂ, ਜਮਾ ਤੁਹੀਂ।

ਮਕੀ ਤੁਹੀਂ, ਮਕਾ ਤੁਹੀਂ।

ਅਭੁ ਤੁਹੀਂ, ਅਭੈ ਤੁਹੀਂ।

ਅਛੂ ਤੁਹੀਂ, ਅਛੇ ਤੁਹੀਂ।

ਜਤਸ ਤੁਹੀਂ ਬ੍ਰੇਹਸ ਤੁਹੀਂ।

ਗਤਸ ਤੁਹੀਂ, ਮਤਸ ਤੁਹੀਂ।

ਤੁਹੀਂ ਤੁਹੀਂ, ਤੁਹੀਂ ਤੁਹੀਂ।

ਤੁਹੀਂ ਤੁਹੀਂ ਤੁਹੀਂ ਤੁਹੀਂ।

ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ, “ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ। ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ। ਓਸ ਨੂੰ ਲਗਦਾ ਹੈ ਕੀ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ। ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ। ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮੇਹਰ ਸਦਕਾ ਹੁੰਦਾ ਹੈ। ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ। ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ। ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ। ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੋਤ ਤੋ ਬਚ ਨਹੀ ਸਕੇ “।

ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ। ਉਸਦੀ ਹੋਦ ਤੋਂ ਅਸੀਂ ਮਨੁਕਰ ਨਹੀਂ ਸਕਦੇ। ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ। ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ। ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ, ਤੀਰਥ ਇਸ਼ਨਾਨ, ਦਾਨ- ਪੁਨ, ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ। ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ। ਚਕ੍ਰ, ਚਿਹਨ , ਬਰਨ, ਜਾਤ, ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ।

ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ। ਸਿਖਾਂ ਨੂੰ ਕਰਮਕਾਂਡਾਂ, ਵਹਿਮ-ਭਰਮਾ, ਛੁਆ- ਛੂਤ, ਜਾਤ-ਪਾਤ, ਉਂਚ -ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ, ਜੋ ਉਸਦੇ ਆਪਣੇ ਮਨ- ਮੰਦਿਰ ਵਿਚ ਹੈ।

ਰੇ ਮਨ ਐਸੋ ਕਰ ਸਨਿਆਸਾ।।

ਬਨ ਸੇ ਸਦਨ ਸਭੈ ਕਰਿ ਸਮਝਹੁ

ਮਨ ਹੀ ਮਾਹਿ ਉਦਾਸਾ।।

ਓਹ ਆਪ ਇਕ ਮਹਾਂ ਜੀਵੀ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ। ਲੋਕਾਂ ਨੂੰ ਵੀ ਇਸ ਮੰਚ ਤੇ ਇਕਠਾ ਕੀਤਾ। ਓਟ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ, ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ- ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ। ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ। ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ, ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ। ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ, ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ- ਕਰਮ, ਜਪ -ਤਪ ਅਤੇ ਪੂਜਾ ਹੈ।

ਭਜੋ ਹਰੀ, ਥਪੋ ਹਰੀ।

ਤਪੋ ਹਰੀ ਜਪੋ ਹਰੀ।

ਦੇਵੀ, ਦੇਵਤਿਆਂ, ਮੜੀ, ਮਸਾਣਾ, ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ।

ਕਾਹੂ ਲੈ ਪਾਹਨ ਪੂਜੋ ਧਰੇ ਸਿਰ

ਕਾਹੂ ਲੈ ਲਿੰਗ ਗਰੇ ਲਟਕਾਓ

(ਅਕਾਲ ਉਸਤਤ )

ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ, ਤੰਤਰ, ਮੰਤਰ, ਤਵੀਜਾ ਵਿਚ ਨਹੀ। , ਕਰਮ- ਕਾਂਡ, ਭੇਖ, ਪਖੰਡਾ, ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ। ਬਲਿਕ, ਕਿਰਤ ਕਰਕੇ ਭੁਖੇ, ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ, ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ। ਹਉਮੇ ਦੁਖਾਂ ਨੂੰ ਵਧਾਂਓਦਾ ਹੈ। ਜੇ ਤੁਸੀਂ ਗਰੰਥਾਂ ਦਾ ਪਾਠ, ਅਕਾਲ ਪੁਰਖ ਦਾ ਜਾਪੁ ਇਕ -ਮਨ, ਇਕ -ਚਿਤ ਹੋਕੇ ਨਹੀਂ ਕਰਦੇ, ਮਨੋ ਤੁਸੀਂ ਹੋਰ ਧਾਵਾਂ ਤੇ ਭਟਕਦੇ ਰਹਿੰਦੇ ਹੋ ਤਾਂ ਓਹ ਵੀ ਕਰਮ ਕਾਂਡ ਤੇ ਪਾਖੰਡ ਹੈ।

ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ” (ਬਚਿਤਰ ਨਾਟਕ)”

ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ, ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ , ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ, ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ।

ਜਗਤ ਜੋਤ ਜਪੇ ਨਿਸ ਬਾਸਰ।

ਟੇਕ ਬਿਨਾ ਮਨ ਨੇਕ ਨਾ ਆਨੇ।

ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ। ਭਗਤੀ, ਪਿਆਰ, ਸੇਵਾ, ਪਵਿਤ੍ਰਤਾ, ਪਰਉਪਕਾਰ, ਦਇਆ, ਖਿਮਾ, ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ। ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੇ। ਦੂਜਿਆਂ ਨੂੰ ਉਪਦੇਸ਼ ਦੇਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਆਪਣੇ ਆਪ ਨੂੰ ਪੜਤਾਲੋ। ਸਿਮਰਨ ਵਿਚ ਜੁੜੋ ਬਸ ਇਹੀ ਸਚੀ ਭਗਤੀ ਹੈ।

ਉਨ੍ਹਾ ਦਾ ਇਕ ਦੇਸ਼ ਨਹੀ ਸੀ, ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਨਾ ਦੇ ਸੀ। ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ। ਉਨ੍ਹਾ ਲਈ ਜਾਤ -ਪਾਤ, ਊਚ -ਨੀਚ, ਮਜਹਬ, ਧਰਮ, ਕੋਮ, ਹਦਾਂ, ਸਰਹਦਾ ਦੀ ਕੋਈ ਅਹਮੀਅਤ ਨਹੀ ਸੀ ਓਨ੍ਹਾ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ। ਉਹ ਲੜੇ ਵੀ ਤਾਂ ਕੇਵਲ ਜ਼ੁਲਮ ਦੇ ਟਾਕਰੇ ਲਈ, ਕਿਸੇ ਕੋਮ, ਰਾਜ-ਭਾਗ, ਧੰਨ -ਦੌਲਤ, ਜਮੀਨ-ਜਾਇਦਾਦ ਜਾਂ ਸ਼ੁਹਰਤ ਵਾਸਤੇ ਨਹੀਂ। ਇਹ ਉਨ੍ਹਾ ਦਾ ਧਰਮ ਯੁਧ ਸੀ ਜਿਸ ਪਿਛੇ ਆਪਣਾ ਸਰਬੰਸ ਤੇ ਆਪਣੇ ਆਪ ਨੂੰ ਵੀ ਵਾਰ ਦਿਤਾ।

ਦੇਹਿ ਸਿਵਾ ਬਰੁ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ

ਨ ਡਰੋ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋ.

ਅਰੁ ਸਿਖਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤੂ ਉਚਰੋਂ

ਜਬ ਆਵ ਕੀ ਅਉਧ ਨਿਦਾਨ ਬਣਾਈ, ਅਤਿ ਹੀ ਰਂ ਮੈ ਤਬ ਜੂਝ ਮਰੋ।।

ਅਬਦੁਲ ਮਜੀਦ ਲਿਖਦੇ ਹਨ, ‘ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ ਨਹੀਂ ਸੀ “। ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ, ਨਿਮਾਜ਼ ਅਤੇ ਪੂਜਾ, ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ, ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਕਰਾ ਕਰਨ ਲਈ ਖੜੀ ਹੋਵੇ, ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਨ, ਜਿਸਦੇ ਲੰਗਰ ਵਿਚ ਹਰ ਮੁਸਲਮਾਨ, ਹਿੰਦੂ, ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ। ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ। ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ, ਉਨ੍ਹਾ ਤੋ ਹੋਈ, ਜਿਸ ਵਿਚ ਪੀਰ ਬੁਧੂ ਸ਼ਾਹ, ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ ਵਾਰੇ ਸਨ।ਪੂਰਾ ਸਿਖ ਇਤਿਹਾਸ ਭਰਿਆ ਹੋਇਆ ਹੈ  ਮੁਗ੍ਲ ਹਾਕਮਾਂ ਤੇ ਪਠਾਣ  ਲੁਟੇਰਿਆ ਨਾਲ ਜਿਨ੍ਹਾ ਨੇ ਸਿਖ ਤੇ ਹਿੰਦੂ ਗੁਰੁਦਵਾਰਿਆਂ ਤੇ ਮੰਦਰਾਂ ਦੀ ਬੇਪਤੀ ਕੀਤੀ, ਢਹਿ-ਢੇਰੀ ਕੀਤੇ , ਤੋਪਖਾਨੇ ਦੇ ਗੋਲੀਆਂ ਨਾਲ ਦਾਗਿਆ ਪਰ ਕਦੀ ਕਿਸੀ ਸਿਖ ਨੇ  ਗੁਰੂ ਸਾਹਿਬਾਨਾ ਵਕਤ ਤੋਂ ਲੈਕੇ ਅਜ ਤਕ  ਕੋਈ ਮਸੀਤ  ਢਾਹੀ ਹੋਵੇ । ਹਾਂ ਉਨਾ ਨੇ ਮਸੀਤਾਂ ਬਣਵਾਈਆਂ ਜਰੂਰ ਸਨ। ਗੁਰੂ ਹਰਗੋਬਿੰਦ ਸਮੇ, ਮਿਸਲਾਂ ਵਕਤ ਤੇ ਮਹਾਰਾਜਾ ਰਣਜੀਤ ਸਿੰਘ ਵਕਤ  ਪਰ ਢਾਹੀਆਂ  ਨਹੀਂ।ਇਹ ਸੀ ਗੁਰੂ ਨਾਨਕ ਦੇ ਸਿਖਾਂ ਤੇ ਖਾਲਸਾ ਪੰਥ ਦਾ ਕਿਰਦਾਰ 1 

ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ। ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਸਿਖਾਂ ਦੀ ਮੰਜ਼ਿਲ ਦੀ ਕੇ ਆਖ਼ਰੀ ਇੱਟ ਰੱਖ ਦਿੱਤੀ। ’

ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਜਿਓਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀ ਕਰ ਸਕੇ, ਪਰ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ। ਗਲ ਸੰਸਾਰਿਕ ਵਡਿਆਈ ਦੀ ਨਹੀਂ ਉਨ੍ਹਾ ਦੇ ਆਦਰਸ਼ ਦੀ, ਨਿਸ਼ਾਨੇ ਤੇ ਸੂਝ ਬੂਝ ਦੀ ਹੈ। ਗੁਰੂ ਸਾਹਿਬ ਦੀ ਜਦੋ- ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਨ੍ਹਾ ਨੇ ਦੁਨਿਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ, ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ।

                   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand